Skip to content

Skip to table of contents

ਜੀਵਨੀ

ਚਰਚ ਦੀਆਂ ਨਨਾਂ ਸੱਚਾਈ ਵਿਚ ਕਿੱਦਾਂ ਆਈਆਂ

ਚਰਚ ਦੀਆਂ ਨਨਾਂ ਸੱਚਾਈ ਵਿਚ ਕਿੱਦਾਂ ਆਈਆਂ

ਇਕ ਦਿਨ ਮੇਰੀ ਛੋਟੀ ਭੈਣ ਆਰਾਸੇਲੀ ਮੈਨੂੰ ਟੁੱਟ ਕੇ ਪਈ: “ਬੰਦ ਕਰ ਆਪਣੀਆਂ ਬਾਈਬਲ ਦੀਆਂ ਗੱਲਾਂ! ਮੈਂ ਤੇਰੇ ਧਰਮ ਬਾਰੇ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ। ਮੈਂ ਤੰਗ ਆ ਗਈ ਹਾਂ ਤੇਰੀਆਂ ਗੱਲਾਂ ਸੁਣ-ਸੁਣ ਕੇ। ਮੈਂ ਤੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ।” ਚਾਹੇ ਮੈਂ ਹੁਣ 91 ਸਾਲਾਂ ਦੀ ਹੋ ਗਈ ਹਾਂ, ਪਰ ਉਸ ਦੇ ਸ਼ਬਦ ਹਾਲੇ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ। ਪਰ ਉਪਦੇਸ਼ਕ ਦੀ ਪੋਥੀ 7:8 ਦੇ ਸ਼ਬਦ ਸਾਡੇ ਲਈ ਸਹੀ ਸਾਬਤ ਹੋਏ: “ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ ਹੈ।”​—ਫਲੀਸਾ।

ਫਲੀਸਾ: ਮੇਰਾ ਪਰਿਵਾਰ ਕੱਟੜ ਕੈਥੋਲਿਕ ਸੀ। ਦਰਅਸਲ ਸਾਡੇ ਰਿਸ਼ਤੇਦਾਰਾਂ ਵਿੱਚੋਂ 13 ਜਣੇ ਪਾਦਰੀ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਚਰਚ ਲਈ ਕੰਮ ਕਰਦੇ ਸਨ। ਮੇਰੇ ਮੰਮੀ ਜੀ ਦੇ ਮਾਸੀ ਦਾ ਮੁੰਡਾ ਪਾਦਰੀ ਸੀ ਅਤੇ ਕੈਥੋਲਿਕ ਸਕੂਲ ਵਿਚ ਪੜ੍ਹਾਉਂਦਾ ਸੀ। ਉਸ ਦੀ ਮੌਤ ਤੋਂ ਬਾਅਦ ਪੋਪ ਜੌਨ ਪੌਲ ਦੂਜੇ ਨੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ। ਮੇਰੀ ਪਰਵਰਿਸ਼ ਸਪੇਨ ਦੇ ਇਕ ਗ਼ਰੀਬ ਪਰਿਵਾਰ ਵਿਚ ਹੋਈ। ਮੇਰੇ ਡੈਡੀ ਜੀ ਲੁਹਾਰ ਸਨ ਅਤੇ ਮੇਰੇ ਮੰਮੀ ਜੀ ਖੇਤਾਂ ਵਿਚ ਕੰਮ ਕਰਦੇ ਸਨ। ਮੈਂ ਅੱਠਾਂ ਨਿਆਣਿਆਂ ਵਿੱਚੋਂ ਸਭ ਤੋਂ ਵੱਡੀ ਸੀ।

ਜਦੋਂ ਮੈਂ 12 ਸਾਲਾਂ ਦੀ ਸੀ, ਤਾਂ ਸਪੇਨ ਵਿਚ ਆਪਸੀ ਯੁੱਧ ਸ਼ੁਰੂ ਹੋ ਗਿਆ। ਯੁੱਧ ਤੋਂ ਬਾਅਦ ਡੈਡੀ ਜੀ ਨੂੰ ਜੇਲ੍ਹ ਹੋ ਗਈ ਕਿਉਂਕਿ ਸਰਕਾਰ ਨੂੰ ਉਨ੍ਹਾਂ ਦੇ ਸਿਆਸੀ ਵਿਚਾਰ ਪਸੰਦ ਨਹੀਂ ਸਨ। ਮੰਮੀ ਜੀ ਲਈ ਇਕੱਲਿਆ ਸਾਡੇ ਸਾਰਿਆਂ ਦਾ ਢਿੱਡ ਭਰਨਾ ਮੁਸ਼ਕਲ ਸੀ। ਸੋ ਮੰਮੀ ਜੀ ਦੀ ਸਹੇਲੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੀਆਂ ਤਿੰਨ ਛੋਟੀਆਂ ਭੈਣਾਂ, ਆਰਾਸੇਲੀ, ਲੌਰੀ ਅਤੇ ਰਮੋਨੀ, ਨੂੰ ਸਪੇਨ ਦੇ ਬਿਲਬਾਓ ਸ਼ਹਿਰ ਦੇ ਕੈਥੋਲਿਕ ਆਸ਼ਰਮ ਵਿਚ ਭੇਜ ਦੇਣ। ਉੱਥੇ ਉਹ ਘੱਟੋ-ਘੱਟ ਭੁੱਖੀਆਂ ਤਾਂ ਨਹੀਂ ਮਰਨਗੀਆਂ।

ਆਰਾਸੇਲੀ: ਉਸ ਵੇਲੇ ਮੈਂ ਸਿਰਫ਼ 14 ਸਾਲਾਂ ਦੀ, ਲੌਰੀ ਸਿਰਫ਼ 12 ਅਤੇ ਰਮੋਨੀ 10 ਸਾਲਾਂ ਦੀ ਸੀ। ਸਾਨੂੰ ਆਪਣੇ ਘਰਦਿਆਂ ਦੀ ਬਹੁਤ ਯਾਦ ਆਉਂਦੀ ਸੀ। ਅਸੀਂ ਬਿਲਬਾਓ ਵਿਚ ਸਫ਼ਾਈ ਦਾ ਕੰਮ ਕਰਦੀਆਂ ਸੀ। ਦੋ ਸਾਲਾਂ ਬਾਅਦ ਨਨਾਂ ਨੇ ਸਾਨੂੰ ਸਾਰਾਗੋਸਾ ਦੇ ਇਕ ਵੱਡੇ ਆਸ਼ਰਮ ਵਿਚ ਘੱਲ ਦਿੱਤਾ ਜਿੱਥੇ ਬਿਰਧ ਲੋਕਾਂ ਦੀ ਦੇਖ-ਭਾਲ ਕੀਤੀ ਜਾਂਦੀ ਸੀ। ਅਸੀਂ ਰਸੋਈ ਦੀ ਸਫ਼ਾਈ ਕਰਦੀਆਂ ਸੀ। ਇੰਨੀ ਛੋਟੀ ਉਮਰ ਵਿਚ ਇਹ ਕੰਮ ਕਰ ਕੇ ਅਸੀਂ ਬਹੁਤ ਥੱਕ ਜਾਂਦੀਆਂ ਸੀ।

ਫਲੀਸਾ: ਜਦੋਂ ਮੇਰੀਆਂ ਭੈਣਾਂ ਨੂੰ ਸਾਰਾਗੋਸਾ ਭੇਜ ਦਿੱਤਾ ਗਿਆ, ਤਾਂ ਮੇਰੇ ਮੰਮੀ ਜੀ ਅਤੇ ਚਰਚ ਦੇ ਪਾਦਰੀ, ਜੋ ਮੇਰੇ ਮਾਮਾ ਜੀ ਸਨ, ਨੇ ਮੈਨੂੰ ਵੀ ਉਸੇ ਆਸ਼ਰਮ ਵਿਚ ਭੇਜਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸੋਚਿਆ ਕਿ ਉੱਥੇ ਜਾ ਕੇ ਮੈਂ ਉਸ ਮੁੰਡੇ ਤੋਂ ਬਚ ਸਕਦੀ ਸੀ ਜੋ ਮੈਨੂੰ ਪਸੰਦ ਕਰਦਾ ਸੀ। ਧਾਰਮਿਕ ਖ਼ਿਆਲਾਂ ਦੀ ਹੋਣ ਕਰਕੇ ਮੈਨੂੰ ਉਨ੍ਹਾਂ ਦਾ ਫ਼ੈਸਲਾ ਵਧੀਆ ਲੱਗਾ ਤੇ ਮੈਂ ਥੋੜ੍ਹੇ ਸਮੇਂ ਲਈ ਆਸ਼ਰਮ ਵਿਚ ਰਹਿਣਾ ਚਾਹੁੰਦੀ ਸੀ। ਮੈਂ ਰੋਜ਼ ਚਰਚ ਜਾਂਦੀ ਸੀ ਅਤੇ ਮੈਂ ਆਪਣੇ ਮਾਸੀ ਦੇ ਮੁੰਡੇ ਵਰਗੀ ਬਣਨਾ ਚਾਹੁੰਦੀ ਸੀ ਜੋ ਅਫ਼ਰੀਕਾ ਵਿਚ ਕੈਥੋਲਿਕ ਧਰਮ ਦਾ ਪ੍ਰਚਾਰ ਕਰਦਾ ਸੀ।

ਖੱਬੇ: ਸਪੇਨ ਦਾ ਸਾਰਾਗੋਸਾ ਆਸ਼ਰਮ; ਸੱਜੇ: ਸਪੇਨੀ ਭਾਸ਼ਾ ਦੀ ਨਾਕਾਰ-ਕੋਲੂੰਗਾ ਅਨੁਵਾਦ

ਪਰ ਨਨਾਂ ਨੇ ਮੈਨੂੰ ਕਿਸੇ ਹੋਰ ਦੇਸ਼ ਜਾ ਕੇ ਰੱਬ ਦੀ ਸੇਵਾ ਕਰਨ ਦੀ ਬਿਲਕੁਲ ਵੀ ਹੱਲਾਸ਼ੇਰੀ ਨਹੀਂ ਦਿੱਤੀ। ਮੈਨੂੰ ਆਸ਼ਰਮ ਦੀ ਜ਼ਿੰਦਗੀ ਜੇਲ੍ਹ ਵਰਗੀ ਲੱਗਦੀ ਸੀ। ਸੋ ਇਕ ਸਾਲ ਬਾਅਦ ਮੈਂ ਆਪਣੇ ਮਾਮਾ ਜੀ ਦੀ ਦੇਖ-ਭਾਲ ਕਰਨ ਲਈ ਘਰ ਵਾਪਸ ਆ ਗਈ। ਘਰ ਦੇ ਕੰਮ ਕਰਨ ਦੇ ਨਾਲ-ਨਾਲ ਮੈਂ ਮਾਮਾ ਜੀ ਨਾਲ ਹਰ ਰਾਤ ਮਾਲਾ ਜਪਦੀ ਹੁੰਦੀ ਸੀ। ਮੈਨੂੰ ਮਾਂ ਮਰੀਅਮ ਅਤੇ ਹੋਰ ਮੂਰਤੀਆਂ ਦੀ ਸਜਾਵਟ ਕਰਨ ਦੇ ਨਾਲ-ਨਾਲ ਚਰਚ ਵਿਚ ਵੀ ਫੁੱਲਾਂ ਨਾਲ ਸਜਾਵਟ ਕਰ ਕੇ ਖ਼ੁਸ਼ੀ ਮਿਲਦੀ ਸੀ।

ਆਰਾਸੇਲੀ: ਆਸ਼ਰਮ ਵਿਚ ਸਾਡੀ ਜ਼ਿੰਦਗੀ ਬਦਲ ਗਈ। ਉੱਥੇ ਰਹਿੰਦਿਆਂ ਮੈਂ ਨਨ ਬਣਨ ਦੀ ਪਹਿਲੀ ਸਹੁੰ ਖਾਧੀ। ਇਸ ਤੋਂ ਬਾਅਦ ਨਨਾਂ ਨੇ ਸਾਨੂੰ ਤਿੰਨਾਂ ਭੈਣਾਂ ਨੂੰ ਅਲੱਗ ਕਰ ਦਿੱਤਾ। ਰਮੋਨੀ ਸਾਰਾਗੋਸਾ ਵਿਚ ਹੀ ਰਹੀ, ਲੌਰੀ ਨੂੰ ਵੇਲੈਂਸੀਆ ਸ਼ਹਿਰ ਅਤੇ ਮੈਨੂੰ ਸਪੇਨ ਦੀ ਰਾਜਧਾਨੀ ਮੈਡਰਿਡ ਭੇਜ ਦਿੱਤਾ ਗਿਆ। ਉੱਥੇ ਮੈਂ ਨਨ ਬਣਨ ਦੀ ਦੂਜੀ ਸਹੁੰ ਖਾਧੀ। ਮੈਡਰਿਡ ਦੇ ਆਸ਼ਰਮ ਵਿਚ ਵਿਦਿਆਰਥੀਆਂ, ਬਿਰਧ ਲੋਕਾਂ ਅਤੇ ਹੋਰ ਲੋਕਾਂ ਨੂੰ ਰਹਿਣ ਲਈ ਕਮਰੇ ਦਿੱਤੇ ਜਾਂਦੇ ਸਨ। ਇਸ ਲਈ ਉੱਥੇ ਬਹੁਤ ਜ਼ਿਆਦਾ ਕੰਮ ਹੁੰਦਾ ਸੀ। ਮੈਂ ਆਸ਼ਰਮ ਦੇ ਹਸਪਤਾਲ ਵਿਚ ਕੰਮ ਕਰਦੀ ਹੁੰਦੀ ਸੀ।

ਸੱਚ ਦੱਸਾਂ, ਤਾਂ ਮੈਂ ਸੋਚਦੀ ਹੁੰਦੀ ਸੀ ਕਿ ਨਨ ਬਣ ਕੇ ਮੈਂ ਬਾਈਬਲ ਬਾਰੇ ਹੋਰ ਸਿੱਖਾਂਗੀ ਜਿਸ ਤੋਂ ਮੈਨੂੰ ਖ਼ੁਸ਼ੀ ਮਿਲੇਗੀ। ਪਰ ਮੇਰੇ ਸੁਪਨਿਆਂ ’ਤੇ ਪਾਣੀ ਫਿਰ ਗਿਆ। ਉੱਥੇ ਨਾ ਤਾਂ ਕੋਈ ਪਰਮੇਸ਼ੁਰ ਬਾਰੇ ਤੇ ਨਾ ਹੀ ਯਿਸੂ ਬਾਰੇ ਗੱਲ ਕਰਦਾ ਸੀ। ਨਾਲੇ ਨਾ ਹੀ ਕੋਈ ਬਾਈਬਲ ਖੋਲ੍ਹ ਕੇ ਦੇਖਦਾ ਸੀ। ਮੈਂ ਸਿਰਫ਼ ਮਾੜੀ-ਮੋਟੀ ਲਾਤੀਨੀ ਭਾਸ਼ਾ ਸਿੱਖੀ। ਨਾਲੇ ਸੰਤਾਂ ਦੀਆਂ ਜ਼ਿੰਦਗੀਆਂ ਬਾਰੇ ਪੜ੍ਹਾਈ ਕਰਨ ਦੇ ਨਾਲ-ਨਾਲ ਮੈਂ ਮਾਂ ਮਰੀਅਮ ਦੀ ਵੀ ਭਗਤੀ ਕਰਦੀ ਹੁੰਦੀ ਸੀ। ਦਰਅਸਲ ਮੇਰਾ ਸਾਰਾ ਦਿਨ ਲੱਕ-ਤੋੜ ਮਿਹਨਤ ਕਰਨ ਵਿਚ ਨਿਕਲ ਜਾਂਦਾ ਸੀ।

ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਪਈ। ਸੋ ਮੈਂ ਨਨਾਂ ਦੀ ਪ੍ਰਧਾਨ ਨਾਲ ਗੱਲ ਕੀਤੀ। ਮੈਂ ਉਸ ਨੂੰ ਕਿਹਾ ਕਿ ਇੱਥੇ ਕੰਮ ਕਰਨ ਦਾ ਕੀ ਫ਼ਾਇਦਾ? ਮੇਰੀ ਮਿਹਨਤ ਕਰਕੇ ਲੋਕ ਆਪਣੀਆਂ ਜੇਬਾਂ ਭਰੀ ਜਾਂਦੇ ਸਨ ਜਦ ਕਿ ਮੇਰੇ ਘਰਦੇ ਭੁੱਖੇ ਮਰ ਰਹੇ ਸਨ। ਉਸ ਨੇ ਮੈਨੂੰ ਇਹ ਸੋਚ ਕੇ ਕਮਰੇ ਵਿਚ ਬੰਦ ਕਰ ਦਿੱਤਾ ਕਿ ਮੈਂ ਆਸ਼ਰਮ ਛੱਡਣ ਦਾ ਆਪਣਾ ਇਰਾਦਾ ਬਦਲ ਲਵਾਂਗੀ।

ਉਨ੍ਹਾਂ ਨੇ ਮੈਨੂੰ ਤਿੰਨ ਵਾਰ ਸਿਰਫ਼ ਇਹ ਦੇਖਣ ਲਈ ਕਮਰੇ ਵਿਚ ਬੰਦ ਕੀਤਾ ਕਿ ਮੈਂ ਆਪਣਾ ਇਰਾਦਾ ਬਦਲਿਆ ਹੈ ਜਾਂ ਨਹੀਂ। ਪਰ ਮੈਂ ਆਪਣੇ ਇਰਾਦੇ ਤੋਂ ਟਸ ਤੋਂ ਮਸ ਨਹੀਂ ਹੋਈ। ਇਸ ਲਈ ਉਨ੍ਹਾਂ ਨੇ ਮੈਨੂੰ ਇਹ ਲਿਖਣ ਲਈ ਕਿਹਾ: “ਮੈਂ ਆਸ਼ਰਮ ਛੱਡ ਕੇ ਜਾ ਰਹੀ ਹਾਂ ਕਿਉਂਕਿ ਮੈਂ ਰੱਬ ਦੀ ਬਜਾਇ ਸ਼ੈਤਾਨ ਦੀ ਸੇਵਾ ਕਰਨੀ ਚਾਹੁੰਦੀ ਹਾਂ।” ਇਹ ਸੁਣ ਕੇ ਮੈਂ ਹੱਕੀ-ਬੱਕੀ ਰਹਿ ਗਈ। ਭਾਵੇਂ ਕਿ ਮੇਰਾ ਦਿਲ ਉੱਥੋਂ ਜਾਣ ਨੂੰ ਕਾਹਲਾ ਸੀ, ਪਰ ਮੈਂ ਇਹ ਸ਼ਬਦ ਕਦੀ ਨਹੀਂ ਲਿਖ ਸਕਦੀ ਸੀ। ਅਖ਼ੀਰ ਮੈਂ ਇਕ ਪਾਦਰੀ ਨੂੰ ਸਾਰਾ ਕੁਝ ਦੱਸ ਦਿੱਤਾ। ਉਸ ਨੇ ਮੈਨੂੰ ਸਾਰਾਗੋਸਾ ਦੇ ਆਸ਼ਰਮ ਵਾਪਸ ਭੇਜਣ ਲਈ ਆਪਣੇ ਤੋਂ ਉੱਚੇ ਦਰਜੇ ਦੇ ਪਾਦਰੀ ਤੋਂ ਇਜਾਜ਼ਤ ਮੰਗੀ। ਕੁਝ ਮਹੀਨੇ ਬਾਅਦ ਮੈਨੂੰ ਜਾਣ ਦੀ ਇਜਾਜ਼ਤ ਮਿਲ ਗਈ। ਥੋੜ੍ਹੀ ਦੇਰ ਬਾਅਦ ਲੌਰੀ ਅਤੇ ਰਮੋਨੀ ਨੇ ਵੀ ਆਸ਼ਰਮ ਛੱਡ ਦਿੱਤੇ।

ਇਕ ਕਿਤਾਬ ਕਰਕੇ ਸਾਡੇ ਵਿਚ ਫੁੱਟ

ਫਲੀਸਾ

ਫਲੀਸਾ: ਕੁਝ ਸਮੇਂ ਬਾਅਦ ਮੇਰਾ ਵਿਆਹ ਹੋ ਗਿਆ ਅਤੇ ਮੈਂ ਸਪੇਨ ਦੇ ਕਾਂਤਾਬਰੀਆ ਪ੍ਰਾਂਤ ਨੂੰ ਚਲੀ ਗਈ। ਪਰ ਮੈਂ ਚਰਚ ਜਾਣਾ ਨਹੀਂ ਛੱਡਿਆ। ਇਕ ਐਤਵਾਰ ਨੂੰ ਚਰਚ ਵਿਚ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਈ। ਪਾਦਰੀ ਉੱਚੀ-ਉੱਚੀ ਚਿਲਾਇਆ, “ਆਹ ਕਿਤਾਬ ਦੇਖੋ!” ਉਸ ਨੇ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਨਾਂ ਦੀ ਕਿਤਾਬ ਵੱਲ ਇਸ਼ਾਰਾ ਕਰਦਿਆਂ ਕਿਹਾ: “ਜੇ ਕਿਸੇ ਨੇ ਤੁਹਾਨੂੰ ਆਹ ਕਿਤਾਬ ਦਿੱਤੀ ਹੈ, ਜਾਂ ਤਾਂ ਮੈਨੂੰ ਦੇ ਦਿਓ ਜਾਂ ਚੱਕ ਕੇ ਬਾਹਰ ਮਾਰੋ!”

ਮੇਰੇ ਕੋਲ ਤਾਂ ਇਹ ਕਿਤਾਬ ਨਹੀਂ ਸੀ, ਪਰ ਹੁਣ ਮੇਰਾ ਦਿਲ ਇਸ ਨੂੰ ਪੜ੍ਹਨ ਦਾ ਕਰ ਰਿਹਾ ਸੀ। ਥੋੜ੍ਹੇ ਦਿਨਾਂ ਬਾਅਦ ਦੋ ਯਹੋਵਾਹ ਦੇ ਗਵਾਹਾਂ ਨੇ ਮੇਰਾ ਦਰਵਾਜ਼ਾ ਖੜਕਾਇਆ ਅਤੇ ਉਨ੍ਹਾਂ ਨੇ ਮੈਨੂੰ ਇਹ ਕਿਤਾਬ ਪੇਸ਼ ਕੀਤੀ। ਮੈਂ ਉਸੇ ਰਾਤ ਪੂਰੀ ਕਿਤਾਬ ਪੜ੍ਹ ਲਈ। ਜਦੋਂ ਉਹ ਔਰਤਾਂ ਮੈਨੂੰ ਦੁਬਾਰਾ ਮਿਲਣ ਆਈਆਂ, ਤਾਂ ਉਨ੍ਹਾਂ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦੀ ਹਾਂ। ਮੈਂ ਸਟੱਡੀ ਕਰਨ ਲਈ ਤਿਆਰ ਹੋ ਗਈ।

ਇਸ ਕਿਤਾਬ ਕਰਕੇ ਸਾਡੇ ਵਿਚ ਫੁੱਟ ਪਈ

ਮੈਂ ਬਚਪਨ ਤੋਂ ਹੀ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ। ਜਦੋਂ ਮੈਨੂੰ ਯਹੋਵਾਹ ਬਾਰੇ ਸੱਚਾਈ ਪਤਾ ਲੱਗੀ, ਤਾਂ ਮੇਰੇ ਦਿਲ ਵਿਚ ਯਹੋਵਾਹ ਪ੍ਰਤੀ ਗਹਿਰਾ ਪਿਆਰ ਪੈਦਾ ਹੋਇਆ। ਮੈਂ ਸਾਰਿਆਂ ਨੂੰ ਉਸ ਬਾਰੇ ਦੱਸਣਾ ਚਾਹੁੰਦੀ ਸੀ। ਮੈਂ 1973 ਵਿਚ ਬਪਤਿਸਮਾ ਲੈ ਲਿਆ। ਮੌਕਾ ਮਿਲਣ ’ਤੇ ਮੈਂ ਆਪਣੇ ਪਰਿਵਾਰ ਨੂੰ ਸੱਚਾਈ ਦੱਸਦੀ ਹੁੰਦੀ ਸੀ। ਪਰ ਜਿੱਦਾਂ ਮੈਂ ਸ਼ੁਰੂ ਵਿਚ ਦੱਸਿਆ ਸੀ ਮੇਰੇ ਘਰਦਿਆਂ ਨੇ ਮੇਰਾ ਬਹੁਤ ਵਿਰੋਧ ਕੀਤਾ, ਖ਼ਾਸ ਕਰ ਕੇ ਮੇਰੀ ਭੈਣ ਆਰਾਸੇਲੀ ਨੇ।

ਆਰਾਸੇਲੀ: ਆਸ਼ਰਮ ਵਿਚ ਮੇਰੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਗਿਆ ਸੀ। ਇਸ ਕਰਕੇ ਮੇਰੇ ਦਿਲ ਵਿਚ ਆਪਣੇ ਧਰਮ ਪ੍ਰਤੀ ਕੁੜੱਤਣ ਪੈਦਾ ਹੋ ਗਈ। ਇਸ ਦੇ ਬਾਵਜੂਦ ਮੈਂ ਹਰ ਐਤਵਾਰ ਚਰਚ ਜਾਂਦੀ ਰਹੀ ਅਤੇ ਹਰ ਰੋਜ਼ ਮਾਲਾ ਜਪਦੀ ਹੁੰਦੀ ਸੀ। ਮੇਰੇ ਦਿਲ ਵਿਚ ਹਾਲੇ ਵੀ ਬਾਈਬਲ ਬਾਰੇ ਸਿੱਖਣ ਦੀ ਚਾਹਤ ਸੀ। ਇਸ ਲਈ ਮੈਂ ਰੱਬ ਤੋਂ ਪ੍ਰਾਰਥਨਾ ਵਿਚ ਮਦਦ ਮੰਗਦੀ ਰਹੀ। ਫਿਰ ਫਲੀਸਾ ਨੇ ਜੋ ਸਿੱਖਿਆ, ਉਹ ਮੈਨੂੰ ਦੱਸਿਆ। ਉਸ ਵਿਚ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦਾ ਇੰਨਾ ਜੋਸ਼ ਸੀ ਕਿ ਮੈਨੂੰ ਲੱਗਾ ਕਿ ਉਹ ਪਾਗਲ ਹੋ ਗਈ ਹੈ। ਮੈਂ ਉਸ ਨਾਲ ਰਤਾ ਵੀ ਸਹਿਮਤ ਨਹੀਂ ਸੀ।

ਆਰਾਸੇਲੀ

ਫਿਰ ਕੁਝ ਸਾਲਾਂ ਬਾਅਦ ਮੈਂ ਕੰਮ ਕਰਨ ਲਈ ਮੈਡਰਿਡ ਵਾਪਸ ਚਲੀ ਗਈ ਅਤੇ ਉੱਥੇ ਮੇਰਾ ਵਿਆਹ ਹੋ ਗਿਆ। ਮੈਂ ਦੇਖਿਆ ਕਿ ਚਰਚ ਜਾਣ ਵਾਲੇ ਲੋਕ ਯਿਸੂ ਦੀਆਂ ਸਿੱਖਿਆਵਾਂ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਂਦੇ ਸਨ। ਸੋ ਮੈਂ ਚਰਚ ਜਾਣਾ ਛੱਡ ਦਿੱਤਾ। ਹੁਣ ਮੈਂ ਸੰਤਾਂ ਨੂੰ ਜਾਂ ਨਰਕ ਦੀ ਸਿੱਖਿਆ ਨੂੰ ਨਹੀਂ ਮੰਨਦੀ ਸੀ ਤੇ ਨਾ ਹੀ ਇਹ ਮੰਨਦੀ ਸੀ ਕਿ ਪਾਦਰੀ ਸਾਡੇ ਪਾਪ ਮਾਫ਼ ਕਰ ਸਕਦੇ ਹਨ। ਇੱਥੋਂ ਤਕ ਕਿ ਮੈਂ ਆਪਣੀਆਂ ਸਾਰੀਆਂ ਮੂਰਤੀਆਂ ਸੁੱਟ ਦਿੱਤੀਆਂ। ਮੈਨੂੰ ਪਤਾ ਨਹੀਂ ਸੀ ਕਿ ਮੈਂ ਠੀਕ ਕਰ ਰਹੀ ਹਾਂ ਜਾਂ ਗ਼ਲਤ। ਮੈਂ ਬਹੁਤ ਹੀ ਨਿਰਾਸ਼ ਹੋ ਗਈ, ਪਰ ਮੈਂ ਰੱਬ ਅੱਗੇ ਤਰਲੇ ਕਰਦੀ ਰਹੀ: “ਤੂੰ ਆਪਣੇ ਬਾਰੇ ਸਿੱਖਣ ਵਿਚ ਮੇਰੀ ਮਦਦ ਕਰ।” ਮੈਨੂੰ ਯਾਦ ਹੈ ਕਿ ਯਹੋਵਾਹ ਦੇ ਗਵਾਹਾਂ ਨੇ ਕਈ ਵਾਰ ਮੇਰਾ ਦਰਵਾਜ਼ਾ ਖੜਕਾਇਆ, ਪਰ ਮੈਂ ਕਦੀ ਨਹੀਂ ਖੋਲ੍ਹਿਆ। ਸਾਰੇ ਧਰਮਾਂ ਤੋਂ ਮੇਰਾ ਵਿਸ਼ਵਾਸ ਉੱਠ ਗਿਆ ਸੀ।

ਮੇਰੀ ਭੈਣ ਲੌਰੀ ਫਰਾਂਸ ਵਿਚ ਰਹਿੰਦੀ ਸੀ ਤੇ ਰਮੋਨੀ ਸਪੇਨ ਵਿਚ। ਲਗਭਗ 1980 ਵਿਚ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈਆਂ। ਮੈਨੂੰ ਯਕੀਨ ਸੀ ਕਿ ਫਲੀਸਾ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਗੁਮਰਾਹ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਮੈਂ ਆਪਣੀ ਗੁਆਂਢਣ ਐੱਨਜਲੀਨਜ਼ ਨੂੰ ਮਿਲੀ ਅਤੇ ਅਸੀਂ ਦੋਵੇਂ ਪੱਕੀਆਂ ਸਹੇਲੀਆਂ ਬਣ ਗਈਆਂ। ਉਹ ਵੀ ਯਹੋਵਾਹ ਦੀ ਗਵਾਹ ਸੀ। ਐੱਨਜਲੀਨਜ਼ ਅਤੇ ਉਸ ਦੇ ਪਤੀ ਨੇ ਮੈਨੂੰ ਕਈ ਵਾਰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਭਾਵੇਂ ਮੈਂ ਉੱਪਰੋਂ-ਉੱਪਰੋਂ ਇਹ ਦਿਖਾਉਂਦੀ ਸੀ ਕਿ ਮੈਂ ਕਿਸੇ ਵੀ ਧਰਮ ਬਾਰੇ ਨਹੀਂ ਸਿੱਖਣਾ ਚਾਹੁੰਦੀ, ਪਰ ਮੈਂ ਅੰਦਰੋਂ ਬਾਈਬਲ ਬਾਰੇ ਜਾਣਨ ਲਈ ਤਰਸਦੀ ਸੀ। ਅਖ਼ੀਰ ਵਿਚ ਮੈਂ ਉਨ੍ਹਾਂ ਨੂੰ ਕਿਹਾ: “ਠੀਕ ਆ। ਪਰ ਸ਼ਰਤ ਇਹ ਹੈ ਕਿ ਸਟੱਡੀ ਕਰਨ ਲਈ ਮੈਂ ਆਪਣੀ ਬਾਈਬਲ ਵਰਤਾਂਗੀ।” ਮੇਰੇ ਕੋਲ ਸਪੇਨੀ ਭਾਸ਼ਾ ਦਾ ਨਾਕਾਰ-ਕੋਲੂੰਗਾ ਅਨੁਵਾਦ ਸੀ।

ਬਾਈਬਲ ਕਰਕੇ ਭੈਣਾਂ ਵਿਚ ਸ਼ਾਂਤੀ

ਫਲੀਸਾ: 1973 ਵਿਚ ਮੇਰੇ ਬਪਤਿਸਮੇ ਵੇਲੇ ਸਪੇਨ ਦੇ ਸਾਨਟਾਂਡੇਰ ਸ਼ਹਿਰ ਵਿਚ ਲਗਭਗ 70 ਯਹੋਵਾਹ ਦੇ ਗਵਾਹ ਸਨ। ਇਹ ਸ਼ਹਿਰ ਕਾਂਤਾਬਰੀਆ ਪ੍ਰਾਂਤ ਦੀ ਰਾਜਧਾਨੀ ਹੈ। ਪ੍ਰਚਾਰ ਦਾ ਸਾਡਾ ਇਲਾਕਾ ਬਹੁਤ ਹੀ ਵਿਸ਼ਾਲ ਸੀ। ਪੂਰੇ ਪ੍ਰਾਂਤ ਵਿਚ ਪ੍ਰਚਾਰ ਕਰਨ ਲਈ ਅਸੀਂ ਬੱਸਾਂ ਅਤੇ ਕਾਰਾਂ ਰਾਹੀਂ ਸਫ਼ਰ ਕਰਦੇ ਸੀ। ਅਸੀਂ ਹਰ ਇਕ ਪਿੰਡ ਵਿਚ ਪ੍ਰਚਾਰ ਕੀਤਾ। ਸਾਡੇ ਇਲਾਕੇ ਵਿਚ ਸੈਂਕੜੇ ਹੀ ਪਿੰਡ ਸਨ।

ਸਾਲਾਂ ਬੱਧੀ ਮੈਂ ਬਹੁਤ ਹੀ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਵਾਈਆਂ ਜੋ ਮੇਰੇ ਲਈ ਬਹੁਤ ਵੱਡਾ ਸਨਮਾਨ ਸੀ। ਉਨ੍ਹਾਂ ਵਿੱਚੋਂ 11 ਜਣਿਆਂ ਨੇ ਬਪਤਿਸਮਾ ਲਿਆ ਸੀ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੈਥੋਲਿਕ ਸਨ। ਮੈਨੂੰ ਇਨ੍ਹਾਂ ਨਾਲ ਧੀਰਜ ਧਰਨ ਦੀ ਲੋੜ ਸੀ ਕਿਉਂਕਿ ਮੈਂ ਵੀ ਇਨ੍ਹਾਂ ਦੀ ਤਰ੍ਹਾਂ ਇਕ ਕੱਟੜ ਕੈਥੋਲਿਕ ਸੀ। ਮੈਨੂੰ ਪਤਾ ਸੀ ਕਿ ਇਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਦੀਆਂ ਜੜ੍ਹਾਂ ਨੂੰ ਦਿਲੋਂ ਪੁੱਟਣ ਲਈ ਸਮਾਂ ਲੱਗਣਾ ਸੀ। ਨਾਲੇ ਮੈਨੂੰ ਇਹ ਵੀ ਪਤਾ ਸੀ ਕਿ ਉਹ ਸਿਰਫ਼ ਬਾਈਬਲ ਅਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਹੀ ਇੱਦਾਂ ਕਰ ਸਕਣਗੇ। (ਇਬ. 4:12) ਮੇਰੇ ਪਤੀ ਬਏਨਵੈਨੀਦੋ, ਜੋ ਪੁਲਿਸ ਵਿਚ ਕੰਮ ਕਰਦਾ ਸੀ, ਨੇ 1979 ਵਿਚ ਬਪਤਿਸਮਾ ਲੈ ਲਿਆ। ਨਾਲੇ ਮੰਮੀ ਜੀ ਨੇ ਆਪਣੀ ਮੌਤ ਹੋਣ ਤੋਂ ਪਹਿਲਾਂ ਸਟੱਡੀ ਕਰਨੀ ਸ਼ੁਰੂ ਕੀਤੀ ਸੀ।

ਆਰਾਸੇਲੀ: ਜਦੋਂ ਮੈਂ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ, ਤਾਂ ਮੈਂ ਉਨ੍ਹਾਂ ’ਤੇ ਬਹੁਤ ਸ਼ੱਕ ਕਰਦੀ ਸੀ। ਪਰ ਸਮੇਂ ਦੇ ਬੀਤਣ ਨਾਲ ਮੇਰਾ ਸ਼ੱਕ ਦੂਰ ਹੋ ਗਿਆ। ਮੈਨੂੰ ਇਸ ਗੱਲ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਯਹੋਵਾਹ ਦੇ ਗਵਾਹ ਜੋ ਵੀ ਸਿਖਾਉਂਦੇ ਸਨ, ਉਸ ਉੱਤੇ ਆਪ ਵੀ ਚੱਲਦੇ ਸਨ। ਯਹੋਵਾਹ ਅਤੇ ਬਾਈਬਲ ’ਤੇ ਮੇਰੀ ਨਿਹਚਾ ਪੱਕੀ ਹੋਣ ਲੱਗੀ ਅਤੇ ਮੈਂ ਜ਼ਿਆਦਾ ਖ਼ੁਸ਼ ਰਹਿਣ ਲੱਗੀ। ਮੇਰੇ ਕੁਝ ਗੁਆਂਢੀਆਂ ਨੇ ਵੀ ਮੈਨੂੰ ਕਿਹਾ: “ਆਰਾਸੇਲੀ, ਜਿਸ ਦਾ ਲੜ ਤੂੰ ਫੜਿਆ ਹੈ, ਛੱਡੀ ਨਾ।”

ਮੈਨੂੰ ਯਾਦ ਹੈ ਕਿ ਮੈਂ ਪ੍ਰਾਰਥਨਾ ਕਰਦੀ ਸੀ: “ਯਹੋਵਾਹ ਮੈਂ ਤੇਰਾ ਬਹੁਤ ਸ਼ੁਕਰ ਕਰਦੀ ਹਾਂ ਕਿ ਤੂੰ ਮੈਨੂੰ ਕਦੇ ਨਹੀਂ ਛੱਡਿਆ। ਨਾਲੇ ਮੈਂ ਇਸ ਗੱਲ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੂੰ ਸੱਚਾਈ ਲੱਭਣ ਦੇ ਮੈਨੂੰ ਕਈ ਮੌਕੇ ਦਿੱਤੇ ਜਿਸ ਦੀ ਮੈਨੂੰ ਤਲਾਸ਼ ਸੀ।” ਮੈਂ ਆਪਣੀ ਵੱਡੀ ਭੈਣ ਫਲੀਸਾ ਨੂੰ ਜਿਹੜੀਆਂ ਚੁੱਭਵੀਆਂ ਗੱਲਾਂ ਕਹੀਆਂ ਸਨ, ਉਨ੍ਹਾਂ ਲਈ ਉਸ ਤੋਂ ਮਾਫ਼ੀ ਮੰਗੀ। ਇਸ ਤੋਂ ਬਾਅਦ ਅਸੀਂ ਬਹਿਸ ਕਰਨ ਦੀ ਬਜਾਇ ਇਕ-ਦੂਜੇ ਨਾਲ ਬਾਈਬਲ ਦੀਆਂ ਗੱਲਾਂ ਕਰਨ ਲੱਗ ਪਈਆਂ। 1989 ਵਿਚ 61 ਸਾਲ ਦੀ ਉਮਰ ਵਿਚ ਮੇਰਾ ਬਪਤਿਸਮਾ ਹੋਇਆ।

ਫਲੀਸਾ: ਹੁਣ ਮੈਂ 91 ਸਾਲਾਂ ਦੀ ਹਾਂ। ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਮੈਂ ਹੁਣ ਪਹਿਲਾਂ ਵਾਂਗ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦੀ, ਪਰ ਮੈਂ ਹਰ ਰੋਜ਼ ਬਾਈਬਲ ਪੜ੍ਹਦੀ ਹਾਂ। ਨਾਲੇ ਜੇ ਮੇਰੀ ਸਿਹਤ ਠੀਕ ਹੋਵੇ, ਤਾਂ ਮੈਂ ਮੀਟਿੰਗਾਂ ’ਤੇ ਜਾਂਦੀ ਹਾਂ ਅਤੇ ਜਿੰਨਾ ਹੋ ਸਕੇ, ਪ੍ਰਚਾਰ ਵਿਚ ਵੀ ਹਿੱਸਾ ਲੈਂਦੀ ਹਾਂ।

ਆਰਾਸੇਲੀ: ਮੈਂ ਪਹਿਲਾਂ ਨਨ ਸੀ, ਸ਼ਾਇਦ ਇਸ ਕਰਕੇ ਮੈਨੂੰ ਪਾਦਰੀਆਂ ਅਤੇ ਨਨਾਂ ਨੂੰ ਗਵਾਹੀ ਦੇ ਕੇ ਬਹੁਤ ਵਧੀਆ ਲੱਗਦਾ ਹੈ। ਮੈਂ ਉਨ੍ਹਾਂ ਨੂੰ ਬਹੁਤ ਪ੍ਰਕਾਸ਼ਨ ਦਿੱਤੇ ਹਨ ਅਤੇ ਕਈ ਵਾਰ ਮੇਰੀ ਉਨ੍ਹਾਂ ਦੇ ਨਾਲ ਕਾਫ਼ੀ ਲੰਬੀ ਗੱਲ ਹੋਈ ਹੈ। ਮੈਨੂੰ ਯਾਦ ਹੈ ਕਿ ਇਕ ਪਾਦਰੀ ਨਾਲ ਮੇਰੀ ਕਈ ਵਾਰ ਗੱਲ ਹੋਈ। ਇਕ ਦਿਨ ਉਸ ਨੇ ਮੈਨੂੰ ਕਿਹਾ: “ਆਰਾਸੇਲੀ ਮੈਂ ਤੇਰੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਹੁਣ ਤਾਂ ਮੇਰੀ ਉਮਰ ਲੰਘ ਚੁੱਕੀ ਹੈ, ਹੁਣ ਮੈਂ ਆਪਣਾ ਧਰਮ ਬਦਲ ਕੇ ਕੀ ਕਰਨਾ? ਮੇਰੇ ਘਰਦੇ ਅਤੇ ਚਰਚ ਦੇ ਲੋਕ ਕੀ ਕਹਿਣਗੇ?” ਮੈਂ ਕਿਹਾ: “ਪਰ ਕੀ ਤੁਸੀਂ ਕਦੇ ਸੋਚਿਆ ਕਿ ਪਰਮੇਸ਼ੁਰ ਤੁਹਾਡੇ ਬਾਰੇ ਕੀ ਕਹੇਗਾ?” ਉਸ ਨੂੰ ਪਤਾ ਸੀ ਕਿ ਮੈਂ ਠੀਕ ਕਹਿ ਰਹੀ ਸੀ ਅਤੇ ਮੇਰੀ ਗੱਲ ਸੁਣ ਕਿ ਉਸ ਦਾ ਮੂੰਹ ਉੱਤਰ ਗਿਆ। ਪਰ ਉਸ ਸਮੇਂ ਉਸ ਕੋਲ ਆਪਣਾ ਧਰਮ ਛੱਡਣ ਦੀ ਹਿੰਮਤ ਨਹੀਂ ਸੀ।

ਮੇਰੀ ਜ਼ਿੰਦਗੀ ਵਿਚ ਇਕ ਖ਼ਾਸ ਦਿਨ ਆਇਆ ਜੋ ਮੈਂ ਕਦੀ ਨਹੀਂ ਭੁੱਲ ਸਕਦੀ। ਇਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਮੀਟਿੰਗ ’ਤੇ ਆਉਣਾ ਚਾਹੁੰਦੇ ਸਨ। ਭਾਵੇਂ ਕਿ ਉਨ੍ਹਾਂ ਦੀ ਉਮਰ 80 ਤੋਂ ਜ਼ਿਆਦਾ ਸੀ, ਪਰ ਉਸ ਦਿਨ ਤੋਂ ਉਨ੍ਹਾਂ ਨੇ ਮੀਟਿੰਗਾਂ ’ਤੇ ਜਾਣ ਦਾ ਕਦੀ ਨਾਗਾ ਨਹੀਂ ਪਾਇਆ। ਉਨ੍ਹਾਂ ਨੇ ਬਾਈਬਲ ਸਟੱਡੀ ਕੀਤੀ ਅਤੇ ਪ੍ਰਚਾਰਕ ਬਣ ਗਏ। ਮੇਰੇ ਕੋਲ ਉਨ੍ਹਾਂ ਨਾਲ ਪ੍ਰਚਾਰ ’ਤੇ ਜਾਣ ਦੀਆਂ ਮਿੱਠੀਆਂ ਯਾਦਾਂ ਹਨ। ਬਪਤਿਸਮੇ ਤੋਂ ਦੋ ਮਹੀਨੇ ਪਹਿਲਾਂ ਉਹ ਮੌਤ ਦੀ ਨੀਂਦ ਸੌਂ ਗਏ।

ਫਲੀਸਾ: ਮੈਨੂੰ ਇਸ ਗੱਲ ਦੀ ਸਭ ਤੋਂ ਜ਼ਿਆਦਾ ਖ਼ੁਸ਼ੀ ਹੈ ਕਿ ਮੇਰੀਆਂ ਤਿੰਨ ਛੋਟੀਆਂ ਭੈਣਾਂ, ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਸੀ, ਅੱਜ ਸੱਚਾਈ ਵਿਚ ਹਨ। ਜਦੋਂ ਅਸੀਂ ਇਕੱਠੀਆਂ ਹੁੰਦੀਆਂ ਸੀ, ਤਾਂ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਬਚਨ ਬਾਰੇ ਗੱਲਾਂ ਕਰਦੀਆਂ ਸੀ। ਅਖ਼ੀਰ ਅਸੀਂ ਚਾਰਾਂ ਭੈਣਾਂ ਨੇ ਇਕਮੁੱਠ ਹੋ ਕੇ ਯਹੋਵਾਹ ਦੀ ਸੇਵਾ ਕੀਤੀ। *

^ ਪੈਰਾ 29 87 ਸਾਲਾਂ ਦੀ ਆਰਾਸੇਲੀ, 91 ਸਾਲਾਂ ਦੀ ਫਲੀਸਾ ਅਤੇ 83 ਸਾਲਾਂ ਦੀ ਰਮੋਨੀ ਅੱਜ ਵੀ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੀਆਂ ਹਨ। ਵਫ਼ਾਦਾਰ ਲੌਰੀ 1990 ਵਿਚ ਮੌਤ ਦੀ ਨੀਂਦ ਸੌਂ ਗਈ।