ਅਧਿਐਨ ਲੇਖ 3
ਯਹੋਵਾਹ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਰਿਹਾ ਹੈ
“ਯਹੋਵਾਹ ਯੂਸੁਫ਼ ਦੇ ਨਾਲ ਸੀ . . . , ਯਹੋਵਾਹ ਉਸ ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ਦਾ ਸੀ।”—ਉਤ. 39:2, 3.
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
ਖ਼ਾਸ ਗੱਲਾਂ a
1-2. (ੳ) ਅਸੀਂ ਉਦੋਂ ਹੈਰਾਨ ਕਿਉਂ ਨਹੀਂ ਹੁੰਦੇ ਜਦੋਂ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
ਯਹੋਵਾਹ ਦੇ ਲੋਕ ਹੋਣ ਕਰਕੇ ਅਸੀਂ ਉਦੋਂ ਹੈਰਾਨ ਨਹੀਂ ਹੁੰਦੇ ਜਦੋਂ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਬਾਈਬਲ ਵਿਚ ਇਹ ਲਿਖਿਆ ਹੈ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” (ਰਸੂ. 14:22) ਅਸੀਂ ਇਹ ਗੱਲ ਵੀ ਜਾਣਦੇ ਹਾਂ ਕਿ ਕੁਝ ਮੁਸ਼ਕਲਾਂ ਪਰਮੇਸ਼ੁਰ ਦੇ ਰਾਜ ਵਿਚ ਜਾ ਕੇ ਹੀ ਪੂਰੀ ਤਰ੍ਹਾਂ ਖ਼ਤਮ ਹੋਣਗੀਆਂ। ਉਸ ਦੇ ਰਾਜ ਵਿਚ “ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾ. 21:4.
2 ਯਹੋਵਾਹ ਸਾਡੇ ʼਤੇ ਮੁਸ਼ਕਲਾਂ ਆਉਣ ਤੋਂ ਰੋਕਦਾ ਨਹੀਂ ਹੈ, ਪਰ ਉਹ ਇਨ੍ਹਾਂ ਨੂੰ ਸਹਿਣ ਲਈ ਸਾਨੂੰ ਤਾਕਤ ਜ਼ਰੂਰ ਦਿੰਦਾ ਹੈ। ਗੌਰ ਕਰੋ ਕਿ ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਕੀ ਕਿਹਾ। ਉਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੁੱਖ-ਮੁਸੀਬਤਾਂ ਬਾਰੇ ਗੱਲ ਕੀਤੀ ਜੋ ਉੱਥੇ ਦੇ ਮਸੀਹੀ ਝੱਲ ਰਹੇ ਸਨ। ਫਿਰ ਉਸ ਨੇ ਲਿਖਿਆ: “ਅਸੀਂ ਇਨ੍ਹਾਂ ਸਾਰੇ ਦੁੱਖਾਂ ਉੱਤੇ ਪੂਰੀ ਤਰ੍ਹਾਂ ਫਤਹਿ ਪਾਉਂਦੇ ਹਾਂ।” (ਰੋਮੀ. 8:35-37) ਇਸ ਦਾ ਮਤਲਬ ਹੈ ਕਿ ਯਹੋਵਾਹ ਮੁਸੀਬਤਾਂ ਦੌਰਾਨ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਸਕਦਾ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਯੂਸੁਫ਼ ਦੀ ਕਾਮਯਾਬ ਹੋਣ ਵਿਚ ਕਿਵੇਂ ਮਦਦ ਕੀਤੀ ਅਤੇ ਉਹ ਤੁਹਾਡੀ ਵੀ ਕਿਵੇਂ ਮਦਦ ਕਰ ਸਕਦਾ ਹੈ।
ਜਦੋਂ ਅਚਾਨਕ ਹੀ ਸਭ ਕੁਝ ਬਦਲ ਜਾਵੇ
3. ਯੂਸੁਫ਼ ਦੀ ਜ਼ਿੰਦਗੀ ਅਚਾਨਕ ਕਿਵੇਂ ਬਦਲ ਗਈ?
3 ਯਾਕੂਬ ਆਪਣੇ ਪੁੱਤਰ ਯੂਸੁਫ਼ ਨੂੰ ਬਹੁਤ ਪਿਆਰ ਕਰਦਾ ਸੀ। (ਉਤ. 37:3, 4) ਇਸ ਕਰਕੇ ਯੂਸੁਫ਼ ਦੇ ਵੱਡੇ ਭਰਾ ਉਸ ਨਾਲ ਬਹੁਤ ਈਰਖਾ ਕਰਦੇ ਸਨ। ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ, ਤਾਂ ਉਨ੍ਹਾਂ ਨੇ ਯੂਸੁਫ਼ ਨੂੰ ਕੁਝ ਮਿਦਿਆਨੀ ਵਪਾਰੀਆਂ ਨੂੰ ਵੇਚ ਦਿੱਤਾ। ਉਹ ਵਪਾਰੀ ਯੂਸੁਫ਼ ਨੂੰ ਉਸ ਦੇ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਮਿਸਰ ਵਿਚ ਲੈ ਗਏ। ਉੱਥੇ ਉਨ੍ਹਾਂ ਨੇ ਉਸ ਨੂੰ ਪੋਟੀਫ਼ਰ ਨੂੰ ਵੇਚ ਦਿੱਤਾ ਜੋ ਫ਼ਿਰਊਨ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ। ਯੂਸੁਫ਼ ਦੀ ਜ਼ਿੰਦਗੀ ਪਲਾਂ ਵਿਚ ਹੀ ਬਦਲ ਗਈ। ਕਿੱਥੇ ਉਹ ਇਕ ਸਮੇਂ ʼਤੇ ਆਪਣੇ ਪਿਤਾ ਦਾ ਸਭ ਤੋਂ ਲਾਡਲਾ ਪੁੱਤਰ ਸੀ ਅਤੇ ਕਿੱਥੇ ਹੁਣ ਉਹ ਮਿਸਰ ਵਿਚ ਇਕ ਗ਼ੁਲਾਮ ਬਣ ਕੇ ਰਹਿ ਗਿਆ ਸੀ!—ਉਤ. 39:1.
4. ਸਾਨੂੰ ਕਿਹੋ ਜਿਹੀਆਂ ਦੁੱਖ-ਮੁਸੀਬਤਾਂ ਝੱਲਣੀਆਂ ਪੈ ਸਕਦੀਆਂ ਹਨ?
4 ਬਾਈਬਲ ਕਹਿੰਦੀ ਹੈ ਕਿ “ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11) ਕਈ ਵਾਰ ਸਾਡੇ ਉੱਤੇ ਵੀ ਉਹ ਮੁਸੀਬਤਾਂ ਆਉਂਦੀਆਂ ਹਨ ਜੋ “ਦੂਸਰੇ ਲੋਕਾਂ” ʼਤੇ ਵੀ ਆਉਂਦੀਆਂ ਹਨ। (1 ਕੁਰਿੰ. 10:13) ਕਈ ਵਾਰ ਸਾਨੂੰ ਸਿਰਫ਼ ਯਿਸੂ ਦੇ ਚੇਲੇ ਹੋਣ ਕਰਕੇ ਹੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਉਦਾਹਰਣ ਲਈ, ਸ਼ਾਇਦ ਸਾਡੀ ਨਿਹਚਾ ਕਰਕੇ ਸਾਡਾ ਮਜ਼ਾਕ ਉਡਾਇਆ ਜਾਵੇ, ਵਿਰੋਧ ਕੀਤਾ ਜਾਵੇ ਜਾਂ ਸਾਡੇ ʼਤੇ ਜ਼ੁਲਮ ਕੀਤੇ ਜਾਣ। (2 ਤਿਮੋ. 3:12) ਤੁਹਾਡੇ ʼਤੇ ਚਾਹੇ ਜਿਹੜੀ ਮਰਜ਼ੀ ਦੁੱਖ-ਮੁਸੀਬਤ ਆਵੇ, ਯਹੋਵਾਹ ਉਸ ਦੌਰਾਨ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਸਕਦਾ ਹੈ। ਆਓ ਆਪਾਂ ਦੇਖੀਏ ਕਿ ਉਸ ਨੇ ਯੂਸੁਫ਼ ਦੀ ਕਿਵੇਂ ਮਦਦ ਕੀਤੀ।
5. ਯੂਸੁਫ਼ ਦੀ ਕਾਮਯਾਬੀ ਦੇਖ ਕੇ ਪੋਟੀਫ਼ਰ ਕੀ ਸਮਝ ਗਿਆ? (ਉਤਪਤ 39:2-6)
5 ਉਤਪਤ 39:2-6 ਪੜ੍ਹੋ। ਪੋਟੀਫ਼ਰ ਨੇ ਧਿਆਨ ਦਿੱਤਾ ਕਿ ਯੂਸੁਫ਼ ਬਹੁਤ ਮਿਹਨਤੀ ਅਤੇ ਕਾਬਲ ਨੌਜਵਾਨ ਸੀ। ਉਹ ਇਹ ਵੀ ਜਾਣਦਾ ਸੀ ਕਿ ਇੱਦਾਂ ਕਿਉਂ ਸੀ? ਕਿਉਂਕਿ ਉਸ ਨੇ ਆਪਣੀ ਅੱਖੀਂ ਦੇਖਿਆ ਕਿ “ਯਹੋਵਾਹ [ਯੂਸੁਫ਼] ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ਦਾ ਸੀ।” b ਅਖ਼ੀਰ ਪੋਟੀਫ਼ਰ ਨੇ ਯੂਸੁਫ਼ ਨੂੰ ਆਪਣਾ ਖ਼ਾਸ ਨੌਕਰ ਬਣਾ ਲਿਆ। ਨਾਲੇ ਉਸ ਨੇ ਯੂਸੁਫ਼ ਨੂੰ ਘਰ ਦਾ ਅਤੇ ਹੋਰ ਸਭ ਕਾਸੇ ਦਾ ਪ੍ਰਬੰਧਕ ਵੀ ਬਣਾ ਦਿੱਤਾ। ਇਸ ਦਾ ਕੀ ਨਤੀਜਾ ਨਿਕਲਿਆ? ਯੂਸੁਫ਼ ਕਰਕੇ ਪੋਟੀਫ਼ਰ ਹੋਰ ਵੀ ਵਧਿਆ-ਫੁੱਲਿਆ।
6. ਯੂਸੁਫ਼ ਨੂੰ ਸ਼ਾਇਦ ਆਪਣੀ ਹਾਲਤ ਬਾਰੇ ਕਿਵੇਂ ਲੱਗਦਾ ਹੋਣਾ?
6 ਜ਼ਰਾ ਕਲਪਨਾ ਕਰੋ ਕਿ ਯੂਸੁਫ਼ ਨੂੰ ਆਪਣੀ ਹਾਲਤ ਬਾਰੇ ਕਿੱਦਾਂ ਲੱਗਾ ਹੋਣਾ। ਉਹ ਸਭ ਤੋਂ ਜ਼ਿਆਦਾ ਕੀ ਚਾਹੁੰਦਾ ਹੋਣਾ? ਕੀ ਉਹ ਇਹ ਚਾਹੁੰਦਾ ਸੀ ਕਿ ਪੋਟੀਫ਼ਰ ਉਸ ਵੱਲ ਧਿਆਨ ਦੇਵੇ ਅਤੇ ਉਸ ਨੂੰ ਇਨਾਮ ਦੇਵੇ? ਬਿਨਾਂ ਸ਼ੱਕ, ਉਹ ਉੱਥੋਂ ਆਜ਼ਾਦ ਹੋ ਕਿ ਆਪਣੇ ਪਿਤਾ ਕੋਲ ਵਾਪਸ ਜਾਣਾ ਚਾਹੁੰਦਾ ਹੋਣਾ। ਚਾਹੇ ਪੋਟੀਫ਼ਰ ਦੇ ਘਰ ਵਿਚ ਉਸ ਕੋਲ ਬਹੁਤ ਅਧਿਕਾਰ ਸੀ, ਪਰ ਉਹ ਹੈ ਤਾਂ ਉਸ ਵਿਅਕਤੀ ਦਾ ਨੌਕਰ ਹੀ ਸੀ ਜੋ ਯਹੋਵਾਹ ਦੀ ਭਗਤੀ ਨਹੀਂ ਕਰਦਾ ਸੀ। ਯਹੋਵਾਹ ਨੇ ਅਜਿਹਾ ਕੁਝ ਨਹੀਂ ਕੀਤਾ ਕਿ ਪੋਟੀਫ਼ਰ ਯੂਸੁਫ਼ ਨੂੰ ਆਜ਼ਾਦ ਕਰ ਦੇਵੇ। ਪਰ ਯੂਸੁਫ਼ ਦੇ ਹਾਲਾਤ ਅੱਗੇ ਜਾ ਕੇ ਬਦ ਤੋਂ ਬਦਤਰ ਹੋਣ ਵਾਲੇ ਸਨ।
ਜਦੋਂ ਹਾਲਾਤ ਬਦ ਤੋਂ ਬਦਤਰ ਹੋ ਜਾਣ
7. ਯੂਸੁਫ਼ ਦੇ ਹਾਲਾਤ ਕਿੱਦਾਂ ਬਦ ਤੋਂ ਬਦਤਰ ਹੋ ਗਏ? (ਉਤਪਤ 39:14, 15)
7 ਉਤਪਤ ਅਧਿਆਇ 39 ਵਿਚ ਦੱਸਿਆ ਗਿਆ ਹੈ ਕਿ ਪੋਟੀਫ਼ਰ ਦੀ ਪਤਨੀ ਯੂਸੁਫ਼ ʼਤੇ ਡੋਰੇ ਪਾਉਂਦੀ ਸੀ ਅਤੇ ਵਾਰ-ਵਾਰ ਉਸ ʼਤੇ ਸਰੀਰਕ ਸੰਬੰਧ ਬਣਾਉਣ ਲਈ ਜ਼ੋਰ ਪਾਉਂਦੀ ਸੀ। ਪਰ ਯੂਸੁਫ਼ ਹਰ ਵਾਰ ਉਸ ਨੂੰ ਮਨ੍ਹਾ ਕਰਦਾ ਰਿਹਾ। ਅਖ਼ੀਰ ਉਸ ਨੂੰ ਯੂਸੁਫ਼ ʼਤੇ ਬਹੁਤ ਗੁੱਸਾ ਆਇਆ। ਇਸ ਲਈ ਉਸ ਨੇ ਯੂਸੁਫ਼ ʼਤੇ ਦੋਸ਼ ਲਾਇਆ ਕਿ ਉਸ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। (ਉਤਪਤ 39:14, 15 ਪੜ੍ਹੋ।) ਜਦੋਂ ਪੋਟੀਫ਼ਰ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਯੂਸੁਫ਼ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਿੱਥੇ ਉਹ ਕਈ ਸਾਲ ਰਿਹਾ। (ਉਤ. 39:19, 20) ਉਹ ਜੇਲ੍ਹ ਕਿਹੋ ਜਿਹੀ ਸੀ? ਯੂਸੁਫ਼ ਨੇ “ਜੇਲ੍ਹ” ਲਈ ਜੋ ਇਬਰਾਨੀ ਸ਼ਬਦ ਵਰਤਿਆ, ਉਸ ਦਾ ਮਤਲਬ “ਭੋਰਾ,” ਜਾਂ “ਟੋਆ” ਹੋ ਸਕਦਾ ਹੈ। ਉੱਥੇ ਚਾਰੇ ਪਾਸੇ ਘੁੱਪ ਹਨੇਰਾ ਸੀ ਅਤੇ ਯੂਸੁਫ਼ ਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ। (ਉਤ. 40:15, ਫੁਟਨੋਟ) ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ ਕੁਝ ਸਮੇਂ ਲਈ ਯੂਸੁਫ਼ ਦੇ ਪੈਰ ਬੇੜੀਆਂ ਨਾਲ ਜਕੜ ਦਿੱਤੇ ਗਏ ਅਤੇ ਉਸ ਦੀ ਧੌਣ ʼਤੇ ਲੋਹੇ ਦੀਆਂ ਜ਼ੰਜੀਰਾਂ ਪਾ ਦਿੱਤੀਆਂ ਗਈਆਂ। (ਜ਼ਬੂ. 105:17, 18) ਯੂਸੁਫ਼ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਯੂਸੁਫ਼ ਇਕ ਭਰੋਸੇਮੰਦ ਗ਼ੁਲਾਮ ਤੋਂ ਇਕ ਮਾਮੂਲੀ ਜਿਹਾ ਕੈਦੀ ਬਣ ਕੇ ਰਹਿ ਗਿਆ।
8. ਚਾਹੇ ਸਾਡੇ ਹਾਲਾਤ ਬਦ ਤੋਂ ਬਦਤਰ ਹੋ ਜਾਣ, ਪਰ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
8 ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਕਿਸੇ ਮੁਸੀਬਤ ਵੇਲੇ ਮਦਦ ਵਾਸਤੇ ਯਹੋਵਾਹ ਅੱਗੇ ਤਰਲੇ ਕੀਤੇ, ਪਰ ਤੁਹਾਡੇ ਹਾਲਾਤ ਸੁਧਰਨ ਦੀ ਬਜਾਇ ਹੋਰ ਵੀ ਬਦਤਰ ਹੋ ਗਏ? ਬਿਨਾਂ ਸ਼ੱਕ, ਸ਼ੈਤਾਨ ਦੀ ਦੁਨੀਆਂ ਵਿਚ ਰਹਿੰਦਿਆਂ ਇੱਦਾਂ ਹੋ ਸਕਦਾ ਹੈ। (1 ਯੂਹੰ. 5:19) ਚਾਹੇ ਯਹੋਵਾਹ ਚਮਤਕਾਰ ਕਰ ਕੇ ਤੁਹਾਨੂੰ ਕਿਸੇ ਮੁਸ਼ਕਲ ਤੋਂ ਬਚਾਉਂਦਾ ਨਹੀਂ, ਪਰ ਤੁਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ ਅਤੇ ਉਸ ਨੂੰ ਤੁਹਾਡੀ ਬਹੁਤ ਪਰਵਾਹ ਹੈ। (ਮੱਤੀ 10:29-31; 1 ਪਤ. 5:6, 7) ਇਸ ਤੋਂ ਇਲਾਵਾ, ਉਹ ਵਾਅਦਾ ਕਰਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬ. 13:5) ਚਾਹੇ ਕਿਸੇ ਮੁਸ਼ਕਲ ਵਿੱਚੋਂ ਨਿਕਲਣ ਦੀ ਤੁਹਾਨੂੰ ਕੋਈ ਉਮੀਦ ਨਜ਼ਰ ਨਾ ਆਵੇ, ਪਰ ਯਹੋਵਾਹ ਉਸ ਨੂੰ ਸਹਿਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਆਓ ਆਪਾਂ ਦੇਖੀਏ ਕਿ ਉਸ ਨੇ ਯੂਸੁਫ਼ ਦੀ ਕਿੱਦਾਂ ਮਦਦ ਕੀਤੀ।
9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦੋਂ ਯੂਸੁਫ਼ ਜੇਲ੍ਹ ਵਿਚ ਸੀ, ਤਾਂ ਯਹੋਵਾਹ ਨੇ ਉਸ ਦਾ ਸਾਥ ਦਿੱਤਾ? (ਉਤਪਤ 39:21-23)
9 ਉਤਪਤ 39:21-23 ਪੜ੍ਹੋ। ਚਾਹੇ ਜੇਲ੍ਹ ਵਿਚ ਹੁੰਦਿਆਂ ਯੂਸੁਫ਼ ਦੀ ਜ਼ਿੰਦਗੀ ਬਹੁਤ ਔਖੀ ਸੀ, ਫਿਰ ਵੀ ਯਹੋਵਾਹ ਨੇ ਉਸ ਨੂੰ ਕਾਮਯਾਬੀ ਬਖ਼ਸ਼ੀ। ਕਿਵੇਂ? ਸਮੇਂ ਦੇ ਬੀਤਣ ਨਾਲ ਮੁੱਖ ਅਧਿਕਾਰੀ ਯੂਸੁਫ਼ ʼਤੇ ਭਰੋਸਾ ਕਰਨ ਲੱਗ ਪਿਆ ਜਿੱਦਾਂ ਪੋਟੀਫ਼ਰ ਕਰਦਾ ਹੁੰਦਾ ਸੀ। ਅਖ਼ੀਰ, ਜੇਲ੍ਹ ਦੇ ਮੁੱਖ ਅਧਿਕਾਰੀ ਨੇ ਯੂਸੁਫ਼ ਨੂੰ ਸਾਰੇ ਕੈਦੀਆਂ ਦਾ ਨਿਗਰਾਨ ਬਣਾ ਦਿੱਤਾ। ਦਰਅਸਲ, ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਮੁੱਖ ਅਧਿਕਾਰੀ ਨੂੰ ਯੂਸੁਫ਼ ਦੇ ਕੰਮ ਸੰਬੰਧੀ ਕੋਈ ਚਿੰਤਾ ਨਹੀਂ ਸੀ।” ਹੁਣ ਯੂਸੁਫ਼ ਨੇ ਸਿਰਫ਼ ਜੇਲ੍ਹ ਦੇ ਇਕ ਖੂੰਜੇ ਵਿਚ ਐਵੇਂ ਹੀ ਬੈਠਾ ਨਹੀਂ ਰਹਿਣਾ ਸੀ, ਸਗੋਂ ਉਸ ਕੋਲ ਕਰਨ ਲਈ ਕੁਝ ਕੰਮ ਸੀ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੱਦਾਂ ਕਦੇ ਹੋਵੇਗਾ। ਕੀ ਉਸ ਆਦਮੀ ਨੂੰ ਇੰਨਾ ਵੱਡਾ ਅਧਿਕਾਰ ਮਿਲ ਸਕਦਾ ਸੀ ਜਿਸ ʼਤੇ ਰਾਜੇ ਦੇ ਇਕ ਮੰਤਰੀ ਦੀ ਪਤਨੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੋਵੋ? ਇਸ ਦਾ ਸਿਰਫ਼ ਇਕ ਹੀ ਜਵਾਬ ਹੈ ਜੋ ਉਤਪਤ 39:23 ਵਿਚ ਦਿੱਤਾ ਗਿਆ ਹੈ: “ਯਹੋਵਾਹ ਯੂਸੁਫ਼ ਦੇ ਨਾਲ ਸੀ ਅਤੇ ਯਹੋਵਾਹ ਨੇ ਹਰ ਕੰਮ ਵਿਚ ਉਸ ਨੂੰ ਕਾਮਯਾਬੀ ਬਖ਼ਸ਼ੀ ਸੀ।”
10. ਸਮਝਾਓ ਕਿ ਯੂਸੁਫ਼ ਨੂੰ ਸ਼ਾਇਦ ਇੱਦਾਂ ਕਿਉਂ ਲੱਗਾ ਹੋਣਾ ਕਿ ਉਹ ਹਰ ਕੰਮ ਵਿਚ ਕਾਮਯਾਬ ਨਹੀਂ ਹੋ ਰਿਹਾ।
10 ਜ਼ਰਾ ਦੁਬਾਰਾ ਕਲਪਨਾ ਕਰੋ ਕਿ ਯੂਸੁਫ਼ ਨੂੰ ਆਪਣੀ ਹਾਲਤ ਬਾਰੇ ਕਿੱਦਾਂ ਲੱਗਾ ਹੋਣਾ। ਉਸ ʼਤੇ ਝੂਠਾ ਦੋਸ਼ ਲਾਇਆ ਗਿਆ ਸੀ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਕੀ ਅਜਿਹੇ ਹਾਲਾਤਾਂ ਵਿਚ ਉਸ ਨੂੰ ਲੱਗ ਰਿਹਾ ਸੀ ਕਿ ਉਹ ਹਰ ਕੰਮ ਵਿਚ ਕਾਮਯਾਬ ਹੋ ਰਿਹਾ ਸੀ? ਉਹ ਸਭ ਤੋਂ ਜ਼ਿਆਦਾ ਕੀ ਚਾਹੁੰਦਾ ਹੋਣਾ? ਕੀ ਉਹ ਜੇਲ੍ਹ ਦੇ ਮੁੱਖ ਅਧਿਕਾਰੀ ਦੀਆਂ ਨਜ਼ਰਾਂ ਵਿਚ ਚੰਗਾ ਬਣਨਾ ਚਾਹੁੰਦਾ ਸੀ? ਬਿਨਾਂ ਸ਼ੱਕ, ਉਹ ਚਾਹੁੰਦਾ ਹੋਣਾ ਕਿ ਉਸ ʼਤੇ ਲੱਗਾ ਝੂਠਾ ਦੋਸ਼ ਮਿਟ ਜਾਵੇ ਅਤੇ ਉਹ ਜੇਲ੍ਹ ਤੋਂ ਰਿਹਾ ਹੋ ਜਾਵੇ। ਉਸ ਨੇ ਤਾਂ ਜੇਲ੍ਹ ਵਿੱਚੋਂ ਰਿਹਾ ਹੋਣ ਵਾਲੇ ਇਕ ਕੈਦੀ ਨੂੰ ਵੀ ਕਿਹਾ ਸੀ ਕਿ ਉਹ ਫ਼ਿਰਊਨ ਨਾਲ ਉਸ ਬਾਰੇ ਗੱਲ ਕਰ ਕੇ ਉਸ ਨੂੰ ਵੀ ਕਾਲ-ਕੋਠੜੀ ਵਿੱਚੋਂ ਰਿਹਾ ਕਰਾਵੇ। (ਉਤ. 40:14) ਪਰ ਉਹ ਆਦਮੀ ਫ਼ਿਰਊਨ ਨਾਲ ਗੱਲ ਕਰਨੀ ਭੁੱਲ ਗਿਆ ਜਿਸ ਕਰਕੇ ਯੂਸੁਫ਼ ਨੂੰ ਹੋਰ ਦੋ ਸਾਲ ਕੈਦ ਵਿਚ ਰਹਿਣਾ ਪਿਆ। (ਉਤ. 40:23; 41:1, 14) ਪਰ ਉਸ ਦੌਰਾਨ ਵੀ ਯਹੋਵਾਹ ਯੂਸੁਫ਼ ਨੂੰ ਕਾਮਯਾਬੀ ਬਖ਼ਸ਼ਦਾ ਰਿਹਾ। ਆਓ ਦੇਖੀਏ ਕਿਵੇਂ।
11. (ੳ) ਯਹੋਵਾਹ ਦੀ ਮਦਦ ਨਾਲ ਯੂਸੁਫ਼ ਕੀ ਕਰ ਸਕਿਆ? (ਅ) ਇਸ ਤੋਂ ਯਹੋਵਾਹ ਦਾ ਮਕਸਦ ਕਿਵੇਂ ਪੂਰਾ ਹੋ ਸਕਿਆ?
11 ਜਦੋਂ ਯੂਸੁਫ਼ ਜੇਲ੍ਹ ਵਿਚ ਸੀ, ਤਾਂ ਯਹੋਵਾਹ ਨੇ ਫ਼ਿਰਊਨ ਨੂੰ ਦੋ ਸੁਪਨੇ ਦਿਖਾਏ। ਇਨ੍ਹਾਂ ਸੁਪਨਿਆਂ ਕਰਕੇ ਫ਼ਿਰਊਨ ਬਹੁਤ ਪਰੇਸ਼ਾਨ ਹੋ ਗਿਆ। ਉਹ ਜਲਦ ਤੋਂ ਜਲਦ ਇਨ੍ਹਾਂ ਸੁਪਨਿਆਂ ਦਾ ਮਤਲਬ ਜਾਣਨਾ ਚਾਹੁੰਦਾ ਸੀ। ਜਦੋਂ ਫ਼ਿਰਊਨ ਨੂੰ ਪਤਾ ਲੱਗਾ ਕਿ ਯੂਸੁਫ਼ ਸੁਪਨਿਆਂ ਦਾ ਮਤਲਬ ਦੱਸ ਸਕਦਾ ਸੀ, ਤਾਂ ਉਸ ਨੇ ਯੂਸੁਫ਼ ਨੂੰ ਬੁਲਵਾਇਆ। ਯਹੋਵਾਹ ਦੀ ਮਦਦ ਨਾਲ ਯੂਸੁਫ਼ ਨੇ ਉਨ੍ਹਾਂ ਸੁਪਨਿਆਂ ਦਾ ਮਤਲਬ ਦੱਸਿਆ ਅਤੇ ਫ਼ਿਰਊਨ ਨੂੰ ਵਧੀਆ ਸਲਾਹ ਦਿੱਤੀ। ਇਸ ਤੋਂ ਫ਼ਿਰਊਨ ਖ਼ੁਸ਼ ਹੋ ਗਿਆ ਅਤੇ ਸਮਝ ਗਿਆ ਹੋਣਾ ਕਿ ਇਸ ਨੌਜਵਾਨ ਮੁੰਡੇ ʼਤੇ ਯਹੋਵਾਹ ਦੀ ਮਿਹਰ ਸੀ। ਇਸ ਲਈ ਉਸ ਨੇ ਯੂਸੁਫ਼ ਨੂੰ ਪੂਰੇ ਮਿਸਰ ਦੇ ਅਨਾਜ ਦੇ ਭੰਡਾਰਾਂ ਦਾ ਮੁਖਤਿਆਰ ਬਣਾ ਦਿੱਤਾ। (ਉਤ. 41:38, 41-44) ਬਾਅਦ ਵਿਚ ਮਿਸਰ ਅਤੇ ਕਨਾਨ ਵਿਚ ਭਾਰੀ ਕਾਲ਼ ਪਿਆ। ਉਸ ਵੇਲੇ ਯੂਸੁਫ਼ ਦਾ ਪਰਿਵਾਰ ਕਨਾਨ ਵਿਚ ਰਹਿੰਦਾ ਸੀ ਅਤੇ ਉਹ ਇਕ ਵੱਡਾ ਅਧਿਕਾਰੀ ਬਣ ਚੁੱਕਾ ਸੀ। ਉੱਚਾ ਰੁਤਬਾ ਹੋਣ ਕਰਕੇ ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦਾ ਸੀ। ਇਸ ਤਰ੍ਹਾਂ ਉਸ ਘਰਾਣੇ ਦੀ ਹਿਫਾਜ਼ਤ ਹੋ ਸਕੀ ਜਿਸ ਵਿੱਚੋਂ ਅੱਗੇ ਜਾ ਕੇ ਮਸੀਹ ਪੈਦਾ ਹੋਣਾ ਸੀ।
12. ਯਹੋਵਾਹ ਨੇ ਕਿਵੇਂ ਯੂਸੁਫ਼ ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ੀ?
12 ਯੂਸੁਫ਼ ਦੀ ਜ਼ਿੰਦਗੀ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਬਾਰੇ ਕੋਈ ਇਨਸਾਨ ਅੰਦਾਜ਼ਾ ਨਹੀਂ ਲਾ ਸਕਦਾ ਸੀ। ਜ਼ਰਾ ਸੋਚੋ: ਇਕ ਮਾਮੂਲੀ ਕੈਦੀ ਵੱਲ ਪੋਟੀਫ਼ਰ ਨੇ ਕਿਉਂ ਧਿਆਨ ਦਿੱਤਾ? ਜੇਲ੍ਹ ਦਾ ਮੁੱਖ ਅਧਿਕਾਰੀ ਮਾਮੂਲੀ ਜਿਹੇ ਕੈਦੀ ਯੂਸੁਫ਼ ʼਤੇ ਕਿਉਂ ਮਿਹਰਬਾਨ ਹੋਇਆ? ਕਿਸ ਨੇ ਫਿਰਊਨ ਨੂੰ ਸੁਪਨੇ ਦਿਖਾਏ ਜਿਨ੍ਹਾਂ ਕਰਕੇ ਉਹ ਪਰੇਸ਼ਾਨ ਹੋ ਗਿਆ ਅਤੇ ਕਿਸ ਨੇ ਉਨ੍ਹਾਂ ਸੁਪਨਿਆਂ ਦਾ ਮਤਲਬ ਦੱਸਣ ਦੀ ਕਾਬਲੀਅਤ ਯੂਸੁਫ਼ ਨੂੰ ਦਿੱਤੀ? ਫਿਰਊਨ ਨੇ ਯੂਸੁਫ਼ ਨੂੰ ਪੂਰੇ ਦੇਸ਼ ਦੇ ਅਨਾਜ ਭੰਡਾਰਾਂ ਦਾ ਅਧਿਕਾਰੀ ਬਣਾ ਦਿੱਤਾ, ਇਸ ਪਿੱਛੇ ਵੀ ਕਿਸ ਦਾ ਹੱਥ ਸੀ? (ਉਤ. 45:5) ਬਿਨਾਂ ਸ਼ੱਕ, ਇਸ ਸਭ ਪਿੱਛੇ ਯਹੋਵਾਹ ਦਾ ਹੀ ਹੱਥ ਸੀ। ਯਹੋਵਾਹ ਨੇ ਹੀ ਯੂਸੁਫ਼ ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ੀ ਸੀ। ਯੂਸੁਫ਼ ਦੇ ਭਰਾ ਤਾਂ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਪਰ ਯਹੋਵਾਹ ਨੇ ਯੂਸੁਫ਼ ਦੇ ਭਰਾਵਾਂ ਦੀ ਘਟੀਆ ਸਕੀਮ ʼਤੇ ਪਾਣੀ ਫੇਰ ਕੇ ਹਾਲਾਤ ਪੂਰੀ ਤਰ੍ਹਾਂ ਬਦਲ ਦਿੱਤੇ ਅਤੇ ਯੂਸੁਫ਼ ਰਾਹੀਂ ਆਪਣਾ ਮਕਸਦ ਪੂਰਾ ਕਰਾਇਆ।
ਯਹੋਵਾਹ ਤੁਹਾਨੂੰ ਵੀ ਕਿਵੇਂ ਕਾਮਯਾਬੀ ਬਖ਼ਸ਼ਦਾ ਹੈ?
13. ਕੀ ਯਹੋਵਾਹ ਹਰ ਮੁਸ਼ਕਲ ਵਿਚ ਦਖ਼ਲ ਦੇ ਕੇ ਸਾਨੂੰ ਬਚਾਉਂਦਾ ਹੈ? ਸਮਝਾਓ।
13 ਯੂਸੁਫ਼ ਦੀ ਕਹਾਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਕੀ ਯਹੋਵਾਹ ਹਰ ਮੁਸ਼ਕਲ ਵਿਚ ਦਖ਼ਲ ਦੇ ਕੇ ਸਾਨੂੰ ਬਚਾਉਂਦਾ ਹੈ? ਕੀ ਯਹੋਵਾਹ ਹਮੇਸ਼ਾ ਸਾਡੇ ਹਾਲਾਤਾਂ ਦਾ ਰੁਖ ਮੋੜ ਦਿੰਦਾ ਹੈ ਤਾਂਕਿ ਸਾਡੇ ਨਾਲ ਜੋ ਵੀ ਬੁਰਾ ਹੁੰਦਾ ਹੈ, ਉਸ ਦਾ ਚੰਗਾ ਨਤੀਜਾ ਨਿਕਲੇ? ਨਹੀਂ, ਬਾਈਬਲ ਇੱਦਾਂ ਦਾ ਕੁਝ ਨਹੀਂ ਕਹਿੰਦੀ। (ਉਪ. 8:9; 9:11) ਪਰ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡੇ ਉੱਤੇ ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਤਾਂ ਯਹੋਵਾਹ ਨੂੰ ਪਤਾ ਹੁੰਦਾ ਹੈ ਅਤੇ ਉਹ ਮਦਦ ਲਈ ਕੀਤੀਆਂ ਸਾਡੀਆਂ ਬੇਨਤੀਆਂ ਵੀ ਸੁਣਦਾ ਹੈ। (ਜ਼ਬੂ. 34:15; 55:22; ਯਸਾ. 59:1) ਇੰਨਾ ਹੀ ਨਹੀਂ, ਯਾਦ ਰੱਖੋ ਕਿ ਯਹੋਵਾਹ ਹਰ ਮੁਸ਼ਕਲ ਨੂੰ ਸਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਆਓ ਦੇਖੀਏ ਕਿਵੇਂ।
14. ਯਹੋਵਾਹ ਮੁਸ਼ਕਲ ਘੜੀਆਂ ਦੌਰਾਨ ਸਾਡੀ ਕਿਵੇਂ ਮਦਦ ਕਰਦਾ ਹੈ?
14 ਯਹੋਵਾਹ ਸਹੀ ਸਮੇਂ ʼਤੇ ਸਾਨੂੰ ਦਿਲਾਸਾ ਅਤੇ ਹੌਸਲਾ ਦੇ ਕੇ ਵੀ ਸਾਡੀ ਮਦਦ ਕਰਦਾ ਹੈ। (2 ਕੁਰਿੰ. 1:3, 4) ਇਹ ਗੱਲ ਤੁਰਕਮੇਨਿਸਤਾਨ ਵਿਚ ਰਹਿਣ ਵਾਲੇ ਭਰਾ ਏਜ਼ੀਜ਼ ਦੀ ਜ਼ਿੰਦਗੀ ਵਿਚ ਸੱਚ ਸਾਬਤ ਹੋਈ। ਉਸ ਨੂੰ ਆਪਣੀ ਨਿਹਚਾ ਕਰਕੇ ਦੋ ਸਾਲਾਂ ਦੀ ਜੇਲ੍ਹ ਹੋ ਗਈ। ਉਹ ਦੱਸਦਾ ਹੈ: “ਜਿਸ ਦਿਨ ਮੇਰੇ ਕੇਸ ਦੀ ਸੁਣਵਾਈ ਸੀ, ਉਸ ਸਵੇਰ ਇਕ ਭਰਾ ਨੇ ਮੈਨੂੰ ਯਸਾਯਾਹ 30:15 ਦਿਖਾਇਆ। ਇੱਥੇ ਲਿਖਿਆ ਹੈ: ‘ਸ਼ਾਂਤ ਰਹਿਣ ਅਤੇ ਮੇਰੇ ਉੱਤੇ ਭਰੋਸਾ ਰੱਖਣ ਨਾਲ ਤੁਹਾਨੂੰ ਤਾਕਤ ਮਿਲੇਗੀ।’ ਇਸ ਆਇਤ ʼਤੇ ਸੋਚ-ਵਿਚਾਰ ਕਰ ਕੇ ਮੈਨੂੰ ਬਹੁਤ ਹਿੰਮਤ ਮਿਲੀ। ਇਸ ਕਰਕੇ ਮੈਂ ਜੇਲ੍ਹ ਵਿਚ ਹੁੰਦਿਆਂ ਸ਼ਾਂਤ ਰਹਿ ਸਕਿਆ ਅਤੇ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਸਕਿਆ।” ਕੀ ਤੁਹਾਨੂੰ ਉਹ ਘੜੀ ਯਾਦ ਹੈ ਜਦੋਂ ਯਹੋਵਾਹ ਨੇ ਤੁਹਾਨੂੰ ਦਿਲਾਸਾ ਦਿੱਤਾ ਸੀ ਅਤੇ ਤੁਹਾਡਾ ਹੌਸਲਾ ਵਧਾਇਆ ਸੀ, ਉਹ ਵੀ ਉਦੋਂ, ਜਦੋਂ ਤੁਹਾਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ?
15-16. ਟੋਰੀ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
15 ਅਕਸਰ ਕਿਸੇ ਮੁਸ਼ਕਲ ਦੌਰਾਨ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਯਹੋਵਾਹ ਉਸ ਮੁਸ਼ਕਲ ਨੂੰ ਝੱਲਣ ਵਿਚ ਸਾਡੀ ਕਿਵੇਂ ਮਦਦ ਕਰ ਰਿਹਾ ਹੈ। ਭੈਣ ਟੋਰੀ ਵੀ ਇਸ ਗੱਲ ਨਾਲ ਸਹਿਮਤ ਹੈ। ਉਸ ਦਾ ਮੁੰਡਾ ਮੇਸਨ ਛੇ ਸਾਲ ਕੈਂਸਰ ਨਾਲ ਲੜਦਾ ਰਿਹਾ ਅਤੇ ਫਿਰ ਉਸ ਦੀ ਮੌਤ ਹੋ ਗਈ। ਅਸੀਂ ਸਮਝ ਸਕਦੇ ਹਾਂ ਕਿ ਟੋਰੀ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ ਹੋਣੀ। ਉਹ ਕਹਿੰਦੀ ਹੈ: “ਮੈਂ ਸੋਚ ਵੀ ਨਹੀਂ ਸਕਦੀ ਕਿ ਇਕ ਮਾਂ ʼਤੇ ਇਸ ਤੋਂ ਵੱਡਾ ਕੋਈ ਹੋਰ ਦੁੱਖ ਆ ਸਕਦਾ ਹੈ।” ਉਹ ਅੱਗੇ ਦੱਸਦੀ ਹੈ: “ਸਾਰੇ ਮਾਪੇ ਮੇਰੀ ਇਸ ਗੱਲ ਨਾਲ ਸਹਿਮਤ ਹੋਣੇ ਕਿ ਖ਼ੁਦ ਦੁੱਖ ਸਹਿਣ ਨਾਲੋਂ ਆਪਣੇ ਬੱਚੇ ਨੂੰ ਦਰਦ ਨਾਲ ਤੜਫਦੇ ਦੇਖਣਾ ਕਿਤੇ ਜ਼ਿਆਦਾ ਔਖਾ ਹੁੰਦਾ ਹੈ।”
16 ਚਾਹੇ ਟੋਰੀ ʼਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ, ਫਿਰ ਵੀ ਉਸ ਨੇ ਬਾਅਦ ਵਿਚ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਉਸ ਘੜੀ ਦੌਰਾਨ ਕਿਵੇਂ ਉਸ ਦੀ ਮਦਦ ਕੀਤੀ ਸੀ। ਉਹ ਕਹਿੰਦੀ ਹੈ: “ਜਦੋਂ ਮੈਂ ਉਸ ਸਮੇਂ ਬਾਰੇ ਸੋਚਿਆ, ਤਾਂ ਮੈਂ ਅਹਿਸਾਸ ਕਰ ਪਾਈ ਕਿ ਮੇਰੇ ਮੁੰਡੇ ਦੀ ਬੀਮਾਰੀ ਵੇਲੇ ਯਹੋਵਾਹ ਨੇ ਕਿਵੇਂ ਪਿਆਰ ਨਾਲ ਮੇਰੀ ਮਦਦ ਕੀਤੀ। ਇਕ ਵਾਰ ਜਦੋਂ ਮੇਸਨ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਹ ਕਿਸੇ ਨੂੰ ਮਿਲ ਵੀ ਨਹੀਂ ਸਕਦਾ ਸੀ, ਤਾਂ ਵੀ ਭੈਣ-ਭਰਾ ਦੋ ਘੰਟੇ ਦਾ ਸਫ਼ਰ ਕਰ ਕੇ ਹਸਪਤਾਲ ਵਿਚ ਸਾਡੇ ਕੋਲ ਆਏ। ਉਸ ਦੌਰਾਨ ਭੈਣਾਂ-ਭਰਾਵਾਂ ਨੇ ਕਦੇ ਸਾਨੂੰ ਇਕੱਲੇ ਨਹੀਂ ਛੱਡਿਆ। ਕੋਈ-ਨਾ-ਕੋਈ ਹਸਪਤਾਲ ਵਿਚ ਸਾਡੇ ਨਾਲ ਹੁੰਦਾ ਹੀ ਸੀ। ਉਨ੍ਹਾਂ ਨੇ ਸਾਡੀਆਂ ਹੋਰ ਵੀ ਲੋੜਾਂ ਪੂਰੀਆਂ ਕੀਤੀਆਂ। ਸਭ ਤੋਂ ਔਖੀਆਂ ਘੜੀਆਂ ਵਿਚ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਈ।” ਉਸ ਔਖੀ ਘੜੀ ਦੌਰਾਨ ਯਹੋਵਾਹ ਨੇ ਹਰ ਤਰੀਕੇ ਨਾਲ ਟੋਰੀ ਅਤੇ ਮੇਸਨ ਦੀ ਮਦਦ ਕੀਤੀ।—“ ਯਹੋਵਾਹ ਨੇ ਸਾਨੂੰ ਉਹ ਹਰ ਚੀਜ਼ ਦਿੱਤੀ ਜਿਸ ਦੀ ਸਾਨੂੰ ਲੋੜ ਸੀ।” ਨਾਂ ਦੀ ਡੱਬੀ ਦੇਖੋ।
ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਨੂੰ ਯਾਦ ਰੱਖੋ
17-18. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਔਖੀਆਂ ਘੜੀਆਂ ਦੌਰਾਨ ਸਾਡੀ ਮਦਦ ਕਰਦਾ ਹੈ? (ਜ਼ਬੂਰ 40:5)
17 ਜ਼ਬੂਰ 40:5 ਪੜ੍ਹੋ। ਪਹਾੜ ʼਤੇ ਚੜ੍ਹਨ ਵਾਲੇ ਮਾਹਰ ਦਾ ਟੀਚਾ ਪਹਾੜ ਦੀ ਟੀਸੀ ʼਤੇ ਪਹੁੰਚਣ ਦਾ ਹੁੰਦਾ ਹੈ। ਪਰ ਉਹ ਚੜ੍ਹਦੇ ਵੇਲੇ ਰਸਤੇ ਵਿਚ ਰੁਕ-ਰੁਕ ਕੇ ਅਲੱਗ-ਅਲੱਗ ਨਜ਼ਾਰਿਆਂ ਦਾ ਮਜ਼ਾ ਲੈ ਸਕਦਾ ਹੈ। ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬਾਕਾਇਦਾ ਸਮਾਂ ਕੱਢ ਕੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਕਿਵੇਂ ਔਖੀਆਂ ਘੜੀਆਂ ਵਿਚ ਸਾਨੂੰ ਕਾਮਯਾਬੀ ਦਿੱਤੀ। ਹਰ ਰੋਜ਼ ਦਿਨ ਦੇ ਅਖ਼ੀਰ ਵਿਚ ਆਪਣੇ ਆਪ ਤੋਂ ਪੁੱਛੋ: ‘ਅੱਜ ਯਹੋਵਾਹ ਨੇ ਕਿਵੇਂ ਮੈਨੂੰ ਬਰਕਤ ਦਿੱਤੀ ਹੈ? ਚਾਹੇ ਮੇਰੀ ਮੁਸ਼ਕਲ ਖ਼ਤਮ ਨਹੀਂ ਹੋਈ, ਪਰ ਯਹੋਵਾਹ ਉਸ ਨੂੰ ਸਹਿਣ ਵਿਚ ਮੇਰੀ ਕਿਵੇਂ ਮਦਦ ਕਰ ਰਿਹਾ ਹੈ?’ ਯਹੋਵਾਹ ਵੱਲੋਂ ਮਿਲੀ ਘੱਟੋ-ਘੱਟ ਇਕ ਬਰਕਤ ਬਾਰੇ ਸੋਚੋ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਾਮਯਾਬ ਹੋਏ।
18 ਤੁਸੀਂ ਜ਼ਰੂਰ ਇਸ ਗੱਲ ਬਾਰੇ ਪ੍ਰਾਰਥਨਾ ਕਰਦੇ ਹੋਣੇ ਕਿ ਤੁਹਾਡੀ ਮੁਸ਼ਕਲ ਖ਼ਤਮ ਹੋ ਜਾਵੇ। ਇਸ ਤਰ੍ਹਾਂ ਕਰਨਾ ਗ਼ਲਤ ਵੀ ਨਹੀਂ ਹੈ। (ਫ਼ਿਲਿ. 4:6) ਪਰ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਅੱਜ ਸਾਨੂੰ ਕਿਹੜੀਆਂ ਬਰਕਤਾਂ ਦੇ ਰਿਹਾ ਹੈ। ਯਹੋਵਾਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਮੁਸ਼ਕਲਾਂ ਨੂੰ ਸਹਿਣ ਵਿਚ ਸਾਡੀ ਮਦਦ ਕਰੇਗਾ ਅਤੇ ਸਾਨੂੰ ਤਕੜਾ ਕਰੇਗਾ। ਇਸ ਗੱਲ ਦੀ ਹਮੇਸ਼ਾ ਕਦਰ ਕਰੋ ਕਿ ਯਹੋਵਾਹ ਤੁਹਾਡਾ ਸਾਥ ਦੇ ਰਿਹਾ ਹੈ। ਫਿਰ ਤੁਸੀਂ ਜਾਣ ਸਕੋਗੇ ਕਿ ਯਹੋਵਾਹ ਔਖੀਆਂ ਘੜੀਆਂ ਦੌਰਾਨ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਰਿਹਾ ਹੈ, ਜਿਵੇਂ ਉਸ ਨੇ ਯੂਸੁਫ਼ ਦੀ ਕੀਤੀ ਸੀ।—ਉਤ. 41:51, 52.
ਗੀਤ 32 ਯਹੋਵਾਹ ਵੱਲ ਹੋਵੋ!
a ਸ਼ਾਇਦ ਸਾਨੂੰ ਲੱਗੇ ਕਿ ਜਦੋਂ ਅਸੀਂ ਕਿਸੇ ਔਖੀ ਘੜੀ ਨੂੰ ਪਾਰ ਕਰ ਲਵਾਂਗੇ, ਤਾਂ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ‘ਕਾਮਯਾਬ’ ਹੋ ਗਏ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਕਿਸੇ ਔਖੀ ਘੜੀ ਵਿੱਚੋਂ ਲੰਘ ਰਹੇ ਹੁੰਦੇ ਹਾਂ, ਉਦੋਂ ਵੀ ਅਸੀਂ ਕਾਮਯਾਬ ਹੋ ਸਕਦੇ ਹਾਂ? ਯੂਸੁਫ਼ ਦੀ ਕਹਾਣੀ ਤੋਂ ਅਸੀਂ ਇਸ ਬਾਰੇ ਅਹਿਮ ਸਬਕ ਸਿੱਖਦੇ ਹਾਂ। ਜਿਸ ਤਰ੍ਹਾਂ ਯਹੋਵਾਹ ਨੇ ਔਖੀਆਂ ਘੜੀਆਂ ਦੌਰਾਨ ਯੂਸੁਫ਼ ਦੀ ਕਾਮਯਾਬ ਹੋਣ ਵਿਚ ਮਦਦ ਕੀਤੀ, ਬਿਲਕੁਲ ਉਸੇ ਤਰ੍ਹਾਂ ਉਹ ਸਾਡੀ ਵੀ ਮਦਦ ਕਰ ਸਕਦਾ ਹੈ ਅਤੇ ਅਸੀਂ ਕਾਮਯਾਬ ਹੋ ਸਕਦੇ ਹਾਂ। ਇਸ ਲੇਖ ਵਿਚ ਅਸੀਂ ਇਹੀ ਦੇਖਾਂਗੇ।
b ਗ਼ੁਲਾਮੀ ਵਿਚ ਯੂਸੁਫ਼ ਦੀ ਜ਼ਿੰਦਗੀ ਬਾਰੇ ਸਿਰਫ਼ ਕੁਝ ਹੀ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਉਸ ਨਾਲ ਕੀ-ਕੀ ਹੋਇਆ। ਪਰ ਇਹ ਸਭ ਕੁਝ ਹੋਣ ਵਿਚ ਕਾਫ਼ੀ ਸਮਾਂ ਲੱਗਾ ਹੋਣਾ।