Skip to content

Skip to table of contents

ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ

ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ!

ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ!

ਤੁਹਾਨੂੰ ਇਸ ਲੇਖ-ਲੜੀ ਵਿਚ ਪਹਿਲਾਂ ਜ਼ਿਕਰ ਕੀਤੀ ਗਈ ਗੇਲ ਯਾਦ ਹੋਵੇਗੀ ਜੋ ਸੋਚਦੀ ਸੀ ਕਿ ਪਤਾ ਨਹੀਂ ਉਹ ਆਪਣੇ ਪਤੀ ਰੌਬਰਟ ਦੇ ਗਮ ਨੂੰ ਕਦੇ ਭੁਲਾ ਪਾਵੇਗੀ ਕਿ ਨਹੀਂ। ਪਰ ਉਹ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਉਸ ਦੇ ਪਤੀ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਉਹ ਕਹਿੰਦੀ ਹੈ: “ਮੇਰਾ ਮਨ-ਪਸੰਦ ਹਵਾਲਾ ਪ੍ਰਕਾਸ਼ ਦੀ ਕਿਤਾਬ 21:3, 4 ਹੈ।” ਇਸ ਵਿਚ ਲਿਖਿਆ ਹੈ: “ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”

ਗੇਲ ਕਹਿੰਦੀ ਹੈ: “ਇਸ ਵਾਅਦੇ ਉੱਤੇ ਕੋਈ ਸ਼ੱਕ ਨਹੀਂ। ਮੈਨੂੰ ਉਨ੍ਹਾਂ ਲੋਕਾਂ ਨਾਲ ਬਹੁਤ ਹਮਦਰਦੀ ਹੈ ਜਿਨ੍ਹਾਂ ਦਾ ਆਪਣਾ ਕੋਈ ਗੁਜ਼ਰ ਗਿਆ ਹੈ, ਪਰ ਉਨ੍ਹਾਂ ਨੂੰ ਇਸ ਉਮੀਦ ਬਾਰੇ ਨਹੀਂ ਪਤਾ ਕਿ ਉਹ ਆਪਣੇ ਪਿਆਰੇ ਨੂੰ ਦੁਬਾਰਾ ਮਿਲ ਸਕਦੇ ਹਨ।” ਗੇਲ ਜੋ ਮੰਨਦੀ ਹੈ, ਉਸ ਮੁਤਾਬਕ ਚੱਲਦੀ ਵੀ ਹੈ। ਉਹ ਹਰ ਮਹੀਨੇ 70 ਘੰਟੇ ਪ੍ਰਚਾਰ ਕਰ ਕੇ ਲੋਕਾਂ ਨੂੰ ਭਵਿੱਖ ਬਾਰੇ ਰੱਬ ਦੇ ਵਾਅਦੇ ਬਾਰੇ ਦੱਸਦੀ ਹੈ ਜਦੋਂ “ਕੋਈ ਨਹੀਂ ਮਰੇਗਾ।”

ਅੱਯੂਬ ਨੂੰ ਭਰੋਸਾ ਸੀ ਕਿ ਉਹ ਦੁਬਾਰਾ ਜੀਉਂਦਾ ਹੋਵੇਗਾ

ਤੁਸੀਂ ਸ਼ਾਇਦ ਕਹੋ, ‘ਇੱਦਾਂ ਤਾਂ ਹੋ ਹੀ ਨਹੀਂ ਸਕਦਾ!’ ਪਰ ਅੱਯੂਬ ਨਾਂ ਦੇ ਇਕ ਆਦਮੀ ਦੀ ਮਿਸਾਲ ’ਤੇ ਗੌਰ ਕਰੋ। ਉਹ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਸੀ। (ਅੱਯੂਬ 2:7) ਇਸ ਲਈ ਉਹ ਮਰ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਵਿਸ਼ਵਾਸ ਸੀ ਕਿ ਰੱਬ ਉਸ ਨੂੰ ਦੁਬਾਰਾ ਧਰਤੀ ਉੱਤੇ ਜੀਉਂਦਾ ਕਰਨ ਦੀ ਤਾਕਤ ਰੱਖਦਾ ਸੀ। ਉਸ ਨੇ ਪੱਕੇ ਯਕੀਨ ਨਾਲ ਕਿਹਾ: “ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ . . . ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:13, 15) ਅੱਯੂਬ ਨੂੰ ਭਰੋਸਾ ਸੀ ਕਿ ਉਸ ਦਾ ਰੱਬ ਉਸ ਨੂੰ ਯਾਦ ਕਰੇਗਾ ਅਤੇ ਉਸ ਨੂੰ ਦੁਬਾਰਾ ਜ਼ਿੰਦਗੀ ਦੇਣ ਦੀ ਚਾਹਤ ਰੱਖੇਗਾ।

ਜਲਦੀ ਹੀ ਰੱਬ ਅੱਯੂਬ ਅਤੇ ਹੋਰ ਅਣਗਿਣਤ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਜਦੋਂ ਸਾਰੀ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਇਆ ਜਾਵੇਗਾ। (ਲੂਕਾ 23:42, 43) ਬਾਈਬਲ ਵਿਚ ਰਸੂਲਾਂ ਦੇ ਕੰਮ ਨਾਂ ਦੀ ਕਿਤਾਬ 24:15 ਵਿਚ ਪੱਕੀ ਗਾਰੰਟੀ ਦਿੱਤੀ ਗਈ ਹੈ ਕਿ ‘ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’ ਯਿਸੂ ਨੇ ਸਾਨੂੰ ਭਰੋਸਾ ਦਿਵਾਇਆ ਹੈ: “ਇਸ ਗੱਲੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰਨਾ 5:28, 29) ਅੱਯੂਬ ਇਹ ਵਾਅਦਾ ਪੂਰਾ ਹੁੰਦਾ ਦੇਖੇਗਾ। ਉਹ ਦੁਬਾਰਾ ‘ਜੁਆਨ’ ਹੋ ਜਾਵੇਗਾ ਅਤੇ ਉਸ ਦੀ ਚਮੜੀ “ਬਾਲਕ ਨਾਲੋਂ ਵਧੀਕ” ਮੁਲਾਇਮ ਹੋ ਜਾਵੇਗੀ। (ਅੱਯੂਬ 33:24, 25) ਉਨ੍ਹਾਂ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਹੋਵੇਗਾ ਜੋ ਰੱਬ ਦੇ ਇਸ ਪ੍ਰਬੰਧ ਦੀ ਕਦਰ ਕਰਦੇ ਹਨ ਕਿ ਮਰ ਚੁੱਕੇ ਲੋਕਾਂ ਨੂੰ ਧਰਤੀ ’ਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ

ਜੇ ਤੁਸੀਂ ਕਿਸੇ ਦੀ ਮੌਤ ਦਾ ਗਮ ਸਹਿ ਰਹੇ ਹੋ, ਤਾਂ ਜ਼ਰੂਰੀ ਨਹੀਂ ਕਿ ਦਿੱਤੀ ਗਈ ਇਸ ਸਾਰੀ ਜਾਣਕਾਰੀ ਨਾਲ ਤੁਹਾਡਾ ਗਮ ਪੂਰੀ ਤਰ੍ਹਾਂ ਦੂਰ ਹੋ ਜਾਵੇ। ਪਰ ਬਾਈਬਲ ਵਿਚ ਰੱਬ ਦੇ ਵਾਅਦਿਆਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਚੰਗੇ ਭਵਿੱਖ ਦੀ ਉਮੀਦ ਅਤੇ ਜੀਉਂਦੇ ਰਹਿਣ ਦੀ ਤਾਕਤ ਮਿਲ ਸਕਦੀ ਹੈ।​—1 ਥੱਸਲੁਨੀਕੀਆਂ 4:13.

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਕਿ ਆਪਣੇ ਗਮ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਜਾਂ ਕੀ ਤੁਹਾਡੇ ਇਹੋ ਜਿਹੇ ਸਵਾਲ ਹਨ ਜਿਵੇਂ ਕਿ “ਰੱਬ ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?” ਕਿਰਪਾ ਕਰ ਕੇ ਸਾਡੀ ਵੈੱਬਸਾਈਟ jw.org/pa ’ਤੇ ਜਾਓ ਅਤੇ ਦੇਖੋ ਕਿ ਬਾਈਬਲ ਦਿਲਾਸੇ ਭਰੇ ਜਵਾਬ ਕਿਵੇਂ ਦਿੰਦੀ ਹੈ। ▪ (w16-E No. 3)