Skip to content

Skip to table of contents

ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕੰਮ ਕਰੋ

ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕੰਮ ਕਰੋ

“ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।”​1 ਕੁਰਿੰ. 3:9.

ਗੀਤ: 44, 28

1. ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਯਹੋਵਾਹ ਨਾਲ ਮਿਲ ਕੇ ਕੰਮ ਕਰਦੇ ਹਾਂ?

ਇਨਸਾਨਾਂ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਚਾਹੁੰਦਾ ਸੀ ਕਿ ਉਹ ਉਸ ਨਾਲ ਮਿਲ ਕੇ ਕੰਮ ਕਰਨ। ਭਾਵੇਂ ਇਨਸਾਨ ਅੱਜ ਨਾਮੁਕੰਮਲ ਹਨ, ਪਰ ਫਿਰ ਵੀ ਵਫ਼ਾਦਾਰ ਸੇਵਕ ਯਹੋਵਾਹ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਮਿਸਾਲ ਲਈ, ਜਦੋਂ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਅਤੇ ਚੇਲੇ ਬਣਾਉਂਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।” (1 ਕੁਰਿੰ. 3:5-9) ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਸਾਰੇ ਜਹਾਨ ਦੇ ਮਾਲਕ ਨੇ ਸਾਨੂੰ ਇਹ ਜ਼ਰੂਰੀ ਕੰਮ ਕਰਨ ਲਈ ਚੁਣਿਆ ਹੈ! ਪਰ ਅਸੀਂ ਸਿਰਫ਼ ਪ੍ਰਚਾਰ ਕਰ ਕੇ ਹੀ ਯਹੋਵਾਹ ਨਾਲ ਮਿਲ ਕੇ ਕੰਮ ਨਹੀਂ ਕਰਦੇ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਯਹੋਵਾਹ ਨਾਲ ਮਿਲ ਕੇ ਉਦੋਂ ਕੰਮ ਕਿਵੇਂ ਕਰਦੇ ਹਾਂ ਜਦੋਂ ਅਸੀਂ ਆਪਣੇ ਪਰਿਵਾਰ ਅਤੇ ਮੰਡਲੀ ਵਿਚ ਹੋਰਨਾਂ ਦੀ ਮਦਦ ਕਰਦੇ ਹਾਂ, ਪਰਾਹੁਣਚਾਰੀ ਦਿਖਾਉਂਦੇ ਹਾਂ, ਦੁਨੀਆਂ ਭਰ ਵਿਚ ਹੋ ਰਹੇ ਸੰਗਠਨ ਦੇ ਕੰਮਾਂ ਵਿਚ ਹੱਥ ਵਟਾਉਂਦੇ ਹਾਂ ਅਤੇ ਜਦੋਂ ਹੋਰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ।​—ਕੁਲੁ. 3:23.

2. ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਿਉਂ ਨਹੀਂ ਕਰਨੀ ਚਾਹੀਦੀ?

2 ਇਸ ਲੇਖ ਦਾ ਅਧਿਐਨ ਕਰਦਿਆਂ ਸਾਡੇ ਲਈ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਹਰ ਵਿਅਕਤੀ ਅਲੱਗ ਹੈ। ਸਾਡੀ ਉਮਰ, ਸਿਹਤ, ਹਾਲਾਤ ਅਤੇ ਕਾਬਲੀਅਤਾਂ ਇੱਕੋ-ਜਿਹੀਆਂ ਨਹੀਂ ਹਨ। ਇਸ ਲਈ ਤੁਸੀਂ ਯਹੋਵਾਹ ਲਈ ਜੋ ਵੀ ਕਰਦੇ ਹੋ, ਉਸ ਦੀ ਤੁਲਨਾ ਦੂਜਿਆਂ ਨਾਲ ਨਾ ਕਰੋ। ਪੌਲੁਸ ਰਸੂਲ ਨੇ ਕਿਹਾ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।”​—ਗਲਾ. 6:4.

ਆਪਣੇ ਪਰਿਵਾਰ ਅਤੇ ਮੰਡਲੀ ਵਿਚ ਦੂਜਿਆਂ ਦੀ ਮਦਦ ਕਰੋ

3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਵਿਅਕਤੀ ਯਹੋਵਾਹ ਨਾਲ ਮਿਲ ਕੇ ਕੰਮ ਕਰ ਰਿਹਾ ਹੈ?

3 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰੀਏ। ਮਿਸਾਲ ਲਈ, ਸ਼ਾਇਦ ਤੁਹਾਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਮਾਉਣ ਦੀ ਲੋੜ ਹੈ। ਬਹੁਤ ਸਾਰੀਆਂ ਮਾਵਾਂ ਨੂੰ ਆਪਣੇ ਛੋਟੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਘਰ ਵਿਚ ਰਹਿਣਾ ਪੈਂਦਾ ਹੈ। ਕਈਆਂ ਨੂੰ ਸ਼ਾਇਦ ਆਪਣੇ ਸਿਆਣੀ ਉਮਰ ਦੇ ਮਾਪਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਇਹ ਕੰਮ ਕਰਨੇ ਬਹੁਤ ਹੀ ਜ਼ਰੂਰੀ ਹਨ। ਬਾਈਬਲ ਕਹਿੰਦੀ ਹੈ: “ਜੇ ਕੋਈ ਇਨਸਾਨ ਆਪਣਿਆਂ ਦਾ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦਾ ਧਿਆਨ ਨਹੀਂ ਰੱਖਦਾ, ਤਾਂ ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਹ ਇਨਸਾਨ ਨਿਹਚਾ ਨਾ ਕਰਨ ਵਾਲਿਆਂ ਨਾਲੋਂ ਵੀ ਬੁਰਾ ਹੈ।” (1 ਤਿਮੋ. 5:8) ਜੇ ਤੁਹਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਹਨ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਉੱਨਾ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ। ਪਰ ਹੌਸਲਾ ਨਾ ਹਾਰੋ! ਜਦੋਂ ਤੁਸੀਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹੋ, ਤਾਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ।​—1 ਕੁਰਿੰ. 10:31.

4. ਮਾਪੇ ਰਾਜ ਦੇ ਕੰਮਾਂ ਨੂੰ ਪਹਿਲੀ ਥਾਂ ਕਿਵੇਂ ਦੇ ਸਕਦੇ ਹਨ ਅਤੇ ਇਸ ਤਰ੍ਹਾਂ ਕਰਨ ਦੇ ਕੀ ਨਤੀਜੇ ਨਿਕਲਦੇ ਹਨ?

4 ਜਦੋਂ ਮਸੀਹੀ ਮਾਪੇ ਬੱਚਿਆਂ ਦੀ ਮਦਦ ਕਰਦੇ ਹਨ ਕਿ ਉਹ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ, ਤਾਂ ਮਾਪੇ ਯਹੋਵਾਹ ਨਾਲ ਮਿਲ ਕੇ ਕੰਮ ਕਰਦੇ ਹਨ। ਬਹੁਤ ਸਾਰੇ ਮਾਪਿਆਂ ਨੇ ਇੱਦਾਂ ਕੀਤਾ ਹੈ। ਨਤੀਜੇ ਵਜੋਂ, ਬਾਅਦ ਵਿਚ ਉਨ੍ਹਾਂ ਦੇ ਧੀਆਂ-ਪੁੱਤਾਂ ਨੇ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ, ਭਾਵੇਂ ਇੱਦਾਂ ਕਰਨ ਲਈ ਉਨ੍ਹਾਂ ਨੂੰ ਘਰ ਤੋਂ ਦੂਰ ਹੀ ਕਿਉਂ ਨਹੀਂ ਜਾਣਾ ਪਿਆ। ਕੁਝ ਮਿਸ਼ਨਰੀ ਹਨ, ਕੁਝ ਉੱਥੇ ਜਾ ਕੇ ਪਾਇਨੀਅਰਿੰਗ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਅਤੇ ਕਈ ਬੈਥਲ ਵਿਚ ਸੇਵਾ ਕਰਦੇ ਹਨ। ਬਿਨਾਂ ਸ਼ੱਕ, ਜਦੋਂ ਬੱਚੇ ਮਾਪਿਆਂ ਤੋਂ ਦੂਰ ਹੁੰਦੇ ਹਨ, ਤਾਂ ਮਾਪੇ ਉਨ੍ਹਾਂ ਨਾਲ ਉੱਨਾ ਸਮਾਂ ਬਤੀਤ ਨਹੀਂ ਕਰ ਸਕਦੇ ਜਿੰਨਾ ਮਾਪੇ ਚਾਹੁੰਦੇ ਹਨ। ਪਰ ਉਹ ਆਪਣੇ ਬੱਚਿਆਂ ਨੂੰ ਉੱਥੇ ਰਹਿ ਕੇ ਹੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਨ ਜਿੱਥੇ ਉਹ ਕਰ ਰਹੇ ਹਨ। ਕਿਉਂ? ਕਿਉਂਕਿ ਉਹ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਰਹੇ ਹਨ। (3 ਯੂਹੰ. 4) ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਪੇ ਹੰਨਾਹ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਕਿਹਾ ਸੀ ਕਿ ਉਸ ਨੇ ਆਪਣਾ ਪੁੱਤ ਸਮੂਏਲ ਯਹੋਵਾਹ ਨੂੰ “ਦੇ ਦਿੱਤਾ” ਸੀ। ਮਾਪੇ ਇਸ ਤਰੀਕੇ ਨਾਲ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਨੂੰ ਵੱਡਾ ਸਨਮਾਨ ਸਮਝਦੇ ਹਨ।​—1 ਸਮੂ. 1:28.

5. ਤੁਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਜੇ ਤੁਹਾਡੇ ਕੋਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਹਨ, ਤਾਂ ਕੀ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹੋ ਜੋ ਬੀਮਾਰ ਹਨ, ਸਿਆਣੀ ਉਮਰ ਦੇ ਹਨ ਜਾਂ ਜਿਨ੍ਹਾਂ ਨੂੰ ਕੋਈ ਹੋਰ ਮਦਦ ਦੀ ਲੋੜ ਹੈ? ਜਾਂ ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਜੋ ਇੱਦਾਂ ਦੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ? ਆਪਣੀ ਮੰਡਲੀ ਵਿਚ ਉਨ੍ਹਾਂ ਵੱਲ ਧਿਆਨ ਦਿਓ ਜਿਨ੍ਹਾਂ ਨੂੰ ਸ਼ਾਇਦ ਇੱਦਾਂ ਦੀ ਮਦਦ ਦੀ ਲੋੜ ਹੋਵੇ। ਮਿਸਾਲ ਲਈ, ਸ਼ਾਇਦ ਤੁਹਾਡੀ ਮੰਡਲੀ ਵਿਚ ਕੋਈ ਭੈਣ ਹੋਵੇ ਜੋ ਆਪਣੇ ਸਿਆਣੀ ਉਮਰ ਦੇ ਮਾਪਿਆਂ ਦੀ ਦੇਖ-ਭਾਲ ਕਰ ਰਹੀ ਹੈ। ਕੀ ਤੁਸੀਂ ਉਸ ਦੇ ਮਾਪਿਆਂ ਨਾਲ ਸਮਾਂ ਬਤੀਤ ਕਰ ਸਕਦੇ ਹੋ ਤਾਂਕਿ ਉਹ ਆਪਣੇ ਹੋਰ ਕੰਮ ਕਰ ਸਕੇ? ਜਾਂ ਤੁਸੀਂ ਸ਼ਾਇਦ ਕਿਸੇ ਨੂੰ ਸਭਾਵਾਂ ਵਿਚ ਲਿਆਉਣ ਜਾਂ ਖ਼ਰੀਦਦਾਰੀ ਕਰਨ ਵਿਚ ਮਦਦ ਕਰ ਸਕਦੇ ਹੋ ਜਾਂ ਕਿਸੇ ਬੀਮਾਰ ਵਿਅਕਤੀ ਨੂੰ ਹਸਪਤਾਲ ਮਿਲਣ ਜਾ ਸਕਦੇ ਹੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਰ ਰਹੇ ਹੋਵੋਗੇ ਜੋ ਸ਼ਾਇਦ ਤੁਹਾਡੇ ਰਾਹੀਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।​—1 ਕੁਰਿੰਥੀਆਂ 10:24 ਪੜ੍ਹੋ।

ਪਰਾਹੁਣਚਾਰੀ ਕਰੋ

6. ਅਸੀਂ ਪਰਾਹੁਣਚਾਰੀ ਕਿਵੇਂ ਦਿਖਾ ਸਕਦੇ ਹਾਂ?

6 ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਵਾਲੇ ਪਰਾਹੁਣਚਾਰੀ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਨ। ਬਾਈਬਲ ਵਿਚ ਪਰਾਹੁਣਚਾਰੀ ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਮਤਲਬ ਹੈ, “ਅਜਨਬੀਆਂ ਲਈ ਪਿਆਰ ਦਿਖਾਉਣਾ।” (ਇਬ. 13:2) ਪਰਮੇਸ਼ੁਰ ਦੇ ਬਚਨ ਵਿਚ ਅਸੀਂ ਉਹ ਮਿਸਾਲਾਂ ਪੜ੍ਹ ਸਕਦੇ ਹਾਂ ਜਿਨ੍ਹਾਂ ਤੋਂ ਅਸੀਂ ਪਰਾਹੁਣਚਾਰੀ ਕਰਨੀ ਸਿੱਖ ਸਕਦੇ ਹਾਂ। (ਉਤ. 18:1-5) ਮੌਕਾ ਮਿਲਣ ’ਤੇ ਅਸੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਅਤੇ ਸਾਨੂੰ ਕਰਨੀ ਵੀ ਚਾਹੀਦੀ ਹੈ, ਚਾਹੇ ਉਹ “ਸਾਡੇ ਮਸੀਹੀ ਭੈਣ-ਭਰਾ” ਹੋਣ ਜਾਂ ਨਾ।​—ਗਲਾ. 6:10.

7. ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦੀ ਪਰਾਹੁਣਚਾਰੀ ਕਰ ਕੇ ਕਿਹੜੇ ਫ਼ਾਇਦੇ ਹੁੰਦੇ ਹਨ?

7 ਕੀ ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਰੱਖ ਕੇ ਯਹੋਵਾਹ ਨਾਲ ਮਿਲ ਕੇ ਕੰਮ ਕਰ ਸਕਦੇ ਹੋ? (3 ਯੂਹੰਨਾ 5, 8 ਪੜ੍ਹੋ।) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਇਕ-ਦੂਜੇ ਦੀ “ਨਿਹਚਾ ਤੋਂ ਹੌਸਲਾ” ਮਿਲਦਾ ਹੈ। (ਰੋਮੀ. 1:11, 12) ਓਲਾਫ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਉਹ ਨੌਜਵਾਨ ਸੀ, ਤਾਂ ਸਰਕਟ ਨਿਗਾਹਬਾਨ ਉਸ ਦੀ ਮੰਡਲੀ ਦਾ ਦੌਰਾ ਕਰਨ ਆਇਆ। ਉਸ ਨੂੰ ਰਹਿਣ ਲਈ ਜਗ੍ਹਾ ਦੀ ਲੋੜ ਸੀ, ਪਰ ਮੰਡਲੀ ਵਿਚ ਕੋਈ ਵੀ ਉਸ ਦੀ ਮਦਦ ਨਹੀਂ ਕਰ ਸਕਿਆ। ਓਲਾਫ ਨੇ ਆਪਣੇ ਅਵਿਸ਼ਵਾਸੀ ਮਾਪਿਆਂ ਤੋਂ ਪੁੱਛਿਆ ਕਿ ਸਰਕਟ ਨਿਗਾਹਬਾਨ ਉਨ੍ਹਾਂ ਦੇ ਘਰ ਰਹਿ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇ ਓਲਾਫ ਸੌਫੇ ’ਤੇ ਸੌਣ ਲਈ ਤਿਆਰ ਸੀ। ਓਲਾਫ ਸੌਫੇ ’ਤੇ ਸੁੱਤਾ। ਉਸ ਨੂੰ ਇੱਦਾਂ ਕਰ ਕੇ ਖ਼ੁਸ਼ੀ ਮਿਲੀ। ਓਲਾਫ ਕਹਿੰਦਾ ਹੈ: “ਇਹ ਕਿੰਨਾ ਹੀ ਵਧੀਆ ਹਫ਼ਤਾ ਸੀ! ਮੈਂ ਤੇ ਸਰਕਟ ਨਿਗਾਹਬਾਨ ਸਵੇਰੇ ਛੇਤੀ ਹੀ ਉੱਠ ਜਾਂਦੇ ਸੀ ਅਤੇ ਨਾਸ਼ਤੇ ’ਤੇ ਅਸੀਂ ਬਹੁਤ ਸਾਰੇ ਵਧੀਆ ਵਿਸ਼ਿਆਂ ’ਤੇ ਚਰਚਾ ਕਰਦੇ ਸੀ। ਸਰਕਟ ਨਿਗਾਹਬਾਨ ਵੱਲੋਂ ਦਿੱਤੀ ਹੱਲਾਸ਼ੇਰੀ ਕਰਕੇ ਪੂਰੇ ਸਮੇਂ ਦੀ ਸੇਵਾ ਕਰਨ ਦੀ ਮੇਰੀ ਇੱਛਾ ਹੋਰ ਵੀ ਵਧ ਗਈ।” ਓਲਾਫ ਨੇ ਪਿਛਲੇ 40 ਸਾਲਾਂ ਤੋਂ ਬਹੁਤ ਸਾਰੀਆਂ ਥਾਵਾਂ ’ਤੇ ਮਿਸ਼ਨਰੀ ਸੇਵਾ ਕੀਤੀ ਹੈ।

8. ਜਦੋਂ ਦੂਜੇ ਸਾਡੇ ਪਿਆਰ ਪ੍ਰਤੀ ਕੋਈ ਕਦਰ ਨਹੀਂ ਦਿਖਾਉਂਦੇ, ਤਾਂ ਵੀ ਸਾਨੂੰ ਪਿਆਰ ਕਿਉਂ ਦਿਖਾਉਣਾ ਚਾਹੀਦਾ ਹੈ? ਇਕ ਮਿਸਾਲ ਦਿਓ।

8 ਅਸੀਂ ਅਜਨਬੀਆਂ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਪਿਆਰ ਦਿਖਾ ਸਕਦੇ ਹਾਂ, ਭਾਵੇਂ ਪਹਿਲਾਂ-ਪਹਿਲ ਉਹ ਸਾਡੇ ਕੰਮਾਂ ਦੀ ਕਦਰ ਨਾ ਵੀ ਕਰਨ। ਮਿਸਾਲ ਲਈ, ਸਪੇਨ ਵਿਚ ਇਕ ਭੈਣ ਜੈਸਿਕਾ ਨਾਲ ਬਾਈਬਲ ਅਧਿਐਨ ਕਰਦੀ ਸੀ ਜੋ ਇਕਵੇਡਾਰ ਤੋਂ ਸੀ। ਬਾਈਬਲ ਅਧਿਐਨ ਕਰਦਿਆਂ ਜੈਸਿਕਾ ਰੋਈ ਜਾ ਰਹੀ ਸੀ। ਭੈਣ ਨੇ ਉਸ ਨੂੰ ਪੁੱਛਿਆ ਕਿ ਉਹ ਕਿਉਂ ਰੋ ਰਹੀ ਸੀ। ਜੈਸਿਕਾ ਨੇ ਕਿਹਾ ਕਿ ਸਪੇਨ ਆਉਣ ਤੋਂ ਪਹਿਲਾਂ ਉਹ ਬਹੁਤ ਹੀ ਗ਼ਰੀਬ ਸੀ। ਇਕ ਦਿਨ ਉਸ ਕੋਲ ਆਪਣੀ ਧੀ ਨੂੰ ਦੇਣ ਲਈ ਪਾਣੀ ਤੋਂ ਸਿਵਾਇ ਹੋਰ ਕੁਝ ਵੀ ਨਹੀਂ ਸੀ। ਜਦੋਂ ਉਹ ਆਪਣੀ ਧੀ ਨੂੰ ਸੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਸ ਨੇ ਮਦਦ ਲਈ ਪ੍ਰਾਰਥਨਾ ਕੀਤੀ। ਛੇਤੀ ਹੀ ਦੋ ਭੈਣਾਂ ਉਸ ਦੇ ਘਰ ਆਈਆਂ ਤੇ ਉਨ੍ਹਾਂ ਨੇ ਉਸ ਨੂੰ ਰਸਾਲਾ ਦਿੱਤਾ। ਪਰ ਉਸ ਨੇ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਅਤੇ ਰਸਾਲਾ ਪਾੜ ਕੇ ਸੁੱਟ ਦਿੱਤਾ ਤੇ ਕਿਹਾ: “ਕੀ ਮੈਂ ਆਪਣੀ ਧੀ ਨੂੰ ਇਹ ਖੁਆਵਾਂ?” ਭੈਣਾਂ ਨੇ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਜੈਸਿਕਾ ਨੇ ਉਨ੍ਹਾਂ ਦੀ ਇਕ ਨਾ ਸੁਣੀ। ਬਾਅਦ ਵਿਚ ਭੈਣਾਂ ਉਸ ਦੇ ਦਰਵਾਜ਼ੇ ’ਤੇ ਇਕ ਟੋਕਰੀ ਵਿਚ ਖਾਣਾ ਰੱਖ ਕੇ ਗਈਆਂ। ਹੁਣ ਸਟੱਡੀ ਕਰਦਿਆਂ ਉਹ ਇਸ ਕਰਕੇ ਰੋ ਰਹੀ ਸੀ ਕਿਉਂਕਿ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਪਰਮੇਸ਼ੁਰ ਵੱਲੋਂ ਦਿੱਤੇ ਪ੍ਰਾਰਥਨਾ ਦੇ ਜਵਾਬ ਨੂੰ ਅਣਗੌਲਿਆਂ ਕੀਤਾ ਸੀ। ਹੁਣ ਜੈਸਿਕਾ ਨੇ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ। ਸੱਚ-ਮੁੱਚ, ਇਨ੍ਹਾਂ ਭੈਣਾਂ ਵੱਲੋਂ ਖੁੱਲ੍ਹ-ਦਿਲੀ ਦਿਖਾਉਣ ਦਾ ਕਿੰਨਾ ਵਧੀਆ ਨਤੀਜਾ ਨਿਕਲਿਆ!​—ਉਪ. 11:1, 6.

ਸੰਗਠਨ ਦੇ ਕੰਮਾਂ ਵਿਚ ਹੱਥ-ਵਟਾਉਣਾ

9, 10. (ੳ) ਇਜ਼ਰਾਈਲੀਆਂ ਕੋਲ ਖ਼ੁਸ਼ੀ ਨਾਲ ਸੇਵਾ ਕਰਨ ਦੇ ਕਿਹੜੇ ਮੌਕੇ ਸਨ? (ਅ) ਅੱਜ ਭਰਾ ਮੰਡਲੀ ਦੇ ਕਿਹੜੇ ਕੰਮਾਂ ਵਿਚ ਹੱਥ ਵਟਾ ਸਕਦੇ ਹਨ?

9 ਪੁਰਾਣੇ ਸਮੇਂ ਵਿਚ ਇਜ਼ਰਾਈਲੀਆਂ ਨੂੰ ਖ਼ੁਸ਼ੀ ਨਾਲ ਸੇਵਾ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਸਨ। (ਕੂਚ 36:2; 1 ਇਤ. 29:5; ਨਹ. 11:2) ਅੱਜ ਤੁਹਾਡੇ ਕੋਲ ਵੀ ਆਪਣੇ ਸਮੇਂ, ਚੀਜ਼ਾਂ ਅਤੇ ਕਾਬਲੀਅਤਾਂ ਨਾਲ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਬਹੁਤ ਸਾਰੇ ਮੌਕੇ ਹਨ। ਇੱਦਾਂ ਕਰਨ ’ਤੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ ਅਤੇ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।

10 ਪਰਮੇਸ਼ੁਰ ਦਾ ਬਚਨ ਮੰਡਲੀ ਦੇ ਭਰਾਵਾਂ ਨੂੰ ਬਜ਼ੁਰਗ ਅਤੇ ਸਹਾਇਕ ਸੇਵਕ ਬਣਨ ਦੀ ਹੱਲਾਸ਼ੇਰੀ ਦਿੰਦਾ ਹੈ। ਇਸ ਤਰੀਕੇ ਨਾਲ ਉਹ ਦੂਜਿਆਂ ਦੀ ਸੇਵਾ ਕਰ ਕੇ ਯਹੋਵਾਹ ਨਾਲ ਮਿਲ ਕੇ ਕੰਮ ਕਰ ਸਕਣਗੇ। (1 ਤਿਮੋ. 3:1, 8, 9; 1 ਪਤ. 5:2, 3) ਜਿਹੜੇ ਭਰਾ ਇੱਦਾਂ ਕਰਦੇ ਹਨ, ਉਹ ਭਗਤੀ ਅਤੇ ਹੋਰ ਮਾਮਲਿਆਂ ਵਿਚ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹਨ। (ਰਸੂ. 6:1-4) ਕੀ ਮੰਡਲੀ ਦੇ ਬਜ਼ੁਰਗਾਂ ਨੇ ਤੁਹਾਨੂੰ ਅਟੈਂਡੰਟ ਵਜੋਂ ਸੇਵਾ ਕਰਨ, ਸਾਹਿੱਤ ਦੀ ਸਾਂਭ-ਸੰਭਾਲ ਕਰਨ, ਇਲਾਕੇ ਦੇ ਨਕਸ਼ੇ ਵਗੈਰਾ ਬਣਾਉਣ, ਮੁਰੰਮਤ ਜਾਂ ਕਿਸੇ ਹੋਰ ਕੰਮ ਵਿਚ ਮਦਦ ਕਰਨ ਲਈ ਕਿਹਾ ਹੈ? ਜਿਹੜੇ ਭਰਾ ਇਹ ਕੰਮ ਕਰਦੇ ਹਨ, ਉਹ ਤੁਹਾਨੂੰ ਦੱਸ ਸਕਦੇ ਹਨ ਕਿ ਇੱਦਾਂ ਕਰ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ।

ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਣ ਵਾਲੇ ਭੈਣ-ਭਰਾ ਅਕਸਰ ਨਵੇਂ-ਨਵੇਂ ਦੋਸਤ ਬਣਾ ਲੈਂਦੇ ਹਨ (ਪੈਰਾ 11 ਦੇਖੋ)

11. ਇਕ ਭੈਣ ਨੂੰ ਉਨ੍ਹਾਂ ਦੋਸਤਾਂ ਦਾ ਕੀ ਫ਼ਾਇਦਾ ਹੋਇਆ ਜੋ ਉਸ ਨੇ ਉਸਾਰੀ ਦਾ ਕੰਮ ਕਰਦਿਆਂ ਬਣਾਏ ਸਨ?

11 ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਣ ਵਾਲੇ ਭੈਣ-ਭਰਾ ਅਕਸਰ ਨਵੇਂ-ਨਵੇਂ ਦੋਸਤ ਬਣਾ ਲੈਂਦੇ ਹਨ। ਮਾਰਜੀ ਨਾਂ ਦੀ ਭੈਣ ਨੇ 18 ਸਾਲ ਉਸਾਰੀ ਦੇ ਕੰਮਾਂ ਵਿਚ ਹੱਥ ਵਟਾਇਆ। ਉਸਾਰੀ ਦਾ ਕੰਮ ਕਰਦਿਆਂ ਉਹ ਨੌਜਵਾਨ ਭੈਣਾਂ ਵਿਚ ਦਿਲਚਸਪੀ ਲੈਂਦੀ ਸੀ ਅਤੇ ਉਨ੍ਹਾਂ ਨੂੰ ਸਿਖਲਾਈ ਦਿੰਦੀ ਸੀ। ਉਸ ਨੇ ਕਿਹਾ ਕਿ ਉਸਾਰੀ ਦਾ ਕੰਮ ਇਕ-ਦੂਜੇ ਨੂੰ ਹੌਸਲਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ। (ਰੋਮੀ. 1:12) ਦਰਅਸਲ, ਮੁਸ਼ਕਲ ਹਾਲਾਤਾਂ ਵਿਚ ਉਸ ਨੂੰ ਉਨ੍ਹਾਂ ਦੋਸਤਾਂ ਨੇ ਹੌਸਲਾ ਦਿੱਤਾ ਜੋ ਉਸ ਨੇ ਉਸਾਰੀ ਦਾ ਕੰਮ ਕਰਦਿਆਂ ਬਣਾਏ ਸਨ। ਕੀ ਤੁਸੀਂ ਕਦੇ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਹੈ? ਜੇ ਤੁਹਾਡੇ ਕੋਲ ਕੋਈ ਖ਼ਾਸ ਹੁਨਰ ਨਹੀਂ ਵੀ ਹੈ, ਤਾਂ ਵੀ ਤੁਸੀਂ ਉਸਾਰੀ ਦੇ ਕੰਮਾਂ ਵਿਚ ਹੱਥ ਵਟਾ ਸਕਦੇ ਹੋ।

12. ਕੁਦਰਤੀ ਆਫ਼ਤ ਆਉਣ ਤੋਂ ਬਾਅਦ ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ?

12 ਕੁਦਰਤੀ ਆਫ਼ਤ ਆਉਣ ’ਤੇ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਵੀ ਅਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਪੈਸੇ ਦਾਨ ਕਰ ਸਕਦੇ ਹਾਂ। (ਯੂਹੰ. 13:34, 35; ਰਸੂ. 11:27-30) ਆਫ਼ਤ ਆਉਣ ਤੋਂ ਬਾਅਦ ਸਾਫ਼-ਸਫ਼ਾਈ ਅਤੇ ਮੁਰੰਮਤ ਦੇ ਕੰਮ ਵਿਚ ਹੱਥ ਵਟਾ ਕੇ ਵੀ ਅਸੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ। ਪੋਲੈਂਡ ਵਿਚ ਰਹਿਣ ਵਾਲੀ ਭੈਣ ਗਾਬਰੀਏਲਾ ਦਾ ਘਰ ਹੜ੍ਹ ਕਰਕੇ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਜਦੋਂ ਨੇੜੇ ਦੀਆਂ ਮੰਡਲੀਆਂ ਦੇ ਭੈਣ-ਭਰਾ ਉਸ ਦੀ ਮਦਦ ਕਰਨ ਆਏ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ। ਉਹ ਦੱਸਦੀ ਹੈ: “ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਨਹੀਂ ਕਰਨੀ ਚਾਹੁੰਦੀ ਜੋ ਮੈਂ ਗੁਆ ਚੁੱਕੀ ਹਾਂ। ਉਹ ਤਾਂ ਸਿਰਫ਼ ਚੀਜ਼ਾਂ ਸਨ। ਇਸ ਦੀ ਬਜਾਇ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਿੰਨਾ ਕੁਝ ਖੱਟਿਆ। ਇਸ ਗੱਲ ਤੋਂ ਮੇਰਾ ਭਰੋਸਾ ਪੱਕਾ ਹੋਇਆ ਕਿ ਮਸੀਹੀ ਮੰਡਲੀ ਦਾ ਹਿੱਸਾ ਹੋਣਾ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ। ਨਾਲੇ ਇਸ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ।” ਕੁਦਰਤੀ ਆਫ਼ਤ ਤੋਂ ਬਾਅਦ ਜਿਨ੍ਹਾਂ ਦੀ ਮਦਦ ਕੀਤੀ ਗਈ ਸੀ, ਉਹ ਵੀ ਗਾਬਰੀਏਲਾ ਵਾਂਗ ਮਹਿਸੂਸ ਕਰਦੇ ਹਨ। ਜਿਨ੍ਹਾਂ ਭੈਣਾਂ-ਭਰਾਵਾਂ ਨੇ ਇਨ੍ਹਾਂ ਦੀ ਮਦਦ ਕਰਨ ਲਈ ਯਹੋਵਾਹ ਨਾਲ ਮਿਲ ਕੇ ਕੰਮ ਕੀਤਾ ਸੀ, ਉਹ ਬਹੁਤ ਖ਼ੁਸ਼ ਅਤੇ ਸੰਤੁਸ਼ਟ ਮਹਿਸੂਸ ਕਰਦੇ ਹਨ।​ਰਸੂਲਾਂ ਦੇ ਕੰਮ 20:35; 2 ਕੁਰਿੰਥੀਆਂ 9:6, 7 ਪੜ੍ਹੋ।

13. ਖ਼ੁਸ਼ੀ ਨਾਲ ਸੇਵਾ ਕਰਨ ਕਰਕੇ ਯਹੋਵਾਹ ਲਈ ਸਾਡਾ ਪਿਆਰ ਹੋਰ ਗੂੜ੍ਹਾ ਕਿਵੇਂ ਹੁੰਦਾ ਹੈ? ਇਕ ਮਿਸਾਲ ਦਿਓ।

13 ਸਟੈਫ਼ਨੀ ਤੇ ਹੋਰ ਪ੍ਰਚਾਰਕਾਂ ਨੇ ਅਮਰੀਕਾ ਵਿਚ ਸ਼ਰਨਾਰਥੀਆਂ ਵਜੋਂ ਆਏ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਇਨ੍ਹਾਂ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਘਰ ਲੱਭਣ ਤੇ ਘਰ ਦਾ ਸਾਮਾਨ ਖ਼ਰੀਦਣ ਵਿਚ ਮਦਦ ਕੀਤੀ। ਉਹ ਕਹਿੰਦੀ ਹੈ: “ਇਹ ਸ਼ਰਨਾਰਥੀ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਬਹੁਤ ਖ਼ੁਸ਼ ਹੋਏ ਅਤੇ ਇਸ ਦੀ ਕਦਰ ਕੀਤੀ। ਇਹ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਾ। ਇਹ ਭੈਣ-ਭਰਾ ਸੋਚਦੇ ਹਨ ਕਿ ਅਸੀਂ ਉਨ੍ਹਾਂ ਦੀ ਮਦਦ ਕੀਤੀ ਹੈ, ਪਰ ਅਸਲ ਵਿਚ ਉਨ੍ਹਾਂ ਨੇ ਕਿਤੇ ਜ਼ਿਆਦਾ ਸਾਡੀ ਮਦਦ ਕੀਤੀ। ਇਸ ਸਮੇਂ ਦੌਰਾਨ ਸਾਰਿਆਂ ਨੇ ਪਿਆਰ ਦਿਖਾਇਆ, ਏਕਤਾ ਬਣਾਈ ਰੱਖੀ, ਯਹੋਵਾਹ ’ਤੇ ਨਿਹਚਾ ਅਤੇ ਭਰੋਸਾ ਰੱਖਿਆ। ਇਹ ਸਭ ਕੁਝ ਦੇਖ ਕੇ ਯਹੋਵਾਹ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋਇਆ। ਨਾਲੇ ਉਸ ਦੇ ਸੰਗਠਨ ਤੋਂ ਸਾਨੂੰ ਜੋ ਕੁਝ ਵੀ ਮਿਲਦਾ ਹੈ, ਉਸ ਲਈ ਸਾਡੀ ਕਦਰ ਹੋਰ ਵੀ ਵਧੀ ਹੈ।”

ਹੋਰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰੋ

14, 15. (ੳ) ਯਸਾਯਾਹ ਨਬੀ ਦਾ ਰਵੱਈਆ ਕਿੱਦਾਂ ਦਾ ਸੀ? (ਅ) ਮਸੀਹੀ ਯਸਾਯਾਹ ਦੇ ਰਵੱਈਏ ਦੀ ਰੀਸ ਕਿੱਦਾਂ ਕਰ ਸਕਦੇ ਹਨ?

14 ਕੀ ਤੁਸੀਂ ਹੋਰ ਵੀ ਜ਼ਿਆਦਾ ਯਹੋਵਾਹ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹੋ? ਕੀ ਤੁਸੀਂ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਕਿਤੇ ਦੂਰ ਜਾ ਕੇ ਹੀ ਯਹੋਵਾਹ ਦੀ ਸੇਵਾ ਕਰੀਏ। ਪਰ ਕਈ ਭੈਣ-ਭਰਾ ਇੱਦਾਂ ਕਰ ਸਕਦੇ ਹਨ। ਉਨ੍ਹਾਂ ਦਾ ਰਵੱਈਆ ਯਸਾਯਾਹ ਨਬੀ ਵਰਗਾ ਹੈ। ਜਦੋਂ ਯਹੋਵਾਹ ਨੇ ਪੁੱਛਿਆ: “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?,” ਤਾਂ ਉਸ ਨੇ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾ. 6:8) ਕੀ ਤੁਸੀਂ ਵੀ ਯਹੋਵਾਹ ਦੇ ਸੰਗਠਨ ਦੀਆਂ ਲੋੜਾਂ ਮੁਤਾਬਕ ਸੇਵਾ ਕਰਨ ਲਈ ਤਿਆਰ ਹੋ ਅਤੇ ਕੀ ਤੁਹਾਡੇ ਹਾਲਾਤ ਤੁਹਾਨੂੰ ਇਜਾਜ਼ਤ ਦਿੰਦੇ ਹਨ? ਤੁਸੀਂ ਕਿਨ੍ਹਾਂ ਕੁਝ ਤਰੀਕਿਆਂ ਰਾਹੀਂ ਮਦਦ ਕਰ ਸਕਦੇ ਹੋ?

15 ਯਿਸੂ ਨੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਬਾਰੇ ਕਿਹਾ: “ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।” (ਮੱਤੀ 9:37, 38) ਕੀ ਤੁਸੀਂ ਉੱਥੇ ਜਾ ਕੇ ਪਾਇਨੀਅਰਿੰਗ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜਾਂ ਕੀ ਤੁਸੀਂ ਇੱਦਾਂ ਕਰਨ ਵਿਚ ਕਿਸੇ ਹੋਰ ਦੀ ਮਦਦ ਕਰ ਸਕਦੇ ਹੋ? ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਉੱਥੇ ਜਾ ਕੇ ਪਾਇਨੀਅਰਿੰਗ ਕਰਨੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕੀ ਤੁਸੀਂ ਹੋਰ ਤਰੀਕਿਆਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਰਾਹੀਂ ਤੁਸੀਂ ਹੋਰ ਵਧ-ਚੜ੍ਹ ਕੇ ਸੇਵਾ ਕਰ ਸਕਦੇ ਹੋ? ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ।

16, 17. ਹੋਰ ਕਿਨ੍ਹਾਂ ਤਰੀਕਿਆਂ ਰਾਹੀਂ ਤੁਸੀਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕਦੇ ਹੋ?

16 ਕੀ ਤੁਸੀਂ ਕੁਝ ਮਹੀਨਿਆਂ ਜਾਂ ਹਫ਼ਤੇ ਵਿਚ ਇਕ ਜਾਂ ਜ਼ਿਆਦਾ ਦਿਨਾਂ ਲਈ ਬੈਥਲ ਵਿਚ ਕੰਮ ਕਰਨ ਜਾਂ ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਤਿਆਰ ਹੋ? ਯਹੋਵਾਹ ਦੇ ਸੰਗਠਨ ਵਿਚ ਹਮੇਸ਼ਾ ਉਨ੍ਹਾਂ ਭੈਣਾਂ-ਭਰਾਵਾਂ ਦੀ ਲੋੜ ਹੈ ਜੋ ਖ਼ੁਸ਼ੀ-ਖ਼ੁਸ਼ੀ ਉੱਥੇ ਜਾ ਕੇ ਸੇਵਾ ਕਰ ਸਕਣ ਜਿੱਥੇ ਜ਼ਿਆਦਾ ਲੋੜ ਹੈ। ਨਾਲੇ ਉਨ੍ਹਾਂ ਭੈਣਾਂ-ਭਰਾਵਾਂ ਦੀ ਵੀ ਲੋੜ ਹੈ ਜੋ ਕੋਈ ਵੀ ਕੰਮ ਕਰਨ ਲਈ ਤਿਆਰ ਹਨ ਚਾਹੇ ਉਨ੍ਹਾਂ ਕੋਲ ਕਿਸੇ ਹੋਰ ਕੰਮ ਦਾ ਹੁਨਰ ਜਾਂ ਤਜਰਬਾ ਹੈ। ਯਹੋਵਾਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ ਜੋ ਖ਼ੁਸ਼ੀ ਨਾਲ ਕੁਰਬਾਨੀਆਂ ਕਰਨ ਅਤੇ ਉੱਥੇ ਜਾ ਕੇ ਸੇਵਾ ਕਰਨ ਲਈ ਤਿਆਰ ਹਨ ਜਿੱਥੇ ਜ਼ਿਆਦਾ ਲੋੜ ਹੈ।​—ਜ਼ਬੂ. 110:3.

17 ਕੀ ਤੁਸੀਂ ਹੋਰ ਸਿਖਲਾਈ ਲੈਣੀ ਚਾਹੁੰਦੇ ਹੋ ਤਾਂਕਿ ਤੁਸੀਂ ਹੋਰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕੋ? ਸ਼ਾਇਦ ਤੁਸੀਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰ ਸਕਦੇ ਹੋ। ਇਸ ਸਕੂਲ ਵਿਚ ਉਨ੍ਹਾਂ ਸਮਝਦਾਰ ਭੈਣਾਂ-ਭਰਾਵਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੋ ਪਹਿਲਾਂ ਹੀ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ ਤਾਂਕਿ ਉਹ ਹੋਰ ਵਧ-ਚੜ੍ਹ ਕੇ ਪ੍ਰਚਾਰ ਕਰ ਸਕਣ। ਜਿਨ੍ਹਾਂ ਨੇ ਇਹ ਸਕੂਲ ਕਰਨ ਲਈ ਫ਼ਾਰਮ ਭਰਿਆ ਹੈ, ਉਨ੍ਹਾਂ ਨੂੰ ਸਿਖਲਾਈ ਤੋਂ ਬਾਅਦ ਕਿਤੇ ਵੀ ਜਾ ਕੇ ਸੇਵਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਕੀ ਤੁਸੀਂ ਇਸ ਤਰੀਕੇ ਨਾਲ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ?​—1 ਕੁਰਿੰ. 9:23.

18. ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ?

18 ਯਹੋਵਾਹ ਦੇ ਲੋਕ ਹੋਣ ਕਰਕੇ ਅਸੀਂ ਖੁੱਲ੍ਹ-ਦਿਲੀ, ਭਲਾਈ, ਦਇਆ ਤੇ ਪਿਆਰ ਦਿਖਾਉਣ ਵਾਲੇ ਹਾਂ। ਅਸੀਂ ਹਰ ਰੋਜ਼ ਦੂਜਿਆਂ ਦੀ ਪਰਵਾਹ ਕਰਦੇ ਹਾਂ। ਇੱਦਾਂ ਕਰਨ ’ਤੇ ਸਾਨੂੰ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਹੈ। (ਗਲਾ. 5:22, 23) ਚਾਹੇ ਤੁਹਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਫਿਰ ਵੀ ਤੁਸੀਂ ਯਹੋਵਾਹ ਦੀ ਖੁੱਲ੍ਹ-ਦਿਲੀ ਦੀ ਰੀਸ ਕਰ ਕੇ ਖ਼ੁਸ਼ ਰਹਿ ਸਕਦੇ ਹੋ ਅਤੇ ਉਸ ਨਾਲ ਮਿਲ ਕੇ ਕੰਮ ਕਰਨ ਵਾਲੇ ਉਸ ਦੇ ਬਹੁਮੁੱਲੇ ਸਾਥੀ ਬਣੇ ਰਹਿ ਸਕਦੇ ਹੋ।​—ਕਹਾ. 3:9, 10.