ਦੁਨੀਆਂ ਦਾ ਅੰਤ ਕਦੋਂ ਹੋਵੇਗਾ?
ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਧਰਮ-ਗ੍ਰੰਥ ਮੁਤਾਬਕ ਜਦੋਂ ਰੱਬ ਦੁਨੀਆਂ ਦਾ ਨਾਸ਼ ਕਰੇਗਾ, ਤਾਂ ਉਹ ਧਰਤੀ ਜਾਂ ਸਾਰੇ ਲੋਕਾਂ ਦਾ ਨਾਸ਼ ਨਹੀਂ ਕਰੇਗਾ। ਉਹ ਸਿਰਫ਼ ਬੁਰੇ ਲੋਕਾਂ ਅਤੇ ਬੁਰੇ ਕੰਮਾਂ ਦਾ ਨਾਸ਼ ਕਰੇਗਾ। ਕੀ ਧਰਮ-ਗ੍ਰੰਥ ਇਹ ਵੀ ਦੱਸਦਾ ਹੈ ਕਿ ਉਹ ਦੁਨੀਆਂ ਦਾ ਅੰਤ ਕਦੋਂ ਕਰੇਗਾ?
ਯਿਸੂ ਨੇ ਅੰਤ ਬਾਰੇ ਕੀ ਦੱਸਿਆ ਸੀ?
“ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਤੇ ਨਾ ਉਸ ਘੜੀ ਨੂੰ ਜਾਣਦੇ ਹੋ।”—ਮੱਤੀ 25:13.
“ਖ਼ਬਰਦਾਰ ਰਹੋ, ਜਾਗਦੇ ਰਹੋ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ।”—ਮਰਕੁਸ 13:33.
ਯਿਸੂ ਨੇ ਜੋ ਕਿਹਾ ਉਸ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਇਸ ਦੁਨੀਆਂ ਦਾ ਅੰਤ ਕਦੋਂ ਹੋਵੇਗਾ। ਇਹ ਗੱਲ ਸਿਰਫ਼ ਰੱਬ ਜਾਣਦਾ ਹੈ। ਉਸ ਨੇ ‘ਦਿਨ ਜਾਂ ਘੜੀ’ ਤੈਅ ਕੀਤੀ ਹੋਈ ਹੈ ਜਦੋਂ ਉਹ ਦੁਨੀਆਂ ਦਾ ਅੰਤ ਕਰੇਗਾ। (ਮੱਤੀ 24:36) ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਨਹੀਂ ਜਾਣ ਸਕਦੇ ਕਿ ਅੰਤ ਕਦੋਂ ਹੋਵੇਗਾ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜਦੋਂ ਰੱਬ ਦਾ ਪੁੱਤਰ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕੁਝ ਘਟਨਾਵਾਂ ਦੱਸੀਆਂ ਸਨ ਜਿਨ੍ਹਾਂ ਤੋਂ ਪਤਾ ਲੱਗਣਾ ਸੀ ਕਿ ਅੰਤ ਬਹੁਤ ਨੇੜੇ ਹੈ।
ਨਿਸ਼ਾਨੀ ਕਿ ਅੰਤ ਨੇੜੇ ਹੈ
ਯਿਸੂ ਨੇ ਦੱਸਿਆ ਕਿ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਘਟਨਾਵਾਂ ਹੋਣਗੀਆਂ। ਉਸ ਨੇ ਕਿਹਾ: “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।” (ਮੱਤੀ 24:3, 7) ਨਾਲੇ ਉਸ ਨੇ ਇਹ ਵੀ ਦੱਸਿਆ ਕਿ “ਮਹਾਂਮਾਰੀਆਂ” ਫੈਲਣਗੀਆਂ। (ਲੂਕਾ 21:11) ਕੀ ਤੁਸੀਂ ਇਹ ਗੱਲਾਂ ਅੱਜ ਪੂਰੀਆਂ ਹੁੰਦੀਆਂ ਦੇਖ ਰਹੇ ਹੋ?
ਅੱਜ ਪੂਰੀ ਦੁਨੀਆਂ ਵਿਚ ਲੋਕ ਯੁੱਧ, ਕਾਲ਼, ਭੁਚਾਲ਼ ਅਤੇ ਇਕ ਤੋਂ ਬਾਅਦ ਇਕ ਬੀਮਾਰੀ ਕਰਕੇ ਦੁੱਖ ਝੱਲ ਰਹੇ ਹਨ। ਮਿਸਾਲ ਲਈ, 2004 ਵਿਚ ਹਿੰਦ ਮਹਾਂਸਾਗਰ ਵਿਚ ਇਕ ਭਿਆਨਕ ਭੁਚਾਲ਼ ਆਇਆ ਜਿਸ ਕਰਕੇ ਸੁਨਾਮੀ ਲਹਿਰਾਂ ਉੱਠੀਆਂ ਅਤੇ ਲਗਭਗ 2,25,000 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ। ਤਿੰਨ ਸਾਲਾਂ ਵਿਚ ਕੋਵਿਡ-19 ਮਹਾਂਮਾਰੀ ਕਰਕੇ ਦੁਨੀਆਂ ਭਰ ਵਿਚ ਲਗਭਗ 69 ਲੱਖ ਲੋਕ ਮਾਰੇ ਗਏ। ਯਿਸੂ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪਤਾ ਲੱਗੇਗਾ ਕਿ ਦੁਨੀਆਂ ਦਾ ਅੰਤ ਨੇੜੇ ਹੈ।
“ਆਖ਼ਰੀ ਦਿਨ”
ਬਾਈਬਲ ਦੁਨੀਆਂ ਦੇ ਨਾਸ਼ ਤੋਂ ਪਹਿਲਾਂ ਦੇ ਸਮੇਂ ਨੂੰ “ਆਖ਼ਰੀ ਦਿਨ” ਕਹਿੰਦੀ ਹੈ। (2 ਪਤਰਸ 3:3, 4) ਇਸ ਵਿਚ ਲਿਖਿਆ ਹੈ ਕਿ ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਲਾਲਚੀ, ਵਹਿਸ਼ੀ ਅਤੇ ਨਿਰਮੋਹੀ ਹੋ ਜਾਣਗੇ। (“ ਦੁਨੀਆਂ ਦੇ ਨਾਸ਼ ਤੋਂ ਪਹਿਲਾਂ ਕੀ ਹੋਵੇਗਾ?” ਨਾਂ ਦੀ ਡੱਬੀ ਦੇਖੋ।) ਕੀ ਅੱਜ ਲੋਕ ਇੱਦਾਂ ਦੇ ਨਹੀਂ ਹਨ? ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ।
ਆਖ਼ਰੀ ਦਿਨ ਕਦੋਂ ਤਕ ਚੱਲਣਗੇ? ਬਾਈਬਲ ਵਿਚ ਲਿਖਿਆ ਹੈ ਕਿ ਇਹ “ਥੋੜ੍ਹਾ ਹੀ ਸਮਾਂ” ਚੱਲਣਗੇ। ਫਿਰ ਰੱਬ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼” ਕਰ ਦੇਵੇਗਾ।”—ਪ੍ਰਕਾਸ਼ ਦੀ ਕਿਤਾਬ 11:15-18, 12:12.
ਬਹੁਤ ਜਲਦੀ ਧਰਤੀ ਨੂੰ ਸੋਹਣਾ ਬਣਾਇਆ ਜਾਵੇਗਾ
ਰੱਬ ਨੇ ਇਸ ਦੁਸ਼ਟ ਦੁਨੀਆਂ ਦੇ ਨਾਸ਼ ਦਾ ਸਮਾਂ ਤੇ ਘੜੀ ਪਹਿਲਾਂ ਹੀ ਤੈਅ ਕੀਤੀ ਹੋਈ ਹੈ। (ਮੱਤੀ 24:36) ਪਰ ਉਹ “ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ।” (2 ਪਤਰਸ 3:9) ਉਸ ਦੀ ਇੱਛਾ ਹੈ ਕਿ ਅਸੀਂ ਇਸ ਨਾਸ਼ ਵਿੱਚੋਂ ਬਚ ਜਾਈਏ ਅਤੇ ਨਵੀਂ ਦੁਨੀਆਂ ਵਿਚ ਜਾਈਏ ਜਿੱਥੇ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ। ਇਸ ਲਈ ਉਹ ਅੱਜ ਸਾਰੇ ਇਨਸਾਨਾਂ ਨੂੰ ਉਸ ਦੀ ਇੱਛਾ ਜਾਣਨ ਤੇ ਉਸ ਦੇ ਹੁਕਮ ਮੰਨਣ ਦਾ ਮੌਕਾ ਦੇ ਰਿਹਾ ਹੈ।
ਯਿਸੂ ਨੇ ਕਿਹਾ ਸੀ ਕਿ ਅੰਤ ਆਉਣ ਤੋਂ ਪਹਿਲਾਂ ‘ਪੂਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ।’ (ਮੱਤੀ 24:14) ਅੱਜ ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਸਿਖਾ ਰਹੇ ਹਨ ਕਿ ਬਹੁਤ ਜਲਦੀ ਇਸ ਧਰਤੀ ਨੂੰ ਸੋਹਣਾ ਬਣਾਇਆ ਜਾਵੇਗਾ ਅਤੇ ਪਰਮੇਸ਼ੁਰ ਦਾ ਰਾਜ ਇਸ ʼਤੇ ਹਕੂਮਤ ਕਰੇਗਾ। ਉਹ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ਰੱਬ ਬਾਰੇ ਸਿਖਾਉਣ ਵਿਚ ਅਰਬਾਂ ਘੰਟੇ ਲਾਉਂਦੇ ਹਨ।
ਬਹੁਤ ਜਲਦੀ ਰੱਬ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਦੇਵੇਗਾ। ਇਸ ਤੋਂ ਬਾਅਦ ਫਿਰ ਕਦੀ ਵੀ ਇਨਸਾਨ ਇਨਸਾਨ ʼਤੇ ਰਾਜ ਨਹੀਂ ਕਰੇਗਾ। ਇਹ ਧਰਤੀ ਇਕ ਸੋਹਣੇ ਬਾਗ਼ ਵਰਗੀ ਬਣ ਜਾਵੇਗੀ ਜਿਸ ʼਤੇ ਅਸੀਂ ਖ਼ੁਸ਼ੀ-ਖ਼ੁਸ਼ੀ ਰਹਿ ਸਕਾਂਗੇ। ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਨਵੀਂ ਦੁਨੀਆਂ ਵਿਚ ਜਾਣ ਲਈ ਸਾਨੂੰ ਕੀ ਕਰਨਾ ਪਵੇਗਾ?
“ਆਖ਼ਰੀ ਦਿਨਾਂ” ਬਾਰੇ ਯਿਸੂ ਦੀ ਭਵਿੱਖਬਾਣੀ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਭਵਿੱਖ ਵਿਚ ਹਾਲਾਤ ਵਧੀਆ ਹੋ ਜਾਣਗੇ