ਸੰਜਮ—ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ
“ਜਦੋਂ ਇਕ ਰਿਸ਼ਤੇਦਾਰ ਨੇ ਮੇਰੇ ਨਾਲ ਝਗੜਾ ਸ਼ੁਰੂ ਕੀਤਾ, ਤਾਂ ਮੈਂ ਉਸ ਦਾ ਗਲ਼ਾ ਫੜ੍ਹ ਲਿਆ ਤੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।”—ਪੌਲ।
“ਮੈਨੂੰ ਘਰ ਵਿਚ ਛੋਟੀ-ਛੋਟੀ ਗੱਲ ’ਤੇ ਗੁੱਸਾ ਚੜ੍ਹ ਜਾਂਦਾ ਸੀ। ਮੈਂ ਮੇਜ਼, ਕੁਰਸੀਆਂ, ਖਿਡੌਣੇ ਚੁੱਕ-ਚੁੱਕ ਮਾਰਦਾ ਸੀ।”—ਮਾਰਕੋ।
ਸ਼ਾਇਦ ਸਾਨੂੰ ਇਨ੍ਹਾਂ ਗੁੱਸਾ ਨਾ ਚੜ੍ਹੇ। ਪਰ ਸਾਨੂੰ ਸਾਰਿਆਂ ਨੂੰ ਕਦੇ-ਨਾ-ਕਦੇ ਆਪਣੇ ਗੁੱਸੇ ਨੂੰ ਕਾਬੂ ਕਰਨਾ ਔਖਾ ਲੱਗ ਸਕਦਾ ਹੈ ਕਿਉਂਕਿ ਅਸੀਂ ਜਨਮ ਤੋਂ ਹੀ ਪਾਪੀ ਹਾਂ। (ਰੋਮੀ 5:12) ਪੌਲ ਤੇ ਮਾਰਕੋ ਵਾਂਗ ਕਈਆਂ ਲਈ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਔਖਾ ਹੁੰਦਾ ਹੈ। ਹੋਰਾਂ ਲਈ ਆਪਣੀ ਸੋਚ ਨੂੰ ਕਾਬੂ ਵਿਚ ਰੱਖਣਾ ਇਕ ਚੁਣੌਤੀ ਹੋ ਸਕਦੀ ਹੈ। ਸ਼ਾਇਦ ਉਹ ਉਨ੍ਹਾਂ ਗੱਲਾਂ ਬਾਰੇ ਲਗਾਤਾਰ ਸੋਚਦੇ ਰਹਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਡਰ ਲੱਗਦਾ ਜਾਂ ਜਿਨ੍ਹਾਂ ਤੋਂ ਉਹ ਨਿਰਾਸ਼ ਹੁੰਦੇ ਹਨ। ਕੁਝ ਲੋਕਾਂ ਨੂੰ ਅਨੈਤਿਕ ਕੰਮ, ਹੱਦੋਂ ਵੱਧ ਸ਼ਰਾਬ ਪੀਣ ਜਾਂ ਨਸ਼ੇ ਕਰਨ ਦੀ ਇੱਛਾ ਤੋਂ ਬਚਣਾ ਔਖਾ ਲੱਗੇ ਸਕਦਾ ਹੈ।
ਆਪਣੀ ਸੋਚ, ਇੱਛਾਵਾਂ ਅਤੇ ਕੰਮਾਂ ’ਤੇ ਕਾਬੂ ਨਾ ਰੱਖਣ ਵਾਲੇ ਲੋਕ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਸਕਦੇ ਹਨ। ਪਰ ਅਸੀਂ ਇੱਦਾਂ ਕਰਨ ਤੋਂ ਬਚ ਸਕਦੇ ਹਾਂ। ਕਿਵੇਂ? ਸੰਜਮ ਦਾ ਗੁਣ ਪੈਦਾ ਕਰ ਕੇ। ਇਹ ਗੁਣ ਪੈਦਾ ਕਰਨ ਲਈ ਆਓ ਆਪਾਂ ਤਿੰਨ ਸਵਾਲਾਂ ’ਤੇ ਗੌਰ ਕਰੀਏ: (1) ਸੰਜਮ ਕੀ ਹੈ? (2) ਇਹ ਜ਼ਰੂਰੀ ਕਿਉਂ ਹੈ? (3) ਅਸੀਂ “ਪਵਿੱਤਰ ਸ਼ਕਤੀ” ਦਾ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ? (ਗਲਾ. 5:22, 23) ਫਿਰ ਅਸੀਂ ਦੇਖਾਂਗੇ ਕਿ ਜਦੋਂ ਸਾਨੂੰ ਸੰਜਮ ਰੱਖਣਾ ਔਖਾ ਲੱਗਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ।
ਸੰਜਮ ਕੀ ਹੈ?
ਸੰਜਮ ਰੱਖਣ ਵਾਲਾ ਵਿਅਕਤੀ ਜਲਦਬਾਜ਼ੀ ਵਿਚ ਕਦਮ ਨਹੀਂ ਚੁੱਕਦਾ। ਇਸ ਦੀ ਬਜਾਇ, ਉਹ ਆਪਣੇ ਆਪ ਨੂੰ ਅਜਿਹਾ ਕੁਝ ਵੀ ਕਹਿਣ ਅਤੇ ਕਰਨ ਤੋਂ ਰੋਕਦਾ ਹੈ ਜਿਸ ਨਾਲ ਪਰਮੇਸ਼ੁਰ ਨਾਰਾਜ਼ ਹੋ ਸਕਦਾ।
ਯਿਸੂ ਨੇ ਸੰਜਮ ਰੱਖਣ ਵਿਚ ਇਕ ਵਧੀਆ ਮਿਸਾਲ ਕਾਇਮ ਕੀਤੀ। ਬਾਈਬਲ ਕਹਿੰਦੀ ਹੈ: “ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ। ਜਦੋਂ ਲੋਕ ਉਸ ਨੂੰ ਸਤਾਉਂਦੇ ਸਨ, ਤਾਂ ਉਹ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਨਹੀਂ ਸੀ, ਪਰ ਉਸ ਨੇ ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥ ਵਿਚ ਸੌਂਪ ਦਿੱਤਾ।” (1 ਪਤ. 2:23) ਯਿਸੂ ਨੇ ਉਦੋਂ ਸੰਜਮ ਦਿਖਾਇਆ ਜਦੋਂ ਵਿਰੋਧੀਆਂ ਨੇ ਉਸ ਨੂੰ ਸੂਲ਼ੀ ਉੱਤੇ ਟੰਗਣ ਤੋਂ ਬਾਅਦ ਉਸ ਦਾ ਮਜ਼ਾਕ ਉਡਾਇਆ। (ਮੱਤੀ 27:39-44) ਉਸ ਨੇ ਉਦੋਂ ਵੀ ਮਾਅਰਕੇ ਦਾ ਸੰਜਮ ਦਿਖਾਇਆ ਜਦੋਂ ਧਾਰਮਿਕ ਆਗੂਆਂ ਨੇ ਉਸ ਨੂੰ ਉਸ ਦੀਆਂ ਹੀ ਗੱਲਾਂ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 22:15-22) ਗੁੱਸੇ ਨਾਲ ਭਰੇ ਕੁਝ ਯਹੂਦੀਆਂ ਨੇ ਜਦੋਂ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ, ਤਾਂ ਉਸ ਨੇ ਬਦਲਾ ਨਹੀਂ ਲਿਆ! ਇਸ ਦੀ ਬਜਾਇ “[ਯਿਸੂ] ਲੁਕ ਗਿਆ ਅਤੇ ਮੰਦਰ ਤੋਂ ਚਲਾ ਗਿਆ।”—ਯੂਹੰ. 8:57-59.
ਕੀ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ? ਹਾਂ, ਕੁਝ ਹੱਦ ਤਕ। ਪਤਰਸ ਰਸੂਲ ਨੇ ਲਿਖਿਆ: “ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।” (1 ਪਤ. 2:21) ਭਾਵੇਂ ਅਸੀਂ ਨਾਮੁਕੰਮਲ ਹਾਂ, ਪਰ ਫਿਰ ਵੀ ਅਸੀਂ ਯਿਸੂ ਦੀ ਮਿਸਾਲ ਉੱਤੇ ਧਿਆਨ ਨਾਲ ਚੱਲ ਸਕਦੇ ਹਾਂ ਅਤੇ ਸੰਜਮ ਰੱਖ ਸਕਦੇ ਹਾਂ। ਸਾਡੇ ਲਈ ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?
ਸੰਜਮ ਰੱਖਣਾ ਜ਼ਰੂਰੀ ਕਿਉਂ ਹੈ?
ਯਹੋਵਾਹ ਨੂੰ ਖ਼ੁਸ਼ ਕਰਨ ਲਈ ਸੰਜਮ ਰੱਖਣਾ ਜ਼ਰੂਰੀ ਹੈ। ਸ਼ਾਇਦ ਅਸੀਂ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ,
ਫਿਰ ਵੀ ਜੇ ਅਸੀਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਸੰਜਮ ਨਹੀਂ ਦਿਖਾਉਂਦੇ, ਤਾਂ ਉਸ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ।ਜ਼ਰਾ ਮੂਸਾ ਦੀ ਮਿਸਾਲ ’ਤੇ ਗੌਰ ਕਰੋ ਜੋ ਆਪਣੇ ਜ਼ਮਾਨੇ ਦੇ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣ. 12:3) ਕਈ ਦਹਾਕਿਆਂ ਤਕ ਇਜ਼ਰਾਈਲੀਆਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਮੂਸਾ ਇਕ ਵਾਰ ਆਪਣਾ ਆਪਾ ਖੋਹ ਬੈਠਾ। ਉਹ ਬਹੁਤ ਗੁੱਸੇ ਹੋ ਗਿਆ ਜਦੋਂ ਪਾਣੀ ਦੀ ਘਾਟ ਕਰਕੇ ਇਜ਼ਰਾਈਲੀ ਦੁਬਾਰਾ ਬੁੜ-ਬੁੜ ਕਰ ਰਹੇ ਸਨ। ਉਸ ਨੇ ਲੋਕਾਂ ਨੂੰ ਗੁੱਸੇ ਵਿਚ ਕਿਹਾ: “ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?”—ਗਿਣ. 20:2-11.
ਮੂਸਾ ਨੇ ਸੰਜਮ ਨਹੀਂ ਦਿਖਾਇਆ ਅਤੇ ਚਮਤਕਾਰ ਦਾ ਸਿਹਰਾ ਯਹੋਵਾਹ ਨੂੰ ਨਹੀਂ ਦਿੱਤਾ। (ਜ਼ਬੂ. 106:32, 33) ਨਤੀਜੇ ਵਜੋਂ, ਯਹੋਵਾਹ ਨੇ ਉਸ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। (ਗਿਣ. 20:12) ਲੱਗਦਾ ਹੈ ਆਪਣੀ ਜ਼ਿੰਦਗੀ ਦੀ ਆਖ਼ਰੀ ਘੜੀ ਤਕ ਮੂਸਾ ਨੂੰ ਸੰਜਮ ਨਾ ਦਿਖਾਉਣ ਦਾ ਪਛਤਾਵਾ ਰਿਹਾ ਹੋਣਾ।—ਬਿਵ. 3:23-27.
ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਭਾਵੇਂ ਅਸੀਂ ਸੱਚਾਈ ਵਿਚ ਲੰਬੇ ਸਮੇਂ ਤੋਂ ਹਾਂ, ਫਿਰ ਵੀ ਸਾਨੂੰ ਕਦੇ ਵੀ ਉਨ੍ਹਾਂ ਨਾਲ ਬੇਅਦਬੀ ਨਾਲ ਗੱਲ ਨਹੀਂ ਕਰਨੀ ਚਾਹੀਦੀ ਜੋ ਸਾਨੂੰ ਖਿਝ ਚੜ੍ਹਾਉਂਦੇ ਜਾਂ ਜਿਨ੍ਹਾਂ ਨੂੰ ਤਾੜਨਾ ਦੇਣ ਦੀ ਲੋੜ ਹੈ। (ਅਫ਼. 4:32; ਕੁਲੁ. 3:12) ਇਹ ਸੱਚ ਹੈ ਕਿ ਵਧਦੀ ਉਮਰ ਕਰਕੇ ਸਾਡੇ ਲਈ ਕਦੇ-ਕਦੇ ਸੰਜਮ ਦਿਖਾਉਣਾ ਔਖਾ ਹੋ ਸਕਦਾ। ਪਰ ਮੂਸਾ ਨੂੰ ਯਾਦ ਰੱਖੋ। ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਸੰਜਮ ਨਾ ਦਿਖਾਉਣ ਕਰਕੇ ਅਸੀਂ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਕੀਤੀ ਸੇਵਾ ਉੱਤੇ ਧੱਬਾ ਲਾ ਦੇਈਏ। ਇਸ ਜ਼ਰੂਰੀ ਗੁਣ ਨੂੰ ਅਸੀਂ ਕਿਵੇਂ ਪੈਦਾ ਕਰ ਸਕਦੇ ਹਾਂ?
ਸੰਜਮ ਕਿਵੇਂ ਪੈਦਾ ਕਰੀਏ?
ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। ਕਿਉਂ? ਕਿਉਂਕਿ ਸੰਜਮ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ ਅਤੇ ਯਹੋਵਾਹ ਮੰਗਣ ਵਾਲਿਆਂ ਨੂੰ ਆਪਣੀ ਸ਼ਕਤੀ ਦਿੰਦਾ ਹੈ। (ਲੂਕਾ 11:13) ਆਪਣੀ ਸ਼ਕਤੀ ਦੇ ਜ਼ਰੀਏ ਯਹੋਵਾਹ ਸਾਨੂੰ ਲੋੜੀਂਦੀ ਤਾਕਤ ਦੇ ਸਕਦਾ ਹੈ। (ਫ਼ਿਲਿ. 4:13) ਉਹ ਪਵਿੱਤਰ ਸ਼ਕਤੀ ਦੇ ਬਾਕੀ ਗੁਣ ਪੈਦਾ ਕਰਨ ਵਿਚ ਵੀ ਸਾਡੀ ਮਦਦ ਕਰ ਸਕਦਾ ਹੈ, ਜਿਵੇਂ ਪਿਆਰ। ਇਹ ਗੁਣ ਸੰਜਮ ਦਿਖਾਉਣ ਵਿਚ ਸਾਡੀ ਹੋਰ ਮਦਦ ਕਰਦਾ ਹੈ।—1 ਕੁਰਿੰ. 13:5.
ਉਨ੍ਹਾਂ ਚੀਜ਼ਾਂ ਤੋਂ ਦੂਰ ਰਹੋ ਜਿਨ੍ਹਾਂ ਨਾਲ ਸੰਜਮ ਦਿਖਾਉਣਾ ਔਖਾ ਹੋ ਸਕਦਾ। ਮਿਸਾਲ ਲਈ, ਉਨ੍ਹਾਂ ਵੈੱਬਸਾਈਟਾਂ ਅਤੇ ਮਨੋਰੰਜਨ ਤੋਂ ਦੂਰ ਰਹੋ ਜਿਨ੍ਹਾਂ ’ਤੇ ਅਨੈਤਿਕ ਕੰਮਾਂ ਦਿਖਾਏ ਜਾਂਦੇ ਹਨ। (ਅਫ਼. 5:3, 4) ਦਰਅਸਲ ਸਾਨੂੰ ਹਰ ਉਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਗ਼ਲਤ ਕੰਮ ਕਰਨ ਲਈ ਲੁਭਾ ਸਕਦੀ ਹੈ। (ਕਹਾ. 22:3; 1 ਕੁਰਿੰ. 6:12) ਮਿਸਾਲ ਲਈ, ਜੇ ਇਕ ਵਿਅਕਤੀ ਨੂੰ ਪਤਾ ਹੈ ਕਿ ਉਹ ਆਸਾਨੀ ਨਾਲ ਅਨੈਤਿਕ ਕੰਮ ਕਰਨ ਦੇ ਜਾਲ਼ ਵਿਚ ਫਸ ਸਕਦਾ ਹੈ, ਤਾਂ ਉਹ ਅਜਿਹੀਆਂ ਕਿਤਾਬਾਂ ਨਹੀਂ ਪੜ੍ਹੇਗਾ ਅਤੇ ਫ਼ਿਲਮਾਂ ਨਹੀਂ ਦੇਖੇਗਾ ਜੋ ਉਸ ਵਿਚ ਗ਼ਲਤ ਇੱਛਾਵਾਂ ਜਗ੍ਹਾ ਸਕਦੀਆਂ ਹਨ।
2 ਪਤ. 1:5-8) ਉਹ ਸਾਨੂੰ ਆਪਣੀ ਬੋਲੀ, ਸੋਚਾਂ ਅਤੇ ਕੰਮਾਂ ਨੂੰ ਕਾਬੂ ਰੱਖਣ ਵਿਚ ਵੀ ਮਦਦ ਕਰੇਗਾ। ਇਸ ਦਾ ਸਬੂਤ ਸਾਨੂੰ ਪਹਿਲਾਂ ਜ਼ਿਕਰ ਕੀਤੇ ਪੌਲ ਅਤੇ ਮਾਰਕੋ ਦੀਆਂ ਮਿਸਾਲਾਂ ਤੋਂ ਮਿਲਦਾ। ਉਨ੍ਹਾਂ ਨੇ ਗੁੱਸੇ ਵਿਚ ਭੜਕ ਉੱਠਣ ਦੀ ਆਪਣੀ ਆਦਤ ’ਤੇ ਕਾਬੂ ਪਾਉਣਾ ਸਿੱਖਿਆ। ਜ਼ਰਾ ਇਕ ਭਰਾ ਦੀ ਮਿਸਾਲ ’ਤੇ ਗੌਰ ਕਰੋ ਜੋ ਗੱਡੀ ਚਲਾਉਂਦੇ ਸਮੇਂ ਅਕਸਰ ਆਪਣਾ ਆਪਾ ਖੋਹ ਦਿੰਦਾ ਸੀ। ਇੱਥੋਂ ਤਕ ਕਿ ਲੋਕਾਂ ਨਾਲ ਝਗੜਾ ਵੀ ਮੁੱਲ ਲੈ ਲੈਂਦਾ ਸੀ। ਉਸ ਨੇ ਕੀ ਕੀਤਾ? “ਮੈਂ ਹਰ ਰੋਜ਼ ਗਿੜਗਿੜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। ਮੈਂ ਸੰਜਮ ਬਾਰੇ ਲੇਖ ਪੜ੍ਹੇ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਬਾਈਬਲ ਦੀਆਂ ਕੁਝ ਆਇਤਾਂ ਨੂੰ ਯਾਦ ਕੀਤਾ। ਭਾਵੇਂ ਕਿ ਮੈਂ ਕਈ ਸਾਲਾਂ ਤੋਂ ਸੰਜਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਫਿਰ ਵੀ ਮੈਂ ਹਰ ਸਵੇਰ ਆਪਣੇ ਆਪ ਨੂੰ ਯਾਦ ਕਰਾਉਂਦਾ ਹਾਂ ਕਿ ਮੈਨੂੰ ਸ਼ਾਂਤ ਰਹਿਣ ਦੀ ਲੋੜ ਹੈ। ਨਾਲੇ ਕੋਈ ਵੀ ਕੰਮ ਕਰਨ ਲਈ ਮੈਂ ਘਰੋਂ ਛੇਤੀ ਨਿਕਲਦਾ ਹਾਂ ਤਾਂਕਿ ਮੈਂ ਕਾਹਲੀ ਵਿਚ ਨਾ ਹੋਵਾਂ।”
ਸ਼ਾਇਦ ਸਾਨੂੰ ਇਹ ਸਲਾਹ ਮੰਨਣੀ ਔਖੀ ਲੱਗੇ। ਪਰ ਜੇ ਅਸੀਂ ਇਸ ਨੂੰ ਮੰਨਣ ਲਈ ਮਿਹਨਤ ਕਰਾਂਗੇ, ਤਾਂ ਯਹੋਵਾਹ ਸਾਨੂੰ ਆਪਣੇ ’ਤੇ ਕਾਬੂ ਰੱਖਣ ਲਈ ਤਾਕਤ ਦੇਵੇਗਾ। (ਸੰਜਮ ਨਾ ਰੱਖਣ ’ਤੇ ਕੀ ਕਰੀਏ?
ਕਦੇ-ਕਦੇ ਅਸੀਂ ਸੰਜਮ ਰੱਖਣ ਵਿਚ ਨਾਕਾਮ ਹੋਵਾਂਗੇ। ਇੱਦਾਂ ਹੋਣ ’ਤੇ ਸ਼ਾਇਦ ਯਹੋਵਾਹ ਨੂੰ ਪ੍ਰਾਰਥਨਾ ਕਰਨ ਵਿਚ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਪਰ ਇਸ ਸਮੇਂ ’ਤੇ ਸਾਨੂੰ ਸਭ ਤੋਂ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ ਹੈ। ਸੋ ਯਹੋਵਾਹ ਨੂੰ ਪ੍ਰਾਰਥਨਾ ਕਰਨ ਵਿਚ ਦੇਰ ਨਾ ਕਰੋ। ਮਾਫ਼ੀ ਲਈ ਤਰਲੇ ਕਰੋ, ਉਸ ਤੋਂ ਮਦਦ ਮੰਗੋ ਅਤੇ ਉਹੀ ਗ਼ਲਤੀ ਦੁਬਾਰਾ ਨਾ ਕਰਨ ਦਾ ਪੱਕਾ ਇਰਾਦਾ ਕਰੋ। (ਜ਼ਬੂ. 51:9-11) ਇਹ ਨਾ ਸੋਚੋ ਕਿ ਰਹਿਮ ਲਈ ਦਿਲੋਂ ਕੀਤੀ ਤੁਹਾਡੀ ਪ੍ਰਾਰਥਨਾ ਨੂੰ ਯਹੋਵਾਹ ਅਣਸੁਣੀ ਕਰੇਗਾ। (ਜ਼ਬੂ. 102:17) ਯੂਹੰਨਾ ਰਸੂਲ ਸਾਨੂੰ ਯਾਦ ਕਰਾਉਂਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਦਾ ਲਹੂ “ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।” (1 ਯੂਹੰ. 1:7; 2:1; ਜ਼ਬੂ. 86:5) ਯਾਦ ਰੱਖੋ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਵਾਰ-ਵਾਰ ਮਾਫ਼ ਕਰਨ ਲਈ ਕਹਿੰਦਾ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਵੀ ਮਾਫ਼ ਕਰੇਗਾ।—ਮੱਤੀ 18:21, 22; ਕੁਲੁ. 3:13.
ਯਹੋਵਾਹ ਨੂੰ ਦੁੱਖ ਹੋਇਆ ਜਦੋਂ ਮੂਸਾ ਨੇ ਉਜਾੜ ਵਿਚ ਇਕ ਸਮੇਂ ’ਤੇ ਸੰਜਮ ਨਹੀਂ ਰੱਖਿਆ। ਪਰ ਯਹੋਵਾਹ ਨੇ ਉਸ ਨੂੰ ਮਾਫ਼ ਕੀਤਾ। ਬਾਈਬਲ ਵਿਚ ਮੂਸਾ ਨੂੰ ਨਿਹਚਾ ਦੀ ਸ਼ਾਨਦਾਰ ਮਿਸਾਲ ਕਿਹਾ ਗਿਆ ਹੈ। (ਬਿਵ. 34:10; ਇਬ. 11:24-28) ਭਾਵੇਂ ਯਹੋਵਾਹ ਨੇ ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਪਰ ਉਹ ਮੂਸਾ ਨੂੰ ਖ਼ੂਬਸੂਰਤ ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਦੇਵੇਗਾ। ਜੇ ਅਸੀਂ ਸੰਜਮ ਦਾ ਗੁਣ ਪੈਦਾ ਕਰਨ ਵਿਚ ਪੂਰੀ ਵਾਹ ਲਾਵਾਂਗੇ, ਤਾਂ ਅਸੀਂ ਵੀ ਅਜਿਹੀ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੇ।—1 ਕੁਰਿੰ. 9:25.