ਕੀ ਤੁਸੀਂ ਜਾਣਦੇ ਹੋ?
ਯਿਸੂ ਨੇ ਯਰੂਸ਼ਲਮ ਦੇ ਮੰਦਰ ਵਿਚ ਜਾਨਵਰ ਵੇਚਣ ਵਾਲਿਆਂ ਨੂੰ ‘ਲੁਟੇਰੇ’ ਕਿਉਂ ਕਿਹਾ?
ਮੱਤੀ ਦੀ ਕਿਤਾਬ ਵਿਚ ਲਿਖਿਆ ਹੈ: “ਯਿਸੂ ਮੰਦਰ ਵਿਚ ਗਿਆ ਅਤੇ ਉਸ ਨੇ ਮੰਦਰ ਵਿਚ ਚੀਜ਼ਾਂ ਵੇਚਣ ਤੇ ਖ਼ਰੀਦਣ ਵਾਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ। ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: ‘ਇਹ ਲਿਖਿਆ ਹੈ: “ਮੇਰਾ ਘਰ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ,” ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।’”
ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਵਪਾਰੀ ਮੰਦਰ ਵਿਚ ਲੋਕਾਂ ਨੂੰ ਜ਼ਿਆਦਾ ਕੀਮਤ ’ਤੇ ਚੀਜ਼ਾਂ ਵੇਚ ਕੇ ਠੱਗਦੇ ਸਨ। ਮਿਸਾਲ ਲਈ, ਆਮ ਤੌਰ ਤੇ ਘੁੱਗੀਆਂ ਇੰਨੀਆਂ ਸਸਤੀਆਂ ਸਨ ਕਿ ਬਲ਼ੀਆਂ ਚੜ੍ਹਾਉਣ ਲਈ ਗ਼ਰੀਬ ਲੋਕਾਂ ਵੀ ਇਨ੍ਹਾਂ ਨੂੰ ਖ਼ਰੀਦ ਸਕਦੇ ਸਨ। ਪਰ ਪੁਰਾਣੇ ਯਹੂਦੀ ਰਿਕਾਰਡ ਦੇ ਮੁਤਾਬਕ ਪਹਿਲੀ ਸਦੀ ਵਿਚ ਘੁੱਗੀਆਂ ਦੇ ਜੋੜੇ ਦਾ ਭਾਅ ਇੰਨਾ ਵਧ ਗਿਆ ਕਿ ਉਨ੍ਹਾਂ ਦੀ ਕੀਮਤ ਇਕ ਸੋਨੇ ਦੇ ਦੀਨਾਰ ਦੇ ਬਰਾਬਰ ਹੋ ਗਈ। ਇਕ ਸੋਨੇ ਦਾ ਦੀਨਾਰ, 25 ਦਿਨਾਂ ਦੀ ਮਜ਼ਦੂਰੀ ਦੇ ਬਰਾਬਰ ਸੀ। ਘੁੱਗੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਕਿ ਗ਼ਰੀਬ ਇਨ੍ਹਾਂ ਨੂੰ ਲੈਣ ਬਾਰੇ ਸੋਚ ਵੀ ਨਹੀਂ ਸਕਦੇ ਸਨ। (ਲੇਵੀ. 1:14; 5:7; 12:6-8) ਇਸ ਮਹਿੰਗਾਈ ਕਰਕੇ ਧਾਰਮਿਕ ਆਗੂ ਸ਼ਿਮਓਨ ਬੈੱਨ ਗਮਲੀਏਲ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉੱਨੀਆਂ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਜਿੰਨੀਆਂ ਦੀ ਉਨ੍ਹਾਂ ਤੋਂ ਮੰਗ ਕੀਤੀ ਜਾਂਦੀ ਸੀ। ਇਸ ਕਰਕੇ ਰਾਤੋ-ਰਾਤ ਘੁੱਗੀਆਂ ਦੇ ਜੋੜੇ ਦੀ ਕੀਮਤ ਸੋਨੇ ਦੇ ਦੀਨਾਰ ਤੋਂ 100 ਗੁਣਾ ਘੱਟ ਗਈ।
ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੰਦਰ ਵਿਚ ਵਪਾਰੀ ਪੈਸਿਆਂ ਦੇ ਭੁੱਖੇ ਸਨ ਅਤੇ ਲੋਕਾਂ ਨੂੰ ਸੱਚ-ਮੁੱਚ ਠੱਗਦੇ ਸਨ, ਤਾਂ ਹੀ ਯਿਸੂ ਨੇ ਉਨ੍ਹਾਂ ਨੂੰ ‘ਲੁਟੇਰੇ’ ਕਿਹਾ ਸੀ।