ਰੱਬ ਭਵਿੱਖ ਵਿਚ ਕੀ ਕਰੇਗਾ?
ਜੇ ਤੁਸੀਂ ਕਿਸੀ ਮੁਸੀਬਤ ਵਿਚ ਹੋ, ਤਾਂ ਤੁਸੀਂ ਜ਼ਰੂਰ ਚਾਹੋਗੇ ਕਿ ਤੁਹਾਡਾ ਦੋਸਤ ਤੁਹਾਡੀ ਮਦਦ ਕਰਨ ਲਈ ਕੁਝ ਕਰੇ। ਇਸ ਗੱਲ ਕਰਕੇ ਕੁਝ ਲੋਕ ਕਹਿੰਦੇ ਹਨ ਕਿ ਰੱਬ ਚੰਗਾ ਦੋਸਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਕਿ ਰੱਬ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਨਹੀਂ ਕਰ ਰਿਹਾ। ਪਰ ਅਸਲੀਅਤ ਤਾਂ ਇਹ ਹੈ ਕਿ ਰੱਬ ਨੇ ਪਹਿਲਾਂ ਵੀ ਸਾਡੇ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਭਵਿੱਖ ਵਿਚ ਵੀ ਸਾਡੀਆਂ ਮੁਸ਼ਕਲਾਂ ਤੇ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰਨ ਲਈ ਕਦਮ ਚੁੱਕਣ ਵਾਲਾ ਹੈ। ਰੱਬ ਭਵਿੱਖ ਵਿਚ ਕੀ ਕਰੇਗਾ?
ਦੁਸ਼ਟਤਾ ਦਾ ਸਫ਼ਾਇਆ ਕਰੇਗਾ
ਰੱਬ ਸਾਰੀ ਦੁਸ਼ਟਤਾ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਬਾਈਬਲ ਦੱਸਦੀ ਹੈ ਕਿ ਦੁਸ਼ਟਤਾ ਦੀ ਜੜ੍ਹ ਕੌਣ ਹੈ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰਨਾ 5:19) ਹਾਂ, ‘ਉਹ ਦੁਸ਼ਟ’ ਕੋਈ ਹੋਰ ਨਹੀਂ, ਸਗੋਂ ਸ਼ੈਤਾਨ ਹੈ ਜਿਸ ਨੂੰ ਯਿਸੂ ਨੇ ‘ਦੁਨੀਆਂ ਦਾ ਹਾਕਮ’ ਵੀ ਕਿਹਾ ਸੀ। (ਯੂਹੰਨਾ 12:31) ਪੂਰੀ ਦੁਨੀਆਂ ʼਤੇ ਸ਼ੈਤਾਨ ਦਾ ਰਾਜ ਹੋਣ ਕਰਕੇ ਧਰਤੀ ਦੇ ਹਾਲਾਤ ਇੰਨੇ ਮਾੜੇ ਹਨ। ਰੱਬ ਭਵਿੱਖ ਵਿਚ ਕੀ ਕਰੇਗਾ?
ਬਹੁਤ ਜਲਦ ਯਹੋਵਾਹ ਪਰਮੇਸ਼ੁਰ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ “ਸ਼ੈਤਾਨ ਨੂੰ ਖ਼ਤਮ” ਕਰੇਗਾ। (ਇਬਰਾਨੀਆਂ 2:14; 1 ਯੂਹੰਨਾ 3:8) ਬਾਈਬਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸ਼ੈਤਾਨ ਨੂੰ ਪਤਾ ਹੈ ਕਿ ਹੁਣ ਉਸ “ਕੋਲ ਥੋੜ੍ਹਾ ਹੀ ਸਮਾਂ” ਰਹਿ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 12:12) ਰੱਬ ਦੁਸ਼ਟ ਕੰਮ ਕਰਨ ਵਾਲਿਆਂ ਨੂੰ ਵੀ ਖ਼ਤਮ ਕਰੇਗਾ।—ਜ਼ਬੂਰਾਂ ਦੀ ਪੋਥੀ 37:9; ਕਹਾਉਤਾਂ 2:22.
ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਵੇਗਾ
ਧਰਤੀ ਤੋਂ ਸਾਰੀ ਦੁਸ਼ਟਤਾ ਖ਼ਤਮ ਕਰਨ ਤੋਂ ਬਾਅਦ ਸਾਡਾ ਸ੍ਰਿਸ਼ਟੀਕਰਤਾ ਧਰਤੀ ਅਤੇ ਇਨਸਾਨਾਂ ਲਈ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕਦਮ ਚੁੱਕੇਗਾ। ਉਸ ਸਮੇਂ ਵਿਚ ਕੀ-ਕੀ ਹੋਵੇਗਾ?
ਹਮੇਸ਼ਾ ਲਈ ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋਵੇਗੀ। “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11.
ਬਹੁਤਾਤ ਵਿਚ ਖਾਣਾ ਹੋਵੇਗਾ। ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰਾਂ ਦੀ ਪੋਥੀ 72:16.
ਵਧੀਆ ਘਰ ਅਤੇ ਕੰਮ-ਕਾਰ ਹੋਵੇਗਾ। “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ . . . ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”—ਯਸਾਯਾਹ 65:21, 22.
ਕੀ ਤੁਸੀਂ ਇਹ ਵਾਅਦੇ ਪੂਰੇ ਹੁੰਦੇ ਨਹੀਂ ਦੇਖਣੇ ਚਾਹੁੰਦੇ? ਬਹੁਤ ਜਲਦ ਇਹ ਗੱਲਾਂ ਅਸਲੀਅਤ ਵਿਚ ਬਦਲ ਜਾਣਗੀਆਂ।
ਬੀਮਾਰੀਆਂ ਅਤੇ ਮੌਤ ਨੂੰ ਖ਼ਤਮ ਕਰੇਗਾ
ਅੱਜ ਹਰ ਕੋਈ ਬੀਮਾਰੀਆਂ ਅਤੇ ਮੌਤ ਦਾ ਸ਼ਿਕਾਰ ਹੁੰਦਾ ਹੈ, ਪਰ ਬਹੁਤ ਜਲਦ ਇਨਸਾਨਾਂ ਨੂੰ ਇਨ੍ਹਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ। ਛੇਤੀ ਹੀ ਰੱਬ ਦੇ ਪ੍ਰਬੰਧ ਯਾਨੀ ਯਿਸੂ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਦੇ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਰੱਬ ਦਾ ਵਾਅਦਾ ਹੈ ਕਿ “ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰਨਾ 3:16) ਸੋ ਰਿਹਾਈ ਦੀ ਕੀਮਤ ਦੇ ਕੀ ਫ਼ਾਇਦੇ ਹੋਣਗੇ?
ਬੀਮਾਰੀਆਂ ਨੂੰ ਜੜ੍ਹੋ ਖ਼ਤਮ ਕਰ ਦਿੱਤਾ ਜਾਵੇਗਾ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਓਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।”—ਯਸਾਯਾਹ 33:24.
ਮੌਤ ਇਨਸਾਨਾਂ ʼਤੇ ਰਾਜ਼ ਨਹੀਂ ਕਰੇਗੀ। “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
ਇਨਸਾਨ ਹਮੇਸ਼ਾ ਲਈ ਜੀਉਣਗੇ। “ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।”—ਰੋਮੀਆਂ 6:23.
ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।” (ਰਸੂਲਾਂ ਦੇ ਕੰਮ 24:15) ਯਿਸੂ ਵੱਲੋਂ ਰਿਹਾਈ ਦੀ ਕੀਮਤ ਚੁਕਾਉਣ ਕਰਕੇ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
ਰੱਬ ਇਹ ਸਭ ਕਿੱਦਾਂ ਕਰੇਗਾ?
ਸਭ ਤੋਂ ਵਧੀਆ ਸਰਕਾਰ ਲਿਆ ਕੇ
ਰੱਬ ਆਪਣੀ ਸਵਰਗੀ ਸਰਕਾਰ ਰਾਹੀਂ ਧਰਤੀ ਅਤੇ ਇਨਸਾਨਾਂ ਲਈ ਰੱਖਿਆ ਆਪਣਾ ਮਕਸਦ ਪੂਰਾ ਕਰੇਗਾ। ਇਸ ਸਰਕਾਰ ਦਾ ਰਾਜਾ ਯਿਸੂ ਮਸੀਹ ਹੈ। (ਜ਼ਬੂਰਾਂ ਦੀ ਪੋਥੀ 110:1, 2) ਇਹ ਉਹੀ ਸਰਕਾਰ ਜਾਂ ਰਾਜ ਹੈ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, . . . ਤੇਰਾ ਰਾਜ ਆਵੇ।”—ਮੱਤੀ 6:9, 10.
ਪਰਮੇਸ਼ੁਰ ਦਾ ਰਾਜ ਧਰਤੀ ʼਤੇ ਹਕੂਮਤ ਕਰੇਗਾ ਅਤੇ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ। ਇਹ ਇਨਸਾਨਾਂ ʼਤੇ ਰਾਜ ਕਰਨ ਵਾਲੀ ਸਭ ਤੋਂ ਵਧੀਆ ਸਰਕਾਰ ਹੋਵੇਗੀ। ਇਸੇ ਕਰਕੇ ਯਿਸੂ ਨੇ ਧਰਤੀ ʼਤੇ ਹੁੰਦਿਆਂ “ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕੀਤਾ ਅਤੇ ਆਪਣੇ ਚੇਲਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਹਾ।—ਮੱਤੀ 4:23; 24:14.
ਇਨਸਾਨਾਂ ਲਈ ਅਸੀਮ ਪਿਆਰ ਹੋਣ ਕਰਕੇ ਯਹੋਵਾਹ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਇਹ ਸਾਰੀਆਂ ਗੱਲਾਂ ਪੂਰੀਆਂ ਕਰੇਗਾ। ਇਹ ਸਭ ਜਾਣ ਕੇ ਕੀ ਤੁਸੀਂ ਰੱਬ ਨੂੰ ਜਾਣਨਾ ਨਹੀਂ ਚਾਹੋਗੇ ਜਾਂ ਉਸ ਦੇ ਨੇੜੇ ਨਹੀਂ ਜਾਣਾ ਚਾਹੋਗੇ? ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।
ਰੱਬ ਭਵਿੱਖ ਵਿਚ ਕੀ ਕਰੇਗਾ? ਰੱਬ ਬੀਮਾਰੀਆਂ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ, ਆਪਣੀ ਸਰਕਾਰ ਲਿਆ ਕੇ ਇਨਸਾਨਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹੇਗਾ ਅਤੇ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਵੇਗਾ