ਅਧਿਐਨ ਲੇਖ 39
ਮਸੀਹੀ ਭੈਣਾਂ ਦਾ ਸਾਥ ਦਿਓ
‘ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਔਰਤਾਂ ਦਾ ਵੱਡਾ ਦਲ ਹੈ।’—ਜ਼ਬੂ. 68:11, NW.
ਗੀਤ 3 “ਪਰਮੇਸ਼ੁਰ ਪਿਆਰ ਹੈ”
ਖ਼ਾਸ ਗੱਲਾਂ *
1. ਭੈਣਾਂ ਸਾਡੇ ਸੰਗਠਨ ਵਿਚ ਕਿਹੜੇ ਕੰਮ ਕਰਦੀਆਂ ਹਨ, ਪਰ ਕਈਆਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)
ਅਸੀਂ ਬਹੁਤ ਖ਼ੁਸ਼ ਹਾਂ ਕਿ ਸਾਡੀਆਂ ਮੰਡਲੀਆਂ ਵਿਚ ਕਿੰਨੀਆਂ ਹੀ ਮਿਹਨਤੀ ਭੈਣਾਂ ਹਨ! ਮਿਸਾਲ ਲਈ, ਉਹ ਸਭਾਵਾਂ ਤੇ ਸੇਵਕਾਈ ਦੇ ਕੰਮ ਵਿਚ ਹਿੱਸਾ ਲੈਂਦੀਆਂ ਹਨ। ਕੁਝ ਭੈਣਾਂ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੀਆਂ ਹਨ ਅਤੇ ਭੈਣਾਂ-ਭਰਾਵਾਂ ਦੀ ਪਰਵਾਹ ਕਰਦੀਆਂ ਹਨ। ਬਿਨਾਂ ਸ਼ੱਕ, ਉਨ੍ਹਾਂ ਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੁਝ ਭੈਣਾਂ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਦੀਆਂ ਹਨ। ਹੋਰ ਕਈ ਭੈਣਾਂ ਨੂੰ ਆਪਣੇ ਪਰਿਵਾਰ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੁਝ ਇਕੱਲੀਆਂ ਮਾਵਾਂ ਵੀ ਹਨ ਜੋ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੀਆਂ ਹਨ।
2. ਸਾਨੂੰ ਆਪਣੀਆਂ ਭੈਣਾਂ ਦਾ ਕਿਉਂ ਸਾਥ ਦੇਣਾ ਚਾਹੀਦਾ ਹੈ?
2 ਸਾਨੂੰ ਮਸੀਹੀ ਭੈਣਾਂ ਦਾ ਸਾਥ ਕਿਉਂ ਦੇਣਾ ਚਾਹੀਦਾ ਹੈ? ਕਿਉਂਕਿ ਦੁਨੀਆਂ ਦੇ ਲੋਕ ਔਰਤਾਂ ਨੂੰ ਉਹ ਇੱਜ਼ਤ-ਮਾਣ ਨਹੀਂ ਦਿੰਦੇ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ। ਨਾਲੇ ਬਾਈਬਲ ਸਾਨੂੰ ਉਨ੍ਹਾਂ ਦਾ ਸਾਥ ਦੇਣ ਦੀ ਹੱਲਾਸ਼ੇਰੀ ਦਿੰਦੀ ਹੈ। ਮਿਸਾਲ ਲਈ, ਪੌਲੁਸ ਰਸੂਲ ਨੇ ਰੋਮ ਦੀ ਮੰਡਲੀ ਨੂੰ ਕਿਹਾ ਕਿ ਭੈਣ ਫ਼ੀਬੀ ਦਾ ਸੁਆਗਤ ਕਰਨ ਅਤੇ “ਲੋੜ ਮੁਤਾਬਕ ਉਸ ਦੀ ਮਦਦ” ਕਰਨ। (ਰੋਮੀ. 16:1, 2) ਫ਼ਰੀਸੀ ਵਜੋਂ, ਪੌਲੁਸ ਆਪਣੇ ਸਭਿਆਚਾਰ ਮੁਤਾਬਕ ਔਰਤਾਂ ਨੂੰ ਘਟੀਆ ਸਮਝਦਾ ਸੀ। ਪਰ ਮਸੀਹੀ ਬਣਨ ਤੋਂ ਬਾਅਦ ਯਿਸੂ ਦੀ ਰੀਸ ਕਰਦਿਆਂ ਉਹ ਔਰਤਾਂ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਇਆ।—1 ਕੁਰਿੰ. 11:1.
3. ਯਿਸੂ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਸੀ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲੀਆਂ ਔਰਤਾਂ ਪ੍ਰਤੀ ਉਸ ਦਾ ਕੀ ਨਜ਼ਰੀਆ ਸੀ?
3 ਯਿਸੂ ਸਾਰੀਆਂ ਔਰਤਾਂ ਦੀ ਇੱਜ਼ਤ ਕਰਦਾ ਸੀ। (ਯੂਹੰ. 4:27) ਯਿਸੂ ਨੇ ਔਰਤਾਂ ਪ੍ਰਤੀ ਆਪਣੇ ਜ਼ਮਾਨੇ ਦੇ ਯਹੂਦੀ ਧਾਰਮਿਕ ਆਗੂਆਂ ਵਰਗਾ ਨਜ਼ਰੀਆ ਨਹੀਂ ਰੱਖਿਆ। ਦਰਅਸਲ, ਬਾਈਬਲ ਬਾਰੇ ਇਕ ਕਿਤਾਬ ਕਹਿੰਦੀ ਹੈ: “ਯਿਸੂ ਨੇ ਨਾ ਤਾਂ ਕਦੇ ਔਰਤਾਂ ਦੀ ਬੇਇੱਜ਼ਤੀ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਘਟੀਆ ਸਮਝਿਆ।” ਪਰ ਯਿਸੂ ਖ਼ਾਸ ਕਰਕੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਵਾਲੀਆਂ ਔਰਤਾਂ ਦੀ ਜ਼ਿਆਦਾ ਇੱਜ਼ਤ ਕਰਦਾ ਸੀ। ਉਹ ਉਨ੍ਹਾਂ ਨੂੰ ਆਪਣੀਆਂ ਭੈਣਾਂ ਸਮਝਦਾ ਸੀ ਅਤੇ ਉਸ ਨੇ ਉਨ੍ਹਾਂ ਦਾ ਜ਼ਿਕਰ ਅਜਿਹੇ ਆਦਮੀਆਂ ਨਾਲ ਕੀਤਾ ਜਿਨ੍ਹਾਂ ਨੂੰ ਉਹ ਆਪਣੇ ਪਰਿਵਾਰ ਦਾ ਹਿੱਸਾ ਸਮਝਦਾ ਸੀ।—ਮੱਤੀ 12:50.
4. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?
4 ਯਿਸੂ ਪਰਮੇਸ਼ੁਰ ਦੀ ਸੇਵਾ ਕਰਨ ਵਾਲੀਆਂ ਔਰਤਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਉਹ ਉਨ੍ਹਾਂ ਦੀ ਕਦਰ ਕਰਦਾ ਸੀ ਅਤੇ ਉਨ੍ਹਾਂ ਦੇ ਪੱਖ ਵਿਚ ਬੋਲਦਾ ਸੀ। ਆਓ ਆਪਾਂ ਦੇਖੀਏ ਕਿ ਯਿਸੂ ਦੀ ਰੀਸ ਕਰਦਿਆਂ ਅਸੀਂ ਆਪਣੀਆਂ ਭੈਣਾਂ ਦੀ ਪਰਵਾਹ ਕਿਵੇਂ ਕਰ ਸਕਦੇ ਹਾਂ।
ਅਨਮੋਲ ਭੈਣਾਂ ਦਾ ਖ਼ਿਆਲ ਰੱਖੋ
5. ਕੁਝ ਭੈਣਾਂ ਲਈ ਵਧੀਆ ਸੰਗਤੀ ਦਾ ਆਨੰਦ ਮਾਣਨਾ ਕਿਉਂ ਔਖਾ ਹੋ ਸਕਦਾ ਹੈ?
5 ਸਾਨੂੰ ਸਾਰਿਆਂ ਨੂੰ ਚੰਗੀ ਸੰਗਤੀ ਦੀ ਲੋੜ ਹੈ। ਪਰ ਕਦੀ-ਕਦਾਈਂ ਸ਼ਾਇਦ ਭੈਣਾਂ ਲਈ ਸੰਗਤੀ ਕਰਨੀ ਔਖੀ ਹੋਵੇ। ਕਿਉਂ? ਜ਼ਰਾ ਕੁਝ ਭੈਣਾਂ ਦੀਆਂ ਟਿੱਪਣੀਆਂ ’ਤੇ ਗੌਰ ਕਰੋ। ਜੋਰਡਨ * ਨਾਂ ਦੀ ਇਕ ਭੈਣ ਕਹਿੰਦੀ ਹੈ, “ਕੁਆਰੀ ਹੋਣ ਕਰਕੇ ਮੈਨੂੰ ਅਕਸਰ ਲੱਗਦਾ ਹੈ ਕਿ ਮੰਡਲੀ ਵਿਚ ਮੇਰੀ ਕੋਈ ਜਗ੍ਹਾ ਨਹੀਂ ਹੈ।” ਕ੍ਰਿਸਟਨ ਨਾਂ ਦੀ ਪਾਇਨੀਅਰ ਭੈਣ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਸੇ ਹੋਰ ਜਗ੍ਹਾ ਗਈ। ਉਹ ਦੱਸਦੀ ਹੈ: “ਜਦੋਂ ਤੁਸੀਂ ਮੰਡਲੀ ਵਿਚ ਨਵੇਂ ਹੁੰਦੇ ਹੋ, ਤਾਂ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ।” ਕੁਝ ਭਰਾਵਾਂ ਨੂੰ ਵੀ ਸ਼ਾਇਦ ਇੱਦਾਂ ਹੀ ਲੱਗੇ। ਜਿਹੜੇ ਮਸੀਹੀ ਅਜਿਹੇ ਪਰਿਵਾਰਾਂ ਵਿਚ ਰਹਿੰਦੇ ਹਨ ਜੋ ਸੱਚਾਈ ਵਿਚ ਨਹੀਂ ਹਨ, ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਮਸੀਹੀ ਭੈਣਾਂ-ਭਰਾਵਾਂ ਤੋਂ ਵੀ ਦੂਰ ਮਹਿਸੂਸ ਕਰ ਸਕਦੇ ਹਨ। ਜਿਹੜੇ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ, ਉਹ ਵੀ ਸ਼ਾਇਦ ਇਕੱਲੇ ਮਹਿਸੂਸ ਕਰਨ। ਜਿਹੜੇ ਆਪਣੇ ਪਰਿਵਾਰ ਦੇ ਕਿਸੇ ਬੀਮਾਰ ਮੈਂਬਰ ਦੀ ਦੇਖ-ਭਾਲ ਕਰਦੇ ਹਨ, ਉਹ ਵੀ ਸ਼ਾਇਦ ਇੱਦਾਂ ਹੀ ਮਹਿਸੂਸ ਕਰਨ। ਅਨੈੱਟ ਕਹਿੰਦੀ ਹੈ, “ਮੰਮੀ ਦੀ ਦੇਖ-ਭਾਲ ਕਰਨ ਕਰਕੇ ਮੈਂ ਭੈਣਾਂ-ਭਰਾਵਾਂ ਨਾਲ ਸਮਾਂ ਨਹੀਂ ਬਿਤਾ ਸਕਦੀ ਸੀ।”
6. ਲੂਕਾ 10:38-42 ਮੁਤਾਬਕ ਯਿਸੂ ਨੇ ਮਾਰਥਾ ਅਤੇ ਮਰੀਅਮ ਦੀ ਮਦਦ ਕਿਵੇਂ ਕੀਤੀ?
6 ਪਰਮੇਸ਼ੁਰ ਨੂੰ ਪਿਆਰ ਕਰਨ ਵਾਲੀਆਂ ਔਰਤਾਂ ਨਾਲ ਯਿਸੂ ਸਮਾਂ ਬਿਤਾਉਂਦਾ ਸੀ ਅਤੇ ਉਨ੍ਹਾਂ ਦਾ ਸੱਚਾ ਦੋਸਤ ਸੀ। ਜ਼ਰਾ ਮਰੀਅਮ ਅਤੇ ਮਾਰਥਾ ਨਾਲ ਉਸ ਦੀ ਦੋਸਤੀ ’ਤੇ ਗੌਰ ਕਰੋ। (ਲੂਕਾ 10:38-42 ਪੜ੍ਹੋ।) ਯਿਸੂ ਇਨ੍ਹਾਂ ਕੁਆਰੀਆਂ ਭੈਣਾਂ ਨਾਲ ਜਿਸ ਢੰਗ ਨਾਲ ਪੇਸ਼ ਆਉਂਦਾ ਸੀ, ਉਸ ਕਰਕੇ ਉਹ ਦੋਵੇਂ ਬਿਨਾਂ ਝਿਜਕੇ ਉਸ ਨਾਲ ਗੱਲ ਕਰਦੀਆਂ ਸਨ। ਯਿਸੂ ਦੇ ਚਰਨੀਂ ਬੈਠ ਕੇ ਮਰੀਅਮ ਉਸ ਦੀਆਂ ਗੱਲਾਂ ਸੁਣਨ ਵਿਚ ਬਿਲਕੁਲ ਨਹੀਂ ਝਿਜਕੀ। * ਮਾਰਥਾ ਵੀ ਆਪਣੀ ਦਿਲ ਦੀ ਗੱਲ ਯਿਸੂ ਨੂੰ ਦੱਸਣ ਤੋਂ ਨਹੀਂ ਹਿਚਕਿਚਾਈ ਜਦੋਂ ਉਸ ਨੇ ਦੇਖਿਆ ਕਿ ਮਰੀਅਮ ਉਸ ਦੀ ਮਦਦ ਨਹੀਂ ਕਰ ਰਹੀ ਸੀ। ਉਸ ਸਮੇਂ ਯਿਸੂ ਇਨ੍ਹਾਂ ਦੋਵਾਂ ਔਰਤਾਂ ਦੀ ਮਦਦ ਕਰ ਸਕਿਆ। ਯਿਸੂ ਨੇ ਹੋਰ ਮੌਕਿਆਂ ’ਤੇ ਵੀ ਮਾਰਥਾ, ਮਰੀਅਮ ਅਤੇ ਉਨ੍ਹਾਂ ਦੇ ਭਰਾ ਲਾਜ਼ਰ ਨਾਲ ਸਮਾਂ ਬਿਤਾ ਕੇ ਉਨ੍ਹਾਂ ਲਈ ਆਪਣੀ ਪਰਵਾਹ ਦਿਖਾਈ। (ਯੂਹੰ. 12:1-3) ਇਸ ਲਈ ਜਦੋਂ ਲਾਜ਼ਰ ਬੀਮਾਰ ਹੋ ਗਿਆ ਸੀ, ਤਾਂ ਮਰੀਅਮ ਅਤੇ ਮਾਰਥਾ ਨੂੰ ਪਤਾ ਸੀ ਕਿ ਉਹ ਯਿਸੂ ਤੋਂ ਮਦਦ ਮੰਗ ਸਕਦੀਆਂ ਸਨ।—ਯੂਹੰ. 11:3, 5.
7. ਅਸੀਂ ਭੈਣਾਂ ਨੂੰ ਕਿਵੇਂ ਹੌਸਲਾ ਦੇ ਸਕਦੇ ਹਾਂ?
7 ਕੁਝ ਭੈਣਾਂ ਸਿਰਫ਼ ਸਭਾਵਾਂ ਵਿਚ ਹੀ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਸਕਦੀਆਂ ਹਨ। ਇਸ ਲਈ ਅਸੀਂ ਉਨ੍ਹਾਂ ਦਾ ਸੁਆਗਤ ਕਰਨ, ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਲਈ ਆਪਣੀ ਪਰਵਾਹ ਦਿਖਾਉਣ ਦਾ ਇਹ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੁੰਦੇ। ਜੋਰਡਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਨੂੰ ਉਦੋਂ ਬਹੁਤ ਹੌਸਲਾ ਮਿਲਦਾ ਹੈ ਜਦੋਂ ਸਭਾਵਾਂ ’ਤੇ ਮੇਰੀਆਂ ਟਿੱਪਣੀਆਂ ਲਈ ਦੂਜੇ ਮੇਰੀ ਤਾਰੀਫ਼ ਕਰਦੇ ਹਨ, ਮੈਨੂੰ ਪ੍ਰਚਾਰ ’ਤੇ ਜਾਣ ਲਈ ਪੁੱਛਦੇ ਹਨ ਜਾਂ ਹੋਰ ਤਰੀਕਿਆਂ ਨਾਲ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਮੇਰੀ ਪਰਵਾਹ ਹੈ।” ਸਾਨੂੰ ਆਪਣੀਆਂ ਭੈਣਾਂ ਨੂੰ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਉਹ ਸਾਡੇ ਲਈ ਕਿੰਨੀਆਂ ਅਹਿਮ ਹਨ। ਕੀਆ ਕਹਿੰਦੀ ਹੈ: “ਜੇ ਕਦੇ ਮੇਰੇ ਕੋਲੋਂ ਸਭਾ ਵਿਚ ਨਹੀਂ ਜਾ ਹੁੰਦਾ, ਤਾਂ ਮੈ ਜਾਣਦੀ ਹਾਂ ਕਿ ਭੈਣ-ਭਰਾ ਮੈਨੂੰ ਮੈਸਿਜ ਕਰ ਕੇ ਮੇਰਾ ਹਾਲ-ਚਾਲ ਜ਼ਰੂਰ ਪੁੱਛਣਗੇ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਮੇਰੀ ਕਿੰਨੀ ਪਰਵਾਹ ਕਰਦੇ ਹਨ।”
8. ਅਸੀਂ ਹੋਰ ਕਿਹੜੇ ਤਰੀਕਿਆਂ ਨਾਲ ਯਿਸੂ ਦੀ ਰੀਸ ਕਰ ਸਕਦੇ ਹਾਂ?
8 ਸਾਨੂੰ ਯਿਸੂ ਵਾਂਗ ਮਸੀਹੀ ਭੈਣਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਆਪਣੇ ਘਰ ਖਾਣੇ ’ਤੇ ਜਾਂ ਰੋਮੀ. 1:11, 12) ਬਜ਼ੁਰਗ ਯਿਸੂ ਵਰਗਾ ਰਵੱਈਆ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਯਿਸੂ ਜਾਣਦਾ ਸੀ ਕਿ ਕੁਝ ਜਣਿਆਂ ਲਈ ਕੁਆਰੇ ਰਹਿਣਾ ਔਖਾ ਹੋਵੇਗਾ, ਪਰ ਉਸ ਨੇ ਇਹ ਗੱਲ ਸਾਫ਼-ਸਾਫ਼ ਦੱਸੀ ਕਿ ਸੱਚੀ ਖ਼ੁਸ਼ੀ ਨਾ ਤਾਂ ਵਿਆਹ ਕਰਾਉਣ ਅਤੇ ਨਾ ਹੀ ਬੱਚੇ ਹੋਣ ਨਾਲ ਮਿਲਦੀ ਹੈ। (ਲੂਕਾ 11:27, 28) ਇਸ ਦੀ ਬਜਾਇ, ਸੱਚੀ ਖ਼ੁਸ਼ੀ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਨਾਲ ਮਿਲਦੀ ਹੈ।—ਮੱਤੀ 19:12.
ਮਨੋਰੰਜਨ ਕਰਨ ਲਈ ਬੁਲਾ ਸਕਦੇ ਹਾਂ। ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। (9. ਬਜ਼ੁਰਗ ਮਸੀਹੀ ਭੈਣਾਂ ਦੀ ਕਿਵੇਂ ਮਦਦ ਕਰ ਸਕਦੇ ਹਨ?
9 ਬਜ਼ੁਰਗਾਂ ਨੂੰ ਖ਼ਾਸ ਕਰਕੇ ਮਸੀਹੀ ਔਰਤਾਂ ਨੂੰ ਭੈਣਾਂ ਅਤੇ ਮਾਵਾਂ ਸਮਝਣਾ ਚਾਹੀਦਾ ਹੈ। (1 ਤਿਮੋ. 5:1, 2) ਬਜ਼ੁਰਗਾਂ ਨੂੰ ਸਭਾਵਾਂ ਤੋਂ ਪਹਿਲਾਂ ਜਾਂ ਬਾਅਦ ਵਿਚ ਭੈਣਾਂ ਨਾਲ ਗੱਲ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਕ੍ਰਿਸਟਨ ਦੱਸਦੀ ਹੈ: “ਇਕ ਬਜ਼ੁਰਗ ਨੇ ਧਿਆਨ ਦਿੱਤਾ ਕਿ ਮੈਂ ਬਹੁਤ ਵਿਅਸਤ ਰਹਿੰਦੀ ਸੀ ਅਤੇ ਉਹ ਇਸ ਦਾ ਕਾਰਨ ਜਾਣਨਾ ਚਾਹੁੰਦਾ ਸੀ। ਮੈਂ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੂੰ ਮੇਰੀ ਚਿੰਤਾ ਸੀ।” ਜਦੋਂ ਬਜ਼ੁਰਗ ਮਸੀਹੀ ਭੈਣਾਂ ਨਾਲ ਗੱਲ ਕਰਨ ਲਈ ਬਾਕਾਇਦਾ ਸਮਾਂ ਕੱਢਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਭੈਣਾਂ ਦੀ ਪਰਵਾਹ ਹੈ। * ਅਨੈੱਟ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਹ ਬਜ਼ੁਰਗਾਂ ਨਾਲ ਬਾਕਾਇਦਾ ਗੱਲ ਕਰਨ ਦੇ ਫ਼ਾਇਦੇ ਬਾਰੇ ਦੱਸਦੀ ਹੋਈ ਕਹਿੰਦੀ ਹੈ: “ਮੈਂ ਉਨ੍ਹਾਂ ਨੂੰ ਅਤੇ ਉਹ ਮੈਨੂੰ ਚੰਗੀ ਤਰ੍ਹਾਂ ਜਾਣ ਪਾਏ ਹਨ। ਇਸ ਲਈ ਮੈਨੂੰ ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਤਾਂ ਮੈਂ ਉਨ੍ਹਾਂ ਤੋਂ ਮਦਦ ਲੈਣ ਲਈ ਝਿਜਕਦੀ ਨਹੀਂ।”
ਭੈਣਾਂ ਲਈ ਕਦਰ ਦਿਖਾਓ
10. ਭੈਣਾਂ ਦੀ ਖ਼ੁਸ਼ੀ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
10 ਅਸੀਂ ਉਦੋਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ, ਜਦੋਂ ਦੂਸਰੇ ਸਾਡੀਆਂ ਕਾਬਲੀਅਤਾਂ ਨੂੰ ਪਛਾਣਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਉਹ ਸਾਡੀ ਮਿਹਨਤ ਦੀ ਕਿੰਨੀ ਕਦਰ ਕਰਦੇ ਹਨ। ਦੂਜੇ ਪਾਸੇ, ਜੇ ਸਾਡੀ ਕਾਬਲੀਅਤ ਅਤੇ ਮਿਹਨਤ ਨਜ਼ਰਅੰਦਾਜ਼ ਕੀਤੀ ਜਾਂਦੀ ਹੈ, ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਐਬੀਗੇਲ ਨਾਂ ਦੀ ਕੁਆਰੀ ਭੈਣ ਮੰਨਦੀ ਹੈ ਕਿ ਕਦੀ-ਕਦੀ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਹ ਦੱਸਦੀ ਹੈ: “ਲੋਕ ਮੈਨੂੰ ਸਿਰਫ਼ ਕਿਸੇ ਦੀ ਭੈਣ ਜਾਂ ਕਿਸੇ ਦੀ ਧੀ ਵਜੋਂ ਜਾਣਦੇ ਹਨ। ਕਦੀ-ਕਦੀ ਮੈਨੂੰ ਲੱਗਦਾ ਹੈ ਕਿ ਕੋਈ ਵੀ ਮੇਰੇ ਧਿਆਨ ਨਹੀਂ ਦਿੰਦਾ।” ਪਰ ਜ਼ਰਾ ਗੌਰ ਕਰੋ ਕਿ ਪੈਮ ਨਾਂ ਦੀ ਭੈਣ ਨੇ ਕੀ ਕਿਹਾ। ਕੁਆਰੇ ਹੁੰਦਿਆਂ ਉਸ ਨੇ ਕਈ ਸਾਲ ਮਿਸ਼ਨਰੀ ਵਜੋਂ ਸੇਵਾ ਕੀਤੀ। ਫਿਰ ਆਪਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਉਹ ਘਰ ਵਾਪਸ ਆ ਗਈ। ਹੁਣ 70 ਸਾਲ ਦੀ ਉਮਰ ਵਿਚ ਵੀ ਉਹ ਪਾਇਨੀਅਰਿੰਗ ਕਰ ਰਹੀ ਹੈ। ਪੈਮ ਕਹਿੰਦੀ ਹੈ, “ਮੈਨੂੰ ਸਭ ਤੋਂ ਜ਼ਿਆਦਾ ਹੌਸਲਾ ਉਦੋਂ ਮਿਲਦਾ ਹੈ ਜਦੋਂ ਦੂਜੇ ਮੈਨੂੰ ਦੱਸਦੇ ਹਨ ਕਿ ਉਹ ਮੇਰੀ ਕਦਰ ਕਰਦੇ ਹਨ।”
11. ਯਿਸੂ ਨੇ ਕਿੱਦਾਂ ਦਿਖਾਇਆ ਕਿ ਉਹ ਉਨ੍ਹਾਂ ਔਰਤਾਂ ਦੀ ਕਦਰ ਕਰਦਾ ਸੀ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ?
11 ਯਿਸੂ ਮਸੀਹ ਉਨ੍ਹਾਂ ਵਫ਼ਾਦਾਰ ਔਰਤਾਂ ਦਾ ਸ਼ੁਕਰਗੁਜ਼ਾਰ ਸੀ ਜਿਨ੍ਹਾਂ ਨੇ “ਆਪਣੇ ਪੈਸੇ ਨਾਲ” ਉਸ ਦੀ ਸੇਵਾ ਕੀਤੀ। (ਲੂਕਾ 8:1-3) ਉਸ ਨੇ ਉਨ੍ਹਾਂ ਨੂੰ ਸਿਰਫ਼ ਸੇਵਾ ਕਰਨ ਦਾ ਸਨਮਾਨ ਹੀ ਨਹੀਂ ਦਿੱਤਾ, ਸਗੋਂ ਉਨ੍ਹਾਂ ਨੂੰ ਡੂੰਘੀਆਂ ਸੱਚਾਈਆਂ ਵੀ ਦੱਸੀਆਂ। ਮਿਸਾਲ ਲਈ, ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਮਾਰਿਆ ਜਾਵੇਗਾ ਅਤੇ ਫਿਰ ਜੀਉਂਦਾ ਕੀਤਾ ਜਾਵੇਗਾ। (ਲੂਕਾ 24:5-8) ਉਸ ਨੇ ਆਪਣੇ ਰਸੂਲਾਂ ਦੇ ਨਾਲ-ਨਾਲ ਇਨ੍ਹਾਂ ਔਰਤਾਂ ਨੂੰ ਵੀ ਆਉਣ ਵਾਲੀਆਂ ਮੁਸ਼ਕਲਾਂ ਲਈ ਤਿਆਰ ਕੀਤਾ। (ਮਰ. 9:30-32; 10:32-34) ਯਿਸੂ ਨੂੰ ਗਿਰਫ਼ਤਾਰ ਕੀਤੇ ਜਾਣ ਤੇ ਉਸ ਦੇ ਰਸੂਲ ਉਸ ਨੂੰ ਛੱਡ ਕੇ ਭੱਜ ਗਏ। ਪਰ ਜਦੋਂ ਯਿਸੂ ਤਸੀਹੇ ਦੀ ਸੂਲ਼ੀ ’ਤੇ ਦਮ ਤੋੜ ਰਿਹਾ ਸੀ, ਤਾਂ ਉਸ ਦਾ ਸਾਥ ਦੇਣ ਵਾਲੀਆਂ ਕੁਝ ਔਰਤਾਂ ਉਸ ਨਾਲ ਸਨ।—ਮੱਤੀ 26:56; ਮਰ. 15:40, 41.
12. ਯਿਸੂ ਨੇ ਔਰਤਾਂ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ?
12 ਯਿਸੂ ਨੇ ਕੁਝ ਔਰਤਾਂ ਨੂੰ ਅਹਿਮ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ। ਮਿਸਾਲ ਲਈ, ਯਿਸੂ ਨੇ ਆਪਣੇ ਜੀਉਂਦਾ ਹੋਣ ਦੀ ਖ਼ਬਰ ਸਭ ਤੋਂ ਪਹਿਲਾਂ ਔਰਤਾਂ ਨੂੰ ਦਿੱਤੀ। ਫਿਰ ਉਸ ਨੇ ਇਨ੍ਹਾਂ ਔਰਤਾਂ ਨੂੰ ਇਹ ਗੱਲ ਜਾ ਕੇ ਰਸੂਲਾਂ ਨੂੰ ਦੱਸਣ ਲਈ ਕਿਹਾ। (ਮੱਤੀ 28:5, 9, 10) ਨਾਲੇ ਪੰਤੇਕੁਸਤ 33 ਈਸਵੀ ਵਿਚ ਸ਼ਾਇਦ ਇਹ ਔਰਤਾਂ ਉੱਥੇ ਮੌਜੂਦ ਸਨ ਜਦ ਚੇਲਿਆਂ ’ਤੇ ਪਵਿੱਤਰ ਸ਼ਕਤੀ ਆਈ ਸੀ। ਜੇ ਇਸ ਤਰ੍ਹਾਂ ਹੋਇਆ ਸੀ, ਤਾਂ ਇਨ੍ਹਾਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਅਤੇ ਦੂਜਿਆਂ ਨੂੰ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਬਾਰੇ ਦੱਸਣ ਦੀ ਯੋਗਤਾ ਦਿੱਤੀ ਗਈ ਹੋਣੀ।—ਰਸੂ. 1:14; 2:2-4, 11.
13. ਮਸੀਹੀ ਭੈਣਾਂ ਅੱਜ ਕੀ ਕਰ ਰਹੀਆਂ ਹਨ ਅਤੇ ਅਸੀਂ ਉਨ੍ਹਾਂ ਦੇ ਕੰਮਾਂ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?
13 ਸਾਡੀਆਂ ਭੈਣਾਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੀਆਂ ਹਨ, ਉਸ ਲਈ ਉਹ ਤਾਰੀਫ਼ ਦੇ ਕਾਬਲ ਹਨ। ਇਸ ਵਿਚ ਉਸਾਰੀ ਦਾ ਕੰਮ, ਇਮਾਰਤਾਂ ਦੀ ਮੁਰੰਮਤ, ਹੋਰ ਭਾਸ਼ਾਵਾਂ ਦੇ ਗਰੁੱਪਾਂ ਵਿਚ ਸੇਵਾ ਅਤੇ ਬੈਥਲ ਵਿਚ ਵਲੰਟੀਅਰ ਦੇ ਤੌਰ ਤੇ ਕੰਮ ਕਰਨਾ ਸ਼ਾਮਲ ਹੈ। ਉਹ ਰਾਹਤ ਦੇ ਕੰਮ ਅਤੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਦੇ ਨਾਲ-ਨਾਲ ਪਾਇਨੀਅਰਾਂ ਅਤੇ ਮਿਸ਼ਨਰੀਆਂ ਵਜੋਂ ਸੇਵਾ ਕਰਦੀਆਂ ਹਨ। ਭਰਾਵਾਂ ਵਾਂਗ ਭੈਣਾਂ ਵੀ ਪਾਇਨੀਅਰ ਸਕੂਲ, ਰਾਜ ਦੇ ਪ੍ਰਚਾਰਕਾਂ ਲਈ ਸਕੂਲ ਅਤੇ ਗਿਲਿਅਡ ਸਕੂਲ ਵਿਚ ਜਾਂਦੀਆਂ ਹਨ। ਨਾਲੇ ਪਤਨੀਆਂ ਮੰਡਲੀ ਅਤੇ ਸੰਗਠਨ ਵਿਚ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਆਪਣੇ ਪਤੀਆਂ ਦੀ ਮਦਦ ਕਰਦੀਆਂ ਹਨ। ਆਪਣੀਆਂ ਪਤਨੀਆਂ ਦੇ ਸਾਥ ਤੋਂ ਬਿਨਾਂ ਇਹ ਜ਼ਿੰਮੇਵਾਰ ਭਰਾ “ਤੋਹਫ਼ਿਆਂ” ਵਜੋਂ ਪੂਰੀ ਤਰ੍ਹਾਂ ਸੇਵਾ ਨਹੀਂ ਕਰ ਸਕਦੇ। (ਅਫ਼. 4:8) ਤੁਸੀਂ ਇਨ੍ਹਾਂ ਭੈਣਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹੋ?
14. ਜ਼ਬੂਰ 68:11 ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਦਿਆਂ ਬਜ਼ੁਰਗ ਕੀ ਕਰਦੇ ਹਨ?
14 ਸਮਝਦਾਰ ਬਜ਼ੁਰਗਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭੈਣਾਂ ਅਜਿਹੇ ਕਾਮਿਆਂ ਦਾ “ਵੱਡਾ ਦਲ” ਹੈ ਜੋ ਖ਼ੁਸ਼ੀ ਨਾਲ ਪ੍ਰਚਾਰ ਦਾ ਕੰਮ ਕਰਦੀਆਂ ਹਨ। (ਜ਼ਬੂਰ 68:11 ਪੜ੍ਹੋ।) ਇਸ ਲਈ ਬਜ਼ੁਰਗ ਇਨ੍ਹਾਂ ਭੈਣਾਂ ਦੇ ਤਜਰਬੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਐਬੀਗੇਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ ਕਿ ਉਸ ਨੂੰ ਹੌਸਲਾ ਮਿਲਦਾ ਹੈ ਜਦੋਂ ਬਜ਼ੁਰਗ ਪੁੱਛਦੇ ਹਨ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਿਵੇਂ ਸ਼ੁਰੂ ਕਰਦੀ ਹੈ। ਉਹ ਕਹਿੰਦੀ ਹੈ, “ਇਸ ਗੱਲ ਰਾਹੀਂ ਮੇਰੀ ਇਹ ਦੇਖਣ ਵਿਚ ਮਦਦ ਹੋਈ ਹੈ ਕਿ ਯਹੋਵਾਹ ਦੇ ਸੰਗਠਨ ਵਿਚ ਮੇਰੀ ਵੀ ਇਕ ਜਗ੍ਹਾ ਹੈ।” ਨਾਲੇ ਬਜ਼ੁਰਗ ਇਹ ਵੀ ਜਾਣਦੇ ਹਨ ਕਿ ਵਫ਼ਾਦਾਰ ਅਤੇ ਤਜਰਬੇਕਾਰ ਭੈਣਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਨੌਜਵਾਨ ਭੈਣਾਂ ਦੀ ਮਦਦ ਕਰ ਸਕਦੀਆਂ ਹਨ। (ਤੀਤੁ. 2:3-5) ਬਿਨਾਂ ਸ਼ੱਕ, ਸਾਡੀਆਂ ਭੈਣਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ!
ਭੈਣਾਂ ਦੇ ਪੱਖ ਵਿਚ ਬੋਲੋ
15. ਭੈਣਾਂ ਨੂੰ ਦੂਜਿਆਂ ਦੀ ਮਦਦ ਦੀ ਲੋੜ ਸ਼ਾਇਦ ਕਦੋਂ ਪਵੇ?
15 ਕਦੀ-ਕਦਾਈਂ ਭੈਣਾਂ ਨੂੰ ਕਿਸੇ ਖ਼ਾਸ ਚੁਣੌਤੀ ਦਾ ਸਾਮ੍ਹਣਾ ਕਰਦੇ ਵੇਲੇ ਸ਼ਾਇਦ ਕਿਸੇ ਅਜਿਹੇ ਵਿਅਕਤੀ ਦੀ ਲੋੜ ਪਵੇ ਜੋ ਉਨ੍ਹਾਂ ਦੇ ਪੱਖ ਵਿਚ ਬੋਲੇ। (ਯਸਾ. 1:17) ਮਿਸਾਲ ਲਈ, ਕਿਸੇ ਵਿਧਵਾ ਜਾਂ ਤਲਾਕਸ਼ੁਦਾ ਭੈਣ ਨੂੰ ਸ਼ਾਇਦ ਅਜਿਹੇ ਕੰਮ ਕਰਨ ਵਿਚ ਮਦਦ ਦੀ ਲੋੜ ਪਵੇ ਜੋ ਪਹਿਲਾਂ ਉਸ ਦਾ ਪਤੀ ਕਰਦਾ ਹੁੰਦਾ ਸੀ। ਜਾਂ ਸ਼ਾਇਦ ਇਕ ਬਜ਼ੁਰਗ ਭੈਣ ਨੂੰ ਡਾਕਟਰ ਨਾਲ ਗੱਲ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਪਵੇ। ਜਾਂ ਜਦੋਂ ਸੰਗਠਨ ਦੇ ਹੋਰ ਕੰਮਾਂ ਵਿਚ ਹੱਥ ਵਟਾਉਣ ਕਰਕੇ ਇਕ ਪਾਇਨੀਅਰ ਭੈਣ ਨੂੰ ਕਿਹਾ ਜਾਂਦਾ ਹੈ ਕਿ ਉਹ ਬਾਕੀ ਪਾਇਨੀਅਰਾਂ ਵਾਂਗ ਪ੍ਰਚਾਰ ਵਿਚ ਹਿੱਸਾ ਕਿਉਂ ਨਹੀਂ ਲੈਂਦੀ, ਤਾਂ ਸ਼ਾਇਦ ਕਿਸੇ ਨੂੰ ਉਸ ਦੇ ਪੱਖ ਵਿਚ ਬੋਲਣਾ ਪਵੇ। ਅਸੀਂ ਆਪਣੀਆਂ ਭੈਣਾਂ ਦੀ ਹੋਰ ਕਿੱਦਾਂ ਮਦਦ ਕਰ ਸਕਦੇ ਹਾਂ? ਆਓ ਆਪਾਂ ਇਕ ਵਾਰ ਫਿਰ ਯਿਸੂ ਦੀ ਮਿਸਾਲ ’ਤੇ ਗੌਰ ਕਰੀਏ।
16. ਮਰਕੁਸ 14:3-9 ਅਨੁਸਾਰ ਯਿਸੂ ਨੇ ਮਰੀਅਮ ਦਾ ਪੱਖ ਕਿਵੇਂ ਲਿਆ?
16 ਜਦੋਂ ਮਸੀਹੀ ਔਰਤਾਂ ਦੀਆਂ ਗੱਲਾਂ ਦਾ ਗ਼ਲਤ ਮਤਲਬ ਕੱਢਿਆ ਗਿਆ, ਤਾਂ ਯਿਸੂ ਉਨ੍ਹਾਂ ਦੇ ਪੱਖ ਵਿਚ ਬੋਲਿਆ। ਮਿਸਾਲ ਲਈ, ਜਦੋਂ ਮਾਰਥਾ ਨੇ ਮਰੀਅਮ ’ਤੇ ਦੋਸ਼ ਲਾਇਆ, ਤਾਂ ਯਿਸੂ ਮਰੀਅਮ ਦੇ ਪੱਖ ਵਿਚ ਬੋਲਿਆ। (ਲੂਕਾ 10:38-42) ਉਹ ਇਕ ਵਾਰ ਫਿਰ ਮਰੀਅਮ ਦੇ ਪੱਖ ਵਿਚ ਬੋਲਿਆ ਜਦੋਂ ਦੂਜਿਆਂ ਨੇ ਮਰੀਅਮ ਦੀ ਨੁਕਤਾਚੀਨੀ ਕੀਤੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਸ ਦਾ ਫ਼ੈਸਲਾ ਗ਼ਲਤ ਸੀ। (ਮਰਕੁਸ 14:3-9 ਪੜ੍ਹੋ।) ਯਿਸੂ ਨੇ ਮਰੀਅਮ ਦੇ ਇਰਾਦੇ ਨੂੰ ਸਮਝਿਆ ਅਤੇ ਉਸ ਦੀ ਤਾਰੀਫ਼ ਕਰਦਿਆਂ ਕਿਹਾ: “ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ . . . ਉਹ ਜੋ ਕਰ ਸਕਦੀ ਸੀ, ਉਸ ਨੇ ਕੀਤਾ।” ਯਿਸੂ ਨੇ ਇਹ ਭਵਿੱਖਬਾਣੀ ਵੀ ਕੀਤੀ ਕਿ “ਸਾਰੀ ਦੁਨੀਆਂ ਵਿਚ ਜਿੱਥੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ” ਉਸ ਦੇ ਇਸ ਚੰਗੇ ਕੰਮ ਦਾ ਜ਼ਿਕਰ ਹੋਵੇਗਾ ਜਿਵੇਂ ਕਿ ਅੱਜ ਇਸ ਲੇਖ ਵਿਚ ਕੀਤਾ ਜਾ ਰਿਹਾ ਹੈ। ਇਹ ਕਿੰਨੀ ਮਾਅਰਕੇ ਦੀ ਗੱਲ ਹੈ ਕਿ ਯਿਸੂ ਨੇ ਇਸ ਔਰਤ ਦੇ ਨਿਰਸੁਆਰਥ ਕੰਮ ਦਾ ਜ਼ਿਕਰ ਦੁਨੀਆਂ ਭਰ ਵਿਚ ਕੀਤੇ ਜਾਣ ਵਾਲੇ ਪ੍ਰਚਾਰ ਦੇ ਕੰਮ ਨਾਲ ਕੀਤਾ! ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮਰੀਅਮ ਨੂੰ ਯਿਸੂ ਦੇ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ!
17. ਇਕ ਮਿਸਾਲ ਦਿਓ ਕਿ ਸਾਨੂੰ ਸ਼ਾਇਦ ਇਕ ਭੈਣ ਦੇ ਪੱਖ ਵਿਚ ਕਦੋਂ ਬੋਲਣਾ ਪਵੇ।
17 ਕੀ ਤੁਸੀਂ ਲੋੜ ਪੈਣ ’ਤੇ ਆਪਣੀਆਂ ਮਸੀਹੀ ਭੈਣਾਂ ਦੇ ਪੱਖ ਵਿਚ ਬੋਲਦੇ ਹੋ? ਜ਼ਰਾ ਕਲਪਨਾ ਕਰੋ। ਕੁਝ ਪ੍ਰਚਾਰਕ ਦੇਖਦੇ ਹਨ ਕਿ ਇਕ ਭੈਣ, ਜਿਸ ਦਾ ਪਤੀ ਸੱਚਾਈ ਵਿਚ ਨਹੀਂ ਹੈ, ਸਭਾਵਾਂ ’ਤੇ ਦੇਰ ਨਾਲ ਆਉਂਦੀ ਹੈ ਅਤੇ ਖ਼ਤਮ ਹੁੰਦਿਆਂ ਹੀ ਚਲੀ ਜਾਂਦੀ ਹੈ। ਉਹ ਆਪਣੇ ਬੱਚਿਆ ਨੂੰ ਵੀ ਕਦੀ-ਕਦਾਈਂ ਲੈ ਕੇ ਆਉਂਦੀ ਹੈ। ਇਸ ਲਈ ਉਹ ਭੈਣ ਦੀ ਨੁਕਤਾਚੀਨੀ ਕਰਦੇ ਹਨ ਅਤੇ ਸੋਚਦੇ ਹਨ ਕਿ ਉਹ ਆਪਣੇ ਪਤੀ ਨਾਲ ਦ੍ਰਿੜ੍ਹਤਾ ਨਾਲ ਗੱਲ ਕਿਉਂ ਨਹੀਂ ਕਰਦੀ। ਦਰਅਸਲ, ਉਹ ਭੈਣ ਜਿੰਨਾ ਕਰ ਸਕਦੀ ਹੈ, ਉਹ ਉੱਨਾ ਕਰ ਰਹੀ ਹੈ। ਹਰ ਗੱਲ ਉਸ ਦੇ ਹੱਥ-ਵੱਸ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਬੱਚਿਆਂ ਲਈ ਖ਼ੁਦ ਫ਼ੈਸਲੇ ਕਰ ਸਕਦੀ ਹੈ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਤੁਸੀਂ ਕੀ ਕਰ ਸਕਦੇ ਹੋ? ਜੇ ਤੁਸੀਂ ਉਸ ਭੈਣ ਦੀ ਤਾਰੀਫ਼ ਕਰੋਗੇ ਅਤੇ ਦੂਜਿਆਂ ਨੂੰ ਦੱਸੋਗੇ ਕਿ ਉਹ ਆਪਣੇ ਵੱਲੋਂ ਵਧੀਆ ਕਰ ਰਹੀ ਹੈ, ਤਾਂ ਤੁਸੀਂ ਨੁਕਤਾਚੀਨੀ ਕਰਨ ਵਾਲਿਆਂ ਨੂੰ ਰੋਕ ਸਕੋਗੇ।
18. ਅਸੀਂ ਹੋਰ ਕਿਹੜੇ ਤਰੀਕਿਆਂ ਰਾਹੀਂ ਆਪਣੀਆਂ ਭੈਣਾਂ ਦੀ ਮਦਦ ਕਰ ਸਕਦੇ ਹਾਂ?
18 ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਸਾਨੂੰ ਆਪਣੀਆਂ ਭੈਣਾਂ ਦੀ ਪਰਵਾਹ ਹੈ। (1 ਯੂਹੰ. 3:18) ਆਪਣੀ ਬੀਮਾਰ ਮੰਮੀ ਦੀ ਦੇਖ-ਭਾਲ ਕਰਨ ਵਾਲੀ ਅਨੈੱਟ ਦੱਸਦੀ ਹੈ: “ਕੁਝ ਭੈਣ-ਭਰਾ ਘਰ ਆ ਕੇ ਮੇਰੀ ਮੰਮੀ ਦੀ ਦੇਖ-ਭਾਲ ਕਰਦੇ ਸਨ ਤਾਂਕਿ ਮੈਂ ਹੋਰ ਕੰਮ ਕਰ ਸਕਾਂ ਜਾਂ ਉਹ ਖਾਣਾ ਲੈ ਕੇ ਆਉਂਦੇ ਸਨ। ਇਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਮੈਂ ਮੰਡਲੀ ਦਾ ਇਕ ਹਿੱਸਾ ਹਾਂ।” ਜੋਰਡਨ ਨੂੰ ਵੀ ਮਦਦ ਮਿਲੀ। ਇਕ ਭਰਾ ਨੇ ਉਸ ਨੂੰ ਆਪਣੀ ਗੱਡੀ ਦੀ ਮੁਰੰਮਤ ਕਰਨ ਲਈ ਸੁਝਾਅ ਦਿੱਤੇ। ਉਹ ਦੱਸਦੀ ਹੈ: “ਇਹ ਜਾਣ ਕੇ ਵਧੀਆ ਲੱਗਦਾ ਹੈ ਕਿ ਮੇਰੇ ਭੈਣਾਂ-ਭਰਾਵਾਂ ਨੂੰ ਮੇਰਾ ਫ਼ਿਕਰ ਹੈ।”
19. ਬਜ਼ੁਰਗ ਹੋਰ ਕਿਹੜੇ ਤਰੀਕਿਆਂ ਰਾਹੀਂ ਭੈਣਾਂ ਦੀ ਮਦਦ ਕਰ ਸਕਦੇ ਹਨ?
19 ਬਜ਼ੁਰਗ ਭੈਣਾਂ ਦੀਆਂ ਲੋੜਾਂ ਦਾ ਵੀ ਧਿਆਨ ਰੱਖਦੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਭੈਣਾਂ ਦਾ ਖ਼ਿਆਲ ਰੱਖਿਆ ਜਾਵੇ। (ਯਾਕੂ. 1:27) ਇਸ ਲਈ ਉਹ ਯਿਸੂ ਦੀ ਤਰ੍ਹਾਂ ਲਿਹਾਜ਼ ਦਿਖਾਉਂਦੇ ਹਨ ਅਤੇ ਕਾਇਦੇ-ਕਾਨੂੰਨ ਬਣਾਉਣ ਦੀ ਬਜਾਇ ਪਿਆਰ ਨਾਲ ਪੇਸ਼ ਆਉਂਦੇ ਹਨ। ਨਾਲੇ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦੇ ਹਨ। (ਮੱਤੀ 15:22-28) ਜਿਹੜੇ ਬਜ਼ੁਰਗ ਮਸੀਹੀ ਭੈਣਾਂ ਦੀ ਮਦਦ ਕਰਨ ਵਿਚ ਪਹਿਲ ਕਰਦੇ ਹਨ, ਉਹ ਉਨ੍ਹਾਂ ਨੂੰ ਅਹਿਸਾਸ ਕਰਾਉਂਦੇ ਹਨ ਕਿ ਯਹੋਵਾਹ ਅਤੇ ਉਸ ਦੇ ਸੰਗਠਨ ਨੂੰ ਉਨ੍ਹਾਂ ਦੀ ਪਰਵਾਹ ਹੈ। ਜਦੋਂ ਕੀਆ ਦੇ ਗਰੁੱਪ ਓਵਰਸੀਅਰ ਨੂੰ ਪਤਾ ਲੱਗਾ ਕਿ ਉਹ ਘਰ ਬਦਲ ਰਹੀ ਹੈ, ਤਾਂ ਉਸ ਨੇ ਉਸ ਦੀ ਮਦਦ ਕਰਨ ਦਾ ਪ੍ਰਬੰਧ ਕੀਤਾ। ਉਹ ਕਹਿੰਦੀ ਹੈ, “ਇਸ ਕਰਕੇ ਮੇਰੀ ਚਿੰਤਾ ਕਾਫ਼ੀ ਹੱਦ ਤਕ ਘੱਟ ਗਈ। ਬਜ਼ੁਰਗਾਂ ਵੱਲੋਂ ਮਿਲੀ ਮਦਦ ਅਤੇ ਹੌਸਲੇ ਕਰਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਮੰਡਲੀ ਦਾ ਇਕ ਅਹਿਮ ਹਿੱਸਾ ਹਾਂ ਅਤੇ ਮੁਸ਼ਕਲ ਹਾਲਾਤਾਂ ਦੌਰਾਨ ਮੈਂ ਇਕੱਲੀ ਨਹੀਂ ਹਾਂ।”
ਸਾਰੀਆਂ ਮਸੀਹੀ ਭੈਣਾਂ ਨੂੰ ਸਾਡੇ ਸਾਥ ਦੀ ਲੋੜ ਹੈ
20-21. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੀਆਂ ਭੈਣਾਂ ਨੂੰ ਅਨਮੋਲ ਸਮਝਦੇ ਹਾਂ?
20 ਅੱਜ ਅਸੀਂ ਆਪਣੀਆਂ ਮੰਡਲੀਆਂ ਵਿਚ ਅਣਗਿਣਤ ਮਸੀਹੀ ਭੈਣਾਂ ਦੇਖਦੇ ਹਾਂ ਜੋ ਸਖ਼ਤ ਮਿਹਨਤ ਕਰ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਸਾਡੇ ਸਾਥ ਦੀ ਲੋੜ ਹੈ। ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖਿਆ ਕਿ ਅਸੀਂ ਭੈਣਾਂ ਨਾਲ ਸਮਾਂ ਬਿਤਾ ਕੇ ਅਤੇ ਉਨ੍ਹਾਂ ਨੂੰ ਜਾਣ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਉਨ੍ਹਾਂ ਦੇ ਕੰਮ ਲਈ ਕਦਰ ਦਿਖਾ ਸਕਦੇ ਹਾਂ। ਨਾਲੇ ਲੋੜ ਪੈਣ ’ਤੇ ਅਸੀਂ ਉਨ੍ਹਾਂ ਦੇ ਪੱਖ ਵਿਚ ਵੀ ਬੋਲ ਸਕਦੇ ਹਾਂ।
21 ਰੋਮੀਆਂ ਨੂੰ ਲਿਖੀ ਚਿੱਠੀ ਦੇ ਅਖ਼ੀਰ ਵਿਚ ਪੌਲੁਸ ਰਸੂਲ ਨੇ ਖ਼ਾਸਕਰ ਨੌਂ ਮਸੀਹੀ ਔਰਤਾਂ ਦਾ ਜ਼ਿਕਰ ਕੀਤਾ। (ਰੋਮੀ. 16:1, 3, 6, 12, 13, 15) ਬਿਨਾਂ ਸ਼ੱਕ, ਪੌਲੁਸ ਵੱਲੋਂ ਆਪਣੀ ਤਾਰੀਫ਼ ਸੁਣ ਕੇ ਇਨ੍ਹਾਂ ਔਰਤਾਂ ਨੂੰ ਬਹੁਤ ਹੌਸਲਾ ਮਿਲਿਆ ਹੋਣਾ। ਇਸੇ ਤਰ੍ਹਾਂ ਆਓ ਆਪਾਂ ਵੀ ਆਪਣੀ ਮੰਡਲੀ ਦੀਆਂ ਸਾਰੀਆਂ ਭੈਣਾਂ ਦਾ ਸਾਥ ਦੇਈਏ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਵਾਂਗੇ ਕਿ ਸਾਡੀਆਂ ਭੈਣਾਂ ਸਾਡੇ ਪਰਿਵਾਰ ਦਾ ਅਨਮੋਲ ਹਿੱਸਾ ਹਨ।
ਗੀਤ 26 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!
^ ਪੈਰਾ 5 ਮਸੀਹੀ ਭੈਣਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੀਆਂ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਦੀ ਰੀਸ ਕਰਦਿਆਂ ਅਸੀਂ ਆਪਣੀਆਂ ਮਸੀਹੀ ਭੈਣਾਂ ਦਾ ਸਾਥ ਕਿੱਦਾਂ ਦੇ ਸਕਦੇ ਹਾਂ। ਅਸੀਂ ਯਿਸੂ ਤੋਂ ਔਰਤਾਂ ਨਾਲ ਪੇਸ਼ ਆਉਣ, ਉਨ੍ਹਾਂ ਦੀ ਕਦਰ ਕਰਨ ਅਤੇ ਉਨ੍ਹਾਂ ਦਾ ਪੱਖ ਲੈਣ ਬਾਰੇ ਸਿੱਖਾਂਗੇ।
^ ਪੈਰਾ 5 ਕੁਝ ਨਾਂ ਬਦਲੇ ਗਏ ਹਨ।
^ ਪੈਰਾ 6 ਇਕ ਕਿਤਾਬ ਦੱਸਦੀ ਹੈ: “ਚੇਲੇ ਆਪਣੇ ਗੁਰੂਆਂ ਦੇ ਚਰਨਾਂ ਵਿਚ ਬੈਠਦੇ ਸਨ। ਖ਼ਾਸ ਕਰਕੇ ਉਹ ਚੇਲੇ ਇਸ ਤਰ੍ਹਾਂ ਕਰਦੇ ਸਨ ਜੋ ਇਕ ਦਿਨ ਗੁਰੂ ਬਣਨਾ ਚਾਹੁੰਦੇ ਸਨ। ਪਰ ਸਿਖਾਉਣ ਦਾ ਕੰਮ ਔਰਤਾਂ ਨੂੰ ਨਹੀਂ ਦਿੱਤਾ ਜਾਂਦਾ ਸੀ। ਇਸ ਲਈ ਮਰੀਅਮ ਨੂੰ ਯਿਸੂ ਦੇ ਚਰਨਾਂ ਵਿਚ ਬੈਠੀ ਅਤੇ ਉਸ ਦੀ ਸਿੱਖਣ ਦੀ ਤਾਂਘ ਦੇਖ ਕੇ ਉਸ ਸਮੇਂ ਦੇ ਬਹੁਤ ਸਾਰੇ ਯਹੂਦੀ ਦੰਗ ਰਹਿ ਗਏ ਹੋਣੇ।”
^ ਪੈਰਾ 9 ਭੈਣਾਂ ਦੀ ਮਦਦ ਕਰਦਿਆਂ ਬਜ਼ੁਰਗ ਸਾਵਧਾਨੀ ਵਰਤਦੇ ਹਨ। ਮਿਸਾਲ ਲਈ, ਉਨ੍ਹਾਂ ਨੂੰ ਕਿਸੇ ਭੈਣ ਨੂੰ ਮਿਲਣ ਲਈ ਇਕੱਲਿਆਂ ਨਹੀਂ ਜਾਣਾ ਚਾਹੀਦਾ।
^ ਪੈਰਾ 65 ਤਸਵੀਰ ਬਾਰੇ ਜਾਣਕਾਰੀ: ਯਿਸੂ ਵਾਂਗ ਵਫ਼ਾਦਾਰ ਭੈਣਾਂ ਲਈ ਪਰਵਾਹ ਦਿਖਾਉਂਦਿਆਂ ਇਕ ਭਰਾ ਗੱਡੀ ਦਾ ਟਾਇਰ ਬਦਲਣ ਵਿਚ ਦੋ ਭੈਣਾਂ ਦੀ ਮਦਦ ਕਰਦਾ ਹੋਇਆ, ਇਕ ਭਰਾ ਬੀਮਾਰ ਭੈਣ ਦਾ ਹਾਲ-ਚਾਲ ਪੁੱਛਦਾ ਹੋਇਆ ਅਤੇ ਇਕ ਭਰਾ ਆਪਣੀ ਪਤਨੀ ਨਾਲ ਇਕ ਭੈਣ ਅਤੇ ਉਸ ਦੀ ਧੀ ਨਾਲ ਪਰਿਵਾਰਕ ਸਟੱਡੀ ਦਾ ਆਨੰਦ ਮਾਣਦਾ ਹੋਇਆ।