Skip to content

Skip to table of contents

ਅਧਿਐਨ ਲੇਖ 40

‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰੁੱਝੇ ਰਹੋ

‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰੁੱਝੇ ਰਹੋ

“ਤਕੜੇ ਹੋਵੋ, ਦ੍ਰਿੜ੍ਹ ਬਣੋ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੋ।”—1 ਕੁਰਿੰ 15:58.

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

ਖ਼ਾਸ ਗੱਲਾਂ *

1. ਸਾਨੂੰ ਪੂਰਾ ਯਕੀਨ ਕਿਉਂ ਹੈ ਕਿ ਅਸੀਂ “ਆਖਰੀ ਦਿਨਾਂ” ਦੇ ਆਖ਼ਰੀ ਹਿੱਸੇ ਵਿਚ ਰਹਿ ਰਹੇ ਹਾਂ?

ਕੀ ਤੁਹਾਡਾ ਜਨਮ 1914 ਤੋਂ ਬਾਅਦ ਹੋਇਆ ਹੈ? ਜੇ ਹਾਂ, ਤਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਇਸ ਦੁਨੀਆਂ ਦੇ ‘ਆਖ਼ਰੀ ਦਿਨਾਂ’ ਦੌਰਾਨ ਬਤੀਤ ਕੀਤੀ ਹੈ। (2 ਤਿਮੋ. 3:1) ਅਸੀਂ ਸਾਰਿਆਂ ਨੇ ਆਖ਼ਰੀ ਦਿਨਾਂ ਦੀਆਂ ਘਟਨਾਵਾਂ ਬਾਰੇ ਸੁਣਿਆ ਹੈ ਜਿਨ੍ਹਾਂ ਬਾਰੇ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ। ਇਨ੍ਹਾਂ ਵਿਚ ਯੁੱਧ, ਕਾਲ਼, ਭੁਚਾਲ਼, ਮਹਾਂਮਾਰੀਆਂ, ਬੁਰਾਈ ਦਾ ਵਧਣਾ ਅਤੇ ਯਹੋਵਾਹ ਦੇ ਲੋਕਾਂ ਨੂੰ ਸਤਾਇਆ ਜਾਣਾ ਸ਼ਾਮਲ ਹੈ। (ਮੱਤੀ 24:3, 7-9, 12; ਲੂਕਾ 21:10-12) ਨਾਲੇ ਅਸੀਂ ਦੇਖਿਆ ਹੈ ਕਿ ਲੋਕਾਂ ਦਾ ਰਵੱਈਆ ਬਿਲਕੁਲ ਉਹੋ ਜਿਹਾ ਹੋ ਗਿਆ ਹੈ ਜਿੱਦਾਂ ਪੌਲੁਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ। (“ ਅੱਜ ਦੇ ਲੋਕਾਂ ਦਾ ਸੁਭਾਅ” ਨਾਂ ਦੀ ਡੱਬੀ ਦੇਖੋ।) ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਸਾਨੂੰ ਪੂਰਾ ਯਕੀਨ ਹੈ ਕਿ ਅਸੀਂ “ਆਖਰੀ ਦਿਨਾਂ” ਦੇ ਆਖ਼ਰੀ ਹਿੱਸੇ ਵਿਚ ਰਹਿ ਰਹੇ ਹਾਂ।—ਮੀਕਾ. 4:1.

2. ਸਾਨੂੰ ਕਿਹੜੇ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ?

2 1914 ਤੋਂ ਲੈ ਕੇ ਹੁਣ ਤਕ ਕਾਫ਼ੀ ਸਮਾਂ ਬੀਤ ਚੁੱਕਾ ਹੈ। ਇਸ ਲਈ ਅਸੀਂ ਹੁਣ ਆਖ਼ਰੀ ਦਿਨਾਂ ਦੇ ਆਖ਼ਰੀ ਹਿੱਸੇ ਵਿਚ ਰਹਿ ਰਹੇ ਹਾਂ। ਅੰਤ ਬਹੁਤ ਨੇੜੇ ਹੋਣ ਕਰਕੇ ਸਾਨੂੰ ਕੁਝ ਅਹਿਮ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ: ‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਕਿਹੜੀਆਂ ਅਹਿਮ ਘਟਨਾਵਾਂ ਹੋਣਗੀਆਂ? ਇਨ੍ਹਾਂ ਘਟਨਾਵਾਂ ਦਾ ਇੰਤਜ਼ਾਰ ਕਰਦਿਆਂ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ?

‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਕੀ ਹੋਵੇਗਾ?

3. ਪਹਿਲਾ ਥੱਸਲੁਨੀਕੀਆਂ 5:1-3 ਦੀ ਭਵਿੱਖਬਾਣੀ ਅਨੁਸਾਰ ਕੌਮਾਂ ਕਿਹੜੀ ਘੋਸ਼ਣਾ ਕਰਨਗੀਆਂ?

3 ਪਹਿਲਾ ਥੱਸਲੁਨੀਕੀਆਂ 5:1-3 ਪੜ੍ਹੋ। ਪੌਲੁਸ ਨੇ ‘ਯਹੋਵਾਹ ਦੇ ਦਿਨ’ ਦਾ ਜ਼ਿਕਰ ਕੀਤਾ। ਇਸ ਆਇਤ ਵਿਚ ਯਹੋਵਾਹ ਦਾ ਦਿਨ ਉਸ ਸਮੇਂ ਨੂੰ ਦਰਸਾਉਂਦਾ ਹੈ ਜੋ “ਮਹਾਂ ਬਾਬਲ” ਯਾਨੀ ਝੂਠੇ ਧਰਮਾਂ ਦੇ ਸਾਮਰਾਜ ’ਤੇ ਹੋਣ ਵਾਲੇ ਹਮਲੇ ਨਾਲ ਸ਼ੁਰੂ ਹੋਵੇਗਾ ਅਤੇ ਆਰਮਾਗੇਡਨ ਨਾਲ ਖ਼ਤਮ ਹੋਵੇਗਾ। (ਪ੍ਰਕਾ. 16:14, 16; 17:5) ਇਹ “ਦਿਨ” ਸ਼ੁਰੂ ਹੋਣ ਤੋਂ ਪਹਿਲਾਂ ਕੌਮਾਂ ਘੋਸ਼ਣਾ ਕਰਨਗੀਆਂ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” (ਕੁਝ ਬਾਈਬਲ ਅਨੁਵਾਦ ਕਹਿੰਦੇ ਹਨ: “ਅਮਨ ਚੈਨ ਅਤੇ ਸੁਖ ਸਾਂਦ ਹੈ।”) ਕੌਮਾਂ ਵਿਚਕਾਰ ਰਿਸ਼ਤੇ ਸੁਧਰ ਜਾਣ ਬਾਰੇ ਗੱਲ ਕਰਦਿਆਂ ਕਈ ਵਾਰ ਨੇਤਾ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹਨ। * ਪਰ ਬਾਈਬਲ ਵਿਚ ਦੱਸੀ “ਸ਼ਾਂਤੀ ਅਤੇ ਸੁਰੱਖਿਆ” ਦੀ ਘੋਸ਼ਣਾ ਅਲੱਗ ਹੋਵੇਗੀ। ਕਿਉਂ? ਜਦੋਂ ਇਹ ਘੋਸ਼ਣਾ ਕੀਤੀ ਜਾਵੇਗੀ, ਤਾਂ ਸ਼ਾਇਦ ਲੋਕ ਸੋਚਣ ਕਿ ਦੁਨੀਆਂ ਦੇ ਨੇਤਾ ਇਸ ਦੁਨੀਆਂ ਵਿਚ ਸੁਰੱਖਿਆ ਕਾਇਮ ਕਰਨ ਵਿਚ ਸਫ਼ਲ ਹੋ ਗਏ ਹਨ। ਪਰ ਸੱਚਾਈ ਤਾਂ ਇਹ ਹੈ ਕਿ ਇਸ ਘੋਸ਼ਣਾ ਤੋਂ ਤੁਰੰਤ ਬਾਅਦ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ ਅਤੇ ਫਿਰ ‘ਇਕਦਮ ਅਚਾਨਕ ਵਿਨਾਸ਼’ ਆ ਜਾਵੇਗਾ।—ਮੱਤੀ 24:21.

ਕੌਮਾਂ ਦੁਆਰਾ “ਸ਼ਾਂਤੀ ਅਤੇ ਸੁਰੱਖਿਆ” ਦਾ ਝੂਠਾ ਦਾਅਵਾ ਕਰਨ ਕਰਕੇ ਮੂਰਖ ਨਾ ਬਣੋ (ਪੈਰੇ 3-6 ਦੇਖੋ) *

4. (ੳ) “ਸ਼ਾਂਤੀ ਅਤੇ ਸੁਰੱਖਿਆ” ਦੀ ਘੋਸ਼ਣਾ ਸੰਬੰਧੀ ਸਾਨੂੰ ਕਿਹੜੀਆਂ ਗੱਲਾਂ ਦਾ ਇੰਤਜ਼ਾਰ ਕਰਨ ਦੀ ਲੋੜ ਹੈ? (ਅ) ਅਸੀਂ ਪਹਿਲਾਂ ਹੀ ਕਿਹੜੀ ਗੱਲ ਜਾਣਦੇ ਹਾਂ?

4 ਅਸੀਂ “ਸ਼ਾਂਤੀ ਅਤੇ ਸੁਰੱਖਿਆ” ਦੀ ਘੋਸ਼ਣਾ ਸੰਬੰਧੀ ਕੁਝ ਗੱਲਾਂ ਜਾਣਦੇ ਹਾਂ। ਪਰ ਕੁਝ ਗੱਲਾਂ ਅਸੀਂ ਨਹੀਂ ਜਾਣਦੇ। ਅਸੀਂ ਨਹੀਂ ਜਾਣਦੇ ਕਿ ਕਿਹੜੀਆਂ ਗੱਲਾਂ ਕਾਰਨ ਇਹ ਘੋਸ਼ਣਾ ਕੀਤੀ ਜਾਵੇਗੀ ਜਾਂ ਇਹ ਘੋਸ਼ਣਾ ਕਿਵੇਂ ਕੀਤੀ ਜਾਵੇਗੀ। ਨਾਲੇ ਅਸੀਂ ਨਹੀਂ ਜਾਣਦੇ ਕਿ ਇਹ ਘੋਸ਼ਣਾ ਇਕ ਵਾਰ ਕੀਤੀ ਜਾਵੇਗੀ ਜਾਂ ਵਾਰ-ਵਾਰ ਕੀਤੀ ਜਾਵੇਗੀ। ਚਾਹੇ ਜੋ ਮਰਜ਼ੀ ਹੋਵੇ, ਪਰ ਅਸੀਂ ਇਹ ਗੱਲ ਜਾਣਦੇ ਹਾਂ ਕਿ ਸਾਨੂੰ ਇਸ ਸੋਚ ਕਰਕੇ ਮੂਰਖ ਨਹੀਂ ਬਣਨਾ ਚਾਹੀਦਾ ਕਿ ਦੁਨੀਆਂ ਦੇ ਨੇਤਾ ਦੁਨੀਆਂ ਵਿਚ ਵਾਕਈ ਸ਼ਾਂਤੀ ਕਾਇਮ ਕਰ ਸਕਦੇ ਹਨ। ਇਸ ਦੀ ਬਜਾਇ, ਸਾਨੂੰ ਕਿਹਾ ਗਿਆ ਹੈ ਕਿ ਅਸੀਂ ਇਸ ਘੋਸ਼ਣਾ ਪ੍ਰਤੀ ਖ਼ਬਰਦਾਰ ਰਹੀਏ। ਇਹ ਘੋਸ਼ਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ “ਯਹੋਵਾਹ ਦਾ ਦਿਨ” ਬਸ ਸ਼ੁਰੂ ਹੋਣ ਵਾਲਾ ਹੈ!

5. ‘ਯਹੋਵਾਹ ਦੇ ਦਿਨ’ ਲਈ ਤਿਆਰ ਹੋਣ ਵਿਚ 1 ਥੱਸਲੁਨੀਕੀਆਂ 5:4-6 ਸਾਡੀ ਕਿਵੇਂ ਮਦਦ ਕਰਦਾ ਹੈ?

5 ਪਹਿਲਾ ਥੱਸਲੁਨੀਕੀਆਂ 5:4-6 ਪੜ੍ਹੋ। ਪੌਲੁਸ ਵੱਲੋਂ ਦਿੱਤੀ ਹੱਲਾਸ਼ੇਰੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ‘ਯਹੋਵਾਹ ਦੇ ਦਿਨ’ ਲਈ ਤਿਆਰ ਹਾਂ। ਸਾਨੂੰ “ਬਾਕੀ ਲੋਕਾਂ ਵਾਂਗ ਸੁੱਤੇ” ਨਹੀਂ ਰਹਿਣਾ ਚਾਹੀਦਾ। ਸਾਨੂੰ “ਜਾਗਦੇ” ਅਤੇ ਖ਼ਬਰਦਾਰ ਰਹਿਣ ਦੀ ਲੋੜ ਹੈ। ਮਿਸਾਲ ਲਈ, ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ ਕਿ ਅਸੀਂ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈ ਕੇ ਆਪਣੀ ਨਿਰਪੱਖਤਾ ਨਾਲ ਸਮਝੌਤਾ ਨਾ ਕਰ ਬੈਠੀਏ। ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈ ਕੇ ਅਸੀਂ “ਦੁਨੀਆਂ ਵਰਗੇ” ਬਣ ਸਕਦੇ ਹਾਂ। (ਯੂਹੰ. 15:19) ਅਸੀਂ ਜਾਣਦੇ ਹਾਂ ਕਿ ਦੁਨੀਆਂ ਵਿਚ ਸ਼ਾਂਤੀ ਲਿਆਉਣ ਦੀ ਸਿਰਫ਼ ਇਕ ਹੀ ਉਮੀਦ ਹੈ, ਉਹ ਹੈ ਪਰਮੇਸ਼ੁਰ ਦਾ ਰਾਜ।

6. ਅਸੀਂ ਲੋਕਾਂ ਦੀ ਕੀ ਕਰਨ ਵਿਚ ਮਦਦ ਕਰਨੀ ਚਾਹੁੰਦੇ ਹਾਂ ਅਤੇ ਕਿਉਂ?

6 ਖ਼ੁਦ ਜਾਗਦੇ ਰਹਿਣ ਦੇ ਨਾਲ-ਨਾਲ ਅਸੀਂ ਦੂਜਿਆਂ ਨੂੰ ਵੀ ਜਗਾਉਣਾ ਚਾਹੁੰਦੇ ਹਾਂ ਕਿ ਬਾਈਬਲ ਇਸ ਦੁਨੀਆਂ ਦੇ ਭਵਿੱਖ ਬਾਰੇ ਕੀ ਦੱਸਦੀ ਹੈ। ਆਓ ਆਪਾਂ ਯਾਦ ਰੱਖੀਏ ਕਿ ਮਹਾਂਕਸ਼ਟ ਸ਼ੁਰੂ ਹੋ ਜਾਣ ਕਰਕੇ ਲੋਕਾਂ ਲਈ ਯਹੋਵਾਹ ਵੱਲ ਮੁੜਨ ਵਿਚ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਲਈ ਸਾਡੇ ਲਈ ਪ੍ਰਚਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ! *

ਪ੍ਰਚਾਰ ਕਰਨ ਵਿਚ ਰੁੱਝੇ ਰਹੋ

ਅੱਜ ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਦੁਨੀਆਂ ਵਿਚ ਅਸਲੀ ਸੁਰੱਖਿਆ ਲਿਆ ਸਕਦਾ ਹੈ (ਪੈਰੇ 7-9 ਦੇਖੋ)

7. ਯਹੋਵਾਹ ਹੁਣ ਸਾਡੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ?

7 ਯਹੋਵਾਹ ਦਾ “ਦਿਨ” ਸ਼ੁਰੂ ਹੋਣ ਵਿਚ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਇਸ ਲਈ ਉਹ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਪ੍ਰਚਾਰ ਕਰਨ ਵਿਚ ਰੁੱਝੇ ਰਹੀਏ। ਸਾਨੂੰ ਪੱਕਾ ਕਰਨ ਦੀ ਲੋੜ ਹੈ ਕਿ ਅਸੀਂ “ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ” ਰਹੀਏ। (1 ਕੁਰਿੰ. 15:58) ਯਿਸੂ ਨੇ ਦੱਸਿਆ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ। ਆਖ਼ਰੀ ਦਿਨਾਂ ਦੌਰਾਨ ਹੋਣ ਵਾਲੀਆਂ ਸਾਰੀਆਂ ਅਹਿਮ ਘਟਨਾਵਾਂ ਬਾਰੇ ਦੱਸਣ ਦੇ ਨਾਲ-ਨਾਲ ਉਸ ਨੇ ਇਹ ਵੀ ਦੱਸਿਆ ਸੀ: “ਨਾਲੇ ਇਹ ਵੀ ਜ਼ਰੂਰੀ ਹੈ ਕਿ ਪਹਿਲਾਂ ਸਾਰੀਆਂ ਕੌਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ।” (ਮਰ. 13:4, 8, 10; ਮੱਤੀ 24:14) ਜ਼ਰਾ ਸੋਚੋ: ਹਰ ਵਾਰ ਜਦੋਂ ਤੁਸੀਂ ਪ੍ਰਚਾਰ ’ਤੇ ਜਾਂਦੇ ਹੋ, ਤਾਂ ਤੁਸੀਂ ਬਾਈਬਲ ਦੀ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਲੈ ਰਹੇ ਹੁੰਦੇ ਹੋ।

8. ਪ੍ਰਚਾਰ ਦਾ ਕੰਮ ਕਿਵੇਂ ਅੱਗੇ ਵਧਦਾ ਜਾ ਰਿਹਾ ਹੈ?

8 ਅਸੀਂ ਪ੍ਰਚਾਰ ਦੇ ਕੰਮ ਦੇ ਵਾਧੇ ਬਾਰੇ ਕੀ ਕਹਿ ਸਕਦੇ ਹਾਂ? ਹਰ ਸਾਲ ਇਹ ਕੰਮ ਅੱਗੇ ਵਧਦਾ ਜਾ ਰਿਹਾ ਹੈ। ਮਿਸਾਲ ਲਈ, ਜ਼ਰਾ ਆਖ਼ਰੀ ਦਿਨਾਂ ਦੌਰਾਨ ਦੁਨੀਆਂ ਭਰ ਵਿਚ ਪ੍ਰਚਾਰਕਾਂ ਵਿਚ ਹੋਣ ਵਾਲੇ ਵਾਧੇ ਬਾਰੇ ਸੋਚੋ। 1914 ਵਿਚ 43 ਦੇਸ਼ਾਂ ਵਿਚ 5,155 ਪ੍ਰਚਾਰਕ ਸਨ। ਅੱਜ 240 ਦੇਸ਼ਾਂ ਵਿਚ ਲਗਭਗ 85 ਲੱਖ ਪ੍ਰਚਾਰਕ ਹਨ! ਪਰ ਅਜੇ ਸਾਡਾ ਕੰਮ ਖ਼ਤਮ ਨਹੀਂ ਹੋਇਆ ਹੈ। ਸਾਨੂੰ ਲੋਕਾਂ ਨੂੰ ਦੱਸਦੇ ਰਹਿਣਾ ਚਾਹੀਦਾ ਹੈ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਮਨੁੱਖਜਾਤੀ ਦੀਆਂ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰ ਸਕਦਾ ਹੈ।—ਜ਼ਬੂ. 145:11-13.

9. ਸਾਨੂੰ ਰਾਜ ਦਾ ਸੰਦੇਸ਼ ਕਿਉਂ ਸੁਣਾਉਂਦੇ ਰਹਿਣਾ ਚਾਹੀਦਾ ਹੈ?

9 ਸਾਡਾ ਪ੍ਰਚਾਰ ਦਾ ਕੰਮ ਉਦੋਂ ਤਕ ਖ਼ਤਮ ਨਹੀਂ ਹੋਵੇਗਾ ਜਦੋਂ ਤਕ ਯਹੋਵਾਹ ਇਹ ਕੰਮ ਬੰਦ ਕਰਨ ਨੂੰ ਨਹੀਂ ਕਹਿ ਦਿੰਦਾ। ਲੋਕਾਂ ਕੋਲ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਜਾਣਨ ਲਈ ਕਿੰਨਾ ਕੁ ਸਮਾਂ ਰਹਿ ਗਿਆ ਹੈ? (ਯੂਹੰ. 17:3) ਇਸ ਬਾਰੇ ਸਾਨੂੰ ਨਹੀਂ ਪਤਾ। ਪਰ ਸਾਨੂੰ ਇਹ ਗੱਲ ਪਤਾ ਹੈ ਕਿ ਮਹਾਂਕਸ਼ਟ ਸ਼ੁਰੂ ਹੋਣ ਤਕ ਉਨ੍ਹਾਂ ਲੋਕਾਂ ਕੋਲ ਖ਼ੁਸ਼ ਖ਼ਬਰੀ ਦਾ ਸੰਦੇਸ਼ ਕਬੂਲ ਕਰਨ ਦਾ ਸਮਾਂ ਹੈ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। (ਰਸੂ. 13:48) ਦੇਰ ਹੋਣ ਤੋਂ ਪਹਿਲਾਂ ਅਸੀਂ ਇਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

10. ਲੋਕਾਂ ਨੂੰ ਸੱਚਾਈ ਸਿਖਾਉਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰ ਰਿਹਾ ਹੈ?

10 ਆਪਣੇ ਸੰਗਠਨ ਦੇ ਜ਼ਰੀਏ ਯਹੋਵਾਹ ਸਾਨੂੰ ਉਹ ਸਭ ਕੁਝ ਦੇ ਰਿਹਾ ਹੈ ਜੋ ਸਾਨੂੰ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਤੋਂ ਹਰ ਹਫ਼ਤੇ ਸਿਖਲਾਈ ਮਿਲਦੀ ਹੈ। ਇਹ ਸਭਾ ਸਾਡੀ ਇਹ ਜਾਣਨ ਵਿਚ ਮਦਦ ਕਰਦੀ ਹੈ ਕਿ ਅਸੀਂ ਪਹਿਲੀ ਵਾਰ ਤੇ ਦੁਬਾਰਾ ਮਿਲਣ ਵੇਲੇ ਕੀ ਕਹਿਣਾ ਹੈ। ਨਾਲੇ ਅਸੀਂ ਸਿੱਖਦੇ ਹਾਂ ਕਿ ਬਾਈਬਲ ਸਟੱਡੀਆਂ ਕਿਵੇਂ ਕਰਾਉਣੀਆਂ ਹਨ। ਨਾਲੇ ਯਹੋਵਾਹ ਦੇ ਸੰਗਠਨ ਨੇ ਸਾਨੂੰ ਸਿਖਾਉਣ ਲਈ ਪ੍ਰਕਾਸ਼ਨ ਵਿਚ ਕਾਫ਼ੀ ਔਜ਼ਾਰ ਦਿੱਤੇ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ . . .

  • ਗੱਲਬਾਤ ਸ਼ੁਰੂ ਕਰ ਸਕਦੇ ਹਾਂ,

  • ਦਿਲਚਸਪੀ ਜਗਾ ਸਕਦੇ ਹਾਂ,

  • ਲੋਕਾਂ ਨੂੰ ਹੋਰ ਸਿੱਖਣ ਲਈ ਪ੍ਰੇਰਿਤ ਕਰ ਸਕਦੇ ਹਾਂ,

  • ਬਾਈਬਲ ਸਟੱਡੀਆਂ ਨੂੰ ਸੱਚਾਈ ਸਿਖਾ ਸਕਦੇ ਹਾਂ ਅਤੇ

  • ਦਿਲਚਸਪੀ ਰੱਖਣ ਵਾਲਿਆਂ ਨੂੰ ਵੈੱਬਸਾਈਟ ਦੇਖਣ ਅਤੇ ਕਿੰਗਡਮ ਹਾਲ ਵਿਚ ਆਉਣ ਦਾ ਸੱਦਾ ਦੇ ਸਕਦੇ ਹਾਂ।

ਬਿਨਾਂ ਸ਼ੱਕ, ਸਿਰਫ਼ ਇਹ ਔਜ਼ਾਰ ਹੋਣੇ ਹੀ ਕਾਫ਼ੀ ਨਹੀਂ ਹਨ। ਸਾਨੂੰ ਇਨ੍ਹਾਂ ਨੂੰ ਵਰਤਣਾ ਵੀ ਚਾਹੀਦਾ ਹੈ। * ਮਿਸਾਲ ਲਈ, ਜੇ ਤੁਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਵਧੀਆ ਗੱਲਬਾਤ ਤੋਂ ਬਾਅਦ ਉਸ ਨੂੰ ਕੋਈ ਪਰਚਾ ਜਾਂ ਰਸਾਲਾ ਦਿੰਦੇ ਹੋ, ਤਾਂ ਉਹ ਅਗਲੀ ਮੁਲਾਕਾਤ ਤਕ ਉਸ ਨੂੰ ਪੜ੍ਹ ਸਕੇਗਾ। ਇਹ ਸਾਡੀ ਖ਼ੁਦ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਮਹੀਨੇ ਰਾਜ ਦਾ ਪ੍ਰਚਾਰ ਕਰਨ ਵਿਚ ਰੁੱਝੇ ਰਹੀਏ।

11. ਆਨ-ਲਾਈਨ ਬਾਈਬਲ ਸਬਕ ਕਿਉਂ ਤਿਆਰ ਕੀਤੇ ਗਏ ਹਨ?

11 ਇਕ ਹੋਰ ਤਰੀਕੇ ਰਾਹੀਂ ਯਹੋਵਾਹ ਸੱਚਾਈ ਸਿੱਖਣ ਵਿਚ ਲੋਕਾਂ ਦੀ ਮਦਦ ਕਰ ਰਿਹਾ ਹੈ। ਜ਼ਰਾ jw.org® ’ਤੇ ਆਨ-ਲਾਈਨ ਬਾਈਬਲ ਸਬਕ ’ਤੇ ਗੌਰ ਕਰੋ। ਇਹ ਸਬਕ ਕਿਉਂ ਤਿਆਰ ਕੀਤੇ ਗਏ ਹਨ? ਦੁਨੀਆਂ ਭਰ ਵਿਚ ਹਰ ਮਹੀਨੇ ਹਜ਼ਾਰਾਂ ਹੀ ਲੋਕ ਬਾਈਬਲ ਸਬਕ ਸਿੱਖਣ ਲਈ ਇੰਟਰਨੈੱਟ ’ਤੇ ਭਾਲ ਕਰਦੇ ਹਨ। ਸਾਡੀ ਵੈੱਬਸਾਈਟ ’ਤੇ ਇਹ ਸਬਕ ਇਨ੍ਹਾਂ ਲੋਕਾਂ ਦੀ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸਿੱਖਣ ਵਿਚ ਮਦਦ ਕਰ ਸਕਦੇ ਹਨ। ਨਾਲੇ ਜਿਨ੍ਹਾਂ ਲੋਕਾਂ ਨਾਲ ਤੁਸੀਂ ਗੱਲ ਕਰਦੇ ਹੋ, ਸ਼ਾਇਦ ਉਨ੍ਹਾਂ ਵਿੱਚੋਂ ਕੁਝ ਲੋਕ ਬਾਈਬਲ ਸਟੱਡੀ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਹਿਚਕਿਚਾਉਣ। ਜੇ ਹਾਂ, ਤਾਂ ਉਨ੍ਹਾਂ ਨੂੰ ਸਾਡੀ ਵੈੱਬਸਾਈਟ ’ਤੇ ਇਹ ਭਾਗ ਦਿਖਾਓ ਜਾਂ ਉਨ੍ਹਾਂ ਨੂੰ ਸਬਕਾਂ ਦਾ ਲਿੰਕ ਭੇਜੋ। *

12. ਇਕ ਵਿਅਕਤੀ ਆਨ-ਲਾਈਨ ਬਾਈਬਲ ਸਬਕਾਂ ਤੋਂ ਕੀ ਸਿੱਖ ਸਕਦਾ ਹੈ?

12 ਆਨ-ਲਾਈਨ ਬਾਈਬਲ ਸਬਕਾਂ ਵਿਚ ਇਨ੍ਹਾਂ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਹੈ: “ਬਾਈਬਲ ਅਤੇ ਇਸ ਦਾ ਲਿਖਾਰੀ,” “ਬਾਈਬਲ ਦੇ ਅਹਿਮ ਪਾਤਰ” ਅਤੇ “ਬਾਈਬਲ ਵਿਚ ਉਮੀਦ ਦਾ ਸੰਦੇਸ਼।” ਇਨ੍ਹਾਂ ਵਿਸ਼ਿਆਂ ਵਿਚ ਸਿਖਾਇਆ ਜਾਂਦਾ ਹੈ ਕਿ:

  • ਬਾਈਬਲ ਇਕ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੀ ਹੈ

  • ਯਹੋਵਾਹ, ਯਿਸੂ ਅਤੇ ਦੂਤ ਕੌਣ ਹਨ

  • ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਉਂ ਬਣਾਇਆ ਸੀ

  • ਦੁੱਖ-ਤਕਲੀਫ਼ਾਂ ਅਤੇ ਬੁਰਾਈ ਕਿਉਂ ਹੈ

ਇਨ੍ਹਾਂ ਸਬਕਾਂ ਵਿਚ ਇਹ ਵੀ ਚਰਚਾ ਕੀਤੀ ਜਾਂਦੀ ਹੈ ਕਿ ਯਹੋਵਾਹ ਕਿਵੇਂ . . .

  • ਦੁੱਖ-ਤਕਲੀਫ਼ਾਂ ਅਤੇ ਮੌਤ ਨੂੰ ਖ਼ਤਮ ਕਰੇਗਾ,

  • ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ ਅਤੇ

  • ਪਰਮੇਸ਼ੁਰ ਦਾ ਰਾਜ ਨਾਕਾਮ ਇਨਸਾਨੀ ਸਰਕਾਰਾਂ ਦੀ ਥਾਂ ਲੈ ਲਵੇਗਾ।

13. ਕੀ ਆਨ-ਲਾਈਨ ਬਾਈਬਲ ਸਬਕ ਬਾਈਬਲ ਸਟੱਡੀ ਕਰਾਉਣ ਦੇ ਪ੍ਰਬੰਧ ਦੀ ਥਾਂ ਲੈ ਸਕਦਾ ਹੈ? ਸਮਝਾਓ।

13 ਆਨ-ਲਾਈਨ ਬਾਈਬਲ ਸਬਕ ਬਾਈਬਲ ਸਟੱਡੀ ਕਰਾਉਣ ਦੇ ਪ੍ਰਬੰਧ ਦੀ ਥਾਂ ਨਹੀਂ ਲੈ ਸਕਦਾ। ਯਿਸੂ ਨੇ ਸਾਨੂੰ ਚੇਲੇ ਬਣਾਉਣ ਦਾ ਸਨਮਾਨ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਿਲਚਸਪੀ ਰੱਖਣ ਵਾਲੇ ਲੋਕ ਆਨ-ਲਾਈਨ ਸਬਕ ਸਿੱਖਣਗੇ, ਸਿੱਖੀਆਂ ਗੱਲਾਂ ਦੀ ਕਦਰ ਕਰਨਗੇ ਅਤੇ ਹੋਰ ਸਿੱਖਣਾ ਚਾਹੁਣਗੇ। ਜੇ ਇੱਦਾਂ ਹੋਵੇਗਾ, ਤਾਂ ਉਹ ਸ਼ਾਇਦ ਬਾਈਬਲ ਸਟੱਡੀ ਕਰਨ ਲਈ ਮੰਨ ਜਾਣ। ਹਰ ਸਬਕ ਦੇ ਅਖ਼ੀਰ ਵਿਚ ਪਾਠਕ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਬੇਨਤੀ ਕਰ ਸਕਦਾ ਹੈ ਕਿ ਉਸ ਵੱਲੋਂ ਦੱਸੀ ਜਗ੍ਹਾ ’ਤੇ ਆ ਕੇ ਕੋਈ ਸਿੱਖਿਅਕ ਉਸ ਨੂੰ ਬਾਈਬਲ ਸਟੱਡੀ ਕਰਾਵੇ। ਵੈੱਬਸਾਈਟ ਦੇ ਜ਼ਰੀਏ ਦੁਨੀਆਂ ਭਰ ਤੋਂ ਸਾਨੂੰ ਹਰ ਦਿਨ 230 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਾਉਣ ਦੀ ਬੇਨਤੀ ਕੀਤੀ ਜਾਂਦੀ ਹੈ! ਆਹਮੋ-ਸਾਮ੍ਹਣੇ ਬਾਈਬਲ ਸਟੱਡੀਆਂ ਕਰਾਉਣੀਆਂ ਅਹਿਮ ਹਨ!

ਚੇਲੇ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ

14. ਮੱਤੀ 28:19, 20 ਵਿਚ ਦਰਜ ਯਿਸੂ ਦੀਆਂ ਹਿਦਾਇਤਾਂ ਅਨੁਸਾਰ ਸਾਨੂੰ ਕੀ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਉਂ?

14 ਮੱਤੀ 28:19, 20 ਪੜ੍ਹੋ। ਬਾਈਬਲ ਸਟੱਡੀਆਂ ਕਰਾਉਂਦਿਆਂ ਸਾਨੂੰ ‘ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ’ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ ‘ਜਿਹੜੇ ਹੁਕਮ ਯਿਸੂ ਨੇ ਸਾਨੂੰ ਦਿੱਤੇ ਹਨ।’ ਸਾਨੂੰ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਨ ਦੀ ਲੋੜ ਹੈ ਕਿ ਉਨ੍ਹਾਂ ਲਈ ਯਹੋਵਾਹ ਤੇ ਉਸ ਦੇ ਰਾਜ ਦਾ ਪੱਖ ਲੈਣਾ ਕਿੰਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦੀ ਹੱਲਾਸ਼ੇਰੀ ਦੇਈਏ ਤਾਂਕਿ ਉਹ ਸੱਚਾਈ ਨੂੰ ਆਪਣਾ ਬਣਾਉਣ ਲਈ ਪ੍ਰੇਰਿਤ ਹੋ ਸਕਣ। ਫਿਰ ਹੀ ਉਹ ਯਹੋਵਾਹ ਦੇ ਦਿਨ ਤੋਂ ਬਚ ਸਕਣਗੇ।—1 ਪਤ. 3:21.

15. ਸਾਡੇ ਕੋਲ ਕੀ ਕਰਨ ਦਾ ਸਮਾਂ ਨਹੀਂ ਹੈ ਅਤੇ ਕਿਉਂ?

15 ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਕਿ ਇਸ ਯੁਗ ਦੇ ਨਾਸ਼ ਹੋਣ ਵਿਚ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਇਸ ਕਰਕੇ ਸਾਡੇ ਕੋਲ ਸਮਾਂ ਨਹੀਂ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਂਦੇ ਰਹੀਏ ਜਿਨ੍ਹਾਂ ਦਾ ਮਸੀਹ ਦੇ ਚੇਲੇ ਬਣਨ ਦਾ ਕੋਈ ਇਰਾਦਾ ਨਹੀਂ ਹੈ। (1 ਕੁਰਿੰ. 9:26) ਸਾਡਾ ਕੰਮ ਬਹੁਤ ਅਹਿਮ ਹੈ! ਦੇਰ ਹੋਣ ਤੋਂ ਪਹਿਲਾਂ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਦੀ ਲੋੜ ਹੈ।

ਸਾਰੇ ਝੂਠੇ ਧਰਮਾਂ ਤੋਂ ਦੂਰ ਰਹੋ

16. ਪ੍ਰਕਾਸ਼ ਦੀ ਕਿਤਾਬ 18:2, 4, 5, 8 ਅਨੁਸਾਰ ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ? (ਫੁਟਨੋਟ ਵੀ ਦੇਖੋ।)

16 ਪ੍ਰਕਾਸ਼ ਦੀ ਕਿਤਾਬ 18:2, 4, 5, 8 ਪੜ੍ਹੋ। ਇਨ੍ਹਾਂ ਆਇਤਾਂ ਵਿਚ ਸਾਨੂੰ ਇਕ ਹੋਰ ਗੱਲ ਪਤਾ ਲੱਗਦੀ ਹੈ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ। ਸਾਰੇ ਸੱਚੇ ਮਸੀਹੀਆਂ ਨੂੰ ਮਹਾਂ ਬਾਬਲ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਸੱਚਾਈ ਸਿੱਖਣ ਤੋਂ ਪਹਿਲਾਂ ਇਕ ਬਾਈਬਲ ਵਿਦਿਆਰਥੀ ਸ਼ਾਇਦ ਝੂਠੇ ਧਰਮ ਦਾ ਮੈਂਬਰ ਹੋਵੇ। ਉਸ ਨੇ ਸ਼ਾਇਦ ਉਸ ਦੇ ਧਾਰਮਿਕ ਪ੍ਰੋਗ੍ਰਾਮਾਂ ਤੇ ਕੰਮਾਂ ਵਿਚ ਹਿੱਸਾ ਲਿਆ ਹੋਵੇ। ਜਾਂ ਉਸ ਨੇ ਸ਼ਾਇਦ ਸੰਗਠਨ ਨੂੰ ਦਾਨ ਦਿੱਤਾ ਹੋਵੇ। ਬਪਤਿਸਮਾ-ਰਹਿਤ ਪ੍ਰਚਾਰਕ ਬਣਨ ਤੋਂ ਪਹਿਲਾਂ ਉਸ ਨੂੰ ਝੂਠੇ ਧਰਮ ਨਾਲੋਂ ਹਰ ਤਰ੍ਹਾਂ ਦਾ ਰਿਸ਼ਤਾ ਤੋੜਨਾ ਚਾਹੀਦਾ ਹੈ। ਉਹ ਜਿਹੜੇ ਚਰਚ ਦਾ ਮੈਂਬਰ ਸੀ ਜਾਂ ਮਹਾਂ ਬਾਬਲ ਦੇ ਜਿਸ ਸੰਗਠਨ ਨਾਲ ਸੰਬੰਧ ਰੱਖਦਾ ਸੀ, ਉਸ ਨੂੰ ਚਿੱਠੀ ਲਿਖ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਦੱਸਣਾ ਚਾਹੀਦਾ ਹੈ ਕਿ ਉਹ ਹੁਣ ਉਸ ਦਾ ਮੈਂਬਰ ਨਹੀਂ ਹੈ। *

17. ਇਕ ਮਸੀਹੀ ਨੂੰ ਕਿਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਅਤੇ ਕਿਉਂ?

17 ਇਕ ਸੱਚੇ ਮਸੀਹੀ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਉਸ ਦੇ ਕੰਮ-ਧੰਦੇ ਦਾ ਮਹਾਂ ਬਾਬਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। (2 ਕੁਰਿੰ. 6:14-17) ਮਿਸਾਲ ਲਈ, ਉਸ ਨੂੰ ਚਰਚ ਵਿਚ ਨੌਕਰੀ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ, ਇਕ ਮਸੀਹੀ ਜੋ ਕਿਸੇ ਹੋਰ ਦੇ ਅਧੀਨ ਕੰਮ ਕਰਦਾ ਹੈ, ਉਹ ਉਸ ਇਮਾਰਤ ਵਿਚ ਲੰਬਾ-ਚੌੜਾ ਕੰਮ ਨਹੀਂ ਕਰਨਾ ਚਾਹੇਗਾ ਜਿੱਥੇ ਝੂਠੀ ਭਗਤੀ ਕੀਤੀ ਜਾਂਦੀ ਹੈ। ਨਾਲੇ ਜੇ ਉਸ ਮਸੀਹੀ ਦਾ ਆਪਣਾ ਕਾਰੋਬਾਰ ਹੈ, ਤਾਂ ਉਹ ਜ਼ਰੂਰ ਅਜਿਹਾ ਕੰਮ ਜਾਂ ਕਿਸੇ ਤਰ੍ਹਾਂ ਦਾ ਕਾਨਟ੍ਰੈਕਟ ਨਹੀਂ ਲੈਣਾ ਚਾਹੇਗਾ ਜਿਸ ਦਾ ਸੰਬੰਧ ਮਹਾਂ ਬਾਬਲ ਨਾਲ ਹੋਵੇ। ਅਸੀਂ ਇਸ ਤਰ੍ਹਾਂ ਦਾ ਪੱਕਾ ਇਰਾਦਾ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਉਨ੍ਹਾਂ ਧਾਰਮਿਕ ਸੰਗਠਨਾਂ ਦੇ ਕੰਮਾਂ ਅਤੇ ਪਾਪਾਂ ਵਿਚ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ।—ਯਸਾ. 52:11. *

18. ਆਪਣੇ ਕੰਮ ਦੇ ਮਾਮਲੇ ਵਿਚ ਇਕ ਭਰਾ ਬਾਈਬਲ ਦੇ ਅਸੂਲਾਂ ’ਤੇ ਕਿਵੇਂ ਅਟੱਲ ਰਿਹਾ?

18 ਕਈ ਸਾਲ ਪਹਿਲਾਂ ਆਪਣਾ ਕਾਰੋਬਾਰ ਕਰਨ ਵਾਲੇ ਇਕ ਬਜ਼ੁਰਗ ਨੂੰ ਇਕ ਕਾਨਟ੍ਰੈਕਟਰ ਨੇ ਚਰਚ ਵਿਚ ਲੱਕੜੀ ਦਾ ਛੋਟਾ-ਮੋਟਾ ਕੰਮ ਕਰਨ ਲਈ ਪੁੱਛਿਆ। ਉਸ ਆਦਮੀ ਨੂੰ ਪਤਾ ਸੀ ਕਿ ਉਸ ਭਰਾ ਨੇ ਹਮੇਸ਼ਾ ਚਰਚ ਵਿਚ ਕੰਮ ਕਰਨ ਤੋਂ ਮਨ੍ਹਾ ਕੀਤਾ ਸੀ। ਪਰ ਇਸ ਵਾਰ ਇਸ ਕਾਨਟ੍ਰੈਕਟਰ ਨੂੰ ਇਸ ਕੰਮ ਲਈ ਕਿਸੇ ਵਿਅਕਤੀ ਦੀ ਬਹੁਤ ਲੋੜ ਸੀ। ਪਰ ਫਿਰ ਵੀ ਭਰਾ ਬਾਈਬਲ ਦੇ ਅਸੂਲਾਂ ’ਤੇ ਅਟੱਲ ਰਿਹਾ ਅਤੇ ਉਸ ਨੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਅਗਲੇ ਹਫ਼ਤੇ ਉਸ ਇਲਾਕੇ ਦੀ ਅਖ਼ਬਾਰ ਵਿਚ ਕਿਸੇ ਤਰਖਾਣ ਦੀ ਫੋਟੋ ਆਈ ਜੋ ਚਰਚ ’ਤੇ ਕ੍ਰਾਸ ਲਾ ਰਿਹਾ ਸੀ। ਜੇ ਭਰਾ ਬਾਈਬਲ ਦੇ ਅਸੂਲਾਂ ਨਾਲ ਸਮਝੌਤਾ ਕਰ ਲੈਂਦਾ, ਤਾਂ ਅਖ਼ਬਾਰ ਵਿਚ ਉਸ ਦੀ ਫੋਟੋ ਹੋਣੀ ਸੀ। ਜ਼ਰਾ ਸੋਚੋ ਕਿ ਭੈਣਾਂ-ਭਰਾਵਾਂ ਵਿਚ ਉਸ ਭਰਾ ਦੀ ਕਿੰਨੀ ਬਦਨਾਮੀ ਹੋਣੀ ਸੀ! ਨਾਲੇ ਜ਼ਰਾ ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗਣਾ ਸੀ!

ਅਸੀਂ ਕੀ ਸਿੱਖਿਆ?

19-20. (ੳ) ਅਸੀਂ ਹੁਣ ਤਕ ਕੀ ਸਿੱਖਿਆ? (ਅ) ਸਾਨੂੰ ਹੋਰ ਕੀ ਸਿੱਖਣ ਦੀ ਲੋੜ ਹੈ?

19 ਬਾਈਬਲ ਦੀ ਭਵਿੱਖਬਾਣੀ ਅਨੁਸਾਰ ਜਲਦੀ ਹੀ ਦੁਨੀਆਂ ਵਿਚ ਅਗਲੀ ਮੁੱਖ ਘਟਨਾ ਹੋਵੇਗੀ, ਉਹ ਹੈ ਕੌਮਾਂ ਦੁਆਰਾ “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ। ਅਸੀਂ ਯਹੋਵਾਹ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਸ ਨੇ ਸਾਨੂੰ ਸਿਖਾਇਆ ਕਿ ਕੌਮਾਂ ਸੱਚੀ ਤੇ ਹਮੇਸ਼ਾ ਲਈ ਸ਼ਾਂਤੀ ਨਹੀਂ ਲਿਆਉਣਗੀਆਂ। ਇਹ ਘਟਨਾ ਵਾਪਰਨ ਅਤੇ ਅਚਾਨਕ ਨਾਸ਼ ਹੋਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਰਾਜ ਦਾ ਸੰਦੇਸ਼ ਸੁਣਾਉਣ ਅਤੇ ਹੋਰ ਚੇਲੇ ਬਣਾਉਣ ਦੇ ਕੰਮ ਵਿਚ ਰੁੱਝੇ ਰਹੀਏ। ਨਾਲੇ ਸਾਨੂੰ ਆਪਣੇ ਆਪ ਨੂੰ ਸਾਰੇ ਝੂਠੇ ਧਰਮਾਂ ਤੋਂ ਅਲੱਗ ਕਰਨ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਮਹਾਂ ਬਾਬਲ ਨਾਲ ਸੰਬੰਧਿਤ ਆਪਣੀ ਕਿਸੇ ਵੀ ਤਰ੍ਹਾਂ ਦੀ ਮੈਂਬਰਸ਼ਿਪ ਨੂੰ ਤੋੜ ਦੇਣਾ ਚਾਹੀਦਾ ਹੈ ਅਤੇ ਇਸ ਨਾਲ ਸੰਬੰਧਿਤ ਹਰ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ।

20 “ਆਖ਼ਰੀ ਦਿਨਾਂ” ਦੇ ਅਖ਼ੀਰ ਵਿਚ ਹੋਰ ਘਟਨਾਵਾਂ ਵੀ ਹੋਣਗੀਆਂ। ਨਾਲੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹੋਰ ਕੰਮ ਵੀ ਕਰੀਏ। ਉਹ ਕੰਮ ਕਿਹੜੇ ਹਨ ਅਤੇ ਭਵਿੱਖ ਵਿਚ ਹੋਣ ਵਾਲੀ ਹਰ ਚੀਜ਼ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਿਵੇਂ ਕਰ ਸਕਦੇ ਹਾਂ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਗੀਤ 17 ਰੱਬ ਦੇ ਸੇਵਕੋ, ਅੱਗੇ ਵਧੋ!

^ ਪੈਰਾ 5 ਅਸੀਂ ਉਮੀਦ ਰੱਖਦੇ ਹਾਂ ਕਿ ਜਲਦੀ ਹੀ ਕੌਮਾਂ ਦਾਅਵਾ ਕਰਨਗੀਆਂ ਕਿ ਉਨ੍ਹਾਂ ਨੇ “ਸ਼ਾਂਤੀ ਅਤੇ ਸੁਰੱਖਿਆ ਕਾਇਮ” ਕਰ ਲਈ ਹੈ। ਇਹ ਦਾਅਵਾ ਮਹਾਂਕਸ਼ਟ ਸ਼ੁਰੂ ਹੋਣ ਦੀ ਨਿਸ਼ਾਨੀ ਹੋਵੇਗਾ। ਯਹੋਵਾਹ ਕੀ ਚਾਹੁੰਦਾ ਹੈ ਕਿ ਅਸੀਂ ਹੁਣ ਅਤੇ ਉਦੋਂ ਕੀ ਕਰੀਏ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

^ ਪੈਰਾ 3 ਮਿਸਾਲ ਲਈ, ਸੰਯੁਕਤ ਰਾਸ਼ਟਰ-ਸੰਘ ਆਪਣੀ ਵੈੱਬਸਾਈਟ ’ਤੇ “ਅੰਤਰਰਾਸ਼ਟਰੀ ਪੱਧਰ ’ਤੇ ਸ਼ਾਂਤੀ ਤੇ ਸੁਰੱਖਿਆ ਕਾਇਮ” ਕਰਨ ਦਾ ਦਾਅਵਾ ਕਰਦਾ ਹੈ।

^ ਪੈਰਾ 10 ਸਿਖਾਉਣ ਲਈ ਔਜ਼ਾਰਾਂ ਵਿਚ ਦਿੱਤੇ ਔਜ਼ਾਰਾਂ ਨੂੰ ਕਿਵੇਂ ਵਰਤਣਾ ਹੈ, ਇਸ ਬਾਰੇ ਸਿੱਖਣ ਲਈ ਪਹਿਰਾਬੁਰਜ ਅਕਤੂਬਰ 2018 ਵਿਚ “ਸੱਚਾਈ ਸਿਖਾਓ” ਨਾਂ ਦਾ ਲੇਖ ਦੇਖੋ।

^ ਪੈਰਾ 11 ਇਹ ਸਬਕ ਅਜੇ ਅੰਗ੍ਰੇਜ਼ੀ ਤੇ ਪੁਰਤਗਾਲੀ ਭਾਸ਼ਾ ਵਿਚ ਉਪਲਬਧ ਹਨ, ਪਰ ਹੋਰ ਭਾਸ਼ਾਵਾਂ ਵਿਚ ਵੀ ਤਿਆਰ ਕੀਤੇ ਜਾਣਗੇ।

^ ਪੈਰਾ 16 ਸਾਨੂੰ ਯੂਥ ਕੈਂਪ ਜਾਂ ਮਨੋਰੰਜਨ ਸੰਬੰਧੀ ਸੰਗਠਨਾਂ ਤੋਂ ਵੀ ਦੂਰ ਰਹਿਣ ਦੀ ਲੋੜ ਹੈ ਜੋ ਝੂਠੇ ਧਰਮਾਂ ਨਾਲ ਜੁੜੇ ਹੁੰਦੇ ਹਨ। ਮਿਸਾਲ ਲਈ, ਕਈ ਥਾਵਾਂ ’ਤੇ ਧਾਰਮਿਕ ਸੰਗਠਨ ਜਿਮ, ਪੂਲ ਜਾਂ ਹੈੱਲਥ ਕਲੱਬ ਸਥਾਪਿਤ ਕਰਦੇ ਹਨ। ਭਾਵੇਂ ਇਸ ਤਰ੍ਹਾਂ ਦੇ ਸਥਾਨਕ ਸੰਗਠਨ ਸ਼ਾਇਦ ਦਾਅਵਾ ਕਰਨ ਕਿ ਉਹ ਧਾਰਮਿਕ ਸੰਗਠਨ ਨਹੀਂ ਹਨ, ਪਰ ਇਹ ਸੰਗਠਨ ਧਾਰਮਿਕ ਵਿਚਾਰਾਂ ਤੇ ਟੀਚਿਆਂ ਨੂੰ ਅੱਗੇ ਵਧਾਉਂਦੇ ਹਨ।

^ ਪੈਰਾ 17 ਧਾਰਮਿਕ ਸੰਗਠਨਾਂ ਵਿਚ ਕੰਮ ਕਰਨ ਦੇ ਮਾਮਲੇ ਸੰਬੰਧੀ ਬਾਈਬਲ ਦੇ ਨਜ਼ਰੀਏ ਬਾਰੇ ਹੋਰ ਜਾਣਨ ਲਈ 15 ਅਪ੍ਰੈਲ 1999 ਦੇ ਪਹਿਰਾਬੁਰਜ ਵਿੱਚੋਂ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

^ ਪੈਰਾ 83 ਤਸਵੀਰ ਬਾਰੇ ਜਾਣਕਾਰੀ: ਕੌਫ਼ੀ ਵਾਲੀ ਦੁਕਾਨ ਵਿਚ ਟੈਲੀਵਿਯਨ ’ਤੇ “ਸ਼ਾਂਤੀ ਅਤੇ ਸੁਰੱਖਿਆ” ਬਾਰੇ “ਤਾਜ਼ਾ ਖ਼ਬਰ” ਸੁਣ ਕੇ ਗਾਹਕ ਹੈਰਾਨ ਹੁੰਦੇ ਹੋਏ। ਪਰ ਪ੍ਰਚਾਰ ਤੋਂ ਬਾਅਦ ਕੌਫ਼ੀ ਪੀਣ ਆਇਆ ਇਕ ਗਵਾਹ ਜੋੜਾ ਇਹ ਖ਼ਬਰ ਸੁਣ ਕੇ ਮੂਰਖ ਨਹੀਂ ਬਣਦਾ।