ਯਹੋਵਾਹ ਦੀ ਰੀਸ ਕਰਦਿਆਂ ਪਰਵਾਹ ਦਿਖਾਓ
“ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ।”—ਜ਼ਬੂ. 41:1.
ਗੀਤ: 35, 50
1. ਯਹੋਵਾਹ ਦੇ ਸੇਵਕ ਕਿਵੇਂ ਦਿਖਾਉਂਦੇ ਹਨ ਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ?
ਦੁਨੀਆਂ ਭਰ ਵਿਚ ਯਹੋਵਾਹ ਦੇ ਸੇਵਕ ਇਕ ਪਰਿਵਾਰ ਦਾ ਹਿੱਸਾ ਹਨ। ਉਹ ਭੈਣਾਂ-ਭਰਾਵਾਂ ਵਾਂਗ ਇਕ-ਦੂਜੇ ਨੂੰ ਪਿਆਰ ਕਰਦੇ ਹਨ। (1 ਯੂਹੰ. 4:16, 21) ਕਈ ਵਾਰ ਉਹ ਆਪਣੇ ਭੈਣਾਂ-ਭਰਾਵਾਂ ਲਈ ਵੱਡੀਆਂ ਕੁਰਬਾਨੀਆਂ ਕਰਦੇ ਹਨ ਅਤੇ ਬਹੁਤ ਵਾਰ ਉਹ ਛੋਟੇ-ਛੋਟੇ ਕੰਮਾਂ ਰਾਹੀਂ ਆਪਣਾ ਪਿਆਰ ਜ਼ਾਹਰ ਕਰਦੇ ਹਨ। ਮਿਸਾਲ ਲਈ, ਉਹ ਸ਼ਾਇਦ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਹਿਣ ਜਾਂ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣ। ਦੂਜਿਆਂ ਨੂੰ ਪਰਵਾਹ ਦਿਖਾ ਕੇ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰਦੇ ਹਾਂ।—ਅਫ਼. 5:1.
2. ਯਿਸੂ ਨੇ ਆਪਣੇ ਪਿਤਾ ਦੇ ਪਿਆਰ ਦੀ ਰੀਸ ਕਿਵੇਂ ਕੀਤੀ?
2 ਯਿਸੂ ਨੇ ਪੂਰੀ ਤਰ੍ਹਾਂ ਆਪਣੇ ਪਿਤਾ ਦੀ ਰੀਸ ਕੀਤੀ। ਉਹ ਦੂਜਿਆਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਕਿਹਾ: “ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ।” (ਮੱਤੀ 11:28, 29) ਜਦੋਂ ਅਸੀਂ ਯਿਸੂ ਦੀ ਰੀਸ ਕਰਦਿਆਂ “ਗਰੀਬ ਦੀ ਸੁੱਧ” ਲੈਂਦੇ ਹਾਂ, ਤਾਂ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ ਅਤੇ ਇਸ ਨਾਲ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। (ਜ਼ਬੂ. 41:1) ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਆਪਣੇ ਪਰਿਵਾਰ, ਭੈਣਾਂ-ਭਰਾਵਾਂ ਅਤੇ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਲਈ ਪਰਵਾਹ ਕਿਵੇਂ ਦਿਖਾ ਸਕਦੇ ਹਾਂ।
ਪਰਿਵਾਰ ਲਈ ਪਰਵਾਹ ਦਿਖਾਓ
3. ਪਤੀ ਆਪਣੀ ਪਤਨੀ ਲਈ ਪਰਵਾਹ ਕਿਵੇਂ ਦਿਖਾ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
3 ਪਤੀਆਂ ਨੂੰ ਆਪਣੇ ਪਰਿਵਾਰ ਵਿਚ ਵਧੀਆ ਮਿਸਾਲ ਰੱਖਣ ਦੀ ਲੋੜ ਹੈ ਅਤੇ ਇਹ ਦਿਖਾਉਣ ਦੀ ਲੋੜ ਹੈ ਕਿ ਉਹ ਆਪਣੇ ਪਰਿਵਾਰ ਦੀ ਕਿੰਨੀ ਪਰਵਾਹ ਕਰਦੇ ਹਨ। (ਅਫ਼. 5:25; 6:4) ਬਾਈਬਲ ਦੱਸਦੀ ਹੈ ਕਿ ਪਤੀਆਂ ਨੂੰ ਆਪਣੀਆਂ ਪਤਨੀਆਂ ਦੀ ਪਰਵਾਹ ਕਰਨੀ ਅਤੇ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ। (1 ਪਤ. 3:7) ਇਕ ਸਮਝਦਾਰ ਪਤੀ ਜਾਣਦਾ ਹੈ ਕਿ ਭਾਵੇਂ ਉਹ ਕਈ ਗੱਲਾਂ ਵਿਚ ਆਪਣੀ ਪਤਨੀ ਤੋਂ ਵੱਖਰਾ ਹੈ, ਪਰ ਉਹ ਕਿਸੇ ਵੀ ਤਰੀਕੇ ਨਾਲ ਉਸ ਤੋਂ ਬਿਹਤਰ ਨਹੀਂ ਹੈ। (ਉਤ. 2:18) ਉਹ ਉਸ ਦੀਆਂ ਭਾਵਨਾਵਾਂ ਦੀ ਪਰਵਾਹ ਕਰਦਾ ਹੈ ਅਤੇ ਉਸ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਂਦਾ ਹੈ। ਕੈਨੇਡਾ ਵਿਚ ਰਹਿਣ ਵਾਲੀ ਇਕ ਔਰਤ ਆਪਣੇ ਪਤੀ ਬਾਰੇ ਦੱਸਦੀ ਹੈ: “ਉਹ ਕਦੇ ਵੀ ਮੇਰੀਆਂ ਭਾਵਨਾਵਾਂ ਨੂੰ ਐਵੇਂ ਨਹੀਂ ਸਮਝਦੇ ਜਾਂ ਕਹਿੰਦੇ ਹਨ, ‘ਤੈਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ।’ ਉਹ ਮੇਰੀ ਗੱਲ ਧਿਆਨ ਨਾਲ ਸੁਣਦੇ ਹਨ। ਜਦੋਂ ਕਿਸੇ ਮਾਮਲੇ ਬਾਰੇ ਮੇਰੇ ਨਜ਼ਰੀਏ ਵਿਚ ਸੁਧਾਰ ਕਰਨ ਦੀ ਲੋੜ ਹੁੰਦੀ ਹੈ, ਤਾਂ ਉਹ ਪਿਆਰ ਨਾਲ ਮੈਨੂੰ ਸੁਧਾਰਦੇ ਹਨ।”
4. ਦੂਜੀਆਂ ਔਰਤਾਂ ਨਾਲ ਪੇਸ਼ ਆਉਂਦਿਆਂ ਇਕ ਪਤੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਦੀਆਂ ਭਾਵਨਾਵਾਂ ਦੀ ਪਰਵਾਹ ਕਰਦਾ ਹੈ?
4 ਜਿਹੜਾ ਪਤੀ ਆਪਣੀ ਪਤਨੀ ਦੀਆਂ ਭਾਵਨਾਵਾਂ ਦੀ ਪਰਵਾਹ ਕਰਦਾ ਹੈ, ਉਹ ਕਦੇ ਵੀ ਕਿਸੇ ਹੋਰ ਔਰਤ ਨਾਲ ਅੱਖ-ਮਟੱਕਾ ਨਹੀਂ ਕਰਦਾ ਤੇ ਨਾ ਹੀ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਦਿਲਚਸਪੀ ਲੈਂਦਾ ਹੈ। ਉਹ ਸੋਸ਼ਲ ਮੀਡੀਆ ਜਾਂ ਇੰਟਰਨੈੱਟ ਦੀ ਵਰਤੋਂ ਕਰਦਿਆਂ ਵੀ ਕਿਸੇ ਨਾਲ ਪਿਆਰ ਦੀਆਂ ਪੀਂਘਾਂ ਨਹੀਂ ਪਾਉਂਦਾ। (ਅੱਯੂ. 31:1) ਜੀ ਹਾਂ, ਉਹ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਰਹਿੰਦਾ ਹੈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਹੈ। ਨਾਲੇ ਉਹ ਯਹੋਵਾਹ ਨੂੰ ਪਿਆਰ ਕਰਦਾ ਹੈ ਅਤੇ ਬੁਰਾਈ ਨਾਲ ਨਫ਼ਰਤ ਕਰਦਾ ਹੈ।—ਜ਼ਬੂਰਾਂ ਦੀ ਪੋਥੀ 19:14; 97:10 ਪੜ੍ਹੋ।
5. ਪਤਨੀ ਆਪਣੇ ਪਤੀ ਲਈ ਪਰਵਾਹ ਕਿਵੇਂ ਦਿਖਾ ਸਕਦੀ ਹੈ?
5 ਜਦੋਂ ਪਤੀ ਆਪਣੇ ਸਿਰ, ਯਿਸੂ ਮਸੀਹ, ਦੀ ਰੀਸ ਕਰਦਾ ਹੈ, ਤਾਂ ਉਸ ਦੀ ਪਤਨੀ ਲਈ ਉਸ ਦਾ “ਗਹਿਰਾ ਆਦਰ” ਕਰਨਾ ਸੌਖਾ ਹੁੰਦਾ ਹੈ। (ਅਫ਼. 5:22-25, 33) ਆਦਰ ਹੋਣ ਕਰਕੇ ਉਹ ਆਪਣੇ ਪਤੀ ਲਈ ਪਰਵਾਹ ਦਿਖਾਏਗੀ ਜਦੋਂ ਉਸ ਦਾ ਪਤੀ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਵਿਅਸਤ ਹੁੰਦਾ ਹੈ ਜਾਂ ਜਦੋਂ ਉਹ ਮੁਸ਼ਕਲਾਂ ਕਰਕੇ ਪਰੇਸ਼ਾਨ ਹੁੰਦਾ ਹੈ। ਬਰਤਾਨੀਆ ਤੋਂ ਇਕ ਪਤੀ ਦੱਸਦਾ ਹੈ: “ਕਈ ਵਾਰ ਮੇਰੀ ਪਤਨੀ ਮੇਰੇ ਵਰਤਾਅ ਵਿਚ ਆਈ ਤਬਦੀਲੀ ਨੂੰ ਦੇਖ ਕੇ ਸਮਝ ਜਾਂਦੀ ਹੈ ਕਿ ਕੋਈ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਹੈ। ਫਿਰ ਉਹ ਕਹਾਉਤਾਂ 20:5 ਵਿਚ ਦਿੱਤੇ ਅਸੂਲ ਨੂੰ ਲਾਗੂ ਕਰਦੀ ਹੈ ਮਤਲਬ ਜੇ ਮੈਂ ਉਸ ਮਸਲੇ ਬਾਰੇ ਉਸ ਨਾਲ ਖੁੱਲ੍ਹ ਕੇ ਗੱਲ ਕਰ ਸਕਦਾ ਹੋਵਾਂ, ਤਾਂ ਉਹ ਮੇਰੇ ਵਿਚਾਰਾਂ ਨੂੰ “ਬਾਹਰ ਕੱਢ” ਲਿਆਉਣ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਦੀ ਹੈ।”
6. ਅਸੀਂ ਸਾਰੇ ਜਣੇ ਬੱਚਿਆਂ ਨੂੰ ਦੂਜਿਆਂ ਲਈ ਪਰਵਾਹ ਦਿਖਾਉਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ ਅਤੇ ਇਸ ਨਾਲ ਬੱਚਿਆਂ ਨੂੰ ਕੀ ਫ਼ਾਇਦਾ ਹੋਵੇਗਾ?
6 ਜਦੋਂ ਮਾਪੇ ਇਕ-ਦੂਜੇ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਂਦੇ ਹਨ, ਤਾਂ ਉਹ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਣ ਦੀ ਲੋੜ ਹੈ ਕਿ ਉਹ ਦੂਜਿਆਂ ਦੀ ਪਰਵਾਹ ਕਰਨ। ਮਿਸਾਲ ਲਈ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਕਿੰਗਡਮ ਹਾਲ ਵਿਚ ਦੌੜਨ-ਭੱਜਣ ਨਾ। ਜਾਂ ਜਦੋਂ ਉਹ ਬਾਕੀਆਂ ਨਾਲ ਇਕੱਠੇ ਹੁੰਦੇ ਹਨ, ਤਾਂ ਮਾਪੇ ਆਪਣੇ ਬੱਚਿਆਂ ਨੂੰ ਕਹਿ ਸਕਦੇ ਹਨ ਕਿ ਉਹ ਪਹਿਲਾਂ ਸਿਆਣੇ ਭੈਣਾਂ-ਭਰਾਵਾਂ ਨੂੰ ਖਾਣਾ ਲੈਣ ਦੇਣ। ਦਰਅਸਲ, ਮੰਡਲੀ ਵਿਚ ਸਾਰੇ ਜਣੇ ਮਾਪਿਆਂ ਦੀ ਮਦਦ ਕਰ ਸਕਦੇ ਹਨ। ਮਿਸਾਲ ਲਈ, ਤੁਹਾਨੂੰ ਬੱਚੇ ਵੱਲੋਂ ਕੀਤੇ ਕਿਸੇ ਕੰਮ ਦੀ ਤਾਰੀਫ਼ ਕਰਨੀ ਚਾਹੀਦੀ ਹੈ, ਜਿਵੇਂ ਜਦੋਂ ਉਹ ਤੁਹਾਡੇ ਲਈ ਦਰਵਾਜ਼ਾ ਖੋਲ੍ਹਦਾ ਹੈ। ਇਸ ਗੱਲ ਕਰਕੇ ਬੱਚੇ ਨੂੰ ਵਧੀਆ ਲੱਗੇਗਾ ਅਤੇ ਉਸ ਦੀ ਇਹ ਗੱਲ ਸਿੱਖਣ ਵਿਚ ਮਦਦ ਹੋਵੇਗੀ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.
ਭੈਣਾਂ-ਭਰਾਵਾਂ ਲਈ ਪਰਵਾਹ ਦਿਖਾਓ
7. ਯਿਸੂ ਨੇ ਇਕ ਬੋਲ਼ੇ ਆਦਮੀ ਲਈ ਪਰਵਾਹ ਕਿਵੇਂ ਦਿਖਾਈ ਅਤੇ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
7 ਇਕ ਵਾਰ ਜਦੋਂ ਯਿਸੂ ਦਿਕਾਪੁਲਿਸ ਦੇ ਇਲਾਕੇ ਵਿਚ ਸੀ, ਉਦੋਂ ਲੋਕ “ਉਸ ਕੋਲ ਇਕ ਬੋਲ਼ੇ ਆਦਮੀ ਨੂੰ ਲਿਆਏ ਜਿਸ ਦੀ ਜ਼ਬਾਨ ਵਿਚ ਵੀ ਨੁਕਸ ਸੀ।” (ਮਰ. 7:31-35) ਸਾਰਿਆਂ ਸਾਮ੍ਹਣੇ ਠੀਕ ਕਰਨ ਦੀ ਬਜਾਇ ਯਿਸੂ “ਉਸ ਨੂੰ ਭੀੜ ਤੋਂ ਦੂਰ ਲੈ ਗਿਆ” ਅਤੇ ਉਸ ਨੂੰ ਠੀਕ ਕੀਤਾ। ਯਿਸੂ ਨੇ ਇੱਦਾਂ ਕਿਉਂ ਕੀਤਾ? ਉਹ ਆਦਮੀ ਬੋਲ਼ਾ ਸੀ। ਸ਼ਾਇਦ ਇਸ ਕਰਕੇ ਉਹ ਭੀੜ ਵਿਚ ਬੇਚੈਨੀ ਮਹਿਸੂਸ ਕਰਦਾ। ਯਿਸੂ ਨੇ ਉਸ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਸ ਨੂੰ ਇਕ ਪਾਸੇ ਲਿਜਾ ਕੇ ਠੀਕ ਕੀਤਾ। ਬਿਨਾਂ ਸ਼ੱਕ, ਅਸੀਂ ਚਮਤਕਾਰ ਨਹੀਂ ਕਰ ਸਕਦੇ, ਪਰ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ।” (ਇਬ. 10:24) ਯਿਸੂ ਨੇ ਸਮਝਿਆ ਕਿ ਬੋਲ਼ਾ ਆਦਮੀ ਕਿੱਦਾਂ ਮਹਿਸੂਸ ਕਰ ਰਿਹਾ ਸੀ ਅਤੇ ਉਹ ਸਮਝਦਾਰੀ ਨਾਲ ਉਸ ਆਦਮੀ ਨਾਲ ਪੇਸ਼ ਆਇਆ। ਇਹ ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ!
8, 9. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸਿਆਣੀ ਉਮਰ ਦੇ ਅਤੇ ਬੀਮਾਰ ਭੈਣਾਂ-ਭਰਾਵਾਂ ਦੀ ਪਰਵਾਹ ਕਰਦੇ ਹਾਂ? ਮਿਸਾਲਾਂ ਦਿਓ।
8 ਸਿਆਣੀ ਉਮਰ ਦੇ ਅਤੇ ਬੀਮਾਰ ਭੈਣਾਂ-ਭਰਾਵਾਂ ਲਈ ਪਰਵਾਹ ਦਿਖਾਓ। ਮੰਡਲੀ ਦਾ ਮੁੱਖ ਗੁਣ ਕਾਬਲੀਅਤ ਨਹੀਂ, ਸਗੋਂ ਪਿਆਰ ਹੈ। (ਯੂਹੰ. 13:34, 35) ਪਿਆਰ ਸਾਨੂੰ ਸਿਆਣੀ ਉਮਰ ਦੇ ਅਤੇ ਬੀਮਾਰ ਭੈਣਾਂ-ਭਰਾਵਾਂ ਦੀ ਪੂਰੀ ਵਾਹ ਲਾ ਕੇ ਮਦਦ ਕਰਨ ਲਈ ਪ੍ਰੇਰਦਾ ਹੈ ਤਾਂਕਿ ਉਹ ਸਭਾਵਾਂ ਤੇ ਪ੍ਰਚਾਰ ’ਤੇ ਜਾ ਸਕਣ। ਅਸੀਂ ਉਨ੍ਹਾਂ ਦੀ ਉਦੋਂ ਵੀ ਮਦਦ ਕਰਦੇ ਹਾਂ ਜਦੋਂ ਸਾਡੇ ਲਈ ਮਦਦ ਕਰਨੀ ਸੌਖੀ ਨਹੀਂ ਹੁੰਦੀ ਜਾਂ ਉਹ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਥੋੜ੍ਹਾ-ਬਹੁਤਾ ਹੀ ਕਰ ਸਕਦੇ ਹਨ। (ਮੱਤੀ 13:23) ਮਾਈਕਲ ਵੀਲ-ਚੇਅਰ ਦੀ ਸਹਾਇਤਾ ਨਾਲ ਇੱਧਰ-ਉੱਧਰ ਜਾ ਸਕਦਾ ਹੈ। ਉਹ ਆਪਣੇ ਪਰਿਵਾਰ ਤੇ ਮੰਡਲੀ ਦੇ ਭੈਣਾਂ-ਭਰਾਵਾਂ ਵੱਲੋਂ ਮਿਲਦੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹੈ। ਉਹ ਦੱਸਦਾ ਹੈ: “ਉਨ੍ਹਾਂ ਦੀ ਮਦਦ ਕਰਕੇ ਮੈਂ ਜ਼ਿਆਦਾਤਰ ਸਭਾਵਾਂ ’ਤੇ ਅਤੇ ਬਾਕਾਇਦਾ ਪ੍ਰਚਾਰ ’ਤੇ ਜਾ ਸਕਦਾ ਹਾਂ। ਮੈਨੂੰ ਖ਼ਾਸ ਕਰਕੇ ਖੁੱਲ੍ਹੇ-ਆਮ ਗਵਾਹੀ ਦੇ ਕੇ ਮਜ਼ਾ ਆਉਂਦਾ ਹੈ।”
9 ਬਹੁਤ ਸਾਰੇ ਬੈਥਲ ਘਰਾਂ ਵਿਚ ਸਿਆਣੀ ਉਮਰ ਦੇ ਅਤੇ ਬੀਮਾਰ ਭੈਣ-ਭਰਾ ਹਨ। ਪਰਵਾਹ ਕਰਨ ਵਾਲੇ ਓਵਰਸੀਅਰ ਸਿਆਣੀ ਉਮਰ ਦੇ ਅਤੇ ਬੀਮਾਰ ਭੈਣਾਂ-ਭਰਾਵਾਂ ਲਈ ਪ੍ਰਬੰਧ ਕਰਦੇ ਹਨ ਕਿ ਉਹ ਚਿੱਠੀਆਂ ਲਿਖ ਕੇ ਅਤੇ ਟੈਲੀਫ਼ੋਨ ਰਾਹੀਂ ਗਵਾਹੀ ਦੇ ਸਕਣ। ਇਸ ਪ੍ਰਬੰਧ ਰਾਹੀਂ ਉਹ ਇਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਨ। 86 ਸਾਲਾਂ ਦਾ ਬਿਲ ਦੂਰ-ਦੁਰਾਡੇ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਚਿੱਠੀਆਂ ਲਿਖਦਾ ਹੈ। ਉਹ ਦੱਸਦਾ ਹੈ: “ਅਸੀਂ ਚਿੱਠੀਆਂ ਲਿਖਣ ਦੇ ਸਨਮਾਨ ਦੀ ਕਦਰ ਕਰਦੇ ਹਾਂ।” 90 ਕੁ ਸਾਲਾਂ ਦੀ ਨੈੱਨਸੀ ਦੱਸਦੀ ਹੈ: “ਮੈਂ ਚਿੱਠੀਆਂ ਲਿਖ ਕੇ ਲਿਫ਼ਾਫ਼ੇ ਨਹੀਂ ਭਰਦੀ, ਸਗੋਂ ਲੋਕਾਂ ਨੂੰ ਪ੍ਰਚਾਰ ਕਰਦੀ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਸੱਚਾਈ ਦੱਸੀ ਜਾਵੇ।” ਐਥਲ ਦਾ ਜਨਮ 1921 ਵਿਚ ਹੋਇਆ। ਉਹ ਦੱਸਦੀ ਹੈ: “ਮੇਰੇ ਹਰ ਵੇਲੇ ਦਰਦਾਂ ਹੁੰਦੀਆਂ ਹਨ। ਕਈ ਵਾਰ ਤਾਂ ਤਿਆਰ ਹੋਣਾ ਮੈਨੂੰ ਪਹਾੜ ਜਿੱਡਾ ਕੰਮ ਲੱਗਦਾ।” ਪਰ ਫਿਰ ਵੀ ਉਸ ਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇ ਕੇ ਖ਼ੁਸ਼ੀ ਮਿਲਦੀ ਹੈ ਅਤੇ ਉਸ ਕੋਲ ਕੁਝ ਵਧੀਆ ਰਿਟਰਨ ਵਿਜ਼ਿਟਾਂ ਹਨ। 85 ਸਾਲਾਂ ਦੀ ਬਾਰਬਰਾ ਦੱਸਦੀ ਹੈ: “ਸਿਹਤ ਖ਼ਰਾਬ ਰਹਿਣ ਕਰਕੇ ਮੇਰੇ ਲਈ ਬਾਕਾਇਦਾ ਪ੍ਰਚਾਰ ’ਤੇ ਜਾਣਾ ਬਹੁਤ ਔਖਾ ਹੈ। ਪਰ ਟੈਲੀਫ਼ੋਨ ਰਾਹੀਂ ਮੈਂ ਦੂਜਿਆਂ ਨੂੰ ਗਵਾਹੀ ਦੇ ਸਕਦੀ ਹਾਂ। ਯਹੋਵਾਹ, ਤੇਰਾ ਸ਼ੁਕਰੀਆ।” ਇਕ ਸਾਲ ਤੋਂ ਘੱਟ ਸਮੇਂ ਵਿਚ ਇਕ ਬੈਥਲ ਦੇ ਸਿਆਣੀ ਉਮਰ ਦੇ ਪਿਆਰੇ ਭੈਣਾਂ-ਭਰਾਵਾਂ ਨੇ ਪ੍ਰਚਾਰ ਵਿਚ 1,228 ਘੰਟੇ ਬਿਤਾਏ, 6,265 ਚਿੱਠੀਆਂ ਲਿਖੀਆਂ, 2,000 ਤੋਂ ਜ਼ਿਆਦਾ ਫ਼ੋਨ ਕੀਤੇ ਅਤੇ 6,315 ਪ੍ਰਕਾਸ਼ਨ ਦਿੱਤੇ। ਬਿਨਾਂ ਸ਼ੱਕ, ਇਨ੍ਹਾਂ ਭੈਣਾਂ-ਭਰਾਵਾਂ ਦੀਆਂ ਕੋਸ਼ਿਸ਼ਾਂ ਨੇ ਯਹੋਵਾਹ ਦਾ ਦਿਲ ਬਹੁਤ ਖ਼ੁਸ਼ ਕੀਤਾ ਹੋਣਾ!—ਕਹਾ. 27:11.
10. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਭੈਣ-ਭਰਾ ਸਭਾਵਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਣ?
10 ਸਭਾਵਾਂ ਵਿਚ ਦੂਜਿਆਂ ਲਈ ਪਰਵਾਹ ਦਿਖਾਓ। ਜਦੋਂ ਅਸੀਂ ਭੈਣਾਂ-ਭਰਾਵਾਂ ਦੀ ਪਰਵਾਹ ਕਰਦੇ ਹਾਂ, ਤਾਂ ਅਸੀਂ ਸਭਾਵਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਕਿਵੇਂ? ਇਕ ਤਰੀਕਾ ਹੈ, ਸਮੇਂ ’ਤੇ ਸਭਾਵਾਂ ਵਿਚ ਆ ਕੇ ਤਾਂਕਿ ਸਾਡੇ ਕਰਕੇ ਉਨ੍ਹਾਂ ਦਾ ਧਿਆਨ ਨਾ ਭਟਕੇ। ਕਦੀ-ਕਦਾਈਂ ਅਚਾਨਕ ਕੁਝ ਹੋਣ ਕਰਕੇ ਅਸੀਂ ਸ਼ਾਇਦ ਲੇਟ ਹੋ ਜਾਈਏ। ਪਰ ਜੇ ਅਸੀਂ ਹਮੇਸ਼ਾ ਲੇਟ ਆਉਂਦੇ ਹਾਂ, ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਸ ਦਾ ਭੈਣਾਂ-ਭਰਾਵਾਂ ’ਤੇ ਕੀ ਅਸਰ ਪੈਂਦਾ ਹੈ। ਨਾਲੇ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹਾਂ ਜਿਨ੍ਹਾਂ ਤੋਂ ਪਤਾ ਲੱਗੇ ਕਿ ਅਸੀਂ ਉਨ੍ਹਾਂ ਦੀ ਪਰਵਾਹ ਕਰਦੇ ਹਾਂ। ਇਸ ਤੋਂ ਇਲਾਵਾ, ਇਹ ਵੀ ਯਾਦ ਰੱਖੋ ਕਿ ਯਹੋਵਾਹ ਤੇ ਉਸ ਦਾ ਪੁੱਤਰ ਸਾਨੂੰ ਸਭਾਵਾਂ ’ਤੇ ਆਉਣ ਦਾ ਸੱਦਾ ਦਿੰਦੇ ਹਨ। (ਮੱਤੀ 18:20) ਸਮੇਂ ’ਤੇ ਆ ਕੇ ਸਾਨੂੰ ਉਨ੍ਹਾਂ ਲਈ ਆਦਰ ਦਿਖਾਉਣਾ ਚਾਹੀਦਾ ਹੈ।
11. ਜਿਨ੍ਹਾਂ ਭਰਾਵਾਂ ਦਾ ਸਭਾ ਵਿਚ ਕੋਈ ਭਾਗ ਹੁੰਦਾ ਹੈ, ਉਨ੍ਹਾਂ ਨੂੰ 1 ਕੁਰਿੰਥੀਆਂ 14:40 ਵਿਚ ਦਿੱਤੀ ਸਲਾਹ ਨੂੰ ਕਿਉਂ ਮੰਨਣਾ ਚਾਹੀਦਾ ਹੈ?
11 ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਰਵਾਹ ਦਿਖਾਉਂਦੇ ਹਾਂ, ਤਾਂ ਅਸੀਂ ਬਾਈਬਲ ਦੀ ਇਹ ਸਲਾਹ ਮੰਨਾਂਗੇ: “ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।” (1 ਕੁਰਿੰ. 14:40) ਜਿਨ੍ਹਾਂ ਭਰਾਵਾਂ ਦਾ ਸਭਾ ਵਿਚ ਕੋਈ ਭਾਗ ਹੁੰਦਾ ਹੈ, ਉਹ ਸਮੇਂ ’ਤੇ ਆਪਣਾ ਭਾਗ ਖ਼ਤਮ ਕਰ ਕੇ ਇਸ ਸਲਾਹ ਨੂੰ ਮੰਨਦੇ ਹਨ। ਇਸ ਤਰੀਕੇ ਨਾਲ ਉਹ ਸਿਰਫ਼ ਅਗਲਾ ਭਾਗ ਪੇਸ਼ ਕਰਨ ਵਾਲੇ ਭਰਾ ਲਈ ਹੀ ਨਹੀਂ, ਸਗੋਂ ਪੂਰੀ ਮੰਡਲੀ ਲਈ ਪਰਵਾਹ ਦਿਖਾਉਂਦੇ ਹਨ। ਜ਼ਰਾ ਸੋਚੋ, ਜਦੋਂ ਸਭਾ ਲੇਟ ਖ਼ਤਮ ਹੁੰਦੀ ਹੈ, ਤਾਂ ਇਸ ਦਾ ਦੂਜਿਆਂ ’ਤੇ ਕੀ ਅਸਰ ਪੈ ਸਕਦਾ ਹੈ। ਕੁਝ ਭੈਣਾਂ-ਭਰਾਵਾਂ ਨੂੰ ਘਰ ਵਾਪਸ ਜਾਣ ਲਈ ਕਾਫ਼ੀ ਲੰਬਾ ਸਫ਼ਰ ਕਰਨਾ ਪੈਂਦਾ ਹੈ। ਕੁਝ ਜਣਿਆਂ ਨੇ ਬੱਸ ਜਾਂ ਗੱਡੀ ਫੜਨੀ ਹੁੰਦੀ ਹੈ ਜਾਂ ਕਈਆਂ ਨੇ ਤੁਰ ਕੇ ਘਰ ਜਾਣਾ ਹੁੰਦਾ ਹੈ। ਕੁਝ ਜਣਿਆਂ ਦੇ ਅਵਿਸ਼ਵਾਸੀ ਜੀਵਨ ਸਾਥੀ ਹੁੰਦੇ ਹਨ ਜੋ ਚਾਹੁੰਦੇ ਹਨ ਕਿ ਉਹ ਸਮੇਂ ਸਿਰ ਘਰ ਪਹੁੰਚ ਜਾਣ।
12. ਬਜ਼ੁਰਗ ਸਾਡੇ ਪਿਆਰ ਤੇ ਆਦਰ ਦੇ ਹੱਕਦਾਰ ਕਿਉਂ ਹਨ? (“ ਅਗਵਾਈ ਕਰਨ ਵਾਲਿਆਂ ਲਈ ਪਰਵਾਹ ਦਿਖਾਓ” ਨਾਂ ਦੀ ਡੱਬੀ ਦੇਖੋ।)
12 ਬਜ਼ੁਰਗ ਮੰਡਲੀ ਤੇ ਪ੍ਰਚਾਰ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ। ਇਸ ਲਈ ਉਹ ਸਾਡੇ ਪਿਆਰ ਤੇ ਆਦਰ ਦੇ ਹੱਕਦਾਰ ਹਨ। (1 ਥੱਸਲੁਨੀਕੀਆਂ 5:12, 13 ਪੜ੍ਹੋ।) ਬਿਨਾਂ ਸ਼ੱਕ, ਤੁਸੀਂ ਉਨ੍ਹਾਂ ਵੱਲੋਂ ਕੀਤੇ ਜਾਂਦੇ ਸਾਰੇ ਕੰਮਾਂ ਲਈ ਬਹੁਤ ਸ਼ੁਕਰਗੁਜ਼ਾਰ ਹੋ। ਤੁਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦਾ ਕਹਿਣਾ ਮੰਨ ਕੇ ਅਤੇ ਉਨ੍ਹਾਂ ਦਾ ਸਾਥ ਦੇ ਕੇ ਆਪਣੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹੋ ਕਿਉਂਕਿ “ਉਹ ਇਹ ਜਾਣਦੇ ਹੋਏ ਤੁਹਾਡਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਨੇ ਆਪਣੀ ਇਸ ਜ਼ਿੰਮੇਵਾਰੀ ਦਾ ਹਿਸਾਬ ਦੇਣਾ ਹੈ।”—ਇਬ. 13:7, 17.
ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਲਈ ਪਰਵਾਹ ਦਿਖਾਓ
13. ਲੋਕਾਂ ਨਾਲ ਯਿਸੂ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਯਿਸੂ ਬਾਰੇ ਭਵਿੱਖਬਾਣੀ ਕਰਦਿਆਂ ਯਸਾਯਾਹ ਨੇ ਕਿਹਾ: “ਉਹ ਦਰੜੇ ਹੋਏ ਕਾਨੇ ਨੂੰ ਨਾ ਭੰਨੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ।” (ਯਸਾ. 42:3) ਲੋਕਾਂ ਲਈ ਪਿਆਰ ਹੋਣ ਕਰਕੇ ਯਿਸੂ ਨੂੰ ਉਨ੍ਹਾਂ ਨਾਲ ਹਮਦਰਦੀ ਸੀ। ਉਸ ਨੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਜੋ “ਦਰੜੇ ਹੋਏ ਕਾਨੇ” ਜਾਂ ਨਿੰਮ੍ਹੀ ਬੱਤੀ ਵਾਂਗ ਕਮਜ਼ੋਰ ਅਤੇ ਨਿਰਾਸ਼ ਸਨ। ਇਸ ਲਈ ਉਹ ਉਨ੍ਹਾਂ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਉਂਦਾ ਸੀ। ਬੱਚੇ ਵੀ ਯਿਸੂ ਕੋਲ ਆਉਣਾ ਪਸੰਦ ਕਰਦੇ ਸਨ। (ਮਰ. 10:14) ਬਿਨਾਂ ਸ਼ੱਕ, ਅਸੀਂ ਯਿਸੂ ਵਾਂਗ ਲੋਕਾਂ ਨੂੰ ਨਾ ਤਾਂ ਸਮਝ ਸਕਦੇ ਹਾਂ ਤੇ ਨਾ ਹੀ ਉਨ੍ਹਾਂ ਨੂੰ ਸਿਖਾ ਸਕਦੇ ਹਾਂ। ਪਰ ਅਸੀਂ ਆਪਣੇ ਇਲਾਕੇ ਦੇ ਲੋਕਾਂ ਲਈ ਪਰਵਾਹ ਦਿਖਾ ਸਕਦੇ ਹਾਂ। ਇਸ ਵਿਚ ਸ਼ਾਮਲ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਗੱਲ ਕਰਦੇ ਹਾਂ, ਕਦੋਂ ਗੱਲ ਕਰਦੇ ਹਾਂ ਅਤੇ ਕਿੰਨੀ ਦੇਰ ਤਕ ਗੱਲ ਕਰਦੇ ਹਾਂ।
14. ਸਾਨੂੰ ਲੋਕਾਂ ਨਾਲ ਆਪਣੇ ਗੱਲ ਕਰਨ ਦੇ ਤਰੀਕੇ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
ਮੱਤੀ 9:36) ਨਤੀਜੇ ਵਜੋਂ, ਬਹੁਤ ਸਾਰੇ ਲੋਕ ਕਿਸੇ ’ਤੇ ਵੀ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਇਸ ਲਈ ਸਾਡੇ ਸ਼ਬਦਾਂ ਤੇ ਬੋਲਣ ਦੇ ਤਰੀਕੇ ਤੋਂ ਜ਼ਾਹਰ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਪਰਵਾਹ ਕਰਦੇ ਹਾਂ। ਬਹੁਤ ਸਾਰੇ ਲੋਕ ਸਾਡੀ ਗੱਲ ਸਿਰਫ਼ ਇਸ ਲਈ ਹੀ ਨਹੀਂ ਸੁਣਦੇ ਕਿਉਂਕਿ ਅਸੀਂ ਬਾਈਬਲ ਦੀ ਵਧੀਆ ਤਰੀਕੇ ਨਾਲ ਵਰਤੋਂ ਕਰਦੇ ਹਾਂ, ਪਰ ਇਸ ਕਰਕੇ ਵੀ ਸੁਣਦੇ ਹਨ ਕਿਉਂਕਿ ਅਸੀਂ ਦਿਲੋਂ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਾਂ ਅਤੇ ਉਨ੍ਹਾਂ ਲਈ ਆਦਰ ਦਿਖਾਉਂਦੇ ਹਾਂ।
14 ਸਾਨੂੰ ਲੋਕਾਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ? ਅੱਜ ਭ੍ਰਿਸ਼ਟ ਅਤੇ ਬੇਰਹਿਮ ਵਪਾਰੀਆਂ, ਰਾਜਨੀਤਿਕ ਨੇਤਾਵਾਂ ਅਤੇ ਧਾਰਮਿਕ ਆਗੂਆਂ ਕਰਕੇ ਲੱਖਾਂ-ਕਰੋੜਾਂ ਲੋਕਾਂ ਦੀ ਹਾਲਤ ਉਨ੍ਹਾਂ ਭੇਡਾਂ ਵਰਗੀ ਹੈ “ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ।” (15. ਅਸੀਂ ਕਿਹੜੇ ਕੁਝ ਤਰੀਕਿਆਂ ਨਾਲ ਆਪਣੇ ਇਲਾਕੇ ਦੇ ਲੋਕਾਂ ਲਈ ਪਰਵਾਹ ਦਿਖਾ ਸਕਦੇ ਹਾਂ?
15 ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਆਪਣੇ ਇਲਾਕੇ ਦੇ ਲੋਕਾਂ ਲਈ ਪਰਵਾਹ ਦਿਖਾ ਸਕਦੇ ਹਾਂ। ਸਾਨੂੰ ਪਿਆਰ ਤੇ ਆਦਰ ਨਾਲ ਸਵਾਲ ਪੁੱਛਣੇ ਚਾਹੀਦੇ ਹਨ। ਇਕ ਪਾਇਨੀਅਰ ਉਸ ਇਲਾਕੇ ਵਿਚ ਸੇਵਾ ਕਰਦਾ ਸੀ ਜਿੱਥੇ ਲੋਕ ਸ਼ਰਮੀਲੇ ਸੁਭਾਅ ਦੇ ਸਨ। ਇਸ ਲਈ ਉਹ ਅਜਿਹੇ ਸਵਾਲ ਪੁੱਛਣ ਤੋਂ ਪਰਹੇਜ਼ ਕਰਦਾ ਸੀ ਜਿਨ੍ਹਾਂ ਦਾ ਜਵਾਬ ਪਤਾ ਨਾ ਹੋਣ ’ਤੇ ਉਨ੍ਹਾਂ ਨੂੰ ਸ਼ਰਮਿੰਦਗੀ ਹੋ ਸਕਦੀ ਸੀ। ਉਹ ਇਹ ਸਵਾਲ ਨਹੀਂ ਪੁੱਛਦਾ ਸੀ, “ਕੀ ਤੁਹਾਨੂੰ ਪਤਾ ਕਿ ਰੱਬ ਦਾ ਨਾਂ ਕੀ ਹੈ?” ਜਾਂ “ਕੀ ਤੁਹਾਨੂੰ ਪਤਾ ਰੱਬ ਦਾ ਰਾਜ ਕੀ ਹੈ?” ਇਸ ਦੀ ਬਜਾਇ, ਉਹ ਇੱਦਾਂ ਕਹਿੰਦਾ ਸੀ, “ਮੈਂ ਬਾਈਬਲ ਵਿੱਚੋਂ ਸਿੱਖਿਆ ਹੈ ਕਿ ਰੱਬ ਦਾ ਇਕ ਨਾਂ ਹੈ। ਕੀ ਮੈਂ ਤੁਹਾਨੂੰ ਇਹ ਨਾਂ ਦਿਖਾ ਸਕਦਾ ਹਾਂ?” ਲੋਕ ਅਤੇ ਸਭਿਆਚਾਰ ਵੱਖੋ-ਵੱਖਰੇ ਹੋਣ ਕਰਕੇ ਇਹ ਤਰੀਕਾ ਹਰ ਥਾਂ ਲਾਗੂ ਨਹੀਂ ਹੁੰਦਾ। ਪਰ ਸਾਨੂੰ ਆਪਣੇ ਇਲਾਕੇ ਦੇ ਲੋਕਾਂ ਨਾਲ ਹਮੇਸ਼ਾ ਪਿਆਰ ਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਇੱਦਾਂ ਕਰਨ ਲਈ ਸਾਨੂੰ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ।
16, 17. ਅਸੀਂ ਉਦੋਂ ਕਿਵੇਂ ਪਿਆਰ ਦਿਖਾ ਸਕਦੇ ਹਾਂ ਜਦੋਂ ਅਸੀਂ ਫ਼ੈਸਲਾ ਕਰਦੇ ਹਾਂ ਕਿ (ੳ) ਲੋਕਾਂ ਨੂੰ ਕਦੋਂ ਮਿਲਣ ਜਾਣਾ ਹੈ? (ਅ) ਉਨ੍ਹਾਂ ਨਾਲ ਕਿੰਨੀ ਦੇਰ ਤਕ ਗੱਲ ਕਰਨੀ ਹੈ?
16 ਸਾਨੂੰ ਕਦੋਂ ਲੋਕਾਂ ਨੂੰ ਮਿਲਣ ਜਾਣਾ ਚਾਹੀਦਾ? ਜਦੋਂ ਅਸੀਂ ਘਰ-ਘਰ ਪ੍ਰਚਾਰ ’ਤੇ ਜਾਂਦੇ ਹਾਂ, ਤਾਂ ਅਸੀਂ ਲੋਕਾਂ ਦੇ ਘਰ ਬਿਨ-ਬੁਲਾਏ ਮਹਿਮਾਨ ਹੁੰਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਦੋਂ ਲੋਕਾਂ ਦੇ ਘਰ ਜਾਈਏ ਜਦੋਂ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋਣ। (ਮੱਤੀ 7:12) ਮਿਸਾਲ ਲਈ, ਕੀ ਤੁਹਾਡੇ ਇਲਾਕੇ ਦੇ ਲੋਕ ਸ਼ਨੀ-ਐਤਵਾਰ ਨੂੰ ਦੇਰ ਨਾਲ ਉੱਠਦੇ ਹਨ? ਜੇ ਹਾਂ, ਤਾਂ ਤੁਸੀਂ ਸ਼ਾਇਦ ਸੜਕ ’ਤੇ ਜਾਂ ਖੁੱਲ੍ਹੇ-ਆਮ ਗਵਾਹੀ ਦੇ ਸਕਦੇ ਹੋ ਜਾਂ ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਜਾ ਸਕਦੇ ਹੋ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਣਗੇ।
17 ਸਾਨੂੰ ਕਿੰਨੀ ਦੇਰ ਤਕ ਗੱਲ ਕਰਨੀ ਚਾਹੀਦੀ ਹੈ? ਲੋਕ ਵਿਅਸਤ ਹਨ। ਇਸ ਕਰਕੇ ਵਧੀਆ ਹੋਵੇਗਾ ਕਿ ਅਸੀਂ ਉਨ੍ਹਾਂ ਦਾ ਥੋੜ੍ਹਾ ਹੀ ਸਮਾਂ ਲਈਏ, ਖ਼ਾਸ ਕਰਕੇ ਸ਼ੁਰੂ-ਸ਼ੁਰੂ ਵਿਚ। ਚੰਗਾ ਹੋਵੇਗਾ ਕਿ ਲੰਬੀ-ਚੌੜੀ ਗੱਲਬਾਤ ਕਰਨ ਦੀ ਬਜਾਇ ਛੇਤੀ ਗੱਲ ਖ਼ਤਮ ਕਰ ਦੇਈਏ। (1 ਕੁਰਿੰ. 9:20-23) ਜਦੋਂ ਲੋਕ ਦੇਖਦੇ ਹਨ ਕਿ ਅਸੀਂ ਸਮਝਦੇ ਹਾਂ ਕਿ ਉਹ ਵਿਅਸਤ ਹਨ, ਤਾਂ ਸ਼ਾਇਦ ਉਹ ਅਗਲੀ ਵਾਰ ਸਾਡੀ ਗੱਲ ਹੋਰ ਜ਼ਿਆਦਾ ਸੁਣਨੀ ਚਾਹੁਣ। ਜੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਗੁਣ ਦਿਖਾਵਾਂਗੇ, ਤਾਂ ਅਸੀਂ ਵਾਕਈ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਵਾਲੇ ਬਣਾਂਗੇ। ਸ਼ਾਇਦ ਯਹੋਵਾਹ ਸਾਨੂੰ ਕਿਸੇ ਨੂੰ ਸੱਚਾਈ ਸਿਖਾਉਣ ਲਈ ਵੀ ਵਰਤੇ।—1 ਕੁਰਿੰ. 3:6, 7, 9.
18. ਦੂਜਿਆਂ ਲਈ ਪਰਵਾਹ ਦਿਖਾਉਣ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
18 ਸੋ ਆਓ ਆਪਾਂ ਪੂਰੀ ਵਾਹ ਲਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ, ਆਪਣੇ ਭੈਣਾਂ-ਭਰਾਵਾਂ ਅਤੇ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਲਈ ਪਰਵਾਹ ਦਿਖਾਈਏ। ਇੱਦਾਂ ਕਰਨ ’ਤੇ ਸਾਨੂੰ ਅੱਜ ਅਤੇ ਭਵਿੱਖ ਵਿਚ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ। ਜਿੱਦਾਂ ਜ਼ਬੂਰ 41:1, 2 ਵਿਚ ਲਿਖਿਆ ਹੈ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ।”