ਪਾਠਕਾਂ ਵੱਲੋਂ ਸਵਾਲ
ਕੀ ਜ਼ਬੂਰ 144:12-15 ਦੀਆਂ ਗੱਲਾਂ ਪਰਮੇਸ਼ੁਰ ਦੇ ਲੋਕਾਂ ’ਤੇ ਲਾਗੂ ਹੁੰਦੀਆਂ ਹਨ ਜਾਂ ਆਇਤ 11 ਵਿਚ ਜ਼ਿਕਰ ਕੀਤੇ ਦੁਸ਼ਟ ਓਪਰਿਆਂ ’ਤੇ?
ਇਬਰਾਨੀ ਭਾਸ਼ਾ ਵਿਚ ਇਹ ਆਇਤਾਂ ਦੋਵੇਂ ਵਰਗ ਦੇ ਲੋਕਾਂ ’ਤੇ ਲਾਗੂ ਹੋ ਸਕਦੀਆਂ ਹਨ। ਪਰ ਅਸੀਂ ਕਿਉਂ ਕਹਿੰਦੇ ਹਾਂ ਕਿ ਇਹ ਆਇਤਾਂ ਸੱਚ-ਮੁੱਚ ਪਰਮੇਸ਼ੁਰ ਦੇ ਲੋਕਾਂ ਉੱਤੇ ਹੀ ਲਾਗੂ ਹੁੰਦੀਆਂ ਹਨ? ਆਓ ਆਪਾਂ ਕੁਝ ਸਬੂਤਾਂ ’ਤੇ ਗੌਰ ਕਰੀਏ।
ਬਾਕੀ ਜ਼ਬੂਰ ’ਤੇ ਗੌਰ ਕਰੋ। ਆਇਤਾਂ 12-14 ਵਿਚ ਦੱਸੀਆਂ ਬਰਕਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਬਰਕਤਾਂ ਧਰਮੀਆਂ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ‘ਖਿੱਚ ਕੇ ਛੁਡਾਇਆ’ ਜਾਵੇਗਾ (ਆਇਤ 11)। ਆਇਤ 15 ਵਿਚ ਇਨ੍ਹਾਂ ਲੋਕਾਂ ਨੂੰ ਦੋ ਵਾਰ “ਧੰਨ” ਕਿਹਾ ਗਿਆ ਹੈ: “ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” ਇੱਥੇ ਦੁਸ਼ਟਾਂ ਦੀ ਨਹੀਂ, ਸਗੋਂ ਧਰਮੀਆਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦਾ ਜ਼ਿਕਰ 12-14 ਆਇਤਾਂ ਵਿਚ ਕੀਤਾ ਗਿਆ ਹੈ। ਆਇਤ 11 ਮੁਤਾਬਕ ਇਹ ਲੋਕ ਦੁਸ਼ਟਾਂ ਦੇ ਹੱਥੋਂ ‘ਖਿੱਚ ਕੇ ਛੁਡਾਏ’ ਜਾਣ ਲਈ ਪ੍ਰਾਰਥਨਾ ਕਰਦੇ ਹਨ ਅਤੇ ਯਹੋਵਾਹ ਉਨ੍ਹਾਂ ਨੂੰ ਛੁਡਾ ਕੇ ਬਰਕਤਾਂ ਦਿੰਦਾ ਹੈ।
ਇਹ ਸਮਝ ਬਾਈਬਲ ਦੀਆਂ ਹੋਰਨਾਂ ਆਇਤਾਂ ਨਾਲ ਮੇਲ ਖਾਂਦੀ ਹੈ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਨੂੰ ਬਰਕਤਾਂ ਮਿਲਣ ਦਾ ਵਾਅਦਾ ਕੀਤਾ ਗਿਆ ਹੈ। ਇਸ ਜ਼ਬੂਰ ਵਿਚ ਦਾਊਦ ਦੀ ਇਸ ਪੱਕੀ ਉਮੀਦ ਬਾਰੇ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਇਜ਼ਰਾਈਲੀਆਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾ ਕੇ ਉਨ੍ਹਾਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦੇਵੇਗਾ। (ਲੇਵੀ. 26:9, 10; ਬਿਵ. 7:13; ਜ਼ਬੂ. 128:1-6) ਮਿਸਾਲ ਲਈ, ਬਿਵਸਥਾ ਸਾਰ 28:4 ਵਿਚ ਲਿਖਿਆ ਹੈ: “ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।” ਵਾਕਈ, ਦਾਊਦ ਦੇ ਪੁੱਤਰ ਸੁਲੇਮਾਨ ਦੇ ਰਾਜ ਦੌਰਾਨ ਕੌਮ ਵਿਚ ਅਮਨ-ਚੈਨ ਤੇ ਖ਼ੁਸ਼ਹਾਲੀ ਸੀ। ਇਸ ਤੋਂ ਇਲਾਵਾ, ਸੁਲੇਮਾਨ ਦੇ ਰਾਜ ਨੇ ਮਸੀਹ ਦੇ ਆਉਣ ਵਾਲੇ ਰਾਜ ਵੱਲ ਇਸ਼ਾਰਾ ਕੀਤਾ।—1 ਰਾਜ. 4:20, 21; ਜ਼ਬੂ. 72:1-20.
ਸਿੱਟੇ ਵਜੋਂ, ਇਨ੍ਹਾਂ ਆਇਤਾਂ ਤੋਂ ਸਹੀ ਸਮਝ ਪਾ ਕੇ ਜ਼ਬੂਰ 144 ਵਿਚ ਦੱਸੀ ਯਹੋਵਾਹ ਦੇ ਸੇਵਕਾਂ ਦੀ ਉਮੀਦ ਹੋਰ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਸਾਡੀ ਇਹੀ ਉਮੀਦ ਹੈ ਕਿ ਪਰਮੇਸ਼ੁਰ ਦੁਸ਼ਟਾਂ ਦਾ ਨਾਸ਼ ਕਰੇਗਾ ਅਤੇ ਬਾਅਦ ਵਿਚ ਧਰਮੀਆਂ ਲਈ ਹਮੇਸ਼ਾ ਲਈ ਸ਼ਾਂਤੀ ਤੇ ਖ਼ੁਸ਼ਹਾਲੀ ਭਰੀ ਦੁਨੀਆਂ ਲਿਆਵੇਗਾ।—ਜ਼ਬੂ. 37:10, 11.