ਕੀ ਤੁਸੀਂ ਜਾਣਦੇ ਹੋ?
ਬਾਬਲ ਵਿਚ ਬੇਲਸ਼ੱਸਰ ਦੀ ਹੋਂਦ ਤੇ ਭੂਮਿਕਾ ਬਾਰੇ ਪੁਰਾਤੱਤਵ-ਵਿਗਿਆਨੀਆਂ ਨੂੰ ਕਿਵੇਂ ਪਤਾ ਲੱਗਾ?
ਸਾਲਾਂ ਤੋਂ ਬਾਈਬਲ ਦੇ ਆਲੋਚਕ ਦਾਅਵਾ ਕਰਦੇ ਸਨ ਕਿ ਦਾਨੀਏਲ ਦੀ ਕਿਤਾਬ ਵਿਚ ਜ਼ਿਕਰ ਕੀਤਾ ਰਾਜਾ ਬੇਲਸ਼ੱਸਰ ਕਦੇ ਹੋਂਦ ਵਿਚ ਹੀ ਨਹੀਂ ਸੀ। (ਦਾਨੀ. 5:1) ਉਹ ਇਹ ਵਿਸ਼ਵਾਸ ਇਸ ਕਰਕੇ ਕਰਦੇ ਸਨ ਕਿਉਂਕਿ ਪੁਰਾਤੱਤਵ-ਵਿਗਿਆਨੀਆਂ ਨੂੰ ਉਸ ਦੀ ਹੋਂਦ ਦਾ ਕਦੇ ਕੋਈ ਸਬੂਤ ਨਹੀਂ ਮਿਲਿਆ ਸੀ। ਪਰ 1854 ਵਿਚ ਇਹ ਵਿਸ਼ਵਾਸ ਬਦਲ ਗਿਆ। ਕਿਉਂ?
ਉਸ ਸਾਲ ਬ੍ਰਿਟਿਸ਼ ਅਧਿਕਾਰੀ ਜੇ. ਜੀ. ਟੇਲਰ ਨੇ ਊਰ ਨਾਂ ਦੇ ਪੁਰਾਣੇ ਸ਼ਹਿਰ ਦੇ ਖੰਡਰਾਂ ਦੀ ਖੋਜ ਕੀਤੀ ਜੋ ਕਿ ਅੱਜ ਦੱਖਣੀ ਇਰਾਕ ਵਿਚ ਹੈ। ਉਸ ਨੂੰ ਉੱਥੇ ਸਥਿਤ ਵੱਡੇ ਬੁਰਜ ਵਿੱਚੋਂ ਕੁਝ ਮਿੱਟੀ ਦੇ ਸਿਲੈਂਡਰ ਮਿਲੇ। ਹਰ ਸਿਲੈਂਡਰ ਲਗਭਗ 10 ਸੈਂਟੀਮੀਟਰ (4 ਇੰਚ) ਲੰਬਾ ਹੈ ਜਿਸ ’ਤੇ ਫਾਨਾ-ਨੁਮਾ ਲਿਪੀ ਉੱਕਰੀ ਹੋਈ ਹੈ। ਇਕ ਸਿਲੈਂਡਰ ’ਤੇ ਬਾਬਲ ਦੇ ਰਾਜਾ ਨਬੋਨਾਈਡਸ ਤੇ ਉਸ ਦੇ ਸਭ ਤੋਂ ਵੱਡੇ ਪੁੱਤਰ ਬੇਲਸ਼ੱਸਰ ਦੀ ਲੰਬੀ ਉਮਰ ਲਈ ਕੀਤੀ ਪ੍ਰਾਰਥਨਾ ਵੀ ਲਿਖੀ ਹੋਈ ਹੈ। ਇਸ ਖੋਜ ਕਰਕੇ ਆਲੋਚਕਾਂ ਨੂੰ ਮੰਨਣਾ ਪਿਆ ਕਿ ਬੇਲਸ਼ੱਸਰ ਹੋਂਦ ਵਿਚ ਸੀ।
ਪਰ ਬਾਈਬਲ ਸਿਰਫ਼ ਇਹੀ ਨਹੀਂ ਦੱਸਦੀ ਕਿ ਬੇਲਸ਼ੱਸਰ ਹੋਂਦ ਵਿਚ ਸੀ, ਸਗੋਂ ਇਹ ਵੀ ਦੱਸਦੀ ਹੈ ਕਿ ਉਹ ਇਕ ਰਾਜਾ ਸੀ। ਆਲੋਚਕਾਂ ਨੇ ਫਿਰ ਸ਼ੱਕ ਕੀਤਾ। ਮਿਸਾਲ ਲਈ, 19ਵੀਂ ਸਦੀ ਦੇ ਅੰਗ੍ਰੇਜ਼ ਵਿਗਿਆਨੀ ਵਿਲਿਅਮ ਟਾਲਬੋਟ ਨੇ ਲਿਖਿਆ ਕਿ ਕੁਝ ਕਹਿੰਦੇ ਹਨ ਕਿ “ਬੇਲ-ਸਰ-ਉਸ਼ਰ [ਬੇਲਸ਼ੱਸਰ] ਨੇ ਆਪਣੇ ਪਿਤਾ ਨਬੋਨਾਈਡਸ ਨਾਲ ਕੁਝ ਸਮੇਂ ਲਈ ਰਾਜ ਕੀਤਾ। ਪਰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ।”
ਪਰ ਇਹ ਸ਼ੱਕ ਉਦੋਂ ਦੂਰ ਹੋ ਗਿਆ ਜਦੋਂ ਮਿੱਟੀ ਦੇ ਹੋਰ ਸਿਲੈਂਡਰਾਂ ਦੀਆਂ ਲਿਖਤਾਂ ਤੋਂ ਜ਼ਾਹਰ ਹੋਇਆ ਕਿ ਬੇਲਸ਼ੱਸਰ ਦਾ ਪਿਤਾ ਰਾਜਾ ਨਬੋਨਾਈਡਸ ਸਮੇਂ-ਸਮੇਂ ’ਤੇ ਬਾਬਲ ਤੋਂ ਸਾਲਾਂ ਬੱਧੀ ਚਲਾ ਜਾਂਦਾ ਸੀ। ਉਸ ਦੀ ਗ਼ੈਰ-ਮੌਜੂਦਗੀ ਦੌਰਾਨ ਕੌਣ ਰਾਜ ਕਰਦਾ ਸੀ? ਐਨਸਾਈਕਲੋਪੀਡੀਆ ਕਹਿੰਦਾ ਹੈ: “ਜਦੋਂ ਨਬੋਨਾਈਡਸ ਕਿਸੇ ਹੋਰ ਦੇਸ਼ ਵਿਚ ਹੁੰਦਾ ਸੀ, ਤਾਂ ਉਹ ਬੇਲਸ਼ੱਸਰ ਨੂੰ ਆਪਣੇ ਸਿੰਘਾਸਣ ਤੇ ਆਪਣੀ ਫ਼ੌਜ ਦੇ ਮੁੱਖ ਹਿੱਸੇ ਦੀ ਜ਼ਿੰਮੇਵਾਰੀ ਦੇ ਕੇ ਜਾਂਦਾ ਸੀ।” ਇਸ ਤਰੀਕੇ ਨਾਲ ਬੇਲਸ਼ੱਸਰ ਆਪਣੇ ਪਿਤਾ ਦੀ ਗ਼ੈਰ-ਮੌਜੂਦਗੀ ਦੌਰਾਨ ਬਾਬਲ ’ਤੇ ਰਾਜ ਕਰਦਾ ਸੀ। ਇਸ ਲਈ ਪੁਰਾਤੱਤਵ-ਵਿਗਿਆਨੀ ਅਤੇ ਭਾਸ਼ਾ ਦੇ ਮਾਹਰ ਐਲਨ ਮਿਲਾਰਡ ਨੇ ਕਿਹਾ ਕਿ “ਦਾਨੀਏਲ ਦੀ ਕਿਤਾਬ ਵਿਚ ਬੇਲਸ਼ੱਸਰ ਨੂੰ ‘ਰਾਜਾ’ ਕਹਿਣਾ” ਢੁਕਵਾਂ ਸੀ।
ਦਰਅਸਲ, ਪਰਮੇਸ਼ੁਰ ਦੇ ਸੇਵਕਾਂ ਲਈ ਦਾਨੀਏਲ ਦੀ ਕਿਤਾਬ ਦੇ ਭਰੋਸੇਯੋਗ ਅਤੇ ਪਰਮੇਸ਼ੁਰ ਦੁਆਰਾ ਲਿਖਾਈ ਹੋਣ ਦਾ ਮੁੱਖ ਸਬੂਤ ਬਾਈਬਲ ਵਿਚ ਹੀ ਪਾਇਆ ਜਾਂਦਾ ਹੈ।—2 ਤਿਮੋ. 3:16.