Skip to content

Skip to table of contents

ਅਧਿਐਨ ਲੇਖ 14

ਗੀਤ 56 ਸੱਚਾਈ ਦੇ ਰਾਹ ʼਤੇ ਚੱਲ

‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ’

‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ’

“ਆਓ ਆਪਾਂ ਸਮਝਦਾਰ ਬਣਨ ਲਈ ਪੂਰੀ ਵਾਹ ਲਾਈਏ।”​—ਇਬ. 6:1.

ਕੀ ਸਿੱਖਾਂਗੇ?

ਅਸੀਂ ਦੇਖਾਂਗੇ ਕਿ ਇਕ ਸਮਝਦਾਰ ਮਸੀਹੀ ਕਿਵੇਂ ਪਰਮੇਸ਼ੁਰ ਵਾਂਗ ਸੋਚਦਾ ਅਤੇ ਕੰਮ ਕਰਦਾ ਹੈ ਜਿਸ ਕਰਕੇ ਉਹ ਸਹੀ ਫ਼ੈਸਲੇ ਕਰ ਪਾਉਂਦਾ ਹੈ।

1. ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?

 ਬੱਚੇ ਦੇ ਪੈਦਾ ਹੋਣ ਤੇ ਮਾਪਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਹ ਆਪਣੇ ਨਵਜੰਮੇ ਬੱਚੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਜਲਦੀ-ਜਲਦੀ ਵੱਡਾ ਹੋ ਜਾਵੇ। ਪਰ ਜੇ ਬੱਚਾ ਨਾ ਵਧੇ-ਫੁੱਲੇ, ਤਾਂ ਮਾਪਿਆਂ ਨੂੰ ਚਿੰਤਾ ਹੋਣ ਲੱਗਦੀ ਹੈ। ਬਿਲਕੁਲ ਉਸੇ ਤਰ੍ਹਾਂ ਜਦੋਂ ਅਸੀਂ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕਰਦੇ ਹਾਂ, ਤਾਂ ਇਹ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਜੇ ਅਸੀਂ ਸੱਚਾਈ ਵਿਚ ਹਮੇਸ਼ਾ ਨਿਆਣੇ ਹੀ ਬਣੇ ਰਹਿੰਦੇ ਹਾਂ, ਤਾਂ ਉਸ ਨੂੰ ਇਹ ਦੇਖ ਕੇ ਚੰਗਾ ਨਹੀਂ ਲੱਗਦਾ। (1 ਕੁਰਿੰ. 3:1) ਉਹ ਚਾਹੁੰਦਾ ਹੈ ਕਿ ਅਸੀਂ ਅੱਗੇ ਵੀ ਸਿੱਖਦੇ ਰਹੀਏ ਅਤੇ “ਸਿਆਣੇ” ਬਣੀਏ।​—1 ਕੁਰਿੰ. 14:20.

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

2 ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ। ਸਿਆਣੇ ਜਾਂ ਸਮਝਦਾਰ ਬਣਨ ਦਾ ਕੀ ਮਤਲਬ ਹੈ? ਇਕ ਮਸੀਹੀ ਸਮਝਦਾਰ ਕਿਵੇਂ ਬਣ ਸਕਦਾ ਹੈ? ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਦਾ ਅਧਿਐਨ ਕਰਨ ਨਾਲ ਅਸੀਂ ਕਿਵੇਂ ਸਮਝਦਾਰ ਮਸੀਹੀ ਬਣਦੇ ਹਾਂ? ਨਾਲੇ ਸਾਨੂੰ ਆਪਣੇ ਆਪ ʼਤੇ ਹੱਦੋਂ ਵੱਧ ਭਰੋਸਾ ਕਿਉਂ ਨਹੀਂ ਰੱਖਣਾ ਚਾਹੀਦਾ?

ਸਮਝਦਾਰ ਬਣਨ ਦਾ ਕੀ ਮਤਲਬ ਹੈ?

3. ਸਮਝਦਾਰ ਬਣਨ ਦਾ ਕੀ ਮਤਲਬ ਹੈ?

3 ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਪੂਰਾ ਕੱਦ-ਕਾਠ” ਕੀਤਾ ਗਿਆ ਹੈ, ਉਸ ਦਾ ਮਤਲਬ “ਸਮਝਦਾਰ,” “ਸਿਆਣੇ” ਜਾਂ “ਮੁਕੰਮਲ” ਵੀ ਹੋ ਸਕਦਾ ਹੈ। (ਅਫ਼. 4:13) ਜਿੱਦਾਂ ਇਕ ਬੱਚਾ ਹੌਲੀ-ਹੌਲੀ ਆਪਣਾ ਪੂਰਾ ਕੱਦ-ਕਾਠ ਕੱਢ ਲੈਂਦਾ ਹੈ, ਉਸੇ ਤਰ੍ਹਾਂ ਜਦੋਂ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋ ਜਾਂਦਾ ਹੈ, ਤਾਂ ਅਸੀਂ ਵੀ ਆਪਣਾ ਪੂਰਾ ਕੱਦ-ਕਾਠ ਕੱਢ ਲੈਂਦੇ ਹਾਂ ਯਾਨੀ ਸਮਝਦਾਰ ਬਣ ਜਾਂਦੇ ਹਾਂ। ਪਰ ਇਸ ਤੋਂ ਬਾਅਦ ਵੀ ਸਾਨੂੰ ਸਮਝਦਾਰ ਬਣੇ ਰਹਿਣ ਲਈ ਮਿਹਨਤ ਕਰਨ ਦੀ ਲੋੜ ਹੈ। (1 ਤਿਮੋ. 4:15) ਚਾਹੇ ਅਸੀਂ ਉਮਰ ਵਿਚ ਛੋਟੇ ਹੋਈਏ ਜਾਂ ਵੱਡੇ, ਅਸੀਂ ਸਾਰੇ ਸਮਝਦਾਰ ਬਣ ਸਕਦੇ ਹਾਂ। ਪਰ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਸਮਝਦਾਰ ਹਾਂ ਜਾਂ ਨਹੀਂ?

4. ਇਕ ਸਮਝਦਾਰ ਮਸੀਹੀ ਕੌਣ ਹੁੰਦਾ ਹੈ?

4 ਇਕ ਸਮਝਦਾਰ ਮਸੀਹੀ ਪਰਮੇਸ਼ੁਰ ਦੇ ਸਾਰੇ ਹੁਕਮ ਮੰਨਦਾ ਹੈ। ਉਹ ਹੁਕਮ ਵੀ ਜੋ ਉਸ ਨੂੰ ਸ਼ਾਇਦ ਪਸੰਦ ਨਾ ਹੋਣ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਤੋਂ ਕੋਈ ਗ਼ਲਤੀ ਨਹੀਂ ਹੋਵੇਗੀ। ਪਰ ਉਹ ਹਰ ਰੋਜ਼ ਆਪਣੇ ਜੀਉਣ ਦੇ ਤਰੀਕੇ ਤੋਂ ਦਿਖਾਉਂਦਾ ਹੈ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। ਉਹ ਆਪਣੇ ਅੰਦਰ ਮਸੀਹੀ ਗੁਣ ਵਧਾਉਂਦਾ ਰਹਿੰਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਉਹ ਹਰ ਮਾਮਲੇ ਵਿਚ ਪਰਮੇਸ਼ੁਰ ਵਾਂਗ ਸੋਚੇ। (ਅਫ਼. 4:22-24) ਕੋਈ ਵੀ ਫ਼ੈਸਲਾ ਕਰਨ ਲਈ ਉਸ ਨੂੰ ਕਾਨੂੰਨਾਂ ਦੀ ਲੰਬੀ-ਚੌੜੀ ਲਿਸਟ ਦੀ ਲੋੜ ਨਹੀਂ ਹੁੰਦੀ। ਉਹ ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਉਹ ਸੋਚ-ਸਮਝ ਕੇ ਫ਼ੈਸਲੇ ਕਰਦਾ ਹੈ। ਨਾਲੇ ਉਹ ਆਪਣੇ ਫ਼ੈਸਲਿਆਂ ʼਤੇ ਡਟੇ ਰਹਿਣ ਲਈ ਜੱਦੋ-ਜਹਿਦ ਕਰਦਾ ਹੈ।​—1 ਕੁਰਿੰ. 9:26, 27.

5. ਨਾਸਮਝ ਮਸੀਹੀ ਕੌਣ ਹੁੰਦੇ ਹਨ? (ਅਫ਼ਸੀਆਂ 4:14, 15)

5 ਦੂਜੇ ਪਾਸੇ, ਨਾਸਮਝ ਮਸੀਹੀ ਸੌਖਿਆਂ ਹੀ “ਚਾਲਬਾਜ਼” ਅਤੇ “ਧੋਖਾ ਦੇਣ ਵਾਲੀਆਂ ਸਿੱਖਿਆਵਾਂ” ਪਿੱਛੇ ਲੱਗ ਸਕਦੇ ਹਨ। (ਅਫ਼ਸੀਆਂ 4:14, 15 ਪੜ੍ਹੋ।) ਮਿਸਾਲ ਲਈ, ਸੋਸ਼ਲ ਮੀਡੀਆ ਅਤੇ ਅਖ਼ਬਾਰ ਵਿਚ ਆਉਣ ਵਾਲੀਆਂ ਅਫ਼ਵਾਹਾਂ ਤੇ ਝੂਠੀਆਂ ਖ਼ਬਰਾਂ ਨੂੰ ਉਹ ਸੱਚ ਮੰਨ ਲੈਂਦੇ ਹਨ ਅਤੇ ਧਰਮ-ਤਿਆਗੀਆਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। a ਇੰਨਾ ਹੀ ਨਹੀਂ, ਉਹ ਦੂਜਿਆਂ ਦੀਆਂ ਗੱਲਾਂ ਦਾ ਝੱਟ ਗੁੱਸਾ ਕਰ ਲੈਂਦੇ ਹਨ, ਈਰਖਾ ਕਰਦੇ ਹਨ, ਝਗੜਦੇ ਹਨ ਅਤੇ ਭਰਮਾਏ ਜਾਣ ʼਤੇ ਗ਼ਲਤ ਕੰਮ ਕਰ ਬੈਠਦੇ ਹਨ।​—1 ਕੁਰਿੰ. 3:3.

6. ਸਮਝਦਾਰ ਬਣਨ ਦੀ ਤੁਲਨਾ ਇਕ ਬੱਚੇ ਦੇ ਵੱਡੇ ਹੋਣ ਨਾਲ ਕਿਵੇਂ ਕੀਤੀ ਜਾ ਸਕਦੀ ਹੈ? (ਤਸਵੀਰ ਵੀ ਦੇਖੋ।)

6 ਜਿੱਦਾਂ ਅਸੀਂ ਸ਼ੁਰੂ ਵਿਚ ਦੇਖਿਆ ਸੀ, ਸਮੇਂ ਦੇ ਬੀਤਣ ਨਾਲ ਬੱਚੇ ਵੱਡੇ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਨੂੰ ਵੀ ਸੱਚਾਈ ਵਿਚ ਹਮੇਸ਼ਾ ਬੱਚੇ ਨਹੀਂ ਬਣੇ ਰਹਿਣਾ ਚਾਹੀਦਾ, ਸਗੋਂ ਸਮਝਦਾਰ ਬਣਨਾ ਚਾਹੀਦਾ ਹੈ। ਇਕ ਬੱਚੇ ਨੂੰ ਜ਼ਿਆਦਾ ਸਮਝ ਨਹੀਂ ਹੁੰਦੀ, ਇਸ ਲਈ ਕਿਸੇ ਵੱਡੇ ਨੂੰ ਉਸ ਨੂੰ ਦੱਸਣਾ ਪੈਂਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਮਿਸਾਲ ਲਈ, ਜਦੋਂ ਇਕ ਕੁੜੀ ਛੋਟੀ ਹੁੰਦੀ ਹੈ, ਤਾਂ ਉਸ ਦੀ ਮਾਂ ਉਸ ਦਾ ਹੱਥ ਫੜ ਕੇ ਉਸ ਨੂੰ ਸੜਕ ਪਾਰ ਕਰਾਉਂਦੀ ਹੈ। ਪਰ ਜਦੋਂ ਉਹ ਕੁੜੀ ਥੋੜ੍ਹੀ ਵੱਡੀ ਹੋ ਜਾਂਦੀ ਹੈ, ਤਾਂ ਸ਼ਾਇਦ ਉਸ ਦੀ ਮਾਂ ਉਸ ਨੂੰ ਖ਼ੁਦ ਸੜਕ ਪਾਰ ਕਰਨ ਦੇਵੇ। ਫਿਰ ਵੀ ਉਹ ਕੁੜੀ ਨੂੰ ਕਹਿੰਦੀ ਹੈ, ‘ਧੀਏ, ਸੱਜੇ-ਖੱਬੇ ਦੇਖ ਕੇ ਸੜਕ ਪਾਰ ਕਰੀਂ।’ ਪਰ ਜਦੋਂ ਕੁੜੀ ਹੋਰ ਵੱਡੀ ਹੋ ਜਾਂਦੀ ਹੈ ਯਾਨੀ ਸਮਝਦਾਰ ਹੋ ਜਾਂਦੀ ਹੈ, ਉਦੋਂ ਕੀ? ਉਦੋਂ ਉਸ ਨੂੰ ਕੁਝ ਦੱਸਣਾ ਨਹੀਂ ਪੈਂਦਾ। ਉਹ ਖ਼ੁਦ ਹੀ ਸੜਕ ਪਾਰ ਕਰ ਲੈਂਦੀ ਹੈ। ਕੁਝ ਮਸੀਹੀ ਵੀ ਬੱਚਿਆਂ ਵਾਂਗ ਨਾਸਮਝ ਹੁੰਦੇ ਹਨ। ਸਹੀ ਫ਼ੈਸਲੇ ਲੈਣ ਲਈ ਉਨ੍ਹਾਂ ਨੂੰ ਸਮਝਦਾਰ ਮਸੀਹੀਆਂ ਦੀ ਮਦਦ ਦੀ ਲੋੜ ਪੈਂਦੀ ਹੈ। ਜੇ ਉਹ ਮਦਦ ਨਾ ਲੈਣ, ਤਾਂ ਸ਼ਾਇਦ ਉਹ ਕੋਈ ਇੱਦਾਂ ਦਾ ਫ਼ੈਸਲਾ ਕਰ ਬੈਠਣ ਜਿਸ ਨਾਲ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੋ ਜਾਵੇ। ਪਰ ਜਦੋਂ ਉਹ ਸਮਝਦਾਰ ਬਣ ਜਾਂਦੇ ਹਨ, ਤਾਂ ਉਹ ਖ਼ੁਦ ਆਪਣੇ ਲਈ ਸਹੀ ਫ਼ੈਸਲੇ ਕਰਦੇ ਹਨ। ਉਹ ਬਾਈਬਲ ਦੇ ਅਸੂਲਾਂ ਬਾਰੇ ਸੋਚਦੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਦੀ ਕੀ ਸੋਚ ਹੈ। ਫਿਰ ਉਹ ਉਸ ਮੁਤਾਬਕ ਕੰਮ ਕਰਦੇ ਹਨ।

ਨਾਸਮਝ ਮਸੀਹੀਆਂ ਨੂੰ ਸਿੱਖਣ ਦੀ ਲੋੜ ਹੈ ਕਿ ਬਾਈਬਲ ਦੇ ਅਸੂਲਾਂ ਨੂੰ ਮੰਨ ਕੇ ਸਹੀ ਫ਼ੈਸਲੇ ਕਿਵੇਂ ਕੀਤੇ ਜਾ ਸਕਦੇ ਹਨ (ਪੈਰਾ 6 ਦੇਖੋ)


7. ਕੀ ਸਮਝਦਾਰ ਮਸੀਹੀਆਂ ਨੂੰ ਦੂਜਿਆਂ ਦੀ ਮਦਦ ਦੀ ਲੋੜ ਪੈਂਦੀ ਹੈ?

7 ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਮਝਦਾਰ ਮਸੀਹੀਆਂ ਨੂੰ ਕਿਸੇ ਦੀ ਮਦਦ ਦੀ ਲੋੜ ਹੀ ਨਹੀਂ ਪੈਂਦੀ? ਬਿਲਕੁਲ ਪੈਂਦੀ ਹੈ। ਸਮਝਦਾਰ ਮਸੀਹੀ ਵੀ ਕਦੀ-ਕਦੀ ਦੂਜਿਆਂ ਤੋਂ ਮਦਦ ਲੈਂਦੇ ਹਨ। ਪਰ ਉਹ ਉਨ੍ਹਾਂ ਤੋਂ ਇਹ ਨਹੀਂ ਪੁੱਛਦੇ, ‘ਜੇ ਤੁਸੀਂ ਮੇਰੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ ਜਾਂ ਮੇਰੇ ਲਈ ਕਿਹੜਾ ਫ਼ੈਸਲਾ ਲੈਣਾ ਸਹੀ ਹੋਵੇਗਾ?’ ਇੱਦਾਂ ਦੇ ਸਵਾਲ ਤਾਂ ਇਕ ਨਾਸਮਝ ਵਿਅਕਤੀ ਪੁੱਛਦਾ ਹੈ। ਇਸ ਦੇ ਉਲਟ, ਇਕ ਸਮਝਦਾਰ ਮਸੀਹੀ ਤਜਰਬੇਕਾਰ ਭੈਣਾਂ-ਭਰਾਵਾਂ ਤੋਂ ਸਲਾਹ ਤਾਂ ਜ਼ਰੂਰ ਲੈਂਦਾ ਹੈ, ਪਰ ਉਹ ਯਾਦ ਰੱਖਦਾ ਹੈ ਕਿ ਫ਼ੈਸਲਾ ਉਸ ਨੂੰ ਖ਼ੁਦ ਹੀ ਲੈਣਾ ਪੈਣਾ ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਹਰੇਕ ਵਿਅਕਤੀ ‘ਆਪੋ-ਆਪਣਾ ਭਾਰ ਚੁੱਕੇ।’​—ਗਲਾ. 6:5.

8. ਸਮਝਦਾਰ ਮਸੀਹੀ ਕਿਸ ਮਾਅਨੇ ਵਿਚ ਇਕ-ਦੂਜੇ ਤੋਂ ਅਲੱਗ ਹੁੰਦੇ ਹਨ?

8 ਸਾਰੇ ਲੋਕ ਦੇਖਣ ਵਿਚ ਇੱਕੋ ਜਿਹੇ ਨਹੀਂ ਹੁੰਦੇ। ਉਸੇ ਤਰ੍ਹਾਂ ਸਮਝਦਾਰ ਮਸੀਹੀ ਵੀ ਇੱਕੋ ਜਿਹੇ ਨਹੀਂ ਹੁੰਦੇ। ਹਰ ਕਿਸੇ ਵਿਚ ਅਲੱਗ-ਅਲੱਗ ਗੁਣ ਹੁੰਦੇ ਹਨ। ਕੁਝ ਜਣੇ ਜ਼ਿਆਦਾ ਬੁੱਧੀਮਾਨ ਹੁੰਦੇ ਹਨ ਤੇ ਕੁਝ ਦਲੇਰ। ਕੁਝ ਜਣੇ ਜ਼ਿਆਦਾ ਖੁੱਲ੍ਹ-ਦਿਲੇ ਹੁੰਦੇ ਹਨ ਤੇ ਕੁਝ ਹਮਦਰਦ। ਇਸ ਤੋਂ ਇਲਾਵਾ, ਉਨ੍ਹਾਂ ਦੇ ਫ਼ੈਸਲੇ ਵੀ ਇਕ-ਦੂਜੇ ਤੋਂ ਅਲੱਗ ਹੋ ਸਕਦੇ ਹਨ। ਮੰਨ ਲਓ, ਦੋ ਮਸੀਹੀ ਇੱਕੋ ਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ। ਸ਼ਾਇਦ ਉਹ ਦੋਵੇਂ ਇਕ-ਦੂਜੇ ਤੋਂ ਅਲੱਗ ਫ਼ੈਸਲਾ ਲੈਣ। ਪਰ ਉਹ ਦੋਵੇਂ ਫ਼ੈਸਲੇ ਬਾਈਬਲ ਅਨੁਸਾਰ ਸਹੀ ਹੋ ਸਕਦੇ ਹਨ, ਖ਼ਾਸ ਕਰਕੇ ਉਹ ਫ਼ੈਸਲੇ ਜੋ ਸਾਡੀ ਜ਼ਮੀਰ ʼਤੇ ਛੱਡੇ ਹੁੰਦੇ ਹਨ। ਸਮਝਦਾਰ ਮਸੀਹੀ ਇਹ ਗੱਲ ਜਾਣਦੇ ਹਨ ਤੇ ਉਹ ਇਕ-ਦੂਜੇ ਦੇ ਫ਼ੈਸਲਿਆਂ ਵਿਚ ਨੁਕਸ ਨਹੀਂ ਕੱਢਦੇ। ਇਸ ਦੀ ਬਜਾਇ, ਉਹ ਇਕ-ਦੂਜੇ ਦਾ ਆਦਰ ਕਰਦੇ ਹਨ ਤੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ।​—ਰੋਮੀ. 14:10; 1 ਕੁਰਿੰ. 1:10.

ਸਮਝਦਾਰ ਕਿਵੇਂ ਬਣੀਏ?

9. ਕੀ ਇਕ ਮਸੀਹੀ ਖ਼ੁਦ-ਬਖ਼ੁਦ ਸਮਝਦਾਰ ਬਣ ਜਾਂਦਾ ਹੈ? ਸਮਝਾਓ।

9 ਸਮੇਂ ਦੇ ਬੀਤਣ ਨਾਲ ਬੱਚੇ ਖ਼ੁਦ-ਬਖ਼ੁਦ ਵੱਡੇ ਹੋ ਜਾਂਦੇ ਹਨ। ਪਰ ਮਸੀਹੀ ਖ਼ੁਦ-ਬਖ਼ੁਦ ਸਮਝਦਾਰ ਨਹੀਂ ਬਣਦੇ। ਸਮਝਦਾਰ ਬਣਨ ਲਈ ਉਨ੍ਹਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਜ਼ਰਾ ਕੁਰਿੰਥੁਸ ਦੇ ਮਸੀਹੀਆਂ ʼਤੇ ਗੌਰ ਕਰੋ। ਉਨ੍ਹਾਂ ਨੇ ਖ਼ੁਸ਼ ਖ਼ਬਰੀ ਕਬੂਲ ਕੀਤੀ ਤੇ ਫਿਰ ਬਪਤਿਸਮਾ ਲੈ ਲਿਆ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪੌਲੁਸ ਤੋਂ ਵੀ ਸਿੱਖਣ ਦਾ ਮੌਕਾ ਮਿਲਿਆ। (ਰਸੂ. 18:8-11) ਪਰ ਅਫ਼ਸੋਸ ਦੀ ਗੱਲ ਹੈ ਕਿ ਬਪਤਿਸਮੇ ਤੋਂ ਕਈ ਸਾਲਾਂ ਬਾਅਦ ਵੀ ਬਹੁਤ ਸਾਰੇ ਮਸੀਹੀ ਨਾਸਮਝ ਹੀ ਸਨ। (1 ਕੁਰਿੰ. 3:2) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੇ ਨਾਲ ਇੱਦਾਂ ਨਾ ਹੋਵੇ?

10. ਸਮਝਦਾਰ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਯਹੂਦਾਹ 20)

10 ਸਮਝਦਾਰ ਬਣਨ ਲਈ ਸਾਡੇ ਵਿਚ ਸਭ ਤੋਂ ਪਹਿਲਾਂ ਸਮਝਦਾਰ ਬਣਨ ਦੀ ਇੱਛਾ ਹੋਣੀ ਚਾਹੀਦੀ ਹੈ। ਪਰ ਕੁਝ ਜਣੇ “ਨਾਸਮਝੀ ਨੂੰ ਪਸੰਦ” ਕਰਦੇ ਹਨ ਜਿਸ ਕਰਕੇ ਉਹ ਸਮਝਦਾਰ ਨਹੀਂ ਬਣ ਪਾਉਂਦੇ। (ਕਹਾ. 1:22) ਉਹ ਉਨ੍ਹਾਂ ਬੱਚਿਆਂ ਵਾਂਗ ਹਨ ਜੋ ਵੱਡੇ ਤਾਂ ਹੋ ਗਏ ਹਨ, ਪਰ ਅਜੇ ਵੀ ਆਪਣੇ ਮਾਪਿਆਂ ʼਤੇ ਨਿਰਭਰ ਹਨ। ਉਹ ਕਿਸੇ ਕੰਮ ਦੀ ਜ਼ਿੰਮੇਵਾਰੀ ਆਪਣੇ ਸਿਰ ʼਤੇ ਨਹੀਂ ਲੈਂਦੇ। ਅਸੀਂ ਇੱਦਾਂ ਦੇ ਨਹੀਂ ਬਣਨਾ ਚਾਹੁੰਦੇ, ਸਗੋਂ ਸਮਝਦਾਰ ਬਣਨਾ ਚਾਹੁੰਦੇ ਹਾਂ। ਅਸੀਂ ਇਹ ਗੱਲ ਸਮਝਦੇ ਹਾਂ ਕਿ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨਾ ਸਾਡੀ ਖ਼ੁਦ ਦੀ ਜ਼ਿੰਮੇਵਾਰੀ ਹੈ। (ਯਹੂਦਾਹ 20 ਪੜ੍ਹੋ।) ਸਮਝਦਾਰ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਵਿਚ ਸਮਝਦਾਰ ਬਣਨ ਦੀ ‘ਇੱਛਾ ਪੈਦਾ ਕਰਨ ਦੇ ਨਾਲ-ਨਾਲ ਇਸ ਇੱਛਾ ਨੂੰ ਪੂਰੀ ਕਰਨ ਦੀ ਤਾਕਤ ਵੀ ਬਖ਼ਸ਼ੇ।’​—ਫ਼ਿਲਿ. 2:13.

11. ਸਮਝਦਾਰ ਬਣਨ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ? (ਅਫ਼ਸੀਆਂ 4:11-13)

11 ਯਹੋਵਾਹ ਜਾਣਦਾ ਹੈ ਕਿ ਅਸੀਂ ਖ਼ੁਦ-ਬਖ਼ੁਦ ਸਮਝਦਾਰ ਨਹੀਂ ਬਣ ਸਕਦੇ। ਇਸ ਲਈ ਉਸ ਨੇ ਮੰਡਲੀ ਵਿਚ ਚਰਵਾਹੇ ਅਤੇ ਸਿੱਖਿਅਕ ਠਹਿਰਾਏ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ਸਮਝਦਾਰ ਬਣ ਸਕਦੇ ਹਾਂ ਅਤੇ ਸਾਡਾ “ਕੱਦ-ਕਾਠ ਪੂਰੀ ਤਰ੍ਹਾਂ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ” ਹੋ ਸਕਦਾ ਹੈ। (ਅਫ਼ਸੀਆਂ 4:11-13 ਪੜ੍ਹੋ।) ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਵੀ ਦਿੰਦਾ ਹੈ ਤਾਂਕਿ ਅਸੀਂ “ਮਸੀਹ ਦਾ ਮਨ” ਯਾਨੀ ਮਸੀਹ ਵਰਗੀ ਸੋਚ ਰੱਖ ਸਕੀਏ। (1 ਕੁਰਿੰ. 2:14-16) ਇਸ ਤੋਂ ਇਲਾਵਾ, ਯਹੋਵਾਹ ਨੇ ਸਾਨੂੰ ਇੰਜੀਲ ਦੀਆਂ ਕਿਤਾਬਾਂ ਵੀ ਦਿੱਤੀਆਂ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਧਰਤੀ ʼਤੇ ਹੁੰਦਿਆਂ ਯਿਸੂ ਨੇ ਕੀ ਕਿਹਾ, ਕੀ ਕੀਤਾ ਤੇ ਉਹ ਕੀ ਸੋਚਦਾ ਸੀ। ਜੇ ਅਸੀਂ ਇਨ੍ਹਾਂ ਨੂੰ ਪੜ੍ਹੀਏ ਅਤੇ ਯਿਸੂ ਵਾਂਗ ਸੋਚੀਏ ਤੇ ਕੰਮ ਕਰੀਏ, ਤਾਂ ਅਸੀਂ ਵੀ ਸਮਝਦਾਰ ਬਣ ਸਕਦੇ ਹਾਂ।

ਡੂੰਘੀਆਂ ਸਿੱਖਿਆਵਾਂ ਜਾਣਨੀਆਂ ਜ਼ਰੂਰੀ ਕਿਉਂ ਹਨ?

12. “ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ” ਕੀ ਹਨ?

12 ਹੋਰ ਸਮਝਦਾਰ ਬਣਨ ਲਈ “ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ” ਜਾਣਨੀਆਂ ਹੀ ਕਾਫ਼ੀ ਨਹੀਂ ਹਨ, ਸਗੋਂ ਸਾਨੂੰ ਹੋਰ ਵੀ ਕੁਝ ਜਾਣਨ ਦੀ ਲੋੜ ਹੈ। ਇਹ ਬੁਨਿਆਦੀ ਸਿੱਖਿਆਵਾਂ ਕੀ ਹਨ? ਤੋਬਾ ਕਰਨੀ, ਪਰਮੇਸ਼ੁਰ ʼਤੇ ਨਿਹਚਾ ਕਰਨੀ, ਬਪਤਿਸਮਾ ਲੈਣਾ ਅਤੇ ਮਰ ਚੁੱਕੇ ਲੋਕਾਂ ਦੇ ਜੀਉਂਦੇ ਹੋਣ ਦੀ ਸਿੱਖਿਆ। ਇਹ ਇੱਦਾਂ ਦੀਆਂ ਕੁਝ ਅਹਿਮ ਸਿੱਖਿਆਵਾਂ ਹਨ ਜਿਨ੍ਹਾਂ ਨੂੰ ਸਾਰੇ ਮਸੀਹੀ ਮੰਨਦੇ ਸਨ। (ਇਬ. 6:1, 2) ਇਸੇ ਕਰਕੇ ਪਤਰਸ ਰਸੂਲ ਨੇ ਪੰਤੇਕੁਸਤ ਦੇ ਦਿਨ ਗਵਾਹੀ ਦਿੰਦੇ ਵੇਲੇ ਇਨ੍ਹਾਂ ਦਾ ਜ਼ਿਕਰ ਕੀਤਾ। (ਰਸੂ. 2:32-35, 38) ਮਸੀਹ ਦੇ ਚੇਲੇ ਬਣਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਵੀ ਇਨ੍ਹਾਂ ਬੁਨਿਆਦੀ ਸਿੱਖਿਆਵਾਂ ਨੂੰ ਮੰਨੀਏ। ਪੌਲੁਸ ਨੇ ਕਿਹਾ ਸੀ ਕਿ ਜਿਹੜੇ ਮਰ ਚੁੱਕੇ ਲੋਕਾਂ ਦੇ ਜੀਉਂਦੇ ਹੋਣ ਦੀ ਸਿੱਖਿਆ ਨੂੰ ਨਹੀਂ ਮੰਨਦੇ, ਉਹ ਯਿਸੂ ਦੇ ਚੇਲੇ ਨਹੀਂ ਹੋ ਸਕਦੇ। (1 ਕੁਰਿੰ. 15:12-14) ਪਰ ਬੁਨਿਆਦੀ ਸਿੱਖਿਆਵਾਂ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਜਾਣਨ ਦੀ ਲੋੜ ਹੈ।

13. “ਰੋਟੀ” ਯਾਨੀ ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਬਾਰੇ ਜਾਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਇਬਰਾਨੀਆਂ 5:14) (ਤਸਵੀਰ ਵੀ ਦੇਖੋ।)

13 ਸਾਡੇ ਲਈ ਬੁਨਿਆਦੀ ਸਿੱਖਿਆਵਾਂ ਜਾਣਨੀਆਂ ਜ਼ਰੂਰੀ ਹਨ, ਪਰ ਸਾਨੂੰ “ਰੋਟੀ” ਯਾਨੀ ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਬਾਰੇ ਵੀ ਜਾਣਨ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਦੇ ਕਾਇਦੇ-ਕਾਨੂੰਨਾਂ ਤੋਂ ਇਲਾਵਾ ਉਸ ਦੇ ਅਸੂਲਾਂ ਨੂੰ ਵੀ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਉਸ ਦੀ ਸੋਚ ਜਾਣ ਸਕਾਂਗੇ। ਬਾਈਬਲ ਦੀਆਂ ਡੂੰਘੀਆਂ ਸਿੱਖਿਆਵਾਂ ਜਾਣਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਅਤੇ ਉਸ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਫਿਰ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਇੱਦਾਂ ਕਰਨ ਨਾਲ ਅਸੀਂ ਸਹੀ ਫ਼ੈਸਲੇ ਕਰਨੇ ਸਿੱਖਾਂਗੇ ਅਤੇ ਯਹੋਵਾਹ ਦਾ ਦਿਲ ਖ਼ੁਸ਼ ਕਰ ਸਕਾਂਗੇ। b​—ਇਬਰਾਨੀਆਂ 5:14 ਪੜ੍ਹੋ।

ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿੱਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਉਹ ਫ਼ੈਸਲੇ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ (ਪੈਰਾ 13 ਦੇਖੋ) c


14. ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਸਮਝਦਾਰ ਬਣਨਾ ਕਿਵੇਂ ਸਿਖਾਇਆ?

14 ਕੁਝ ਮਾਮਲਿਆਂ ਬਾਰੇ ਬਾਈਬਲ ਵਿਚ ਸਿੱਧੇ ਤੌਰ ਤੇ ਕੋਈ ਕਾਨੂੰਨ ਨਹੀਂ ਦਿੱਤਾ ਗਿਆ। ਇੱਦਾਂ ਦੇ ਮਾਮਲਿਆਂ ਵਿਚ ਸਾਨੂੰ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਰੱਖਦਿਆਂ ਫ਼ੈਸਲਾ ਕਰਨਾ ਚਾਹੀਦਾ ਹੈ। ਪਰ ਨਾਸਮਝ ਮਸੀਹੀਆਂ ਨੂੰ ਇੱਦਾਂ ਦੇ ਮਾਮਲਿਆਂ ਵਿਚ ਫ਼ੈਸਲਾ ਕਰਨਾ ਔਖਾ ਲੱਗਦਾ ਹੈ। ਕੁਝ ਮਸੀਹੀ ਉਹੀ ਕਰਦੇ ਹਨ ਜੋ ਉਨ੍ਹਾਂ ਨੂੰ ਸਹੀ ਲੱਗਦਾ ਹੈ। ਕੁਝ ਸੋਚਦੇ ਹਨ ਕਿ ਇੱਦਾਂ ਦੇ ਮਾਮਲਿਆਂ ਬਾਰੇ ਕੋਈ ਕਾਨੂੰਨ ਬਣਾ ਦਿੱਤਾ ਜਾਣਾ ਚਾਹੀਦਾ ਹੈ। ਪੁਰਾਣੇ ਜ਼ਮਾਨੇ ਵਿਚ ਕੁਰਿੰਥੁਸ ਦੀ ਮੰਡਲੀ ਦੇ ਕੁਝ ਮਸੀਹੀ ਵੀ ਇੱਦਾਂ ਦੇ ਹੀ ਸਨ। ਉਨ੍ਹਾਂ ਦੇ ਮਨ ਵਿਚ ਇਕ ਸਵਾਲ ਸੀ ਕਿ ਉਹ ਮੂਰਤੀਆਂ ਅੱਗੇ ਚੜ੍ਹਾਇਆ ਭੋਜਨ ਖਾ ਸਕਦੇ ਹਨ ਜਾਂ ਨਹੀਂ। ਇਸ ਕਰਕੇ ਸ਼ਾਇਦ ਉਨ੍ਹਾਂ ਨੇ ਪੌਲੁਸ ਨੂੰ ਕਿਹਾ ਕਿ ਉਹ ਇਸ ਬਾਰੇ ਕੋਈ ਕਾਨੂੰਨ ਬਣਾ ਦੇਵੇ। ਪਰ ਪੌਲੁਸ ਨੇ ਕੋਈ ਕਾਨੂੰਨ ਨਹੀਂ ਬਣਾਇਆ। ਇਸ ਦੀ ਬਜਾਇ, ਉਸ ਨੇ ਦੱਸਿਆ ਕਿ ਇਹ ਮਾਮਲਾ ਸਾਡੀ ਜ਼ਮੀਰ ʼਤੇ ਛੱਡਿਆ ਗਿਆ ਹੈ ਤੇ ਹਰੇਕ ਕੋਲ ਆਪਣਾ ‘ਫ਼ੈਸਲਾ ਕਰਨ ਦਾ ਹੱਕ’ ਹੈ। ਉਸ ਨੇ ਉਨ੍ਹਾਂ ਨੂੰ ਕੁਝ ਅਸੂਲਾਂ ਬਾਰੇ ਦੱਸਿਆ ਜਿਨ੍ਹਾਂ ਦੇ ਆਧਾਰ ʼਤੇ ਉਹ ਅਜਿਹਾ ਫ਼ੈਸਲਾ ਕਰ ਸਕਦੇ ਸਨ ਜਿਸ ਕਰਕੇ ਉਨ੍ਹਾਂ ਦੀ ਜ਼ਮੀਰ ਸ਼ੁੱਧ ਰਹਿਣੀ ਸੀ ਤੇ ਉਨ੍ਹਾਂ ਨੇ ਕਿਸੇ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਵੀ ਨਹੀਂ ਖੜ੍ਹੀ ਕਰਨੀ ਸੀ। (1 ਕੁਰਿੰ. 8:4, 7-9) ਸੋ ਪੌਲੁਸ ਨੇ ਸਮਝਾਇਆ ਕਿ ਕੋਈ ਵੀ ਫ਼ੈਸਲਾ ਕਰਨ ਲਈ ਉਨ੍ਹਾਂ ਨੂੰ ਦੂਜਿਆਂ ʼਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ ਤੇ ਨਾ ਹੀ ਕੋਈ ਕਾਨੂੰਨ ਲੱਭਣ ਦੀ ਲੋੜ ਹੈ। ਉਹ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਰਤ ਕੇ ਖ਼ੁਦ ਸਹੀ ਫ਼ੈਸਲਾ ਕਰ ਸਕਦੇ ਹਨ। ਇਸ ਤਰ੍ਹਾਂ ਪੌਲੁਸ ਨੇ ਉਨ੍ਹਾਂ ਨੂੰ ਸਮਝਦਾਰ ਬਣਨਾ ਸਿਖਾਇਆ।

15. ਪੌਲੁਸ ਨੇ ਇਬਰਾਨੀ ਮਸੀਹੀਆਂ ਦੀ ਸਮਝਦਾਰ ਬਣਨ ਵਿਚ ਕਿਵੇਂ ਮਦਦ ਕੀਤੀ?

15 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਜੋ ਲਿਖਿਆ, ਉਸ ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਕੁਝ ਇਬਰਾਨੀ ਮਸੀਹੀਆਂ ਨੇ ਸਮਝਦਾਰ ਬਣੇ ਰਹਿਣ ਲਈ ਮਿਹਨਤ ਨਹੀਂ ਕੀਤੀ। ਉਨ੍ਹਾਂ ਦਾ ਇਹ ਹਾਲ ਹੋ ਗਿਆ ਸੀ ਕਿ “ਰੋਟੀ” ਦੀ ਬਜਾਇ ਉਨ੍ਹਾਂ ਨੂੰ “ਦੁਬਾਰਾ ਤੋਂ ਦੁੱਧ ਦੀ ਲੋੜ” ਸੀ। (ਇਬ. 5:12) ਪਰ ਉਨ੍ਹਾਂ ਦਾ ਇਹ ਹਾਲ ਕਿਉਂ ਹੋਇਆ? ਕਿਉਂਕਿ ਯਹੋਵਾਹ ਮੰਡਲੀ ਰਾਹੀਂ ਉਨ੍ਹਾਂ ਨੂੰ ਜੋ ਨਵੀਂ ਸਮਝ ਦੇ ਰਿਹਾ ਸੀ, ਉਨ੍ਹਾਂ ਨੇ ਉਸ ʼਤੇ ਕੋਈ ਧਿਆਨ ਨਾ ਦਿੱਤਾ। (ਕਹਾ. 4:18) ਯਿਸੂ ਦੀ ਮੌਤ ਤੋਂ ਬਾਅਦ ਮੂਸਾ ਦੇ ਕਾਨੂੰਨ ਨੂੰ ਰੱਦ ਹੋਇਆ ਲਗਭਗ 30 ਤੋਂ ਜ਼ਿਆਦਾ ਸਾਲ ਹੋ ਚੁੱਕੇ ਸਨ। ਫਿਰ ਵੀ ਕੁਝ ਯਹੂਦੀ ਮਸੀਹੀ ਮੂਸਾ ਦਾ ਕਾਨੂੰਨ ਮੰਨ ਰਹੇ ਸਨ। (ਰੋਮੀ. 10:4; ਤੀਤੁ. 1:10) 30 ਸਾਲ ਥੋੜ੍ਹਾ ਸਮਾਂ ਨਹੀਂ ਹੁੰਦਾ, ਫਿਰ ਵੀ ਉਨ੍ਹਾਂ ਮਸੀਹੀਆਂ ਨੇ ਆਪਣੀ ਸੋਚ ਨਹੀਂ ਸੁਧਾਰੀ। ਇਸ ਲਈ ਪੌਲੁਸ ਨੇ ਕੁਝ ਡੂੰਘੀਆਂ ਸੱਚਾਈਆਂ ਸਿਖਾਈਆਂ। ਉਸ ਨੇ ਆਪਣੀ ਚਿੱਠੀ ਵਿਚ ਉਨ੍ਹਾਂ ਨੂੰ ਸਮਝਾਇਆ ਕਿ ਯਹੋਵਾਹ ਨੇ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਭਗਤੀ ਕਰਨ ਦਾ ਇਕ ਨਵਾਂ ਇੰਤਜ਼ਾਮ ਸ਼ੁਰੂ ਕੀਤਾ ਹੈ। ਇਹ ਇੰਤਜ਼ਾਮ ਪੁਰਾਣੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ। ਉਸ ਦੀਆਂ ਗੱਲਾਂ ਤੋਂ ਮਸੀਹੀਆਂ ਨੂੰ ਵੀ ਹਿੰਮਤ ਮਿਲੀ ਹੋਣੀ ਕਿ ਉਹ ਯਹੂਦੀਆਂ ਦੇ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ।​—ਇਬ. 10:19-23.

ਖ਼ੁਦ ʼਤੇ ਹੱਦੋਂ ਵੱਧ ਭਰੋਸਾ ਨਾ ਕਰੋ

16. ਸਮਝਦਾਰ ਬਣਨ ਤੋਂ ਬਾਅਦ ਵੀ ਸਾਨੂੰ ਕੀ ਕਰਨ ਦੀ ਲੋੜ ਹੈ?

16 ਇਹ ਤਾਂ ਸੱਚ ਹੈ ਕਿ ਸਾਨੂੰ ਸਿਰਫ਼ ਸਮਝਦਾਰ ਬਣਨ ਲਈ ਹੀ ਨਹੀਂ, ਸਗੋਂ ਸਮਝਦਾਰ ਬਣੇ ਰਹਿਣ ਲਈ ਵੀ ਮਿਹਨਤ ਕਰਨ ਦੀ ਲੋੜ ਹੈ। ਸਾਨੂੰ ਆਪਣੇ ਆਪ ʼਤੇ ਹੱਦੋਂ ਵੱਧ ਭਰੋਸਾ ਕਰਦਿਆਂ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ, ‘ਮੇਰਾ ਤਾਂ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ, ਮੈਨੂੰ ਹੋਰ ਮਿਹਨਤ ਕਰਨ ਦੀ ਕੀ ਲੋੜ ਹੈ।’ (1 ਕੁਰਿੰ. 10:12) ਇਸ ਦੀ ਬਜਾਇ, ਸਾਨੂੰ “ਆਪਣੇ ਆਪ ਨੂੰ ਪਰਖਦੇ” ਰਹਿਣ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹਿਣ ਦੀ ਲੋੜ ਹੈ।​—2 ਕੁਰਿੰ. 13:5.

17. ਪੌਲੁਸ ਦੀ ਚਿੱਠੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਡੇ ਲਈ ਸਮਝਦਾਰ ਬਣੇ ਰਹਿਣਾ ਜ਼ਰੂਰੀ ਹੈ?

17 ਪੌਲੁਸ ਨੇ ਕੁਲੁੱਸੀਆਂ ਦੇ ਮਸੀਹੀਆਂ ਨੂੰ ਚਿੱਠੀ ਲਿਖਦੇ ਵੇਲੇ ਦੁਬਾਰਾ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸਾਨੂੰ ਸਮਝਦਾਰ ਬਣੇ ਰਹਿਣ ਦੀ ਲੋੜ ਹੈ। ਵੈਸੇ ਤਾਂ ਉੱਥੇ ਦੇ ਭੈਣ-ਭਰਾ ਸਮਝਦਾਰ ਸਨ। ਫਿਰ ਵੀ ਪੌਲੁਸ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਕਿਤੇ ਦੁਨੀਆਂ ਦੀ ਸੋਚ ਨਾ ਅਪਣਾ ਲੈਣ। (ਕੁਲੁ. 2:6-10) ਇਪਫ੍ਰਾਸ ਕੁਲੁੱਸੀਆਂ ਦੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਨ੍ਹਾਂ ਦਾ ਬਹੁਤ ਫ਼ਿਕਰ ਕਰਦਾ ਸੀ। ਉਸ ਨੇ ਵੀ ਲਗਾਤਾਰ ਪ੍ਰਾਰਥਨਾ ਕੀਤੀ ਕਿ ਉਹ ‘ਮਜ਼ਬੂਤ ਖੜ੍ਹੇ ਰਹਿਣ’ ਯਾਨੀ ਸਮਝਦਾਰ ਬਣੇ ਰਹਿਣ। (ਕੁਲੁ. 4:12) ਪੌਲੁਸ ਅਤੇ ਇਪਫ੍ਰਾਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਹੀ ਕਿ ਜੇ ਅਸੀਂ ਸਮਝਦਾਰ ਬਣੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਤੋਂ ਮਦਦ ਲੈਣ ਦੀ ਲੋੜ ਹੈ। ਪਰ ਇਸ ਦੇ ਨਾਲ-ਨਾਲ ਸਾਨੂੰ ਖ਼ੁਦ ਵੀ ਮਿਹਨਤ ਕਰਨ ਦੀ ਲੋੜ ਹੈ। ਪੌਲੁਸ ਤੇ ਇਪਫ੍ਰਾਸ ਵੀ ਇਹ ਗੱਲ ਜਾਣਦੇ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਕੁਲੁੱਸੀਆਂ ਦੇ ਭੈਣ-ਭਰਾ ਮੁਸ਼ਕਲਾਂ ਦੇ ਬਾਵਜੂਦ ਵੀ ਸਮਝਦਾਰ ਬਣੇ ਰਹਿਣ ਲਈ ਮਿਹਨਤ ਕਰਨ।

18. ਇਕ ਸਮਝਦਾਰ ਮਸੀਹੀ ਨਾਲ ਵੀ ਕੀ ਹੋ ਸਕਦਾ ਹੈ? (ਤਸਵੀਰ ਵੀ ਦੇਖੋ।)

18 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਕਿਹਾ ਕਿ ਜੇ ਇਕ ਸਮਝਦਾਰ ਮਸੀਹੀ ਖ਼ਬਰਦਾਰ ਨਾ ਰਹੇ, ਤਾਂ ਉਹ ਹਮੇਸ਼ਾ ਲਈ ਪਰਮੇਸ਼ੁਰ ਦੀ ਮਨਜ਼ੂਰੀ ਗੁਆ ਸਕਦਾ ਹੈ। ਉਸ ਨੇ ਕਿਹਾ ਕਿ ਇਕ ਮਸੀਹੀ ਦਾ ਦਿਲ ਇੰਨਾ ਕਠੋਰ ਹੋ ਸਕਦਾ ਹੈ ਕਿ ਉਹ ਸ਼ਾਇਦ ਕਦੇ ਤੋਬਾ ਹੀ ਨਾ ਕਰੇ ਤੇ ਨਾ ਹੀ ਪਰਮੇਸ਼ੁਰ ਤੋਂ ਮਾਫ਼ੀ ਮੰਗੇ। ਪਰ ਸ਼ੁਕਰ ਹੈ ਕਿ ਇਬਰਾਨੀ ਮਸੀਹੀਆਂ ਦਾ ਇੰਨਾ ਮਾੜਾ ਹਾਲ ਨਹੀਂ ਸੀ। (ਇਬ. 6:4-9) ਪਰ ਉਨ੍ਹਾਂ ਮਸੀਹੀਆਂ ਬਾਰੇ ਕੀ ਜੋ ਅੱਜ ਸੱਚਾਈ ਵਿਚ ਠੰਢੇ ਪੈ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਹੈ? ਜੇ ਉਹ ਸੱਚੇ ਦਿਲੋਂ ਤੋਬਾ ਕਰਨ, ਤਾਂ ਉਨ੍ਹਾਂ ਦਾ ਹਾਲ ਉਨ੍ਹਾਂ ਲੋਕਾਂ ਵਰਗਾ ਨਹੀਂ ਹੋਵੇਗਾ ਜਿਨ੍ਹਾਂ ਬਾਰੇ ਪੌਲੁਸ ਨੇ ਲਿਖਿਆ ਸੀ ਕਿ ਉਹ ਹਮੇਸ਼ਾ ਲਈ ਪਰਮੇਸ਼ੁਰ ਦੀ ਮਨਜ਼ੂਰੀ ਗੁਆ ਬੈਠੇ ਹਨ। ਪਰ ਇਕ ਗੱਲ ਹੈ ਕਿ ਜਦੋਂ ਉਹ ਪਰਮੇਸ਼ੁਰ ਵੱਲ ਵਾਪਸ ਮੁੜਨਗੇ, ਤਾਂ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ। (ਹਿਜ਼. 34:15, 16) ਇਸ ਲਈ ਸ਼ਾਇਦ ਬਜ਼ੁਰਗ ਕਿਸੇ ਤਜਰਬੇਕਾਰ ਭੈਣ ਜਾਂ ਭਰਾ ਨੂੰ ਕਹਿਣ ਕਿ ਉਹ ਉਨ੍ਹਾਂ ਦੀ ਮਦਦ ਕਰਨ ਤਾਂਕਿ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਦੁਬਾਰਾ ਤੋਂ ਮਜ਼ਬੂਤ ਹੋ ਸਕੇ।

ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਦੁਬਾਰਾ ਤੋਂ ਉਸ ਨਾਲ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੇ ਹਨ (ਪੈਰਾ 18 ਦੇਖੋ)


19. ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?

19 ਜੇ ਤੁਸੀਂ ਸਮਝਦਾਰ ਬਣਨ ਵਿਚ ਪੂਰੀ ਵਾਹ ਲਾ ਰਹੇ ਹੋ, ਤਾਂ ਯਕੀਨ ਰੱਖੋ ਕਿ ਤੁਸੀਂ ਆਪਣਾ ਇਹ ਟੀਚਾ ਹਾਸਲ ਕਰ ਸਕਦੇ ਹੋ। ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿੱਖਦੇ ਰਹੋ ਅਤੇ ਹਰ ਮਾਮਲੇ ਵਿਚ ਯਹੋਵਾਹ ਵਰਗੀ ਸੋਚ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਜੇ ਤੁਸੀਂ ਪਹਿਲਾਂ ਤੋਂ ਹੀ ਸਮਝਦਾਰ ਹੋ, ਤਾਂ ਜੀ-ਜਾਨ ਨਾਲ ਮਿਹਨਤ ਕਰੋ ਤਾਂਕਿ ਤੁਸੀਂ ਹਮੇਸ਼ਾ ਸਮਝਦਾਰ ਬਣੇ ਰਹਿ ਸਕੋ।

ਤੁਸੀਂ ਕੀ ਜਵਾਬ ਦਿਓਗੇ?

  • ਸਮਝਦਾਰ ਬਣਨ ਦਾ ਕੀ ਮਤਲਬ ਹੈ?

  • ਅਸੀਂ ਸਮਝਦਾਰ ਕਿਵੇਂ ਬਣ ਸਕਦੇ ਹਾਂ?

  • ਸਾਨੂੰ ਖ਼ੁਦ ʼਤੇ ਹੱਦੋਂ ਵੱਧ ਭਰੋਸਾ ਕਿਉਂ ਨਹੀਂ ਕਰਨਾ ਚਾਹੀਦਾ?

ਗੀਤ 65 ਅੱਗੇ ਵਧਦੇ ਰਹੋ!

a jw.org ਅਤੇ jw ਲਾਇਬ੍ਰੇਰੀ ਉੱਤੇ “ਗ਼ਲਤ ਜਾਣਕਾਰੀ ਤੋਂ ਆਪਣੀ ਰਾਖੀ ਕਰੋ” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।

b ਇਸ ਅੰਕ ਵਿਚ “ਅਧਿਐਨ ਕਰਨ ਲਈ ਵਿਸ਼ੇ” ਨਾਂ ਦਾ ਲੇਖ ਦੇਖੋ।

c ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਮਨੋਰੰਜਨ ਦੀ ਚੋਣ ਕਰਦੇ ਵੇਲੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੇ ਅਸੂਲਾਂ ਨੂੰ ਲਾਗੂ ਕਰਦਾ ਹੈ।