ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:
ਯਾਕੂਬ 5:11 ਵਿਚ ਲਿਖਿਆ ਹੈ ਕਿ “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” ਇਸ ਦਾ ਕੀ ਮਤਲਬ ਹੈ?
ਯਹੋਵਾਹ ਦਇਆਵਾਨ ਹੈ। ਇਸ ਲਈ ਉਹ ਸਾਡੀਆਂ ਗ਼ਲਤੀਆਂ ਮਾਫ਼ ਕਰਦਾ ਹੈ। ਇਹੀ ਨਹੀਂ ਯਾਕੂਬ 5:11 ਵਿਚ ਸਾਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਹੈ ਕਿ ਜਦੋਂ ਯਹੋਵਾਹ ਸਾਡੇ ਦੁੱਖ ਦੇਖਦਾ ਹੈ, ਤਾਂ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ। ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ।—w21.01, ਸਫ਼ਾ 21.
ਯਹੋਵਾਹ ਨੇ ਮੁਖੀ ਦਾ ਪ੍ਰਬੰਧ ਕਿਉਂ ਕੀਤਾ ਹੈ?
ਆਪਣੇ ਪਰਿਵਾਰ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਮੁਖੀ ਦਾ ਪ੍ਰਬੰਧ ਕੀਤਾ ਹੈ। ਇਸ ਪ੍ਰਬੰਧ ਕਰਕੇ ਹੀ ਉਸ ਦੇ ਪਰਿਵਾਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਹਰ ਕੰਮ ਸਲੀਕੇ ਨਾਲ ਹੁੰਦਾ ਹੈ। ਨਾਲੇ ਹਰ ਪਰਿਵਾਰ ਦੇ ਮੈਂਬਰ ਨੂੰ ਪਤਾ ਹੁੰਦਾ ਹੈ ਕਿ ਪਰਿਵਾਰ ਦਾ ਧਿਆਨ ਕੌਣ ਰੱਖੇਗਾ ਅਤੇ ਫ਼ੈਸਲੇ ਕੌਣ ਕਰੇਗਾ।—w21.02, ਸਫ਼ਾ 3.
ਮਸੀਹੀਆਂ ਨੂੰ ਮੈਸਿਜ ਭੇਜਣ ਵਾਲੇ ਐਪ ਸੋਚ-ਸਮਝ ਕੇ ਕਿਉਂ ਵਰਤਣੇ ਚਾਹੀਦੇ ਹਨ?
ਮੈਸਿਜ ਭੇਜਣ ਵਾਲੇ ਐਪ ਵਰਤਦੇ ਵੇਲੇ ਇਕ ਵਿਅਕਤੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਲੋਕਾਂ ਨਾਲ ਦੋਸਤੀ ਕਰ ਰਿਹਾ ਹੈ। ਜੇ ਉਹ ਕਿਸੇ ਵੱਡੇ ਗਰੁੱਪ ਨਾਲ ਜੁੜਿਆ ਹੈ, ਤਾਂ ਸੋਚ-ਸਮਝ ਕੇ ਦੋਸਤੀ ਕਰਨੀ ਮੁਸ਼ਕਲ ਹੋ ਸਕਦੀ ਹੈ। (1 ਤਿਮੋ. 5:13) ਉਸ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੋਈ ਅਜਿਹੀ ਖ਼ਬਰ ਨਾ ਫੈਲਾਵੇ ਜਿਸ ਦੇ ਸੱਚ ਹੋਣ ਦਾ ਕੋਈ ਸਬੂਤ ਨਹੀਂ ਹੈ। ਉਸ ਨੂੰ ਕਦੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਸਮਝਣਾ ਚਾਹੀਦਾ।—w21.03, ਸਫ਼ਾ 31.
ਯਹੋਵਾਹ ਨੇ ਯਿਸੂ ਨੂੰ ਇੰਨੀ ਦਰਦਨਾਕ ਮੌਤ ਕਿਉਂ ਮਰਨ ਦਿੱਤਾ?
ਪਹਿਲਾ ਕਾਰਨ, ਯਿਸੂ ਨੂੰ ਤਸੀਹੇ ਦੀ ਸੂਲ਼ੀ ’ਤੇ ਇਸ ਲਈ ਟੰਗਿਆ ਗਿਆ ਤਾਂਕਿ ਯਹੂਦੀ ਸਰਾਪ ਤੋਂ ਮੁਕਤ ਹੋ ਸਕਣ। (ਗਲਾ. 3:10, 13) ਦੂਜਾ ਕਾਰਨ, ਯਹੋਵਾਹ ਆਪਣੇ ਪੁੱਤਰ ਯਿਸੂ ਨੂੰ ਮਹਾਂ ਪੁਜਾਰੀ ਬਣਨ ਦੀ ਸਿਖਲਾਈ ਦੇ ਰਿਹਾ ਸੀ। ਤੀਜਾ ਕਾਰਨ, ਯਿਸੂ ਨੇ ਮੌਤ ਤਕ ਵਫ਼ਾਦਾਰ ਰਹਿ ਕਿ ਸਾਬਤ ਕੀਤਾ ਕਿ ਇਨਸਾਨ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦਾ ਹੈ। (ਅੱਯੂ. 1:9-11)—w21.04, ਸਫ਼ੇ 16-17.
ਜੇ ਲੋਕ ਘਰ ਨਹੀਂ ਵੀ ਮਿਲਦੇ, ਤਾਂ ਵੀ ਅਸੀਂ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?
ਅਸੀਂ ਕਿਸੇ ਹੋਰ ਸਮੇਂ ’ਤੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਦੋਂ ਉਹ ਘਰ ਹੁੰਦੇ ਹਨ। ਨਾਲੇ ਅਸੀਂ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰ ਸਕਦੇ ਹਾਂ ਅਤੇ ਕਿਸੇ ਹੋਰ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਜਿਵੇਂ ਕਿ ਚਿੱਠੀਆਂ ਲਿਖ ਕੇ।—w21.05, ਸਫ਼ੇ 15-16.
ਪੌਲੁਸ ਰਸੂਲ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਕਾਨੂੰਨ ’ਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ”? (ਗਲਾ. 2:19)
ਮੂਸਾ ਦੇ ਕਾਨੂੰਨ ਨੇ ਇਨਸਾਨਾਂ ਨੂੰ ਅਹਿਸਾਸ ਕਰਾਇਆ ਕਿ ਉਹ ਪਾਪੀ ਹਨ ਅਤੇ ਇਹ ਕਾਨੂੰਨ ਇਜ਼ਰਾਈਲੀਆਂ ਨੂੰ ਮਸੀਹ ਕੋਲ ਲੈ ਗਿਆ। (ਗਲਾ. 3:19, 24) ਇਸੇ ਕਾਨੂੰਨ ਕਰਕੇ ਪੌਲੁਸ ਨੇ ਮਸੀਹ ’ਤੇ ਨਿਹਚਾ ਕੀਤੀ। ਇਸ ਤਰ੍ਹਾਂ ਉਹ ‘ਕਾਨੂੰਨ ’ਤੇ ਚੱਲ ਕੇ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ’ ਚੁੱਕਾ ਸੀ ਯਾਨੀ ਕਾਨੂੰਨ ਦਾ ਪੌਲੁਸ ’ਤੇ ਕੋਈ ਜ਼ੋਰ ਨਹੀਂ ਰਹਿ ਗਿਆ ਸੀ।—w21.06, ਸਫ਼ਾ 31.
ਯਹੋਵਾਹ ਧੀਰਜ ਰੱਖਣ ਦੀ ਸਭ ਤੋਂ ਵਧੀਆ ਮਿਸਾਲ ਕਿਉਂ ਹੈ?
ਯਹੋਵਾਹ ਕਾਫ਼ੀ ਕੁਝ ਬਰਦਾਸ਼ਤ ਕਰ ਰਿਹਾ ਹੈ, ਜਿਵੇਂ ਕਿ ਉਸ ਦੇ ਨਾਂ ’ਤੇ ਲੱਗਾ ਕਲੰਕ, ਉਸ ਦੀ ਹਕੂਮਤ ਦਾ ਵਿਰੋਧ, ਉਸ ਦੇ ਕੁਝ ਬੱਚਿਆਂ ਦੀ ਬਗਾਵਤ, ਸ਼ੈਤਾਨ ਦੇ ਝੂਠੇ ਇਲਜ਼ਾਮ, ਉਸ ਦੇ ਪਿਆਰੇ ਸੇਵਕਾਂ ਦੀਆਂ ਦੁੱਖ-ਤਕਲੀਫ਼ਾਂ, ਆਪਣੇ ਦੋਸਤਾਂ ਤੋਂ ਵਿਛੜਨ ਦਾ ਗਮ, ਦੁਸ਼ਟ ਲੋਕਾਂ ਦਾ ਅਤਿਆਚਾਰ ਅਤੇ ਧਰਤੀ ਦੀ ਤਬਾਹੀ।—w21.07, ਸਫ਼ੇ 9-12.
ਯੂਸੁਫ਼ ਧੀਰਜ ਰੱਖਣ ਬਾਰੇ ਇਕ ਚੰਗੀ ਮਿਸਾਲ ਕਿਉਂ ਹੈ?
ਉਸ ਦੇ ਭਰਾਵਾਂ ਨੇ ਉਸ ਨਾਲ ਬੇਇਨਸਾਫ਼ੀ ਕੀਤੀ। ਇਸ ਕਰਕੇ ਉਸ ’ਤੇ ਝੂਠਾ ਦੋਸ਼ ਲਗਾਇਆ ਗਿਆ ਅਤੇ ਉਸ ਨੂੰ ਕਈ ਸਾਲਾਂ ਤਕ ਮਿਸਰ ਵਿਚ ਕੈਦ ਰਹਿਣਾ ਪਿਆ।—w21.08, ਸਫ਼ਾ 12.
ਹੱਜਈ 2:6-9, 20-22 ਮੁਤਾਬਕ ਕੌਮਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਹਿਲਾਇਆ ਜਾਵੇਗਾ?
ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਕਰਕੇ ਕਈ ਕੌਮਾਂ ਗੁੱਸੇ ਵਿਚ ਹਨ, ਫਿਰ ਵੀ ਬਹੁਤ ਸਾਰੇ ਲੋਕ ਸੱਚਾਈ ਵਿਚ ਆ ਰਹੇ ਹਨ। ਬਹੁਤ ਜਲਦ ਸਾਰੀਆਂ ਕੌਮਾਂ ਨੂੰ ਹਿਲਾਇਆ ਜਾਵੇਗਾ ਯਾਨੀ ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—w21.09, ਸਫ਼ੇ 15-19.
ਸਾਨੂੰ ਪ੍ਰਚਾਰ ਕਰਦਿਆਂ ਹਿੰਮਤ ਕਿਉਂ ਨਹੀਂ ਹਾਰਨੀ ਚਾਹੀਦੀ?
ਯਹੋਵਾਹ ਸਾਡੀ ਮਿਹਨਤ ਦੇਖਦਾ ਹੈ ਅਤੇ ਉਹ ਖ਼ੁਸ਼ ਹੁੰਦਾ ਹੈ। ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ।—w21.10, ਸਫ਼ੇ 25-26.
ਲੇਵੀਆਂ 19 ਸਾਡੀ ਇਹ ਸਲਾਹ ਮੰਨਣ ਵਿਚ ਕਿਵੇਂ ਮਦਦ ਕਰਦਾ ਹੈ: “ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ”? (1 ਪਤ. 1:15)
ਇਸ ਆਇਤ ਦੇ ਸ਼ਬਦ ਸ਼ਾਇਦ ਲੇਵੀਆਂ 19:2 ਤੋਂ ਲਏ ਗਏ ਹਨ। ਅਧਿਆਇ 19 ਵਿਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ਨੂੰ ਮੰਨ ਕੇ ਅਸੀਂ ਹਰ ਰੋਜ਼ 1 ਪਤਰਸ 1:15 ਦੀ ਸਲਾਹ ਲਾਗੂ ਕਰ ਸਕਦੇ ਹਾਂ।—w21.12, ਸਫ਼ੇ 3-4.