Skip to content

Skip to table of contents

‘ਪ੍ਰਾਰਥਨਾ ਦਾ ਸੁਣਨ ਵਾਲਾ’ ਰੱਬ ਖ਼ੁਸ਼ੀ ਨਾਲ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।—ਜ਼ਬੂਰ 65:2

ਰੱਬ ਦੀ ਮਿਹਰ ਪਾਉਣ ਲਈ ਪ੍ਰਾਰਥਨਾ ਕਰਦੇ ਰਹੋ

ਰੱਬ ਦੀ ਮਿਹਰ ਪਾਉਣ ਲਈ ਪ੍ਰਾਰਥਨਾ ਕਰਦੇ ਰਹੋ

ਰੱਬ ਨੇ ਇਨਸਾਨਾਂ ਨੂੰ ਇਕ ਅਨੋਖੀ ਕਾਬਲੀਅਤ ਦਿੱਤੀ ਹੈ। ਅਸੀਂ ਉਸ ਨੂੰ ਪ੍ਰਾਰਥਨਾ ਕਰ ਕੇ ਆਪਣੇ ਦਿਲ ਦੀਆਂ ਗੱਲਾਂ ਦੱਸ ਸਕਦੇ ਹਾਂ। ਦਾਊਦ ਨਬੀ ਨੇ ਕਿਹਾ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।” (ਜ਼ਬੂਰ 65:2) ਪਰ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ ਅਤੇ ਸਾਨੂੰ ਬਰਕਤਾਂ ਦੇਵੇ?

ਦਿਲੋਂ ਪ੍ਰਾਰਥਨਾਵਾਂ ਕਰੋ

ਪ੍ਰਾਰਥਨਾ ਕਰਦਿਆਂ ਆਪਣਾ ਦਿਲ ਰੱਬ ਅੱਗੇ ਖੋਲ੍ਹ ਦਿਓ। (ਜ਼ਬੂਰ 62:8) ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸੁਣ ਕੇ ਉਹ ਬਹੁਤ ਖ਼ੁਸ਼ ਹੁੰਦਾ ਹੈ।

ਰੱਬ ਦਾ ਨਾਂ ਲੈ ਕੇ ਪ੍ਰਾਰਥਨਾ ਕਰੋ

ਭਾਵੇਂ ਰੱਬ ਦੇ ਬਹੁਤ ਸਾਰੇ ਖ਼ਿਤਾਬ ਹਨ, ਪਰ ਉਸ ਦਾ ਆਪਣਾ ਇਕ ਨਾਂ ਹੈ। ਉਸ ਨੇ ਪਵਿੱਤਰ ਲਿਖਤਾਂ ਵਿਚ ਲਿਖਵਾਇਆ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।” (ਯਸਾਯਾਹ 42:8) ਪਵਿੱਤਰ ਲਿਖਤਾਂ ਵਿਚ ਯਹੋਵਾਹ ਨਾਂ ਲਗਭਗ 7,000 ਵਾਰ ਆਉਂਦਾ ਹੈ। ਬਹੁਤ ਸਾਰੇ ਨਬੀਆਂ ਨੇ ਵੀ ਉਸ ਨੂੰ ਉਸ ਦਾ ਨਾਂ ਲੈ ਕੇ ਬੁਲਾਇਆ। ਇਕ ਵਾਰ ਅਬਰਾਹਾਮ ਨੇ ਕਿਹਾ: “ਯਹੋਵਾਹ, ਕਿਰਪਾ ਕਰਕੇ . . . ਮੈਨੂੰ ਇਹ ਗੱਲ ਪੁੱਛਣ ਦੀ ਇਜਾਜ਼ਤ ਦੇ।” (ਉਤਪਤ 18:30, ERV) ਪੁਰਾਣੇ ਸਮੇਂ ਦੇ ਸੇਵਕਾਂ ਵਾਂਗ ਸਾਨੂੰ ਵੀ ਰੱਬ ਦਾ ਨਾਂ, ਯਹੋਵਾਹ, ਲੈ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ।

ਆਪਣੀ ਭਾਸ਼ਾ ਵਿਚ ਪ੍ਰਾਰਥਨਾ ਕਰੋ

ਅਸੀਂ ਚਾਹੇ ਜਿਹੜੀ ਮਰਜ਼ੀ ਭਾਸ਼ਾ ਵਿਚ ਪ੍ਰਾਰਥਨਾ ਕਰੀਏ, ਪਰ ਰੱਬ ਸਾਡੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਸਮਝ ਸਕਦਾ ਹੈ। ਉਸ ਦੇ ਬਚਨ ਵਿਚ ਸਾਨੂੰ ਭਰੋਸਾ ਦਿਵਾਇਆ ਗਿਆ ਹੈ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.

ਪਰ ਰੱਬ ਤੋਂ ਬਰਕਤਾਂ ਪਾਉਣ ਲਈ ਸਾਨੂੰ ਪ੍ਰਾਰਥਨਾ ਕਰਨ ਤੋਂ ਇਲਾਵਾ ਵੀ ਕੁਝ ਕਰਨ ਦੀ ਲੋੜ ਹੈ। ਅਗਲੇ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਕੀ ਕਰਨ ਦੀ ਲੋੜ ਹੈ।