ਕੌਣ ਜ਼ਿੰਮੇਵਾਰ ਹੈ?
ਜੇ ਦੁੱਖ-ਤਕਲੀਫ਼ਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ, ਤਾਂ ਭੁੱਖਮਰੀ, ਅੱਤ ਦੀ ਗ਼ਰੀਬੀ, ਯੁੱਧ, ਬੀਮਾਰੀਆਂ ਅਤੇ ਕੁਦਰਤੀ ਆਫ਼ਤਾਂ ਲਈ ਕੌਣ ਜ਼ਿੰਮੇਵਾਰ ਹੈ? ਰੱਬ ਦੇ ਬਚਨ, ਬਾਈਬਲ, ਤੋਂ ਪਤਾ ਲੱਗਦਾ ਹੈ ਕਿ ਦੁੱਖ-ਤਕਲੀਫ਼ਾਂ ਦੇ ਤਿੰਨ ਮੁੱਖ ਕਾਰਨ ਹਨ:
ਸੁਆਰਥ, ਲਾਲਚ ਅਤੇ ਨਫ਼ਰਤ। “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਲੋਕਾਂ ’ਤੇ ਦੁੱਖ-ਤਕਲੀਫ਼ਾਂ ਅਕਸਰ ਇਸ ਕਰਕੇ ਆਉਂਦੀਆਂ ਹਨ ਕਿਉਂਕਿ ਲੋਕ ਨਾਮੁਕੰਮਲ, ਸੁਆਰਥੀ ਅਤੇ ਜ਼ਾਲਮ ਇਨਸਾਨਾਂ ਦੇ ਸ਼ਿਕਾਰ ਬਣਦੇ ਹਨ।
ਬੁਰਾ ਸਮਾਂ। ਇਨਸਾਨਾਂ ਅਕਸਰ ਦੁੱਖ-ਤਕਲੀਫ਼ਾਂ ਸਹਿੰਦੇ ਹਨ ਕਿਉਂਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਇਸ ਦਾ ਮਤਲਬ ਹੈ ਕਿ ਗ਼ਲਤ ਸਮੇਂ ’ਤੇ ਗ਼ਲਤ ਜਗ੍ਹਾ ’ਤੇ ਹੋਣ ਕਰਕੇ, ਹਾਦਸਿਆਂ ਕਰਕੇ, ਲੋਕਾਂ ਦੀ ਲਾਪਰਵਾਹੀ ਜਾਂ ਗ਼ਲਤੀਆਂ ਕਰਕੇ ਸਾਡੇ ’ਤੇ ਦੁੱਖ-ਤਕਲੀਫ਼ਾਂ ਆਉਂਦੀਆਂ ਹਨ।
ਦੁਨੀਆਂ ਦਾ ਦੁਸ਼ਟ ਹਾਕਮ। ਬਾਈਬਲ ਮਨੁੱਖਜਾਤੀ ਦੀਆਂ ਦੁੱਖ-ਤਕਲੀਫ਼ਾਂ ਦਾ ਮੁੱਖ ਕਾਰਨ ਸਾਫ਼-ਸਾਫ਼ ਦੱਸਦੀ ਹੈ। ਇਹ ਦੱਸਦੀ ਹੈ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰਨਾ 5:19) ਇਹ “ਦੁਸ਼ਟ” ਸ਼ੈਤਾਨ ਹੈ ਜੋ ਪਹਿਲਾਂ ਰੱਬ ਦਾ ਦੂਤ ਹੁੰਦਾ ਸੀ, ਪਰ ਉਹ “ਸੱਚਾਈ ਦੇ ਰਾਹ ਤੋਂ ਭਟਕ ਗਿਆ।” (ਯੂਹੰਨਾ 8:44) ਹੋਰ ਦੂਤ ਵੀ ਸ਼ੈਤਾਨ ਨਾਲ ਰਲ਼ ਗਏ ਅਤੇ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਲਈ ਉਨ੍ਹਾਂ ਨੇ ਰੱਬ ਖ਼ਿਲਾਫ਼ ਬਗਾਵਤ ਕਰ ਦਿੱਤੀ। ਇਸ ਤਰ੍ਹਾਂ ਉਹ ਸਾਰੇ ਦੁਸ਼ਟ ਬਣ ਗਏ। (ਉਤਪਤ 6:1-5) ਬਗਾਵਤ ਕਰਨ ਤੋਂ ਲੈ ਕੇ ਹੁਣ ਤਕ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੇ ਇਸ ਦੁਨੀਆਂ ’ਤੇ ਆਪਣੀ ਤਾਕਤ ਦਿਖਾਈ ਹੈ ਅਤੇ ਆਪਣਾ ਬੁਰਾ ਪ੍ਰਭਾਵ ਪਾਇਆ ਹੈ। ਅੱਜ ਇਹ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ। ਹੁਣ ਸ਼ੈਤਾਨ ਬਹੁਤ ਗੁੱਸੇ ਵਿਚ ਹੈ ਅਤੇ ਉਹ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ” ਜਿਸ ਕਰਕੇ ‘ਧਰਤੀ ਉੱਤੇ ਹਾਇ! ਹਾਇ!’ ਮਚੀ ਹੋਈ ਹੈ। (ਪ੍ਰਕਾਸ਼ ਦੀ ਕਿਤਾਬ 12:9, 12) ਸ਼ੈਤਾਨ ਵਾਕਈ ਜ਼ਾਲਮ ਹਾਕਮ ਹੈ। ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਦੇਖ ਕੇ ਉਸ ਨੂੰ ਬਹੁਤ ਮਜ਼ਾ ਆਉਂਦਾ ਹੈ। ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਲਈ ਰੱਬ ਨਹੀਂ, ਸਗੋਂ ਸ਼ੈਤਾਨ ਜ਼ਿੰਮੇਵਾਰ ਹੈ।
ਜ਼ਰਾ ਸੋਚੋ: ਸਿਰਫ਼ ਬੇਰਹਿਮ ਤੇ ਦੁਸ਼ਟ ਸ਼ਖ਼ਸ ਹੀ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਲਈ ਜ਼ਿੰਮੇਵਾਰ ਹੋ ਸਕਦਾ ਹੈ। ਪਰ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਰੱਬ ਦੀ ਪਿਆਰ ਭਰੀ ਸ਼ਖ਼ਸੀਅਤ ਕਰਕੇ ‘ਏਹ ਪਰਮੇਸ਼ੁਰ ਤੋਂ ਦੂਰ ਹੈ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!’—ਅੱਯੂਬ 34:10.
ਪਰ ਤੁਸੀਂ ਸ਼ਾਇਦ ਸੋਚੋ, ‘ਸਰਬਸ਼ਕਤੀਮਾਨ ਪਰਮੇਸ਼ੁਰ ਕਦੋਂ ਤਕ ਸ਼ੈਤਾਨ ਦੇ ਦੁਸ਼ਟ ਰਾਜ ਨੂੰ ਰਹਿਣ ਦੀ ਇਜਾਜ਼ਤ ਦੇਵੇਗਾ?’ ਅਸੀਂ ਦੇਖਿਆ ਕਿ ਰੱਬ ਦੁਸ਼ਟਤਾ ਤੋਂ ਨਫ਼ਰਤ ਕਰਦਾ ਹੈ, ਇਸ ਕਰਕੇ ਉਹ ਸਾਡੇ ਦੁੱਖਾਂ ਨੂੰ ਦੇਖ ਕੇ ਦੁਖੀ ਹੁੰਦਾ ਹੈ। ਇਸ ਤੋਂ ਇਲਾਵਾ, ਉਸ ਦਾ ਬਚਨ ਸਲਾਹ ਦਿੰਦਾ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਕੋਲ ਤਾਕਤ ਹੈ। ਉਹ ਦੁੱਖ-ਤਕਲੀਫ਼ਾਂ ਅਤੇ ਅਨਿਆਂ ਨੂੰ ਖ਼ਤਮ ਕਰ ਦੇਵੇਗਾ। ਇਸ ਬਾਰੇ ਅਗਲੇ ਲੇਖ ਵਿਚ ਸਮਝਾਇਆ ਜਾਵੇਗਾ। *
^ ਪੈਰਾ 7 ਇੰਨੇ ਦੁੱਖ ਕਿਉਂ ਹਨ? ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਨਾਂ ਦੀ ਕਿਤਾਬ ਦਾ ਪਾਠ 26 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।