ਕੀ ਤੁਸੀਂ ਜਾਣਦੇ ਹੋ?
ਬਾਬਲ ਦੇ ਖੰਡਰਾਂ ਵਿੱਚੋਂ ਮਿਲੀਆਂ ਇੱਟਾਂ ਅਤੇ ਇਨ੍ਹਾਂ ਨੂੰ ਬਣਾਉਣ ਦੇ ਤਰੀਕੇ ਤੋਂ ਕਿੱਦਾਂ ਸਾਬਤ ਹੁੰਦਾ ਹੈ ਕਿ ਬਾਈਬਲ ਸੱਚੀ ਹੈ?
ਪੁਰਾਤੱਤਵ-ਵਿਗਿਆਨੀਆਂ ਨੂੰ ਅਜਿਹੀਆਂ ਇੱਟਾਂ ਮਿਲੀਆਂ ਹਨ ਜੋ ਪ੍ਰਾਚੀਨ ਬਾਬਲ ਸ਼ਹਿਰ ਨੂੰ ਬਣਾਉਣ ਲਈ ਵਰਤੀਆਂ ਗਈਆਂ ਸਨ। ਇਕ ਪੁਰਾਤੱਤਵ-ਵਿਗਿਆਨੀ ਰੌਬਰਟ ਕੌਲਡਵੀ ਮੁਤਾਬਕ ਇਹ ਇੱਟਾਂ ਭੱਠੇ ਵਿਚ ਪਕਾਈਆਂ ਜਾਂਦੀਆਂ ਸਨ ਜੋ ‘ਸ਼ਹਿਰ ਤੋਂ ਬਾਹਰ ਹੁੰਦੇ ਸਨ ਜਿੱਥੇ ਵਧੀਆ ਮਿੱਟੀ ਹੁੰਦੀ ਸੀ ਅਤੇ ਅੱਗ ਬਾਲ਼ਣ ਲਈ ਬਹੁਤ ਸਾਰੀਆਂ ਲੱਕੜਾਂ ਵੀ ਮਿਲ ਜਾਂਦੀਆਂ ਸਨ।’
ਪੁਰਾਤੱਤਵ-ਵਿਗਿਆਨੀਆਂ ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਬਾਬਲ ਦੇ ਅਧਿਕਾਰੀ ਇਨ੍ਹਾਂ ਭੱਠਿਆਂ ਦੀ ਵਰਤੋਂ ਭਿਆਨਕ ਕੰਮ ਕਰਨ ਲਈ ਵੀ ਕਰਦੇ ਸਨ। ਟੋਰੌਂਟੋ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਪੌਲ-ਅਲੇਨ ਬੋਲਊ ਪ੍ਰਾਚੀਨ ਅੱਸ਼ੂਰ ਦੇਸ਼ ਦੇ ਇਤਿਹਾਸ ਅਤੇ ਭਾਸ਼ਾ ਦਾ ਵਿਦਵਾਨ ਹੈ। ਉਹ ਕਹਿੰਦਾ ਹੈ: ‘ਬਾਬਲ ਵਿੱਚੋਂ ਮਿਲੀਆਂ ਕਈ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਰਾਜੇ ਦੇ ਹੁਕਮ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਨੂੰ ਜਾਂ ਪਵਿੱਤਰ ਚੀਜ਼ਾਂ ਨੂੰ ਭ੍ਰਿਸ਼ਟ ਕਰਨ ਵਾਲਿਆਂ ਨੂੰ ਬਲ਼ਦੀ ਭੱਠੀ ਵਿਚ ਸੁੱਟ ਦਿੱਤਾ ਜਾਂਦਾ ਸੀ।’ ਉਦਾਹਰਣ ਲਈ, ਰਾਜਾ ਨਬੂਕਦਨੱਸਰ ਦੇ ਜ਼ਮਾਨੇ ਦੀ ਇਕ ਲਿਖਤ ʼਤੇ ਲਿਖਿਆ ਹੈ: ‘ਇਨ੍ਹਾਂ ਨੂੰ ਤੰਦੂਰ ਵਿਚ ਸੁੱਟ ਕੇ ਖ਼ਤਮ ਕਰ ਦਿਓ, ਇਨ੍ਹਾਂ ਨੂੰ ਸਾੜ ਸੁੱਟੋ, ਇਨ੍ਹਾਂ ਨੂੰ ਭੁੰਨ ਦਿਓ, ਇਨ੍ਹਾਂ ਦਾ ਧੂੰਆਂ ਉੱਠਣ ਦਿਓ ਅਤੇ ਇਨ੍ਹਾਂ ਨੂੰ ਅੱਗ ਵਿਚ ਸਾੜ ਕੇ ਸੁਆਹ ਕਰ ਦਿਓ।’
ਇਸ ਤੋਂ ਬਾਈਬਲ ਪੜ੍ਹਨ ਵਾਲਿਆਂ ਨੂੰ ਉਹ ਘਟਨਾ ਯਾਦ ਆਉਂਦੀ ਹੈ ਜੋ ਬਾਈਬਲ ਵਿਚ ਦਾਨੀਏਲ ਦੇ ਤੀਜੇ ਅਧਿਆਇ ਵਿਚ ਦਰਜ ਹੈ। ਇਸ ਵਿਚ ਦੱਸਿਆ ਹੈ ਕਿ ਰਾਜਾ ਨਬੂਕਦਨੱਸਰ ਨੇ ਬਾਬਲ ਸ਼ਹਿਰ ਤੋਂ ਬਾਹਰ ਦੂਰਾ ਨਾਂ ਦੇ ਮੈਦਾਨੀ ਇਲਾਕੇ ਵਿਚ ਸੋਨੇ ਦੀ ਇਕ ਵੱਡੀ ਮੂਰਤ ਖੜ੍ਹੀ ਕਰਾਈ ਅਤੇ ਲੋਕਾਂ ਨੂੰ ਉਸ ਅੱਗੇ ਮੱਥਾ ਟੇਕਣ ਦਾ ਹੁਕਮ ਦਿੱਤਾ। ਪਰ ਤਿੰਨ ਇਬਰਾਨੀ ਮੁੰਡਿਆਂ ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੇ ਇੱਦਾਂ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਰਾਜਾ ਨਬੂਕਦਨੱਸਰ ਗੁੱਸੇ ਵਿਚ ਭੜਕ ਉੱਠਿਆ। ਉਸ ਨੇ ਹੁਕਮ ਦਿੱਤਾ ਕਿ “ਭੱਠੀ ਦੀ ਅੱਗ ਹੋਰ ਸੱਤ ਗੁਣਾ ਤੇਜ਼ ਕਰ ਦਿੱਤੀ ਜਾਵੇ” ਅਤੇ ਉਨ੍ਹਾਂ ਤਿੰਨਾਂ ਨੂੰ “ਬਲ਼ਦੀ ਹੋਈ ਭੱਠੀ ਵਿਚ ਸੁੱਟ” ਦਿੱਤਾ ਜਾਵੇ। ਪਰ ਇਕ ਸ਼ਕਤੀਸ਼ਾਲੀ ਦੂਤ ਨੇ ਆ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਲਿਆ।—ਦਾਨੀ. 3:1-6, 19-28.
ਬਾਬਲ ਸ਼ਹਿਰ ਤੋਂ ਜੋ ਇੱਟਾਂ ਮਿਲੀਆਂ ਹਨ, ਉਨ੍ਹਾਂ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ। ਉਨ੍ਹਾਂ ਵਿੱਚੋਂ ਕਈ ਇੱਟਾਂ ʼਤੇ ਰਾਜੇ ਦੀ ਤਾਰੀਫ਼ ਵਿਚ ਕੁਝ ਸ਼ਬਦ ਉੱਕਰੇ ਹੋਏ ਹਨ। ਇਕ ਇੱਟ ʼਤੇ ਉਕਰਿਆ ਹੋਇਆ ਹੈ: ‘ਮੈਂ ਹਾਂ ਬਾਬਲ ਦਾ ਰਾਜਾ ਨਬੂਕਦਨੱਸਰ। ਇਹ ਮਹਿਲ ਮੈਂ ਆਪਣੀ ਸ਼ਾਨੋ-ਸ਼ੌਕਤ ਲਈ ਬਣਾਇਆ ਹੈ। ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ʼਤੇ ਹਮੇਸ਼ਾ-ਹਮੇਸ਼ਾ ਲਈ ਹਕੂਮਤ ਕਰਦੀਆਂ ਰਹਿਣ।’ ਇਹ ਗੱਲ ਦਾਨੀਏਲ 4:30 ਵਿਚ ਲਿਖੇ ਸ਼ਬਦਾਂ ਨਾਲ ਮਿਲਦੀ-ਜੁਲਦੀ ਹੈ। ਉੱਥੇ ਦੱਸਿਆ ਹੈ ਕਿ ਇਕ ਵਾਰ ਰਾਜਾ ਨਬੂਕਦਨੱਸਰ ਨੇ ਆਪਣੇ ਬਾਰੇ ਸ਼ੇਖ਼ੀ ਮਾਰਦੇ ਹੋਏ ਕਿਹਾ: “ਕੀ ਇਹ ਮਹਾਂ ਬਾਬਲ ਨਹੀਂ ਜਿਸ ਨੂੰ ਮੈਂ ਆਪਣੇ ਬਲ ਅਤੇ ਤਾਕਤ ਦੇ ਦਮ ʼਤੇ ਸ਼ਾਹੀ ਘਰਾਣੇ ਦੇ ਰਹਿਣ ਲਈ ਬਣਾਇਆ ਹੈ ਅਤੇ ਕੀ ਇਹ ਸ਼ਹਿਰ ਮੇਰੀ ਤਾਕਤ ਅਤੇ ਮੇਰੀ ਸ਼ਾਨੋ-ਸ਼ੌਕਤ ਦਾ ਸਬੂਤ ਨਹੀਂ ਹੈ?”