ਅਧਿਐਨ ਲੇਖ 38
“ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ”
“ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ।”—ਮੱਤੀ 11:28.
ਗੀਤ 25 ਪਿਆਰ ਹੈ ਸਾਡੀ ਪਛਾਣ
ਖ਼ਾਸ ਗੱਲਾਂ *
1. ਮੱਤੀ 11:28-30 ਅਨੁਸਾਰ ਯਿਸੂ ਨੇ ਕਿਹੜਾ ਵਾਅਦਾ ਕੀਤਾ?
ਯਿਸੂ ਨੇ ਉਨ੍ਹਾਂ ਲੋਕਾਂ ਨਾਲ ਇਹ ਖ਼ੂਬਸੂਰਤ ਵਾਅਦਾ ਕੀਤਾ ਜੋ ਉਸ ਦੀਆਂ ਗੱਲਾਂ ਸੁਣ ਰਹੇ ਸਨ। ਉਸ ਨੇ ਕਿਹਾ: “ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ।” (ਮੱਤੀ 11:28-30 ਪੜ੍ਹੋ।) ਇਹ ਕੋਈ ਖੋਖਲਾ ਵਾਅਦਾ ਨਹੀਂ ਸੀ। ਮਿਸਾਲ ਲਈ, ਜ਼ਰਾ ਸੋਚੋ ਕਿ ਯਿਸੂ ਨੇ ਉਸ ਔਰਤ ਲਈ ਕੀ ਕੀਤਾ ਜਿਸ ਨੂੰ ਭਿਆਨਕ ਬੀਮਾਰੀ ਲੱਗੀ ਹੋਈ ਸੀ।
2. ਯਿਸੂ ਨੇ ਬੀਮਾਰ ਔਰਤ ਲਈ ਕੀ ਕੀਤਾ?
2 ਉਸ ਔਰਤ ਨੂੰ ਮਦਦ ਦੀ ਬਹੁਤ ਲੋੜ ਸੀ। ਉਹ ਠੀਕ ਹੋਣ ਦੀ ਉਮੀਦ ਨਾਲ ਕਈ ਹਕੀਮਾਂ ਕੋਲ ਗਈ। ਪਰ 12 ਸਾਲਾਂ ਬਾਅਦ ਵੀ ਉਹ ਠੀਕ ਨਹੀਂ ਹੋਈ ਸੀ। ਮੂਸਾ ਦੇ ਕਾਨੂੰਨ ਅਨੁਸਾਰ ਉਹ ਅਸ਼ੁੱਧ ਸੀ। (ਲੇਵੀ. 15:25) ਫਿਰ ਉਸ ਨੇ ਸੁਣਿਆ ਕਿ ਯਿਸੂ ਬੀਮਾਰ ਲੋਕਾਂ ਨੂੰ ਠੀਕ ਕਰ ਸਕਦਾ ਸੀ। ਇਸ ਲਈ ਉਹ ਉਸ ਨੂੰ ਲੱਭਣ ਗਈ। ਜਦੋਂ ਉਸ ਨੇ ਯਿਸੂ ਨੂੰ ਲੱਭ ਲਿਆ, ਤਾਂ ਉਸ ਨੇ ਉਸ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ ਅਤੇ ਉਹ ਇਕਦਮ ਠੀਕ ਹੋ ਗਈ। ਪਰ ਯਿਸੂ ਨੇ ਸਿਰਫ਼ ਉਸ ਦੀ ਬੀਮਾਰੀ ਹੀ ਠੀਕ ਨਹੀਂ ਕੀਤੀ, ਸਗੋਂ ਉਸ ਦਾ ਇੱਜ਼ਤ-ਮਾਣ ਵੀ ਵਾਪਸ ਦਿੱਤਾ ਜੋ ਉਹ ਗੁਆ ਚੁੱਕੀ ਸੀ। ਮਿਸਾਲ ਲਈ, ਯਿਸੂ ਨੇ ਉਸ ਔਰਤ ਨਾਲ ਗੱਲ ਕਰਦਿਆਂ ਪਿਆਰ ਦਿਖਾਉਣ ਲਈ “ਧੀਏ” ਸ਼ਬਦ ਵਰਤਿਆ। ਉਸ ਔਰਤ ਨੂੰ ਕਿੰਨੀ ਹੀ ਤਾਜ਼ਗੀ ਤੇ ਤਾਕਤ ਮਿਲੀ ਹੋਣੀ!—ਲੂਕਾ 8:43-48.
3. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?
3 ਜ਼ਰਾ ਗੌਰ ਕਰੋ ਕਿ ਉਹ ਔਰਤ ਖ਼ੁਦ ਯਿਸੂ ਕੋਲ ਗਈ ਸੀ। ਉਸ ਨੇ ਪਹਿਲ ਕੀਤੀ ਸੀ। ਇਹ ਗੱਲ ਅੱਜ ਵੀ ਸੱਚ ਹੈ ਯਾਨੀ ਸਾਨੂੰ ਵੀ ਯਿਸੂ ਕੋਲ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਯਿਸੂ ਆਪਣੇ ਕੋਲ ‘ਆਉਣ’ ਵਾਲੇ ਲੋਕਾਂ ਦੀਆਂ ਬੀਮਾਰੀਆਂ ਚਮਤਕਾਰੀ ਤਰੀਕੇ ਨਾਲ ਠੀਕ ਨਹੀਂ ਕਰਦਾ। ਪਰ ਫਿਰ ਵੀ ਉਹ
ਸਾਰਿਆਂ ਨੂੰ ਸੱਦਾ ਦਿੰਦਾ ਹੈ: “ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ।” ਇਸ ਲੇਖ ਵਿਚ ਅਸੀਂ ਪੰਜ ਸਵਾਲਾਂ ਦੇ ਜਵਾਬ ਲਵਾਂਗੇ: ਅਸੀਂ ਯਿਸੂ ਕੋਲ ਕਿਵੇਂ ਜਾ ਸਕਦੇ ਹਾਂ? ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ: “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ”? ਅਸੀਂ ਯਿਸੂ ਤੋਂ ਕੀ ਸਿੱਖ ਸਕਦੇ ਹਾਂ? ਉਸ ਵੱਲੋਂ ਦਿੱਤਾ ਕੰਮ ਕਰਨ ਨਾਲ ਅਸੀਂ ਤਰੋ-ਤਾਜ਼ਾ ਕਿਉਂ ਹੁੰਦੇ ਹਾਂ? ਅਸੀਂ ਯਿਸੂ ਦੇ ਜੂਲੇ ਹੇਠ ਆ ਕੇ ਤਰੋ-ਤਾਜ਼ਾ ਕਿਵੇਂ ਰਹਿ ਸਕਦੇ ਹਾਂ?“ਮੇਰੇ ਕੋਲ ਆਓ”
4-5. ਅਸੀਂ ਕਿਹੜੇ ਕੁਝ ਤਰੀਕਿਆਂ ਰਾਹੀਂ ਯਿਸੂ ਕੋਲ ਜਾ ਸਕਦੇ ਹਾਂ?
4 ਅਸੀਂ ਪੂਰੀ ਵਾਹ ਲਾ ਕੇ ਯਿਸੂ ਵੱਲੋਂ ਕਹੀਆਂ ਗੱਲਾਂ ਅਤੇ ਉਸ ਵੱਲੋਂ ਕੀਤੇ ਕੰਮਾਂ ਬਾਰੇ ਸਿੱਖ ਕੇ ਉਸ ਕੋਲ ਜਾਂਦੇ ਹਾਂ। (ਲੂਕਾ 1:1-4) ਇਹ ਕੰਮ ਸਾਡੇ ਲਈ ਕੋਈ ਹੋਰ ਨਹੀਂ ਕਰ ਸਕਦਾ ਯਾਨੀ ਸਾਨੂੰ ਖ਼ੁਦ ਯਿਸੂ ਬਾਰੇ ਸਿੱਖਣਾ ਪੈਣਾ। ਅਸੀਂ ਬਪਤਿਸਮਾ ਲੈਣ ਅਤੇ ਮਸੀਹ ਦੇ ਚੇਲੇ ਬਣਨ ਦਾ ਫ਼ੈਸਲਾ ਕਰ ਕੇ ਵੀ ਯਿਸੂ ਕੋਲ ਜਾਂਦੇ ਹਾਂ।
5 ਬਜ਼ੁਰਗਾਂ ਤੋਂ ਮਦਦ ਲੈ ਕੇ ਵੀ ਅਸੀਂ ਯਿਸੂ ਕੋਲ ਜਾਂਦੇ ਹਾਂ। ਯਿਸੂ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਇਨ੍ਹਾਂ “ਆਦਮੀਆਂ ਨੂੰ ਤੋਹਫ਼ਿਆਂ ਵਜੋਂ” ਵਰਤਦਾ ਹੈ। (ਅਫ਼. 4:7, 8, 11; ਯੂਹੰ. 21:16; 1 ਪਤ. 5:1-3) ਸਾਨੂੰ ਉਨ੍ਹਾਂ ਤੋਂ ਮਦਦ ਮੰਗਣ ਵਿਚ ਪਹਿਲ ਕਰਨੀ ਚਾਹੀਦੀ ਹੈ। ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਸਾਡੇ ਮਨ ਪੜ੍ਹ ਕੇ ਜਾਣ ਲੈਣ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ। ਜ਼ਰਾ ਗੌਰ ਕਰੋ ਕਿ ਜੂਲੀਅਨ ਨਾਂ ਦਾ ਇਕ ਭਰਾ ਕੀ ਕਹਿੰਦਾ ਹੈ: “ਮੈਨੂੰ ਆਪਣੀ ਸਿਹਤ ਸਮੱਸਿਆ ਕਰਕੇ ਬੈਥਲ ਛੱਡਣਾ ਪਿਆ। ਮੇਰੇ ਇਕ ਦੋਸਤ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਬਜ਼ੁਰਗਾਂ ਨੂੰ ਕਹਾਂ ਕਿ ਉਹ ਮੇਰੇ ਘਰ ਆ ਕੇ ਮੈਨੂੰ ਹੌਸਲਾ ਦੇਣ। ਪਹਿਲਾਂ-ਪਹਿਲ ਮੈਂ ਸੋਚਿਆ ਕਿ ਮੈਨੂੰ ਇਸ ਦੀ ਲੋੜ ਨਹੀਂ ਸੀ। ਪਰ ਬਾਅਦ ਵਿਚ ਮੈਂ ਮਦਦ ਮੰਗੀ ਅਤੇ ਬਜ਼ੁਰਗ ਮੈਨੂੰ ਘਰ ਮਿਲਣ ਆਏ। ਇਹ ਮੇਰੇ ਲਈ ਸਭ ਤੋਂ ਵਧੀਆ ਤੋਹਫ਼ਿਆਂ ਵਿੱਚੋਂ ਇਕ ਸੀ।” ਜੂਲੀਅਨ ਨੂੰ ਮਿਲਣ ਆਏ ਦੋ ਬਜ਼ੁਰਗਾਂ ਵਾਂਗ ਸਾਰੇ ਵਫ਼ਾਦਾਰ ਬਜ਼ੁਰਗ “ਮਸੀਹ ਦਾ ਮਨ” ਯਾਨੀ ਯਿਸੂ ਦੀ ਸੋਚ ਤੇ ਰਵੱਈਏ ਨੂੰ ਸਮਝਣ ਅਤੇ ਉਸ ਦੀ ਮਿਸਾਲ ’ਤੇ ਚੱਲਣ ਵਿਚ ਸਾਡੀ ਮਦਦ ਕਰ ਸਕਦੇ ਹਨ। (1 ਕੁਰਿੰ. 2:16; 1 ਪਤ. 2:21) ਇਹ ਸਭ ਤੋਂ ਵਧੀਆ ਤੋਹਫ਼ਿਆਂ ਵਿੱਚੋਂ ਇਕ ਹੈ ਜੋ ਉਹ ਸਾਨੂੰ ਦੇ ਸਕਦੇ ਹਨ।
“ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ”
6. ਜਦੋਂ ਯਿਸੂ ਨੇ ਕਿਹਾ ਕਿ “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ?
6 ਜਦੋਂ ਯਿਸੂ ਨੇ ਕਿਹਾ ਕਿ “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ,” ਤਾਂ ਸ਼ਾਇਦ ਉਸ ਦੇ ਕਹਿਣ ਦਾ ਮਤਲਬ ਸੀ ਕਿ “ਮੇਰਾ ਕਹਿਣਾ ਮੰਨੋ।” ਉਸ ਦੇ ਕਹਿਣ ਦਾ ਸ਼ਾਇਦ ਇਹ ਵੀ ਮਤਲਬ ਸੀ, “ਮੇਰੇ ਨਾਲ ਮੇਰੇ ਜੂਲੇ ਹੇਠ ਆਓ ਅਤੇ ਅਸੀਂ ਮਿਲ ਕੇ ਯਹੋਵਾਹ ਲਈ ਕੰਮ ਕਰਾਂਗੇ।” ਚਾਹੇ ਮਤਲਬ ਜੋ ਮਰਜ਼ੀ ਸੀ, ਪਰ ਜੂਲੇ ਹੇਠ ਆ ਕੇ ਸਾਨੂੰ ਕੰਮ ਕਰਨ ਦੀ ਲੋੜ ਹੈ।
7. ਮੱਤੀ 28:18-20 ਅਨੁਸਾਰ ਸਾਨੂੰ ਕਿਹੜਾ ਕੰਮ ਦਿੱਤਾ ਹੈ ਅਤੇ ਅਸੀਂ ਕਿਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ?
7 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਅਤੇ ਬਪਤਿਸਮਾ ਲੈ ਕੇ ਅਸੀਂ ਯਿਸੂ ਦੇ ਸੱਦੇ ਨੂੰ ਸਵੀਕਾਰ ਕਰਦੇ ਹਾਂ। ਯਿਸੂ ਨੇ ਇਹ ਸੱਦਾ ਸਾਰਿਆਂ ਨੂੰ ਦਿੱਤਾ ਹੈ ਅਤੇ ਉਹ ਦਿਲੋਂ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਆਪਣੇ ਕੋਲ ਆਉਣ ਤੋਂ ਨਹੀਂ ਰੋਕੇਗਾ। (ਯੂਹੰ. 6:37, 38) ਯਹੋਵਾਹ ਨੇ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਯਿਸੂ ਨੂੰ ਦਿੱਤਾ ਸੀ ਅਤੇ ਮਸੀਹ ਚੇਲਿਆਂ ਵਜੋਂ ਸਾਡੇ ਕੋਲ ਇਸ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਹੈ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਇਹ ਕੰਮ ਕਰਨ ਵਿਚ ਹਮੇਸ਼ਾ ਸਾਡੀ ਮਦਦ ਕਰੇਗਾ।—ਮੱਤੀ 28:18-20 ਪੜ੍ਹੋ।
“ਮੇਰੇ ਤੋਂ ਸਿੱਖੋ”
8-9. ਨਿਮਰ ਲੋਕ ਯਿਸੂ ਵੱਲ ਕਿਉਂ ਖਿੱਚੇ ਗਏ ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
8 ਨਿਮਰ ਲੋਕ ਯਿਸੂ ਵੱਲ ਖਿੱਚੇ ਗਏ। (ਮੱਤੀ 19:13, 14; ਲੂਕਾ 7:37, 38) ਕਿਉਂ? ਜ਼ਰਾ ਗੌਰ ਕਰੋ ਕਿ ਯਿਸੂ ਤੇ ਫ਼ਰੀਸੀਆਂ ਵਿਚ ਕੀ ਫ਼ਰਕ ਸੀ। ਇਹ ਧਾਰਮਿਕ ਗੁਰੂ ਪਿਆਰ ਨਾ ਕਰਨ ਵਾਲੇ ਅਤੇ ਘਮੰਡੀ ਸਨ। (ਮੱਤੀ 12:9-14) ਪਰ ਯਿਸੂ ਪਿਆਰ ਕਰਨ ਵਾਲਾ ਤੇ ਨਿਮਰ ਇਨਸਾਨ ਸੀ। ਫ਼ਰੀਸੀ ਚਾਹੁੰਦੇ ਸਨ ਕਿ ਸਾਰੇ ਉਨ੍ਹਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਸਮਾਜ ਵਿਚ ਆਪਣੇ ਉੱਚੇ ਰੁਤਬੇ ’ਤੇ ਘਮੰਡ ਸੀ। ਪਰ ਯਿਸੂ ਨੇ ਕਿਹਾ ਕਿ ਇੱਦਾਂ ਕਰਨਾ ਸਹੀ ਨਹੀਂ ਹੈ। ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਆਪਣੇ ਆਪ ਨੂੰ ਸੇਵਕ ਸਮਝਣ। (ਮੱਤੀ 23:2, 6-11) ਫ਼ਰੀਸੀ ਡਰਾ-ਧਮਕਾ ਕੇ ਲੋਕਾਂ ’ਤੇ ਰਾਜ ਕਰਦੇ ਸਨ। (ਯੂਹੰ. 9: 13, 22) ਪਰ ਯਿਸੂ ਆਪਣੇ ਪਿਆਰ ਭਰੇ ਸ਼ਬਦਾਂ ਤੇ ਕੰਮਾਂ ਰਾਹੀਂ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ।
9 ਕੀ ਤੁਸੀਂ ਯਿਸੂ ਵੱਲੋਂ ਸਿਖਾਏ ਇਹ ਸਬਕ ਸਿੱਖੇ ਹਨ? ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਨਰਮ ਸੁਭਾਅ ਤੇ ਨਿਮਰ ਇਨਸਾਨ ਵਜੋਂ ਜਾਣਿਆ ਜਾਂਦਾ ਹਾਂ? ਕੀ ਮੈਂ ਦੂਜਿਆਂ ਦੀ ਸੇਵਾ ਕਰਨ ਲਈ ਛੋਟੇ-ਮੋਟੇ ਕੰਮ ਕਰਨ ਲਈ ਤਿਆਰ ਹਾਂ? ਕੀ ਮੈਂ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹਾਂ?’
10. ਯਿਸੂ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਲਈ ਕਿਹੋ ਜਿਹਾ ਮਾਹੌਲ ਬਣਾਇਆ ਸੀ?
10 ਯਿਸੂ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਲਈ ਪਿਆਰ ਤੇ ਸ਼ਾਂਤੀ ਭਰਿਆ ਮਾਹੌਲ ਬਣਾਇਆ ਸੀ ਅਤੇ ਉਨ੍ਹਾਂ ਨੂੰ ਸਿਖਲਾਈ ਦੇ ਕੇ ਉਹ ਖ਼ੁਸ਼ ਹੁੰਦਾ ਸੀ। (ਲੂਕਾ 10:1, 19-21) ਉਸ ਨੇ ਆਪਣੇ ਚੇਲਿਆਂ ਨੂੰ ਸਵਾਲ ਪੁੱਛੇ ਕਿਉਂਕਿ ਉਹ ਉਨ੍ਹਾਂ ਦੇ ਵਿਚਾਰ ਸੁਣਨੇ ਚਾਹੁੰਦਾ ਸੀ। (ਮੱਤੀ 16:13-16) ਜਿੱਦਾਂ ਵਧੀਆ ਮੌਸਮ ਵਿਚ ਪੌਦੇ ਵਧਦੇ-ਫੁੱਲਦੇ ਹਨ, ਉੱਦਾਂ ਹੀ ਚੇਲੇ ਇਸ ਤਰ੍ਹਾਂ ਦੇ ਵਧੀਆ ਮਾਹੌਲ ਵਿਚ ਵਧੇ-ਫੁੱਲੇ। ਉਨ੍ਹਾਂ ਨੇ ਯਿਸੂ ਵੱਲੋਂ ਸਿਖਾਈਆਂ ਗੱਲਾਂ ’ਤੇ ਧਿਆਨ ਲਾ ਕੇ ਕੰਮ ਕੀਤੇ।
11. ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
11 ਕੀ ਤੁਹਾਡੇ ਕੋਲ ਦੂਜਿਆਂ ’ਤੇ ਕੁਝ ਹੱਦ ਤਕ ਅਧਿਕਾਰ ਹੈ? ਜੇ ਹਾਂ, ਤਾਂ ਆਪਣੇ ਆਪ ਤੋਂ ਪੁੱਛੋ: ‘ਮੈਂ ਕੰਮ ’ਤੇ ਜਾਂ ਘਰ ਵਿਚ ਕਿਹੋ ਜਿਹਾ ਮਾਹੌਲ ਬਣਾਉਂਦਾ ਹਾਂ? ਕੀ ਮੈਂ ਸ਼ਾਂਤੀ ਬਣਾਉਂਦਾ ਹਾਂ? ਕੀ ਮੈਂ ਦੂਜਿਆਂ ਨੂੰ ਸਵਾਲ ਪੁੱਛਣ ਦੀ ਹੱਲਾਸ਼ੇਰੀ ਦਿੰਦਾ ਹਾਂ? ਕੀ ਮੈਂ ਉਨ੍ਹਾਂ ਦੇ ਵਿਚਾਰ ਸੁਣਨ ਲਈ ਤਿਆਰ ਹਾਂ?’ ਅਸੀਂ ਕਦੇ ਵੀ ਫ਼ਰੀਸੀਆਂ ਵਰਗੇ ਨਹੀਂ ਬਣਨਾ ਚਾਹੁੰਦੇ ਜੋ ਸਵਾਲ ਪੁੱਛਣ ਵਾਲਿਆਂ ਨਾਲ ਗੁੱਸੇ ਹੁੰਦੇ ਸਨ ਅਤੇ ਉਨ੍ਹਾਂ ਲੋਕਾਂ ਨੂੰ ਸਤਾਉਂਦੇ ਸਨ ਜਿਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਵਿਚਾਰਾਂ ਤੋਂ ਵੱਖਰੇ ਹੁੰਦੇ ਸਨ।—ਮਰ. 3:1-6; ਯੂਹੰ. 9:29-34.
“ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ”
12-14. ਯਿਸੂ ਵੱਲੋਂ ਦਿੱਤਾ ਕੰਮ ਕਰ ਕੇ ਸਾਨੂੰ ਤਾਜ਼ਗੀ ਕਿਉਂ ਮਿਲਦੀ ਹੈ?
12 ਯਿਸੂ ਵੱਲੋਂ ਦਿੱਤਾ ਕੰਮ ਕਰਨ ਨਾਲ ਸਾਨੂੰ ਤਾਜ਼ਗੀ ਕਿਉਂ ਮਿਲਦੀ ਹੈ? ਇਸ ਦੇ ਬਹੁਤ ਸਾਰੇ ਕਾਰਨ ਹਨ, ਪਰ ਜ਼ਰਾ ਕੁਝ ਕਾਰਨਾਂ ’ਤੇ ਗੌਰ ਕਰੋ।
13 ਸਾਡੇ ਕੋਲ ਸਭ ਤੋਂ ਵਧੀਆ ਓਵਰਸੀਅਰ ਹਨ। ਅੱਤ ਮਹਾਨ ਯਹੋਵਾਹ ਨਾ ਤਾਂ ਨਾਸ਼ੁਕਰਾ ਹੈ ਤੇ ਨਾ ਹੀ ਜ਼ਾਲਮ ਹਾਕਮ ਹੈ। ਉਹ ਸਾਡੇ ਵੱਲੋਂ ਕੀਤੇ ਹਰ ਕੰਮ ਦੀ ਕਦਰ ਕਰਦਾ ਹੈ। (ਇਬ. 6:10) ਨਾਲੇ ਉਹ ਸਾਨੂੰ ਲੋੜੀਂਦੀ ਤਾਕਤ ਦਿੰਦਾ ਹੈ ਤਾਂਕਿ ਅਸੀਂ ਉਸ ਵੱਲੋਂ ਦਿੱਤੀ ਜ਼ਿੰਮੇਵਾਰੀ ਪੂਰੀ ਕਰ ਸਕੀਏ। (2 ਕੁਰਿੰ. 4:7; ਗਲਾ. 6:5) ਸਾਡੇ ਰਾਜੇ ਯਿਸੂ ਨੇ ਦੂਜਿਆਂ ਨਾਲ ਪੇਸ਼ ਆਉਣ ਸੰਬੰਧੀ ਸਾਡੇ ਲਈ ਵਧੀਆ ਮਿਸਾਲ ਰੱਖੀ। (ਯੂਹੰ. 13:15) ਨਾਲੇ ਸਾਡੀ ਅਗਵਾਈ ਕਰਨ ਵਾਲੇ ਬਜ਼ੁਰਗ ‘ਮਹਾਨ ਚਰਵਾਹੇ’ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। (ਇਬ. 13:20; 1 ਪਤ. 5:2) ਸਾਨੂੰ ਸਿਖਾਉਂਦਿਆਂ ਤੇ ਸਾਡੀ ਰਾਖੀ ਕਰਦਿਆਂ ਬਜ਼ੁਰਗ ਪਿਆਰ, ਜੋਸ਼ ਤੇ ਦਲੇਰੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।
14 ਸਾਡੇ ਕੋਲ ਸਭ ਤੋਂ ਵਧੀਆ ਦੋਸਤ ਹਨ। ਸਾਡੇ ਵਾਂਗ ਨਾ ਤਾਂ ਕਿਸੇ ਕੋਲ ਪਿਆਰ ਕਰਨ ਵਾਲੇ ਦੋਸਤ ਹਨ ਅਤੇ ਨਾ ਹੀ ਵਧੀਆ ਕੰਮ ਹੈ ਜਿਸ ਨਾਲ ਖ਼ੁਸ਼ੀ ਮਿਲਦੀ ਹੈ। ਜ਼ਰਾ ਸੋਚੋ: ਸਾਡੇ ਕੋਲ ਉਨ੍ਹਾਂ ਲੋਕਾਂ ਨਾਲ ਕੰਮ ਕਰਨ ਦਾ ਸਨਮਾਨ ਹੈ ਜਿਨ੍ਹਾਂ ਦੇ ਨੈਤਿਕ ਮਿਆਰ ਸਭ ਤੋਂ ਉੱਚੇ ਹਨ, ਪਰ ਉਹ ਆਪਣੇ ਆਪ ਨੂੰ ਧਰਮੀ ਨਹੀਂ ਕਹਾਉਂਦੇ। ਉਨ੍ਹਾਂ ਕੋਲ ਬਹੁਤ ਕਾਬਲੀਅਤ ਹੈ, ਪਰ ਉਹ ਨਿਮਰ ਹਨ ਅਤੇ ਦੂਜਿਆਂ ਨੂੰ ਆਪਣੇ ਨਾਲੋਂ ਵਧੀਆ ਸਮਝਦੇ ਹਨ। ਉਹ ਸਾਨੂੰ ਸਿਰਫ਼ ਆਪਣੇ ਨਾਲ ਕੰਮ ਕਰਨ ਵਾਲੇ ਨਹੀਂ, ਸਗੋਂ ਆਪਣੇ ਦੋਸਤ ਵੀ ਸਮਝਦੇ ਹਨ। ਨਾਲੇ ਇਹ ਦੋਸਤੀ ਇੰਨੀ ਪੱਕੀ ਹੈ ਕਿ ਉਹ ਸਾਡੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਵੀ ਤਿਆਰ ਹਨ।
15. ਸਾਨੂੰ ਆਪਣੇ ਕੰਮ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?
15 ਸਾਡੇ ਕੋਲ ਸਭ ਤੋਂ ਵਧੀਆ ਕੰਮ ਹੈ। ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਸਿਖਾਉਂਦੇ ਹਾਂ ਅਤੇ ਸ਼ੈਤਾਨ ਦੇ ਹਰ ਝੂਠ ਦਾ ਪਰਦਾਫ਼ਾਸ਼ ਕਰਦੇ ਹਾਂ। (ਯੂਹੰ. 8:44) ਸ਼ੈਤਾਨ ਲੋਕਾਂ ’ਤੇ ਉਹ ਭਾਰ ਲੱਦਦਾ ਹੈ ਜੋ ਉਹ ਚੁੱਕ ਨਹੀਂ ਸਕਦੇ। ਮਿਸਾਲ ਲਈ, ਉਹ ਚਾਹੁੰਦਾ ਹੈ ਕਿ ਅਸੀਂ ਵਿਸ਼ਵਾਸ ਕਰੀਏ ਕਿ ਯਹੋਵਾਹ ਸਾਨੂੰ ਮਾਫ਼ ਨਹੀਂ ਕਰਦਾ ਅਤੇ ਅਸੀਂ ਉਸ ਦੇ ਪਿਆਰ ਦੇ ਕਾਬਲ ਨਹੀਂ ਹਾਂ। ਕਿੰਨਾ ਵੱਡਾ ਭਾਰ ਅਤੇ ਕਿੰਨਾ ਵੱਡਾ ਝੂਠ! ਮਸੀਹ ਕੋਲ ਜਾਣ ਨਾਲ ਸਾਡੇ ਪਾਪ ਮਾਫ਼ ਹੋ ਜਾਂਦੇ ਹਨ। ਨਾਲੇ ਸੱਚਾਈ ਇਹ ਹੈ ਕਿ ਯਹੋਵਾਹ ਸਾਨੂੰ ਸਾਰਿਆਂ ਨੂੰ ਦਿਲੋਂ ਪਿਆਰ ਕਰਦਾ ਹੈ। (ਰੋਮੀ. 8:32, 38, 39) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਲੋਕਾਂ ਦੀ ਯਹੋਵਾਹ ’ਤੇ ਭਰੋਸਾ ਕਰਨ ਅਤੇ ਉਨ੍ਹਾਂ ਦੀ ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਕਰਨ ਵਿਚ ਮਦਦ ਕਰਦੇ ਹਾਂ!
ਯਿਸੂ ਦੇ ਜੂਲੇ ਹੇਠ ਹਮੇਸ਼ਾ ਤਾਜ਼ਗੀ ਪਾਓ
16. ਜਿਹੜਾ ਭਾਰ ਯਿਸੂ ਚੁੱਕਣ ਲਈ ਕਹਿੰਦਾ ਹੈ, ਉਹ ਉਨ੍ਹਾਂ ਭਾਰਾਂ ਨਾਲੋਂ ਕਿਵੇਂ ਵੱਖਰਾ ਹੈ ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ?
16 ਜਿਹੜਾ ਭਾਰ ਯਿਸੂ ਚੁੱਕਣ ਲਈ ਕਹਿੰਦਾ ਹੈ, ਉਹ ਉਨ੍ਹਾਂ ਭਾਰਾਂ ਨਾਲੋਂ ਬਿਲਕੁਲ ਵੱਖਰਾ ਹੈ ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਮਿਸਾਲ ਲਈ, ਸਾਰਾ ਦਿਨ ਕੰਮ ਕਰਨ ਤੋਂ ਬਾਅਦ ਬਹੁਤ ਜਣੇ ਸਿਰਫ਼ ਥੱਕੇ ਹੀ ਨਹੀਂ ਹੁੰਦੇ, ਸਗੋਂ ਨਾਖ਼ੁਸ਼ ਵੀ ਹੁੰਦੇ ਹਨ। ਇਸ ਤੋਂ ਉਲਟ, ਯਹੋਵਾਹ ਅਤੇ ਮਸੀਹ ਦੀ ਸੇਵਾ ਵਿਚ ਸਮਾਂ ਲਾ ਕੇ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਸ਼ਾਇਦ ਪੂਰਾ ਦਿਨ ਕੰਮ ਕਰ ਕੇ ਅਸੀਂ ਥੱਕੇ ਹੋਈਏ ਤੇ ਸਾਨੂੰ ਸ਼ਾਮ ਨੂੰ ਸਭਾ ’ਤੇ ਜਾਣ ਲਈ ਆਪਣੇ ਆਪ ਨੂੰ ਮਜਬੂਰ ਕਰਨਾ ਪਵੇ। ਪਰ ਅਕਸਰ ਸਭਾ ਤੋਂ ਬਾਅਦ ਅਸੀਂ ਜੋਸ਼ ਨਾਲ ਭਰ ਜਾਂਦੇ ਹਾਂ ਤੇ ਸਾਨੂੰ ਤਾਜ਼ਗੀ ਮਿਲਦੀ ਹੈ। ਇਹੀ ਗੱਲ ਪ੍ਰਚਾਰ ਤੇ ਨਿੱਜੀ ਅਧਿਐਨ ਬਾਰੇ ਵੀ ਸੱਚ ਹੈ। ਜਦੋਂ ਅਸੀਂ ਇਹ ਕੰਮ ਕਰਨ ਵਿਚ ਆਪਣੀ ਪੂਰੀ ਵਾਹ ਲਾਉਂਦੇ ਹਾਂ, ਤਾਂ ਇਸ ਕੰਮ ਵਿਚ ਲਾਈ ਤਾਕਤ ਨਾਲੋਂ ਸਾਡਾ ਇਨਾਮ ਕਿਤੇ ਜ਼ਿਆਦਾ ਹੁੰਦਾ ਹੈ।
17. ਸਾਨੂੰ ਕਿਹੜੀ ਗੱਲ ਸਮਝਣੀ ਚਾਹੀਦੀ ਹੈ ਅਤੇ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
17 ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਸਾਰਿਆਂ ਕੋਲ ਕੁਝ ਹੱਦ ਤਕ ਹੀ ਤਾਕਤ ਹੁੰਦੀ ਹੈ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਹ ਤਾਕਤ ਕਿਸ ਕੰਮ ਵਿਚ ਲਾਉਂਦੇ ਹਾਂ। ਮਿਸਾਲ ਲਈ, ਅਸੀਂ ਆਪਣੀ ਤਾਕਤ ਚੀਜ਼ਾਂ ਇਕੱਠੀਆਂ ਕਰਨ ਵਿਚ ਗੁਆ ਸਕਦੇ ਹਾਂ। ਗੌਰ ਕਰੋ ਕਿ ਯਿਸੂ ਨੇ ਉਸ ਨੌਜਵਾਨ ਅਮੀਰ ਆਦਮੀ ਨੂੰ ਕੀ ਕਿਹਾ ਸੀ ਜਿਸ ਨੇ ਪੁੱਛਿਆ: “ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?” ਉਹ ਆਦਮੀ ਪਹਿਲਾਂ ਹੀ ਮੂਸਾ ਦੇ ਕਾਨੂੰਨ ਦੀ ਪਾਲਣਾ ਕਰ ਰਿਹਾ ਸੀ। ਉਹ ਜ਼ਰੂਰ ਇਕ ਚੰਗਾ ਆਦਮੀ ਹੋਣਾ ਕਿਉਂਕਿ ਮਰਕੁਸ ਦੀ ਇੰਜੀਲ ਵਿਚ ਖ਼ਾਸ ਕਰਕੇ ਕਿਹਾ ਗਿਆ ਹੈ ਕਿ ਯਿਸੂ ਦਾ “ਦਿਲ ਉਸ ਵਾਸਤੇ ਪਿਆਰ ਨਾਲ ਭਰ ਗਿਆ।” ਯਿਸੂ ਨੇ ਉਸ ਅਮੀਰ ਆਦਮੀ ਨੂੰ ਸੱਦਾ ਦਿੱਤਾ: “ਤੂੰ ਜਾ ਕੇ ਆਪਣਾ ਸਾਰਾ ਕੁਝ ਵੇਚ ਦੇ . . . ਅਤੇ ਆ ਕੇ ਮੇਰਾ ਚੇਲਾ ਬਣ ਜਾ।” ਉਹ ਆਦਮੀ ਦੁਚਿੱਤੀ ਵਿਚ ਸੀ ਕਿਉਂਕਿ ਉਹ “ਆਪਣੀ ਧਨ-ਦੌਲਤ” ਨਹੀਂ ਛੱਡਣੀ ਚਾਹੁੰਦਾ ਸੀ। (ਮਰ. 10:17-22) ਨਤੀਜੇ ਵਜੋਂ, ਉਸ ਨੇ ਯਿਸੂ ਦੇ ਜੂਲੇ ਹੇਠ ਆਉਣ ਦੇ ਸੱਦੇ ਨੂੰ ਠੁਕਰਾ ਦਿੱਤਾ ਅਤੇ “ਪੈਸੇ” ਦਾ ਗ਼ੁਲਾਮ ਬਣਿਆ ਰਿਹਾ। (ਮੱਤੀ 6:24) ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਫ਼ੈਸਲਾ ਕਰਨਾ ਸੀ?
18. ਸਾਨੂੰ ਕਦੇ-ਕਦੇ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?
18 ਚੰਗਾ ਹੋਵੇਗਾ ਜੇ ਅਸੀਂ ਕਦੇ-ਕਦੇ ਆਪਣੀ ਜਾਂਚ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇ ਰਹੇ ਹਾਂ। ਕਿਉਂ? ਤਾਂਕਿ ਅਸੀਂ ਪੱਕਾ ਕਰ ਸਕੀਏ ਕਿ ਅਸੀਂ ਆਪਣੀ ਤਾਕਤ ਸਮਝਦਾਰੀ ਨਾਲ ਵਰਤ ਰਹੇ ਹਾਂ। ਗੌਰ ਕਰੋ ਕਿ ਮਾਰਕ ਨਾਂ ਦਾ ਇਕ ਨੌਜਵਾਨ ਕੀ ਕਹਿੰਦਾ ਹੈ: “ਬਹੁਤ ਸਾਲਾਂ ਤੋਂ ਮੈਂ ਸੋਚਦਾ ਸੀ ਕਿ ਮੈਂ ਸਾਦੀ ਜ਼ਿੰਦਗੀ ਜੀ ਰਿਹਾ ਸੀ। ਮੈਂ ਪਾਇਨੀਅਰਿੰਗ ਕਰ ਰਿਹਾ ਸੀ, ਪਰ ਆਪਣੀ ਜ਼ਿੰਦਗੀ ਹੋਰ ਆਰਾਮਦਾਇਕ ਬਣਾਉਣ ਲਈ ਮੈਂ ਆਪਣਾ ਜ਼ਿਆਦਾ ਸਮਾਂ ਤੇ ਤਾਕਤ ਪੈਸੇ ਕਮਾਉਣ ਵਿਚ ਲਾ ਰਿਹਾ ਸੀ। ਮੈਂ ਸੋਚਿਆ ਕਿ ਮੇਰੀ ਜ਼ਿੰਦਗੀ ਇੰਨੀ ਬੋਝ ਭਰੀ ਕਿਉਂ ਹੋ ਗਈ ਸੀ? ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਹਮੇਸ਼ਾ ਆਪਣੀਆਂ ਇੱਛਾਵਾਂ ਨੂੰ ਪਹਿਲ ਦੇ ਰਿਹਾ ਸੀ ਅਤੇ ਬਚਿਆ-ਖੁਚਿਆ ਸਮਾਂ ਤੇ ਤਾਕਤ ਯਹੋਵਾਹ ਦੀ ਸੇਵਾ ਵਿਚ ਲਾ ਰਿਹਾ ਸੀ।” ਮਾਰਕ ਨੇ ਆਪਣੀ ਸੋਚ ਅਤੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਅਤੇ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਮਾਰਕ ਦੱਸਦਾ ਹੈ: “ਕਈ ਵਾਰ ਮੈਨੂੰ ਚਿੰਤਾ ਹੁੰਦੀ ਹੈ, ਪਰ ਯਹੋਵਾਹ ਤੇ ਯਿਸੂ ਦੀ ਮਦਦ ਨਾਲ ਮੈਂ ਆਪਣੀਆਂ ਮੁਸ਼ਕਲਾਂ ਵਿੱਚੋਂ ਬਾਹਰ ਨਿਕਲ ਪਾਉਂਦਾ ਹਾਂ।”
19. ਸਹੀ ਨਜ਼ਰੀਆ ਬਣਾਈ ਰੱਖਣਾ ਇੰਨਾ ਜ਼ਰੂਰੀ ਕਿਉਂ ਹੈ?
19 ਤਿੰਨ ਚੀਜ਼ਾਂ ਕਰਨ ਨਾਲ ਅਸੀਂ ਹਮੇਸ਼ਾ ਯਿਸੂ ਦੇ ਜੂਲੇ ਹੇਠ ਤਰੋ-ਤਾਜ਼ਾ ਹੁੰਦੇ ਰਹਾਂਗੇ। ਪਹਿਲਾ, ਸਹੀ ਨਜ਼ਰੀਆ ਬਣਾਈ ਰੱਖੋ। ਅਸੀਂ ਯਹੋਵਾਹ ਦਾ ਕੰਮ ਕਰਦੇ ਹਾਂ। ਇਸ ਲਈ ਇਹ ਯਹੋਵਾਹ ਦੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਸਾਰੇ ਕਾਮੇ ਹਾਂ ਅਤੇ ਯਹੋਵਾਹ ਮਾਲਕ ਹੈ। (ਲੂਕਾ 17:10) ਜੇ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਜੂਲੇ ਤੋਂ ਉਲਟ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ। ਜੇ ਇਕ ਤਾਕਤਵਰ ਬਲਦ ਲਗਾਤਾਰ ਆਪਣੀ ਮਨ-ਮਰਜ਼ੀ ਕਰਨ ਅਤੇ ਜੂਲੇ ਤੋਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਜ਼ਖ਼ਮੀ ਹੋ ਸਕਦਾ ਹੈ ਤੇ ਥੱਕ ਸਕਦਾ ਹੈ। ਇਸ ਦੇ ਉਲਟ, ਪਰਮੇਸ਼ੁਰ ਦੀ ਅਗਵਾਈ ਅਧੀਨ ਚੱਲਣ ਕਰਕੇ ਅਸੀਂ ਉਹ ਕੰਮ ਕਰ ਸਕਾਂਗੇ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਨਹੀਂ ਸੀ ਅਤੇ ਹਰ ਰੁਕਾਵਟ ਪਾਰ ਕਰ ਸਕਾਂਗੇ। ਯਾਦ ਰੱਖੋ ਕਿ ਕੋਈ ਵੀ ਪਰਮੇਸ਼ੁਰ ਦੀ ਇੱਛਾ ਨੂੰ ਪੂਰੀ ਹੋਣ ਤੋਂ ਨਹੀਂ ਰੋਕ ਸਕਦਾ।—ਰੋਮੀ. 8:31; 1 ਯੂਹੰ. 4:4.
20. ਯਿਸੂ ਦੇ ਜੂਲੇ ਹੇਠ ਆਉਣ ਦਾ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
20 ਦੂਜਾ, ਸਹੀ ਇਰਾਦੇ ਨਾਲ ਕੰਮ ਕਰੋ। ਸਾਡਾ ਮਕਸਦ ਆਪਣੇ ਪਿਆਰੇ ਪਿਤਾ ਯਹੋਵਾਹ ਦੀ ਮਹਿਮਾ ਕਰਨੀ ਹੈ। ਪਹਿਲੀ ਸਦੀ ਵਿਚ ਜਿਹੜੇ ਲੋਕਾਂ ਨੇ ਲਾਲਚ ਜਾਂ ਸੁਆਰਥ ਕਰਕੇ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ ਸੀ, ਉਹ ਛੇਤੀ ਹੀ ਨਿਰਾਸ਼ ਹੋ ਗਏ ਅਤੇ ਯਿਸੂ ਦੇ ਜੂਲੇ ਨੂੰ ਛੱਡ ਕੇ ਚਲੇ ਗਏ। (ਯੂਹੰ. 6:25-27, 51, 60, 66; ਫ਼ਿਲਿ. 3:18, 19) ਇਸ ਦੇ ਉਲਟ, ਜਿਹੜੇ ਲੋਕਾਂ ਨੇ ਪਰਮੇਸ਼ੁਰ ਤੇ ਗੁਆਂਢੀ ਨਾਲ ਨਿਰਸੁਆਰਥ ਪਿਆਰ ਹੋਣ ਕਰਕੇ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ ਸੀ, ਉਹ ਪੂਰੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਜੂਲੇ ਹੇਠ ਰਹੇ। ਇੱਦਾਂ ਕਰਨ ਨਾਲ ਉਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਸੇਵਾ ਕਰਨ ਦੀ ਉਮੀਦ ਮਿਲੀ। ਉਨ੍ਹਾਂ ਵਾਂਗ ਜੇ ਅਸੀਂ ਵੀ ਸਹੀ ਇਰਾਦੇ ਨਾਲ ਯਿਸੂ ਦੇ ਜੂਲੇ ਹੇਠ ਆਵਾਂਗੇ, ਤਾਂ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ।
21. ਮੱਤੀ 6:31-33 ਅਨੁਸਾਰ ਅਸੀਂ ਯਹੋਵਾਹ ਤੋਂ ਕੀ ਉਮੀਦ ਰੱਖ ਸਕਦੇ ਹਾਂ?
21 ਤੀਜਾ, ਸਹੀ ਉਮੀਦ ਰੱਖੋ। ਅਸੀਂ ਉਹ ਜ਼ਿੰਦਗੀ ਚੁਣੀ ਹੈ ਜਿਸ ਵਿਚ ਸਾਨੂੰ ਕੁਰਬਾਨੀਆਂ ਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ ਸਾਨੂੰ ਸਤਾਇਆ ਜਾਵੇਗਾ। ਪਰ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਹਰ ਮੁਸ਼ਕਲ ਨੂੰ ਸਹਿਣ ਦੀ ਤਾਕਤ ਦੇਵੇਗਾ। ਜਿੰਨਾ ਜ਼ਿਆਦਾ ਅਸੀਂ ਧੀਰਜ ਰੱਖਾਂਗੇ, ਉੱਨਾ ਜ਼ਿਆਦਾ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ। (ਯਾਕੂ. 1:2-4) ਨਾਲੇ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ, ਯਿਸੂ ਸਾਡੀ ਅਗਵਾਈ ਕਰੇਗਾ ਅਤੇ ਭੈਣ-ਭਰਾ ਸਾਨੂੰ ਹੌਸਲਾ ਦੇਣਗੇ। (ਮੱਤੀ 6:31-33 ਪੜ੍ਹੋ; ਯੂਹੰ. 10:14; 1 ਥੱਸ. 5:11) ਕੀ ਇਸ ਤੋਂ ਜ਼ਿਆਦਾ ਸਾਨੂੰ ਹੋਰ ਕੁਝ ਚਾਹੀਦਾ ਹੈ?
22. ਅਸੀਂ ਕਿਸ ਗੱਲ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ?
22 ਯਿਸੂ ਨੇ ਉਸ ਔਰਤ ਨੂੰ ਠੀਕ ਕਰ ਕੇ ਉਸੇ ਦਿਨ ਉਸ ਨੂੰ ਤਰੋ-ਤਾਜ਼ਾ ਕੀਤਾ ਸੀ। ਪਰ ਉਹ ਹਮੇਸ਼ਾ ਲਈ ਤਾਜ਼ਗੀ ਤਾਂ ਹੀ ਪਾ ਸਕਦੀ ਸੀ ਜੇ ਉਹ ਮਸੀਹ ਦੇ ਵਫ਼ਾਦਾਰ ਚੇਲੇ ਵਜੋਂ ਸੇਵਾ ਕਰਦੀ। ਤੁਹਾਨੂੰ ਕੀ ਲੱਗਦਾ ਕਿ ਉਸ ਨੇ ਕੀ ਕੀਤਾ ਹੋਣਾ? ਜੇ ਉਸ ਨੇ ਯਿਸੂ ਦੇ ਜੂਲੇ ਹੇਠ ਆਉਣ ਦੇ ਸੱਦੇ ਨੂੰ ਸਵੀਕਾਰ ਕੀਤਾ ਸੀ, ਤਾਂ ਜ਼ਰਾ ਉਸ ਇਨਾਮ ਬਾਰੇ ਸੋਚੋ ਜੋ ਉਸ ਨੂੰ ਮਿਲਣਾ ਸੀ। ਉਸ ਨੂੰ ਸਵਰਗ ਵਿਚ ਯਿਸੂ ਨਾਲ ਮਿਲ ਕੇ ਸੇਵਾ ਕਰਨ ਦਾ ਸਨਮਾਨ ਮਿਲਣਾ ਸੀ। ਮਸੀਹ ਦੇ ਪਿੱਛੇ ਚੱਲਣ ਲਈ ਉਸ ਨੇ ਜਿਹੜੀਆਂ ਵੀ ਕੁਰਬਾਨੀਆਂ ਕੀਤੀਆਂ, ਉਹ ਇਸ ਇਨਾਮ ਸਾਮ੍ਹਣੇ ਕੁਝ ਵੀ ਨਹੀਂ ਸਨ। ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ’ਤੇ ਹਮੇਸ਼ਾ ਰਹਿਣ ਦੀ, ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਅਸੀਂ ਯਿਸੂ ਦੇ ਇਸ ਸੱਦੇ ਨੂੰ ਸਵੀਕਾਰ ਕੀਤਾ ਹੈ: “ਮੇਰੇ ਕੋਲ ਆਓ!”
ਗੀਤ 5 ਮਸੀਹ, ਸਾਡੀ ਮਿਸਾਲ
^ ਪੈਰਾ 5 ਯਿਸੂ ਸਾਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੰਦਾ ਹੈ। ਇਸ ਸੱਦੇ ਨੂੰ ਸਵੀਕਾਰ ਕਰਨ ਵਿਚ ਕੀ ਕੁਝ ਸ਼ਾਮਲ ਹੈ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਨਾਲੇ ਸਾਨੂੰ ਯਾਦ ਕਰਾਇਆ ਜਾਵੇਗਾ ਕਿ ਅਸੀਂ ਮਸੀਹ ਨਾਲ ਮਿਲ ਕੇ ਕੰਮ ਕਰਨ ਨਾਲ ਤਾਜ਼ਗੀ ਕਿਵੇਂ ਪਾ ਸਕਦੇ ਹਾਂ।