Skip to content

Skip to table of contents

“ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ”

“ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ”

“ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।”​—ਯੂਹੰ. 4:34.

ਗੀਤ: 1, 42

1. ਦੁਨੀਆਂ ਦੇ ਸੁਆਰਥੀ ਰਵੱਈਏ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?

ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਔਖਾ ਕਿਉਂ ਹੈ? ਇਸ ਦਾ ਇਕ ਕਾਰਨ ਹੈ ਕਿ ਸਹੀ ਕੰਮ ਕਰਨ ਲਈ ਨਿਮਰ ਬਣਨ ਦੀ ਲੋੜ ਹੁੰਦੀ ਹੈ। ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਨਿਮਰ ਬਣੇ ਰਹਿਣਾ ਔਖਾ ਹੈ ਕਿਉਂਕਿ ਬਹੁਤ ਸਾਰੇ ਲੋਕ “ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ” ਅਤੇ “ਅਸੰਜਮੀ” ਹਨ। (2 ਤਿਮੋ. 3:1-3) ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ, ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦਾ ਰਵੱਈਆ ਗ਼ਲਤ ਹੈ, ਪਰ ਕਈ ਵਾਰ ਸਾਨੂੰ ਲੱਗ ਸਕਦਾ ਹੈ ਕਿ ਇੱਦਾਂ ਦਾ ਰਵੱਈਆ ਰੱਖਣ ਵਾਲੇ ਲੋਕ ਸਫ਼ਲ ਹਨ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ। (ਜ਼ਬੂ. 37:1; 73:3) ਕਈ ਵਾਰ ਸ਼ਾਇਦ ਅਸੀਂ ਸੋਚੀਏ: ‘ਕੀ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਭਲੇ ਬਾਰੇ ਸੋਚਣ ਦਾ ਮੈਨੂੰ ਕੋਈ ਫ਼ਾਇਦਾ ਵੀ ਹੈ? ਕੀ ਨਿਮਰਤਾ ਨਾਲ ਪੇਸ਼ ਆਉਣ ’ਤੇ ਵੀ ਲੋਕ ਮੇਰਾ ਆਦਰ ਕਰਨਗੇ?’ (ਲੂਕਾ 9:48) ਜੇ ਅਸੀਂ ਦੁਨੀਆਂ ਦੇ ਸੁਆਰਥੀ ਰਵੱਈਏ ਦਾ ਅਸਰ ਆਪਣੇ ’ਤੇ ਪੈਣ ਦਿੰਦੇ ਹਾਂ, ਤਾਂ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ। ਨਾਲੇ ਦੂਜਿਆਂ ਲਈ ਇਹ ਪਛਾਣਨਾ ਔਖਾ ਹੋ ਸਕਦਾ ਹੈ ਕਿ ਅਸੀਂ ਮਸੀਹੀ ਹਾਂ। ਪਰ ਬਾਈਬਲ ਵਿੱਚੋਂ ਨਿਮਰ ਸੇਵਕਾਂ ਦੀਆਂ ਮਿਸਾਲਾਂ ਪੜ੍ਹ ਕੇ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਸਾਨੂੰ ਫ਼ਾਇਦਾ ਹੋਵੇਗਾ।

2. ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

2 ਕਿਹੜੀ ਗੱਲ ਨੇ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕੀਤੀ? ਉਨ੍ਹਾਂ ਨੇ ਪਰਮੇਸ਼ੁਰ ਨੂੰ ਖ਼ੁਸ਼ ਕਿਵੇਂ ਕੀਤਾ? ਉਨ੍ਹਾਂ ਨੇ ਸਹੀ ਕੰਮ ਕਰਨ ਲਈ ਹਿੰਮਤ ਕਿੱਥੋਂ ਹਾਸਲ ਕੀਤੀ? ਬਾਈਬਲ ਵਿੱਚੋਂ ਉਨ੍ਹਾਂ ਦੀਆਂ ਮਿਸਾਲਾਂ ਪੜ੍ਹ ਕੇ ਅਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਸਾਡੀ ਨਿਹਚਾ ਹੋਰ ਮਜ਼ਬੂਤ ਹੋਵੇਗੀ।

ਸਾਡੀ ਨਿਹਚਾ ਮਜ਼ਬੂਤ ਕਿਵੇਂ ਰਹਿ ਸਕਦੀ ਹੈ?

3, 4. (ੳ) ਯਹੋਵਾਹ ਸਾਨੂੰ ਕਿਵੇਂ ਸਿਖਾਉਂਦਾ ਹੈ? (ਅ) ਨਿਹਚਾ ਮਜ਼ਬੂਤ ਕਰਨ ਲਈ ਸਿਰਫ਼ ਗਿਆਨ ਲੈਣਾ ਹੀ ਕਾਫ਼ੀ ਕਿਉਂ ਨਹੀਂ ਹੈ?

3 ਸਾਨੂੰ ਬਾਈਬਲ, ਪ੍ਰਕਾਸ਼ਨਾਂ, ਵੈੱਬਸਾਈਟ, ਬ੍ਰਾਡਕਾਸਟਿੰਗ, ਸਭਾਵਾਂ ਅਤੇ ਸੰਮੇਲਨਾਂ ਰਾਹੀਂ ਸਲਾਹ ਅਤੇ ਸਿਖਲਾਈ ਮਿਲਦੀ ਹੈ। ਪਰ ਯਿਸੂ ਨੇ ਸਮਝਾਇਆ ਸੀ ਕਿ ਸਾਨੂੰ ਸਿਰਫ਼ ਗਿਆਨ ਹੀ ਨਹੀਂ ਲੈਣਾ ਚਾਹੀਦਾ। ਉਸ ਨੇ ਕਿਹਾ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।”​—ਯੂਹੰ. 4:34.

4 ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਯਿਸੂ ਲਈ ਭੋਜਨ ਵਾਂਗ ਸੀ। ਜਿਵੇਂ ਪੌਸ਼ਟਿਕ ਖਾਣਾ ਖਾ ਕੇ ਸਾਨੂੰ ਚੰਗਾ ਲੱਗਦਾ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਸਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ। ਮਿਸਾਲ ਲਈ, ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਹੈ ਕਿ ਤੁਸੀਂ ਥੱਕੇ ਹੋਣ ਦੇ ਬਾਵਜੂਦ ਪ੍ਰਚਾਰ ਲਈ ਰੱਖੀ ਸਭਾ ’ਤੇ ਗਏ, ਪਰ ਪ੍ਰਚਾਰ ਤੋਂ ਬਾਅਦ ਤੁਸੀਂ ਖ਼ੁਸ਼ ਤੇ ਤਰੋਤਾਜ਼ਾ ਮਹਿਸੂਸ ਕੀਤਾ?

5. ਬੁੱਧੀਮਾਨ ਬਣਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

5 ਜਦੋਂ ਅਸੀਂ ਨਿਮਰਤਾ ਦਿਖਾਉਂਦੇ ਹੋਏ ਉਹ ਕੰਮ ਕਰਦੇ ਹਾਂ ਜੋ ਯਹੋਵਾਹ ਸਾਨੂੰ ਕਰਨ ਨੂੰ ਕਹਿੰਦਾ ਹੈ, ਤਾਂ ਅਸੀਂ ਬੁੱਧੀਮਾਨ ਬਣਦੇ ਹਾਂ। (ਜ਼ਬੂ. 107:43) ਬੁੱਧੀਮਾਨ ਲੋਕਾਂ ਨੂੰ ਕਈ ਬਰਕਤਾਂ ਮਿਲਦੀਆਂ ਹਨ। “ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਓਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ . . . ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।” (ਕਹਾ. 3:13-18) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।” (ਯੂਹੰ. 13:17) ਚੇਲਿਆਂ ਨੇ ਉਦੋਂ ਤਕ ਖ਼ੁਸ਼ ਰਹਿਣਾ ਸੀ ਜਦੋਂ ਤਕ ਉਹ ਯਿਸੂ ਦੀਆਂ ਕਹੀਆਂ ਗੱਲਾਂ ’ਤੇ ਚੱਲਦੇ ਰਹਿੰਦੇ। ਉਨ੍ਹਾਂ ਨੇ ਜ਼ਿੰਦਗੀ ਵਿਚ ਜੋ ਵੀ ਕਰਨਾ ਸੀ, ਉਹ ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੀ ਮਿਸਾਲ ਮੁਤਾਬਕ ਕਰਨਾ ਸੀ।

6. ਸਾਨੂੰ ਸਿੱਖੀਆਂ ਗੱਲਾਂ ’ਤੇ ਚੱਲਦੇ ਰਹਿਣ ਦੀ ਕਿਉਂ ਲੋੜ ਹੈ?

6 ਅੱਜ ਸਾਨੂੰ ਵੀ ਸਿੱਖੀਆਂ ਗੱਲਾਂ ’ਤੇ ਚੱਲਦੇ ਰਹਿਣ ਦੀ ਲੋੜ ਹੈ। ਜ਼ਰਾ ਇਕ ਮਕੈਨਿਕ ਦੀ ਮਿਸਾਲ ’ਤੇ ਗੌਰ ਕਰੋ ਜਿਸ ਕੋਲ ਸਾਰੇ ਔਜ਼ਾਰ, ਸਾਮਾਨ ਅਤੇ ਜਾਣਕਾਰੀ ਹੈ। ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕਰ ਕੇ ਹੀ ਉਹ ਇਕ ਚੰਗਾ ਮਕੈਨਿਕ ਬਣ ਸਕਦਾ ਹੈ। ਉਸ ਕੋਲ ਸ਼ਾਇਦ ਕਾਫ਼ੀ ਤਜਰਬਾ ਹੋਵੇ, ਪਰ ਜੇ ਉਹ ਚੰਗਾ ਮਕੈਨਿਕ ਬਣਿਆ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਉਹ ਕੰਮ ਕਰਦੇ ਰਹਿਣ ਦੀ ਲੋੜ ਹੈ ਜੋ ਉਸ ਨੇ ਸਿੱਖਿਆ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਸੱਚਾਈ ਸਿੱਖੀ ਸੀ, ਤਾਂ ਸਾਨੂੰ ਬਾਈਬਲ ਦੀਆਂ ਗੱਲਾਂ ਮੁਤਾਬਕ ਚੱਲ ਕੇ ਬਹੁਤ ਖ਼ੁਸ਼ੀ ਹੋਈ ਸੀ। ਫਿਰ ਵੀ, ਸੱਚੀ ਖ਼ੁਸ਼ੀ ਪਾਉਣ ਲਈ ਸਾਨੂੰ ਹਰ ਰੋਜ਼ ਯਹੋਵਾਹ ਵੱਲੋਂ ਸਿਖਾਈਆਂ ਗੱਲਾਂ ’ਤੇ ਚੱਲਦੇ ਰਹਿਣਾ ਚਾਹੀਦਾ ਹੈ।

7. ਅਸੀਂ ਬਾਈਬਲ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?

7 ਇਸ ਲੇਖ ਵਿਚ ਅਸੀਂ ਕੁਝ ਹਾਲਾਤਾਂ ’ਤੇ ਚਰਚਾ ਕਰਾਂਗੇ ਜਿਨ੍ਹਾਂ ਵਿਚ ਸਾਡੇ ਲਈ ਨਿਮਰ ਬਣੇ ਰਹਿਣਾ ਸ਼ਾਇਦ ਔਖਾ ਹੋਵੇ। ਅਸੀਂ ਇਹ ਵੀ ਸਿੱਖਾਂਗੇ ਕਿ ਪੁਰਾਣੇ ਸਮੇਂ ਵਿਚ ਵਫ਼ਾਦਾਰ ਲੋਕ ਇਨ੍ਹਾਂ ਹਾਲਾਤਾਂ ਵਿਚ ਨਿਮਰ ਕਿਵੇਂ ਰਹੇ। ਨਾਲੇ ਅਸੀਂ ਦੇਖਾਂਗੇ ਕਿ ਅਸੀਂ ਕਿਨ੍ਹਾਂ ਚਾਰ ਤਰੀਕਿਆਂ ਰਾਹੀਂ ਦਿਖਾ ਸਕਦੇ ਹਾਂ ਕਿ ਅਸੀਂ ਨਿਮਰ ਹਾਂ। ਪਰ ਸਾਨੂੰ ਸਿਰਫ਼ ਜਾਣਕਾਰੀ ਨੂੰ ਪੜ੍ਹਨਾ ਹੀ ਨਹੀਂ ਚਾਹੀਦਾ, ਸਗੋਂ ਇਸ ’ਤੇ ਸੋਚ-ਵਿਚਾਰ ਕਰਨਾ ਤੇ ਫਿਰ ਇਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ।

ਦੂਜਿਆਂ ਨੂੰ ਬਰਾਬਰ ਸਮਝੋ

8, 9. ਰਸੂਲਾਂ ਦੇ ਕੰਮ 14:8-15 ਵਿੱਚੋਂ ਅਸੀਂ ਪੌਲੁਸ ਦੀ ਨਿਮਰਤਾ ਬਾਰੇ ਕੀ ਸਿੱਖਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਪਰਮੇਸ਼ੁਰ ਚਾਹੁੰਦਾ ਹੈ ਕਿ ਹਰ ਤਰ੍ਹਾਂ ਦੇ ਲੋਕ “ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:4) ਸਾਨੂੰ ਉਨ੍ਹਾਂ ਲੋਕਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਹਾਲੇ ਸੱਚਾਈ ਪਤਾ ਨਹੀਂ ਲੱਗੀ? ਪੌਲੁਸ ਰਸੂਲ ਨੇ ਯਹੂਦੀਆਂ ਨੂੰ ਪ੍ਰਚਾਰ ਕੀਤਾ ਜੋ ਪਹਿਲਾਂ ਹੀ ਯਹੋਵਾਹ ਬਾਰੇ ਥੋੜ੍ਹਾ-ਬਹੁਤਾ ਜਾਣਦੇ ਸਨ। ਪਰ ਉਸ ਨੇ ਉਨ੍ਹਾਂ ਲੋਕਾਂ ਨੂੰ ਵੀ ਪ੍ਰਚਾਰ ਕੀਤਾ ਜੋ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਲੋਕਾਂ ਨੂੰ ਪ੍ਰਚਾਰ ਕਰਦਿਆਂ ਪੌਲੁਸ ਦੀ ਨਿਮਰਤਾ ਪਰਖੀ ਗਈ। ਕਿਵੇਂ?

9 ਪੌਲੁਸ ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਬਰਨਾਬਾਸ ਦੇ ਨਾਲ ਲੁਸਤ੍ਰਾ ਸ਼ਹਿਰ ਗਿਆ। ਲੁਕਾਉਨਿਆ ਦੇ ਲੋਕ ਪੌਲੁਸ ਤੇ ਬਰਨਾਬਾਸ ਨਾਲ ਇਵੇਂ ਪੇਸ਼ ਆਏ ਜਿਵੇਂ ਉਹ ਦੇਵਤੇ ਹੋਣ। ਉਹ ਉਨ੍ਹਾਂ ਨੂੰ ਆਪਣੇ ਦੇਵਤਿਆਂ ਜ਼ੂਸ ਅਤੇ ਹਰਮੇਸ ਦੇ ਨਾਂ ਤੋਂ ਬੁਲਾਉਣ ਲੱਗੇ। ਕੀ ਇਸ ਤਰ੍ਹਾਂ ਦੀ ਵਡਿਆਈ ਮਿਲਣ ’ਤੇ ਪੌਲੁਸ ਤੇ ਬਰਨਾਬਾਸ ਬਹੁਤ ਖ਼ੁਸ਼ ਹੋਏ? ਕੀ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਦੂਜੇ ਸ਼ਹਿਰਾਂ ਵਿਚ ਅਤਿਆਚਾਰ ਦਾ ਸਾਮ੍ਹਣਾ ਕਰਨ ਤੋਂ ਬਾਅਦ ਹੁਣ ਵਧੀਆ ਸਮਾਂ ਆਇਆ ਸੀ? ਕੀ ਉਨ੍ਹਾਂ ਨੇ ਸੋਚਿਆ ਕਿ ਵਡਿਆਈ ਮਿਲਣ ਕਰਕੇ ਹੋਰ ਵੀ ਜ਼ਿਆਦਾ ਲੋਕ ਖ਼ੁਸ਼ ਖ਼ਬਰੀ ਸੁਣਨਗੇ? ਨਹੀਂ। ਉਹ ਬਹੁਤ ਪਰੇਸ਼ਾਨ ਹੋਏ ਅਤੇ ਉੱਚੀ ਦੇਣੀ ਬੋਲੇ: “ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਾਂ।”​—ਰਸੂ. 14:8-15.

10. ਪੌਲੁਸ ਤੇ ਬਰਨਾਬਾਸ ਨੇ ਆਪਣੇ ਆਪ ਨੂੰ ਲੁਕਾਉਨਿਆ ਦੇ ਲੋਕਾਂ ਨਾਲੋਂ ਵੱਡਾ ਕਿਉਂ ਨਹੀਂ ਸਮਝਿਆ?

10 ਜਦੋਂ ਪੌਲੁਸ ਤੇ ਬਰਨਾਬਾਸ ਨੇ ਕਿਹਾ ਕਿ ਉਹ ਵੀ ਸਾਰਿਆਂ ਵਾਂਗ ਇਨਸਾਨ ਸਨ, ਤਾਂ ਉਨ੍ਹਾਂ ਦਾ ਮਤਲਬ ਸੀ ਕਿ ਉਹ ਨਾਮੁਕੰਮਲ ਸਨ। ਪਰ ਉਨ੍ਹਾਂ ਦਾ ਇਹ ਮਤਲਬ ਨਹੀਂ ਸੀ ਕਿ ਉਹ ਵੀ ਲੁਕਾਉਨਿਆ ਦੇ ਲੋਕਾਂ ਵਾਂਗ ਝੂਠੀ ਭਗਤੀ ਕਰਦੇ ਸਨ। ਪਰਮੇਸ਼ੁਰ ਨੇ ਪੌਲੁਸ ਤੇ ਬਰਨਾਬਾਸ ਨੂੰ ਮਿਸ਼ਨਰੀਆਂ ਵਜੋਂ ਭੇਜਿਆ ਸੀ। (ਰਸੂ. 13:2) ਉਨ੍ਹਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਿਆ ਗਿਆ ਸੀ ਅਤੇ ਉਨ੍ਹਾਂ ਕੋਲ ਇਕ ਬਹੁਤ ਹੀ ਵਧੀਆ ਉਮੀਦ ਸੀ। ਪਰ ਇਸ ਕਰਕੇ ਉਨ੍ਹਾਂ ਨੂੰ ਆਪਣੇ ਆਪ ਨੂੰ ਬਾਕੀਆਂ ਨਾਲੋਂ ਵੱਡਾ ਸਮਝਣ ਦੀ ਲੋੜ ਨਹੀਂ ਸੀ। ਉਨ੍ਹਾਂ ਨੂੰ ਪਤਾ ਸੀ ਕਿ ਜੇ ਇਹ ਲੋਕ ਵੀ ਖ਼ੁਸ਼ ਖ਼ਬਰੀ ਸਵੀਕਾਰ ਕਰਦੇ, ਤਾਂ ਇਨ੍ਹਾਂ ਨੂੰ ਵੀ ਸਵਰਗ ਜਾਣ ਦਾ ਸੱਦਾ ਮਿਲ ਸਕਦਾ ਸੀ।

11. ਪ੍ਰਚਾਰ ਕਰਦਿਆਂ ਅਸੀਂ ਪੌਲੁਸ ਵਾਂਗ ਨਿਮਰਤਾ ਦੀ ਮਿਸਾਲ ਕਿਵੇਂ ਕਾਇਮ ਕਰ ਸਕਦੇ ਹਾਂ?

11 ਅਸੀਂ ਪੌਲੁਸ ਵਾਂਗ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? ਪਹਿਲਾ, ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਜਾਂ ਇਸ ਜ਼ਿੰਮੇਵਾਰੀ ਨੂੰ ਪੂਰਿਆਂ ਕਰਨ ਲਈ ਯਹੋਵਾਹ ਵੱਲੋਂ ਮਿਲੀਆਂ ਚੀਜ਼ਾਂ ਕਰਕੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਵਧੀਆ ਨਹੀਂ ਸਮਝਾਂਗੇ। ਸਾਡੇ ਵਿੱਚੋਂ ਹਰੇਕ ਜਣਾ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਂ ਆਪਣੇ ਇਲਾਕੇ ਦੇ ਲੋਕਾਂ ਬਾਰੇ ਕੀ ਸੋਚਦਾ ਹਾਂ? ਕੀ ਮੈਂ ਕਿਸੇ ਕੌਮ ਜਾਂ ਜਾਤ ਦੇ ਲੋਕਾਂ ਨਾਲ ਪੱਖਪਾਤ ਕਰਦਾ ਹਾਂ?’ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨੂੰ ਲੱਭਦੇ ਹਨ ਜੋ ਖ਼ੁਸ਼ ਖ਼ਬਰੀ ਸੁਣਨੀ ਚਾਹੁੰਦੇ ਹਨ। ਕਈ ਤਾਂ ਉਨ੍ਹਾਂ ਲੋਕਾਂ ਦੀ ਭਾਸ਼ਾ ਸਿੱਖਣ ਜਾਂ ਸਭਿਆਚਾਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਦੂਜੇ ਲੋਕ ਘਟੀਆ ਸਮਝਦੇ ਹਨ। ਪਰ ਗਵਾਹ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਨਹੀਂ ਸਮਝਦੇ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦੇ ਹਨ। ਇਸ ਦੀ ਬਜਾਇ, ਉਹ ਹਰ ਇਨਸਾਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਹ ਰਾਜ ਦਾ ਸੰਦੇਸ਼ ਸਵੀਕਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਣ।

ਦੂਜਿਆਂ ਲਈ ਉਨ੍ਹਾਂ ਦਾ ਨਾਂ ਲੈ ਕੇ ਪ੍ਰਾਰਥਨਾ ਕਰੋ

12. ਇਪਫ੍ਰਾਸ ਨੇ ਕਿਵੇਂ ਦਿਖਾਇਆ ਕਿ ਉਹ ਦੂਜਿਆਂ ਦੀ ਦਿਲੋਂ ਪਰਵਾਹ ਕਰਦਾ ਸੀ?

12 ਨਿਮਰਤਾ ਦਿਖਾਉਣ ਦਾ ਦੂਜਾ ਤਰੀਕਾ ਹੈ, ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨੀ “ਜੋ ਸਾਡੇ ਵਾਂਗ ਇਸ ਨਿਹਚਾ ਨੂੰ ਅਨਮੋਲ ਸਮਝਦੇ ਹਨ।” (2 ਪਤ. 1:1) ਇਪਫ੍ਰਾਸ ਨੇ ਇੱਦਾਂ ਹੀ ਕੀਤਾ। ਜਦੋਂ ਪੌਲੁਸ ਰੋਮ ਦੇ ਇਕ ਘਰ ਵਿਚ ਕੈਦ ਸੀ, ਤਾਂ ਉਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਇਪਫ੍ਰਾਸ ਬਾਰੇ ਲਿਖਿਆ: “ਉਹ ਹਮੇਸ਼ਾ ਤੁਹਾਡੇ ਲਈ ਜੋਸ਼ ਨਾਲ ਪ੍ਰਾਰਥਨਾ ਕਰਦਾ ਹੈ।” (ਕੁਲੁ. 4:12) ਇਪਫ੍ਰਾਸ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਦਿਲੋਂ ਉਨ੍ਹਾਂ ਦੀ ਪਰਵਾਹ ਕਰਦਾ ਸੀ। ਪੌਲੁਸ ਨੇ ਉਸ ਨੂੰ ‘ਕੈਦ ਵਿਚ ਮੇਰਾ ਸਾਥੀ’ ਕਿਹਾ। (ਫਿਲੇ. 23) ਇਸ ਦਾ ਮਤਲਬ ਹੈ ਕਿ ਇਪਫ੍ਰਾਸ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਸੀ। ਪਰ ਫਿਰ ਵੀ ਉਹ ਦੂਜਿਆਂ ਦੇ ਭਲੇ ਬਾਰੇ ਸੋਚਦਾ ਰਿਹਾ ਅਤੇ ਉਸ ਨੇ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਕੀਤਾ ਵੀ। ਇਪਫ੍ਰਾਸ ਨੇ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕੀਤੀ, ਇੱਥੋਂ ਤਕ ਕਿ ਉਨ੍ਹਾਂ ਦੇ ਨਾਂ ਲੈ ਕੇ ਵੀ ਪ੍ਰਾਰਥਨਾ ਕੀਤੀ। ਅਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਵਿਚ ਬਹੁਤ ਅਸਰ ਹੁੰਦਾ ਹੈ।​—2 ਕੁਰਿੰ. 1:11; ਯਾਕੂ. 5:16.

13. ਤੁਸੀਂ ਪ੍ਰਾਰਥਨਾ ਦੇ ਮਾਮਲੇ ਵਿਚ ਇਪਫ੍ਰਾਸ ਦੀ ਰੀਸ ਕਿਵੇਂ ਕਰ ਸਕਦੇ ਹੋ?

13 ਸੋਚੋ ਕਿ ਤੁਸੀਂ ਕਿਨ੍ਹਾਂ ਦਾ ਨਾਂ ਲੈ ਕੇ ਪ੍ਰਾਰਥਨਾ ਕਰ ਸਕਦੇ ਹੋ। ਤੁਸੀਂ ਆਪਣੀ ਮੰਡਲੀ ਦੇ ਕਿਸੇ ਭੈਣ-ਭਰਾ ਜਾਂ ਉਨ੍ਹਾਂ ਪਰਿਵਾਰਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਜੋ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਸ਼ਾਇਦ ਉਨ੍ਹਾਂ ਨੇ ਕਈ ਔਖੇ ਫ਼ੈਸਲੇ ਕਰਨੇ ਹੋਣ ਜਾਂ ਉਹ ਕਿਸੇ ਦਬਾਅ ਦਾ ਸਾਮ੍ਹਣਾ ਕਰ ਰਹੇ ਹੋਣ। ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਜਿਹੜੇ ਆਪਣੇ ਵਿਸ਼ਵਾਸਾਂ ਕਰਕੇ ਜੇਲ੍ਹ ਵਿਚ ਹਨ ਤੇ ਇਨ੍ਹਾਂ ਦੇ ਨਾਂ jw.org ’ਤੇ ਦਿੱਤੇ ਗਏ ਹਨ। ਤੁਸੀਂ ਉਨ੍ਹਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹੋ ਜਿਨ੍ਹਾਂ ਦੇ ਕਿਸੇ ਆਪਣੇ ਪਿਆਰੇ ਦੀ ਮੌਤ ਹੋ ਗਈ ਹੈ, ਜਿਨ੍ਹਾਂ ਨੇ ਕੁਦਰਤੀ ਆਫ਼ਤਾਂ ਜਾਂ ਯੁੱਧਾਂ ਦਾ ਸਾਮ੍ਹਣਾ ਕੀਤਾ ਅਤੇ ਜੋ ਪੈਸੇ ਦੀ ਤੰਗੀ ਝੱਲ ਰਹੇ ਹਨ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਦੀ ਲੋੜ ਹੈ। ਜਦੋਂ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਇਸ ਗੱਲ ਦਾ ਸਬੂਤ ਦਿੰਦੇ ਹਾਂ ਕਿ ਅਸੀਂ ਸਿਰਫ਼ ਆਪਣੇ ਹੀ ਬਾਰੇ ਨਹੀਂ, ਸਗੋਂ ਦੂਜਿਆਂ ਬਾਰੇ ਵੀ ਸੋਚਦੇ ਹਾਂ। (ਫ਼ਿਲਿ. 2:4) ਯਹੋਵਾਹ ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ।

‘ਸੁਣਨ ਲਈ ਤਿਆਰ ਰਹੋ’

14. ਦੂਜਿਆਂ ਦੀ ਗੱਲ ਸੁਣਨ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਕਿਵੇਂ ਹੈ?

14 ਨਿਮਰਤਾ ਦਿਖਾਉਣ ਦਾ ਇਕ ਹੋਰ ਤਰੀਕਾ ਹੈ, ਦੂਜਿਆਂ ਦੀ ਗੱਲ ਸੁਣਨ ਲਈ ਤਿਆਰ ਹੋਣਾ। ਯਾਕੂਬ 1:19 ਸਾਨੂੰ ਕਹਿੰਦਾ ਹੈ, ‘ਸੁਣਨ ਲਈ ਤਿਆਰ ਰਹੋ।’ ਦੂਜਿਆਂ ਦੀ ਗੱਲ ਸੁਣਨ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਹੈ। (ਉਤ. 18:32; ਯਹੋ. 10:14) ਮਿਸਾਲ ਲਈ, ਕੂਚ 32:11-14 (ਪੜ੍ਹੋ) ਵਿਚ ਦਿੱਤੀ ਗੱਲਬਾਤ ਪੜ੍ਹੋ। ਚਾਹੇ ਯਹੋਵਾਹ ਨੂੰ ਮੂਸਾ ਦੀ ਗੱਲ ਸੁਣਨ ਦੀ ਲੋੜ ਨਹੀਂ ਸੀ, ਪਰ ਫਿਰ ਵੀ ਉਸ ਨੇ ਮੂਸਾ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਕਿ ਉਹ ਕੀ ਸੋਚਦਾ ਸੀ। ਕੀ ਤੁਸੀਂ ਉਸ ਵਿਅਕਤੀ ਦੀ ਧੀਰਜ ਨਾਲ ਗੱਲ ਸੁਣੋਗੇ ਜਿਸ ਦੀ ਸੋਚ ਕਦੀ-ਕਦਾਈਂ ਗ਼ਲਤ ਹੁੰਦੀ ਹੈ ਅਤੇ ਫਿਰ ਉਸ ਦੀ ਸਲਾਹ ਮੰਨੋਗੇ? ਪਰ ਯਹੋਵਾਹ ਧੀਰਜ ਨਾਲ ਉਨ੍ਹਾਂ ਸਾਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਨਿਹਚਾ ਨਾਲ ਉਸ ਨੂੰ ਪ੍ਰਾਰਥਨਾ ਕਰਦੇ ਹਨ।

15. ਦੂਜਿਆਂ ਨੂੰ ਆਦਰ ਦੇ ਕੇ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

15 ਆਪਣੇ ਆਪ ਤੋਂ ਪੁੱਛੋ: ‘ਜੇ ਯਹੋਵਾਹ ਇੰਨਾ ਨਿਮਰ ਹੈ ਕਿ ਉਹ ਸਾਡੀ ਵੀ ਉੱਦਾਂ ਹੀ ਗੱਲ ਸੁਣਦਾ ਹੈ ਜਿੱਦਾਂ ਉਸ ਨੇ ਅਬਰਾਹਾਮ, ਰਾਕੇਲ, ਯਹੋਸ਼ੁਆ, ਮਨੋਆਹ, ਏਲੀਯਾਹ ਅਤੇ ਹਿਜ਼ਕੀਯਾਹ ਦੀ ਸੁਣੀ ਸੀ, ਤਾਂ ਕੀ ਮੈਨੂੰ ਵੀ ਦੂਜਿਆਂ ਦੀ ਗੱਲ ਸੁਣ ਕੇ ਉਸ ਅਨੁਸਾਰ ਚੱਲਣਾ ਨਹੀਂ ਚਾਹੀਦਾ? ਕੀ ਮੈਂ ਆਪਣੇ ਭੈਣਾਂ-ਭਰਾਵਾਂ ਦੇ ਸੁਝਾਅ ਸੁਣ ਕੇ ਤੇ ਉਨ੍ਹਾਂ ਨੂੰ ਲਾਗੂ ਕਰ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਆਦਰ ਦਿਖਾ ਸਕਦਾ ਹਾਂ? ਕੀ ਮੇਰੀ ਮੰਡਲੀ ਜਾਂ ਪਰਿਵਾਰ ਵਿਚ ਇੱਦਾਂ ਦਾ ਕੋਈ ਹੈ ਜਿਸ ਵੱਲ ਮੈਂ ਹੋਰ ਜ਼ਿਆਦਾ ਧਿਆਨ ਦੇ ਸਕਦਾ ਹਾਂ? ਇੱਦਾਂ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?’​—ਉਤ. 30:6; ਨਿਆ. 13:9; 1 ਰਾਜ. 17:22; 2 ਇਤ. 30:20.

ਯਹੋਵਾਹ ਮੇਰੇ ਦੁੱਖਾਂ ਨੂੰ ਦੇਖੇ

ਦਾਊਦ ਨੇ ਕਿਹਾ: “ਉਹ ਨੂੰ ਜਾਣ ਦਿਓ।” ਜੇ ਤੁਸੀਂ ਹੁੰਦੇ, ਤਾਂ ਤੁਸੀਂ ਕੀ ਕਰਦੇ? (ਪੈਰੇ 16, 17 ਦੇਖੋ)

16. ਸ਼ਿਮਈ ਦੁਆਰਾ ਬੁਰਾ ਸਲੂਕ ਕੀਤੇ ਜਾਣ ’ਤੇ ਵੀ ਰਾਜਾ ਦਾਊਦ ਉਸ ਨਾਲ ਕਿਵੇਂ ਪੇਸ਼ ਆਇਆ?

16 ਨਿਮਰਤਾ ਦਿਖਾਉਣ ਦਾ ਇਕ ਹੋਰ ਤਰੀਕਾ ਹੈ, ਦੂਜਿਆਂ ਦੁਆਰਾ ਬੁਰਾ ਸਲੂਕ ਕਰਨ ’ਤੇ ਵੀ ਸੰਜਮ ਰੱਖਣਾ। (ਅਫ਼. 4:2) ਅਸੀਂ 2 ਸਮੂਏਲ 16:5-13 (ਪੜ੍ਹੋ) ਵਿਚ ਇਸ ਦੀ ਵਧੀਆ ਮਿਸਾਲ ਪੜ੍ਹ ਸਕਦੇ ਹਾਂ। ਰਾਜਾ ਸ਼ਾਊਲ ਦੇ ਰਿਸ਼ਤੇਦਾਰ ਸ਼ਿਮਈ ਨੇ ਦਾਊਦ ਅਤੇ ਉਸ ਦੇ ਆਦਮੀਆਂ ਦੀ ਬੇਇੱਜ਼ਤੀ ਕੀਤੀ ਤੇ ਉਨ੍ਹਾਂ ’ਤੇ ਹਮਲਾ ਕੀਤਾ। ਭਾਵੇਂ ਦਾਊਦ ਕੋਲ ਸ਼ਿਮਈ ਨੂੰ ਜਾਨੋਂ ਮਾਰਨ ਦੀ ਤਾਕਤ ਸੀ ਪਰ ਉਸ ਨੇ ਇੱਦਾਂ ਨਹੀਂ ਕੀਤਾ। ਉਸ ਨੇ ਬੇਇੱਜ਼ਤੀ ਬਰਦਾਸ਼ਤ ਕੀਤੀ। ਦਾਊਦ ਸੰਜਮ ਕਿਵੇਂ ਰੱਖ ਸਕਿਆ? ਇਸ ਦਾ ਜਵਾਬ ਸਾਨੂੰ ਤੀਜੇ ਜ਼ਬੂਰ ਵਿੱਚੋਂ ਮਿਲਦਾ ਹੈ।

17. ਕਿਸ ਗੱਲ ਨੇ ਦਾਊਦ ਦੀ ਸੰਜਮ ਰੱਖਣ ਵਿਚ ਮਦਦ ਕੀਤੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

17 ਦਾਊਦ ਨੇ ਤੀਜਾ ਜ਼ਬੂਰ ਉਦੋਂ ਲਿਖਿਆ ਸੀ ਜਦੋਂ ਉਸ ਦਾ ਪੁੱਤਰ ਅਬਸ਼ਾਲੋਮ ਉਸ ਨੂੰ ਮਾਰਨਾ ਚਾਹੁੰਦਾ ਸੀ। ਇਸੇ ਸਮੇਂ ਦੌਰਾਨ ਹੀ ਸ਼ਿਮਈ ਨੇ ਦਾਊਦ ’ਤੇ ਹਮਲਾ ਕੀਤਾ। ਪਰ ਦਾਊਦ ਨੂੰ ਸ਼ਾਂਤ ਰਹਿਣ ਦੀ ਤਾਕਤ ਕਿਵੇਂ ਮਿਲੀ? ਜ਼ਬੂਰ 3:4 ਵਿਚ ਅਸੀਂ ਦਾਊਦ ਦੇ ਸ਼ਬਦ ਪੜ੍ਹਦੇ ਹਾਂ: “ਮੈਂ ਆਪਣੀ ਅਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ।” ਬੁਰਾ ਸਲੂਕ ਹੋਣ ’ਤੇ ਸਾਨੂੰ ਦਾਊਦ ਵਾਂਗ ਪ੍ਰਾਰਥਨਾ ਕਰਨੀ ਚਾਹੀਦੀ ਹੈ। ਫਿਰ ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਦੇਵੇਗਾ। ਜਦੋਂ ਦੂਜੇ ਤੁਹਾਡੇ ਨਾਲ ਬੁਰਾ ਸਲੂਕ ਕਰਦੇ ਹਨ, ਤਾਂ ਕੀ ਤੁਸੀਂ ਹੋਰ ਜ਼ਿਆਦਾ ਸੰਜਮ ਰੱਖ ਸਕਦੇ ਹੋ ਜਾਂ ਹੋਰ ਜ਼ਿਆਦਾ ਦੂਜਿਆਂ ਨੂੰ ਮਾਫ਼ ਕਰ ਸਕਦੇ ਹੋ? ਕੀ ਤੁਹਾਨੂੰ ਭਰੋਸਾ ਹੈ ਕਿ ਯਹੋਵਾਹ ਤੁਹਾਡੇ ਦੁੱਖਾਂ ਨੂੰ ਜਾਣਦਾ ਹੈ ਅਤੇ ਤੁਹਾਡੀ ਮਦਦ ਕਰੇਗਾ ਤੇ ਤੁਹਾਨੂੰ ਬਰਕਤ ਦੇਵੇਗਾ?

“ਬੁੱਧ ਲਾਲਾਂ ਨਾਲੋਂ ਵੀ ਉੱਤਮ ਹੈ”

18. ਜੇ ਅਸੀਂ ਯਹੋਵਾਹ ਦੀਆਂ ਹਿਦਾਇਤਾਂ ਮੰਨਾਂਗੇ, ਤਾਂ ਸਾਨੂੰ ਕੀ ਫ਼ਾਇਦਾ ਹੋਵੇਗਾ?

18 ਜਦੋਂ ਅਸੀਂ ਉਹ ਕੰਮ ਕਰਾਂਗੇ ਜੋ ਸਾਨੂੰ ਪਤਾ ਹਨ ਕਿ ਸਹੀ ਹਨ, ਤਾਂ ਅਸੀਂ ਬੁੱਧੀਮਾਨ ਬਣਾਂਗੇ ਅਤੇ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। ਕਹਾਉਤਾਂ 8:11 ਵਿਚ ਲਿਖਿਆ ਹੈ: “ਬੁੱਧ ਲਾਲਾਂ ਨਾਲੋਂ ਵੀ ਉੱਤਮ ਹੈ।” ਬੁੱਧ ਦਾ ਆਧਾਰ ਗਿਆਨ ਹੈ। ਪਰ ਇਸ ਵਿਚ ਜਾਣਕਾਰੀ ਨੂੰ ਸਮਝਣਾ ਹੀ ਕਾਫ਼ੀ ਨਹੀਂ ਹੈ, ਸਗੋਂ ਫ਼ੈਸਲੇ ਕਰਨੇ ਵੀ ਸ਼ਾਮਲ ਹਨ। ਕੀੜੀਆਂ ਵੀ ਬੁੱਧੀਮਾਨ ਹੁੰਦੀਆਂ ਹਨ। ਉਹ ਇਹ ਬੁੱਧ ਗਰਮੀਆਂ ਲਈ ਖਾਣਾ ਇਕੱਠਾ ਕਰ ਕੇ ਦਿਖਾਉਂਦੀਆਂ ਹਨ। (ਕਹਾ. 30:24, 25) ਮਸੀਹ ਨੂੰ ‘ਪਰਮੇਸ਼ੁਰ ਦੀ ਬੁੱਧ’ ਕਿਹਾ ਗਿਆ ਹੈ ਜੋ ਹਮੇਸ਼ਾ ਉਹੀ ਕੰਮ ਕਰਦਾ ਹੈ ਜਿਸ ਤੋਂ ਉਸ ਦੇ ਪਿਤਾ ਨੂੰ ਖ਼ੁਸ਼ੀ ਹੁੰਦੀ ਹੈ। (1 ਕੁਰਿੰ. 1:24; ਯੂਹੰ. 8:29) ਜੇ ਅਸੀਂ ਵੀ ਨਿਮਰ ਰਹਿੰਦੇ ਹਾਂ ਅਤੇ ਬੁੱਧੀਮਾਨੀ ਦਿਖਾਉਂਦੇ ਹੋਏ ਉਹ ਕੰਮ ਕਰਦੇ ਹਾਂ ਜੋ ਸਾਨੂੰ ਪਤਾ ਹਨ ਕਿ ਸਹੀ ਹਨ, ਤਾਂ ਪਰਮੇਸ਼ੁਰ ਸਾਨੂੰ ਇਨਾਮ ਦੇਵੇਗਾ। (ਮੱਤੀ 7:21-23 ਪੜ੍ਹੋ।) ਇਸ ਲਈ ਮੰਡਲੀ ਵਿਚ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ ਜਿੱਥੇ ਸਾਰੇ ਜਣੇ ਨਿਮਰਤਾ ਨਾਲ ਯਹੋਵਾਹ ਦੀ ਸੇਵਾ ਕਰ ਸਕਣ। ਜਿਹੜੇ ਕੰਮ ਸਾਨੂੰ ਪਤਾ ਹਨ ਕਿ ਸਹੀ ਹਨ, ਉਨ੍ਹਾਂ ਨੂੰ ਕਰਨ ਲਈ ਸਮਾਂ ਲੱਗਦਾ ਹੈ ਤੇ ਧੀਰਜ ਰੱਖਣਾ ਪੈਂਦਾ ਹੈ। ਪਰ ਇਸ ਤਰ੍ਹਾਂ ਕਰਨ ਲਈ ਨਿਮਰਤਾ ਦਿਖਾਉਣ ਦੀ ਲੋੜ ਹੈ। ਨਿਮਰਤਾ ਦਿਖਾਉਣ ਕਰਕੇ ਸਾਨੂੰ ਅੱਜ ਅਤੇ ਹਮੇਸ਼ਾ ਲਈ ਖ਼ੁਸ਼ੀ ਮਿਲੇਗੀ।