Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਰੋਮੀ ਸਰਕਾਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦੀ ਇਜਾਜ਼ਤ ਦਿੰਦੀ ਸੀ ਜਿਨ੍ਹਾਂ ਨੂੰ ਯਿਸੂ ਵਾਂਗ ਸੂਲ਼ੀ ʼਤੇ ਟੰਗ ਕੇ ਮਾਰਿਆ ਜਾਂਦਾ ਸੀ?

ਬਹੁਤ ਸਾਰੇ ਲੋਕ ਜਾਣਦੇ ਹਨ ਕਿ ਯਿਸੂ ਨੂੰ ਦੋ ਅਪਰਾਧੀਆਂ ਵਿਚਕਾਰ ਸੂਲ਼ੀ ʼਤੇ ਟੰਗ ਕੇ ਮਾਰ ਦਿੱਤਾ ਗਿਆ ਸੀ। (ਮੱਤੀ 27:35-38) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਗਿਆ ਅਤੇ ਫਿਰ ਕਬਰ ਵਿਚ ਰੱਖ ਦਿੱਤਾ ਗਿਆ। ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਈਬਲ ਵਿਚ ਇਸ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਹੈ।​—ਮਰ. 15:42-46.

ਇੰਜੀਲਾਂ ਦੇ ਕੁਝ ਆਲੋਚਕ ਮੰਨਦੇ ਹਨ ਕਿ ਸੂਲ਼ੀ ʼਤੇ ਟੰਗ ਕੇ ਮਾਰੇ ਗਏ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਕਬਰ ਵਿਚ ਦਫ਼ਨਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਇਸ ਬਾਰੇ ਪੱਤਰਕਾਰ ਏਰੀਅਲ ਸਬਾਰ ਨੇ ਸਮਿਥਸੋਨੀਅਨ ਰਸਾਲੇ ਵਿਚ ਲਿਖਿਆ: ‘ਉਸ ਜ਼ਮਾਨੇ ਵਿਚ ਬਹੁਤ ਘਿਣਾਉਣੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਹੀ ਸੂਲ਼ੀ ʼਤੇ ਟੰਗ ਕੇ ਮਾਰਿਆ ਜਾਂਦਾ ਸੀ। ਨਾਲੇ ਕੁਝ ਵਿਦਵਾਨ ਇਸ ਨੂੰ ਬੇਤੁਕੀ ਗੱਲ ਸਮਝਦੇ ਸਨ ਕਿ ਰੋਮੀ ਸਰਕਾਰ ਅਜਿਹੇ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਇੱਜ਼ਤ ਨਾਲ ਦਫ਼ਨਾਉਣ ਦੀ ਇਜਾਜ਼ਤ ਦੇਵੇਗੀ।’ ਰੋਮੀ ਲੋਕ ਚਾਹੁੰਦੇ ਸਨ ਕਿ ਅਜਿਹੇ ਅਪਰਾਧੀਆਂ ਨੂੰ ਜਿੰਨਾ ਹੋ ਸਕੇ ਬੇਇੱਜ਼ਤ ਕੀਤਾ ਜਾਵੇ। ਇਸ ਲਈ ਅਕਸਰ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਜੰਗਲੀ ਜਾਨਵਰ ਅਤੇ ਪੰਛੀਆਂ ਦੇ ਖਾਣ ਲਈ ਸੂਲ਼ੀ ʼਤੇ ਹੀ ਛੱਡ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਦਾ ਜੋ ਕੁਝ ਬਚਦਾ ਸੀ, ਉਸ ਨੂੰ ਚੁੱਕ ਕੇ ਆਮ ਕਬਰ ਵਿਚ ਸੁੱਟ ਦਿੱਤਾ ਜਾਂਦਾ ਸੀ।

ਪਰ ਪੁਰਾਤੱਤਵ-ਵਿਗਿਆਨ ਤੋਂ ਪਤਾ ਲੱਗਾ ਹੈ ਕਿ ਕੁਝ ਯਹੂਦੀ ਅਪਰਾਧੀਆਂ ਦੀਆਂ ਲਾਸ਼ਾ ਨਾਲ ਇਸ ਤਰ੍ਹਾਂ ਨਹੀਂ ਕੀਤਾ ਗਿਆ ਸੀ। 1968 ਵਿਚ ਜਦੋਂ ਕੁਝ ਖੋਜਕਾਰ ਯਰੂਸ਼ਲਮ ਨੇੜੇ ਖੁਦਾਈ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਇਕ ਯਹੂਦੀ ਘਰਾਣੇ ਦੀ ਕਬਰ ਵਿਚ ਇਕ ਬਕਸਾ ਮਿਲਿਆ। ਇਸ ਵਿਚ ਇਕ ਆਦਮੀ ਦੀਆਂ ਹੱਡੀਆਂ ਰੱਖੀਆਂ ਹੋਈਆਂ ਸਨ ਜਿਸ ਨੂੰ ਪਹਿਲੀ ਸਦੀ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਉਸ ਦੀ ਲਾਸ਼ ਨੂੰ ਕਬਰ ਵਿਚ ਰੱਖਿਆ ਗਿਆ ਸੀ। ਉਸ ਬਕਸੇ ਵਿਚ ਉਸ ਦੀ ਅੱਡੀ ਦੀ ਹੱਡੀ ਸੀ ਜਿਸ ਵਿਚ 4.5 ਇੰਚ (11.5 ਸੈਂਟੀਮੀਟਰ) ਲੰਬਾ ਲੋਹੇ ਦਾ ਕਿੱਲ ਸੀ ਜੋ ਇਕ ਲੱਕੜੀ ਦੇ ਫੱਟੇ ਵਿਚ ਗੱਡਿਆ ਹੋਇਆ ਸੀ। ਇਸ ਬਾਰੇ ਏਰੀਅਲ ਸਬਾਰ ਨੇ ਲਿਖਿਆ ਕਿ ਇਹ ਹੱਡੀ ਯੇਹੋਖਨੇਨ ਨਾਂ ਦੇ ਆਦਮੀ ਦੀ ਸੀ। ਇਸ ਤੋਂ ਸਬੂਤ ਮਿਲਦਾ ਹੈ ਕਿ ਬਾਈਬਲ ਵਿਚ ਯਿਸੂ ਦੇ ਦਫ਼ਨਾਏ ਜਾਣ ਦੀ ਗੱਲ ਸੱਚ ਹੋਣੀ ਅਤੇ ਇਸ ਬਾਰੇ ਕਈ ਸਾਲਾਂ ਤੋਂ ਚੱਲੀ ਆ ਰਹੀ ਵਿਦਵਾਨਾਂ ਦੀ ਬਹਿਸ ਵੀ ਖ਼ਤਮ ਹੋ ਗਈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੋਮੀ ਲੋਕਾਂ ਨੇ ਕੁਝ ਯਹੂਦੀ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਸੀ।

ਯੇਹੋਖਨੇਨ ਦੀ ਹੱਡੀ ਦੇਖ ਕੇ ਲੋਕਾਂ ਦੀ ਹਾਲੇ ਵੀ ਇਸ ਬਾਰੇ ਵੱਖੋ-ਵੱਖਰੀ ਰਾਇ ਹੈ ਕਿ ਯਿਸੂ ਨੂੰ ਸੂਲ਼ੀ ʼਤੇ ਕਿਵੇਂ ਟੰਗਿਆ ਗਿਆ ਸੀ। ਪਰ ਇਸ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਉਸ ਜ਼ਮਾਨੇ ਵਿਚ ਕੁਝ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਸੁੱਟਣ ਦੀ ਬਜਾਇ ਇੱਜ਼ਤ ਨਾਲ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਇਸ ਤੋਂ ਇਹ ਵੀ ਸਬੂਤ ਮਿਲਦਾ ਹੈ ਕਿ ਬਾਈਬਲ ਵਿਚ ਯਿਸੂ ਨੂੰ ਦਫ਼ਨਾਉਣ ਬਾਰੇ ਜੋ ਲਿਖਿਆ ਹੈ, ਅਸੀਂ ਉਸ ʼਤੇ ਯਕੀਨ ਕਰ ਸਕਦੇ ਹਾਂ।

ਸਭ ਤੋਂ ਅਹਿਮ ਗੱਲ ਹੈ ਕਿ ਯਹੋਵਾਹ ਨੇ ਯਿਸੂ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਉਸ ਨੂੰ ਅਮੀਰਾਂ ਨਾਲ ਦਫ਼ਨਾਇਆ ਜਾਵੇਗਾ ਅਤੇ ਉਸ ਦਾ ਬਚਨ ਹਰ ਹਾਲ ਵਿਚ ਪੂਰਾ ਹੋ ਕੇ ਹੀ ਰਹਿੰਦਾ ਹੈ।​—ਯਸਾ. 53:9; 55:11.