ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:
ਸਾਨੂੰ ਚੁਣੇ ਹੋਏ ਮਸੀਹੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ, ਪਰ ਅਸੀਂ ਉਨ੍ਹਾਂ ਨੂੰ ਦੂਜੇ ਭੈਣਾਂ-ਭਰਾਵਾਂ ਤੋਂ ਉੱਚਾ ਨਹੀਂ ਚੁੱਕਦੇ ਤੇ ਨਾ ਹੀ ਉਨ੍ਹਾਂ ਦੀ ਹੱਦੋਂ ਵੱਧ ਤਾਰੀਫ਼ ਕਰਦੇ ਹਾਂ। (ਯਹੂ. 16) ਅਸੀਂ ਉਨ੍ਹਾਂ ਦੀ ਉਮੀਦ ਬਾਰੇ ਕੋਈ ਨਿੱਜੀ ਸਵਾਲ ਨਹੀਂ ਪੁੱਛਦੇ।—w20.01, ਸਫ਼ਾ 29.
ਤੁਹਾਨੂੰ ਕਿਉਂ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਤੁਹਾਡੇ ਵੱਲ ਧਿਆਨ ਦਿੰਦਾ ਹੈ?
ਬਾਈਬਲ ਦੱਸਦੀ ਹੈ ਕਿ ਤੁਹਾਡੇ ਜਨਮ ਤੋਂ ਪਹਿਲਾਂ ਉਸ ਨੇ ਤੁਹਾਡੇ ’ਤੇ ਧਿਆਨ ਲਾਇਆ। ਉਹ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਉਹ ਜਾਣਦਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ, ਤੁਸੀਂ ਕੀ ਸੋਚ ਰਹੇ ਹੋ ਅਤੇ ਤੁਹਾਡੇ ਕੰਮਾਂ ਦਾ ਉਸ ’ਤੇ ਅਸਰ ਪੈਂਦਾ ਹੈ। (1 ਇਤ. 28:9; ਕਹਾ. 27:11) ਉਸ ਨੇ ਖ਼ੁਦ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ।—w20.02, ਸਫ਼ਾ 12.
ਸਾਨੂੰ ਕਦੋਂ ਬੋਲਣਾ ਚਾਹੀਦਾ ਹੈ ਅਤੇ ਕਦੋਂ ਨਹੀਂ?
ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਬਾਰੇ ਗੱਲ ਕਰਦੇ ਹਾਂ। ਜੇ ਅਸੀਂ ਕਿਸੇ ਨੂੰ ਗ਼ਲਤ ਰਾਹ ’ਤੇ ਜਾਂਦਿਆਂ ਦੇਖਦੇ ਹਾਂ, ਤਾਂ ਅਸੀਂ ਉਸ ਨੂੰ ਸਲਾਹ ਦਿੰਦੇ ਹਾਂ। ਬਜ਼ੁਰਗ ਲੋੜ ਪੈਣ ’ਤੇ ਸਲਾਹ ਦਿੰਦੇ ਹਨ। ਅਸੀਂ ਉਨ੍ਹਾਂ ਦੇਸ਼ਾਂ ਬਾਰੇ ਜਾਣਕਾਰੀ ਲੈਣ (ਜਾਂ ਦੇਣ) ਵੇਲੇ ਚੁੱਪ ਰਹਿੰਦੇ ਹਾਂ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ। ਅਸੀਂ ਉਹ ਗੱਲਾਂ ਨਹੀਂ ਦੱਸਦੇ ਜਿਨ੍ਹਾਂ ਨੂੰ ਜਾਣਨਾ ਕਿਸੇ ਦਾ ਹੱਕ ਨਹੀਂ ਹੈ।—w20.03, ਸਫ਼ੇ 20-21.
ਯੋਏਲ ਦੇ ਦੂਜੇ ਅਧਿਆਇ ਵਿਚ ਜ਼ਿਕਰ ਕੀਤੀਆਂ ਟਿੱਡੀਆਂ ਪ੍ਰਕਾਸ਼ ਦੀ ਕਿਤਾਬ ਦੇ ਨੌਵੇਂ ਅਧਿਆਇ ਦੀਆਂ ਟਿੱਡੀਆਂ ਨਾਲੋਂ ਕਿਵੇਂ ਵੱਖਰੀਆਂ ਹਨ?
ਯੋਏਲ 2:20-29 ਵਿਚ ਲਿਖਿਆ ਹੈ ਕਿ ਪਰਮੇਸ਼ੁਰ ਟਿੱਡੀਆਂ ਨੂੰ ਦੂਰ ਧੱਕਦਾ ਹੈ ਅਤੇ ਉਨ੍ਹਾਂ ਦੁਆਰਾ ਕੀਤੇ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਕਰਦਾ ਹੈ। ਇਸ ਤੋਂ ਬਾਅਦ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਹ ਗੱਲਾਂ ਉਦੋਂ ਪੂਰੀਆਂ ਹੋਈਆਂ ਜਦੋਂ ਬਾਬਲੀਆਂ ਨੇ ਇਜ਼ਰਾਈਲ ਦੇਸ਼ ਨੂੰ ਤਬਾਹ ਕੀਤਾ, ਪਰ ਇਸ ਦੀ ਇਕ ਹੋਰ ਪੂਰਤੀ ਹੋਣੀ ਸੀ। ਪ੍ਰਕਾਸ਼ ਦੀ ਕਿਤਾਬ 9:1-11 ਵਿਚ ਚੁਣੇ ਹੋਏ ਮਸੀਹੀਆਂ ਦੀ ਤੁਲਨਾ ਟਿੱਡੀਆਂ ਨਾਲ ਕੀਤੀ ਗਈ ਹੈ ਜੋ ਇਸ ਦੁਸ਼ਟ ਦੁਨੀਆਂ ਦੇ ਖ਼ਿਲਾਫ਼ ਦਲੇਰੀ ਨਾਲ ਪਰਮੇਸ਼ੁਰ ਦੇ ਨਿਆਂ ਦਾ ਸੰਦੇਸ਼ ਸੁਣਾਉਂਦੇ ਹਨ। ਇਸ ਕਰਕੇ ਦੁਨੀਆਂ ਦਾ ਪੱਖ ਲੈਣ ਵਾਲੇ ਲੋਕ ਘਬਰਾ ਜਾਂਦੇ ਹਨ।—w20.04, ਸਫ਼ੇ 3-6.
ਅੱਜ ਉੱਤਰ ਦਾ ਰਾਜਾ ਕੌਣ ਹੈ?
ਰੂਸ ਅਤੇ ਉਸ ਦੇ ਮਿੱਤਰ ਦੇਸ਼। ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਸਿੱਧੇ ਤੌਰ ਤੇ ਪ੍ਰਭਾਵ ਪਾਇਆ ਹੈ ਕਿਉਂਕਿ ਉਨ੍ਹਾਂ ਨੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾਈ ਹੈ ਅਤੇ ਸਾਡੇ ਭੈਣਾਂ-ਭਰਾਵਾਂ ’ਤੇ ਅਤਿਆਚਾਰ ਕੀਤੇ ਹਨ। ਉੱਤਰ ਦਾ ਰਾਜਾ ਲਗਾਤਾਰ ਦੱਖਣ ਦੇ ਰਾਜੇ ਨਾਲ ਭਿੜਦਾ ਆਇਆ ਹੈ।—w20.05, ਸਫ਼ਾ 13.
ਕੀ ਸਿਰਫ਼ ਗਲਾਤੀਆਂ 5:22, 23 ਵਿਚ ਦੱਸੇ ਗੁਣ ਹੀ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਪੈਦਾ ਹੁੰਦੇ ਹਨ?
ਨਹੀਂ। ਪਵਿੱਤਰ ਸ਼ਕਤੀ ਸਾਡੀ ਹੋਰ ਵੀ ਗੁਣ ਪੈਦਾ ਕਰਨ ਵਿਚ ਮਦਦ ਕਰਦੀ ਹੈ, ਜਿਵੇਂ ਕਿ ਧਾਰਮਿਕਤਾ। (ਅਫ਼. 5:8, 9)—w20.06, ਸਫ਼ਾ 17.
ਸੋਸ਼ਲ ਮੀਡੀਆ ’ਤੇ ਆਪਣੇ ਬਾਰੇ ਜਾਣਕਾਰੀ ਪਾਉਣ ਦਾ ਇਕ ਖ਼ਤਰਾ ਕੀ ਹੈ?
ਸੋਸ਼ਲ ਮੀਡੀਆ ’ਤੇ ਪਾਈਆਂ ਫੋਟੋਆਂ ਜਾਂ ਵੀਡੀਓ ਤੋਂ ਲੱਗ ਸਕਦਾ ਹੈ ਕਿ ਤੁਸੀਂ ਸ਼ੇਖ਼ੀਆਂ ਮਾਰ ਰਹੇ ਹੋ ਤੇ ਨਿਮਰ ਨਹੀਂ ਹੋ।—w20.07, ਸਫ਼ੇ 6-7.
ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਮਛਿਆਰਿਆਂ ਤੋਂ ਕੀ ਸਿੱਖ ਸਕਦੇ ਹਨ?
ਉਹ ਮੱਛੀਆਂ ਲੱਭਣ ਲਈ ਸਹੀ ਸਮੇਂ ਅਤੇ ਜਗ੍ਹਾ ’ਤੇ ਜਾਂਦੇ ਹਨ। ਉਹ ਆਪਣੇ ਔਜ਼ਾਰਾਂ ਦੀ ਸਹੀ ਵਰਤੋਂ ਕਰਨੀ ਜਾਣਦੇ ਹਨ। ਨਾਲੇ ਉਹ ਮੁਸ਼ਕਲ ਹਾਲਾਤਾਂ ਵਿਚ ਵੀ ਹਿੰਮਤ ਤੋਂ ਕੰਮ ਲੈਂਦੇ ਹਨ। ਅਸੀਂ ਵੀ ਪ੍ਰਚਾਰ ਕਰਦੇ ਸਮੇਂ ਇਸੇ ਤਰ੍ਹਾਂ ਕਰ ਸਕਦੇ ਹਾਂ।—w20.09, ਸਫ਼ਾ 5.
ਅਸੀਂ ਕਿਹੜੇ ਕੁਝ ਤਰੀਕਿਆਂ ਰਾਹੀਂ ਬਾਈਬਲ ਵਿਦਿਆਰਥੀਆਂ ਦਾ ਯਹੋਵਾਹ ਲਈ ਪਿਆਰ ਗੂੜ੍ਹਾ ਕਰਨ ਵਿਚ ਮਦਦ ਕਰ ਸਕਦੇ ਹਾਂ?
ਅਸੀਂ ਉਨ੍ਹਾਂ ਨੂੰ ਹਰ ਰੋਜ਼ ਬਾਈਬਲ ਪੜ੍ਹਨ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਨਾਲੇ ਅਸੀਂ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾ ਸਕਦੇ ਹਾਂ।—w20.11, ਸਫ਼ਾ 4.
ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਕਿ “ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ”?—1 ਕੁਰਿੰ. 15:22.
ਪੌਲੁਸ ਰਸੂਲ ਇਹ ਨਹੀਂ ਕਹਿ ਰਿਹਾ ਸੀ ਕਿ ਹਰ ਇਨਸਾਨ ਨੂੰ ਜੀਉਂਦਾ ਕੀਤਾ ਜਾਵੇਗਾ। ਉਹ ਚੁਣੇ ਹੋਏ ਮਸੀਹੀਆਂ ਬਾਰੇ ਗੱਲ ਕਰ ਰਿਹਾ ਸੀ “ਜਿਨ੍ਹਾਂ ਨੂੰ ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਪਵਿੱਤਰ ਕੀਤਾ ਗਿਆ ਹੈ।” (1 ਕੁਰਿੰ. 1:2; 15:18)—w20.12, ਸਫ਼ੇ 5-6.
ਚੁਣੇ ਹੋਏ ਮਸੀਹੀ ‘ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਅੱਖ ਝਮਕਦਿਆਂ ਹੀ ਬਦਲ’ ਜਾਣ ਤੋਂ ਬਾਅਦ ਕੀ ਕਰਨਗੇ?—1 ਕੁਰਿੰ. 15:51-53.
ਉਹ ਯਿਸੂ ਨਾਲ ਮਿਲ ਕੇ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾਉਣਗੇ। (ਪ੍ਰਕਾ. 2:26, 27)—w20.12, ਸਫ਼ੇ 12-13.