ਪਰਮੇਸ਼ੁਰ ਦੇ ਰਾਜ ਦਾ ਪੱਖ ਲਓ!
ਮੰਨ ਲਓ, ਤੁਹਾਡੇ ਇਲਾਕੇ ਵਿਚ ਹੜ੍ਹ ਆਉਣ ਵਾਲਾ ਹੈ। ਸਰਕਾਰ ਵਾਰ-ਵਾਰ ਚੇਤਾਵਨੀ ਦਿੰਦੀ ਹੈ: “ਆਪਣੀਆਂ ਜਾਨਾਂ ਬਚਾਓ! ਕਿਸੇ ਸੁਰੱਖਿਅਤ ਥਾਂ ਨੂੰ ਭੱਜ ਜਾਓ!” ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਜ਼ਰੂਰ ਕਿਸੇ ਸੁਰੱਖਿਅਤ ਥਾਂ ʼਤੇ ਜਾਣਾ ਚਾਹੀਦਾ ਹੈ।
ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦਾ ਰਾਜ ਆਉਣ ਤੋਂ ਪਹਿਲਾਂ ਮਹਾਂਕਸ਼ਟ ਆਵੇਗਾ। (ਮੱਤੀ 24:21) ਇਹ ਕਸ਼ਟ ਇਕ ਹੜ੍ਹ ਵਾਂਗ ਆਵੇਗਾ। ਅਸੀਂ ਇਸ ਹੜ੍ਹ ਨੂੰ ਰੋਕ ਨਹੀਂ ਸਕਦੇ, ਪਰ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਕਿਵੇਂ?
ਪਹਾੜੀ ਉਪਦੇਸ਼ ਵਿਚ ਯਿਸੂ ਮਸੀਹ ਨੇ ਸਲਾਹ ਦਿੱਤੀ ਸੀ: “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ।” (ਮੱਤੀ 6:33) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ?
ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿਓ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮੀਅਤ ਪਰਮੇਸ਼ੁਰ ਦੇ ਰਾਜ ਨੂੰ ਦੇਣੀ ਚਾਹੀਦੀ ਹੈ। (ਮੱਤੀ 6:25, 32, 33) ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਉਨ੍ਹਾਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਹੈ ਜੋ ਇਨਸਾਨਾਂ ਦੇ ਵੱਸੋਂ ਬਾਹਰ ਹਨ।
ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ। ਪੂਰੀ ਵਾਹ ਲਾ ਕੇ ਰੱਬ ਦੇ ਧਰਮੀ ਕਾਨੂੰਨਾਂ ਅਤੇ ਅਸੂਲਾਂ ਮੁਤਾਬਕ ਚੱਲੋ। ਕਿਉਂ? ਕਿਉਂਕਿ ਜੇ ਅਸੀਂ ਇਨ੍ਹਾਂ ਮੁਤਾਬਕ ਨਹੀਂ ਚੱਲਦੇ ਅਤੇ ਸਹੀ-ਗ਼ਲਤ ਦਾ ਫ਼ੈਸਲਾ ਖ਼ੁਦ ਕਰਦੇ ਹਾਂ, ਤਾਂ ਨਤੀਜੇ ਮਾੜੇ ਹੋਣਗੇ। (ਕਹਾਉਤਾਂ 16:25) ਦੂਜੇ ਪਾਸੇ ਰੱਬ ਦੇ ਮਿਆਰਾਂ ਮੁਤਾਬਕ ਚੱਲ ਕੇ ਅਸੀਂ ਉਸ ਨੂੰ ਖ਼ੁਸ਼ ਕਰਦੇ ਹਾਂ ਨਾਲੇ ਸਾਨੂੰ ਵੀ ਫ਼ਾਇਦਾ ਹੁੰਦਾ ਹੈ।—ਯਸਾਯਾਹ 48:17, 18.
ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹੋ ਅਤੇ ਉਹੀ ਕਰਦੇ ਰਹੋ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਕੁਝ ਲੋਕਾਂ ਦਾ ਧਿਆਨ ਭਟਕ ਜਾਵੇਗਾ ਅਤੇ ਉਹ ਸੋਚਣ ਲੱਗ ਪੈਣਗੇ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਨਾਲ ਹੀ ਸੁਰੱਖਿਆ ਮਿਲ ਸਕਦੀ ਹੈ। ਹੋਰ ਲੋਕ ਰੋਜ਼ਮੱਰਾ ਦੇ ਕੰਮਾਂ ਵਿਚ ਮੱਤੀ 6:19-21, 25-32.
ਇੰਨਾ ਰੁੱਝ ਜਾਂਦੇ ਹਨ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਦਾ ਸਮਾਂ ਹੀ ਨਹੀਂ ਬਚਦਾ।—ਪਰ ਯਿਸੂ ਨੇ ਵਾਅਦਾ ਕੀਤਾ ਕਿ ਜਿਹੜੇ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣਗੇ ਉਨ੍ਹਾਂ ਨੂੰ ਅੱਜ ਜ਼ਿੰਦਗੀ ਦੀਆਂ ਸਾਰੀਆਂ ਲੋੜੀਂਦੀਆਂ ਚੀਜ਼ਾਂ ਮਿਲਣਗੀਆਂ ਅਤੇ ਭਵਿੱਖ ਵਿਚ ਬੇਅੰਤ ਬਰਕਤਾਂ।—ਮੱਤੀ 6:33.
ਪਹਿਲੀ ਸਦੀ ਵਿਚ ਚਾਹੇ ਯਿਸੂ ਦੇ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੱਤੀ ਅਤੇ ਉਹ ਕੰਮ ਕੀਤੇ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਸਨ, ਫਿਰ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੌਰਾਨ ਤਕਲੀਫ਼ਾਂ ਅਤੇ ਮੁਸੀਬਤਾਂ ਝੱਲਣੀਆਂ ਪਈਆਂ। ਪਰ ਉਨ੍ਹਾਂ ਦਾ ਬਚਾਅ ਹੋਇਆ। ਕਿਵੇਂ?
ਉਹ ਰੱਬ ਦੇ ਧਰਮੀ ਮਿਆਰਾਂ ਮੁਤਾਬਕ ਚੱਲੇ ਜਿਸ ਕਰਕੇ ਉਹ ਉਨ੍ਹਾਂ ਮੁਸ਼ਕਲਾਂ ਤੋਂ ਬਚ ਸਕੇ ਜਿਨ੍ਹਾਂ ਦਾ ਸਾਮ੍ਹਣਾ ਰੱਬ ਦਾ ਕਹਿਣਾ ਨਾ ਮੰਨਣ ਵਾਲਿਆਂ ਨੂੰ ਕਰਨਾ ਪੈਂਦਾ ਹੈ। ਉਹ ਔਖੀਆਂ ਘੜੀਆਂ ਵਿੱਚੋਂ ਵੀ ਲੰਘ ਸਕੇ ਕਿਉਂਕਿ ਉਨ੍ਹਾਂ ਨੂੰ ਪੱਕੀ ਨਿਹਚਾ ਸੀ ਕਿ ਰੱਬ ਦਾ ਰਾਜ ਜ਼ਰੂਰ ਆਵੇਗਾ। ਰੱਬ ਨੇ ਉਨ੍ਹਾਂ ਨੂੰ ਮੁਸ਼ਕਲਾਂ ਝੱਲਣ ਲਈ ਅਜਿਹੀ ਤਾਕਤ ਦਿੱਤੀ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।”—2 ਕੁਰਿੰਥੀਆਂ 4:7-9.
ਕੀ ਤੁਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿਓਗੇ?
ਪਹਿਲੀ ਸਦੀ ਦੇ ਮਸੀਹੀਆਂ ਨੇ ਯਿਸੂ ਦੇ ਇਸ ਹੁਕਮ ਨੂੰ ਮੰਨਿਆ ਕਿ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿਓ। ਉਨ੍ਹਾਂ ਨੇ ਪੂਰੀ ਦੁਨੀਆਂ ਵਿਚ ਇਸ ਰਾਜ ਦਾ ਪ੍ਰਚਾਰ ਕੀਤਾ। (ਕੁਲੁੱਸੀਆਂ 1:23) ਕੀ ਅੱਜ ਵੀ ਕੋਈ ਇੱਦਾਂ ਕਰ ਰਿਹਾ ਹੈ?
ਜੀ ਹਾਂ! ਯਹੋਵਾਹ ਦੇ ਗਵਾਹਾਂ ਨੂੰ ਪਤਾ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਬੁਰੇ ਲੋਕਾਂ ਦਾ ਨਾਸ਼ ਕਰ ਦੇਵੇਗਾ। ਇਸ ਲਈ ਉਹ ਯਿਸੂ ਦੀ ਕਹੀ ਗੱਲ ਮੁਤਾਬਕ ਚੱਲਣ ਲਈ ਪੂਰੀ ਜੀ-ਜਾਨ ਲਾ ਰਹੇ ਹਨ ਕਿ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”—ਮੱਤੀ 24:14.
ਤੁਸੀਂ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਕੀ ਕਰੋਗੇ? ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪਹਿਲੀ ਸਦੀ ਦੌਰਾਨ ਮਕਦੂਨੀਆ ਦੇ ਬਰੀਆ ਸ਼ਹਿਰ ਵਿਚ ਰਹਿੰਦੇ ਲੋਕਾਂ ਦੀ ਰੀਸ ਕਰੋ। ਜਦੋਂ ਉਨ੍ਹਾਂ ਨੇ ਪੌਲੁਸ ਰਸੂਲ ਤੋਂ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਇਸ ਨੂੰ “ਬੜੇ ਉਤਸ਼ਾਹ ਨਾਲ ਕਬੂਲ” ਕੀਤਾ ਅਤੇ ਧਰਮ-ਗ੍ਰੰਥ ਦੀ “ਬੜੇ ਧਿਆਨ ਨਾਲ ਜਾਂਚ ਕਰ ਕੇ” ਦੇਖਿਆ ਕਿ ਉਹ ਗੱਲਾਂ ਸੱਚ ਵੀ ਸਨ ਕਿ ਨਹੀਂ। ਬਾਅਦ ਵਿਚ ਉਹ ਇਸ ਮੁਤਾਬਕ ਚੱਲੇ ਵੀ।—ਰਸੂਲਾਂ ਦੇ ਕੰਮ 17:11, 12.
ਤੁਸੀਂ ਵੀ ਇੱਦਾਂ ਕਰ ਸਕਦੇ ਹੋ। ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਕੇ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਕੇ ਤੁਸੀਂ ਅੱਜ ਹੀ ਨਹੀਂ, ਸਗੋਂ ਭਵਿੱਖ ਵਿਚ ਵੀ ਸ਼ਾਂਤੀ ਤੇ ਸੁਰੱਖਿਆ ਪਾਓਗੇ।