ਰੱਬ ਦੇ ਨਬੀਆਂ ਤੋਂ ਉਸ ਬਾਰੇ ਸਿੱਖੋ
ਪੁਰਾਣੇ ਸਮਿਆਂ ਵਿਚ ਰੱਬ ਨੇ ਆਪਣੇ ਨਬੀਆਂ ਰਾਹੀਂ ਇਨਸਾਨਾਂ ਵਾਸਤੇ ਅਹਿਮ ਸੰਦੇਸ਼ ਦਿੱਤੇ। ਅੱਜ ਅਸੀਂ ਉਨ੍ਹਾਂ ਸੰਦੇਸ਼ਾਂ ਨੂੰ ਪੜ੍ਹ ਕੇ ਜਾਣ ਸਕਦੇ ਹਾਂ ਕਿ ਅਸੀਂ ਰੱਬ ਤੋਂ ਬਰਕਤਾਂ ਕਿਵੇਂ ਪਾ ਸਕਦੇ ਹਾਂ। ਆਓ ਦੇਖੀਏ ਕਿ ਰੱਬ ਨੇ ਤਿੰਨ ਵਫ਼ਾਦਾਰ ਨਬੀਆਂ ਨੂੰ ਕੀ ਕਿਹਾ ਸੀ।
ਅਬਰਾਹਾਮ
ਰੱਬ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਤੇ ਸਾਰੇ ਇਨਸਾਨਾਂ ਨੂੰ ਬਰਕਤਾਂ ਦੇਣੀਆਂ ਚਾਹੁੰਦਾ ਹੈ।
ਰੱਬ ਨੇ ਅਬਰਾਹਾਮ ਨਬੀ ਨਾਲ ਵਾਅਦਾ ਕੀਤਾ ਕਿ “ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।”—ਉਤਪਤ 12:3.
ਅਸੀਂ ਕੀ ਸਿੱਖਦੇ ਹਾਂ? ਰੱਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਦਾ ਕਹਿਣਾ ਮੰਨਣ ਵਾਲੇ ਸਾਰੇ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਚਾਹੇ ਉਹ ਆਦਮੀ ਹੋਣ, ਔਰਤਾਂ ਜਾਂ ਬੱਚੇ ਹੋਣ।
ਮੂਸਾ
ਰੱਬ ਦਿਆਲੂ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ।
ਸਰਬਸ਼ਕਤੀਮਾਨ ਨੇ ਮੂਸਾ ਨਬੀ ਨੂੰ ਵੱਡੇ-ਵੱਡੇ ਚਮਤਕਾਰ ਕਰਨ ਦੀ ਤਾਕਤ ਦਿੱਤੀ। ਮੂਸਾ ਰੱਬ ਬਾਰੇ ਜਾਣਦਾ ਸੀ, ਪਰ ਉਸ ਨੇ ਪ੍ਰਾਰਥਨਾ ਕੀਤੀ: “ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ।” (ਕੂਚ 33:13) ਰੱਬ ਮੂਸਾ ਦੀ ਬੇਨਤੀ ਤੋਂ ਖ਼ੁਸ਼ ਸੀ। ਇਸ ਲਈ ਉਸ ਨੇ ਮੂਸਾ ਨੂੰ ਆਪਣੇ ਰਾਹਾਂ ਅਤੇ ਗੁਣਾਂ ਬਾਰੇ ਹੋਰ ਸਮਝ ਦਿੱਤੀ। ਮਿਸਾਲ ਲਈ, ਰੱਬ ਨੇ ਮੂਸਾ ਨੂੰ ਦੱਸਿਆ ਕਿ ਉਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ।”—ਕੂਚ 34:6, 7.
ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਰੱਬ ਨੂੰ ਜਾਣਨ ਲਈ ਪੂਰੀ ਵਾਹ ਲਾਉਂਦੇ ਹਾਂ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ। ਉਸ ਨੇ ਪਵਿੱਤਰ ਲਿਖਤਾਂ ਵਿਚ ਦੱਸਿਆ ਹੈ ਕਿ ਉਸ ਦੀ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਨਾਲੇ ਇਹੀ ਵੀ ਦੱਸਿਆ ਹੈ ਕਿ ਉਹ ਸਾਡੇ ’ਤੇ ਮਿਹਰ ਕਰਨ ਅਤੇ ਸਾਨੂੰ ਬਰਕਤਾਂ ਦੇਣ ਲਈ ਕਿੰਨਾ ਬੇਤਾਬ ਹੈ!
ਯਿਸੂ
ਜੇ ਅਸੀਂ ਯਿਸੂ, ਉਸ ਦੇ ਕੰਮਾਂ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਜਾਣਾਂਗੇ, ਤਾਂ ਰੱਬ ਸਾਨੂੰ ਹਮੇਸ਼ਾ ਲਈ ਬਰਕਤਾਂ ਦੇਵੇਗਾ।
ਰੱਬ ਦੇ ਬਚਨ ਵਿਚ ਯਿਸੂ ਦੀ ਜ਼ਿੰਦਗੀ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਰੱਬ ਨੇ ਯਿਸੂ ਨੂੰ ਵੱਡੇ-ਵੱਡੇ ਚਮਤਕਾਰ ਕਰਨ ਦੀ ਤਾਕਤ ਦਿੱਤੀ, ਜਿਵੇਂ ਅੰਨ੍ਹਿਆਂ, ਬੋਲ਼ਿਆਂ ਅਤੇ ਲੰਗੜਿਆਂ ਨੂੰ ਠੀਕ ਕਰਨਾ। ਉਸ ਨੇ ਤਾਂ ਮਰੇ ਹੋਇਆਂ ਨੂੰ ਵੀ ਦੁਬਾਰਾ ਜੀਉਂਦਾ ਕੀਤਾ। ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਰੱਬ ਭਵਿੱਖ ਵਿਚ ਇਨਸਾਨਾਂ ਨੂੰ ਕਿਹੜੀਆਂ ਬਰਕਤਾਂ ਦੇਵੇਗਾ। ਉਸ ਨੇ ਸਮਝਾਇਆ ਕਿ ਅਸੀਂ ਇਨ੍ਹਾਂ ਬਰਕਤਾਂ ਦਾ ਆਨੰਦ ਕਿਵੇਂ ਮਾਣ ਸਕਦੇ ਹਾਂ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”—ਯੂਹੰਨਾ 17:3.
ਯਿਸੂ ਹਮਦਰਦ, ਤਰਸ ਖਾਣ ਵਾਲਾ ਅਤੇ ਪਿਆਰ ਕਰਨ ਵਾਲਾ ਇਨਸਾਨ ਸੀ। ਭੀੜਾਂ ਦੀਆਂ ਭੀੜਾਂ ਨੇ ਯਿਸੂ ਦੇ ਇਸ ਪਿਆਰ ਭਰੇ ਸੱਦੇ ਨੂੰ ਸਵੀਕਾਰ ਕੀਤਾ: “ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ।” (ਮੱਤੀ 11:29) ਉਸ ਸਮੇਂ ਦੇ ਲੋਕ ਔਰਤਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਸਨ। ਇਸ ਦੇ ਉਲਟ, ਯਿਸੂ ਔਰਤਾਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਇਆ।
ਅਸੀਂ ਕੀ ਸਿੱਖਦੇ ਹਾਂ? ਯਿਸੂ ਨੇ ਲੋਕਾਂ ਲਈ ਦਿਲੋਂ ਪਿਆਰ ਦਿਖਾਇਆ ਅਤੇ ਦੂਜਿਆਂ ਨਾਲ ਪੇਸ਼ ਆਉਣ ਸੰਬੰਧੀ ਸ਼ਾਨਦਾਰ ਮਿਸਾਲ ਕਾਇਮ ਕੀਤੀ।
ਯਿਸੂ ਰੱਬ ਨਹੀਂ ਹੈ
ਪਵਿੱਤਰ ਲਿਖਤਾਂ ਦੱਸਦੀਆਂ ਹਨ ਕਿ “ਸਾਡਾ ਇੱਕੋ ਪਰਮੇਸ਼ੁਰ ਹੈ” ਅਤੇ ਯਿਸੂ ਮਸੀਹ ਰੱਬ ਦਾ ਨਿਮਰ ਬੁਲਾਰਾ ਸੀ। (1 ਕੁਰਿੰਥੀਆਂ 8:6) ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਰੱਬ ਉਸ ਤੋਂ ਉੱਤਮ ਹੈ ਅਤੇ ਰੱਬ ਨੇ ਹੀ ਉਸ ਨੂੰ ਧਰਤੀ ’ਤੇ ਭੇਜਿਆ ਹੈ।—ਯੂਹੰਨਾ 11:41, 42; 14:28. *
^ ਪੇਰਗ੍ਰੈਫ 17 ਯਿਸੂ ਬਾਰੇ ਹੋਰ ਜਾਣਨ ਲਈ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਨਾਂ ਦੇ ਬਰੋਸ਼ਰ ਦਾ ਪਾਠ 4 ਦੇਖੋ ਜੋ www.dan124.com/pa ’ਤੇ ਉਪਲਬਧ ਹੈ।