ਅਧਿਐਨ ਲੇਖ 9
ਪੁਰਾਣੇ ਇਜ਼ਰਾਈਲ ਵਿਚ ਪਿਆਰ ਅਤੇ ਨਿਆਂ
“ਉਹ ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ, ਯਹੋਵਾਹ ਦੀ ਦਯਾ ਨਾਲ ਧਰਤੀ ਭਰਪੂਰ ਹੈ।”—ਜ਼ਬੂ. 33:5.
ਗੀਤ 23 ਯਹੋਵਾਹ ਸਾਡਾ ਬਲ
ਖ਼ਾਸ ਗੱਲਾਂ *
1-2. (ੳ) ਅਸੀਂ ਸਾਰੇ ਕੀ ਚਾਹੁੰਦੇ ਹਾਂ? (ਅ) ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਨੂੰ ਪਿਆਰ ਕਰਨ ਅਤੇ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ। ਪਰ ਜਦੋਂ ਸਾਡੇ ਨਾਲ ਵਾਰ-ਵਾਰ ਬੇਇਨਸਾਫ਼ੀ ਹੁੰਦੀ ਹੈ ਅਤੇ ਸਾਨੂੰ ਪਿਆਰ ਨਹੀਂ ਕੀਤਾ ਜਾਂਦਾ, ਤਾਂ ਅਸੀਂ ਸ਼ਾਇਦ ਬੇਕਾਰ ਅਤੇ ਨਿਰਾਸ਼ ਮਹਿਸੂਸ ਕਰੀਏ।
2 ਯਹੋਵਾਹ ਜਾਣਦਾ ਹੈ ਕਿ ਅਸੀਂ ਪਿਆਰ ਤੇ ਨਿਆਂ ਪਾਉਣਾ ਚਾਹੁੰਦੇ ਹਾਂ। (ਜ਼ਬੂ. 33:5) ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਇਆ ਜਾਵੇ। ਸਾਨੂੰ ਇਸ ਗੱਲ ਦਾ ਸਬੂਤ ਮੂਸਾ ਦੁਆਰਾ ਇਜ਼ਰਾਈਲ ਕੌਮ ਨੂੰ ਦਿੱਤੇ ਯਹੋਵਾਹ ਦੇ ਕਾਨੂੰਨਾਂ ਦੀ ਧਿਆਨ ਨਾਲ ਜਾਂਚ ਕਰ ਕੇ ਮਿਲਦਾ ਹੈ। ਜੇ ਤੁਸੀਂ ਕਿਸੇ ਵੱਲੋਂ ਪਿਆਰ ਨਾ ਦਿਖਾਏ ਜਾਣ ’ਤੇ ਜਾਂ ਬੇਇਨਸਾਫ਼ੀ ਹੋਣ ’ਤੇ ਨਿਰਾਸ਼ ਹੋ, ਤਾਂ ਸੋਚ-ਵਿਚਾਰ ਕਰੋ ਕਿ ਮੂਸਾ ਦੇ ਕਾਨੂੰਨ * ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ।
3. (ੳ) ਰੋਮੀਆਂ 13:8-10 ਅਨੁਸਾਰ ਮੂਸਾ ਦੇ ਕਾਨੂੰਨ ਦਾ ਅਧਿਐਨ ਕਰ ਕੇ ਅਸੀਂ ਕੀ ਸਿੱਖਦੇ ਹਾਂ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?
3 ਮੂਸਾ ਦੇ ਕਾਨੂੰਨ ਦਾ ਅਧਿਐਨ ਕਰ ਕੇ ਸਾਨੂੰ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਦੀਆਂ ਗਹਿਰੀਆਂ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ। (ਰੋਮੀਆਂ 13:8-10 ਪੜ੍ਹੋ।) ਇਸ ਲੇਖ ਵਿਚ ਅਸੀਂ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨਾਂ ਵਿੱਚੋਂ ਕੁਝ ਕਾਨੂੰਨਾਂ ਦੀ ਜਾਂਚ ਕਰਾਂਗੇ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ: ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਹ ਕਾਨੂੰਨ ਪਿਆਰ ’ਤੇ ਆਧਾਰਿਤ ਸੀ? ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਸ ਕਾਨੂੰਨ ਤੋਂ ਲੋਕਾਂ ਨੂੰ ਨਿਆਂ ਕਰਨ ਦੀ ਹੱਲਾਸ਼ੇਰੀ ਮਿਲਦੀ ਸੀ? ਅਧਿਕਾਰ ਰੱਖਣ ਵਾਲਿਆਂ ਨੇ ਇਸ ਕਾਨੂੰਨ ਨੂੰ ਕਿਵੇਂ ਲਾਗੂ ਕਰਨਾ ਸੀ? ਇਸ ਕਾਨੂੰਨ ਨਾਲ ਕਿਨ੍ਹਾਂ ਲੋਕਾਂ ਦੀ ਰਾਖੀ ਹੁੰਦੀ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਸਾਨੂੰ ਦਿਲਾਸਾ ਤੇ ਉਮੀਦ ਮਿਲ ਸਕਦੀ ਹੈ ਅਤੇ ਅਸੀਂ ਆਪਣੇ ਪਿਆਰੇ ਪਿਤਾ ਦੇ ਹੋਰ ਨੇੜੇ ਜਾ ਸਕਦੇ ਹਾਂ।—ਰਸੂ. 17:27; ਰੋਮੀ. 15:4.
ਮੂਸਾ ਦਾ ਕਾਨੂੰਨ ਪਿਆਰ ’ਤੇ ਆਧਾਰਿਤ
4. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੂਸਾ ਦਾ ਕਾਨੂੰਨ ਪਿਆਰ ’ਤੇ ਆਧਾਰਿਤ ਸੀ? (ਅ) ਮੱਤੀ 22:36-40 ਅਨੁਸਾਰ ਯਿਸੂ ਨੇ ਕਿਹੜੇ ਹੁਕਮਾਂ ’ਤੇ ਜ਼ੋਰ ਦਿੱਤਾ?
4 ਅਸੀਂ ਕਹਿ ਸਕਦੇ ਹਾਂ ਕਿ ਮੂਸਾ ਦਾ ਕਾਨੂੰਨ ਪਿਆਰ ’ਤੇ ਆਧਾਰਿਤ ਸੀ ਕਿਉਂਕਿ ਪਿਆਰ ਹੀ ਯਹੋਵਾਹ ਨੂੰ ਹਰ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। (1 ਯੂਹੰ. 4:8) ਮੂਸਾ ਦਾ ਕਾਨੂੰਨ ਦੋ ਬੁਨਿਆਦੀ ਹੁਕਮਾਂ ’ਤੇ ਆਧਾਰਿਤ ਸੀ, ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ। (ਲੇਵੀ. 19:18; ਬਿਵ. 6:5; ਮੱਤੀ 22:36-40 ਪੜ੍ਹੋ।) ਇਸ ਲਈ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਮੂਸਾ ਦੇ ਕਾਨੂੰਨ ਵਿਚ ਦਿੱਤੇ 600 ਤੋਂ ਜ਼ਿਆਦਾ ਹੁਕਮ ਸਾਨੂੰ ਯਹੋਵਾਹ ਦੇ ਪਿਆਰ ਬਾਰੇ ਕੁਝ-ਨਾ-ਕੁਝ ਸਿਖਾਉਂਦੇ ਹਨ। ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ।
5-6. ਯਹੋਵਾਹ ਵਿਆਹੁਤਾ ਜੋੜਿਆਂ ਤੋਂ ਕੀ ਚਾਹੁੰਦਾ ਹੈ ਅਤੇ ਯਹੋਵਾਹ ਕਿਹੜੀ ਗੱਲ ਚੰਗੀ ਤਰ੍ਹਾਂ ਜਾਣਦਾ ਹੈ? ਇਕ ਮਿਸਾਲ ਦਿਓ।
5 ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹੋ ਅਤੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰੋ। ਯਹੋਵਾਹ ਚਾਹੁੰਦਾ ਹੈ ਕਿ ਵਿਆਹੇ ਜੋੜੇ ਇਕ-ਦੂਜੇ ਨੂੰ ਇੰਨਾ ਪਿਆਰ ਕਰਨ ਕਿ ਇਹ ਪਿਆਰ ਉਮਰ ਭਰ ਰਹੇ। (ਉਤ. 2:24; ਮੱਤੀ 19:3-6) ਹਰਾਮਕਾਰੀ ਸਭ ਤੋਂ ਘਿਣਾਉਣੇ ਅਪਰਾਧਾਂ ਵਿੱਚੋਂ ਇਕ ਹੈ। ਇਸ ਕਰਕੇ ਦਸ ਹੁਕਮਾਂ ਵਿੱਚੋਂ ਸੱਤਵੇਂ ਵਿਚ ਹਰਾਮਕਾਰੀ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। (ਬਿਵ. 5:18) ਇਹ “ਪਰਮੇਸ਼ੁਰ ਦੇ ਵਿਰੁੱਧ” ਪਾਪ ਹੈ ਅਤੇ ਜੀਵਨ ਸਾਥੀ ਖ਼ਿਲਾਫ਼ ਘਿਣਾਉਣਾ ਅਪਰਾਧ ਹੈ। (ਉਤ. 39:7-9) ਬੇਕਸੂਰ ਸਾਥੀ ਸ਼ਾਇਦ ਬੇਵਫ਼ਾਈ ਦੀ ਪੀੜ ਸਾਲਾਂ ਤਕ ਝੱਲੇ।
6 ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਆਹੁਤਾ ਸਾਥੀ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਪਰਮੇਸ਼ੁਰ ਖ਼ਾਸ ਕਰਕੇ ਚਾਹੁੰਦਾ ਸੀ ਕਿ ਇਜ਼ਰਾਈਲੀ ਆਪਣੀਆਂ ਪਤਨੀਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ। ਕਾਨੂੰਨ ਦਾ ਆਦਰ ਕਰਨ ਵਾਲੇ ਪਤੀ ਨੇ ਆਪਣੀ ਪਤਨੀ ਨਾਲ ਪਿਆਰ ਕਰਨਾ ਸੀ ਅਤੇ ਉਸ ਨੂੰ ਮਾੜੀਆਂ-ਮੋਟੀਆਂ ਗੱਲਾਂ ਕਰਕੇ ਤਲਾਕ ਨਹੀਂ ਦੇਣਾ ਸੀ। (ਬਿਵ. 24:1-4; ਮੱਤੀ 19:3, 8) ਪਰ ਜੇ ਕੋਈ ਗੰਭੀਰ ਸਮੱਸਿਆ ਖੜ੍ਹੀ ਹੋਣ ’ਤੇ ਉਹ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਸੀ, ਤਾਂ ਉਸ ਨੂੰ ਤਲਾਕਨਾਮਾ ਲਿਖ ਕੇ ਦੇਣਾ ਪੈਂਦਾ ਸੀ। ਇਸ ਤਲਾਕਨਾਮੇ ਕਰਕੇ ਔਰਤ ਬਦਚਲਣੀ ਦੇ ਦੋਸ਼ ਤੋਂ ਬਚਦੀ ਸੀ। ਨਾਲੇ ਆਪਣੀ ਪਤਨੀ ਨੂੰ ਤਲਾਕਨਾਮਾ ਲਿਖ ਕੇ ਦੇਣ ਤੋਂ ਪਹਿਲਾਂ ਪਤੀ ਨੂੰ ਸ਼ਹਿਰ ਦੇ ਬਜ਼ੁਰਗਾਂ ਨੂੰ ਮਿਲਣਾ ਪੈਂਦਾ ਸੀ। ਇਸ ਕਰਕੇ ਬਜ਼ੁਰਗਾਂ ਕੋਲ ਮੌਕਾ ਹੁੰਦਾ ਸੀ ਕਿ ਉਹ ਜੋੜੇ ਦੇ ਵਿਆਹੁਤਾ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕਣ। ਜਦੋਂ ਇਕ ਇਜ਼ਰਾਈਲੀ ਸੁਆਰਥੀ ਕਾਰਨਾਂ ਕਰਕੇ ਆਪਣੀ ਪਤਨੀ ਨੂੰ ਤਲਾਕ ਦਿੰਦਾ ਸੀ, ਤਾਂ ਯਹੋਵਾਹ ਹਮੇਸ਼ਾ ਦਖ਼ਲਅੰਦਾਜ਼ੀ ਨਹੀਂ ਕਰਦਾ ਸੀ। ਪਰ ਉਹ ਉਸ ਔਰਤ ਦੇ ਹੰਝੂਆਂ ਨੂੰ ਦੇਖਦਾ ਸੀ ਅਤੇ ਉਸ ਦੀ ਪੀੜ ਨੂੰ ਮਹਿਸੂਸ ਕਰਦਾ ਸੀ।—ਮਲਾ. 2:13-16.
7-8. (ੳ) ਯਹੋਵਾਹ ਨੇ ਮਾਪਿਆਂ ਨੂੰ ਕਿਹੜਾ ਹੁਕਮ ਦਿੱਤਾ ਸੀ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।) (ਅ) ਅਸੀਂ ਕਿਹੜੇ ਸਬਕ ਸਿੱਖਦੇ ਹਾਂ?
7 ਕਾਨੂੰਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਬੱਚੇ ਖ਼ੁਸ਼ ਅਤੇ ਸੁਰੱਖਿਅਤ ਰਹਿਣ। ਯਹੋਵਾਹ ਨੇ ਮਾਪਿਆਂ ਨੂੰ ਬੱਚਿਆਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦਾ ਹੀ ਨਹੀਂ, ਸਗੋਂ ਉਨ੍ਹਾਂ ਦਾ ਪਰਮੇਸ਼ੁਰ ਨਾਲ ਵਧੀਆ ਰਿਸ਼ਤਾ ਬਣਾਉਣ ਦਾ ਵੀ ਹੁਕਮ ਦਿੱਤਾ ਸੀ। ਮਾਪਿਆਂ ਨੇ ਹਰ ਮੌਕੇ ’ਤੇ ਆਪਣੇ ਬੱਚਿਆਂ ਦੀ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੇ ਕਾਨੂੰਨ ਨੂੰ ਸਮਝਣ ਵਿਚ ਮਦਦ ਕਰਨੀ ਸੀ। (ਬਿਵ. 6:6-9; 7:13) ਯਹੋਵਾਹ ਦਾ ਇਜ਼ਰਾਈਲੀਆਂ ਨੂੰ ਸਜ਼ਾ ਦੇਣ ਦਾ ਇਕ ਕਾਰਨ ਇਹ ਸੀ ਕਿ ਉਨ੍ਹਾਂ ਨੇ ਆਪਣੇ ਕੁਝ ਬੱਚਿਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਸੀ। (ਯਿਰ. 7:31, 33) ਮਾਪਿਆਂ ਨੇ ਆਪਣੇ ਬੱਚਿਆਂ ਪ੍ਰਤੀ ਇਹ ਸੋਚ ਨਹੀਂ ਸੀ ਰੱਖਣੀ ਕਿ ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਸਨ ਜਾਂ ਉਨ੍ਹਾਂ ਨਾਲ ਬੁਰਾ ਸਲੂਕ ਕਰ ਸਕਦੇ ਸਨ, ਪਰ ਉਨ੍ਹਾਂ ਨੇ ਬੱਚਿਆਂ ਨੂੰ ਯਹੋਵਾਹ ਵੱਲੋਂ ਮਿਲੀ ਇਕ ਮਿਰਾਸ ਅਤੇ ਤੋਹਫ਼ਾ ਸਮਝ ਕੇ ਉਨ੍ਹਾਂ ਦੀ ਕਦਰ ਕਰਨੀ ਸੀ।—ਜ਼ਬੂ. 127:3.
8 ਸਬਕ: ਯਹੋਵਾਹ ਧਿਆਨ ਨਾਲ ਦੇਖਦਾ ਹੈ ਕਿ ਵਿਆਹੁਤਾ ਜੋੜੇ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਉਹ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਨ। ਬੱਚਿਆਂ ਨਾਲ ਬੁਰਾ ਸਲੂਕ ਕਰਨ ਵਾਲੇ ਮਾਪਿਆਂ ਦਾ ਪਰਮੇਸ਼ੁਰ ਨਿਆਂ ਕਰੇਗਾ।
9-11. ਯਹੋਵਾਹ ਨੇ ਲਾਲਚ ਨਾ ਕਰਨ ਦਾ ਕਾਨੂੰਨ ਕਿਉਂ ਦਿੱਤਾ ਸੀ?
9 ਲਾਲਚ ਨਾ ਕਰੋ। ਦਸਵੇਂ ਹੁਕਮ ਵਿਚ ਕਿਹਾ ਗਿਆ ਸੀ ਕਿ ਇਜ਼ਰਾਈਲੀਆਂ ਨੇ ਕਿਸੇ ਹੋਰ ਵਿਅਕਤੀ ਦੀ ਕਿਸੇ ਬਿਵ. 5:21; ਰੋਮੀ. 7:7) ਯਹੋਵਾਹ ਨੇ ਆਪਣੇ ਲੋਕਾਂ ਨੂੰ ਅਹਿਮ ਸਬਕ ਸਿਖਾਉਣ ਲਈ ਇਹ ਕਾਨੂੰਨ ਦਿੱਤਾ ਸੀ ਕਿ ਉਹ ਆਪਣੇ ਦਿਲ ਦੀ ਯਾਨੀ ਆਪਣੀਆਂ ਸੋਚਾਂ ਅਤੇ ਭਾਵਨਾਵਾਂ ਦੀ ਰਾਖੀ ਕਰਨ। ਪਰਮੇਸ਼ੁਰ ਜਾਣਦਾ ਹੈ ਕਿ ਬੁਰੇ ਕੰਮਾਂ ਦੀ ਸ਼ੁਰੂਆਤ ਬੁਰੀਆਂ ਸੋਚਾਂ ਅਤੇ ਭਾਵਨਾਵਾਂ ਕਰਕੇ ਹੁੰਦੀ ਹੈ। (ਕਹਾ. 4:23) ਜੇ ਕੋਈ ਇਜ਼ਰਾਈਲੀ ਆਪਣੇ ਦਿਲ ਵਿਚ ਗ਼ਲਤ ਇੱਛਾਵਾਂ ਪਲ਼ਣ ਦਿੰਦਾ ਸੀ, ਤਾਂ ਸੰਭਵ ਹੈ ਕਿ ਉਸ ਨੇ ਦੂਜਿਆਂ ਨਾਲ ਗ਼ਲਤ ਤਰੀਕੇ ਨਾਲ ਪੇਸ਼ ਆਉਣ ਲੱਗ ਪੈਣਾ ਸੀ। ਮਿਸਾਲ ਲਈ, ਰਾਜਾ ਦਾਊਦ ਨੇ ਇਹੀ ਗ਼ਲਤੀ ਕੀਤੀ। ਵੈਸੇ ਤਾਂ ਉਹ ਇਕ ਚੰਗਾ ਇਨਸਾਨ ਸੀ। ਪਰ ਇਕ ਸਮੇਂ ’ਤੇ ਉਸ ਨੇ ਕਿਸੇ ਦੀ ਪਤਨੀ ਦਾ ਲਾਲਚ ਕੀਤਾ। ਉਹ ਆਪਣੀ ਗ਼ਲਤ ਇੱਛਾ ਕਰਕੇ ਪਾਪ ਕਰ ਬੈਠਾ। (ਯਾਕੂ. 1:14, 15) ਦਾਊਦ ਨੇ ਹਰਾਮਕਾਰੀ ਕੀਤੀ, ਉਸ ਔਰਤ ਦੇ ਪਤੀ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਦੇ ਪਤੀ ਦਾ ਕਤਲ ਕਰਵਾ ਦਿੱਤਾ।—2 ਸਮੂ. 11:2-4; 12:7-11.
ਵੀ ਚੀਜ਼ ਦਾ ਲਾਲਚ ਨਹੀਂ ਕਰਨਾ ਸੀ। (10 ਜਦੋਂ ਕੋਈ ਇਜ਼ਰਾਈਲੀ ਲਾਲਚ ਸੰਬੰਧੀ ਕਾਨੂੰਨ ਤੋੜਦਾ ਸੀ, ਤਾਂ ਯਹੋਵਾਹ ਨੂੰ ਪਤਾ ਹੁੰਦਾ ਸੀ ਕਿਉਂਕਿ ਉਹ ਇਨਸਾਨਾਂ ਦੇ ਦਿਲ ਪੜ੍ਹ ਸਕਦਾ ਹੈ। (1 ਇਤ. 28:9) ਲਾਲਚ ਸੰਬੰਧੀ ਕਾਨੂੰਨ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਅਜਿਹੀਆਂ ਸੋਚਾਂ ਤੋਂ ਬਚਣਾ ਚਾਹੀਦਾ ਸੀ ਜਿਨ੍ਹਾਂ ਕਰਕੇ ਉਹ ਗ਼ਲਤ ਕੰਮ ਕਰ ਸਕਦੇ ਸਨ। ਯਹੋਵਾਹ ਕਿੰਨਾ ਹੀ ਬੁੱਧੀਮਾਨ ਤੇ ਪਿਆਰਾ ਪਿਤਾ ਹੈ!
11 ਸਬਕ: ਯਹੋਵਾਹ ਇਨਸਾਨ ਦਾ ਬਾਹਰੀ ਰੂਪ ਨਹੀਂ ਦੇਖਦਾ। ਉਹ ਦੇਖਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। (1 ਸਮੂ. 16:7) ਕੋਈ ਵੀ ਸੋਚ, ਭਾਵਨਾ ਜਾਂ ਕੰਮ ਉਸ ਤੋਂ ਲੁਕਾਇਆ ਨਹੀਂ ਜਾ ਸਕਦਾ। ਪਰਮੇਸ਼ੁਰ ਸਾਡੇ ਵਿਚ ਚੰਗੇ ਗੁਣ ਦੇਖਦਾ ਹੈ ਅਤੇ ਸਾਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਬੁਰਾ ਕੰਮ ਕਰਨ ਤੋਂ ਪਹਿਲਾਂ ਹੀ ਅਸੀਂ ਆਪਣੀਆਂ ਗ਼ਲਤ ਸੋਚਾਂ ਨੂੰ ਪਛਾਣੀਏ ਅਤੇ ਇਨ੍ਹਾਂ ’ਤੇ ਕਾਬੂ ਪਾਈਏ।—2 ਇਤ. 16:9; ਮੱਤੀ 5:27-30.
ਇਕ ਕਾਨੂੰਨ ਜਿਹੜਾ ਨਿਆਂ ਕਰਨ ਲਈ ਪ੍ਰੇਰਦਾ ਸੀ
12. ਮੂਸਾ ਦੇ ਕਾਨੂੰਨ ਤੋਂ ਅਸੀਂ ਹੋਰ ਕੀ ਸਿੱਖਦੇ ਹਾਂ?
12 ਮੂਸਾ ਦੇ ਕਾਨੂੰਨ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਯਹੋਵਾਹ ਨਿਆਂ ਨੂੰ ਪਿਆਰ ਕਰਦਾ ਹੈ। (ਜ਼ਬੂ. 37:28; ਯਸਾ. 61:8) ਦੂਜਿਆਂ ਨਾਲ ਸਹੀ ਢੰਗ ਨਾਲ ਪੇਸ਼ ਆਉਣ ਸੰਬੰਧੀ ਪਰਮੇਸ਼ੁਰ ਨੇ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਰੱਖੀ। ਜਦੋਂ ਇਜ਼ਰਾਈਲੀ ਯਹੋਵਾਹ ਦੇ ਦਿੱਤੇ ਕਾਨੂੰਨ ਦੀ ਪਾਲਣਾ ਕਰਦੇ ਸੀ, ਤਾਂ ਉਨ੍ਹਾਂ ਨੂੰ ਬਰਕਤਾਂ ਮਿਲਦੀਆਂ ਸਨ। ਜਦੋਂ ਉਹ ਉਸ ਦੇ ਧਰਮੀ ਮਿਆਰਾਂ ਨੂੰ ਨਜ਼ਰਅੰਦਾਜ਼ ਕਰਦੇ ਸਨ, ਤਾਂ ਉਹ ਦੁੱਖ ਭੋਗਦੇ ਸਨ। ਦਸ ਹੁਕਮਾਂ ਵਿੱਚੋਂ ਦੋ ਹੋਰ ਹੁਕਮਾਂ ’ਤੇ ਗੌਰ ਕਰੋ।
13-14. ਦਸ ਹੁਕਮਾਂ ਵਿੱਚੋਂ ਪਹਿਲੇ ਦੋ ਹੁਕਮਾਂ ਵਿਚ ਕੀ ਮੰਗ ਕੀਤੀ ਗਈ ਸੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਮੰਨਣ ਨਾਲ ਇਜ਼ਰਾਈਲੀਆਂ ਨੂੰ ਕਿਵੇਂ ਫ਼ਾਇਦਾ ਹੋਇਆ?
13 ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੋ। ਦਸ ਹੁਕਮਾਂ ਵਿੱਚੋਂ ਪਹਿਲੇ ਦੋ ਹੁਕਮਾਂ ਵਿਚ ਮੰਗ ਕੀਤੀ ਗਈ ਸੀ ਕਿ ਉਹ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨ ਅਤੇ ਮੂਰਤੀ-ਪੂਜਾ ਤੋਂ ਦੂਰ ਰਹਿਣ। (ਕੂਚ 20:3-6) ਇਹ ਹੁਕਮ ਯਹੋਵਾਹ ਦੇ ਫ਼ਾਇਦੇ ਲਈ ਨਹੀਂ, ਸਗੋਂ ਉਸ ਦੇ ਲੋਕਾਂ ਦੇ ਫ਼ਾਇਦੇ ਲਈ ਸਨ। ਜਦੋਂ ਪਰਮੇਸ਼ੁਰ ਦੇ ਲੋਕ ਵਫ਼ਾਦਾਰ ਰਹਿੰਦੇ ਸਨ, ਤਾਂ ਉਹ ਵਧਦੇ-ਫੁੱਲਦੇ ਸਨ। ਜਦੋਂ ਉਹ ਹੋਰ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰਦੇ ਸਨ, ਤਾਂ ਉਹ ਦੁੱਖ ਭੋਗਦੇ ਸਨ।
14 ਜ਼ਰਾ ਕਨਾਨੀਆਂ ਬਾਰੇ ਸੋਚੋ। ਉਹ ਸੱਚੇ ਅਤੇ ਜੀਉਂਦੇ ਪਰਮੇਸ਼ੁਰ ਦੀ ਬਜਾਇ ਬੇਜਾਨ ਮੂਰਤੀਆਂ ਦੀ ਪੂਜਾ ਕਰਦੇ ਸਨ। ਇੱਦਾਂ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਨੀਵਾਂ ਕੀਤਾ। (ਜ਼ਬੂ. 115:4-8) ਉਹ ਆਪਣੀ ਭਗਤੀ ਵਿਚ ਗੰਦੇ ਲਿੰਗੀ ਕੰਮ ਕਰਦੇ ਸਨ ਅਤੇ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ। ਇਸੇ ਤਰ੍ਹਾਂ ਜਦੋਂ ਇਜ਼ਰਾਈਲੀ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਮੂਰਤੀਆਂ ਦੀ ਪੂਜਾ ਕਰਦੇ ਸਨ, ਤਾਂ ਉਹ ਆਪਣੇ ਆਪ ਨੂੰ ਭ੍ਰਿਸ਼ਟ ਕਰਦੇ ਸੀ ਅਤੇ ਆਪਣੇ ਪਰਿਵਾਰ ਨੂੰ ਦੁੱਖ ਦਿੰਦੇ ਸਨ। (2 ਇਤ. 28:1-4) ਅਧਿਕਾਰ ਰੱਖਣ ਵਾਲਿਆਂ ਨੇ ਯਹੋਵਾਹ ਦੇ ਨਿਆਂ ਸੰਬੰਧੀ ਮਿਆਰਾਂ ’ਤੇ ਚੱਲਣਾ ਛੱਡ ਦਿੱਤਾ। ਉਨ੍ਹਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕੀਤਾ ਅਤੇ ਕਮਜ਼ੋਰ ਤੇ ਬੇਸਹਾਰਾ ਲੋਕਾਂ ’ਤੇ ਜ਼ੁਲਮ ਕੀਤੇ। (ਹਿਜ਼. 34:1-4) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਬੇਸਹਾਰਾ ਔਰਤਾਂ ਤੇ ਬੱਚਿਆਂ ਨਾਲ ਬੁਰਾ ਸਲੂਕ ਕਰਦੇ ਸਨ। (ਬਿਵ. 10:17, 18; 27:19) ਇਸ ਤੋਂ ਉਲਟ, ਜਦੋਂ ਲੋਕ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਸਨ ਅਤੇ ਇਕ-ਦੂਜੇ ਨਾਲ ਸਹੀ ਤਰੀਕੇ ਨਾਲ ਪੇਸ਼ ਆਉਂਦੇ ਸਨ ਤੇ ਨਿਆਂ ਕਰਦੇ ਸਨ, ਤਾਂ ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਸੀ।—1 ਰਾਜ. 10:4-9.
15. ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
ਯਸਾ. 49:15) ਭਾਵੇਂ ਕਿ ਉਹ ਇਕਦਮ ਦਖ਼ਲ ਨਹੀਂ ਦਿੰਦਾ, ਪਰ ਉਹ ਤੋਬਾ ਨਾ ਕਰਨ ਵਾਲਿਆਂ ਨੂੰ ਦੂਜਿਆਂ ਨਾਲ ਕੀਤੇ ਉਨ੍ਹਾਂ ਦੇ ਗ਼ਲਤ ਸਲੂਕ ਦੀ ਸਹੀ ਸਮੇਂ ’ਤੇ ਸਜ਼ਾ ਦੇਵੇਗਾ।
15 ਸਬਕ: ਜਦੋਂ ਯਹੋਵਾਹ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਲੋਕ ਉਸ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਉਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਤਾਂ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੁੰਦਾ। ਪਰ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਜਾਣਦਾ ਹੈ ਜਦੋਂ ਸਾਡੇ ’ਤੇ ਅਨਿਆਂ ਹੁੰਦਾ ਹੈ। ਉਹ ਸਾਡੀ ਪੀੜ ਨੂੰ ਇਕ ਮਾਂ ਨਾਲੋਂ ਜ਼ਿਆਦਾ ਜਾਣਦਾ ਹੈ ਜੋ ਆਪਣੇ ਬੱਚੇ ਦੇ ਦੁੱਖ ਨੂੰ ਮਹਿਸੂਸ ਕਰਦੀ ਹੈ। (ਕਾਨੂੰਨ ਨੂੰ ਕਿਵੇਂ ਲਾਗੂ ਕੀਤਾ ਜਾਣਾ ਚਾਹੀਦਾ ਸੀ?
16-18. ਮੂਸਾ ਦਾ ਕਾਨੂੰਨ ਜ਼ਿੰਦਗੀ ਦੇ ਕਿਹੜੇ ਪਹਿਲੂਆਂ ’ਤੇ ਲਾਗੂ ਹੁੰਦਾ ਸੀ ਅਤੇ ਅਸੀਂ ਇਸ ਤੋਂ ਕਿਹੜੇ ਸਬਕ ਸਿੱਖਦੇ ਹਾਂ?
16 ਮੂਸਾ ਦਾ ਕਾਨੂੰਨ ਇਕ ਇਜ਼ਰਾਈਲੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ’ਤੇ ਲਾਗੂ ਹੁੰਦਾ ਸੀ। ਇਸ ਲਈ ਜ਼ਰੂਰੀ ਸੀ ਕਿ ਸਿਆਣੀ ਉਮਰ ਦੇ ਚੁਣੇ ਹੋਏ ਆਦਮੀ ਯਹੋਵਾਹ ਦੇ ਲੋਕਾਂ ਦਾ ਸੱਚਾਈ ਨਾਲ ਨਿਆਂ ਕਰਦੇ। ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਯਹੋਵਾਹ ਦੀ ਭਗਤੀ ਸੰਬੰਧੀ ਮਾਮਲਿਆਂ ਨੂੰ ਸੁਲਝਾਉਣ ਦੀ ਹੀ ਨਹੀਂ ਸੀ, ਸਗੋਂ ਆਪਸੀ ਝਗੜਿਆਂ ਤੇ ਅਪਰਾਧਕ ਮਾਮਲਿਆਂ ਨੂੰ ਸੁਲਝਾਉਣ ਦੀ ਵੀ ਸੀ। ਜ਼ਰਾ ਅੱਗੇ ਦਿੱਤੀਆਂ ਮਿਸਾਲਾਂ ’ਤੇ ਗੌਰ ਕਰੋ।
17 ਜੇ ਇਕ ਇਜ਼ਰਾਈਲੀ ਕਿਸੇ ਨੂੰ ਮਾਰ ਦਿੰਦਾ ਸੀ, ਤਾਂ ਉਸ ਨੂੰ ਉਸੇ ਵੇਲੇ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਮੌਤ ਦੀ ਸਜ਼ਾ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਸ਼ਹਿਰ ਦੇ ਬਜ਼ੁਰਗ ਹਾਲਾਤਾਂ ਦੀ ਜਾਂਚ-ਪੜਤਾਲ ਕਰਦੇ ਸਨ। (ਬਿਵ. 19:2-7, 11-13) ਬਜ਼ੁਰਗ ਹਰ ਰੋਜ਼ ਦੇ ਅਣਗਿਣਤ ਮਾਮਲਿਆਂ ਦਾ ਵੀ ਨਿਆਂ ਕਰਦੇ ਸਨ, ਜਿਵੇਂ ਜਾਇਦਾਦ ਅਤੇ ਵਿਆਹ ਦੇ ਮਾਮਲੇ। (ਕੂਚ 21:35; ਬਿਵ. 22:13-19) ਜਦੋਂ ਬਜ਼ੁਰਗ ਸਹੀ ਨਿਆਂ ਕਰਦੇ ਸਨ ਅਤੇ ਇਜ਼ਰਾਈਲੀ ਕਾਨੂੰਨਾਂ ਦੀ ਪਾਲਣਾ ਕਰਦੇ ਸਨ, ਤਾਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਸੀ ਅਤੇ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਸੀ।—ਲੇਵੀ. 20:7, 8; ਯਸਾ. 48:17, 18.
18 ਸਬਕ: ਸਾਡੀ ਜ਼ਿੰਦਗੀ ਦਾ ਹਰ ਪਹਿਲੂ ਯਹੋਵਾਹ ਲਈ ਅਹਿਮ ਹੈ। ਉਹ ਚਾਹੁੰਦਾ ਹੈ ਕਿ ਅਸੀਂ ਨਿਆਂ ਕਰੀਏ ਅਤੇ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਈਏ। ਨਾਲੇ ਉਹ ਇਸ ਗੱਲ ’ਤੇ ਵੀ ਧਿਆਨ ਲਾਉਂਦਾ ਹੈ ਕਿ ਘਰ ਵਿਚ ਇਕੱਲਿਆਂ ਹੁੰਦਿਆਂ ਅਸੀਂ ਕੀ ਕਹਿੰਦੇ ਤੇ ਕਰਦੇ ਹਾਂ।—ਇਬ. 4:13.
19-21. (ੳ) ਬਜ਼ੁਰਗਾਂ ਅਤੇ ਨਿਆਈਆਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਸੀ? (ਅ) ਮੂਸਾ ਦੇ ਕਾਨੂੰਨ ਨੇ ਖ਼ਾਸ ਕਰਕੇ ਲੋਕਾਂ ਦੀ ਰਾਖੀ ਕਿਵੇਂ ਕੀਤੀ ਸੀ ਅਤੇ ਅਸੀਂ ਇਸ ਤੋਂ ਕਿਹੜੇ ਸਬਕ ਸਿੱਖਦੇ ਹਾਂ?
19 ਯਹੋਵਾਹ ਆਪਣੇ ਲੋਕਾਂ ਨੂੰ ਗੁਆਂਢੀ ਕੌਮਾਂ ਦੇ ਬੁਰੇ ਅਸਰਾਂ ਤੋਂ ਬਚਾਉਣਾ ਚਾਹੁੰਦਾ ਸੀ। ਇਸ ਲਈ ਉਹ ਬਜ਼ੁਰਗਾਂ ਤੇ ਨਿਆਈਆਂ ਤੋਂ ਚਾਹੁੰਦਾ ਸੀ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਕਾਨੂੰਨ ਲਾਗੂ ਕਰਨ। ਪਰ ਨਿਆਂ ਕਰਨ ਵਾਲਿਆਂ ਨੇ ਲੋਕਾਂ ਨਾਲ ਕਠੋਰਤਾ ਜਾਂ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਉਣਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਨਿਆਂ ਨਾਲ ਪਿਆਰ ਕਰਨਾ ਸੀ।—ਬਿਵ. 1:13-17; 16:18-20.
20 ਯਹੋਵਾਹ ਆਪਣੇ ਲੋਕਾਂ ਨਾਲ ਹਮਦਰਦੀ ਰੱਖਦਾ ਹੈ। ਇਸ ਲਈ ਉਸ ਨੇ ਉਨ੍ਹਾਂ ਨੂੰ ਬੇਇਨਸਾਫ਼ੀ ਤੋਂ ਬਚਾਉਣ ਲਈ ਕਾਨੂੰਨ ਦਿੱਤੇ। ਮਿਸਾਲ ਲਈ, ਕਾਨੂੰਨ ਕਰਕੇ ਕਿਸੇ ਵੀ ਇਨਸਾਨ ’ਤੇ ਝੂਠਾ ਦੋਸ਼ ਲੱਗਣ ਦੀ ਸੰਭਾਵਨਾ ਘੱਟ ਗਈ ਸੀ। ਜਿਸ ’ਤੇ ਦੋਸ਼ ਲੱਗਦਾ ਸੀ, ਉਸ ਨੂੰ ਜਾਣਨ ਦਾ ਹੱਕ ਹੁੰਦਾ ਸੀ ਕਿ ਉਸ ’ਤੇ ਕੌਣ ਦੋਸ਼ ਲਾ ਰਿਹਾ ਸੀ। (ਬਿਵ. 19:16-19; 25:1) ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਘੱਟੋ-ਘੱਟ ਦੋ ਗਵਾਹਾਂ ਦੀ ਗਵਾਹੀ ਜ਼ਰੂਰੀ ਹੁੰਦੀ ਸੀ। (ਬਿਵ. 17:6; ) ਉਸ ਇਜ਼ਰਾਈਲੀ ਬਾਰੇ ਕੀ ਜਿਸ ਦੇ ਅਪਰਾਧ ਦਾ ਸਿਰਫ਼ ਇੱਕੋ-ਇਕ ਗਵਾਹ ਹੁੰਦਾ ਸੀ? ਉਸ ਅਪਰਾਧੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਸੀ ਕਿ ਉਸ ਨੂੰ ਆਪਣੇ ਅਪਰਾਧ ਦੀ ਸਜ਼ਾ ਕਦੀ ਨਹੀਂ ਮਿਲਣੀ। ਉਸ ਨੇ ਜੋ ਕੀਤਾ, ਉਹ ਯਹੋਵਾਹ ਨੇ ਦੇਖਿਆ ਸੀ। ਪਰਿਵਾਰ ਵਿਚ ਪਿਤਾ ਨੂੰ ਅਧਿਕਾਰ ਦਿੱਤਾ ਗਿਆ ਸੀ, ਪਰ ਉਸ ਦੇ ਅਧਿਕਾਰ ਦੀ ਇਕ ਹੱਦ ਸੀ। ਸ਼ਹਿਰ ਦੇ ਬਜ਼ੁਰਗਾਂ ਨੂੰ ਕਦੀ-ਕਦਾਈਂ ਕੁਝ ਪਰਿਵਾਰਕ ਝਗੜਿਆਂ ਵਿਚ ਪੈ ਕੇ ਫ਼ੈਸਲਾ ਕਰਨਾ ਪੈਂਦਾ ਸੀ।— 19:15ਬਿਵ. 21:18-21.
21 ਸਬਕ: ਯਹੋਵਾਹ ਸਭ ਤੋਂ ਵਧੀਆ ਮਿਸਾਲ ਰੱਖਦਾ ਹੈ। ਉਹ ਕਦੀ ਵੀ ਅਨਿਆਂ ਨਹੀਂ ਕਰਦਾ। (ਜ਼ਬੂ. 9:7) ਉਹ ਵਫ਼ਾਦਾਰੀ ਨਾਲ ਉਸ ਦੇ ਮਿਆਰਾਂ ਉੱਤੇ ਚੱਲਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ, ਪਰ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਹੈ। (2 ਸਮੂ. 22:21-23; ਹਿਜ਼. 9:9, 10) ਸ਼ਾਇਦ ਕੁਝ ਲੋਕ ਗ਼ਲਤ ਕੰਮ ਕਰਨ ਅਤੇ ਉਨ੍ਹਾਂ ਨੂੰ ਲੱਗੇ ਕਿ ਉਹ ਸਜ਼ਾ ਤੋਂ ਬਚ ਗਏ ਹਨ, ਪਰ ਯਹੋਵਾਹ ਆਪਣੇ ਸਹੀ ਸਮੇਂ ’ਤੇ ਉਨ੍ਹਾਂ ਦਾ ਨਿਆਂ ਕਰੇਗਾ। (ਕਹਾ. 28:13) ਨਾਲੇ ਜੇ ਉਹ ਤੋਬਾ ਨਹੀਂ ਕਰਦੇ, ਤਾਂ ਉਹ ਛੇਤੀ ਜਾਣ ਜਾਣਗੇ ਕਿ “ਜੀਉਂਦੇ ਪਰਮੇਸ਼ੁਰ ਦੇ ਹੱਥੋਂ ਸਜ਼ਾ ਪਾਉਣੀ ਕਿੰਨੀ ਖ਼ੌਫ਼ਨਾਕ ਗੱਲ ਹੈ!”—ਇਬ. 10:30, 31.
ਕਾਨੂੰਨ ਨੇ ਖ਼ਾਸ ਕਰਕੇ ਕਿਨ੍ਹਾਂ ਦੀ ਰਾਖੀ ਕੀਤੀ?
22-24. (ੳ) ਕਾਨੂੰਨ ਨੇ ਖ਼ਾਸ ਕਰਕੇ ਕਿਨ੍ਹਾਂ ਦੀ ਰਾਖੀ ਕੀਤੀ ਅਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕਿਹੜੇ ਸਬਕ ਸਿੱਖਦੇ ਹਾਂ? (ਅ) ਕੂਚ 22:22-24 ਵਿਚ ਕਿਹੜੀ ਚੇਤਾਵਨੀ ਦਿੱਤੀ ਗਈ ਹੈ?
22 ਕਾਨੂੰਨ ਨੇ ਖ਼ਾਸ ਕਰਕੇ ਉਨ੍ਹਾਂ ਲੋਕਾਂ ਦੀ ਰਾਖੀ ਕੀਤੀ ਜੋ ਖ਼ੁਦ ਆਪਣੀ ਰਾਖੀ ਨਹੀਂ ਕਰ ਸਕਦੇ ਸਨ, ਜਿਵੇਂ ਯਤੀਮ, ਵਿਧਵਾ ਅਤੇ ਪਰਦੇਸੀ। ਇਜ਼ਰਾਈਲ ਦੇ ਨਿਆਈਆਂ ਨੂੰ ਕਿਹਾ ਗਿਆ ਸੀ: “ਤੂੰ ਪਰਦੇਸੀ ਅਤੇ ਯਤੀਮ ਦਾ ਨਿਆਉਂ ਨਾ ਵਿਗਾੜੀਂ, ਨਾ ਕਿਸੇ ਵਿਧਵਾ ਦਾ ਲੀੜਾ ਗਿਰਵੀ ਰੱਖੀ।” (ਬਿਵ. 24:17) ਯਹੋਵਾਹ ਨੇ ਬੇਸਹਾਰਾ ਲੋਕਾਂ ਵਿਚ ਖ਼ਾਸ ਦਿਲਚਸਪੀ ਦਿਖਾਈ। ਨਾਲੇ ਉਸ ਨੇ ਇਨ੍ਹਾਂ ਲੋਕਾਂ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ।—ਕੂਚ 22:22-24 ਪੜ੍ਹੋ।
23 ਨਜ਼ਦੀਕੀ ਸਾਕ-ਸੰਬੰਧੀਆਂ ਨਾਲ ਜਿਨਸੀ ਸੰਬੰਧ ਬਣਾਉਣ ਤੋਂ ਮਨ੍ਹਾ ਕਰ ਕੇ ਵੀ ਕਾਨੂੰਨ ਨੇ ਪਰਿਵਾਰ ਦੇ ਮੈਂਬਰਾਂ ਦੀ ਰਾਖੀ ਕੀਤੀ। (ਲੇਵੀ. 18:6-30) ਇਜ਼ਰਾਈਲ ਕੌਮ ਦੇ ਆਲੇ-ਦੁਆਲੇ ਦੀਆਂ ਕੌਮਾਂ ਇਸ ਨੂੰ ਬੁਰਾ ਨਹੀਂ ਸੀ ਮੰਨਦੀਆਂ, ਪਰ ਯਹੋਵਾਹ ਦੇ ਲੋਕਾਂ ਨੇ ਇਸ ਤਰ੍ਹਾਂ ਦੇ ਅਪਰਾਧ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਸੀ ਯਾਨੀ ਇਸ ਨੂੰ ਘਿਣਾਉਣਾ ਸਮਝਣਾ ਸੀ।
24 ਸਬਕ: ਯਹੋਵਾਹ ਨੇ ਜਿਨ੍ਹਾਂ ਨੂੰ ਅਧਿਕਾਰ ਦਿੱਤੇ ਹਨ, ਉਨ੍ਹਾਂ ਤੋਂ ਉਹ ਚਾਹੁੰਦਾ ਹੈ ਕਿ ਉਹ ਆਪਣੇ ਅਧੀਨ ਲੋਕਾਂ ਦੀ ਪਿਆਰ ਨਾਲ ਦੇਖ-ਭਾਲ ਕਰਨ। ਉਹ ਜਿਨਸੀ ਅਪਰਾਧਾਂ ਤੋਂ ਨਫ਼ਰਤ ਕਰਦਾ ਹੈ ਅਤੇ ਉਹ ਪੱਕਾ ਕਰਨਾ ਚਾਹੁੰਦਾ ਹੈ ਕਿ ਸਾਰੇ ਜਣਿਆਂ, ਖ਼ਾਸ ਕਰਕੇ ਬੇਸਹਾਰਾ ਲੋਕਾਂ, ਦੀ ਰਾਖੀ ਹੋਵੇ ਅਤੇ ਉਨ੍ਹਾਂ ਨੂੰ ਨਿਆਂ ਮਿਲੇ।
ਕਾਨੂੰਨ, “ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ”
25-26. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਿਆਰ ਤੇ ਨਿਆਂ ਸਾਹ ਤੇ ਜ਼ਿੰਦਗੀ ਵਾਂਗ ਹਨ? (ਅ) ਇਸ ਲੜੀ ਦੇ ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?
25 ਪਿਆਰ ਤੇ ਨਿਆਂ, ਸਾਹ ਤੇ ਜ਼ਿੰਦਗੀ ਵਾਂਗ ਹਨ। ਇਕ ਤੋਂ ਬਗੈਰ ਦੂਜੇ ਦਾ ਰਹਿਣਾ ਨਾਮੁਮਕਿਨ ਹੈ। ਜਦੋਂ ਸਾਨੂੰ ਭਰੋਸਾ ਹੁੰਦਾ ਹੈ ਕਿ ਯਹੋਵਾਹ ਸਾਡੇ ਨਾਲ ਨਿਆਂ ਕਰਦਾ ਹੈ, ਤਾਂ ਸਾਡਾ ਪਿਆਰ ਉਸ ਲਈ ਵਧਦਾ ਹੈ। ਨਾਲੇ ਜਦੋਂ ਅਸੀਂ ਪਰਮੇਸ਼ੁਰ ਤੇ ਉਸ ਦੇ ਧਰਮੀ ਮਿਆਰਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਦੂਜਿਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਲਈ ਪ੍ਰੇਰਿਤ ਹੁੰਦੇ ਹਾਂ।
26 ਮੂਸਾ ਦੇ ਕਾਨੂੰਨ ਨੇ ਇਜ਼ਰਾਈਲੀਆਂ ਦੀ ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਮਦਦ ਕੀਤੀ। ਪਰ ਯਿਸੂ ਦੀ ਰਿਹਾਈ ਦੀ ਕੀਮਤ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਨੂੰ ਇਹ ਕਾਨੂੰਨ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਕਾਨੂੰਨ ਦੀ ਜਗ੍ਹਾ ਇਕ ਵਧੀਆ ਚੀਜ਼ ਨੇ ਲੈ ਲਈ। (ਰੋਮੀ. 10:4) ਪੌਲੁਸ ਰਸੂਲ ਨੇ ਇਸ ਕਾਨੂੰਨ ਨੂੰ “ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ” ਕਿਹਾ। (ਇਬ. 10:1) ਇਸ ਲੜੀ ਦੇ ਅਗਲੇ ਲੇਖ ਵਿਚ ਅਸੀਂ ਇਨ੍ਹਾਂ ਕੁਝ ਚੰਗੀਆਂ ਚੀਜ਼ਾਂ ’ਤੇ ਅਤੇ ਮੰਡਲੀ ਵਿਚ ਪਿਆਰ ਤੇ ਨਿਆਂ ਦੀ ਅਹਿਮੀਅਤ ’ਤੇ ਚਰਚਾ ਕਰਾਂਗੇ।
ਗੀਤ 25 ਪਿਆਰ ਹੈ ਸਾਡੀ ਪਛਾਣ
^ ਪੈਰਾ 5 ਚਾਰ ਲੇਖਾਂ ਦੀ ਲੜੀ ਵਿਚ ਇਹ ਪਹਿਲਾ ਲੇਖ ਹੈ ਜਿਸ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਬਾਕੀ ਤਿੰਨ ਲੇਖ ਮਈ 2019 ਦੇ ਪਹਿਰਾਬੁਰਜ ਵਿਚ ਆਉਣਗੇ। ਇਨ੍ਹਾਂ ਲੇਖਾਂ ਵਿਚ ਚਰਚਾ ਕੀਤੀ ਜਾਵੇਗੀ ਕਿ ਯਹੋਵਾਹ ਮਸੀਹੀ ਮੰਡਲੀ ਵਿਚ ਪਿਆਰ ਅਤੇ ਨਿਆਂ ਕਿਵੇਂ ਦਿਖਾਉਂਦਾ ਹੈ, ਬਜ਼ੁਰਗ ਮੰਡਲੀ ਦੀ ਰਾਖੀ ਕਿਵੇਂ ਕਰ ਸਕਦੇ ਹਨ ਤੇ ਮਾਪੇ ਆਪਣੇ ਬੱਚਿਆਂ ਨੂੰ ਬਦਫ਼ੈਲੀ ਦੇ ਸ਼ਿਕਾਰ ਹੋਣ ਤੋਂ ਕਿਵੇਂ ਬਚਾ ਸਕਦੇ ਹਨ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ ਜਿਨ੍ਹਾਂ ਨਾਲ ਬਚਪਨ ਵਿਚ ਬਦਫ਼ੈਲੀ ਹੋਈ ਸੀ।
^ ਪੈਰਾ 2 ਸ਼ਬਦਾਂ ਦਾ ਮਤਲਬ: ਮੂਸਾ ਦੁਆਰਾ ਇਜ਼ਰਾਈਲੀਆਂ ਨੂੰ ਦਿੱਤੇ ਯਹੋਵਾਹ ਦੇ 600 ਤੋਂ ਜ਼ਿਆਦਾ ਕਾਨੂੰਨਾਂ ਨੂੰ “ਮੂਸਾ ਦਾ ਕਾਨੂੰਨ,” “ਕਾਨੂੰਨ” ਅਤੇ “ਹੁਕਮ” ਕਿਹਾ ਗਿਆ ਹੈ। ਨਾਲੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ (ਉਤਪਤ ਤੋਂ ਬਿਵਸਥਾ ਸਾਰ) ਨੂੰ ਅਕਸਰ ਕਾਨੂੰਨ ਕਿਹਾ ਜਾਂਦਾ ਹੈ। ਕਦੀ-ਕਦੀ ਇਹ ਸ਼ਬਦ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਲਿਖੀਆਂ ਇਬਰਾਨੀ ਲਿਖਤਾਂ ਲਈ ਵਰਤਿਆ ਜਾਂਦਾ ਹੈ।
ਤਸਵੀਰ ਬਾਰੇ ਜਾਣਕਾਰੀ: ਖਾਣਾ ਬਣਾਉਂਦਿਆਂ ਇਕ ਇਜ਼ਰਾਈਲੀ ਮਾਂ ਆਪਣੀਆਂ ਧੀਆਂ ਨਾਲ ਗੱਲਾਂ ਕਰਦੀ ਹੋਈ। ਪਿੱਛੇ ਪਿਤਾ ਆਪਣੇ ਪੁੱਤਰ ਨੂੰ ਭੇਡਾਂ ਦੀ ਦੇਖ-ਭਾਲ ਕਰਨ ਦੀ ਸਿਖਲਾਈ ਦਿੰਦਾ ਹੋਇਆ।
^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਬਜ਼ੁਰਗ ਸ਼ਹਿਰ ਦੇ ਫਾਟਕ ’ਤੇ ਵਿਧਵਾ ਤੇ ਉਸ ਦੇ ਬੱਚੇ ਦੀ ਪਿਆਰ ਨਾਲ ਮਦਦ ਕਰਦੇ ਹੋਏ ਜਿਨ੍ਹਾਂ ਨਾਲ ਵਪਾਰੀ ਨੇ ਬੁਰਾ ਸਲੂਕ ਕੀਤਾ।