ਅਧਿਐਨ ਲੇਖ 51
ਤੁਸੀਂ ਯਹੋਵਾਹ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ?
“ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੈਂ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।”—ਜ਼ਬੂ. 9:10.
ਗੀਤ 34 ਯਹੋਵਾਹ ਦੇ ਨਾਂ ਤੋਂ ਸਾਡੀ ਪਛਾਣ
ਖ਼ਾਸ ਗੱਲਾਂ *
1-2. ਐਂਜਲੀਟੋ ਦੇ ਤਜਰਬੇ ਮੁਤਾਬਕ ਸਾਨੂੰ ਸਾਰਿਆਂ ਨੂੰ ਕੀ ਕਰਨ ਦੀ ਲੋੜ ਹੈ?
ਕੀ ਤੁਹਾਡੀ ਪਰਵਰਿਸ਼ ਮਸੀਹੀ ਮਾਪਿਆਂ ਨੇ ਕੀਤੀ ਹੈ? ਜੇ ਹਾਂ, ਤਾਂ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤੁਸੀਂ ਸਿਰਫ਼ ਉਨ੍ਹਾਂ ਕਰਕੇ ਯਹੋਵਾਹ ਨਾਲ ਨਿੱਜੀ ਰਿਸ਼ਤਾ ਨਹੀਂ ਜੋੜ ਸਕਦੇ। ਭਾਵੇਂ ਸਾਡੇ ਮਾਪੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਜਾਂ ਨਹੀਂ, ਪਰ ਸਾਨੂੰ ਸਾਰਿਆਂ ਨੂੰ ਯਹੋਵਾਹ ਨਾਲ ਖ਼ੁਦ ਦੋਸਤੀ ਕਰਨ ਦੀ ਲੋੜ ਹੈ।
2 ਜ਼ਰਾ ਐਂਜਲੀਟੋ ਨਾਂ ਦੇ ਭਰਾ ਦੀ ਮਿਸਾਲ ’ਤੇ ਗੌਰ ਕਰੋ। ਉਸ ਦੀ ਪਰਵਰਿਸ਼ ਮਸੀਹੀ ਪਰਿਵਾਰ ਵਿਚ ਹੋਈ ਸੀ। ਪਰ ਛੋਟੇ ਹੁੰਦਿਆਂ ਉਹ ਖ਼ੁਦ ਨੂੰ ਪਰਮੇਸ਼ੁਰ ਦੇ ਨੇੜੇ ਮਹਿਸੂਸ ਨਹੀਂ ਕਰਦਾ ਸੀ। ਉਹ ਕਹਿੰਦਾ ਹੈ: “ਮੈਂ ਯਹੋਵਾਹ ਦੀ ਸੇਵਾ ਸਿਰਫ਼ ਇਸ ਕਰਕੇ ਕਰ ਰਿਹਾ ਸੀ ਕਿਉਂਕਿ ਮੈਂ ਉਹ ਕਰਨਾ ਚਾਹੁੰਦਾ ਸੀ ਜੋ ਮੇਰਾ ਪਰਿਵਾਰ ਕਰ ਰਿਹਾ ਸੀ।” ਪਰ ਐਂਜਲੀਟੋ ਨੇ ਪਰਮੇਸ਼ੁਰ ਦੇ ਬਚਨ ਨੂੰ ਹੋਰ ਜ਼ਿਆਦਾ ਪੜ੍ਹਨ ਅਤੇ ਉਸ ’ਤੇ ਮਨਨ ਕਰਨ ਦਾ ਫ਼ੈਸਲਾ ਕੀਤਾ ਤੇ ਉਸ ਨੇ ਯਹੋਵਾਹ ਨੂੰ ਹੋਰ ਜ਼ਿਆਦਾ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਇਸ ਦਾ ਕੀ ਨਤੀਜਾ ਨਿਕਲਿਆ? ਐਂਜਲੀਟੋ ਕਹਿੰਦਾ ਹੈ: “ਮੈਂ ਸਿੱਖਿਆ ਕਿ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਨੇੜੇ ਜਾਣ ਦਾ ਇੱਕੋ-ਇਕ ਤਰੀਕਾ ਹੈ ਕਿ ਮੈਂ ਖ਼ੁਦ ਉਸ ਨੂੰ ਜਾਣਾ।” ਐਂਜਲੀਟੋ ਦੇ ਤਜਰਬੇ ਤੋਂ ਕੁਝ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ: ਯਹੋਵਾਹ ਨੂੰ ਥੋੜ੍ਹਾ-ਬਹੁਤਾ ਜਾਣਨ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਨ ਵਿਚ ਕੀ ਫ਼ਰਕ ਹੈ? ਨਾਲੇ ਅਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਾਂ?
3. ਯਹੋਵਾਹ ਬਾਰੇ ਥੋੜ੍ਹਾ-ਬਹੁਤਾ ਜਾਣਨ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਨ ਵਿਚ ਕੀ ਫ਼ਰਕ ਹੈ?
3 ਜੇ ਇਕ ਵਿਅਕਤੀ ਨੂੰ ਪਰਮੇਸ਼ੁਰ ਦਾ ਨਾਂ ਪਤਾ ਹੈ ਜਾਂ ਪਰਮੇਸ਼ੁਰ ਦੀਆਂ ਕਹੀਆਂ ਗੱਲਾਂ ਜਾਂ ਕੰਮਾਂ ਬਾਰੇ ਥੋੜ੍ਹਾ-ਬਹੁਤਾ ਪਤਾ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਯਹੋਵਾਹ ਬਾਰੇ ਜਾਣਦਾ ਹੈ। ਪਰ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਵਿਚ ਹੋਰ ਵੀ
ਬਹੁਤ ਕੁਝ ਸ਼ਾਮਲ ਹੈ। ਸਾਨੂੰ ਯਹੋਵਾਹ ਅਤੇ ਉਸ ਦੇ ਸ਼ਾਨਦਾਰ ਗੁਣਾਂ ਬਾਰੇ ਜਾਣਨ ਲਈ ਸਮਾਂ ਕੱਢਣ ਦੀ ਲੋੜ ਹੈ। ਫਿਰ ਹੀ ਅਸੀਂ ਇਹ ਸਮਝ ਸਕਾਂਗੇ ਕਿ ਉਹ ਕੋਈ ਗੱਲ ਕਿਉਂ ਕਹਿੰਦਾ ਅਤੇ ਕੋਈ ਕੰਮ ਕਿਉਂ ਕਰਦਾ ਹੈ। ਇਸ ਨਾਲ ਸਾਡੀ ਇਹ ਸਮਝਣ ਵਿਚ ਮਦਦ ਹੋਵੇਗੀ ਕਿ ਉਹ ਸਾਡੇ ਖ਼ਿਆਲਾਂ, ਫ਼ੈਸਲਿਆਂ ਅਤੇ ਕੰਮਾਂ ਤੋਂ ਖ਼ੁਸ਼ ਹੈ ਜਾਂ ਨਹੀਂ। ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ, ਤਾਂ ਸਾਨੂੰ ਸਿੱਖੀਆਂ ਗੱਲਾਂ ਮੁਤਾਬਕ ਕੰਮ ਕਰਨ ਦੀ ਲੋੜ ਹੈ।4. ਬਾਈਬਲ ਵਿਚ ਦਰਜ ਮਿਸਾਲਾਂ ’ਤੇ ਗੌਰ ਕਰਨ ਨਾਲ ਸਾਡੀ ਕਿਵੇਂ ਮਦਦ ਹੋਵੇਗੀ?
4 ਕੁਝ ਲੋਕ ਸ਼ਾਇਦ ਸਾਡਾ ਮਜ਼ਾਕ ਉਡਾਉਣ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਤੇ ਉਸ ਦੇ ਲੋਕਾਂ ਨਾਲ ਸੰਗਤੀ ਸ਼ੁਰੂ ਕਰਨ ਕਰਕੇ ਉਹ ਸ਼ਾਇਦ ਸਾਡਾ ਵਿਰੋਧ ਵੀ ਕਰਨ। ਪਰ ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖਾਂਗੇ, ਤਾਂ ਉਹ ਸਾਨੂੰ ਕਦੇ ਵੀ ਨਹੀਂ ਛੱਡੇਗਾ। ਅਸੀਂ ਪਰਮੇਸ਼ੁਰ ਨਾਲ ਦੋਸਤੀ ਦੀ ਨੀਂਹ ਧਰ ਰਹੇ ਹੋਵਾਂਗੇ ਜੋ ਹਮੇਸ਼ਾ-ਹਮੇਸ਼ਾ ਤਕ ਰਹੇਗੀ। ਕੀ ਅਸੀਂ ਵਾਕਈ ਯਹੋਵਾਹ ਨੂੰ ਇੰਨੀ ਚੰਗੀ ਤਰ੍ਹਾਂ ਜਾਣ ਸਕਦੇ ਹਾਂ? ਬਿਲਕੁਲ! ਮੂਸਾ ਅਤੇ ਰਾਜਾ ਦਾਊਦ ਵਰਗੇ ਨਾਮੁਕੰਮਲ ਇਨਸਾਨਾਂ ਨੇ ਇਹ ਸਾਬਤ ਕੀਤਾ ਹੈ ਕਿ ਇੱਦਾਂ ਕਰਨਾ ਮੁਮਕਿਨ ਹੈ। ਉਨ੍ਹਾਂ ਦੇ ਕੰਮਾਂ ’ਤੇ ਗੌਰ ਕਰਨ ਨਾਲ ਸਾਨੂੰ ਦੋ ਸਵਾਲਾਂ ਦੇ ਜਵਾਬ ਮਿਲਣਗੇ: ਉਹ ਯਹੋਵਾਹ ਨੂੰ ਕਿਵੇਂ ਜਾਣ ਪਾਏ? ਨਾਲੇ ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
ਮੂਸਾ ਨੇ “ਅਦਿੱਖ ਪਰਮੇਸ਼ੁਰ” ਨੂੰ ਦੇਖਿਆ
5. ਮੂਸਾ ਨੇ ਕੀ ਕਰਨ ਦਾ ਫ਼ੈਸਲਾ ਕੀਤਾ?
5 ਮੂਸਾ ਨੇ ਸਿੱਖੀਆਂ ਗੱਲਾਂ ਮੁਤਾਬਕ ਕੰਮ ਕੀਤਾ। ਲਗਭਗ 40 ਸਾਲਾਂ ਦੀ ਉਮਰ ਵਿਚ ਉਸ ਨੇ “ਫ਼ਿਰਊਨ ਦੀ ਧੀ ਦਾ ਪੁੱਤਰ” ਕਹਾਉਣ ਦੀ ਬਜਾਇ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤੀ ਕਰਨ ਦਾ ਫ਼ੈਸਲਾ ਕੀਤਾ। (ਇਬ. 11:24) ਮੂਸਾ ਨੇ ਉੱਚੀ ਪਦਵੀ ਠੁਕਰਾ ਦਿੱਤੀ। ਮਿਸਰ ਵਿਚ ਗ਼ੁਲਾਮ ਇਬਰਾਨੀਆਂ ਦਾ ਪੱਖ ਲੈ ਕੇ ਉਸ ਨੇ ਸ਼ਕਤੀਸ਼ਾਲੀ ਰਾਜੇ ਫ਼ਿਰਊਨ ਦਾ ਗੁੱਸਾ ਮੁੱਲ ਲਿਆ ਜਿਸ ਨੂੰ ਲੋਕ ਰੱਬ ਮੰਨਦੇ ਸਨ। ਉਸ ਨੇ ਕਿੰਨੀ ਹੀ ਸ਼ਾਨਦਾਰ ਨਿਹਚਾ ਦਿਖਾਈ! ਉਸ ਨੇ ਯਹੋਵਾਹ ’ਤੇ ਭਰੋਸਾ ਰੱਖਿਆ। ਇਸ ਤਰ੍ਹਾਂ ਦਾ ਭਰੋਸਾ ਹਮੇਸ਼ਾ ਰਹਿਣ ਵਾਲੇ ਰਿਸ਼ਤੇ ਦਾ ਨੀਂਹ ਪੱਥਰ ਹੈ।—ਕਹਾ. 3:5.
6. ਅਸੀਂ ਮੂਸਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
6 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਮੂਸਾ ਵਾਂਗ ਸਾਨੂੰ ਸਾਰਿਆਂ ਨੂੰ ਇਕ ਫ਼ੈਸਲਾ ਕਰਨ ਦੀ ਲੋੜ ਹੈ: ਕੀ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਦੇ ਲੋਕਾਂ ਨਾਲ ਸੰਗਤੀ ਕਰਨ ਦਾ ਫ਼ੈਸਲਾ ਕਰਾਂਗੇ? ਪਰਮੇਸ਼ੁਰ ਦੀ ਸੇਵਾ ਕਰਨ ਲਈ ਸਾਨੂੰ ਸ਼ਾਇਦ ਕੁਰਬਾਨੀਆਂ ਕਰਨੀਆਂ ਪੈਣ ਅਤੇ ਯਹੋਵਾਹ ਨੂੰ ਨਾ ਜਾਣਨ ਵਾਲੇ ਲੋਕਾਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਵੇ। ਪਰ ਆਪਣੇ ਸਵਰਗੀ ਪਿਤਾ ’ਤੇ ਭਰੋਸਾ ਰੱਖਣ ਕਰਕੇ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡਾ ਸਾਥ ਦੇਵੇਗਾ!
7-8. ਮੂਸਾ ਕੀ ਸਿੱਖਦਾ ਰਿਹਾ?
7 ਮੂਸਾ ਯਹੋਵਾਹ ਦੇ ਗੁਣਾਂ ਅਤੇ ਉਸ ਦੀ ਇੱਛਾ ਪੂਰੀ ਕਰਨ ਬਾਰੇ ਸਿੱਖਦਾ ਰਿਹਾ। ਮਿਸਾਲ ਲਈ, ਜਦੋਂ ਮੂਸਾ ਨੂੰ ਇਜ਼ਰਾਈਲੀਆਂ ਨੂੰ ਆਜ਼ਾਦ ਕਰਾਉਣ ਲਈ ਕਿਹਾ ਗਿਆ, ਤਾਂ ਉਸ ਨੂੰ ਖ਼ੁਦ ’ਤੇ ਭਰੋਸਾ ਨਹੀਂ ਸੀ ਅਤੇ ਉਹ ਯਹੋਵਾਹ ਨੂੰ ਕਹਿੰਦਾ ਰਿਹਾ ਕਿ ਉਹ ਇਹ ਕੰਮ ਕਰਨ ਦੇ ਕਾਬਲ ਨਹੀਂ। ਪਰਮੇਸ਼ੁਰ ਦੇ ਜਵਾਬ ਤੋਂ ਪਤਾ ਲੱਗਾ ਕਿ ਉਹ ਦਇਆ ਕਰਨ ਵਾਲਾ ਹੈ ਅਤੇ ਉਸ ਨੇ ਮੂਸਾ ਦੀ ਮਦਦ ਕੀਤੀ। (ਕੂਚ 4:10-16) ਨਤੀਜੇ ਵਜੋਂ, ਮੂਸਾ ਫ਼ਿਰਊਨ ਨੂੰ ਜ਼ਬਰਦਸਤ ਸਜ਼ਾ ਦੇ ਸੰਦੇਸ਼ ਸੁਣਾ ਸਕਿਆ। ਮੂਸਾ ਨੇ ਯਹੋਵਾਹ ਦੀ ਬੇਅੰਤ ਤਾਕਤ ਦੇਖੀ ਜਦੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਬਚਾਇਆ ਸੀ, ਪਰ ਫ਼ਿਰਊਨ ਅਤੇ ਉਸ ਦੀਆਂ ਫ਼ੌਜਾਂ ਦਾ ਲਾਲ ਸਮੁੰਦਰ ਵਿਚ ਨਾਸ਼ ਕੀਤਾ ਸੀ।—ਕੂਚ 14:26-31; ਜ਼ਬੂ. 136:15.
8 ਜਦੋਂ ਮੂਸਾ ਇਜ਼ਰਾਈਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾ ਲਿਆਇਆ, ਤਾਂ ਉਹ ਹਮੇਸ਼ਾ ਕਿਸੇ-ਨਾ-ਕਿਸੇ ਚੀਜ਼ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਸਨ। ਪਰ ਮੂਸਾ ਨੇ ਦੇਖਿਆ ਕਿ ਯਹੋਵਾਹ ਉਨ੍ਹਾਂ ਲੋਕਾਂ ਨਾਲ ਕਿੰਨੇ ਧੀਰਜ ਨਾਲ ਪੇਸ਼ ਆਇਆ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਜ਼ਾਦ ਕਰਵਾਇਆ ਸੀ। (ਜ਼ਬੂ. 78:40-43) ਮੂਸਾ ਨੇ ਯਹੋਵਾਹ ਦੀ ਲਾਜਵਾਬ ਨਿਮਰਤਾ ਵੀ ਦੇਖੀ ਜਦੋਂ ਉਸ ਦੇ ਕਹਿਣ ’ਤੇ ਪਰਮੇਸ਼ੁਰ ਨੇ ਇਜ਼ਰਾਈਲੀਆਂ ਦਾ ਨਾਸ਼ ਨਹੀਂ ਕੀਤਾ।—ਕੂਚ 32:9-14.
9. ਇਬਰਾਨੀਆਂ 11:27 ਮੁਤਾਬਕ ਮੂਸਾ ਦਾ ਯਹੋਵਾਹ ਨਾਲ ਰਿਸ਼ਤਾ ਕਿੰਨਾ ਕੁ ਮਜ਼ਬੂਤ ਸੀ?
ਇਬਰਾਨੀਆਂ 11:27 ਪੜ੍ਹੋ।) ਉਨ੍ਹਾਂ ਦੇ ਗੂੜ੍ਹੇ ਰਿਸ਼ਤੇ ਬਾਰੇ ਬਾਈਬਲ ਦੱਸਦੀ ਹੈ: “ਯਹੋਵਾਹ ਮੂਸਾ ਨਾਲ ਆਹਮੋ ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸਜਣ ਨਾਲ ਬੋਲਦਾ ਹੈ।”—ਕੂਚ 33:11.
9 ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਮੂਸਾ ਦਾ ਯਹੋਵਾਹ ਨਾਲ ਰਿਸ਼ਤਾ ਇੰਨਾ ਮਜ਼ਬੂਤ ਹੋ ਗਿਆ ਮਾਨੋ ਉਹ ਆਪਣੇ ਸਵਰਗੀ ਪਿਤਾ ਨੂੰ ਦੇਖ ਸਕਦਾ ਹੋਵੇ। (10. ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
10 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਸਾਨੂੰ ਸਿਰਫ਼ ਉਸ ਦੇ ਗੁਣਾਂ ਬਾਰੇ ਹੀ ਜਾਣਨ ਦੀ ਲੋੜ ਨਹੀਂ, ਸਗੋਂ ਉਸ ਦੀ ਇੱਛਾ ਵੀ ਪੂਰੀ ਕਰਨ ਦੀ ਲੋੜ ਹੈ। ਅੱਜ ਯਹੋਵਾਹ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾ ਕੇ ਅਸੀਂ ਉਸ ਦੀ ਇੱਛਾ ਪੂਰੀ ਕਰ ਰਹੇ ਹੁੰਦੇ ਹਾਂ।
11. ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਂਦਿਆਂ ਅਸੀਂ ਖ਼ੁਦ ਉਸ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਪਾਉਂਦੇ ਹਾਂ?
11 ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਂਦਿਆਂ ਅਕਸਰ ਇੱਦਾਂ ਹੁੰਦਾ ਹੈ ਕਿ ਅਸੀਂ ਖ਼ੁਦ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਪਾਉਂਦੇ ਹਾਂ। ਮਿਸਾਲ ਲਈ, ਅਸੀਂ ਸਾਫ਼-ਸਾਫ਼ ਯਹੋਵਾਹ ਦੀ ਦਇਆ ਦੇਖਦੇ ਹਾਂ ਜਦੋਂ ਉਹ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰਦਾ ਹੈ। (ਯੂਹੰ. 6:44; ਰਸੂ. 13:48) ਅਸੀਂ ਪਰਮੇਸ਼ੁਰ ਦੇ ਬਚਨ ਦੀ ਤਾਕਤ ਨੂੰ ਕੰਮ ਕਰਦਿਆਂ ਦੇਖਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬਾਈਬਲ ਵਿਦਿਆਰਥੀ ਆਪਣੀਆਂ ਬੁਰੀਆਂ ਆਦਤਾਂ ਛੱਡਦੇ ਹਨ ਤੇ ਨਵਾਂ ਸੁਭਾਅ ਪੈਦਾ ਕਰਨਾ ਸ਼ੁਰੂ ਕਰਦੇ ਹਨ। (ਕੁਲੁ. 3:9, 10) ਨਾਲੇ ਅਸੀਂ ਪਰਮੇਸ਼ੁਰ ਦੇ ਧੀਰਜ ਦਾ ਸਬੂਤ ਦੇਖਦੇ ਹਾਂ ਜਦੋਂ ਉਹ ਲੋਕਾਂ ਨੂੰ ਉਸ ਬਾਰੇ ਵਾਰ-ਵਾਰ ਸਿੱਖਣ ਅਤੇ ਬਚਣ ਦਾ ਮੌਕਾ ਦਿੰਦਾ ਹੈ।—ਰੋਮੀ. 10:13-15.
12. ਕੂਚ 33:13 ਮੁਤਾਬਕ ਮੂਸਾ ਨੇ ਕੀ ਬੇਨਤੀ ਕੀਤੀ ਅਤੇ ਕਿਉਂ?
12 ਮੂਸਾ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਾਮੂਲੀ ਨਹੀਂ ਸਮਝਿਆ। ਪਰਮੇਸ਼ੁਰ ਦੇ ਨਾਂ ’ਤੇ ਸ਼ਕਤੀਸ਼ਾਲੀ ਕੰਮ ਕਰਨ ਤੋਂ ਬਾਅਦ ਵੀ ਮੂਸਾ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਬਾਰੇ ਹੋਰ ਜ਼ਿਆਦਾ ਸਿਖਾਵੇ। (ਕੂਚ 33:13 ਪੜ੍ਹੋ।) ਮੂਸਾ ਦੀ ਉਮਰ 80 ਤੋਂ ਵੀ ਜ਼ਿਆਦਾ ਸੀ ਜਦੋਂ ਉਸ ਨੇ ਇਹ ਬੇਨਤੀ ਕੀਤੀ। ਪਰ ਉਹ ਜਾਣਦਾ ਸੀ ਕਿ ਆਪਣੇ ਸਵਰਗੀ ਪਿਤਾ ਬਾਰੇ ਉਸ ਨੂੰ ਹਾਲੇ ਵੀ ਬਹੁਤ ਕੁਝ ਸਿੱਖਣ ਦੀ ਲੋੜ ਸੀ।
13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਦੀ ਕਦਰ ਕਰਦੇ ਹਾਂ?
13 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਭਾਵੇਂ ਅਸੀਂ ਯਹੋਵਾਹ ਦੀ ਸੇਵਾ ਜਿੰਨੇ ਮਰਜ਼ੀ ਸਾਲਾਂ ਤੋਂ ਕਰ ਰਹੇ ਹੋਈਏ, ਪਰ ਸਾਨੂੰ ਉਸ ਨਾਲ ਆਪਣੇ ਰਿਸ਼ਤੇ ਨੂੰ ਕਦੇ ਮਾਮੂਲੀ ਨਹੀਂ ਸਮਝਣਾ ਚਾਹੀਦਾ। ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨਾਲ ਗੱਲ ਕਰ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨਾਲ ਆਪਣੀ ਦੋਸਤੀ ਦੀ ਕਦਰ ਕਰਦੇ ਹਾਂ।
14. ਪਰਮੇਸ਼ੁਰ ਬਾਰੇ ਹੋਰ ਜਾਣਨ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਕਿਉਂ ਹੈ?
14 ਕਿਸੇ ਨਾਲ ਗੂੜ੍ਹੀ ਦੋਸਤੀ ਕਰਨ ਲਈ ਤੁਹਾਨੂੰ ਅਕਸਰ ਉਸ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕਰਨ ਲਈ ਤੁਹਾਨੂੰ ਅਕਸਰ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣ ਤੋਂ ਡਰਨਾ ਨਹੀਂ ਚਾਹੀਦਾ। (ਅਫ਼. 6:18) ਤੁਰਕੀ ਵਿਚ ਰਹਿਣ ਵਾਲੀ ਕ੍ਰਿਸਟਾ ਕਹਿੰਦੀ ਹੈ: “ਜਦੋਂ ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹਾਂ ਅਤੇ ਫਿਰ ਉਸ ਨੂੰ ਮੇਰੀ ਮਦਦ ਕਰਦਿਆਂ ਦੇਖਦੀ ਹਾਂ, ਤਾਂ ਹਰ ਵਾਰ ਉਸ ਲਈ ਮੇਰਾ ਪਿਆਰ ਅਤੇ ਭਰੋਸਾ ਵਧਦਾ ਹੈ। ਨਾਲੇ ਜਦੋਂ ਮੈਂ ਦੇਖਦੀ ਹਾਂ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ, ਤਾਂ ਮੈਂ ਦੇਖ ਸਕਦੀ ਹਾਂ ਕਿ ਯਹੋਵਾਹ ਮੇਰੇ ਲਈ ਇਕ ਪਿਤਾ ਅਤੇ ਦੋਸਤ ਵਾਂਗ ਹੈ।”
ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਵਾਲਾ ਇਨਸਾਨ
15. ਯਹੋਵਾਹ ਨੇ ਰਾਜਾ ਦਾਊਦ ਬਾਰੇ ਕੀ ਕਿਹਾ?
15 ਰਾਜਾ ਦਾਊਦ ਉਸ ਕੌਮ ਵਿਚ ਪੈਦਾ ਹੋਇਆ ਸੀ ਜੋ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਸੀ। ਪਰ ਦਾਊਦ ਨੇ ਆਪਣੇ ਪਰਿਵਾਰ ਦੀਆਂ ਧਾਰਮਿਕ ਰੀਤੀ-ਰਿਵਾਜਾਂ ’ਤੇ ਚੱਲਣ ਤੋਂ ਇਲਾਵਾ ਵੀ ਕੁਝ ਕੀਤਾ। ਉਸ ਨੇ ਖ਼ੁਦ ਯਹੋਵਾਹ ਨਾਲ ਰਿਸ਼ਤਾ ਕਾਇਮ ਕੀਤਾ ਜਿਸ ਕਰਕੇ ਪਰਮੇਸ਼ੁਰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਯਹੋਵਾਹ ਨੇ ਆਪ ਦਾਊਦ ਰਸੂ. 13:22) ਦਾਊਦ ਨੇ ਯਹੋਵਾਹ ਨਾਲ ਇੰਨਾ ਗੂੜ੍ਹਾ ਰਿਸ਼ਤਾ ਕਿਵੇਂ ਬਣਾਇਆ?
ਬਾਰੇ ਕਿਹਾ ਕਿ “ਮੈਂ ਉਸ ਤੋਂ ਦਿਲੋਂ ਖ਼ੁਸ਼ ਹਾਂ।” (16. ਸ੍ਰਿਸ਼ਟੀ ਨੂੰ ਦੇਖ ਕੇ ਦਾਊਦ ਨੇ ਯਹੋਵਾਹ ਬਾਰੇ ਕੀ ਸਿੱਖਿਆ?
16 ਦਾਊਦ ਨੇ ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਸਿੱਖਿਆ। ਛੋਟੇ ਹੁੰਦਿਆਂ ਦਾਊਦ ਆਪਣੇ ਪਿਤਾ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਕਈ ਘੰਟੇ ਬਾਹਰ ਬਿਤਾਉਂਦਾ ਸੀ। ਸ਼ਾਇਦ ਇਸ ਸਮੇਂ ਦੌਰਾਨ ਉਸ ਨੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰਨਾ ਸ਼ੁਰੂ ਕੀਤਾ ਹੋਣਾ। ਮਿਸਾਲ ਲਈ, ਰਾਤ ਨੂੰ ਜਦੋਂ ਦਾਊਦ ਤਾਰੇ ਦੇਖਦਾ ਹੋਣਾ, ਤਾਂ ਉਹ ਸਿਰਫ਼ ਹਜ਼ਾਰਾਂ ਤਾਰੇ ਹੀ ਨਹੀਂ ਦੇਖਦਾ ਹੋਣਾ, ਸਗੋਂ ਇਨ੍ਹਾਂ ਨੂੰ ਬਣਾਉਣ ਵਾਲੇ ਦੇ ਗੁਣਾਂ ਉੱਤੇ ਸੋਚ-ਵਿਚਾਰ ਵੀ ਕਰਦਾ ਹੋਣਾ। ਦਾਊਦ ਲਿਖਣ ਲਈ ਪ੍ਰੇਰਿਤ ਹੋਇਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” (ਜ਼ਬੂ. 19:1, 2) ਜਦੋਂ ਦਾਊਦ ਨੇ ਸੋਚ-ਵਿਚਾਰ ਕੀਤਾ ਕਿ ਇਨਸਾਨਾਂ ਨੂੰ ਕਿਵੇਂ ਬਣਾਇਆ ਗਿਆ ਸੀ, ਤਾਂ ਉਹ ਯਹੋਵਾਹ ਦੀ ਬੁੱਧ ਦਾ ਕਮਾਲ ਦੇਖ ਸਕਿਆ। (ਜ਼ਬੂ. 139:14) ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰਦਿਆਂ ਦਾਊਦ ਨੂੰ ਅਹਿਸਾਸ ਹੋਇਆ ਹੋਣਾ ਕਿ ਉਹ ਯਹੋਵਾਹ ਦੀ ਤੁਲਨਾ ਵਿਚ ਕਿੰਨਾ ਛੋਟਾ ਸੀ।—ਜ਼ਬੂ. 139:6.
17. ਸ੍ਰਿਸ਼ਟੀ ਦੀਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਕੀ ਸਿੱਖ ਸਕਦੇ ਹਾਂ?
17 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਸ੍ਰਿਸ਼ਟੀ ਦੀਆਂ ਚੀਜ਼ਾਂ ਵਿਚ ਦਿਲਚਸਪੀ ਲਓ। ਯਹੋਵਾਹ ਦੁਆਰਾ ਬਣਾਈਆਂ ਸੁੰਦਰ ਚੀਜ਼ਾਂ ਵੱਲ ਸਿਰਫ਼ ਧਿਆਨ ਹੀ ਨਾ ਦਿਓ, ਸਗੋਂ ਇਨ੍ਹਾਂ ਨੂੰ ਆਪਣੇ ਦਿਲ ’ਤੇ ਅਸਰ ਵੀ ਕਰਨ ਦਿਓ। ਹਰ ਰੋਜ਼ ਸੋਚ-ਵਿਚਾਰ ਕਰੋ ਕਿ ਤੁਸੀਂ ਪੇੜ-ਪੌਦਿਆਂ, ਜਾਨਵਰਾਂ ਅਤੇ ਇਨਸਾਨਾਂ ਤੋਂ ਯਹੋਵਾਹ ਬਾਰੇ ਕੀ ਸਿੱਖਦੇ ਹੋ। ਇੱਦਾਂ ਕਰਕੇ ਤੁਸੀਂ ਹਰ ਦਿਨ ਆਪਣੇ ਪਿਆਰੇ ਪਿਤਾ ਬਾਰੇ ਹੋਰ ਜ਼ਿਆਦਾ ਸਿੱਖੋਗੇ। (ਰੋਮੀ. 1:20) ਨਾਲੇ ਤੁਸੀਂ ਦੇਖੋਗੇ ਕਿ ਹਰ ਦਿਨ ਪਰਮੇਸ਼ੁਰ ਲਈ ਤੁਹਾਡਾ ਪਿਆਰ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ।
18. ਜ਼ਬੂਰ 18 ਮੁਤਾਬਕ ਦਾਊਦ ਕੀ ਜਾਣਦਾ ਸੀ?
18 ਦਾਊਦ ਜਾਣਦਾ ਸੀ ਕਿ ਯਹੋਵਾਹ ਉਸ ਦੀ ਮਦਦ ਕਰ ਰਿਹਾ ਸੀ। ਮਿਸਾਲ ਲਈ, ਜਦੋਂ ਦਾਊਦ ਨੇ ਸ਼ੇਰ ਅਤੇ ਰਿੱਛ ਤੋਂ ਆਪਣੇ ਪਿਤਾ ਦੀ ਭੇਡ ਦੀ ਰਾਖੀ ਕੀਤੀ, ਤਾਂ ਉਹ ਜਾਣਦਾ ਸੀ ਕਿ ਯਹੋਵਾਹ ਨੇ ਇਨ੍ਹਾਂ ਖ਼ੂੰਖਾਰ ਜਾਨਵਰਾਂ ਨੂੰ ਮਾਰਨ ਵਿਚ ਉਸ ਦੀ ਮਦਦ ਕੀਤੀ ਸੀ। ਦੈਂਤ ਗੋਲਿਅਥ ਨੂੰ ਮਾਰਨ ਵੇਲੇ ਵੀ ਦਾਊਦ ਨੇ ਸਾਫ਼-ਸਾਫ਼ ਦੇਖਿਆ ਕਿ ਯਹੋਵਾਹ ਵੱਲੋਂ ਮਿਲੀ ਸੇਧ ਕਰਕੇ ਉਹ ਗੋਲਿਅਥ ਨੂੰ ਹਰਾ ਸਕਿਆ। (1 ਸਮੂ. 17:37) ਨਾਲੇ ਈਰਖਾਲੂ ਰਾਜਾ ਸ਼ਾਊਲ ਦੇ ਹੱਥੋਂ ਬਚ ਜਾਣ ’ਤੇ ਵੀ ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਹੀ ਉਸ ਦੀ ਰਾਖੀ ਕੀਤੀ ਸੀ। (ਜ਼ਬੂ. 18, ਸਿਰਲੇਖ) ਇਕ ਘਮੰਡੀ ਆਦਮੀ ਸ਼ਾਇਦ ਇਨ੍ਹਾਂ ਕੰਮਾਂ ਦਾ ਸਿਹਰਾ ਆਪਣੇ ਸਿਰ ਲਵੇ। ਪਰ ਨਿਮਰ ਹੋਣ ਕਰਕੇ ਦਾਊਦ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਿਆ।—ਜ਼ਬੂ. 138:6.
19. ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
19 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਸਾਨੂੰ ਸਿਰਫ਼ ਯਹੋਵਾਹ ਤੋਂ ਮਦਦ ਹੀ ਨਹੀਂ ਮੰਗਣੀ ਚਾਹੀਦੀ, ਸਗੋਂ ਸਾਨੂੰ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਉਹ ਕਦੋਂ ਅਤੇ ਕਿਵੇਂ ਸਾਡੀ ਮਦਦ ਕਰਦਾ ਹੈ। ਨਿਮਰਤਾ ਨਾਲ ਆਪਣੀਆਂ ਹੱਦਾਂ ਪਛਾਣਨ ਕਰਕੇ ਅਸੀਂ ਸਾਫ਼-ਸਾਫ਼ ਦੇਖ ਸਕਾਂਗੇ ਕਿ ਅਸੀਂ ਜੋ ਨਹੀਂ ਕਰ ਸਕਦੇ, ਉਹ ਕਰਨ ਵਿਚ ਯਹੋਵਾਹ ਸਾਡੀ ਮਦਦ ਕਰਦਾ ਹੈ। ਹਰ ਵਾਰ ਜਦੋਂ ਅਸੀਂ ਯਹੋਵਾਹ ਨੂੰ ਸਾਡੀ ਮਦਦ ਕਰਦਿਆਂ ਦੇਖਾਂਗੇ, ਤਾਂ ਉਸ ਨਾਲ ਸਾਡਾ ਰਿਸ਼ਤਾ ਹੋਰ ਗੂੜ੍ਹਾ ਹੋਵੇਗਾ। ਫਿਜੀ ਵਿਚ ਰਹਿਣ ਵਾਲੇ ਆਈਜ਼ਕ ਨਾਂ ਦੇ ਭਰਾ ਨਾਲ ਵੀ ਇੱਦਾਂ ਹੀ ਹੋਇਆ ਜੋ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਉਹ ਕਹਿੰਦਾ ਹੈ: “ਆਪਣੀ ਜ਼ਿੰਦਗੀ ’ਤੇ ਝਾਤ ਮਾਰਦਿਆਂ ਮੈਂ ਦੇਖ ਸਕਦਾ ਹਾਂ ਕਿ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਲੈ ਕੇ ਹੁਣ ਤਕ ਯਹੋਵਾਹ ਨੇ ਮੇਰੀ ਮਦਦ ਕੀਤੀ ਹੈ। ਇਸ ਕਰਕੇ ਯਹੋਵਾਹ ਮੇਰੇ ਲਈ ਬਿਲਕੁਲ ਅਸਲੀ ਹੈ।”
20. ਪਰਮੇਸ਼ੁਰ ਨਾਲ ਦਾਊਦ ਦੇ ਰਿਸ਼ਤੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
20 ਦਾਊਦ ਨੇ ਯਹੋਵਾਹ ਦੇ ਗੁਣਾਂ ਦੀ ਰੀਸ ਕੀਤੀ। ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ ਉਸ ਦੇ ਗੁਣਾਂ ਦੀ ਰੀਸ ਕਰ ਸਕੀਏ। (ਉਤ. 1:26) ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦੇ ਗੁਣਾਂ ਬਾਰੇ ਸਿੱਖਾਂਗੇ, ਉੱਨੀ ਜ਼ਿਆਦਾ ਅਸੀਂ ਉਸ ਦੀ ਰੀਸ ਕਰ ਸਕਾਂਗੇ। ਦਾਊਦ ਆਪਣੇ ਸਵਰਗੀ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਦੂਜਿਆਂ ਨਾਲ ਪੇਸ਼ ਆਉਂਦੇ ਵੇਲੇ ਉਹ ਉਸ ਦੀ ਰੀਸ ਕਰ ਸਕਿਆ। ਜ਼ਰਾ ਇਕ ਮਿਸਾਲ ’ਤੇ ਗੌਰ ਕਰੋ। ਬਥ-ਸ਼ਬਾ ਨਾਲ ਹਰਾਮਕਾਰੀ ਕਰ ਕੇ ਅਤੇ ਬਾਅਦ ਵਿਚ ਉਸ ਦੇ ਪਤੀ ਨੂੰ ਮਰਵਾ ਕੇ ਦਾਊਦ ਨੇ ਯਹੋਵਾਹ ਖ਼ਿਲਾਫ਼ ਪਾਪ ਕੀਤਾ। (2 ਸਮੂ. 11:1-4, 15) ਪਰ ਯਹੋਵਾਹ ਨੇ ਦਾਊਦ ’ਤੇ ਦਇਆ ਕੀਤੀ ਕਿਉਂਕਿ ਉਸ ਨੇ ਦੂਜਿਆਂ ’ਤੇ ਦਇਆ ਕੀਤੀ ਸੀ। ਦਾਊਦ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਸੀ ਜਿਸ ਕਰਕੇ ਇਜ਼ਰਾਈਲੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਯਹੋਵਾਹ ਇਜ਼ਰਾਈਲ ਦੇ ਹੋਰ ਰਾਜਿਆਂ ਨੂੰ ਉਸ ਦੀ ਮਿਸਾਲ ਦਿੰਦਾ ਸੀ।—1 ਰਾਜ. 15:11; 2 ਰਾਜ. 14:1-3.
21. ਅਫ਼ਸੀਆਂ 4:24; 5:1 ਮੁਤਾਬਕ ‘ਪਰਮੇਸ਼ੁਰ ਦੀ ਰੀਸ ਕਰਨ’ ਦੇ ਕੀ ਫ਼ਾਇਦੇ ਹੁੰਦੇ ਹਨ?
21 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਸਾਨੂੰ ‘ਪਰਮੇਸ਼ੁਰ ਦੀ ਰੀਸ ਕਰਨ’ ਦੀ ਲੋੜ ਹੈ। ਇੱਦਾਂ ਕਰ ਕੇ ਸਾਨੂੰ ਸਿਰਫ਼ ਫ਼ਾਇਦਾ ਹੀ ਨਹੀਂ ਹੁੰਦਾ, ਸਗੋਂ ਅਸੀਂ ਯਹੋਵਾਹ ਨੂੰ ਵੀ ਜਾਣ ਸਕਦੇ ਹਾਂ। ਪਰਮੇਸ਼ੁਰ ਦੀ ਰੀਸ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਬੱਚੇ ਹਾਂ।—ਅਫ਼ਸੀਆਂ 4:24; 5:1 ਪੜ੍ਹੋ।
ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ
22-23. ਯਹੋਵਾਹ ਬਾਰੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਨਾਲ ਕੀ ਹੋਵੇਗਾ?
22 ਜਿੱਦਾਂ ਅਸੀਂ ਦੇਖਿਆ, ਯਹੋਵਾਹ ਸ੍ਰਿਸ਼ਟੀ ਅਤੇ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ ਆਪਣੇ ਬਾਰੇ ਦੱਸਦਾ ਹੈ। ਇਸ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਦੀ ਅਸੀਂ ਰੀਸ ਕਰ ਸਕਦੇ ਹਾਂ, ਜਿਵੇਂ ਮੂਸਾ ਅਤੇ ਦਾਊਦ। ਯਹੋਵਾਹ ਨੇ ਆਪਣਾ ਕੰਮ ਪੂਰਾ ਕੀਤਾ ਹੈ। ਹੁਣ ਸਾਡੀ ਵਾਰੀ ਹੈ ਕਿ ਅਸੀਂ ਪੂਰੀ ਵਾਹ ਲਾ ਕੇ ਉਸ ਬਾਰੇ ਸਿੱਖਦੇ ਰਹੀਏ।
23 ਅਸੀਂ ਯਹੋਵਾਹ ਬਾਰੇ ਸਿੱਖਣਾ ਕਦੇ ਵੀ ਬੰਦ ਨਹੀਂ ਕਰਾਂਗੇ। (ਉਪ. 3:11) ਜ਼ਰੂਰੀ ਗੱਲ ਇਹ ਨਹੀਂ ਕਿ ਅਸੀਂ ਪਰਮੇਸ਼ੁਰ ਬਾਰੇ ਕਿੰਨਾ ਕੁ ਜਾਣਦੇ ਹਾਂ, ਸਗੋਂ ਇਹ ਹੈ ਕਿ ਅਸੀਂ ਜੋ ਜਾਣਦੇ ਹਾਂ ਉਸ ਨਾਲ ਕੀ ਕਰਦੇ ਹਾਂ। ਜੇ ਅਸੀਂ ਸਿੱਖੀਆਂ ਗੱਲਾਂ ਲਾਗੂ ਕਰਾਂਗੇ ਅਤੇ ਆਪਣੇ ਪਿਤਾ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਉਹ ਸਾਡੇ ਨੇੜੇ ਆਉਂਦਾ ਰਹੇਗਾ। (ਯਾਕੂ. 4:8) ਆਪਣੇ ਬਚਨ ਰਾਹੀਂ ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਨੂੰ ਕਦੇ ਨਹੀਂ ਛੱਡੇਗਾ ਜੋ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ।
ਗੀਤ 1 ਯਹੋਵਾਹ ਦੇ ਗੁਣ
^ ਪੈਰਾ 5 ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਹੈ, ਪਰ ਉਹ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਯਹੋਵਾਹ ਨੂੰ ਜਾਣਨ ਦਾ ਕੀ ਮਤਲਬ ਹੈ ਅਤੇ ਅਸੀਂ ਮੂਸਾ ਅਤੇ ਰਾਜਾ ਦਾਊਦ ਤੋਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਨ ਬਾਰੇ ਕੀ ਸਿੱਖ ਸਕਦੇ ਹਾਂ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।