ਹੌਸਲਾ ਦੇਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ
‘ਪਰਮੇਸ਼ੁਰ ਦੀ ਮਹਿਮਾ ਹੋਵੇ ਜਿਹੜਾ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਹੌਸਲਾ ਦੇਣ ਵਾਲਾ ਪਰਮੇਸ਼ੁਰ ਹੈ।’—2 ਕੁਰਿੰ. 1:3, 4, NW, ਫੁਟਨੋਟ।
ਗੀਤ: 23, 2
1. ਆਦਮ ਅਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਯਹੋਵਾਹ ਨੇ ਮਨੁੱਖਜਾਤੀ ਨੂੰ ਹੌਸਲਾ ਅਤੇ ਉਮੀਦ ਕਿਵੇਂ ਦਿੱਤੀ?
ਯਹੋਵਾਹ ਹੌਸਲਾ ਦੇਣ ਵਾਲਾ ਪਰਮੇਸ਼ੁਰ ਹੈ। ਉਹ ਉਦੋਂ ਤੋਂ ਹੌਸਲਾ ਦਿੰਦਾ ਆ ਰਿਹਾ ਹੈ, ਜਦੋਂ ਇਨਸਾਨ ਪਾਪ ਕਰਕੇ ਨਾਮੁਕੰਮਲ ਬਣ ਗਏ ਸਨ। ਦਰਅਸਲ, ਉਸ ਨੇ ਆਦਮ ਅਤੇ ਹੱਵਾਹ ਦੀ ਬਗਾਵਤ ਤੋਂ ਤੁਰੰਤ ਬਾਅਦ ਭਵਿੱਖਬਾਣੀ ਕੀਤੀ ਜਿਸ ਨੂੰ ਪੜ੍ਹ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੌਸਲਾ ਅਤੇ ਉਮੀਦ ਮਿਲਣੀ ਸੀ। ਉਤਪਤ 3:15 ਵਿਚ ਦਰਜ ਭਵਿੱਖਬਾਣੀ ਸਮਝਣ ਤੋਂ ਬਾਅਦ ਇਨਸਾਨਾਂ ਨੂੰ ਆਸ ਮਿਲੀ ਕਿ ਸ਼ੈਤਾਨ ਅਤੇ ਉਸ ਦੇ ਦੁਸ਼ਟ ਕੰਮਾਂ ਨੂੰ ਨਾਸ਼ ਕੀਤਾ ਜਾਵੇਗਾ।—ਪ੍ਰਕਾ. 12:9; 1 ਯੂਹੰ. 3:8.
ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਨੂੰ ਹੌਸਲਾ ਦਿੱਤਾ
2. ਯਹੋਵਾਹ ਨੇ ਨੂਹ ਨੂੰ ਹੌਸਲਾ ਕਿਵੇਂ ਦਿੱਤਾ?
2 ਸੋਚੋ ਕਿ ਯਹੋਵਾਹ ਨੇ ਆਪਣੇ ਸੇਵਕ ਨੂਹ ਨੂੰ ਹੌਸਲਾ ਕਿਵੇਂ ਦਿੱਤਾ। ਨੂਹ ਦੇ ਸਮੇਂ ਵਿਚ ਲੋਕ ਹਿੰਸਕ ਅਤੇ ਅਨੈਤਿਕ ਕੰਮ ਕਰਦੇ ਸਨ, ਪਰ ਸਿਰਫ਼ ਨੂਹ ਅਤੇ ਉਸ ਦਾ ਪਰਿਵਾਰ ਯਹੋਵਾਹ ਦੀ ਭਗਤੀ ਕਰਦਾ ਸੀ। ਨੂਹ ਨਿਰਾਸ਼ ਹੋ ਸਕਦਾ ਸੀ। ਉਤ. 6:4, 5, 11; ਯਹੂ. 6) ਪਰ ਯਹੋਵਾਹ ਦੀ ਭਗਤੀ ਅਤੇ ਸਹੀ ਕੰਮ ਕਰਦੇ ਰਹਿਣ ਲਈ ਨੂਹ ਨੂੰ ਜਿਸ ਹੌਸਲੇ ਦੀ ਲੋੜ ਸੀ, ਉਹ ਪਰਮੇਸ਼ੁਰ ਨੇ ਉਸ ਨੂੰ ਦਿੱਤਾ। (ਉਤ. 6:9) ਯਹੋਵਾਹ ਨੇ ਨੂਹ ਨੂੰ ਦੱਸਿਆ ਕਿ ਉਹ ਬੁਰੀ ਦੁਨੀਆਂ ਦਾ ਨਾਸ਼ ਕਰਨ ਵਾਲਾ ਸੀ ਅਤੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਸੀ। (ਉਤ. 6:13-18) ਯਹੋਵਾਹ ਨੂਹ ਲਈ ਹੌਸਲਾ ਦੇਣ ਵਾਲਾ ਪਰਮੇਸ਼ੁਰ ਸਾਬਤ ਹੋਇਆ।
(3. ਯਹੋਵਾਹ ਨੇ ਯਹੋਸ਼ੁਆ ਨੂੰ ਹੌਸਲਾ ਕਿਵੇਂ ਦਿੱਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
3 ਬਾਅਦ ਵਿਚ, ਯਹੋਵਾਹ ਨੇ ਆਪਣੇ ਸੇਵਕ ਯਹੋਸ਼ੁਆ ਨੂੰ ਹੌਸਲਾ ਦਿੱਤਾ ਜਿਸ ਨੇ ਅੱਗੇ ਜਾ ਕੇ ਇਕ ਵੱਡੀ ਜ਼ਿੰਮੇਵਾਰੀ ਪੂਰੀ ਕਰਨੀ ਸੀ। ਉਸ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਲਈ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨੀ ਸੀ ਅਤੇ ਉੱਥੇ ਰਹਿੰਦੀਆਂ ਤਾਕਤਵਰ ਦੁਸ਼ਮਣ ਫ਼ੌਜਾਂ ਉੱਤੇ ਜਿੱਤ ਹਾਸਲ ਕਰਨੀ ਸੀ। ਯਹੋਵਾਹ ਜਾਣਦਾ ਸੀ ਕਿ ਯਹੋਸ਼ੁਆ ਕੋਲ ਡਰਨ ਦਾ ਜਾਇਜ਼ ਕਾਰਨ ਸੀ। ਇਸ ਕਰਕੇ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਯਹੋਸ਼ੁਆ ਨੂੰ ਹੁਕਮ ਦੇਹ ਅਤੇ ਉਹ ਨੂੰ ਤਕੜਾ ਕਰ ਅਤੇ ਬਲ ਦੇਹ ਕਿਉਂ ਜੋ ਉਹ ਏਸ ਪਰਜਾ ਦੇ ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਧਰਤੀ ਜਿਹੜੀ ਤੂੰ ਵੇਖੇਂਗਾ ਮਿਲਖ ਕਰਕੇ ਦੁਆਵੇਗਾ।” (ਬਿਵ. 3:28) ਫਿਰ ਯਹੋਵਾਹ ਨੇ ਆਪ ਯਹੋਸ਼ੁਆ ਨੂੰ ਇਹ ਕਹਿ ਕੇ ਹੌਸਲਾ ਦਿੱਤਾ: “ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਕੜਾ ਹੋ ਅਤੇ ਹੌਸਲਾ ਰੱਖ? ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।” (ਯਹੋ. 1:1, 9) ਤੁਹਾਨੂੰ ਕੀ ਲੱਗਦਾ ਕਿ ਇਹ ਸ਼ਬਦ ਸੁਣ ਕੇ ਯਹੋਸ਼ੁਆ ਨੂੰ ਕਿੱਦਾਂ ਲੱਗਾ ਹੋਣਾ?
4, 5. (ੳ) ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਨੂੰ ਹੌਸਲਾ ਕਿਵੇਂ ਦਿੱਤਾ? (ਅ) ਯਹੋਵਾਹ ਨੇ ਆਪਣੇ ਪੁੱਤਰ ਨੂੰ ਹੌਸਲਾ ਕਿਵੇਂ ਦਿੱਤਾ?
4 ਯਹੋਵਾਹ ਨੇ ਆਪਣੇ ਲੋਕਾਂ ਨੂੰ ਸਮੂਹ ਵਜੋਂ ਵੀ ਹੌਸਲਾ ਦਿੱਤਾ। ਮਿਸਾਲ ਲਈ, ਯਹੋਵਾਹ ਜਾਣਦਾ ਸੀ ਕਿ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਹੌਸਲੇ ਦੀ ਲੋੜ ਸੀ। ਇਸ ਕਰਕੇ ਉਸ ਨੇ ਇਸ ਭਵਿੱਖਬਾਣੀ ਰਾਹੀਂ ਉਨ੍ਹਾਂ ਨੂੰ ਹੌਸਲਾ ਦਿੱਤਾ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” (ਯਸਾ. 41:10) ਬਾਅਦ ਵਿਚ ਯਹੋਵਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੌਸਲਾ ਦਿੱਤਾ ਅਤੇ ਅੱਜ ਸਾਨੂੰ ਵੀ ਇਸੇ ਤਰ੍ਹਾਂ ਹੌਸਲਾ ਦਿੰਦਾ ਹੈ।—2 ਕੁਰਿੰਥੀਆਂ 1:3, 4 ਪੜ੍ਹੋ।
5 ਯਹੋਵਾਹ ਨੇ ਆਪਣੇ ਪੁੱਤਰ ਨੂੰ ਵੀ ਹੌਸਲਾ ਦਿੱਤਾ। ਯਿਸੂ ਨੇ ਆਪਣੇ ਬਪਤਿਸਮੇ ਤੋਂ ਬਾਅਦ ਆਕਾਸ਼ੋਂ ਇਹ ਆਵਾਜ਼ ਸੁਣੀ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” (ਮੱਤੀ 3:17) ਕੀ ਤੁਸੀਂ ਸੋਚ ਸਕਦੇ ਹੋ ਕਿ ਧਰਤੀ ’ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੂੰ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ?
ਯਿਸੂ ਨੇ ਦੂਜਿਆਂ ਨੂੰ ਹੌਸਲਾ ਦਿੱਤਾ
6. ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਾਨੂੰ ਹੌਸਲਾ ਕਿਵੇਂ ਮਿਲਦਾ ਹੈ?
6 ਯਿਸੂ ਨੇ ਆਪਣੇ ਪਿਤਾ ਦੀ ਰੀਸ ਕਰਦਿਆਂ ਦੂਜਿਆਂ ਨੂੰ ਹੌਸਲਾ ਦਿੱਤਾ ਤਾਂਕਿ ਉਹ ਵਫ਼ਾਦਾਰ ਬਣੇ ਰਹਿਣ। ਉਸ ਨੇ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦੇ ਕੇ ਇੱਦਾਂ ਕੀਤਾ। ਇਸ ਮਿਸਾਲ ਵਿਚ ਉਸ ਨੇ ਦੱਸਿਆ ਕਿ ਮਾਲਕ ਨੇ ਆਪਣੇ ਹਰੇਕ ਵਫ਼ਾਦਾਰ ਨੌਕਰ ਦਾ ਹੌਸਲਾ ਵਧਾਉਣ ਲਈ ਇਹ ਸ਼ਬਦ ਕਹੇ: “ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ। ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।” (ਮੱਤੀ 25:21, 23) ਇਨ੍ਹਾਂ ਸ਼ਬਦਾਂ ਤੋਂ ਉਸ ਦੇ ਚੇਲਿਆਂ ਨੂੰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਦਾ ਹੌਸਲਾ ਜ਼ਰੂਰ ਮਿਲਿਆ ਹੋਣਾ!
7. ਯਿਸੂ ਨੇ ਆਪਣੇ ਰਸੂਲਾਂ ਅਤੇ ਖ਼ਾਸ ਕਰਕੇ ਪਤਰਸ ਨੂੰ ਹੌਸਲਾ ਕਿਵੇਂ ਦਿੱਤਾ?
7 ਚਾਹੇ ਯਿਸੂ ਦੇ ਰਸੂਲਾਂ ਨੇ ਉਸ ਨੂੰ ਕਈ ਵਾਰ ਨਿਰਾਸ਼ ਕੀਤਾ, ਪਰ ਫਿਰ ਵੀ ਉਹ ਹਮੇਸ਼ਾ ਉਨ੍ਹਾਂ ਨੂੰ ਹੌਸਲਾ ਦਿੰਦਾ ਰਿਹਾ। ਉਹ ਅਕਸਰ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ। ਯਿਸੂ ਨੇ ਧੀਰਜ ਰੱਖਦਿਆਂ ਉਨ੍ਹਾਂ ਨੂੰ ਨਿਮਰ ਬਣਨ ਅਤੇ ਆਪਣੀ ਸੇਵਾ ਕਰਾਉਣ ਦੀ ਬਜਾਇ ਦੂਜਿਆਂ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। (ਲੂਕਾ 22:24-26) ਪਤਰਸ ਨੇ ਕਈ ਵਾਰ ਗ਼ਲਤੀਆਂ ਕਰ ਕੇ ਯਿਸੂ ਨੂੰ ਨਿਰਾਸ਼ ਕੀਤਾ। (ਮੱਤੀ 16:21-23; 26: 31-35, 75) ਪਰ ਯਿਸੂ ਨੇ ਕਦੇ ਵੀ ਪਤਰਸ ਨੂੰ ਨਹੀਂ ਤਿਆਗਿਆ। ਇਸ ਦੀ ਬਜਾਇ, ਉਸ ਨੇ ਪਤਰਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਦੂਜਿਆਂ ਦਾ ਹੌਸਲਾ ਵਧਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ।—ਯੂਹੰ. 21:16.
ਪੁਰਾਣੇ ਜ਼ਮਾਨੇ ਵਿਚ ਹੌਸਲਾ
8. ਹਿਜ਼ਕੀਯਾਹ ਨੇ ਫ਼ੌਜ ਦੇ ਸਰਦਾਰਾਂ ਅਤੇ ਯਹੂਦਾਹ ਦੇ ਲੋਕਾਂ ਨੂੰ ਹੌਸਲਾ ਕਿਵੇਂ ਦਿੱਤਾ?
8 ਯਿਸੂ ਦੁਆਰਾ ਹੌਸਲਾ ਦੇਣ ਦੀ ਮਿਸਾਲ ਕਾਇਮ ਕਰਨ ਤੋਂ ਪਹਿਲਾਂ ਵੀ ਯਹੋਵਾਹ ਦੇ ਸੇਵਕ ਜਾਣਦੇ ਸਨ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਹੌਸਲਾ ਦੇਣ ਦੀ ਲੋੜ ਸੀ। ਹਿਜ਼ਕੀਯਾਹ ਬਾਰੇ ਸੋਚੋ। ਜਦੋਂ ਅੱਸ਼ੂਰੀ ਯਹੂਦਾਹ ’ਤੇ ਹਮਲਾ ਕਰਨ ਵਾਲੇ ਸਨ, ਤਾਂ ਉਸ ਨੇ ਫ਼ੌਜ ਦੇ ਸਰਦਾਰਾਂ ਅਤੇ ਲੋਕਾਂ ਨੂੰ ਹੌਸਲਾ ਦੇਣ ਲਈ ਇਕੱਠਾ ਕੀਤਾ। ਉਨ੍ਹਾਂ ਨੂੰ ਉਸ ਦੇ ਸ਼ਬਦਾਂ ਤੋਂ ਹੌਸਲਾ ਮਿਲਿਆ।—2 ਇਤਹਾਸ 32:6-8 ਪੜ੍ਹੋ।
9. ਅਸੀਂ ਅੱਯੂਬ ਦੀ ਮਿਸਾਲ ਤੋਂ ਹੌਸਲਾ ਦੇਣ ਬਾਰੇ ਕੀ ਸਿੱਖ ਸਕਦੇ ਹਾਂ?
9 ਅਸੀਂ ਅੱਯੂਬ ਦੀ ਮਿਸਾਲ ਤੋਂ ਦੂਜਿਆਂ ਨੂੰ ਹੌਸਲਾ ਦੇਣ ਬਾਰੇ ਸਿੱਖ ਸਕਦੇ ਹਾਂ। ਚਾਹੇ ਉਸ ਨੂੰ ਆਪ ਹੌਸਲੇ ਦੀ ਲੋੜ ਸੀ, ਪਰ ਫਿਰ ਵੀ ਉਸ ਨੇ ਦੂਜਿਆਂ ਨੂੰ ਹੌਸਲਾ ਦੇਣਾ ਸਿਖਾਇਆ। ਅੱਯੂਬ ਨੇ ਹੌਸਲਾ ਦੇਣ ਆਏ ਆਦਮੀਆਂ ਨੂੰ ਕਿਹਾ ਕਿ ਜੇ ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ, ਤਾਂ ਉਹ ਦੁੱਖ ਦੇਣ ਵਾਲੀਆਂ ਗੱਲਾਂ ਕਹਿਣ ਦੀ ਬਜਾਇ ਉਨ੍ਹਾਂ ਨੂੰ ਹੌਸਲਾ ਦਿੰਦਾ ਅਤੇ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਾਉਂਦਾ। (ਅੱਯੂ. 16:1-5) ਅਖ਼ੀਰ, ਅੱਯੂਬ ਨੂੰ ਅਲੀਹੂ ਅਤੇ ਯਹੋਵਾਹ ਤੋਂ ਹੌਸਲਾ ਮਿਲਿਆ।—ਅੱਯੂ. 33:24, 25; 36:1, 11; 42:7, 10.
10, 11. (ੳ) ਯਿਫ਼ਤਾਹ ਦੀ ਧੀ ਨੂੰ ਹੌਸਲੇ ਦੀ ਲੋੜ ਕਿਉਂ ਸੀ? (ਅ) ਅੱਜ ਅਸੀਂ ਕਿਨ੍ਹਾਂ ਨੂੰ ਹੌਸਲਾ ਦੇ ਸਕਦੇ ਹਾਂ?
10 ਯਿਫ਼ਤਾਹ ਦੀ ਧੀ ਨੂੰ ਵੀ ਹੌਸਲੇ ਦੀ ਲੋੜ ਸੀ। ਯਿਫ਼ਤਾਹ ਨਿਆਈ ਸੀ ਅਤੇ ਉਹ ਅੰਮੋਨੀਆਂ ਨਾਲ ਯੁੱਧ ਕਰਨ ਜਾ ਰਿਹਾ ਸੀ। ਉਸ ਨੇ ਵਾਅਦਾ ਕੀਤਾ ਕਿ ਜੇ ਯਹੋਵਾਹ ਉਸ ਨੂੰ ਲੜਾਈ ਵਿਚ ਜਿੱਤ ਦੁਆਵੇ, ਤਾਂ ਘਰ ਵਾਪਸ ਆਉਣ ’ਤੇ ਜੋ ਸਭ ਤੋਂ ਪਹਿਲਾਂ ਉਸ ਨੂੰ ਮਿਲੇਗਾ, ਉਹ ਉਸ ਨੂੰ ਯਹੋਵਾਹ ਦੇ ਡੇਰੇ ਵਿਚ ਸੇਵਾ ਕਰਨ ਲਈ ਦੇ ਦੇਵੇਗਾ। ਇਜ਼ਰਾਈਲੀ ਜਿੱਤ ਗਏ ਅਤੇ ਯਿਫ਼ਤਾਹ ਨੂੰ ਮਿਲਣ ਲਈ ਸਭ ਤੋਂ ਪਹਿਲਾਂ ਉਸ ਦੀ ਇਕਲੌਤੀ ਧੀ ਬਾਹਰ ਆਈ। ਯਿਫ਼ਤਾਹ ਨੂੰ ਬਹੁਤ ਦੁੱਖ ਲੱਗਾ। ਪਰ ਉਸ ਨੇ ਆਪਣਾ ਵਾਅਦਾ ਨਿਭਾਇਆ ਅਤੇ ਆਪਣੀ ਧੀ ਨੂੰ ਬਾਕੀ ਦੀ ਸਾਰੀ ਜ਼ਿੰਦਗੀ ਡੇਰੇ ਵਿਚ ਸੇਵਾ ਕਰਨ ਲਈ ਭੇਜ ਦਿੱਤਾ।—ਨਿਆ. 11:30-35.
11 ਯਿਫ਼ਤਾਹ ਲਈ ਇਸ ਤਰ੍ਹਾਂ ਕਰਨਾ ਔਖਾ ਸੀ, ਪਰ ਉਸ ਦੀ ਧੀ ਲਈ ਹੋਰ ਵੀ ਜ਼ਿਆਦਾ ਔਖਾ ਹੋਇਆ ਹੋਣਾ। ਪਰ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਪਿਤਾ ਦਾ ਵਾਅਦਾ ਪੂਰਾ ਕਰਨ ਲਈ ਤਿਆਰ ਸੀ। (ਨਿਆ. 11:36, 37) ਇਸ ਦਾ ਇਹ ਮਤਲਬ ਸੀ ਕਿ ਉਹ ਨਾ ਤਾਂ ਕਦੇ ਵੀ ਵਿਆਹ ਕਰਾ ਸਕਦੀ ਸੀ ਤੇ ਨਾ ਹੀ ਬੱਚੇ ਪੈਦਾ ਕਰ ਸਕਦੀ ਸੀ। ਖ਼ਾਨਦਾਨ ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਸੀ ਹੋਣਾ। ਉਸ ਨੂੰ ਬਹੁਤ ਹੌਸਲੇ ਅਤੇ ਦਿਲਾਸੇ ਦੀ ਲੋੜ ਸੀ। ਬਾਈਬਲ ਕਹਿੰਦੀ ਹੈ: “ਇਸਰਾਏਲੀਆਂ ਵਿੱਚ ਇਹ ਮਰਜਾਦਾ ਠਹਿਰੀ। ਜੋ ਵਰਹੇ ਦੇ ਵਰਹੇ ਇਸਰਾਏਲ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ [“ਦੀ ਸ਼ਲਾਘਾ,” NW] ਕਰਨ ਜਾਂਦੀਆਂ ਸਨ।” (ਨਿਆ. 11:39, 40) ਯਿਫ਼ਤਾਹ ਦੀ ਧੀ ਦੀ ਮਿਸਾਲ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ ਜੋ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਕੁਆਰੇ ਰਹਿੰਦੇ ਹਨ। ਕੀ ਅਸੀਂ ਉਨ੍ਹਾਂ ਦੀ ਤਾਰੀਫ਼ ਕਰ ਕੇ ਉਨ੍ਹਾਂ ਨੂੰ ਹੌਸਲਾ ਦੇ ਸਕਦੇ ਹਾਂ?—1 ਕੁਰਿੰ. 7:32-35.
ਰਸੂਲਾਂ ਨੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ
12, 13. ਪਤਰਸ ਨੇ ਭੈਣਾਂ-ਭਰਾਵਾਂ ਨੂੰ ਹੌਸਲਾ ਕਿਵੇਂ ਦਿੱਤਾ?
12 ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ ਰਸੂਲ ਨੂੰ ਕਿਹਾ: “ਹੇ ਸ਼ਮਊਨ, ਹੇ ਸ਼ਮਊਨ, ਸ਼ੈਤਾਨ ਨੇ ਕਿਹਾ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਕਣਕ ਵਾਂਗ ਛੱਟਣਾ ਚਾਹੁੰਦਾ ਹੈ। ਪਰ ਮੈਂ ਤੇਰੇ ਲਈ ਅਰਦਾਸ ਕੀਤੀ ਹੈ ਕਿ ਤੂੰ ਨਿਹਚਾ ਕਰਨੀ ਨਾ ਛੱਡੇਂ, ਅਤੇ ਜਦੋਂ ਤੂੰ ਤੋਬਾ ਕਰ ਕੇ ਮੁੜ ਆਵੇਂ, ਤਾਂ ਆਪਣੇ ਭਰਾਵਾਂ ਨੂੰ ਤਕੜਾ ਕਰੀਂ।”—ਲੂਕਾ 22:31, 32.
13 ਪਹਿਲੀ ਸਦੀ ਵਿਚ ਪਤਰਸ ਵੀ ਮਸੀਹੀ ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਵਿੱਚੋਂ ਇਕ ਸੀ। (ਗਲਾ. 2:9) ਉਸ ਨੇ ਆਪਣੇ ਦਲੇਰੀ ਦੇ ਕੰਮਾਂ ਰਾਹੀਂ ਪੰਤੇਕੁਸਤ ਦੇ ਸਮੇਂ ਅਤੇ ਇਸ ਤੋਂ ਬਾਅਦ ਵੀ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ। ਕਾਫ਼ੀ ਸਾਲ ਸੇਵਾ ਕਰਨ ਤੋਂ ਬਾਅਦ ਉਸ ਨੇ ਭੈਣਾਂ-ਭਰਾਵਾਂ ਨੂੰ ਲਿਖਿਆ: “ਮੈਂ ਇਹ ਥੋੜ੍ਹੇ ਸ਼ਬਦ ਲਿਖ ਕੇ ਤੁਹਾਨੂੰ ਹੱਲਾਸ਼ੇਰੀ ਅਤੇ ਪੱਕੀ ਗਵਾਹੀ ਦੇ ਰਿਹਾ ਹਾਂ ਕਿ ਤੁਹਾਡੇ ਉੱਤੇ ਹੋਈ ਪਰਮੇਸ਼ੁਰ ਦੀ ਅਪਾਰ ਕਿਰਪਾ ਸੱਚੀ ਹੈ। ਤੁਸੀਂ ਇਸ ਅਪਾਰ ਕਿਰਪਾ ਨੂੰ ਮਜ਼ਬੂਤੀ ਨਾਲ ਫੜੀ ਰੱਖੋ।” (1 ਪਤ. 5:12) ਪਤਰਸ ਦੀਆਂ ਚਿੱਠੀਆਂ ਤੋਂ ਉਸ ਵੇਲੇ ਮਸੀਹੀਆਂ ਨੂੰ ਬਹੁਤ ਹੌਸਲਾ ਮਿਲਿਆ। ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ ਅੱਜ ਸਾਨੂੰ ਵੀ ਕਿੰਨੇ ਹੌਸਲੇ ਦੀ ਲੋੜ ਹੈ!—2 ਪਤ. 3:13.
14, 15. ਯੂਹੰਨਾ ਰਸੂਲ ਦੁਆਰਾ ਲਿਖੀਆਂ ਬਾਈਬਲ ਦੀਆਂ ਕਿਤਾਬਾਂ ਤੋਂ ਸਾਨੂੰ ਹੌਸਲਾ ਕਿਵੇਂ ਮਿਲਦਾ ਹੈ?
14 ਪਹਿਲੀ ਸਦੀ ਵਿਚ ਯੂਹੰਨਾ ਵੀ ਮਸੀਹੀ ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਵਿੱਚੋਂ ਇਕ ਸੀ। ਉਸ ਨੇ ਆਪਣੀ ਇੰਜੀਲ ਵਿਚ ਯਿਸੂ ਦੀ ਸੇਵਕਾਈ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਹੈ। ਬਾਈਬਲ ਦੀ ਇਸ ਕਿਤਾਬ ਤੋਂ ਸੈਂਕੜੇ ਸਾਲਾਂ ਬਾਅਦ ਵੀ ਮਸੀਹੀਆਂ ਨੂੰ ਇਸ ਤੋਂ ਹੌਸਲਾ ਮਿਲਦਾ ਰਿਹਾ ਅਤੇ ਅੱਜ ਸਾਨੂੰ ਵੀ ਹੌਸਲਾ ਮਿਲ ਰਿਹਾ ਹੈ। ਮਿਸਾਲ ਲਈ, ਅਸੀਂ ਸਿਰਫ਼ ਯੂਹੰਨਾ ਦੀ ਇੰਜੀਲ ਵਿਚ ਹੀ ਯਿਸੂ ਦੀ ਇਹ ਗੱਲ ਪੜ੍ਹਦੇ ਹਾਂ ਕਿ ਪਿਆਰ ਉਸ ਦੇ ਸੱਚੇ ਚੇਲਿਆਂ ਦੀ ਪਛਾਣ ਹੈ।—ਯੂਹੰਨਾ 13:34, 35 ਪੜ੍ਹੋ।
15 ਯੂਹੰਨਾ ਦੁਆਰਾ ਲਿਖੀਆਂ ਤਿੰਨ ਚਿੱਠੀਆਂ ਵਿਚ ਵੀ ਅਨਮੋਲ ਸੱਚਾਈਆਂ ਹਨ। ਜਦੋਂ ਅਸੀਂ ਆਪਣੀਆਂ ਗ਼ਲਤੀਆਂ ਕਰਕੇ ਨਿਰਾਸ਼ ਹੁੰਦੇ ਹਾਂ, ਤਾਂ ਸਾਨੂੰ ਇਹ ਸ਼ਬਦ ਪੜ੍ਹ ਕੇ ਰਾਹਤ ਮਿਲਦੀ ਹੈ ਕਿ “ਯਿਸੂ ਦਾ ਲਹੂ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।” (1 ਯੂਹੰ. 1:7) ਪਰ ਜੇ ਅਸੀਂ ਆਪਣੇ ਆਪ ਵਿਚ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਾਂ, ਤਾਂ ਸਾਨੂੰ ਇਹ ਸ਼ਬਦ ਪੜ੍ਹ ਕੇ ਦਿਲਾਸਾ ਮਿਲਦਾ ਹੈ ਕਿ “ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ।” (1 ਯੂਹੰ. 3:20) ਬਾਈਬਲ ਦੇ ਲਿਖਾਰੀਆਂ ਵਿੱਚੋਂ ਸਿਰਫ਼ ਯੂਹੰਨਾ ਨੇ ਹੀ ਲਿਖਿਆ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8, 16) ਉਸ ਦੀ ਦੂਜੀ ਅਤੇ ਤੀਜੀ ਚਿੱਠੀ ਵਿਚ ਉਨ੍ਹਾਂ ਮਸੀਹੀਆਂ ਦੀ ਤਾਰੀਫ਼ ਕੀਤੀ ਗਈ ਹੈ ਜੋ “ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।”—2 ਯੂਹੰ. 4; 3 ਯੂਹੰ. 3, 4.
16, 17. ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੌਸਲਾ ਕਿਵੇਂ ਦਿੱਤਾ?
ਰਸੂ. 8:14; 15:2) ਯਹੂਦੀਆ ਵਿਚ ਰਹਿਣ ਵਾਲੇ ਮਸੀਹੀਆਂ ਨੇ ਉਨ੍ਹਾਂ ਲੋਕਾਂ ਨੂੰ ਯਿਸੂ ਬਾਰੇ ਪ੍ਰਚਾਰ ਕੀਤਾ ਜੋ ਪਹਿਲਾਂ ਹੀ ਇਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਸਨ। ਪਰ ਪਵਿੱਤਰ ਸ਼ਕਤੀ ਨੇ ਪੌਲੁਸ ਨੂੰ ਯੂਨਾਨੀਆਂ, ਰੋਮੀਆਂ ਅਤੇ ਹੋਰ ਲੋਕਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ ਜੋ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ।—ਗਲਾ. 2:7-9; 1 ਤਿਮੋ. 2:7.
16 ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਵਿਚ ਬਹੁਤ ਵਧੀਆ ਮਿਸਾਲ ਰੱਖੀ। ਯਿਸੂ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਜ਼ਿਆਦਾਤਰ ਰਸੂਲ ਯਰੂਸ਼ਲਮ ਵਿਚ ਹੀ ਰਹੇ, ਜਿੱਥੇ ਪ੍ਰਬੰਧਕ ਸਭਾ ਸੀ। (17 ਪੌਲੁਸ ਯੂਨਾਨ ਅਤੇ ਇਟਲੀ ਵਿਚ ਜਾਣ ਦੇ ਨਾਲ-ਨਾਲ ਉਸ ਇਲਾਕੇ ਵਿਚ ਗਿਆ ਜਿਸ ਨੂੰ ਅੱਜ ਤੁਰਕੀ ਕਿਹਾ ਜਾਂਦਾ ਹੈ। ਉਸ ਨੇ ਉਨ੍ਹਾਂ ਇਲਾਕਿਆਂ ਵਿਚ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕੀਤਾ ਅਤੇ ਮਸੀਹੀ ਮੰਡਲੀਆਂ ਸਥਾਪਿਤ ਕੀਤੀਆਂ। ਨਵੇਂ ਮਸੀਹੀਆਂ ਦੀ ਜ਼ਿੰਦਗੀ ਸੌਖੀ ਨਹੀਂ ਸੀ। ਉਨ੍ਹਾਂ ਨੂੰ ਆਪਣੀ ਹੀ ਕੌਮ ਦੇ ਲੋਕਾਂ ਹੱਥੋਂ ਅਤਿਆਚਾਰ ਸਹਿਣੇ ਪੈ ਰਹੇ ਸਨ। ਇਸ ਲਈ ਉਨ੍ਹਾਂ ਨੂੰ ਹੌਸਲੇ ਦੀ ਲੋੜ ਸੀ। (1 ਥੱਸ. 2:14) ਲਗਭਗ 50 ਈਸਵੀ ਵਿਚ ਪੌਲੁਸ ਨੇ ਥੱਸਲੁਨੀਕਾ ਦੀ ਨਵੀਂ ਮੰਡਲੀ ਨੂੰ ਹੌਸਲੇ ਭਰੀ ਚਿੱਠੀ ਲਿਖੀ। ਉਸ ਨੇ ਕਿਹਾ: ‘ਅਸੀਂ ਪ੍ਰਾਰਥਨਾ ਕਰਨ ਵੇਲੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਜ਼ਿਕਰ ਕਰਦਿਆਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਹਮੇਸ਼ਾ ਉਨ੍ਹਾਂ ਕੰਮਾਂ ਨੂੰ ਯਾਦ ਰੱਖਦੇ ਹਾਂ ਜਿਹੜੇ ਤੁਸੀਂ ਨਿਹਚਾ ਅਤੇ ਪਿਆਰ ਕਰਨ ਕਰਕੇ ਕੀਤੇ ਹਨ। ਸਾਨੂੰ ਇਹ ਵੀ ਯਾਦ ਹੈ ਕਿ ਤੁਸੀਂ ਧੀਰਜ ਰੱਖਿਆ ਹੈ।’ (1 ਥੱਸ. 1:2, 3) ਉਸ ਨੇ ਉਨ੍ਹਾਂ ਨੂੰ ਇਕ-ਦੂਜੇ ਨੂੰ ਹੌਸਲਾ ਦੇਣ ਦੀ ਹੱਲਾਸ਼ੇਰੀ ਵੀ ਦਿੱਤੀ। ਉਸ ਨੇ ਲਿਖਿਆ: “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।”—1 ਥੱਸ. 5:11.
ਪ੍ਰਬੰਧਕ ਸਭਾ ਵੱਲੋਂ ਹੌਸਲਾ
18. ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੇ ਫ਼ਿਲਿੱਪੁਸ ਨੂੰ ਹੌਸਲਾ ਕਿਵੇਂ ਦਿੱਤਾ?
18 ਪਹਿਲੀ ਸਦੀ ਵਿਚ, ਯਹੋਵਾਹ ਨੇ ਪ੍ਰਬੰਧਕ ਸਭਾ ਦੁਆਰਾ ਸਾਰੇ ਮਸੀਹੀਆਂ ਅਤੇ ਮੰਡਲੀਆਂ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਨੂੰ ਹੌਸਲਾ ਦਿੱਤਾ। ਜਦੋਂ ਫ਼ਿਲਿੱਪੁਸ ਨੇ ਸਾਮਰੀਆ ਦੇ ਲੋਕਾਂ ਨੂੰ ਮਸੀਹ ਬਾਰੇ ਪ੍ਰਚਾਰ ਕੀਤਾ, ਤਾਂ ਪ੍ਰਬੰਧਕ ਸਭਾ ਨੇ ਉਸ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਪ੍ਰਬੰਧਕ ਸਭਾ ਦੇ ਦੋ ਭਰਾਵਾਂ, ਪਤਰਸ ਅਤੇ ਯੂਹੰਨਾ, ਨੂੰ ਭੇਜਿਆ ਤਾਂਕਿ ਉਹ ਨਵੇਂ ਮਸੀਹੀਆਂ ਲਈ ਪਵਿੱਤਰ ਸ਼ਕਤੀ ਵਾਸਤੇ ਪ੍ਰਾਰਥਨਾ ਕਰਨ। (ਰਸੂ. 8:5, 14-17) ਪ੍ਰਬੰਧਕ ਸਭਾ ਤੋਂ ਮਦਦ ਪਾ ਕੇ ਫ਼ਿਲਿੱਪੁਸ ਅਤੇ ਨਵੇਂ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ।
19. ਪਹਿਲੀ ਸਦੀ ਦੇ ਮਸੀਹੀਆਂ ਨੂੰ ਪ੍ਰਬੰਧਕ ਸਭਾ ਦੀ ਚਿੱਠੀ ਪੜ੍ਹ ਕੇ ਕਿਵੇਂ ਲੱਗਾ?
19 ਬਾਅਦ ਵਿਚ, ਪ੍ਰਬੰਧਕ ਸਭਾ ਨੂੰ ਜ਼ਰੂਰੀ ਫ਼ੈਸਲਾ ਲੈਣਾ ਪਿਆ। ਕੀ ਮੂਸਾ ਦੇ ਕਾਨੂੰਨ ਮੁਤਾਬਕ ਗ਼ੈਰ-ਯਹੂਦੀਆਂ ਨੂੰ ਵੀ ਯਹੂਦੀਆਂ ਵਾਂਗ ਸੁੰਨਤ ਕਰਵਾਉਣੀ ਚਾਹੀਦੀ ਸੀ? (ਰਸੂ. 15:1, 2) ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨ ਅਤੇ ਲਿਖਤਾਂ ਤੋਂ ਖੋਜਬੀਨ ਕਰਨ ਤੋਂ ਬਾਅਦ ਪ੍ਰਬੰਧਕ ਸਭਾ ਨੇ ਫ਼ੈਸਲਾ ਕੀਤਾ ਕਿ ਹੁਣ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਵਾਉਣ ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਇਸ ਫ਼ੈਸਲੇ ਬਾਰੇ ਚਿੱਠੀ ਰਾਹੀਂ ਸਮਝਾਇਆ ਅਤੇ ਭਰਾਵਾਂ ਨੂੰ ਇਹ ਚਿੱਠੀ ਮੰਡਲੀਆਂ ਵਿਚ ਦੇਣ ਲਈ ਭੇਜਿਆ। ਮਸੀਹੀਆਂ ਨੂੰ ਚਿੱਠੀ ਪੜ੍ਹ ਕੇ “ਖ਼ੁਸ਼ੀ ਹੋਈ ਅਤੇ ਹੌਸਲਾ ਮਿਲਿਆ।”—ਰਸੂ. 15:27-32.
20. (ੳ) ਅੱਜ ਪ੍ਰਬੰਧਕ ਸਭਾ ਸਾਨੂੰ ਸਾਰਿਆਂ ਨੂੰ ਹੌਸਲਾ ਕਿਵੇਂ ਦਿੰਦੀ ਹੈ? (ਅ) ਅਸੀਂ ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਲਵਾਂਗੇ?
20 ਅੱਜ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਬੈਥਲ ਵਿਚ ਕੰਮ ਕਰਨ ਵਾਲਿਆਂ ਨੂੰ, ਖ਼ਾਸ ਪੂਰੇ ਸਮੇਂ ਦੇ ਸੇਵਕਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਹੌਸਲਾ ਦਿੰਦੀ ਹੈ। ਪਹਿਲੀ ਸਦੀ ਦੇ ਭੈਣਾਂ-ਭਰਾਵਾਂ ਵਾਂਗ ਅਸੀਂ ਵੀ ਹੌਸਲਾ ਪਾ ਕੇ ਫੁੱਲੇ ਨਹੀਂ ਸਮਾਉਂਦੇ! ਸੱਚਾਈ ਤੋਂ ਦੂਰ ਹੋ ਚੁੱਕੇ ਲੋਕਾਂ ਨੂੰ ਵੀ ਵਾਪਸ ਆਉਣ ਦਾ ਹੌਸਲਾ ਦੇਣ ਲਈ ਪ੍ਰਬੰਧਕ ਸਭਾ ਨੇ 2015 ਵਿਚ ਯਹੋਵਾਹ ਕੋਲ ਮੁੜ ਆਓ ਨਾਂ ਦਾ ਬਰੋਸ਼ਰ ਛਾਪਿਆ ਸੀ। ਪਰ ਕੀ ਸਿਰਫ਼ ਅਗਵਾਈ ਲੈਣ ਵਾਲਿਆਂ ਨੂੰ ਹੀ ਹੌਸਲਾ ਦੇਣਾ ਚਾਹੀਦਾ ਹੈ ਜਾਂ ਸਾਨੂੰ ਸਾਰਿਆਂ ਨੂੰ ਇੱਦਾਂ ਕਰਨਾ ਚਾਹੀਦਾ ਹੈ? ਅਸੀਂ ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਲਵਾਂਗੇ।