Skip to content

Skip to table of contents

ਜੀਵਨੀ

ਯਹੋਵਾਹ ਦਾ ਕਹਿਣਾ ਮੰਨ ਕੇ ਮਿਲੀਆਂ ਬਰਕਤਾਂ

ਯਹੋਵਾਹ ਦਾ ਕਹਿਣਾ ਮੰਨ ਕੇ ਮਿਲੀਆਂ ਬਰਕਤਾਂ

“ਅਸੀਂ ਕਰਾਂਗੇ।” ਮੈਂ, ਮੇਰੇ ਪਤੀ, ਮੇਰੇ ਭਰਾ ਤੇ ਭਾਬੀ ਨੇ ਨਵੀਂ ਜ਼ਿੰਮੇਵਾਰੀ ਮਿਲਣ ਤੇ ਇਹੀ ਸ਼ਬਦ ਕਹੇ ਸਨ। ਅਸੀਂ ਇਹ ਜ਼ਿੰਮੇਵਾਰੀ ਕਿਉਂ ਸਵੀਕਾਰ ਕੀਤੀ ਅਤੇ ਯਹੋਵਾਹ ਨੇ ਸਾਨੂੰ ਕਿਹੜੀਆਂ ਬਰਕਤਾਂ ਦਿੱਤੀਆਂ? ਆਓ ਮੈਂ ਤੁਹਾਨੂੰ ਆਪਣੇ ਬਾਰੇ ਕੁਝ ਦੱਸਾਂ।

1923 ਵਿਚ ਮੇਰਾ ਜਨਮ ਹੈਮਸਵਰਥ ਵਿਚ ਹੋਇਆ। ਇਹ ਕਸਬਾ ਇੰਗਲੈਂਡ ਦੇ ਯਾਰਕਸ਼ਰ ਇਲਾਕੇ ਵਿਚ ਪੈਂਦਾ ਹੈ। ਮੇਰੇ ਵੱਡੇ ਭਰਾ ਦਾ ਨਾਂ ਬੌਬ ਹੈ। ਮੇਰੇ ਪਿਤਾ ਜੀ ਨੂੰ ਧਰਮਾਂ ਵਿਚ ਹੁੰਦੇ ਪਖੰਡ ਤੋਂ ਸਖ਼ਤ ਨਫ਼ਰਤ ਸੀ। ਜਦੋਂ ਮੈਂ ਲਗਭਗ ਨੌਂ ਸਾਲ ਦਾ ਸੀ, ਉਦੋਂ ਮੇਰੇ ਪਿਤਾ ਜੀ ਨੂੰ ਕੁਝ ਕਿਤਾਬਾਂ ਮਿਲੀਆਂ ਜਿਨ੍ਹਾਂ ਵਿਚ ਝੂਠੇ ਧਰਮਾਂ ਦਾ ਪਰਦਾਫ਼ਾਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ ਉਹ ਕਿਤਾਬਾਂ ਬਹੁਤ ਵਧੀਆ ਲੱਗੀਆਂ। ਕੁਝ ਸਾਲਾਂ ਬਾਅਦ ਬੌਬ ਐਟਕਿੰਸਨ ਸਾਡੇ ਘਰ ਆਇਆ ਅਤੇ ਉਸ ਨੇ ਤਵੇ ਵਾਲੇ ਵਾਜੇ ’ਤੇ ਭਰਾ ਰਦਰਫ਼ਰਡ ਦਾ ਭਾਸ਼ਣ ਸੁਣਾਇਆ। ਸਾਨੂੰ ਲੱਗਾ ਉਹ ਭਰਾ ਉਸੇ ਗਰੁੱਪ ਦਾ ਮੈਂਬਰ ਸੀ ਜੋ ਝੂਠੇ ਧਰਮਾਂ ਦਾ ਪਰਦਾਫ਼ਾਸ਼ ਕਰਨ ਵਾਲੀਆਂ ਕਿਤਾਬਾਂ ਛਾਪਦਾ ਸੀ। ਮੇਰੇ ਮਾਪਿਆਂ ਨੇ ਭਰਾ ਐਟਕਿੰਸਨ ਨੂੰ ਕਿਹਾ ਕਿ ਉਹ ਰਾਤ ਦਾ ਖਾਣਾ ਰੋਜ਼ ਸਾਡੇ ਨਾਲ ਖਾਵੇ ਅਤੇ ਬਾਈਬਲ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਵੇ। ਉਸ ਨੇ ਸਾਨੂੰ ਇਕ ਭਰਾ ਦੇ ਘਰ ਹੁੰਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ। ਉਸ ਭਰਾ ਦਾ ਘਰ ਸਾਡੇ ਘਰ ਤੋਂ ਕੁਝ ਕਿਲੋਮੀਟਰ ਦੂਰ ਸੀ। ਅਸੀਂ ਝੱਟ ਹਾਂ ਕਹਿ ਦਿੱਤੀ। ਹੈਮਸਵਰਥ ਵਿਚ ਇਕ ਛੋਟੀ ਜਿਹੀ ਮੰਡਲੀ ਸ਼ੁਰੂ ਹੋਈ। ਜਦੋਂ ਵੀ ਜ਼ੋਨ ਸਰਵਨਟਸ (ਸਫ਼ਰੀ ਨਿਗਾਹਬਾਨ) ਆਉਂਦੇ ਸਨ, ਅਸੀਂ ਉਨ੍ਹਾਂ ਨੂੰ ਆਪਣੇ ਘਰ ਠਹਿਰਾਉਂਦੇ ਸੀ। ਅਸੀਂ ਉਸ ਸਮੇਂ ਨੇੜੇ ਰਹਿੰਦੇ ਪਾਇਨੀਅਰਾਂ ਨੂੰ ਵੀ ਖਾਣੇ ’ਤੇ ਬੁਲਾਉਂਦੇ ਸੀ। ਉਨ੍ਹਾਂ ਨਾਲ ਸੰਗਤ ਕਰ ਕੇ ਮੈਨੂੰ ਫ਼ਾਇਦਾ ਹੋਇਆ।

ਅਸੀਂ ਵਪਾਰ ਦਾ ਕੰਮ ਸ਼ੁਰੂ ਕੀਤਾ ਸੀ, ਪਰ ਮੇਰੇ ਡੈਡੀ ਜੀ ਨੇ ਮੇਰੇ ਭਰਾ ਨੂੰ ਕਿਹਾ, “ਜੇ ਤੂੰ ਪਾਇਨੀਅਰਿੰਗ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਅਸੀਂ ਵਪਾਰ ਦਾ ਕੰਮ ਬੰਦ ਕਰ ਦਿਆਂਗੇ।” ਬੌਬ ਰਾਜ਼ੀ ਹੋ ਗਿਆ ਅਤੇ 21 ਸਾਲ ਦੀ ਉਮਰ ਵਿਚ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਾਇਨੀਅਰਿੰਗ ਕਰਨ ਲਈ ਬੌਬ ਘਰੋਂ ਚਲਾ ਗਿਆ। ਦੋ ਸਾਲ ਬਾਅਦ ਮੈਂ ਵੀ ਪਾਇਨੀਅਰਿੰਗ ਸ਼ੁਰੂ ਕੀਤੀ, ਉਸ ਵੇਲੇ ਮੈਂ 16 ਸਾਲ ਦੀ ਸੀ। ਸ਼ਨੀ-ਐਤਵਾਰ ਨੂੰ ਮੈਂ ਹੋਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਦੀ ਸੀ, ਪਰ ਜ਼ਿਆਦਾਤਰ ਮੈਂ ਇਕੱਲੀ ਪ੍ਰਚਾਰ ਕਰਦੀ ਸੀ। ਮੈਂ ਪ੍ਰਚਾਰ ਵਿਚ ਗਵਾਹੀ ਕਾਰਡ ਅਤੇ ਤਵਿਆਂ ਵਾਲਾ ਵਾਜਾ ਵਰਤਦੀ ਸੀ। ਪਰ ਯਹੋਵਾਹ ਦੀ ਅਸੀਸ ਸਦਕਾ ਮੇਰੇ ਇਕ ਬਾਈਬਲ ਵਿਦਿਆਰਥੀ ਨੇ ਸੱਚਾਈ ਵਿਚ ਵਧੀਆ ਤਰੱਕੀ ਕੀਤੀ। ਕੁਝ ਸਮੇਂ ਬਾਅਦ ਉਸ ਵਿਦਿਆਰਥੀ ਦੇ ਪਰਿਵਾਰ ਦੇ ਕਈ ਜੀਆਂ ਨੇ ਸੱਚਾਈ ਸਵੀਕਾਰ ਕੀਤੀ। ਅਗਲੇ ਸਾਲ ਮੈਰੀ ਹੈਨਸ਼ਲ ਅਤੇ ਮੈਨੂੰ ਸਪੈਸ਼ਲ ਪਾਇਨੀਅਰ ਨਿਯੁਕਤ ਕੀਤਾ ਗਿਆ। ਸਾਨੂੰ ਚੈਸ਼ਰ ਇਲਾਕੇ ਵਿਚ ਭੇਜਿਆ ਗਿਆ ਉਸ ਇਲਾਕੇ ਵਿਚ ਪਹਿਲਾਂ ਕਦੇ ਪ੍ਰਚਾਰ ਨਹੀਂ ਸੀ ਹੋਇਆ।

ਦੂਸਰੇ ਵਿਸ਼ਵ ਯੁੱਧ ਦੌਰਾਨ ਔਰਤਾਂ ਨੂੰ ਯੁੱਧ ਵਿਚ ਮਦਦ ਕਰਨ ਲਈ ਕਿਹਾ ਗਿਆ। ਪੂਰੇ ਸਮੇਂ ਦੇ ਸੇਵਕ ਹੋਣ ਕਰਕੇ ਸਾਨੂੰ ਲੱਗਦਾ ਸੀ ਕਿ ਸਾਨੂੰ ਦੂਸਰੇ ਧਾਰਮਿਕ ਸੇਵਕਾਂ ਵਾਂਗ ਲੜਾਈ ਦੇ ਕੰਮਾਂ ਵਿਚ ਹਿੱਸਾ ਲੈਣ ਲਈ ਨਹੀਂ ਕਿਹਾ ਜਾਵੇਗਾ। ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਇਸ ਕਰਕੇ ਮੈਨੂੰ 31 ਦਿਨਾਂ ਲਈ ਜੇਲ੍ਹ ਹੋ ਗਈ। ਅਗਲੇ ਸਾਲ ਮੇਰੀ ਉਮਰ 19 ਸਾਲ ਦੀ ਹੋ ਗਈ। ਹਾਲੇ ਵੀ ਮੇਰੀ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦੀ ਸੀ ਕਿ ਮੈਂ ਯੁੱਧ ਦੇ ਕੰਮਾਂ ਵਿਚ ਹਿੱਸਾ ਲਵਾਂ। ਯੁੱਧ ਵਿਚ ਹਿੱਸਾ ਨਾ ਲੈਣ ਕਰਕੇ ਮੇਰੇ ’ਤੇ ਦੋ ਵਾਰ ਮੁਕੱਦਮਾ ਚਲਾਇਆ ਗਿਆ, ਪਰ ਮੇਰਾ ਮੁਕੱਦਮਾ ਖ਼ਾਰਜ ਕਰ ਦਿੱਤਾ ਗਿਆ। ਇਨ੍ਹਾਂ ਤਜਰਬਿਆਂ ਤੋਂ ਮੈਂ ਇਕ ਗੱਲ ਦੇਖੀ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਹਮੇਸ਼ਾ ਮੇਰੀ ਮਦਦ ਕੀਤੀ ਅਤੇ ਯਹੋਵਾਹ ਨੇ ਮੇਰਾ ਹੱਥ ਕਦੇ ਵੀ ਨਹੀਂ ਛੱਡਿਆ, ਉਸ ਨੇ ਮੈਨੂੰ ਤਕੜਾ ਤੇ ਮਜ਼ਬੂਤ ਕੀਤਾ।​—ਯਸਾ. 41:10, 13.

ਨਵਾਂ ਸਾਥੀ

1946 ਵਿਚ ਮੇਰੀ ਮੁਲਾਕਾਤ ਆਰਥਰ ਮੈਥਿਊਜ਼ ਨਾਲ ਹੋਈ। ਫ਼ੌਜ ਵਿਚ ਭਰਤੀ ਨਾ ਹੋਣ ਕਰਕੇ ਉਸ ਨੂੰ ਤਿੰਨ ਮਹੀਨਿਆਂ ਲਈ ਜੇਲ੍ਹ ਹੋਈ ਸੀ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਸ ਨੇ ਆਪਣੇ ਭਰਾ ਡੈਨਿੱਸ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਹੈਮਸਵਰਥ ਵਿਚ ਡੈਨਿੱਸ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਦਾ ਸੀ। ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸੱਚਾਈ ਸਿਖਾਈ ਸੀ ਅਤੇ ਆਰਥਰ ਨੇ 17 ਸਾਲ ਦੀ ਉਮਰ ਵਿਚ ਅਤੇ ਡੈਨਿੱਸ ਨੇ 16 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਜਲਦੀ ਹੀ ਡੈਨਿੱਸ ਨੂੰ ਸਪੈਸ਼ਲ ਪਾਇਨੀਅਰ ਵਜੋਂ ਆਇਰਲੈਂਡ ਭੇਜ ਦਿੱਤਾ ਗਿਆ। ਡੈਨਿੱਸ ਦੇ ਜਾਣ ਤੋਂ ਬਾਅਦ ਆਰਥਰ ਇਕੱਲਾ ਰਹਿ ਗਿਆ। ਆਰਥਰ ਨੌਜਵਾਨ ਮਿਹਨਤੀ ਪਾਇਨੀਅਰ ਸੀ ਅਤੇ ਉਹ ਬਹੁਤ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਸੀ। ਇਹ ਸਭ ਕੁਝ ਦੇਖ ਕੇ ਮੇਰੇ ਮਾਪੇ ਬਹੁਤ ਪ੍ਰਭਾਵਿਤ ਹੋਏ ਇਸ ਲਈ ਉਨ੍ਹਾਂ ਨੇ ਉਸ ਨੂੰ ਸਾਡੇ ਘਰ ਰਹਿਣ ਲਈ ਬੁਲਾਇਆ। ਕਦੇ-ਕਦੇ ਜਦੋਂ ਮੈਂ ਘਰ ਜਾਂਦੀ ਸੀ, ਤਾਂ ਖਾਣਾ ਖਾਣ ਤੋਂ ਬਾਅਦ ਮੈਂ ਤੇ ਆਰਥਰ ਨੇ ਇਕੱਠੇ ਭਾਂਡੇ ਧੋਂਦੇ ਸੀ। ਕੁਝ ਸਮੇਂ ਬਾਅਦ ਅਸੀਂ ਇਕ ਦੂਜੇ ਨੂੰ ਚਿੱਠੀਆਂ ਲਿਖਣ ਲੱਗੇ। 1948 ਵਿਚ ਆਰਥਰ ਨੂੰ ਫਿਰ ਤੋਂ ਤਿੰਨ ਮਹੀਨਿਆਂ ਲਈ ਜੇਲ੍ਹ ਹੋ ਗਈ। ਜਨਵਰੀ 1949 ਵਿਚ ਸਾਡਾ ਵਿਆਹ ਹੋ ਗਿਆ ਅਤੇ ਅਸੀਂ ਸੋਚਿਆ ਸੀ ਕਿ ਜਦੋਂ ਤਕ ਹੋ ਸਕੇ ਅਸੀਂ ਪੂਰੇ ਸਮੇਂ ਦੀ ਸੇਵਾ ਕਰਦੇ ਰਹਾਂਗੇ। ਅਸੀਂ ਪੈਸੇ ਕਮਾਉਣ ਲਈ ਛੁੱਟੀਆਂ ਵਿਚ ਫਲ ਤੋੜਨ ਦਾ ਕੰਮ ਕਰਦੇ ਸੀ। ਪਰਮੇਸ਼ੁਰ ਦੀ ਮਦਦ ਅਤੇ ਧਿਆਨ ਨਾਲ ਯੋਜਨਾ ਬਣਾਉਣ ਕਰਕੇ ਅਸੀਂ ਪਾਇਨੀਅਰਿੰਗ ਜਾਰੀ ਰੱਖ ਸਕੇ।

1949 ਵਿਚ ਆਪਣੇ ਵਿਆਹ ਤੋਂ ਕੁਝ ਸਮੇਂ ਬਾਅਦ ਹੈਮਸਵਰਥ ਵਿਚ

ਇਕ ਸਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਸਾਨੂੰ ਉੱਤਰੀ ਆਇਰਲੈਂਡ ਦੇ ਆਰਮਾਹ ਇਲਾਕੇ ਵਿਚ ਅਤੇ ਇਸ ਤੋਂ ਬਾਅਦ ਨਿਊਰੀ ਇਲਾਕੇ ਵਿਚ ਭੇਜਿਆ ਗਿਆ। ਉੱਥੇ ਜ਼ਿਆਦਾਤਰ ਲੋਕ ਕੈਥੋਲਿਕ ਧਰਮ ਨੂੰ ਮੰਨਦੇ ਸਨ। ਉਸ ਇਲਾਕੇ ਦਾ ਮਾਹੌਲ ਤਣਾਅ ਭਰਿਆ ਸੀ। ਇਸ ਲਈ ਸਾਨੂੰ ਬਹੁਤ ਸੋਚ-ਸਮਝ ਕੇ ਲੋਕਾਂ ਨਾਲ ਸੱਚਾਈ ਬਾਰੇ ਗੱਲ ਕਰਨ ਦੀ ਲੋੜ ਪੈਂਦੀ ਸੀ। ਸਾਡੇ ਘਰ ਤੋਂ 16 ਕਿਲੋਮੀਟਰ (10 ਮੀਲ) ਦੂਰ ਇਕ ਮਸੀਹੀ ਜੋੜੇ ਦੇ ਘਰ ਵਿਚ ਸਭਾਵਾਂ ਹੁੰਦੀਆਂ ਸਨ। ਲਗਭਗ ਅੱਠ ਲੋਕ ਸਭਾਵਾਂ ਵਿਚ ਹਾਜ਼ਰ ਹੁੰਦੇ ਸਨ। ਜਦੋਂ ਭੈਣ-ਭਰਾ ਸਾਨੂੰ ਰਾਤ ਨੂੰ ਰੁਕਣ ਲਈ ਕਹਿੰਦੇ ਸਨ, ਤਾਂ ਅਸੀਂ ਫ਼ਰਸ਼ ’ਤੇ ਹੀ ਸੌਂਦੇ ਸੀ ਅਤੇ ਅਗਲੀ ਸਵੇਰ ਅਸੀਂ ਬਹੁਤ ਵਧੀਆ ਨਾਸ਼ਤਾ ਕਰਦੇ ਸੀ। ਅੱਜ ਇਹ ਗੱਲ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਹੁਣ ਉਸ ਇਲਾਕੇ ਵਿਚ ਬਹੁਤ ਸਾਰੇ ਯਹੋਵਾਹ ਦੇ ਗਵਾਹ ਹਨ।

“ਅਸੀਂ ਕਰਾਂਗੇ”

ਮੇਰਾ ਭਰਾ ਤੇ ਭਾਬੀ ਲੌਟੀ ਉੱਤਰੀ ਆਇਰਲੈਂਡ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਹੇ ਸਨ। 1952 ਵਿਚ ਅਸੀਂ ਚਾਰੋ ਬੇਲਫ਼ਾਸਟ ਸ਼ਹਿਰ ਵਿਚ ਹੋਏ ਵੱਡੇ ਸੰਮੇਲਨ ’ਤੇ ਗਏ। ਇਕ ਭਰਾ ਨੇ ਸਾਨੂੰ ਆਪਣੇ ਘਰ ਵਿਚ ਰੱਖਿਆ। ਬਰਤਾਨੀਆ ਦੇ ਸ਼ਾਖ਼ਾ ਦਫ਼ਤਰ ਤੋਂ ਆਇਆ ਬ੍ਰਾਂਚ ਸੇਵਕ ਪਰਾਈਸ ਹਿਊਜ਼ ਵੀ ਸਾਡੇ ਨਾਲ ਰਿਹਾ। ਇਕ ਰਾਤ ਅਸੀਂ ਨਵੀਂ ਆਈ ਪੁਸਤਿਕਾ ਪਰਮੇਸ਼ੁਰ ਦਾ ਤਰੀਕਾ ਪ੍ਰੇਮ ਹੈ (ਅੰਗ੍ਰੇਜ਼ੀ) ’ਤੇ ਚਰਚਾ ਕਰ ਰਹੇ ਸੀ, ਜੋ ਆਇਰਲੈਂਡ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਸੀ। ਭਰਾ ਹਿਊਜ਼ ਦੱਸ ਰਿਹਾ ਸੀ ਕਿ ਆਇਰਿਸ਼ ਗਣਰਾਜ ਦੇ ਕੈਥੋਲਿਕ ਲੋਕਾਂ ਨੂੰ ਪ੍ਰਚਾਰ ਕਰਨਾ ਕਿੰਨਾ ਔਖਾ ਸੀ। ਉੱਥੇ ਦੇ ਭਰਾਵਾਂ ਨੂੰ ਘਰਾਂ ਵਿੱਚੋਂ ਕੱਢਿਆ ਜਾ ਰਿਹਾ ਸੀ ਅਤੇ ਪਾਦਰੀ ਭੀੜ ਨੂੰ ਭਰਾਵਾਂ ’ਤੇ ਹਮਲਾ ਕਰਨ ਲਈ ਉਕਸਾ ਰਹੇ ਸਨ। ਪਰਾਈਸ ਨੇ ਕਿਹਾ: “ਇਸ ਪੁਸਤਿਕਾ ਨੂੰ ਪੂਰੇ ਦੇਸ਼ ਵਿਚ ਵੰਡਣ ਦੀ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਲਈ ਸਾਨੂੰ ਉਨ੍ਹਾਂ ਜੋੜਿਆ ਦੀ ਲੋੜ ਹੈ ਜਿਨ੍ਹਾਂ ਕੋਲ ਗੱਡੀਆਂ ਹਨ।” * ਅਸੀਂ ਉਸੇ ਵੇਲੇ ਜਵਾਬ ਦਿੱਤਾ: “ਅਸੀਂ ਕਰਾਂਗੇ।” ਇਹ ਉਹੀ ਸ਼ਬਦ ਹਨ ਜੋ ਮੈਂ ਆਪਣੀ ਕਹਾਣੀ ਦੇ ਸ਼ੁਰੂ ਵਿਚ ਕਹੇ ਸਨ।

ਮੋਟਰ-ਸਾਈਕਲ ਨਾਲ ਜੁੜੀ ਗੱਡੀ ’ਤੇ ਹੋਰ ਪਾਇਨੀਅਰਾਂ ਨਾਲ

ਡਬਲਿਨ ਸ਼ਹਿਰ ਵਿਚ ਰਹਿਣ ਵਾਲੀ ਭੈਣ ਮਾਅ ਰਤਲੈਂਡ ਆਪਣੇ ਘਰ ਦੇ ਦਰਵਾਜ਼ੇ ਪਾਇਨੀਅਰਾਂ ਲਈ ਹਮੇਸ਼ਾ ਖ਼ੁਲ੍ਹੇ ਰੱਖਦੀ ਸੀ। ਇਹ ਭੈਣ ਕਾਫ਼ੀ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਸੀ। ਅਸੀਂ ਉਸ ਦੇ ਘਰ ਕੁਝ ਦਿਨ ਰੁਕੇ ਅਤੇ ਆਪਣੀਆਂ ਕੁਝ ਚੀਜ਼ਾਂ ਵੇਚ ਦਿੱਤੀਆ। ਇਸ ਤੋਂ ਬਾਅਦ ਅਸੀਂ ਚਾਰੋ ਜਣੇ ਬੌਬ ਦੇ ਮੋਟਰ-ਸਾਈਕਲ ’ਤੇ ਅਤੇ ਉਸ ਨਾਲ ਜੁੜੀ ਛੋਟੀ ਜਿਹੀ ਗੱਡੀ ’ਤੇ ਸਵਾਰ ਹੋ ਕੇ ਚਲੇ ਗਏ। ਅਸੀਂ ਖ਼ਰੀਦਣ ਲਈ ਇਕ ਗੱਡੀ ਦੇਖ ਰਹੇ ਸੀ। ਸਾਨੂੰ ਇਕ ਪੁਰਾਣੀ ਪਰ ਵਧੀਆ ਗੱਡੀ ਮਿਲੀ। ਅਸੀਂ ਵੇਚਣ ਵਾਲੇ ਨੂੰ ਕਿਹਾ ਕਿ ਉਹ ਗੱਡੀ ਨੂੰ ਸਾਡੇ ਘਰ ਛੱਡ ਆਵੇ ਕਿਉਂਕਿ ਸਾਡੇ ਵਿੱਚੋਂ ਕਿਸੇ ਨੂੰ ਗੱਡੀ ਚਲਾਉਣੀ ਨਹੀਂ ਸੀ ਆਉਂਦੀ। ਉਸ ਸ਼ਾਮ ਆਰਥਰ ਆਪਣੇ ਪਲੰਘ ’ਤੇ ਬੈਠਾ ਆਪਣੇ ਖ਼ਿਆਲਾਂ ਵਿਚ ਹੀ ਗੱਡੀ ਚਲਾ ਰਿਹਾ ਸੀ। ਅਗਲੀ ਸਵੇਰ ਜਦੋਂ ਆਰਥਰ ਗਰਾਜ਼ ਵਿੱਚੋਂ ਗੱਡੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਮਿਸ਼ਨਰੀ ਭੈਣ ਮਿਲਡਰਡ ਵਿਲਟ (ਜਿਸ ਦਾ ਬਾਅਦ ਵਿਚ ਜੌਨ ਬਾਰ ਨਾਲ ਵਿਆਹ ਹੋ ਗਿਆ) ਉੱਥੋਂ ਦੀ ਲੰਘੀ। ਸ਼ੁਕਰ ਹੈ, ਉਸ ਨੂੰ ਗੱਡੀ ਚਲਾਉਣੀ ਆਉਂਦੀ ਸੀ! ਉਸ ਨੇ ਸਾਨੂੰ ਗੱਡੀ ਚਲਾਉਣੀ ਸਿਖਾਈ ਅਤੇ ਉਸ ਤੋਂ ਬਾਅਦ ਅਸੀਂ ਕਿਤੇ ਵੀ ਜਾ ਸਕਦੇ ਸੀ।

ਸਾਡੀ ਗੱਡੀ ਅਤੇ ਟ੍ਰੇਲਰ

ਹੁਣ ਸਾਨੂੰ ਰਹਿਣ ਲਈ ਜਗ੍ਹਾ ਚਾਹੀਦੀ ਸੀ। ਸਾਨੂੰ ਸਾਵਧਾਨ ਕੀਤਾ ਗਿਆ ਕਿ ਅਸੀਂ ਟ੍ਰੇਲਰ (ਗੱਡੀ ਨਾਲ ਜੁੜਿਆ ਛੋਟਾ ਜਿਹਾ ਘਰ) ਵਿਚ ਨਾ ਰਹੀਏ ਕਿਉਂਕਿ ਵਿਰੋਧੀ ਟ੍ਰੇਲਰ ਨੂੰ ਅੱਗ ਲਾ ਸਕਦੇ ਸਨ। ਇਸ ਲਈ ਅਸੀਂ ਘਰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਉਸ ਰਾਤ ਅਸੀਂ ਚਾਰੇ ਜਣੇ ਗੱਡੀ ਵਿਚ ਹੀ ਸੁੱਤੇ। ਅਗਲੇ ਦਿਨ ਸਾਨੂੰ ਇਕ ਟ੍ਰੇਲਰ ਮਿਲਿਆ ਜਿਸ ਵਿਚ ਦੋ-ਮੰਜ਼ਲੇ ਦੋ ਪਲੰਘ ਲੱਗੇ ਹੋਏ ਸਨ। ਉਹੀ ਟ੍ਰੇਲਰ ਸਾਡਾ ਘਰ ਬਣ ਗਿਆ। ਪਰ ਇਕ ਵਧੀਆ ਗੱਲ ਸੀ ਕਿ ਕਿਸਾਨਾਂ ਨੇ ਸਾਨੂੰ ਆਪਣੇ ਖੇਤਾਂ ਵਿਚ ਟ੍ਰੇਲਰ ਖੜ੍ਹਾ ਕਰਨ ਦਿੱਤਾ। ਅਸੀਂ ਆਪਣੇ ਟ੍ਰੇਲਰ ਤੋਂ 16 ਤੋਂ 24 ਕਿਲੋਮੀਟਰ (10 ਤੋਂ 15 ਮੀਲ) ਦੂਰ ਦੇ ਇਲਾਕੇ ਵਿਚ ਜਾ ਕੇ ਪ੍ਰਚਾਰ ਕਰਦੇ ਸੀ। ਫਿਰ ਟ੍ਰੇਲਰ ਨੂੰ ਨਵੇਂ ਇਲਾਕੇ ਵਿਚ ਲੈ ਜਾਣ ਤੋਂ ਬਾਅਦ ਅਸੀਂ ਵਾਪਸ ਉੱਥੇ ਆਉਂਦੇ ਸੀ ਜਿੱਥੇ ਅਸੀਂ ਪਹਿਲਾਂ ਆਪਣਾ ਟ੍ਰੇਲਰ ਖੜ੍ਹਾ ਕੀਤਾ ਹੁੰਦਾ ਸੀ ਅਤੇ ਉੱਥੇ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਸੀ।

ਅਸੀਂ ਆਈਰਿਸ਼ ਗਣਰਾਜ ਦੇ ਦੱਖਣ-ਪੂਰਬ ਵਿਚ ਪੈਂਦੇ ਸਾਰੇ ਘਰਾਂ ਵਿਚ ਜਾ ਕੇ ਲੋਕਾਂ ਨੂੰ ਮਿਲੇ ਅਤੇ ਸਾਨੂੰ ਜ਼ਿਆਦਾ ਵਿਰੋਧ ਦਾ ਸਾਮ੍ਹਣਾ ਨਹੀਂ ਕਰਨਾ ਪਿਆ। ਅਸੀਂ 20,000 ਤੋਂ ਜ਼ਿਆਦਾ ਪੁਸਤਿਕਾਵਾਂ ਵੰਡੀਆਂ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਦੇ ਨਾਂ ਬਰਤਾਨੀਆ ਦੇ ਸ਼ਾਖ਼ਾ ਦਫ਼ਤਰ ਨੂੰ ਭੇਜ ਦਿੱਤੇ। ਵਾਕਈ, ਇਹ ਕਿੰਨੀ ਹੀ ਵੱਡੀ ਬਰਕਤ ਹੈ ਕਿ ਅੱਜ ਉੱਥੇ ਸੈਂਕੜੇ ਹੀ ਯਹੋਵਾਹ ਦੇ ਗਵਾਹ ਹਨ!

ਇੰਗਲੈਂਡ ਆ ਕੇ ਸਕਾਟਲੈਂਡ ਲਈ ਰਵਾਨਾ ਹੋਏ

ਕੁਝ ਸਾਲਾਂ ਬਾਅਦ ਸਾਨੂੰ ਦੱਖਣੀ ਲੰਡਨ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਕੁਝ ਹਫ਼ਤਿਆਂ ਬਾਅਦ ਆਰਥਰ ਨੂੰ ਬਰਤਾਨੀਆ ਦੇ ਸ਼ਾਖ਼ਾ ਦਫ਼ਤਰ ਤੋਂ ਫ਼ੋਨ ਆਇਆ ਅਤੇ ਉਨ੍ਹਾਂ ਨੇ ਪੁੱਛਿਆ, ਕੀ ਉਹ ਅਗਲੇ ਦਿਨ ਤੋਂ ਸਫ਼ਰੀ ਨਿਗਾਹਬਾਨ ਦਾ ਕੰਮ ਕਰ ਸਕਦਾ ਹੈ? ਇਕ ਹਫ਼ਤੇ ਦੀ ਸਿਖਲਾਈ ਮਿਲਣ ਤੋਂ ਬਾਅਦ ਅਸੀਂ ਸਕਾਟਲੈਂਡ ਵਿਚ ਆਪਣੇ ਦੌਰੇ ਲਈ ਚਲੇ ਗਏ। ਆਰਥਰ ਨੂੰ ਆਪਣੇ ਭਾਸ਼ਣ ਤਿਆਰ ਕਰਨ ਲਈ ਵੀ ਸਮਾਂ ਨਹੀਂ ਮਿਲਿਆ। ਪਰ ਉਹ ਯਹੋਵਾਹ ਦੀ ਸੇਵਾ ਵਿਚ ਮਿਲੀ ਹਰੇਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਸੀ, ਭਾਵੇਂ ਉਹ ਜ਼ਿੰਮੇਵਾਰੀ ਕਿੰਨੀ ਵੀ ਔਖੀ ਕਿਉਂ ਨਹੀਂ ਸੀ। ਇਹ ਸਭ ਕੁਝ ਦੇਖ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਸੀ। ਸਾਨੂੰ ਸਰਕਟ ਦਾ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ। ਅਸੀਂ ਕਈ ਸਾਲਾਂ ਤਕ ਆਇਰਲੈਂਡ ਦੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕੀਤਾ ਜਿੱਥੇ ਕੋਈ ਭੈਣ-ਭਰਾ ਨਹੀਂ ਸੀ। ਪਰ ਕੁਝ ਸਾਲਾਂ ਲਈ ਸਾਨੂੰ ਉਸ ਇਲਾਕੇ ਵਿਚ ਭੇਜਿਆ ਗਿਆ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਹੋਇਆ ਸੀ। ਪਰ ਇਹ ਯਹੋਵਾਹ ਦੀ ਹੀ ਬਰਕਤ ਹੈ ਕਿ ਅੱਜ ਉੱਥੇ ਕਾਫ਼ੀ ਭੈਣ-ਭਰਾ ਹਨ।

ਆਰਥਰ ਨੂੰ 1962 ਵਿਚ ਦਸ ਮਹੀਨਿਆਂ ਲਈ ਗਿਲਿਅਡ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਉਸ ਸਮੇਂ ਸਾਨੂੰ ਇਕ ਬਹੁਤ ਹੀ ਔਖਾ ਫ਼ੈਸਲਾ ਕਰਨਾ ਪਿਆ। ਮੈਂ ਆਰਥਰ ਨਾਲ ਨਹੀਂ ਜਾ ਸਕਦੀ ਸੀ ਕਿਉਂਕਿ ਮੈਨੂੰ ਸਕੂਲ ਜਾਣ ਦਾ ਸੱਦਾ ਨਹੀਂ ਸੀ ਮਿਲਿਆ। ਅਖ਼ੀਰ ਅਸੀਂ ਫ਼ੈਸਲਾ ਕੀਤਾ ਕਿ ਆਰਥਰ ਨੂੰ ਇਸ ਮੌਕੇ ਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ। ਹੁਣ ਪ੍ਰਚਾਰ ਵਿਚ ਮੇਰਾ ਕੋਈ ਸਾਥੀ ਨਹੀਂ ਸੀ। ਇਸ ਲਈ ਸ਼ਾਖ਼ਾ ਦਫ਼ਤਰ ਨੇ ਮੈਨੂੰ ਸਪੈਸ਼ਲ ਪਾਇਨੀਅਰਿੰਗ ਕਰਨ ਲਈ ਹੈਮਸਵਰਥ ਵਾਪਸ ਭੇਜ ਦਿੱਤਾ। ਇਕ ਸਾਲ ਬਾਅਦ ਜਦੋਂ ਆਰਥਰ ਵਾਪਸ ਆਇਆ, ਤਾਂ ਸਾਨੂੰ ਜ਼ਿਲ੍ਹਾ ਨਿਗਾਹਬਾਨ ਵਜੋਂ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਅਸੀਂ ਸਕਾਟਲੈਂਡ, ਉੱਤਰੀ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਦੌਰੇ ਕਰਨੇ ਸੀ।

ਆਇਰਲੈਂਡ ਵਿਚ ਨਵੀਂ ਜ਼ਿੰਮੇਵਾਰੀ

1964 ਵਿਚ ਆਰਥਰ ਨੂੰ ਆਇਰਿਸ਼ ਗਣਰਾਜ ਦੇ ਸ਼ਾਖ਼ਾ ਦਫ਼ਤਰ ਵਿਚ ਬ੍ਰਾਂਚ ਸੇਵਕ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਸ਼ੁਰੂ-ਸ਼ੁਰੂ ਵਿਚ ਮੈਂ ਇਸ ਤਬਦੀਲੀ ਕਰਕੇ ਬਹੁਤ ਪਰੇਸ਼ਾਨ ਹੋਈ ਕਿਉਂਕਿ ਮੈਨੂੰ ਆਪਣੇ ਪਤੀ ਨਾਲ ਸਫ਼ਰੀ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲ ਰਹੀ ਸੀ। ਪਰ ਜਦੋਂ ਮੈਂ ਹੁਣ ਪਿੱਛੇ ਨਜ਼ਰ ਮਾਰਦੀ ਹਾਂ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਨੂੰ ਬੈਥਲ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ। ਮੇਰਾ ਮੰਨਣਾ ਹੈ ਕਿ ਯਹੋਵਾਹ ਸਾਨੂੰ ਹਮੇਸ਼ਾ ਬਰਕਤ ਦਿੰਦਾ ਹੈ ਜੇ ਅਸੀਂ ਕੋਈ ਵੀ ਜ਼ਿੰਮੇਵਾਰੀ ਸਵੀਕਾਰ ਕਰੀਏ, ਚਾਹੇ ਉਹ ਜ਼ਿੰਮੇਵਾਰੀ ਸਾਨੂੰ ਚੰਗੀ ਵੀ ਨਾ ਲੱਗੇ। ਬੈਥਲ ਵਿਚ ਮੈਂ ਕਈ ਜ਼ਿੰਮੇਵਾਰੀਆਂ ਨਿਭਾਈਆਂ, ਜਿਵੇਂ ਕਿ ਆਫ਼ਿਸ ਦੇ ਕੰਮ ਕਰਨੇ, ਡੱਬਿਆਂ ਵਿਚ ਪ੍ਰਕਾਸ਼ਨ ਪਾਉਣੇ, ਖਾਣਾ ਬਣਾਉਣਾ ਅਤੇ ਸਫ਼ਾਈ ਦਾ ਕੰਮ ਕਰਨਾ। ਕੁਝ ਸਮੇਂ ਲਈ ਅਸੀਂ ਜ਼ਿਲ੍ਹਾ ਨਿਗਾਹਬਾਨ ਦਾ ਵੀ ਕੰਮ ਕੀਤਾ ਜਿਸ ਕਰਕੇ ਅਸੀਂ ਪੂਰੇ ਦੇਸ਼ ਵਿਚ ਭੈਣਾਂ-ਭਰਾਵਾਂ ਨੂੰ ਮਿਲ ਸਕੇ। ਇਸ ਦੇ ਨਾਲ-ਨਾਲ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸੱਚਾਈ ਵਿਚ ਤਰੱਕੀ ਕਰਦਿਆਂ ਦੇਖਿਆ ਅਤੇ ਆਇਰਲੈਂਡ ਵਿਚ ਮਸੀਹੀ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਇਆ। ਵਾਕਈ ਕਿੰਨੀ ਵੱਡੀ ਬਰਕਤ!

ਆਇਰਲੈਂਡ ਦੇ ਮਸੀਹੀਆਂ ਲਈ ਇਤਿਹਾਸਕ ਮੋੜ

1965 ਵਿਚ ਆਇਰਲੈਂਡ ਦੀ ਰਾਜਧਾਨੀ ਵਿਚ ਪਹਿਲੀ ਵਾਰ ਅੰਤਰਰਾਸ਼ਟਰੀ ਸੰਮੇਲਨ ਹੋਇਆ। * ਚਾਹੇ ਉੱਥੇ ਗਵਾਹਾਂ ਦਾ ਬਹੁਤ ਵਿਰੋਧ ਕੀਤਾ ਗਿਆ, ਪਰ ਫਿਰ ਵੀ ਸੰਮੇਲਨ ਬਹੁਤ ਵਧੀਆ ਢੰਗ ਨਾਲ ਹੋਇਆ। ਉੱਥੇ 3,948 ਲੋਕ ਹਾਜ਼ਰ ਹੋਏ ਅਤੇ 65 ਲੋਕਾਂ ਨੇ ਬਪਤਿਸਮਾ ਲਿਆ। ਡਬਲਿਨ ਦੇ ਭੈਣਾਂ-ਭਰਾਵਾਂ ਨੇ ਦੂਸਰੇ ਦੇਸ਼ਾਂ ਤੋਂ ਆਏ 3,500 ਭੈਣਾਂ-ਭਰਾਵਾਂ ਨੂੰ ਆਪਣੇ ਘਰਾਂ ਵਿਚ ਰੱਖਿਆ। ਡਬਲਿਨ ਦੇ ਭੈਣਾਂ-ਭਰਾਵਾਂ ਦਾ ਧੰਨਵਾਦ ਕਰਨ ਲਈ ਸ਼ਾਖ਼ਾ ਦਫ਼ਤਰ ਨੇ ਇਕੱਲੇ-ਇਕੱਲੇ ਭੈਣ-ਭਰਾ ਨੂੰ ਸ਼ੁਕਰਗੁਜ਼ਾਰੀ ਦੇ ਖਤ ਲਿਖੇ। ਨਾਲੇ ਡਬਲਿਨ ਦੇ ਭੈਣਾਂ-ਭਰਾਵਾਂ ਨੇ ਦੂਸਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਦੇ ਚੰਗੇ ਰਵੱਈਏ ਦੀ ਤਾਰੀਫ਼ ਕੀਤੀ। ਇਹ ਆਇਰਲੈਂਡ ਦੇ ਭੈਣਾਂ-ਭਰਾਵਾਂ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਸੀ।

1965 ਦੇ ਸੰਮੇਲਨ ਵਿਚ ਆਰਥਰ ਭਰਾ ਨੇਥਨ ਨੌਰ ਦਾ ਸੁਆਗਤ ਕਰਦਾ ਹੋਇਆ

1983 ਵਿਚ ਆਰਥਰ ਗੇਲਿਕ ਭਾਸ਼ਾ ਵਿਚ ਨਵੀਂ ਬਾਈਬਲ ਕਹਾਣੀਆਂ ਦੀ ਕਿਤਾਬ ਪੇਸ਼ ਕਰਦਾ ਹੋਇਆ

1966 ਵਿਚ ਉੱਤਰੀ ਅਤੇ ਦੱਖਣੀ ਆਇਰਲੈਂਡ ਦੇ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਡਬਲਿਨ ਦਾ ਸ਼ਾਖ਼ਾ ਦਫ਼ਤਰ ਕਰਨ ਲੱਗਾ। ਆਇਰਲੈਂਡ ਵਿਚ ਲੋਕ ਰਾਜਨੀਤੀ ਅਤੇ ਧਰਮਾਂ ਕਰਕੇ ਵੰਡੇ ਹੋਏ ਸਨ, ਪਰ ਯਹੋਵਾਹ ਦੇ ਗਵਾਹ ਉਨ੍ਹਾਂ ਤੋਂ ਬਹੁਤ ਵੱਖਰੇ ਸਨ। ਸਾਨੂੰ ਇਹ ਦੇਖ ਕੇ ਬੇਹੱਦ ਖ਼ੁਸ਼ੀ ਹੁੰਦੀ ਸੀ ਕਿ ਬਹੁਤ ਸਾਰੇ ਕੈਥੋਲਿਕ ਧਰਮ ਦੇ ਲੋਕ ਸੱਚਾਈ ਵੱਲ ਖਿੱਚੇ ਆ ਰਹੇ ਸਨ ਅਤੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ ਜੋ ਪਹਿਲਾਂ ਪ੍ਰੋਟੈਸਟੈਂਟ ਧਰਮ ਨੂੰ ਮੰਨਦੇ ਸਨ।

ਇਕ ਨਵੀਂ ਹੀ ਜ਼ਿੰਮੇਵਾਰੀ

2011 ਵਿਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਜਦੋਂ ਬਰਤਾਨੀਆ ਅਤੇ ਆਇਰਲੈਂਡ ਦੇ ਸ਼ਾਖ਼ਾ ਦਫ਼ਤਰਾਂ ਨੂੰ ਮਿਲਾ ਦਿੱਤਾ ਗਿਆ ਅਤੇ ਸਾਨੂੰ ਲੰਡਨ ਬੈਥਲ ਭੇਜ ਦਿੱਤਾ ਗਿਆ। ਇਹ ਖ਼ਬਰ ਉਦੋਂ ਆਈ ਜਦੋਂ ਆਰਥਰ ਦੀ ਸਿਹਤ ਖ਼ਰਾਬ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਆਰਥਰ ਨੂੰ ਪਾਰਕਿਨਸਨਜ਼ ਨਾਂ ਦੀ ਬੀਮਾਰੀ ਸੀ। ਪਿਛਲੇ 66 ਸਾਲਾਂ ਤੋਂ ਮੇਰਾ ਜੀਵਨ ਸਾਥੀ 20 ਮਈ 2015 ਨੂੰ ਮੌਤ ਦੀ ਨੀਂਦ ਸੌਂ ਗਿਆ।

ਪਿਛਲੇ ਕੁਝ ਸਾਲਾਂ ਤੋਂ ਮੈਂ ਕਦੀ-ਕਦੀ ਬਹੁਤ ਜ਼ਿਆਦਾ ਨਿਰਾਸ਼ ਅਤੇ ਦੁਖੀ ਹੋ ਜਾਂਦੀ ਹਾਂ। ਇਸ ਤੋਂ ਪਹਿਲਾਂ ਆਰਥਰ ਹਮੇਸ਼ਾ ਮੇਰੇ ਨਾਲ ਹੁੰਦਾ ਸੀ। ਪਰ ਹੁਣ ਮੈਨੂੰ ਉਸ ਦੀ ਕਮੀ ਬਹੁਤ ਖਲ਼ਦੀ ਹੈ। ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰਦਾ ਹੈ, ਤਾਂ ਉਹ ਯਹੋਵਾਹ ਦੇ ਹੋਰ ਨੇੜੇ ਜਾਂਦਾ ਹੈ। ਮੈਨੂੰ ਇਹ ਗੱਲ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਰੇ ਆਰਥਰ ਨੂੰ ਕਿੰਨਾ ਪਿਆਰ ਕਰਦੇ ਸੀ। ਮੈਨੂੰ ਆਇਰਲੈਂਡ, ਬਰਤਾਨੀਆ ਅਤੇ ਅਮਰੀਕਾ ਤੋਂ ਕਈ ਭੈਣਾਂ-ਭਰਾਵਾਂ ਦੇ ਬਹੁਤ ਸਾਰੇ ਖਤ ਮਿਲੇ। ਮੈਨੂੰ ਆਰਥਰ ਦੇ ਭਰਾ ਡੈਨਿੱਸ, ਉਸ ਦੀ ਪਤਨੀ ਅਤੇ ਮੇਰੀਆਂ ਭਤੀਜੀਆਂ ਰੂਥ ਅਤੇ ਜੂਡੀ ਤੋਂ ਇੰਨਾ ਹੌਸਲਾ ਮਿਲਿਆ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ।

ਯਸਾਯਾਹ 30:18 ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਜਿਸ ਵਿਚ ਲਿਖਿਆ ਹੈ: “ਯਹੋਵਾਹ ਉਡੀਕਦਾ ਹੈ, ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਏਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਭਈ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਓਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ।” ਸੱਚੀ ਇਹ ਗੱਲ ਜਾਣ ਕੇ ਬਹੁਤ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਜਦੋਂ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰੇਗਾ ਅਤੇ ਨਵੀਂ ਦੁਨੀਆਂ ਵਿਚ ਸਾਨੂੰ ਹੋਰ ਵੀ ਨਵੀਆਂ ਜ਼ਿੰਮੇਵਾਰੀਆਂ ਦੇਵੇਗਾ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇਗੀ।

ਜਦੋਂ ਮੈਂ ਆਪਣੀ ਅਤੇ ਆਰਥਰ ਦੀ ਜ਼ਿੰਦਗੀ ’ਤੇ ਝਾਤ ਮਾਰਦੀ ਹਾਂ, ਤਾਂ ਮੈਂ ਪੂਰੇ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਆਇਰਲੈਂਡ ਵਿਚ ਪ੍ਰਚਾਰ ਦੇ ਕੰਮ ਪਿੱਛੇ ਯਹੋਵਾਹ ਦਾ ਹੱਥ ਸੀ ਅਤੇ ਉਸ ਨੇ ਭੈਣਾਂ-ਭਰਾਵਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ। ਚਾਹੇ ਮੈਂ ਵੀ ਇਸ ਕੰਮ ਵਿਚ ਥੋੜ੍ਹਾ-ਬਹੁਤਾ ਹਿੱਸਾ ਲਿਆ, ਪਰ ਫਿਰ ਵੀ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜੇ ਅਸੀਂ ਯਹੋਵਾਹ ਦੇ ਆਖੇ ਲੱਗ ਕੇ ਕੋਈ ਕੰਮ ਕਰਦੇ ਹਾਂ, ਤਾਂ ਉਹ ਹਮੇਸ਼ਾ ਬਰਕਤਾਂ ਦਿੰਦਾ ਹੈ।

^ ਪੈਰਾ 12 ਯਹੋਵਾਹ ਦੇ ਗਵਾਹਾਂ ਦੀ 1988 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 101-102 ਦੇਖੋ।

^ ਪੈਰਾ 22 ਯਹੋਵਾਹ ਦੇ ਗਵਾਹਾਂ ਦੀ 1988 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 109-112 ਦੇਖੋ।