ਦਿਲ ਲਾ ਕੇ ਸੇਵਾ ਕਰ!
ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਜਦੋਂ ਤੁਹਾਡਾ ਕੋਈ ਦੋਸਤ ਤੁਹਾਨੂੰ ਇਕ ਪਿਆਰ ਭਰੀ ਚਿੱਠੀ ਭੇਜਦਾ ਹੈ? ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਇੱਦਾਂ ਦੀ ਹੀ ਚਿੱਠੀ ਲਿਖੀ ਜਿਸ ਨੂੰ ਅਸੀਂ ਦੂਜਾ ਤਿਮੋਥਿਉਸ ਦੇ ਨਾਂ ਤੋਂ ਜਾਣਦੇ ਹਾਂ। ਬਿਨਾਂ ਸ਼ੱਕ, ਤਿਮੋਥਿਉਸ ਜ਼ਰੂਰ ਕਿਸੇ ਸ਼ਾਂਤ ਜਗ੍ਹਾ ਜਾ ਕੇ ਇਸ ਚਿੱਠੀ ਨੂੰ ਪੜ੍ਹਨ ਲਈ ਉਤਾਵਲਾ ਹੋਣਾ। ਸ਼ਾਇਦ ਤਿਮੋਥਿਉਸ ਸੋਚ ਰਿਹਾ ਸੀ: ‘ਪੌਲੁਸ ਠੀਕ ਵੀ ਹੈ? ਕੀ ਉਸ ਨੇ ਮੈਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਬਾਰੇ ਕੋਈ ਸਲਾਹ ਦਿੱਤੀ ਹੈ? ਕੀ ਪੌਲੁਸ ਨੇ ਮੈਨੂੰ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਬਾਰੇ ਕੁਝ ਦੱਸਿਆ ਹੈ?’ ਅਸੀਂ ਦੇਖਾਂਗੇ ਕਿ ਤਿਮੋਥਿਉਸ ਨੂੰ ਇਸ ਅਨਮੋਲ ਚਿੱਠੀ ਤੋਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲੇ ਅਤੇ ਹੋਰ ਵੀ ਬਹੁਤ ਅਹਿਮ ਗੱਲਾਂ ਪਤਾ ਲੱਗੀਆਂ। ਪਰ ਆਓ ਆਪਾਂ ਪਹਿਲਾਂ ਇਸ ਚਿੱਠੀ ਵਿਚ ਪਾਈਆਂ ਜਾਂਦੀਆਂ ਕੁਝ ਸਲਾਹਾਂ ’ਤੇ ਗੌਰ ਕਰੀਏ ਜੋ ਸਾਡੀ ਮਦਦ ਕਰ ਸਕਦੀਆਂ ਹਨ।
“ਮੈਂ . . . ਸਭ ਕੁਝ ਸਹਿ ਰਿਹਾ ਹਾਂ”
ਤਿਮੋਥਿਉਸ ਇਸ ਚਿੱਠੀ ਦੇ ਪਹਿਲੇ ਕੁਝ ਸ਼ਬਦ ਪੜ੍ਹ ਕੇ ਹੀ ਸਮਝ ਗਿਆ ਹੋਣਾ ਕਿ ਪੌਲੁਸ ਉਸ ਦੀ ਕਿੰਨੀ ਪਰਵਾਹ ਕਰਦਾ ਸੀ। ਪੌਲੁਸ ਨੇ ਉਸ ਨੂੰ ‘ਪਿਆਰਾ ਬੇਟਾ’ ਕਿਹਾ। (2 ਤਿਮੋ. 1:2) ਲਗਭਗ 65 ਈਸਵੀ ਵਿਚ ਤਿਮੋਥਿਉਸ ਨੂੰ ਇਹ ਚਿੱਠੀ ਮਿਲੀ। ਉਸ ਸਮੇਂ ਉਸ ਦੀ ਉਮਰ ਸ਼ਾਇਦ 30 ਤੋਂ ਜ਼ਿਆਦਾ ਸੀ ਅਤੇ ਉਹ ਇਕ ਤਜਰਬੇਕਾਰ ਬਜ਼ੁਰਗ ਸੀ। ਉਸ ਨੇ ਪੌਲੁਸ ਨਾਲ 10 ਤੋਂ ਜ਼ਿਆਦਾ ਸਾਲ ਕੰਮ ਕੀਤਾ ਅਤੇ ਉਸ ਤੋਂ ਬਹੁਤ ਕੁਝ ਸਿੱਖਿਆ ਸੀ।
ਤਿਮੋਥਿਉਸ ਨੂੰ ਇਸ ਗੱਲ ਤੋਂ ਬਹੁਤ ਹੌਸਲਾ ਮਿਲਿਆ ਹੋਣਾ ਕਿ ਪੌਲੁਸ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਸਹਿ ਰਿਹਾ ਸੀ। ਪੌਲੁਸ ਰੋਮ ਦੀ ਜੇਲ੍ਹ ਵਿਚ ਬੇੜੀਆਂ ਨਾਲ ਜਕੜਿਆ ਹੋਇਆ ਸੀ ਅਤੇ ਉਸ ਨੂੰ ਜਲਦੀ ਹੀ ਮਾਰ ਦਿੱਤਾ ਜਾਣਾ ਸੀ। (2 ਤਿਮੋ. 1:15, 16; 4:6-8) ਤਿਮੋਥਿਉਸ ਨੇ ਦੇਖਿਆ ਹੋਣਾ ਕਿ ਪੌਲੁਸ ਕਿੰਨਾ ਦਲੇਰ ਸੀ ਕਿਉਂਕਿ ਪੌਲੁਸ ਨੇ ਲਿਖਿਆ: “ਮੈਂ . . . ਸਭ ਕੁਝ ਸਹਿ ਰਿਹਾ ਹਾਂ।” (2 ਤਿਮੋ. 2:8-13) ਤਿਮੋਥਿਉਸ ਵਾਂਗ ਅਸੀਂ ਵੀ ਪੌਲੁਸ ਦੇ ਧੀਰਜ ਦੀ ਸ਼ਾਨਦਾਰ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
“ਦਾਤ ਨੂੰ ਅੱਗ ਵਾਂਗ ਬਲ਼ਦੀ ਰੱਖ”
ਪੌਲੁਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਮਿਲੀ ਆਪਣੀ ਦਾਤ ਨੂੰ ਅਨਮੋਲ ਸਮਝੇ। ਪੌਲੁਸ ਚਾਹੁੰਦਾ ਸੀ ਕਿ ਤਿਮੋਥਿਉਸ ਇਸ ‘ਦਾਤ ਨੂੰ ਅੱਗ ਵਾਂਗ ਬਲ਼ਦੀ ਰੱਖੇ।’ (2 ਤਿਮੋ. 1:6, ਫੁਟਨੋਟ) ਪੌਲੁਸ ਨੇ “ਦਾਤ” ਲਈ ਖਾਰਿਸਮਾ ਸ਼ਬਦ ਵਰਤਿਆ। ਇਹ ਯੂਨਾਨੀ ਸ਼ਬਦ ਉਸ ਮੁਫ਼ਤ ਦਾਤ ਲਈ ਵਰਤਿਆ ਜਾਂਦਾ ਹੈ ਜਿਸ ਦੇ ਯੋਗ ਨਹੀਂ ਬਣਿਆ ਜਾ ਸਕਦਾ। ਤਿਮੋਥਿਉਸ ਨੂੰ ਇਹ ਦਾਤ ਉਦੋਂ ਮਿਲੀ ਸੀ ਜਦੋਂ ਉਸ ਨੂੰ ਮੰਡਲੀ ਵਿਚ ਖ਼ਾਸ ਸੇਵਾ ਕਰਨ ਦਾ ਸਨਮਾਨ ਦਿੱਤਾ ਗਿਆ।—1 ਤਿਮੋ. 4:14.
ਪੌਲੁਸ ਨੇ ਤਿਮੋਥਿਉਸ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ? ਜਦੋਂ ਤਿਮੋਥਿਉਸ ਨੇ ਇਹ ਸ਼ਬਦ ਪੜ੍ਹੇ ਹੋਣੇ ਕਿ “ਦਾਤ ਨੂੰ ਅੱਗ ਵਾਂਗ ਬਲ਼ਦੀ ਰੱਖ,” ਤਾਂ ਸ਼ਾਇਦ ਉਸ ਨੇ ਉਸ ਵੇਲੇ ਘਰਾਂ ਵਿਚ ਬਾਲ਼ੀ ਜਾਂਦੀ ਅੱਗ ਬਾਰੇ ਸੋਚਿਆ ਹੋਣਾ ਜੋ
ਭਖਦੇ ਕੋਲਿਆਂ ਵਿਚ ਹੁੰਦੀ ਸੀ। ਅੱਗ ਬਲ਼ਦੀ ਰੱਖਣ ਅਤੇ ਹੋਰ ਸੇਕ ਪੈਦਾ ਕਰਨ ਲਈ ਕੋਲਿਆਂ ਨੂੰ ਝੱਲ ਮਾਰਨੀ ਪੈਂਦੀ ਸੀ। ਇਕ ਸ਼ਬਦ-ਕੋਸ਼ ਕਹਿੰਦਾ ਹੈ ਕਿ ਪੌਲੁਸ ਦੁਆਰਾ ਵਰਤੀ ਯੂਨਾਨੀ ਕਿਰਿਆ (ਆਨਾਜ਼ੋਪੀਰੀਓ) ਦਾ ਮਤਲਬ ਹੈ, “ਫਿਰ ਤੋਂ ਜਲਾਉਣਾ, ਦੁਬਾਰਾ ਬਾਲ਼ਣਾ ਜਾਂ ਅੱਗ ਬਲ਼ਦੀ ਰੱਖਣ ਲਈ ਝੱਲ ਮਾਰਨੀ।” ਸੋ ਇਸ ਦਾ ਮਤਲਬ ਹੈ ਕਿ “ਕੋਈ ਨਵਾਂ ਕੰਮ ਕਰਨ ਲਈ ਜੋਸ਼ ਨਾਲ ਭਰ ਜਾਣਾ।” ਅਸਲ ਵਿਚ, ਪੌਲੁਸ ਤਿਮੋਥਿਉਸ ਨੂੰ ਸਲਾਹ ਦੇ ਰਿਹਾ ਸੀ: ‘ਦਿਲ ਲਾ ਕੇ ਸੇਵਾ ਕਰ!’ ਅੱਜ ਸਾਨੂੰ ਵੀ ਜੋਸ਼ ਨਾਲ ਕੰਮ ਕਰਨ ਦੀ ਲੋੜ ਹੈ।“ਇਸ ਬਹੁਮੁੱਲੀ ਅਮਾਨਤ ਦੀ ਰਾਖੀ ਕਰ”
ਆਪਣੇ ਪਿਆਰੇ ਦੋਸਤ ਦੀ ਚਿੱਠੀ ਪੜ੍ਹਦੇ ਵੇਲੇ ਤਿਮੋਥਿਉਸ ਦਾ ਧਿਆਨ ਇਕ ਹੋਰ ਗੱਲ ’ਤੇ ਗਿਆ ਹੋਣਾ ਜਿਸ ਨੇ ਪ੍ਰਚਾਰ ਦਾ ਕੰਮ ਪੂਰਾ ਕਰਨ ਵਿਚ ਉਸ ਦੀ ਮਦਦ ਕਰਨੀ ਸੀ। ਪੌਲੁਸ ਨੇ ਲਿਖਿਆ: “ਸਾਡੇ ਵਿਚ ਵੱਸ ਰਹੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਸ ਬਹੁਮੁੱਲੀ ਅਮਾਨਤ ਦੀ ਰਾਖੀ ਕਰ।” (2 ਤਿਮੋ. 1:14) ਤਿਮੋਥਿਉਸ ਨੂੰ ਕਿਹੜੀ ਅਮਾਨਤ ਸੌਂਪੀ ਗਈ ਸੀ? ਪਿਛਲੀ ਆਇਤ ਵਿਚ ਪੌਲੁਸ ਨੇ “ਸਹੀ ਸਿੱਖਿਆਵਾਂ” ਦੀ ਗੱਲ ਕੀਤੀ ਸੀ ਜੋ ਬਾਈਬਲ ਵਿਚ ਪਾਈਆਂ ਜਾਂਦੀਆਂ ਹਨ। (2 ਤਿਮੋ. 1:13) ਮਸੀਹੀ ਸੇਵਕ ਵਜੋਂ, ਤਿਮੋਥਿਉਸ ਨੇ ਇਹ ਸੱਚਾਈ ਭੈਣਾਂ-ਭਰਾਵਾਂ ਅਤੇ ਲੋਕਾਂ ਨੂੰ ਦੱਸਣੀ ਸੀ। (2 ਤਿਮੋ. 4:1-5) ਨਾਲੇ ਤਿਮੋਥਿਉਸ ਨੂੰ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ ਸੀ। (1 ਪਤ. 5:2) ਤਿਮੋਥਿਉਸ ਯਹੋਵਾਹ ਦੀ ਪਵਿੱਤਰ ਸ਼ਕਤੀ ਅਤੇ ਉਸ ਦੇ ਬਚਨ ’ਤੇ ਭਰੋਸਾ ਰੱਖ ਕੇ ਹੀ ਆਪਣੀ ਅਮਾਨਤ ਯਾਨੀ ਸੱਚਾਈ ਦੀ ਰਾਖੀ ਕਰ ਸਕਦਾ ਸੀ।—2 ਤਿਮੋ. 3:14-17.
ਅੱਜ ਸਾਨੂੰ ਵੀ ਇਹੀ ਸੱਚਾਈ ਸੌਂਪੀ ਗਈ ਹੈ ਜੋ ਅਸੀਂ ਦੂਜਿਆਂ ਨੂੰ ਸਿਖਾਉਂਦੇ ਹਾਂ। (ਮੱਤੀ 28:19, 20) ਅਸੀਂ ਪ੍ਰਾਰਥਨਾ ਵਿਚ ਲੱਗੇ ਰਹਿ ਕੇ ਅਤੇ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਇਸ ਅਮਾਨਤ ਦੀ ਕਦਰ ਕਰਦੇ ਰਹਿ ਸਕਦੇ ਹਾਂ। (ਰੋਮੀ. 12:11, 12; 1 ਤਿਮੋ. 4:13, 15, 16) ਸਾਨੂੰ ਸ਼ਾਇਦ ਮੰਡਲੀ ਵਿਚ ਬਜ਼ੁਰਗ ਜਾਂ ਪੂਰੇ ਸਮੇਂ ਦੇ ਸੇਵਕ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਵੀ ਮਿਲੀ ਹੋਵੇ। ਅਜਿਹੀ ਅਮਾਨਤ ਮਿਲਣ ਕਰਕੇ ਸਾਨੂੰ ਨਿਮਰ ਬਣਨਾ ਅਤੇ ਯਹੋਵਾਹ ’ਤੇ ਨਿਰਭਰ ਰਹਿਣਾ ਚਾਹੀਦਾ ਹੈ। ਸੋ ਇਸ ਅਮਾਨਤ ਦੀ ਕਦਰ ਕਰ ਕੇ ਅਤੇ ਮਦਦ ਲਈ ਯਹੋਵਾਹ ’ਤੇ ਭਰੋਸਾ ਰੱਖ ਕੇ ਅਸੀਂ ਅਮਾਨਤ ਦੀ ਰਾਖੀ ਕਰ ਸਕਦੇ ਹਾਂ।
“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”
ਤਿਮੋਥਿਉਸ ਨੂੰ ਬਾਕੀਆਂ ਨੂੰ ਸਿਖਲਾਈ ਦੇਣ ਦੀ ਵੀ ਜ਼ਿੰਮੇਵਾਰੀ ਮਿਲੀ ਸੀ। ਇਸੇ ਕਰਕੇ ਪੌਲੁਸ ਨੇ ਤਿਮੋਥਿਉਸ ਨੂੰ ਬੇਨਤੀ ਕੀਤੀ: “ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਹਨ . . . ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ ਤਾਂਕਿ ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ।” (2 ਤਿਮੋ. 2:2) ਤਿਮੋਥਿਉਸ ਨੇ ਜਿਹੜੀਆਂ ਗੱਲਾਂ ਭਰਾਵਾਂ ਤੋਂ ਸਿੱਖੀਆਂ ਸਨ, ਉਹ ਉਸ ਨੇ ਹੋਰ ਭਰਾਵਾਂ ਨੂੰ ਵੀ ਸਿਖਾਉਣੀਆਂ ਸਨ। ਇਹ ਜ਼ਰੂਰੀ ਹੈ ਕਿ ਅੱਜ ਮੰਡਲੀ ਦਾ ਹਰ ਬਜ਼ੁਰਗ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੇ। ਜੇ ਇਕ ਬਜ਼ੁਰਗ ਕਿਸੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਨਾ ਜਾਣਦਾ ਹੈ, ਤਾਂ ਉਹ ਦੂਸਰੇ ਭਰਾਵਾਂ ਨਾਲ ਈਰਖਾ ਕਰਦਿਆਂ ਉਸ ਜਾਣਕਾਰੀ ਨੂੰ ਆਪਣੇ ਕੋਲ ਹੀ ਨਹੀਂ ਰੱਖਦਾ। ਇਸ ਦੀ ਬਜਾਇ, ਉਹ ਉਨ੍ਹਾਂ ਨੂੰ ਸਿਖਲਾਈ ਦਿੰਦਾ ਹੈ ਤਾਂਕਿ ਉਹ ਵੀ ਇਹ ਜ਼ਿੰਮੇਵਾਰੀ ਪੂਰੀ ਕਰ ਸਕਣ। ਉਸ ਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਉਸ ਨਾਲੋਂ ਜ਼ਿਆਦਾ ਜਾਣਕਾਰੀ ਹੋਣ ਕਰਕੇ ਜਾਂ ਵਧੀਆ ਕੰਮ ਕਰਨ ਕਰਕੇ ਸ਼ਾਇਦ ਦੂਜੇ ਭਰਾ ਉਸ ਤੋਂ ਅੱਗੇ ਨਿਕਲ ਜਾਣ। ਸੋ ਬਜ਼ੁਰਗ ਕਿਸੇ ਕੰਮ ਬਾਰੇ ਮਾੜੀ-ਮੋਟੀ ਹੀ ਸਿਖਲਾਈ ਨਹੀਂ ਦਿੰਦਾ। ਪਰ ਉਹ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂਕਿ ਉਹ ਸੱਚਾਈ ਵਿਚ ਹੋਰ ਤਰੱਕੀ ਕਰ ਸਕਣ। ਇਸ ਤਰ੍ਹਾਂ ਬਜ਼ੁਰਗ ਜਿਨ੍ਹਾਂ “ਵਫ਼ਾਦਾਰ ਭਰਾਵਾਂ” ਨੂੰ ਸਿਖਲਾਈ ਦਿੰਦੇ ਹਨ, ਉਹ ਮੰਡਲੀ ਦੀ ਹੋਰ ਵੀ ਮਦਦ ਕਰ ਸਕਣਗੇ।
ਬਿਨਾਂ ਸ਼ੱਕ, ਤਿਮੋਥਿਉਸ ਨੂੰ ਪੌਲੁਸ ਦੀ ਚਿੱਠੀ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਹੋਣੀ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਸ ਨੇ ਇਨ੍ਹਾਂ ਅਨਮੋਲ ਸਲਾਹਾਂ ਨੂੰ ਵਾਰ-ਵਾਰ ਪੜ੍ਹ ਕੇ ਸੋਚ-ਵਿਚਾਰ ਕੀਤਾ ਹੋਣਾ ਕਿ ਉਹ ਇਨ੍ਹਾਂ ਨੂੰ ਲਾਗੂ ਕਰ ਕੇ ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਸਕਦਾ ਸੀ।
ਅਸੀਂ ਵੀ ਇਨ੍ਹਾਂ ਸਲਾਹਾਂ ਨੂੰ ਦਿਲੋਂ ਮੰਨ ਸਕਦੇ ਹਾਂ। ਕਿਵੇਂ? ਅਸੀਂ ਆਪਣੀ ਦਾਤ ਨੂੰ ਅੱਗ ਵਾਂਗ ਬਲ਼ਦੀ ਰੱਖਣ, ਇਸ ਦੀ ਰਾਖੀ ਕਰਨ ਅਤੇ ਦੂਜਿਆਂ ਨੂੰ ਸਿਖਲਾਈ ਦੇਣ ਵਿਚ ਸਖ਼ਤ ਮਿਹਨਤ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਵੀ “ਸੇਵਾ ਦਾ ਆਪਣਾ ਕੰਮ ਪੂਰਾ ਕਰ” ਸਕਦੇ ਹਾਂ ਜੋ ਪੌਲੁਸ ਨੇ ਤਿਮੋਥਿਉਸ ਨੂੰ ਕਰਨ ਲਈ ਕਿਹਾ ਸੀ।—2 ਤਿਮੋ. 4:5.