ਪਾਠਕਾਂ ਵੱਲੋਂ ਸਵਾਲ
ਕਿਸ ਮਾਅਨੇ ਵਿਚ ਪੌਲੁਸ ਰਸੂਲ ਨੂੰ “ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ” ਅਤੇ “ਸੋਹਣੀ ਜਗ੍ਹਾ” ਲਿਜਾਇਆ ਗਿਆ?—2 ਕੁਰਿੰ. 12:2-4.
2 ਕੁਰਿੰਥੀਆਂ 12:2, 3 ਵਿਚ ਪੌਲੁਸ ਨੇ ਇਕ ਆਦਮੀ ਦਾ ਜ਼ਿਕਰ ਕੀਤਾ ਜਿਸ ਨੂੰ “ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ ਸੀ।” ਉਹ ਕੌਣ ਸੀ? ਕੁਰਿੰਥੀਆਂ ਦੀ ਮੰਡਲੀ ਨੂੰ ਲਿਖਦਿਆਂ ਪੌਲੁਸ ਨੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਉਸ ਨੂੰ ਰਸੂਲ ਵਜੋਂ ਵਰਤ ਰਿਹਾ ਸੀ। (2 ਕੁਰਿੰ. 11:5, 23) ਫਿਰ ਉਸ ਨੇ “ਪ੍ਰਭੂ ਦੁਆਰਾ ਦਿਖਾਏ ਦਰਸ਼ਣਾਂ ਅਤੇ ਉਸ ਵੱਲੋਂ ਦਿੱਤੇ ਸੰਦੇਸ਼ਾਂ” ਦਾ ਜ਼ਿਕਰ ਕੀਤਾ। ਪੌਲੁਸ ਨੇ ਅਗਲੀਆਂ-ਪਿਛਲੀਆਂ ਆਇਤਾਂ ਵਿਚ ਹੋਰ ਭਰਾਵਾਂ ਦਾ ਜ਼ਿਕਰ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਉਹ ਆਪਣੇ ਬਾਰੇ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਪ੍ਰਭੂ ਦੁਆਰਾ ਦਰਸ਼ਣ ਦਿਖਾਏ ਗਏ ਅਤੇ ਸੰਦੇਸ਼ ਦਿੱਤੇ ਗਏ।—2 ਕੁਰਿੰ. 12:1, 5.
ਇਸ ਲਈ ਪੌਲੁਸ ਉਹ ਆਦਮੀ ਸੀ ਜਿਸ ਨੂੰ “ਤੀਸਰੇ ਸਵਰਗ ਨੂੰ ਚੁੱਕ ਲਿਆ ਗਿਆ” ਅਤੇ “ਸੋਹਣੀ ਜਗ੍ਹਾ ਲਿਜਾਇਆ ਗਿਆ ਸੀ।” (2 ਕੁਰਿੰ. 12:2-4) ਉਸ ਨੇ ‘ਸੰਦੇਸ਼’ ਸ਼ਬਦ ਵਰਤਿਆ। ਯੂਨਾਨੀ ਭਾਸ਼ਾ ਵਿਚ ਇਸ ਸ਼ਬਦ ਦਾ ਮਤਲਬ ਹੈ ਕਿ ਉਸ ਨੂੰ ਭਵਿੱਖ ਬਾਰੇ ਵੀ ਦੱਸਿਆ ਗਿਆ ਸੀ।
‘ਤੀਸਰਾ ਸਵਰਗ’ ਕੀ ਸੀ ਜੋ ਪੌਲੁਸ ਨੇ ਦੇਖਿਆ ਸੀ?
ਕਈ ਵਾਰ ਬਾਈਬਲ ਵਿਚ “ਸਵਰਗ” ਆਕਾਸ਼ ਨੂੰ ਸੰਕੇਤ ਕਰਦਾ ਹੈ। (ਉਤ. 11:4; 27:28; ਮੱਤੀ 6:26) ਪਰ ਕਈ ਵਾਰ “ਸਵਰਗ” ਨੂੰ ਹੋਰ ਮਾਅਨਿਆਂ ਵਿਚ ਵੀ ਵਰਤਿਆ ਜਾਂਦਾ ਹੈ। ਕਈ ਵਾਰ ਇਹ ਸਰਕਾਰਾਂ ਲਈ ਵਰਤਿਆ ਜਾਂਦਾ ਹੈ। (ਦਾਨੀ. 4:20-22) ਜਾਂ ਕਈ ਵਾਰ ਇਹ ਪਰਮੇਸ਼ੁਰ ਦੀ ਹਕੂਮਤ ਨੂੰ ਦਰਸਾਉਂਦਾ ਹੈ, ਜਿਵੇਂ ਪਰਮੇਸ਼ੁਰ ਦਾ ਰਾਜ।—ਪ੍ਰਕਾ. 21:1.
ਪੌਲੁਸ ਨੇ ‘ਤੀਸਰਾ ਸਵਰਗ’ ਦੇਖਿਆ। ਇਸ ਦਾ ਕੀ ਮਤਲਬ ਸੀ? ਕਈ ਵਾਰ ਬਾਈਬਲ ਵਿਚ ਕਿਸੇ ਗੱਲ ’ਤੇ ਜ਼ੋਰ ਦੇਣ ਲਈ ਉਸ ਨੂੰ ਤਿੰਨ ਵਾਰ ਦੁਹਰਾਇਆ ਜਾਂਦਾ ਹੈ। (ਯਸਾ. 6:3; ਹਿਜ਼. 21:27; ਪ੍ਰਕਾ. 4:8) ਲੱਗਦਾ ਹੈ ਕਿ ਪੌਲੁਸ “ਤੀਸਰੇ ਸਵਰਗ” ਬਾਰੇ ਗੱਲ ਕਰਦਿਆਂ ਸਭ ਤੋਂ ਉੱਤਮ ਹਕੂਮਤ ਬਾਰੇ ਦੱਸ ਰਿਹਾ ਸੀ ਯਾਨੀ ਮਸੀਹ ਦਾ ਰਾਜ ਜਿਸ ਦਾ ਰਾਜਾ ਯਿਸੂ ਮਸੀਹ ਹੈ ਅਤੇ ਜਿਸ ਨਾਲ 1,44,000 ਰਾਜ ਕਰਨਗੇ। (ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1, ਸਫ਼ੇ 1059, 1062.) ਮਸੀਹ ਦੇ ਰਾਜ ਬਾਰੇ ਪਤਰਸ ਨੇ ਵੀ ਜ਼ਿਕਰ ਕੀਤਾ ਸੀ ਜਦੋਂ ਉਸ ਨੇ ਲਿਖਿਆ ਕਿ ਅਸੀਂ ਪਰਮੇਸ਼ੁਰ ਦੇ ਵਾਅਦੇ ਅਨੁਸਾਰ “ਨਵੇਂ ਆਕਾਸ਼” ਦੀ ਉਡੀਕ ਕਰ ਰਹੇ ਹਾਂ।—2 ਪਤ. 3:13.
ਪੌਲੁਸ ਵੱਲੋਂ ਜ਼ਿਕਰ ਕੀਤੀ “ਸੋਹਣੀ ਜਗ੍ਹਾ” ਦਾ ਕੀ ਮਤਲਬ ਹੈ?
“ਸੋਹਣੀ ਜਗ੍ਹਾ” ਦੇ ਵੀ ਅਲੱਗ-ਅਲੱਗ ਮਤਲਬ ਹੋ ਸਕਦੇ ਹਨ: (1) ਧਰਤੀ ਇਨਸਾਨਾਂ ਨੂੰ ਰਹਿਣ ਲਈ ਦਿੱਤੀ ਗਈ ਸੀ, ਇਸ ਲਈ “ਸੋਹਣੀ ਜਗ੍ਹਾ” ਆਉਣ ਵਾਲੇ ਸਮੇਂ ਵਿਚ ਇਨਸਾਨਾਂ ਨੂੰ ਦਿੱਤੀ ਜਾਣ ਵਾਲੀ ਸੋਹਣੀ ਧਰਤੀ ਹੋ ਸਕਦੀ ਹੈ। (2) ਇਹ ਨਵੀਂ ਦੁਨੀਆਂ ਵਿਚ ਯਹੋਵਾਹ ਦੇ ਮੁਕੰਮਲ ਲੋਕਾਂ ਵਿਚ ਸ਼ਾਂਤੀ ਭਰਿਆ ਮਾਹੌਲ ਹੋ ਸਕਦਾ ਹੈ। (3) ਇਹ ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਵਧੀਆ ਹਾਲਾਤ ਹੋ ਸਕਦੇ ਹਨ ਜਿਵੇਂ ਪ੍ਰਕਾਸ਼ ਦੀ ਕਿਤਾਬ 2:7 ਵਿਚ ਦੱਸਿਆ ਗਿਆ ਹੈ।—ਪਹਿਰਾਬੁਰਜ 15 ਜੁਲਾਈ 2015 ਦੇ ਸਫ਼ੇ 8 ਦਾ ਪੈਰਾ 8 ਦੇਖੋ।
ਹੋ ਸਕਦਾ ਹੈ ਕਿ ਜਦੋਂ 2 ਕੁਰਿੰਥੀਆਂ 12:4 ਵਿਚ ਪੌਲੁਸ ਆਪਣਾ ਤਜਰਬਾ ਦੱਸ ਰਿਹਾ ਸੀ, ਤਾਂ ਉਹ ਉੱਪਰ ਦੱਸੀਆਂ ਤਿੰਨਾਂ ਗੱਲਾਂ ਵੱਲ ਇਸ਼ਾਰਾ ਕਰ ਰਿਹਾ ਹੋਵੇ।
ਸੰਖੇਪ ਵਿਚ:
2 ਕੁਰਿੰਥੀਆਂ 12:2 ਵਿਚ ਜ਼ਿਕਰ ਕੀਤੇ “ਤੀਸਰੇ ਸਵਰਗ” ਦਾ ਮਤਲਬ ‘ਨਵਾਂ ਆਕਾਸ਼’ ਯਾਨੀ ਮਸੀਹ ਦਾ ਰਾਜ ਹੋ ਸਕਦਾ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ ਤੇ ਜਿਸ ਨਾਲ 1,44,000 ਰਾਜ ਕਰਨਗੇ।—2 ਪਤ. 3:13.
ਇਹ ‘ਤੀਸਰਾ ਸਵਰਗ’ ਇਸ ਕਰਕੇ ਹੈ ਕਿਉਂਕਿ ਇਹ ਰਾਜ ਸਭ ਤੋਂ ਉੱਤਮ ਹਕੂਮਤ ਹੈ।
ਪੌਲੁਸ ਨੂੰ ਦਰਸ਼ਣ ਵਿਚ ਜਿਸ “ਸੋਹਣੀ ਜਗ੍ਹਾ” ਨੂੰ “ਲਿਜਾਇਆ ਗਿਆ ਸੀ,” ਉਸ ਦੇ ਅਲੱਗ-ਅਲੱਗ ਮਤਲਬ ਹੋ ਸਕਦੇ ਹਨ: (1) ਆਉਣ ਵਾਲੇ ਸਮੇਂ ਵਿਚ ਇਨਸਾਨਾਂ ਨੂੰ ਦਿੱਤੀ ਜਾਣ ਵਾਲੀ ਧਰਤੀ, (2) ਨਵੀਂ ਦੁਨੀਆਂ ਵਿਚ ਯਹੋਵਾਹ ਦੇ ਮੁਕੰਮਲ ਲੋਕਾਂ ਵਿਚ ਸ਼ਾਂਤੀ ਭਰਿਆ ਮਾਹੌਲ ਜੋ ਅੱਜ ਭੈਣ-ਭਰਾਵਾਂ ਵਿਚ ਸ਼ਾਂਤੀ ਭਰੇ ਮਾਹੌਲ ਨਾਲੋਂ ਕਿਤੇ ਜ਼ਿਆਦਾ ਵਧੀਆ ਹੋਵੇਗਾ ਅਤੇ (3) ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਵਧੀਆ ਹਾਲਾਤ।
ਨਵਾਂ ਆਕਾਸ਼ ਤੇ ਨਵੀਂ ਧਰਤੀ ਨੂੰ ਮਿਲਾ ਕੇ ਨਵੀਂ ਦੁਨੀਆਂ ਬਣੇਗੀ। ਇਹ ਨਵਾਂ ਪ੍ਰਬੰਧ ਹੋਵੇਗਾ ਜਿਸ ਵਿਚ ਸਵਰਗੀ ਸਰਕਾਰ ਅਤੇ ਸੋਹਣੀ ਧਰਤੀ ’ਤੇ ਰਹਿਣ ਵਾਲੇ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨਗੇ।