Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਯਿਸੂ ਨੇ ਸਹੁੰ ਖਾਣ ਦੀ ਨਿੰਦਿਆ ਕਿਉਂ ਕੀਤੀ?

ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਯਹੂਦੀ ਕਿਨ੍ਹਾਂ ਮਾਮਲਿਆਂ ਵਿਚ ਸਹੁੰ ਖਾ ਸਕਦੇ ਸਨ। ਪਰ ਯਿਸੂ ਦੇ ਜ਼ਮਾਨੇ ਵਿਚ ਸਹੁੰ ਖਾਣੀ ਇੰਨੀ ਆਮ ਹੋ ਗਈ ਸੀ ਕਿ ਯਹੂਦੀ ਆਪਣੀ ਹਰ ਗੱਲ ਜਾਂ ਕੰਮ ਵਿਚ ਘੜੀ-ਮੁੜੀ ਸਹੁੰ ਖਾਂਦੇ ਸਨ। ਉਹ ਸਹੁੰ ਇਸ ਲਈ ਖਾਂਦੇ ਸਨ ਤਾਂਕਿ ਉਹ ਆਪਣੀ ਗੱਲ ’ਤੇ ਯਕੀਨ ਦਿਲਾ ਸਕਣ। ਪਰ ਯਿਸੂ ਨੇ ਦੋ ਵਾਰ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ ਜੋ ਐਵੇਂ ਹੀ ਸਹੁੰ ਖਾਂਦੇ ਸਨ। ਯਿਸੂ ਨੇ ਕਿਹਾ: “ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।”​—ਮੱਤੀ 5:33-37; 23:16-22.

ਯਹੂਦੀ ਧਾਰਮਿਕ ਆਗੂਆਂ ਦੀ ਕਿਤਾਬ (ਤਾਲਮੂਦ) ਬਾਰੇ ਇਕ ਸ਼ਬਦ-ਕੋਸ਼ (ਥੀਓਲਾਜੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ) ਕਹਿੰਦਾ ਹੈ ਕਿ “ਯਹੂਦੀਆਂ ਵਿਚ ਸਹੁੰ ਖਾਣ ਦਾ ਝੁਕਾਅ ਇੰਨਾ ਵੱਧ ਗਿਆ ਸੀ ਕਿ ਉਹ ਆਪਣੀ ਹਰ ਗੱਲ ਨੂੰ ਸਹੀ ਸਾਬਤ ਕਰਨ ਲਈ ਸਹੁੰ ਖਾਂਦੇ ਸਨ।” ਅਸੀਂ ਇਹ ਗੱਲ ਇਸ ਲਈ ਜਾਣਦੇ ਹਾਂ ਕਿਉਂਕਿ ਤਾਲਮੂਦ ਵਿਚ ਬਹੁਤ ਹੀ ਬਾਰੀਕੀ ਨਾਲ ਸਮਝਾਇਆ ਗਿਆ ਹੈ ਕਿ ਕਿਹੜੀਆਂ ਸਹੁੰਆਂ ਪੂਰੀਆਂ ਕਰਨੀਆਂ ਲਾਜ਼ਮੀ ਸਨ ਅਤੇ ਕਿਹੜੀਆਂ ਸਹੁੰਆਂ ਤੋੜੀਆਂ ਜਾ ਸਕਦੀਆਂ ਸਨ।

ਯਿਸੂ ਦੇ ਨਾਲ-ਨਾਲ ਹੋਰ ਕਈ ਜਣਿਆਂ ਨੇ ਵੀ ਸਹੁੰ ਖਾਣ ਦੀ ਨਿੰਦਿਆ ਕੀਤੀ ਸੀ। ਮਿਸਾਲ ਲਈ, ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ ਇਕ ਯਹੂਦੀ ਪੰਥ ਬਾਰੇ ਕਿਹਾ ਕਿ ਉਹ ਸਹੁੰ ਖਾਣ ਤੋਂ ਪਰਹੇਜ਼ ਕਰਦੇ ਹਨ। ਇਸ ਪੰਥ ਦੇ ਲੋਕ ਮੰਨਦੇ ਹਨ ਕਿ ਸਹੁੰ ਖਾਣੀ ਝੂਠ ਬੋਲਣ ਨਾਲੋਂ ਵੀ ਭੈੜੀ ਹੈ। ਉਹ ਕਹਿੰਦੇ ਹਨ ਕਿ ਜੇ ਕਿਸੇ ਨੂੰ ਆਪਣੀ ਗੱਲ ’ਤੇ ਵਿਸ਼ਵਾਸ ਦਿਵਾਉਣ ਲਈ ਸਹੁੰ ਖਾਣੀ ਪੈਂਦੀ ਹੈ, ਤਾਂ ਉਹ ਵਿਅਕਤੀ ਝੂਠ ਹੈ। ਯਹੂਦੀਆਂ ਦੀ ਇਕ ਕਿਤਾਬ ਨੂੰ ਸੀਰਾਕ ਦੀ ਬੁੱਧ ਕਿਹਾ ਜਾਂਦਾ ਹੈ। ਇਹ ਕਿਤਾਬ ਜੋਸੀਫ਼ਸ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਹਿੰਦੀ ਹੈ: “ਜਿਹੜਾ ਆਦਮੀ ਘੜੀ-ਮੁੜੀ ਸਹੁੰ ਖਾਂਦਾ ਰਹਿੰਦਾ ਹੈ, ਉਸ ਦੇ ਰਗ-ਰਗ ਵਿਚ ਬੁਰਾਈ ਸਮਾਈ ਹੋਈ ਹੈ।” ਯਿਸੂ ਨੇ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ ਜੋ ਐਵੇਂ ਹੀ ਸਹੁੰ ਖਾਂਦੇ ਸਨ। ਜੇ ਅਸੀਂ ਹਮੇਸ਼ਾ ਸੱਚ ਬੋਲਦੇ ਹਾਂ, ਤਾਂ ਸਾਨੂੰ ਆਪਣੀ ਕਿਸੇ ਗੱਲ ’ਤੇ ਯਕੀਨ ਦਿਵਾਉਣ ਲਈ ਸਹੁੰ ਖਾਣ ਦੀ ਲੋੜ ਨਹੀਂ।