ਨਵੀਂ ਦੁਨੀਆਂ ਵਿਚ ਜਾਣ ਲਈ ਸਾਨੂੰ ਕੀ ਕਰਨਾ ਪਵੇਗਾ?
ਹੁਣ ਤਕ ਅਸੀਂ ਦੇਖਿਆ ਹੈ ਕਿ ਰੱਬ ਜਲਦੀ ਹੀ ਬੁਰੇ ਲੋਕਾਂ ਅਤੇ ਇਸ ਦੁਨੀਆਂ ਵਿਚ ਹੋ ਰਹੀ ਬੁਰਾਈ ਨੂੰ ਖ਼ਤਮ ਕਰ ਦੇਵੇਗਾ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਜ਼ਰੂਰ ਕਰੇਗਾ। ਕਿਉਂ? ਕਿਉਂਕਿ ਉਸ ਨੇ ਆਪਣੇ ਬਚਨ ਵਿਚ ਵਾਅਦਾ ਕੀਤਾ ਹੈ:
“ਇਹ ਦੁਨੀਆਂ . . . ਖ਼ਤਮ ਹੋ ਜਾਵੇਗੀ।”—1 ਯੂਹੰਨਾ 2:17.
ਪਰ ਦੁਨੀਆਂ ਦੇ ਅੰਤ ਵਿੱਚੋਂ ਕੁਝ ਜਣੇ ਬਚਣਗੇ ਕਿਉਂਕਿ ਉਸ ਨੇ ਇਹ ਵੀ ਕਿਹਾ ਹੈ:
“ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।”
ਇਸ ਲਈ ਦੁਨੀਆਂ ਦੇ ਨਾਸ਼ ਤੋਂ ਬਚਣ ਲਈ ਸਾਨੂੰ ਰੱਬ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਪਰ ਉਸ ਦੀ ਇੱਛਾ ਹੈ ਕੀ? ਇਹ ਜਾਣਨ ਲਈ ਪਹਿਲਾਂ ਸਾਨੂੰ ਰੱਬ ਬਾਰੇ ਜਾਣਨ ਦੀ ਲੋੜ ਹੈ।
ਨਾਸ਼ ਤੋਂ ਬਚਣ ਲਈ ਰੱਬ ਨੂੰ ਜਾਣੋ
ਯਿਸੂ ਨੇ ਕਿਹਾ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੈਨੂੰ ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਨੂੰ . . . ਜਾਣਨ।” (ਯੂਹੰਨਾ 17:3) ਦੁਨੀਆਂ ਦੇ ਨਾਸ਼ ਤੋਂ ਬਚਣ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਰੱਬ ਨੂੰ ਜਾਣਨ ਦੀ ਲੋੜ ਹੈ। ਕਈ ਲੋਕ ਮੰਨਦੇ ਹਨ ਕਿ ਇਕ ਰੱਬ ਹੈ ਅਤੇ ਉਹ ਉਸ ਬਾਰੇ ਥੋੜ੍ਹਾ-ਬਹੁਤਾ ਜਾਣਦੇ ਹਨ। ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਉਸ ਨਾਲ ਦੋਸਤੀ ਕਰਨ ਦੀ ਲੋੜ ਹੈ। ਜਦੋਂ ਅਸੀਂ ਕਿਸੇ ਨਾਲ ਦੋਸਤੀ ਕਰਦੇ ਹਾਂ, ਤਾਂ ਅਸੀਂ ਉਸ ਨਾਲ ਸਮਾਂ ਬਿਤਾਉਂਦੇ ਹਾਂ ਤਾਂਕਿ ਸਾਡੀ ਦੋਸਤੀ ਗੂੜ੍ਹੀ ਹੋ ਜਾਵੇ। ਰੱਬ ਨਾਲ ਦੋਸਤੀ ਕਰਨ ਲਈ ਵੀ ਸਾਨੂੰ ਸਮਾਂ ਕੱਢ ਕੇ ਉਸ ਨੂੰ ਜਾਣਨ ਦੀ ਲੋੜ ਹੈ। ਆਓ ਆਪਾਂ ਬਾਈਬਲ ਤੋਂ ਰੱਬ ਨਾਲ ਜੁੜੀਆਂ ਕੁਝ ਗੱਲਾਂ ਜਾਣੀਏ।
ਹਰ ਰੋਜ਼ ਬਾਈਬਲ ਪੜ੍ਹੋ
ਅਸੀਂ ਜੀਉਂਦੇ ਰਹਿਣ ਲਈ ਹਰ ਰੋਜ਼ ਖਾਣਾ ਖਾਂਦੇ ਹਾਂ। ਪਰ ਧਿਆਨ ਦਿਓ ਕਿ ਯਿਸੂ ਨੇ ਕੀ ਕਿਹਾ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।”—ਮੱਤੀ 4:4.
ਬਾਈਬਲ ਵਿਚ ਯਹੋਵਾਹ ਦੇ ਬਚਨ ਯਾਨੀ ਉਸ ਦੀਆਂ ਗੱਲਾਂ ਦੱਸੀਆਂ ਗਈਆਂ ਹਨ। ਬਾਈਬਲ ਪੜ੍ਹ ਕੇ ਅਸੀਂ ਜਾਣਾਂਗੇ ਕਿ ਰੱਬ ਨੇ ਅਤੀਤ ਵਿਚ ਇਨਸਾਨਾਂ ਲਈ ਕੀ ਕੀਤਾ, ਉਹ ਅੱਜ ਕੀ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ।
ਮਦਦ ਲਈ ਰੱਬ ਨੂੰ ਪ੍ਰਾਰਥਨਾ ਕਰੋ
ਹੋ ਸਕਦਾ ਹੈ ਕਿ ਤੁਸੀਂ ਰੱਬ ਦਾ ਕਹਿਣਾ ਮੰਨਣਾ ਚਾਹੁੰਦੇ ਹੋ, ਪਰ ਤੁਸੀਂ ਕੋਈ ਅਜਿਹਾ ਕੰਮ ਕਰ ਰਹੇ ਹੋ ਜੋ ਉਸ ਨੂੰ ਪਸੰਦ ਨਹੀਂ ਹੈ। ਉਦੋਂ ਤੁਸੀਂ ਕੀ ਕਰੋਗੇ? ਰੱਬ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ।
ਜ਼ਰਾ ਸਕੂਰਾ ਨਾਂ ਦੀ ਇਕ ਔਰਤ ʼਤੇ ਗੌਰ ਕਰੋ ਜਿਸ ਦਾ ਚਾਲ-ਚਲਣ ਠੀਕ ਨਹੀਂ ਸੀ। ਪਰ ਫਿਰ ਉਹ ਬਾਈਬਲ ਸਟੱਡੀ ਕਰਨ ਲੱਗ ਪਈ ਤੇ ਉਸ ਨੇ ਸਿੱਖਿਆ ਕਿ ਰੱਬ ਨੇ ਹੁਕਮ ਦਿੱਤਾ ਹੈ, “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਸਕੂਰਾ ਨੇ ਰੱਬ ਨੂੰ ਮਦਦ ਲਈ ਪ੍ਰਾਰਥਨਾ ਕੀਤੀ ਅਤੇ ਉਹ ਆਪਣੇ ਆਪ ਨੂੰ ਬਦਲ ਸਕੀ। ਪਰ ਅੱਜ ਵੀ ਉਸ ਨੂੰ ਆਪਣੀ ਬੁਰੀ ਆਦਤ ਨਾਲ ਲੜਨਾ ਪੈਂਦਾ ਹੈ। ਉਹ ਦੱਸਦੀ ਹੈ: “ਜਦੋਂ ਵੀ ਮੇਰੇ ਮਨ ਵਿਚ ਕੋਈ ਗ਼ਲਤ ਖ਼ਿਆਲ ਆਉਂਦਾ ਹੈ, ਤਾਂ ਮੈਂ ਯਹੋਵਾਹ ਨੂੰ ਸਾਫ਼-ਸਾਫ਼ ਦੱਸਦੀ ਹਾਂ ਕਿ ਮੈਨੂੰ ਕਿੱਦਾਂ ਦਾ ਲੱਗ ਰਿਹਾ ਹੈ। ਮੈਂ ਜਾਣਦੀ ਹਾਂ ਕਿ ਮੈਂ ਆਪਣੇ ਬਲਬੂਤੇ ʼਤੇ ਇਹ ਲੜਾਈ ਨਹੀਂ ਜਿੱਤ ਸਕਦੀ। ਪ੍ਰਾਰਥਨਾ ਰਾਹੀਂ ਮੈਂ ਯਹੋਵਾਹ ਦੇ ਹੋਰ ਨੇੜੇ ਆਈ ਹਾਂ।” ਸਕੂਰਾ ਵਾਂਗ ਲੱਖਾਂ ਹੀ ਲੋਕ ਯਹੋਵਾਹ ਬਾਰੇ ਸਿੱਖ ਰਹੇ ਹਨ। ਰੱਬ ਉਨ੍ਹਾਂ ਨੂੰ ਤਾਕਤ ਦਿੰਦਾ ਹੈ ਤਾਂਕਿ ਉਹ ਆਪਣੇ ਵਿਚ ਸੁਧਾਰ ਕਰ ਸਕਣ ਅਤੇ ਅਜਿਹੇ ਕੰਮ ਕਰਨ ਜਿਸ ਤੋਂ ਰੱਬ ਨੂੰ ਖ਼ੁਸ਼ੀ ਹੁੰਦੀ ਹੈ।—ਫ਼ਿਲਿੱਪੀਆਂ 4:13.
ਜਿੰਨਾ ਜ਼ਿਆਦਾ ਤੁਸੀਂ ਰੱਬ ਬਾਰੇ ਜਾਣੋਗੇ, ਉੱਨਾ ਜ਼ਿਆਦਾ ਉਹ ਤੁਹਾਡੇ ਬਾਰੇ ਜਾਣੇਗਾ ਅਤੇ ਤੁਸੀਂ ਉਸ ਦੇ ਵਧੀਆ ਦੋਸਤ ਬਣ ਜਾਓਗੇ। (ਗਲਾਤੀਆਂ 4:9; ਜ਼ਬੂਰ 25:14) ਫਿਰ ਤੁਸੀਂ ਇਸ ਦੁਨੀਆਂ ਦੇ ਨਾਸ਼ ਤੋਂ ਬਚ ਕੇ ਨਵੀਂ ਦੁਨੀਆਂ ਵਿਚ ਜਾ ਸਕੋਗੇ। ਪਰ ਉਹ ਨਵੀਂ ਦੁਨੀਆਂ ਕਿਹੋ ਜਿਹੀ ਹੋਵੇਗੀ? ਅਗਲੇ ਲੇਖ ਵਿਚ ਇਸ ਬਾਰੇ ਦੱਸਿਆ ਜਾਵੇਗਾ।
a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।