Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਦੇ ਜ਼ਮਾਨੇ ਵਿਚ ਇਜ਼ਰਾਈਲੀ ਕਿਵੇਂ ਤੈਅ ਕਰਦੇ ਸਨ ਕਿ ਕੋਈ ਮਹੀਨਾ ਜਾਂ ਸਾਲ ਕਦੋਂ ਸ਼ੁਰੂ ਹੋਵੇਗਾ?

ਵਾਅਦਾ ਕੀਤੇ ਹੋਏ ਦੇਸ਼ ਵਿਚ ਰਹਿੰਦੇ ਇਜ਼ਰਾਈਲੀਆਂ ਦਾ ਖੇਤੀਬਾੜੀ ਦਾ ਸਾਲ ਉਦੋਂ ਸ਼ੁਰੂ ਹੁੰਦਾ ਸੀ ਜਦੋਂ ਉਹ ਵਾਹੀ ਕਰ ਕੇ ਫ਼ਸਲ ਬੀਜਣੀ ਸ਼ੁਰੂ ਕਰਦੇ ਸਨ। ਸਾਡੇ ਕਲੰਡਰ ਦੇ ਹਿਸਾਬ ਨਾਲ ਇਹ ਸਮਾਂ ਸਤੰਬਰ-ਅਕਤੂਬਰ ਵਿਚ ਪੈਂਦਾ ਹੈ।

ਪੁਰਾਣੇ ਜ਼ਮਾਨੇ ਦੇ ਲੋਕ ਸੂਰਜ ਕਲੰਡਰ ਦੇ ਹਿਸਾਬ ਨਾਲ ਸਾਲ ਦੀ ਲੰਬਾਈ ਤੈਅ ਕਰਦੇ ਸਨ, ਪਰ ਚੰਦਰ ਕਲੰਡਰ ਦੇ ਹਿਸਾਬ ਨਾਲ ਮਹੀਨਿਆਂ ਦੀ। ਹਰ ਮਹੀਨਾ ਨਵੇਂ ਚੰਦ ਤੋਂ ਲੈ ਕੇ ਅਗਲੇ ਨਵੇਂ ਚੰਦ ਤਕ ਚੱਲਦਾ ਸੀ। ਇਸ ਤਰ੍ਹਾਂ ਇਕ ਮਹੀਨੇ ਵਿਚ 29 ਜਾਂ 30 ਦਿਨ ਹੁੰਦੇ ਸਨ। ਪਰ ਸੂਰਜ ਕਲੰਡਰ ਦੇ ਸਾਲ ਨਾਲੋਂ ਚੰਦਰ ਕਲੰਡਰ ਦਾ ਸਾਲ ਕੁਝ ਦਿਨ ਛੋਟਾ ਹੁੰਦਾ ਸੀ। ਇਸ ਫ਼ਰਕ ਨੂੰ ਦੋ ਤਰੀਕਿਆਂ ਨਾਲ ਮਿਟਾਇਆ ਜਾਂਦਾ ਸੀ। ਲੋਕ ਜਾਂ ਤਾਂ ਚੰਦਰ ਕਲੰਡਰ ਦੇ ਸਾਲ ਵਿਚ ਘਟਦੇ ਦਿਨ ਜੋੜ ਦਿੰਦੇ ਸਨ। ਜਾਂ ਫਿਰ ਉਹ ਸਮੇਂ-ਸਮੇਂ ʼਤੇ ਇਕ ਮਹੀਨਾ ਜੋੜ ਦਿੰਦੇ ਸਨ, ਸ਼ਾਇਦ ਅਗਲਾ ਸਾਲ ਸ਼ੁਰੂ ਹੋਣ ਤੋਂ ਪਹਿਲਾਂ। ਇਸ ਤਰ੍ਹਾਂ ਕਰਨ ਨਾਲ ਚੰਦਰ ਕਲੰਡਰ ਫ਼ਸਲ ਦੀ ਬੀਜਾਈ ਤੇ ਵਾਢੀ ਦੇ ਮੌਸਮ ਮੁਤਾਬਕ ਸਹੀ ਹੋ ਜਾਂਦਾ ਸੀ।

ਪਰ ਮੂਸਾ ਦੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪਵਿੱਤਰ ਸਾਲ ਅਬੀਬ (ਜਾਂ ਨੀਸਾਨ) ਮਹੀਨੇ ਵਿਚ ਸ਼ੁਰੂ ਹੋਵੇਗਾ। ਇਹ ਮਹੀਨਾ ਬਸੰਤ ਰੁੱਤ ਵੇਲੇ ਹੁੰਦਾ ਸੀ। (ਕੂਚ 12:2; 13:4) ਇਸ ਮਹੀਨੇ ਜੌਆਂ ਦੀ ਵਾਢੀ ਹੁੰਦੀ ਸੀ ਅਤੇ ਇਸ ਦੀ ਖ਼ੁਸ਼ੀ ਵਿਚ ਲੋਕ ਤਿਉਹਾਰ ਮਨਾਉਂਦੇ ਸਨ।​—ਕੂਚ 23:15, 16.

ਐਮੀਲ ਸ਼ੂਰਰ ਨਾਂ ਦੇ ਵਿਦਵਾਨ ਨੇ ਆਪਣੀ ਕਿਤਾਬ ਵਿਚ ਲਿਖਿਆ: ‘ਪਸਾਹ ਦਾ ਤਿਉਹਾਰ ਨੀਸਾਨ ਮਹੀਨੇ (14ਵੀਂ ਤਾਰੀਖ਼) ਵਿਚ ਉਸ ਦਿਨ ਮਨਾਇਆ ਜਾਣਾ ਹੁੰਦਾ ਸੀ ਜਦੋਂ ਪੂਰਾ ਚੰਦ ਨਿਕਲਿਆ ਹੋਵੇ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਇਹ ਹਰ ਸਾਲ ਬਸੰਤ ਰੁੱਤ ਵਿਚ ਉਸ ਦਿਨ ਤੋਂ ਬਾਅਦ ਹੀ ਮਨਾਇਆ ਜਾਵੇ ਜਦੋਂ ਦਿਨ ਤੇ ਰਾਤ 12-12 ਘੰਟਿਆਂ ਦੇ ਹੁੰਦੇ ਹਨ। . . . ਜੇ ਕਿਸੇ ਸਾਲ ਦੇ ਅਖ਼ੀਰ ਵਿਚ ਦੇਖਿਆ ਜਾਂਦਾ ਸੀ ਕਿ ਤਿਉਹਾਰ ਦੀ ਤਾਰੀਖ਼ ਉਸ ਦਿਨ ਤੋਂ ਪਹਿਲਾਂ ਆ ਰਹੀ ਹੈ, ਤਾਂ ਨੀਸਾਨ ਮਹੀਨੇ ਤੋਂ ਪਹਿਲਾਂ 13ਵਾਂ ਮਹੀਨਾ ਜੋੜ ਦਿੱਤਾ ਜਾਂਦਾ ਸੀ।’​—ਯਿਸੂ ਮਸੀਹ ਦੇ ਜ਼ਮਾਨੇ ਵਿਚ ਯਹੂਦੀ ਲੋਕਾਂ ਦਾ ਇਤਿਹਾਸ (175 ਈ.ਪੂ.-135 ਈ.) (ਅੰਗ੍ਰੇਜ਼ੀ)

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਯਹੋਵਾਹ ਦੇ ਗਵਾਹ ਤੈਅ ਕਰਦੇ ਹਨ ਕਿ ਯਿਸੂ ਦੀ ਮੌਤ ਦੀ ਯਾਦਗਾਰ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ। ਇਹ ਤਾਰੀਖ਼ ਬਸੰਤ ਰੁੱਤ ਵਿਚ ਅਤੇ ਇਬਰਾਨੀ ਕਲੰਡਰ ਮੁਤਾਬਕ 14 ਨੀਸਾਨ ਨੂੰ ਹੋਣੀ ਚਾਹੀਦੀ ਹੈ। ਦੁਨੀਆਂ ਭਰ ਦੀਆਂ ਮੰਡਲੀਆਂ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਇਹ ਤਾਰੀਖ਼ ਦੱਸ ਦਿੱਤੀ ਜਾਂਦੀ ਹੈ। *

ਪਰ ਯਹੂਦੀਆਂ ਨੂੰ ਕਿਵੇਂ ਪਤਾ ਲੱਗਦਾ ਸੀ ਕਿ ਕੋਈ ਮਹੀਨਾ ਕਦੋਂ ਸ਼ੁਰੂ ਹੁੰਦਾ ਸੀ ਤੇ ਕਦੋਂ ਖ਼ਤਮ? ਅੱਜ ਅਸੀਂ ਕਲੰਡਰ ਜਾਂ ਆਪਣੇ ਫ਼ੋਨ ਵਗੈਰਾ ʼਤੇ ਸੌਖਿਆਂ ਹੀ ਇਹ ਦੇਖ ਕੇ ਪਤਾ ਲਗਾ ਸਕਦੇ ਹਾਂ, ਪਰ ਬਾਈਬਲ ਦੇ ਜ਼ਮਾਨੇ ਵਿਚ ਪਤਾ ਲਗਾਉਣਾ ਇੰਨਾ ਸੌਖਾ ਨਹੀਂ ਸੀ।

ਇਹ ਮੰਨਿਆ ਜਾਂਦਾ ਹੈ ਕਿ ਨੂਹ ਦੇ ਜ਼ਮਾਨੇ ਵਿਚ ਮਹੀਨਾ 30 ਦਿਨਾਂ ਦਾ ਹੁੰਦਾ ਸੀ। (ਉਤ. 7:11, 24; 8:3, 4) ਪਰ ਅੱਗੇ ਜਾ ਕੇ ਯਹੂਦੀਆਂ ਦੇ ਕਲੰਡਰ ਵਿਚ ਹਰ ਮਹੀਨਾ 30 ਦਿਨਾਂ ਦਾ ਨਹੀਂ ਹੁੰਦਾ ਸੀ। ਉਨ੍ਹਾਂ ਦਾ ਮਹੀਨਾ ਉਦੋਂ ਸ਼ੁਰੂ ਹੁੰਦਾ ਸੀ ਜਦੋਂ ਪਹਿਲੀ ਵਾਰ ਨਵਾਂ ਚੰਦ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਇਕ ਮਹੀਨੇ ਵਿਚ 29 ਜਾਂ 30 ਦਿਨ ਹੁੰਦੇ ਸਨ।

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਕ ਮੌਕੇ ʼਤੇ ਦਾਊਦ ਨੇ ਯੋਨਾਥਾਨ ਨਾਲ ਨਵੇਂ ਮਹੀਨੇ ਬਾਰੇ ਗੱਲ ਕਰਦਿਆਂ ਕਿਹਾ: “ਕੱਲ੍ਹ ਮੱਸਿਆ ਹੈ” ਯਾਨੀ ਨਵਾਂ ਚੰਦ। (1 ਸਮੂ. 20:5, 18) ਇਸ ਤੋਂ ਪਤਾ ਲੱਗਦਾ ਹੈ ਕਿ 11 ਈਸਵੀ ਪੂਰਬ ਤਕ ਯਹੂਦੀ ਲੋਕ ਪਹਿਲਾਂ ਤੋਂ ਹੀ ਪਤਾ ਲਗਾਉਣ ਲੱਗ ਪਏ ਸਨ ਕਿ ਹਰ ਮਹੀਨਾ ਕਦੋਂ ਸ਼ੁਰੂ ਹੋਵੇਗਾ। ਪਰ ਇਜ਼ਰਾਈਲੀਆਂ ਨੂੰ ਇਹ ਕਿਵੇਂ ਪਤਾ ਲੱਗਦਾ ਸੀ ਕਿ ਨਵਾਂ ਮਹੀਨਾ ਕਦੋਂ ਸ਼ੁਰੂ ਹੋਵੇਗਾ? ਮਿਸ਼ਨਾ ਨਾਂ ਦੀ ਕਿਤਾਬ ਤੋਂ ਸਾਨੂੰ ਇਸ ਬਾਰੇ ਥੋੜ੍ਹਾ-ਬਹੁਤ ਪਤਾ ਲੱਗਦਾ ਹੈ। ਇਸ ਕਿਤਾਬ ਵਿਚ ਯਹੂਦੀਆਂ ਦੇ ਜ਼ਬਾਨੀ ਕਾਨੂੰਨਾਂ ਅਤੇ ਰੀਤੀ-ਰਿਵਾਜਾਂ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਜਦੋਂ ਯਹੂਦੀ ਬਾਬਲ ਤੋਂ ਵਾਪਸ ਆਏ, ਉਦੋਂ ਤੋਂ ਮਹਾਸਭਾ (ਯਹੂਦੀਆਂ ਦੀ ਸੁਪਰੀਮ ਕੋਰਟ) ਤੈਅ ਕਰਨ ਲੱਗੀ ਕਿ ਕੋਈ ਮਹੀਨਾ ਕਦੋਂ ਸ਼ੁਰੂ ਹੋਵੇਗਾ। ਜਿਨ੍ਹਾਂ ਸੱਤ ਮਹੀਨਿਆਂ ਵਿਚ ਤਿਉਹਾਰ ਹੁੰਦੇ ਸਨ, ਉਨ੍ਹਾਂ ਮਹੀਨਿਆਂ ਦੇ 30ਵੇਂ ਦਿਨ ਮਹਾਸਭਾ ਇਕੱਠੀ ਹੁੰਦੀ ਸੀ ਅਤੇ ਫ਼ੈਸਲਾ ਕਰਦੀ ਸੀ ਕਿ ਨਵਾਂ ਮਹੀਨਾ ਕਦੋਂ ਸ਼ੁਰੂ ਹੋਵੇਗਾ। ਉਹ ਇਹ ਕਿਵੇਂ ਤੈਅ ਕਰਦੀ ਸੀ?

ਯਰੂਸ਼ਲਮ ਨੇੜੇ ਕੁਝ ਆਦਮੀਆਂ ਨੂੰ ਪਹਾੜਾਂ ਅਤੇ ਹੋਰ ਉੱਚੀਆਂ ਥਾਵਾਂ ʼਤੇ ਤੈਨਾਤ ਕੀਤਾ ਜਾਂਦਾ ਸੀ ਤੇ ਉਹ ਰਾਤ ਨੂੰ ਆਸਮਾਨ ਦੇਖਦੇ ਰਹਿੰਦੇ ਸਨ। ਜਿੱਦਾਂ ਹੀ ਉਨ੍ਹਾਂ ਨੂੰ ਨਵਾਂ ਚੰਦ ਦਿਖਾਈ ਦਿੰਦਾ ਸੀ, ਉਹ ਤੁਰੰਤ ਮਹਾਸਭਾ ਨੂੰ ਇਸ ਦੀ ਖ਼ਬਰ ਦਿੰਦੇ ਸਨ। ਜਦੋਂ ਕੁਝ ਆਦਮੀਆਂ ਦੇ ਬਿਆਨ ਤੋਂ ਪੱਕਾ ਹੋ ਜਾਂਦਾ ਸੀ ਕਿ ਨਵਾਂ ਚੰਦ ਨਿਕਲ ਆਇਆ ਹੈ, ਤਾਂ ਮਹਾਸਭਾ ਨਵੇਂ ਮਹੀਨੇ ਦੇ ਸ਼ੁਰੂ ਹੋਣ ਦਾ ਐਲਾਨ ਕਰ ਦਿੰਦੀ ਸੀ। ਪਰ ਜੇ ਬੱਦਲ ਜਾਂ ਧੁੰਦ ਕਰਕੇ ਚੰਦ ਨਜ਼ਰ ਨਹੀਂ ਆਉਂਦਾ ਸੀ, ਤਾਂ ਮਹਾਸਭਾ ਐਲਾਨ ਕਰਦੀ ਸੀ ਕਿ ਜੋ ਮਹੀਨਾ ਚੱਲ ਰਿਹਾ ਹੈ, ਉਹ 30 ਦਿਨਾਂ ਦਾ ਹੋਵੇਗਾ ਅਤੇ ਉਸ ਤੋਂ ਅਗਲੇ ਦਿਨ ਤੋਂ ਨਵਾਂ ਮਹੀਨਾ ਸ਼ੁਰੂ ਹੋਵੇਗਾ।

ਮਿਸ਼ਨਾ ਵਿਚ ਦੱਸਿਆ ਗਿਆ ਹੈ ਕਿ ਜਦੋਂ ਮਹਾਸਭਾ ਨਵੇਂ ਮਹੀਨੇ ਦਾ ਐਲਾਨ ਕਰ ਦਿੰਦੀ ਸੀ, ਤਾਂ ਯਰੂਸ਼ਲਮ ਨੇੜੇ ਜ਼ੈਤੂਨ ਪਹਾੜ ਉੱਤੇ ਅੱਗ ਬਾਲ਼ ਕੇ ਇਸ ਦਾ ਸੰਕੇਤ ਦਿੱਤਾ ਜਾਂਦਾ ਸੀ। ਪੂਰੇ ਇਜ਼ਰਾਈਲ ਵਿਚ ਹੋਰ ਉੱਚੀਆਂ ਥਾਵਾਂ ʼਤੇ ਵੀ ਅੱਗ ਬਾਲ਼ ਕੇ ਲੋਕਾਂ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਜਾਂਦੀ ਸੀ। ਬਾਅਦ ਦੇ ਸਮਿਆਂ ਵਿਚ ਇਹ ਸੰਦੇਸ਼ ਦੇਣ ਲਈ ਕੁਝ ਆਦਮੀਆਂ ਨੂੰ ਵੱਖੋ-ਵੱਖਰੀਆਂ ਥਾਵਾਂ ʼਤੇ ਭੇਜਿਆ ਜਾਣ ਲੱਗਾ। ਇਸ ਤਰ੍ਹਾਂ ਯਰੂਸ਼ਲਮ ਅਤੇ ਹੋਰ ਥਾਵਾਂ ʼਤੇ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਨਵਾਂ ਮਹੀਨਾ ਸ਼ੁਰੂ ਹੋ ਗਿਆ ਸੀ। ਇਸ ਕਰਕੇ ਸਾਰੇ ਲੋਕ ਇੱਕੋ ਸਮੇਂ ʼਤੇ ਤਿਉਹਾਰ ਮਨਾ ਪਾਉਂਦੇ ਸਨ।

ਇੱਥੇ ਦਿੱਤੇ ਚਾਰਟ ਤੋਂ ਤੁਸੀਂ ਸਮਝ ਸਕਦੇ ਹੋ ਕਿ ਯਹੂਦੀ ਲੋਕ ਕਿਸ ਮਹੀਨੇ ਕਿਹੜਾ ਤਿਉਹਾਰ ਮਨਾਉਂਦੇ ਸਨ ਅਤੇ ਉਸ ਵੇਲੇ ਕਿਹੜਾ ਮੌਸਮ ਹੁੰਦਾ ਸੀ।

^ 1 ਫਰਵਰੀ 1991 ਦੇ ਪਹਿਰਾਬੁਰਜ (ਹਿੰਦੀ) ਦਾ ਸਫ਼ਾ 25 ਅਤੇ 15 ਜੂਨ 1977 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

[ਸਫ਼ਾ 31 ਉੱਤੇ ਤਸਵੀਰ]

ਇਬਰਾਨੀ ਕਲੰਡਰ

ਔਸਤਨ ਤਾਪਮਾਨ

0 ਸੈ

10 ਸੈ

20 ਸੈ

30 ਸੈ

32 ਫਾ

50 ਫਾ

68 ਫਾ

86 ਫਾ

ਨੀਸਾਨ (ਅਬੀਬ)

14 ਪਸਾਹ

15-21 ਬੇਖਮੀਰੀ ਰੋਟੀ

16 ਫ਼ਸਲ ਦੇ ਪਹਿਲੇ ਫਲ ਦੀ ਭੇਟ

ਮੀਂਹ ਅਤੇ ਬਰਫ਼ ਪਿਘਲਣ ਕਰਕੇ ਯਰਦਨ ਵਿਚ ਹੜ੍ਹ

ਜੌਂ

ਅਪ੍ਰੈਲ

ਈਯਾਰ (ਜ਼ਿਵ)

14 ਦੇਰ ਨਾਲ ਪਸਾਹ ਮਨਾਉਣਾ

ਖ਼ੁਸ਼ਕ ਮੌਸਮ ਦੀ ਸ਼ੁਰੂਆਤ, ਆਸਮਾਨ ਜ਼ਿਆਦਾ ਕਰਕੇ ਸਾਫ਼

ਕਣਕ

ਮਈ

ਸੀਵਾਨ

6 ਹਫ਼ਤਿਆਂ ਦਾ ਤਿਉਹਾਰ (ਪੰਤੇਕੁਸਤ)

ਗਰਮੀ ਦਾ ਮੌਸਮ, ਸਾਫ਼ ਹਵਾ

ਕਣਕ, ਪਹਿਲੀਆਂ ਅੰਜੀਰਾਂ

ਜੂਨ

ਤਮੂਜ਼

ਗਰਮੀ ਵਧਦੀ ਹੈ, ਕਈ ਇਲਾਕਿਆਂ ਵਿਚ ਕਾਫ਼ੀ ਤ੍ਰੇਲ

ਅੰਗੂਰਾਂ ਦੀ ਪਹਿਲੀ ਫ਼ਸਲ

ਜੁਲਾਈ

ਆਬ

ਅੱਤ ਦੀ ਗਰਮੀ

ਗਰਮੀਆਂ ਦੇ ਫਲ

ਅਗਸਤ

ਐਲੂਲ

ਗਰਮੀ ਦਾ ਮੌਸਮ ਜਾਰੀ

ਖਜੂਰਾਂ, ਅੰਗੂਰ ਤੇ ਅੰਜੀਰਾਂ

ਸਤੰਬਰ

ਤਿਸ਼ਰੀ (ਏਥਾਨੀਮ)

1 ਤੁਰ੍ਹੀ ਦਾ ਵਜਾਇਆ ਜਾਣਾ

10 ਪਾਪ ਮਿਟਾਉਣ ਦਾ ਦਿਨ

15-21 ਛੱਪਰਾਂ ਦਾ ਤਿਉਹਾਰ

22 ਖ਼ਾਸ ਸਭਾ

ਗਰਮੀ ਦਾ ਮੌਸਮ ਖ਼ਤਮ, ਪਹਿਲੀ ਵਰਖਾ

ਵਾਹੀ

ਅਕਤੂਬਰ

ਖ਼ੇਸ਼ਵਨ (ਬੂਲ)

ਥੋੜ੍ਹਾ-ਥੋੜ੍ਹਾ ਮੀਂਹ

ਜ਼ੈਤੂਨ

ਨਵੰਬਰ

ਕਿਸਲੇਵ

25 ਸਮਰਪਣ ਦਾ ਤਿਉਹਾਰ

ਭਾਰੀ ਮੀਂਹ, ਕੋਰਾ, ਪਹਾੜਾਂ ʼਤੇ ਬਰਫ਼

ਸਿਆਲ਼ ਵਿਚ ਭੇਡਾਂ ਵਾੜੇ ਵਿਚ

ਦਸੰਬਰ

ਟੇਬੇਥ

ਅੱਤ ਦੀ ਠੰਢ, ਮੀਂਹ, ਪਹਾੜਾਂ ʼਤੇ ਬਰਫ਼

ਪੇੜ-ਪੌਦੇ ਉੱਗਣੇ ਸ਼ੁਰੂ

ਜਨਵਰੀ

ਸ਼ਬਾਟ

ਠੰਢ ਦਾ ਘਟਣਾ, ਮੀਂਹ ਜਾਰੀ

ਬਦਾਮ ਦੇ ਦਰਖ਼ਤਾਂ ਨੂੰ ਫੁੱਲ ਲੱਗਣੇ ਸ਼ੁਰੂ

ਫਰਵਰੀ

ਅਦਾਰ

14, 15 ਪੁਰੀਮ

ਬੱਦਲ ਗਰਜਦੇ, ਬਿਜਲੀ ਲਿਸ਼ਕਦੀ ਅਤੇ ਗੜੇ ਪੈਂਦੇ ਹਨ

ਅਲਸੀ

ਮਾਰਚ

ਵੇਆਦਾਰ

ਇਹ ਮਹੀਨਾ 19 ਸਾਲਾਂ ਵਿਚ ਸੱਤ ਵਾਰ ਜੋੜਿਆ ਜਾਂਦਾ ਸੀ