ਅਧਿਐਨ ਲੇਖ 26
ਪਰਮੇਸ਼ੁਰ ਦੇ ਪਿਆਰ ਦੀ ਮਦਦ ਨਾਲ ਆਪਣੇ ਡਰ ʼਤੇ ਕਾਬੂ ਪਾਓ
“ਯਹੋਵਾਹ ਮੇਰੇ ਵੱਲ ਹੈ; ਮੈਂ ਨਹੀਂ ਡਰਾਂਗਾ।” —ਜ਼ਬੂ. 118:6.
ਗੀਤ 105 “ਪਰਮੇਸ਼ੁਰ ਪਿਆਰ ਹੈ”
ਖ਼ਾਸ ਗੱਲਾਂ *
1. ਭੈਣਾਂ-ਭਰਾਵਾਂ ਨੂੰ ਕਿਹੜੀਆਂ ਕੁਝ ਗੱਲਾਂ ਦਾ ਡਰ ਹੁੰਦਾ ਹੈ?
ਜ਼ਰਾ ਗੌਰ ਕਰੋ ਕਿ ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘਣਾ ਪਿਆ। ਨੈਸਟੋਰ ਅਤੇ ਉਸ ਦੀ ਪਤਨੀ ਮਾਰੀਆ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। * ਇਸ ਵਾਸਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਅਤੇ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਸਿੱਖਣ ਦੀ ਲੋੜ ਸੀ। ਪਰ ਉਨ੍ਹਾਂ ਨੂੰ ਡਰ ਸੀ ਕਿ ਉਹ ਇਹ ਸਾਰੀਆਂ ਤਬਦੀਲੀਆਂ ਕਰ ਕੇ ਖ਼ੁਸ਼ ਨਹੀਂ ਰਹਿ ਸਕਣਗੇ। ਜਦੋਂ ਬਿਨੀਅਮ ਯਹੋਵਾਹ ਦਾ ਗਵਾਹ ਬਣਿਆ, ਤਾਂ ਉਹ ਉਸ ਦੇਸ਼ ਵਿਚ ਰਹਿੰਦਾ ਸੀ ਜਿੱਥੇ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਹੁੰਦਾ ਸੀ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਨੂੰ ਵੀ ਜ਼ੁਲਮ ਸਹਿਣੇ ਪੈ ਸਕਦੇ ਹਨ। ਇਹ ਸੋਚ ਕੇ ਉਹ ਡਰਦਾ ਸੀ। ਪਰ ਇਸ ਤੋਂ ਵੀ ਜ਼ਿਆਦਾ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗੇਗਾ ਕਿ ਉਸ ਨੇ ਆਪਣਾ ਧਰਮ ਬਦਲ ਲਿਆ ਹੈ, ਤਾਂ ਉਹ ਕੀ ਸੋਚਣਗੇ। ਵੈਲੇਰੀ ਨੂੰ ਪਤਾ ਲੱਗਾ ਕਿ ਉਸ ਨੂੰ ਕੈਂਸਰ ਸੀ ਜੋ ਤੇਜ਼ੀ ਨਾਲ ਉਸ ਦੇ ਸਾਰੇ ਸਰੀਰ ਵਿਚ ਫੈਲ ਰਿਹਾ ਸੀ। ਉਸ ਨੂੰ ਅਜਿਹਾ ਕੋਈ ਡਾਕਟਰ ਨਹੀਂ ਮਿਲ ਰਿਹਾ ਸੀ ਜੋ ਬਿਨਾਂ ਖ਼ੂਨ ਦੇ ਉਸ ਦਾ ਓਪਰੇਸ਼ਨ ਕਰੇ। ਉਸ ਨੂੰ ਡਰ ਸੀ ਕਿ ਜੇ ਉਸ ਦਾ ਇਲਾਜ ਨਾ ਹੋਇਆ, ਤਾਂ ਉਹ ਮਰ ਜਾਵੇਗੀ।
2. ਸਾਨੂੰ ਆਪਣੇ ਡਰ ʼਤੇ ਕਾਬੂ ਪਾਉਣ ਦੀ ਕਿਉਂ ਲੋੜ ਹੈ?
2 ਕੀ ਅਜਿਹੇ ਹਾਲਾਤਾਂ ਵਿੱਚੋਂ ਲੰਘਦੇ ਵੇਲੇ ਤੁਹਾਨੂੰ ਵੀ ਡਰ ਲੱਗਾ ਹੈ? ਸਾਡੇ ਵਿੱਚੋਂ ਬਹੁਤ ਜਣਿਆਂ ਨੂੰ ਇਸ ਤਰ੍ਹਾਂ ਲੱਗਾ ਹੈ। ਜੇ ਅਸੀਂ ਆਪਣੇ ਡਰ ʼਤੇ ਕਾਬੂ ਰੱਖਣਾ ਨਹੀਂ ਸਿੱਖਦੇ, ਤਾਂ ਅਸੀਂ ਗ਼ਲਤ ਫ਼ੈਸਲੇ ਕਰ ਸਕਦੇ ਹਾਂ ਜਿਨ੍ਹਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਸ਼ੈਤਾਨ ਇਹੀ ਤਾਂ ਚਾਹੁੰਦਾ ਹੈ। ਉਹ ਸਾਡੇ ਡਰ ਦਾ ਫ਼ਾਇਦਾ ਚੁੱਕ ਕੇ ਕੋਸ਼ਿਸ਼ ਕਰਦਾ ਹੈ ਕਿ ਅਸੀਂ ਖ਼ੁਸ਼-ਖ਼ਬਰੀ ਦਾ ਪ੍ਰਚਾਰ ਨਾ ਕਰੀਏ ਅਤੇ ਯਹੋਵਾਹ ਦੇ ਬਾਕੀ ਹੁਕਮ ਵੀ ਨਾ ਮੰਨੀਏ। (ਪ੍ਰਕਾ. 12:17) ਸ਼ੈਤਾਨ ਦੁਸ਼ਟ, ਨਿਰਦਈ ਅਤੇ ਤਾਕਤਵਰ ਹੈ। ਪਰ ਅਸੀਂ ਉਸ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ। ਕਿਵੇਂ?
3. ਆਪਣੇ ਡਰ ʼਤੇ ਕਾਬੂ ਪਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
3 ਜਦੋਂ ਸਾਨੂੰ ਇਸ ਗੱਲ ਦਾ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਸਾਡੇ ਵੱਲ ਹੈ, ਤਾਂ ਅਸੀਂ ਸ਼ੈਤਾਨ ਦੇ ਫੰਦੇ ਵਿਚ ਫਸਣ ਤੋਂ ਬਚ ਸਕਦੇ ਹਾਂ। (ਜ਼ਬੂ. 118:6) ਉਦਾਹਰਣ ਲਈ, ਜ਼ਬੂਰ 118 ਦੇ ਲਿਖਾਰੀ ਨੂੰ ਬਹੁਤ ਸਾਰੀਆਂ ਔਖੀਆਂ ਘੜੀਆਂ ਵਿੱਚੋਂ ਲੰਘਣਾ ਪਿਆ। ਉਸ ਦੇ ਬਹੁਤ ਸਾਰੇ ਦੁਸ਼ਮਣ ਸਨ ਜਿਨ੍ਹਾਂ ਵਿੱਚੋਂ ਕਈ ਜਣੇ ਉੱਚੀਆਂ ਪਦਵੀਆਂ ʼਤੇ ਸਨ। (ਆਇਤਾਂ 9, 10) ਕਈ ਵਾਰ ਉਹ ਬਹੁਤ ਜ਼ਿਆਦਾ ਤਣਾਅ ਵਿਚ ਹੁੰਦਾ ਸੀ। (ਆਇਤ 13) ਨਾਲੇ ਯਹੋਵਾਹ ਨੇ ਵੀ ਉਸ ਨੂੰ ਸਖ਼ਤ ਅਨੁਸ਼ਾਸਨ ਦਿੱਤਾ। (ਆਇਤ 18) ਫਿਰ ਵੀ ਉਹ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਮੈਂ ਨਹੀਂ ਡਰਾਂਗਾ।” ਕਿਹੜੀ ਗੱਲ ਕਰਕੇ ਇਸ ਲਿਖਾਰੀ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ? ਉਹ ਜਾਣਦਾ ਸੀ ਕਿ ਚਾਹੇ ਯਹੋਵਾਹ ਨੇ ਉਸ ਨੂੰ ਅਨੁਸ਼ਾਸਨ ਦਿੱਤਾ ਸੀ, ਫਿਰ ਵੀ ਉਸ ਦਾ ਸਵਰਗੀ ਪਿਤਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੂੰ ਪੱਕਾ ਭਰੋਸਾ ਸੀ ਕਿ ਉਹ ਚਾਹੇ ਜਿਹੜੇ ਮਰਜ਼ੀ ਹਾਲਾਤ ਵਿਚ ਹੋਵੇ, ਉਸ ਦਾ ਪਿਆਰਾ ਸਵਰਗੀ ਪਿਤਾ ਹਮੇਸ਼ਾ ਉਸ ਦੀ ਮਦਦ ਕਰੇਗਾ।—ਜ਼ਬੂ. 118:29.
4. ਪਰਮੇਸ਼ੁਰ ਦੇ ਪਿਆਰ ʼਤੇ ਪੂਰਾ ਭਰੋਸਾ ਹੋਣ ਕਰਕੇ ਅਸੀਂ ਆਪਣੇ ਕਿਨ੍ਹਾਂ ਡਰਾਂ ʼਤੇ ਕਾਬੂ ਪਾ ਸਕਦੇ ਹਾਂ?
4 ਸਾਨੂੰ ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਨਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਇਸ ਗੱਲ ʼਤੇ ਭਰੋਸਾ ਕਰਨ ਕਰਕੇ ਅਸੀਂ ਆਪਣੇ ਇਨ੍ਹਾਂ ਡਰਾਂ ʼਤੇ ਕਾਬੂ ਪਾ ਸਕਦੇ ਹਾਂ: (1) ਆਪਣੇ ਪਰਿਵਾਰ ਦਾ ਗੁਜ਼ਾਰਾ ਨਾ ਤੋਰ ਸਕਣ ਦੇ ਡਰ ʼਤੇ, (2) ਇਨਸਾਨਾਂ ਦੇ ਡਰ ʼਤੇ ਅਤੇ (3) ਮੌਤ ਦੇ ਡਰ ʼਤੇ। ਜਿਨ੍ਹਾਂ ਭੈਣਾਂ-ਭਰਾਵਾਂ ਦਾ ਜ਼ਿਕਰ ਪਹਿਲੇ ਪੈਰੇ ਵਿਚ ਕੀਤਾ ਗਿਆ ਸੀ, ਉਹ ਆਪਣੇ ਡਰ ʼਤੇ ਕਾਬੂ ਪਾ ਸਕੇ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਦੇ ਪਿਆਰ ʼਤੇ ਪੂਰਾ ਭਰੋਸਾ ਸੀ।
ਆਪਣੇ ਪਰਿਵਾਰ ਦਾ ਗੁਜ਼ਾਰਾ ਨਾ ਤੋਰ ਸਕਣ ਦਾ ਡਰ
5. ਕਿਨ੍ਹਾਂ ਹਾਲਾਤਾਂ ਕਰਕੇ ਪਰਿਵਾਰ ਦੇ ਮੁਖੀ ਨੂੰ ਬਹੁਤ ਜ਼ਿਆਦਾ ਚਿੰਤਾ ਹੋ ਸਕਦੀ ਹੈ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
5 ਮਸੀਹੀ ਪਰਿਵਾਰ ਦੇ ਮੁਖੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਬੜੀ ਗੰਭੀਰਤਾ ਨਾਲ ਨਿਭਾਉਂਦੇ ਹਨ। (1 ਤਿਮੋ. 5:8) ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਸ਼ਾਇਦ ਇਸ ਮਹਾਂਮਾਰੀ ਦੌਰਾਨ ਤੁਹਾਨੂੰ ਆਪਣੀ ਨੌਕਰੀ ਜਾਣ ਦਾ ਡਰ ਹੋਵੇ। ਸ਼ਾਇਦ ਤੁਹਾਨੂੰ ਇਸ ਗੱਲ ਦੀ ਚਿੰਤਾ ਸਤਾਵੇ ਕਿ ਤੁਸੀਂ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰੋਗੇ ਅਤੇ ਆਪਣੇ ਘਰ ਦਾ ਕਿਰਾਇਆ ਜਾਂ ਆਪਣੇ ਘਰ ਦੀਆਂ ਕਿਸ਼ਤਾਂ ਕਿਵੇਂ ਭਰੋਗੇ। ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦਾ ਵੀ ਡਰ ਹੋਵੇ ਕਿ ਜੇ ਤੁਹਾਡਾ ਕੰਮ ਛੁੱਟ ਗਿਆ, ਤਾਂ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲੇਗਾ। ਜਾਂ ਸ਼ਾਇਦ ਤੁਸੀਂ ਨੈਸਟੋਰ ਤੇ ਮਾਰੀਆ ਵਾਂਗ ਸੋਚੋ ਕਿ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਅਤੇ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਸ਼ੈਤਾਨ ਨੇ ਇਨ੍ਹਾਂ ਗੱਲਾਂ ਦਾ ਫ਼ਾਇਦਾ ਉਠਾਉਂਦੇ ਹੋਏ ਬਹੁਤ ਜਣਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਿਆ ਹੈ।
6. ਸ਼ੈਤਾਨ ਸਾਨੂੰ ਕਿਹੜੀ ਗੱਲ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ?
6 ਸ਼ੈਤਾਨ ਸਾਨੂੰ ਇਸ ਗੱਲ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਸਾਡੇ ਪਰਿਵਾਰ ਦਾ ਗੁਜ਼ਾਰਾ ਤੋਰਨ ਵਿਚ ਸਾਡੀ ਮਦਦ ਨਹੀਂ ਕਰੇਗਾ। ਇਸ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਸਾਨੂੰ ਹੀ ਆਪਣੇ ਹੱਥ-ਪੈਰ ਮਾਰਨੇ ਪੈਣੇ। ਨਤੀਜੇ ਵਜੋਂ, ਸ਼ਾਇਦ ਅਸੀਂ ਆਪਣੀ ਨੌਕਰੀ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰੀਏ, ਫਿਰ ਚਾਹੇ ਇਸ ਕਰਕੇ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਹੀ ਦਾਅ ʼਤੇ ਕਿਉਂ ਨਾ ਲੱਗ ਜਾਵੇ।
7. ਯਿਸੂ ਸਾਨੂੰ ਕਿਹੜੀ ਗੱਲ ਦਾ ਭਰੋਸਾ ਦਿਵਾਉਂਦਾ ਹੈ?
7 ਯਿਸੂ ਆਪਣੇ ਪਿਤਾ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਜਾਣਦਾ ਹੈ। ਇਸ ਲਈ ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “[ਸਾਡਾ] ਪਿਤਾ [ਸਾਡੇ] ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ [ਸਾਨੂੰ] ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।” (ਮੱਤੀ 6:8) ਨਾਲੇ ਯਿਸੂ ਇਹ ਵੀ ਜਾਣਦਾ ਹੈ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਮਸੀਹੀ ਹੋਣ ਕਰਕੇ ਅਸੀਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਹਾਂ। ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ 1 ਤਿਮੋਥਿਉਸ 5:8 ਵਿਚ ਯਹੋਵਾਹ ਨੇ ਜੋ ਹੁਕਮ ਪਰਿਵਾਰ ਦੇ ਮੁਖੀਆਂ ਨੂੰ ਦਿੱਤਾ ਹੈ, ਉਹ ਹੁਕਮ ਉਹ ਖ਼ੁਦ ਵੀ ਲਾਗੂ ਕਰਦਾ ਹੈ।
8. (ੳ) ਆਪਣੇ ਪਰਿਵਾਰ ਦਾ ਗੁਜ਼ਾਰਾ ਨਾ ਤੋਰ ਸਕਣ ਦੇ ਡਰ ʼਤੇ ਕਾਬੂ ਪਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਮੱਤੀ 6:31-33) (ਅ) ਅਸੀਂ ਤਸਵੀਰ ਵਿਚ ਦਿਖਾਏ ਜੋੜੇ ਦੀ ਰੀਸ ਕਿਵੇਂ ਕਰ ਸਕਦੇ ਹਾਂ?
8 ਜਦੋਂ ਸਾਨੂੰ ਇਸ ਗੱਲ ਦਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਤੇ ਸਾਡੇ ਪਰਿਵਾਰ ਨੂੰ ਪਿਆਰ ਕਰਦਾ ਹੈ, ਤਾਂ ਸਾਡੇ ਲਈ ਇਸ ਗੱਲ ʼਤੇ ਯਕੀਨ ਕਰਨਾ ਔਖਾ ਨਹੀਂ ਹੁੰਦਾ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6: ਪੜ੍ਹੋ।) ਜਦੋਂ ਯਹੋਵਾਹ ਨੇ ਧਰਤੀ ਬਣਾਈ, ਤਾਂ ਉਸ ਨੇ ਨਾ ਸਿਰਫ਼ ਉਹ ਚੀਜ਼ਾਂ ਬਣਾਈਆਂ ਜੋ ਸਾਡੇ ਜੀਉਂਦੇ ਰਹਿਣ ਲਈ ਜ਼ਰੂਰੀ ਹਨ, ਸਗੋਂ ਉਹ ਚੀਜ਼ਾਂ ਵੀ ਬਣਾਈਆਂ ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਦਾ ਮਜ਼ਾ ਲੈਂਦੇ ਹਾਂ। ( 31-33ਉਤ. 2:9) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾ ਸਿਰਫ਼ ਸਾਡੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ, ਸਗੋਂ ਉਹ ਖੁੱਲ੍ਹ-ਦਿਲਾ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਜੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿਆਦਾ ਚੀਜ਼ਾਂ ਨਹੀਂ ਖ਼ਰੀਦ ਸਕਦੇ, ਤਾਂ ਅਸੀਂ ਸੋਚ ਸਕਦੇ ਹਾਂ ਕਿ ਯਹੋਵਾਹ ਸਾਨੂੰ ਉਹ ਸਾਰੀਆਂ ਚੀਜ਼ਾਂ ਤਾਂ ਦੇ ਹੀ ਰਿਹਾ ਹੈ ਜਿਨ੍ਹਾਂ ਦੀ ਸਾਨੂੰ ਲੋੜ ਹੈ। (ਮੱਤੀ 6:11) ਜੇ ਅਸੀਂ ਯਹੋਵਾਹ ਲਈ ਆਪਣੀਆਂ ਕੀਮਤੀ ਚੀਜ਼ਾਂ ਦੀ ਕੁਰਬਾਨੀ ਕਰਦੇ ਹਾਂ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਅੱਜ ਅਤੇ ਭਵਿੱਖ ਵਿਚ ਸਾਨੂੰ ਜੋ ਬੇਸ਼ੁਮਾਰ ਬਰਕਤਾਂ ਦੇਵੇਗਾ, ਉਨ੍ਹਾਂ ਸਾਮ੍ਹਣੇ ਇਹ ਚੀਜ਼ਾਂ ਕੁਝ ਵੀ ਨਹੀਂ ਹਨ। ਨੈਸਟੋਰ ਤੇ ਮਾਰੀਆਂ ਨੇ ਵੀ ਆਪਣੀ ਜ਼ਿੰਦਗੀ ਵਿਚ ਇਹੀ ਗੱਲ ਮਹਿਸੂਸ ਕੀਤੀ।—ਯਸਾ. 65:21, 22.
9. ਨੈਸਟੋਰ ਤੇ ਮਾਰੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
9 ਨੈਸਟੋਰ ਤੇ ਮਾਰੀਆਂ ਦੋਵੇਂ ਕੋਲੰਬੀਆ ਵਿਚ ਰਹਿੰਦੇ ਸੀ। ਉਨ੍ਹਾਂ ਕੋਲ ਵਧੀਆ ਘਰ ਅਤੇ ਚੰਗੀ ਤਨਖ਼ਾਹ ਵਾਲੀ ਨੌਕਰੀ ਸੀ। ਉਹ ਦੱਸਦੇ ਹਨ: “ਅਸੀਂ ਆਪਣੀ ਜ਼ਿੰਦਗੀ ਸਾਦੀ ਕਰਨ ਅਤੇ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਬਾਰੇ ਸੋਚ ਰਹੇ ਸੀ। ਪਰ ਸਾਨੂੰ ਡਰ ਸੀ ਕਿ ਘੱਟ ਪੈਸਿਆਂ ਵਿਚ ਗੁਜ਼ਾਰਾ ਕਰ ਕੇ ਅਸੀਂ ਖ਼ੁਸ਼ ਨਹੀਂ ਰਹਿ ਸਕਾਂਗੇ।” ਆਪਣੇ ਇਸ ਡਰ ʼਤੇ ਉਨ੍ਹਾਂ ਨੇ ਕਿਵੇਂ ਕਾਬੂ ਪਾਇਆ? ਉਨ੍ਹਾਂ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਪਹਿਲਾਂ ਵੀ ਕਿਵੇਂ ਬਹੁਤ ਸਾਰੇ ਤਰੀਕਿਆਂ ਨਾਲ ਉਨ੍ਹਾਂ ਨੂੰ ਪਿਆਰ ਦਿਖਾਇਆ ਸੀ। ਇਸ ਕਰਕੇ ਉਨ੍ਹਾਂ ਨੂੰ ਪੂਰਾ ਭਰੋਸਾ ਹੋ ਗਿਆ ਕਿ ਯਹੋਵਾਹ ਅੱਗੇ ਵੀ ਉਨ੍ਹਾਂ ਦੀ ਦੇਖ-ਭਾਲ ਕਰੇਗਾ। ਇਸ ਲਈ ਉਨ੍ਹਾਂ ਦੋਵਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਤੇ ਆਪਣਾ ਘਰ ਵੇਚ ਦਿੱਤਾ ਅਤੇ ਦੇਸ਼ ਦੇ ਉਸ ਹਿੱਸੇ ਵਿਚ ਜਾ ਕੇ ਸੇਵਾ ਕਰਨ ਲੱਗ ਪਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਆਪਣੇ ਫ਼ੈਸਲੇ ਬਾਰੇ ਨੈਸਟੋਰ ਦੱਸਦਾ ਹੈ: “ਅਸੀਂ ਮੱਤੀ 6:33 ਦੀ ਗੱਲ ਆਪਣੀ ਜ਼ਿੰਦਗੀ ਵਿਚ ਸੱਚ ਸਾਬਤ ਹੁੰਦੀ ਦੇਖੀ। ਸਾਨੂੰ ਕਿਸੇ ਵੀ ਚੀਜ਼ ਦੀ ਕਦੇ ਵੀ ਕੋਈ ਕਮੀ ਨਹੀਂ ਹੋਈ ਅਤੇ ਅਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਖ਼ੁਸ਼ ਹਾਂ।”
ਇਨਸਾਨਾਂ ਦਾ ਡਰ
10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਨਸਾਨ ਨੂੰ ਇਨਸਾਨ ਦਾ ਹੀ ਡਰ ਹੈ?
10 ਜਦੋਂ ਤੋਂ ਆਦਮ ਤੇ ਹੱਵਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਹੈ, ਉਦੋਂ ਤੋਂ ਇਨਸਾਨ ਇਕ-ਦੂਜੇ ʼਤੇ ਜ਼ੁਲਮ ਕਰਦੇ ਆਏ ਹਨ। (ਉਪ. 8:9) ਉਦਾਹਰਣ ਲਈ, ਅਧਿਕਾਰ ਰੱਖਣ ਵਾਲੇ ਲੋਕ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਦਿਆਂ ਦੂਜਿਆਂ ਨਾਲ ਬੁਰਾ ਸਲੂਕ ਕਰਦੇ ਹਨ ਅਤੇ ਅਪਰਾਧੀ ਹਿੰਸਾ ਤੇ ਖ਼ੂਨ-ਖ਼ਰਾਬਾ ਕਰਦੇ ਹਨ। ਨਾਲੇ ਬੱਚੇ ਸਕੂਲਾਂ ਵਿਚ ਆਪਣੇ ਨਾਲ ਪੜ੍ਹਨ ਵਾਲਿਆਂ ਦੀ ਬੇਇੱਜ਼ਤੀ ਕਰਦੇ ਹਨ, ਉਨ੍ਹਾਂ ਨੂੰ ਤੰਗ ਕਰਦੇ ਹਨ ਅਤੇ ਡਰਾਉਂਦੇ ਧਮਕਾਉਂਦੇ ਹਨ। ਇੱਥੋਂ ਤਕ ਕਿ ਕੁਝ ਲੋਕ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨਸਾਨ ਨੂੰ ਇਨਸਾਨ ਦਾ ਹੀ ਡਰ ਹੈ! ਸ਼ੈਤਾਨ ਇਨਸਾਨਾਂ ਦੇ ਡਰ ਦਾ ਕਿਵੇਂ ਫ਼ਾਇਦਾ ਚੁੱਕਦਾ ਹੈ?
11-12. ਸ਼ੈਤਾਨ ਇਨਸਾਨਾਂ ਦੇ ਡਰ ਨੂੰ ਸਾਡੇ ਖ਼ਿਲਾਫ਼ ਕਿਵੇਂ ਵਰਤਦਾ ਹੈ?
11 ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇਨਸਾਨਾਂ ਤੋਂ ਇੰਨਾ ਡਰ ਜਾਈਏ ਕਿ ਪ੍ਰਚਾਰ ਕਰਨਾ ਅਤੇ ਯਹੋਵਾਹ ਦੇ ਹੋਰ ਹੁਕਮਾਂ ਨੂੰ ਮੰਨਣਾ ਹੀ ਛੱਡ ਦੇਈਏ। ਸ਼ੈਤਾਨ ਦੇ ਪ੍ਰਭਾਵ ਹੇਠ ਆ ਕੇ ਸਰਕਾਰਾਂ ਸਾਡੇ ਕੰਮ ʼਤੇ ਪਾਬੰਦੀ ਲਾਉਂਦੀਆਂ ਹਨ ਅਤੇ ਸਾਡੇ ʼਤੇ ਜ਼ੁਲਮ ਕਰਦੀਆਂ ਹਨ। (ਲੂਕਾ 21:12; ਪ੍ਰਕਾ. 2:10) ਸ਼ੈਤਾਨ ਦੀ ਦੁਨੀਆਂ ਦੇ ਬਹੁਤ ਸਾਰੇ ਲੋਕ ਸਾਡੇ ਬਾਰੇ ਅਫ਼ਵਾਹਾਂ ਫੈਲਾਉਂਦੇ ਹਨ ਅਤੇ ਵੱਡੇ-ਵੱਡੇ ਝੂਠ ਬੋਲਦੇ ਹਨ। ਉਨ੍ਹਾਂ ਦੇ ਝੂਠ ʼਤੇ ਯਕੀਨ ਕਰ ਕੇ ਲੋਕ ਸ਼ਾਇਦ ਸਾਡਾ ਮਜ਼ਾਕ ਉਡਾਉਣ ਜਾਂ ਇੱਥੋਂ ਤਕ ਕਿ ਸਾਡੇ ʼਤੇ ਹਮਲਾ ਵੀ ਕਰਨ। (ਮੱਤੀ 10:36) ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਬਿਲਕੁਲ ਵੀ ਅਣਜਾਣ ਨਹੀਂ ਹਾਂ ਕਿਉਂਕਿ ਉਸ ਨੇ ਪਹਿਲੀ ਸਦੀ ਵਿਚ ਵੀ ਪਰਮੇਸ਼ੁਰ ਦੇ ਲੋਕਾਂ ਖ਼ਿਲਾਫ਼ ਇਹੀ ਚਾਲਾਂ ਚੱਲੀਆਂ ਸਨ।—ਰਸੂ. 5:27, 28, 40.
12 ਸ਼ੈਤਾਨ ਹੋਰ ਕਈ ਤਰੀਕਿਆਂ ਨਾਲ ਵੀ ਸਾਡੇ ਮਨ ਵਿਚ ਡਰ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ। ਉਦਾਹਰਣ ਲਈ, ਕਈਆਂ ਨੂੰ ਕੁੱਟ-ਮਾਰ ਨਾਲੋਂ ਜ਼ਿਆਦਾ ਡਰ ਇਸ ਗੱਲ ਦਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦੇ ਘਰਦਿਆਂ ਨੂੰ ਪਤਾ ਲੱਗੇਗਾ ਕਿ ਉਹ ਗਵਾਹ ਬਣ ਗਏ ਹਨ, ਤਾਂ ਉਹ ਕੀ ਸੋਚਣਗੇ। ਉਹ ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਵੀ ਯਹੋਵਾਹ ਤੇ ਉਸ ਦੇ ਪਿਆਰ ਬਾਰੇ ਜਾਣਨ। ਉਨ੍ਹਾਂ ਨੂੰ ਉਦੋਂ ਬਹੁਤ ਦੁੱਖ ਲੱਗਦਾ ਹੈ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਸੱਚੇ ਪਰਮੇਸ਼ੁਰ ਅਤੇ ਉਸ ਦੇ ਸੇਵਕਾਂ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਜਿਹੜੇ ਰਿਸ਼ਤੇਦਾਰ ਪਹਿਲਾਂ ਵਿਰੋਧ ਕਰਦੇ ਸਨ, ਬਾਅਦ ਵਿਚ ਉਹ ਵੀ ਸੱਚਾਈ ਵਿਚ ਆ ਗਏ। ਪਰ ਉਦੋਂ ਕੀ ਜਦੋਂ ਸਾਡੇ ਵਿਸ਼ਵਾਸਾਂ ਕਰਕੇ ਸਾਡੇ ਘਰਦੇ ਸਾਡੇ ਨਾਲ ਸਾਰੇ ਰਿਸ਼ਤੇ-ਨਾਤੇ ਤੋੜ ਲੈਂਦੇ ਹਨ?
13. ਜੇ ਸਾਡੇ ਘਰਦੇ ਸਾਡਾ ਸਾਥ ਛੱਡ ਦੇਣ, ਤਾਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਜ਼ਬੂਰ 27:10)
13 ਜ਼ਬੂਰ 27:10 ਵਿਚ ਲਿਖੀ ਗੱਲ ਪੜ੍ਹ ਕੇ ਸਾਨੂੰ ਬਹੁਤ ਦਿਲਾਸਾ ਮਿਲ ਸਕਦਾ ਹੈ। (ਪੜ੍ਹੋ।) ਜਦੋਂ ਅਸੀਂ ਇਹ ਗੱਲ ਯਾਦ ਰੱਖਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ, ਤਾਂ ਸਾਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ, ਫਿਰ ਚਾਹੇ ਸਾਡੇ ਘਰਦੇ ਸਾਡਾ ਸਾਥ ਹੀ ਕਿਉਂ ਨਾ ਛੱਡ ਦੇਣ। ਨਾਲੇ ਸਾਨੂੰ ਪੱਕਾ ਭਰੋਸਾ ਹੈ ਕਿ ਉਹ ਸਾਡੇ ਧੀਰਜ ਦਾ ਸਾਨੂੰ ਜ਼ਰੂਰ ਇਨਾਮ ਦੇਵੇਗਾ। ਯਹੋਵਾਹ ਸਭ ਤੋਂ ਵਧੀਆ ਤਰੀਕੇ ਨਾਲ ਸਾਡੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈ, ਉਹ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ ਅਤੇ ਆਪਣੇ ਨਾਲ ਰਿਸ਼ਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਦਾ ਹੈ। ਇਹੀ ਗੱਲ ਬਿਨੀਅਮ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਨੇ ਵੀ ਆਪਣੀ ਜ਼ਿੰਦਗੀ ਵਿਚ ਸੱਚ ਹੁੰਦੀ ਦੇਖੀ।
14. ਬਿਨੀਅਮ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਦੇ ਹੋ?
14 ਚਾਹੇ ਬਿਨੀਅਮ ਨੂੰ ਪਤਾ ਸੀ ਕਿ ਉਸ ʼਤੇ ਵੀ ਜ਼ੁਲਮ ਢਾਹੇ ਜਾ ਸਕਦੇ ਸਨ, ਫਿਰ ਵੀ ਉਹ ਯਹੋਵਾਹ ਦਾ ਗਵਾਹ ਬਣ ਗਿਆ। ਉਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ। ਇਸ ਕਰਕੇ ਉਹ ਆਪਣੇ ਡਰ ʼਤੇ ਕਾਬੂ ਪਾ ਸਕਿਆ। ਉਹ ਦੱਸਦਾ ਹੈ: “ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ʼਤੇ ਇੰਨੇ ਜ਼ਿਆਦਾ ਜ਼ੁਲਮ ਢਾਹੇ ਜਾਣਗੇ। ਪਰ ਮੈਨੂੰ ਸਰਕਾਰਾਂ ਵੱਲੋਂ ਜ਼ੁਲਮ ਢਾਹੇ ਜਾਣ ਨਾਲੋਂ ਕਿਤੇ ਜ਼ਿਆਦਾ ਡਰ ਆਪਣੇ ਘਰਦਿਆਂ ਦਾ ਸੀ। ਮੇਰੇ ਡੈਡੀ ਯਹੋਵਾਹ ਦੇ ਗਵਾਹ ਨਹੀਂ ਹਨ ਅਤੇ ਮੈਂ ਡਰਦਾ ਸੀ ਕਿ ਜਦੋਂ ਮੇਰੇ ਡੈਡੀ ਨੂੰ ਮੇਰੇ ਗਵਾਹ ਬਣਨ ਬਾਰੇ ਪਤਾ ਲੱਗੇਗਾ, ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋਣਗੇ। ਨਾਲੇ ਬਾਕੀ ਘਰਦੇ ਵੀ ਸੋਚਣਗੇ ਕਿ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ।” ਫਿਰ ਵੀ ਬਿਨੀਅਮ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਲੋਕਾਂ ਦੀ ਹਮੇਸ਼ਾ ਪਰਵਾਹ ਕਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਉਹ ਦੱਸਦਾ ਹੈ: “ਮੈਂ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਦੀ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਪੈਸੇ ਦੀ ਤੰਗੀ ਸੀ, ਉਨ੍ਹਾਂ ਨਾਲ ਪੱਖਪਾਤ ਕੀਤਾ ਗਿਆ ਅਤੇ ਭੀੜ ਨੇ ਉਨ੍ਹਾਂ ʼਤੇ ਹਮਲਾ ਕੀਤਾ। ਮੈਂ ਜਾਣਦਾ ਸੀ ਕਿ ਜੇ ਮੈਂ ਯਹੋਵਾਹ ਦਾ ਵਫ਼ਾਦਾਰ ਰਿਹਾ, ਤਾਂ ਉਹ ਜ਼ਰੂਰ ਮੈਨੂੰ ਬਰਕਤਾਂ ਦੇਵੇਗਾ। ਮੈਨੂੰ ਬਹੁਤ ਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਇੱਥੋਂ ਤਕ ਕਿ ਮੈਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ। ਉਸ ਸਮੇਂ ਦੌਰਾਨ ਮੈਂ ਇਹ ਗੱਲ ਆਪਣੀ ਅੱਖੀਂ ਦੇਖੀ ਕਿ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਉਹ ਲੋੜ ਵੇਲੇ ਹਮੇਸ਼ਾ ਸਾਡੀ ਮਦਦ ਕਰਦਾ ਹੈ।” ਬਿਨੀਅਮ ਨਾਲ ਜੋ ਕੁਝ ਹੋਇਆ ਉਸ ਕਰਕੇ ਯਹੋਵਾਹ ਉਸ ਦਾ ਪਿਤਾ ਬਣ ਗਿਆ ਅਤੇ ਉਸ ਦੇ ਲੋਕ ਉਸ ਦਾ ਪਰਿਵਾਰ।
ਮੌਤ ਦਾ ਡਰ
15. ਅਸੀਂ ਮੌਤ ਤੋਂ ਕਿਉਂ ਡਰਦੇ ਹਾਂ?
15 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮੌਤ ਸਾਡੀ ਦੁਸ਼ਮਣ ਹੈ। (1 ਕੁਰਿੰ. 15:25, 26) ਜਦੋਂ ਅਸੀਂ ਜਾਂ ਸਾਡਾ ਕੋਈ ਅਜ਼ੀਜ਼ ਬਹੁਤ ਜ਼ਿਆਦਾ ਬੀਮਾਰ ਹੁੰਦਾ ਹੈ, ਤਾਂ ਅਸੀਂ ਮੌਤ ਦੇ ਖ਼ਿਆਲ ਤੋਂ ਹੀ ਡਰ ਜਾਂਦੇ ਹਾਂ। ਅਸੀਂ ਮੌਤ ਤੋਂ ਕਿਉਂ ਡਰਦੇ ਹਾਂ? ਕਿਉਂਕਿ ਯਹੋਵਾਹ ਨੇ ਸਾਡੇ ਵਿਚ ਹਮੇਸ਼ਾ ਜੀਉਂਦੇ ਰਹਿਣ ਦੀ ਇੱਛਾ ਪਾਈ ਹੈ। (ਉਪ. 3:11) ਕੁਝ ਹੱਦ ਤਕ ਮੌਤ ਦਾ ਡਰ ਹੋਣਾ ਫ਼ਾਇਦੇਮੰਦ ਵੀ ਹੈ। ਇਸ ਕਰਕੇ ਅਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹਾਂ, ਚੰਗਾ ਖਾਂਦੇ-ਪੀਂਦੇ ਹਾਂ, ਬਾਕਾਇਦਾ ਕਸਰਤ ਕਰਦੇ ਹਾਂ, ਬੀਮਾਰ ਪੈਣ ਤੇ ਡਾਕਟਰ ਕੋਲ ਜਾਂਦੇ ਹਾਂ ਅਤੇ ਦਵਾਈ ਵੀ ਲੈਂਦੇ ਹਾਂ। ਨਾਲੇ ਬਿਨਾਂ ਵਜ੍ਹਾ ਅਸੀਂ ਆਪਣੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾਉਂਦੇ।
16. ਸਾਡੇ ਅੰਦਰ ਜੋ ਮੌਤ ਦਾ ਡਰ ਹੈ, ਸ਼ੈਤਾਨ ਉਸ ਦਾ ਫ਼ਾਇਦਾ ਕਿਵੇਂ ਚੁੱਕਦਾ ਹੈ?
16 ਸ਼ੈਤਾਨ ਜਾਣਦਾ ਹੈ ਕਿ ਅਸੀਂ ਜੀਉਣਾ ਚਾਹੁੰਦੇ ਹਾਂ। ਉਹ ਦਾਅਵਾ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣ ਲਈ ਕੋਈ ਵੀ ਚੀਜ਼ ਦਾਅ ʼਤੇ ਲਾਉਣ ਲਈ ਤਿਆਰ ਹੋ ਜਾਵਾਂਗੇ, ਇੱਥੋਂ ਤਕ ਕਿ ਯਹੋਵਾਹ ਨਾਲ ਆਪਣੇ ਰਿਸ਼ਤਾ ਵੀ। (ਅੱਯੂ. 2:4, 5) ਸ਼ੈਤਾਨ ਦਾ ਇਹ ਦਾਅਵਾ ਸਰਾਸਰ ਗ਼ਲਤ ਹੈ! “ਸ਼ੈਤਾਨ ਕੋਲ ਮੌਤ ਦੇ ਹਥਿਆਰ ਹਨ,” ਇਸ ਕਰਕੇ ਉਹ ਮੌਤ ਦਾ ਡਰਾਵਾ ਦੇ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। (ਇਬ. 2:14, 15) ਜਿਨ੍ਹਾਂ ਲੋਕਾਂ ʼਤੇ ਸ਼ੈਤਾਨ ਦਾ ਪ੍ਰਭਾਵ ਹੁੰਦਾ ਹੈ, ਕਈ ਵਾਰ ਉਹ ਸਾਨੂੰ ਧਮਕਾਉਂਦੇ ਹਨ ਕਿ ਜੇ ਅਸੀਂ ਨਿਹਚਾ ਕਰਨੀ ਨਾ ਛੱਡੀ, ਤਾਂ ਉਹ ਸਾਨੂੰ ਜਾਨੋਂ ਮਾਰ ਦੇਣਗੇ। ਕਈ ਵਾਰ ਜਦੋਂ ਅਸੀਂ ਅਚਾਨਕ ਬਹੁਤ ਜ਼ਿਆਦਾ ਬੀਮਾਰ ਹੋ ਜਾਂਦੇ ਹਾਂ, ਤਾਂ ਸ਼ੈਤਾਨ ਉਸ ਮੌਕੇ ਦਾ ਵੀ ਫ਼ਾਇਦਾ ਉਠਾਉਂਦਾ ਹੈ। ਉਹ ਡਾਕਟਰਾਂ ਅਤੇ ਅਵਿਸ਼ਵਾਸੀ ਰਿਸ਼ਤੇਦਾਰਾਂ ਰਾਹੀਂ ਸਾਡੇ ʼਤੇ ਖ਼ੂਨ ਲੈਣ ਦਾ ਦਬਾਅ ਪਾਉਂਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਤੋੜ ਦੇਈਏ। ਜਾਂ ਕਈ ਜਣੇ ਸਾਡੇ ʼਤੇ ਅਜਿਹੇ ਤਰੀਕੇ ਨਾਲ ਇਲਾਜ ਕਰਾਉਣ ਦਾ ਜੋਰ ਪਾਉਣ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੋਵੇ।
17. ਰੋਮੀਆਂ 8:37-39 ਮੁਤਾਬਕ ਸਾਨੂੰ ਮੌਤ ਤੋਂ ਕਿਉਂ ਨਹੀਂ ਡਰਨਾ ਚਾਹੀਦਾ?
17 ਚਾਹੇ ਅਸੀਂ ਮਰਨਾ ਨਹੀਂ ਚਾਹੁੰਦੇ, ਪਰ ਸਾਨੂੰ ਪਤਾ ਹੈ ਕਿ ਜੇ ਅਸੀਂ ਮਰ ਵੀ ਗਏ, ਤਾਂ ਵੀ ਯਹੋਵਾਹ ਸਾਨੂੰ ਪਿਆਰ ਕਰਨਾ ਨਹੀਂ ਛੱਡੇਗਾ। (ਰੋਮੀਆਂ 8:37-39 ਪੜ੍ਹੋ।) ਜੇ ਯਹੋਵਾਹ ਦਾ ਕੋਈ ਦੋਸਤ ਮਰ ਜਾਂਦਾ ਹੈ, ਤਾਂ ਵੀ ਉਹ ਉਸ ਨੂੰ ਭੁੱਲਦਾ ਨਹੀਂ। ਉਹ ਉਸ ਦੀ ਯਾਦ ਵਿਚ ਹਮੇਸ਼ਾ ਮਹਿਫੂਜ਼ ਰਹਿੰਦਾ ਹੈ। (ਲੂਕਾ 20:37, 38) ਉਹ ਉਸ ਨੂੰ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:15) ਯਹੋਵਾਹ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ ਤਾਂਕਿ ਅਸੀਂ “ਹਮੇਸ਼ਾ ਦੀ ਜ਼ਿੰਦਗੀ ਪਾ” ਸਕੀਏ। (ਯੂਹੰ. 3:16) ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਇਸ ਲਈ ਜਦੋਂ ਅਸੀਂ ਬੀਮਾਰ ਪੈਂਦੇ ਹਾਂ ਜਾਂ ਸਾਨੂੰ ਮੌਤ ਦਾ ਡਰ ਹੁੰਦਾ ਹੈ, ਤਾਂ ਯਹੋਵਾਹ ਨੂੰ ਛੱਡਣ ਦੀ ਬਜਾਇ ਸਾਨੂੰ ਦਿਲਾਸੇ, ਬੁੱਧ ਅਤੇ ਤਾਕਤ ਲਈ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਵੈਲੇਰੀ ਤੇ ਉਸ ਦੇ ਪਤੀ ਨੇ ਵੀ ਬਿਲਕੁਲ ਇਸੇ ਤਰ੍ਹਾਂ ਕੀਤਾ।—ਜ਼ਬੂ. 41:3.
18. ਵੈਲੇਰੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
18 ਜਦੋਂ ਵੈਲੇਰੀ 35 ਸਾਲ ਦੀ ਸੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਕੈਂਸਰ ਸੀ ਜੋ ਉਸ ਦੇ ਪੂਰੇ ਸਰੀਰ ਵਿਚ ਤੇਜ਼ੀ ਨਾਲ ਫੈਲ ਰਿਹਾ ਸੀ। ਜ਼ਰਾ ਸੋਚੋ ਕਿ ਯਹੋਵਾਹ ਦੇ ਪਿਆਰ ਕਰਕੇ ਉਹ ਮੌਤ ਦੇ ਡਰ ʼਤੇ ਕਾਬੂ ਕਿਵੇਂ ਪਾ ਸਕੀ। ਉਹ ਦੱਸਦੀ ਹੈ: “ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਕੈਂਸਰ ਹੈ, ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੀ ਜਾਨ ਬਚਾਉਣ ਲਈ ਵੱਡਾ ਓਪਰੇਸ਼ਨ ਕਰਾਉਣ ਦੀ ਲੋੜ ਸੀ। ਮੈਂ ਕਈ ਡਾਕਟਰਾਂ ਕੋਲ ਗਈ, ਪਰ ਕੋਈ ਵੀ ਬਿਨਾਂ ਖ਼ੂਨ ਦੇ ਇਲਾਜ ਕਰਨ ਲਈ ਨਹੀਂ ਮੰਨਿਆ। ਭਾਵੇਂ ਮੈਂ ਬਹੁਤ ਡਰ ਗਈ ਸੀ, ਪਰ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਮੈਂ ਪਰਮੇਸ਼ੁਰ ਦੇ ਹੁਕਮ ਖ਼ਿਲਾਫ਼ ਜਾ ਕੇ ਆਪਣਾ ਇਲਾਜ ਕਰਾ ਲਵਾਂ। ਮੇਰੀ ਪੂਰੀ ਜ਼ਿੰਦਗੀ ਯਹੋਵਾਹ ਨੇ ਮੈਨੂੰ ਦਿਖਾਇਆ ਕਿ ਉਹ ਮੈਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਹੁਣ ਮੇਰੀ ਵਾਰੀ ਸੀ ਕਿ ਮੈਂ ਉਸ ਨੂੰ ਦਿਖਾ ਸਕਾਂ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦੀ ਹਾਂ। ਜਦੋਂ ਵੀ ਡਾਕਟਰ ਵੱਲੋਂ ਮੇਰੀ ਸਿਹਤ ਬਾਰੇ ਕੋਈ ਬੁਰੀ ਖ਼ਬਰ ਮਿਲਦੀ ਸੀ, ਤਾਂ ਮੇਰਾ ਇਰਾਦਾ ਹੋਰ ਵੀ ਪੱਕਾ ਹੁੰਦਾ ਸੀ ਕਿ ਮੈਂ ਯਹੋਵਾਹ ਦੇ ਪੱਖ ਵਿਚ ਖੜ੍ਹ ਕੇ ਉਸ ਦਾ ਸਿਰ ਉੱਚਾ ਕਰਾਂ ਅਤੇ ਸ਼ੈਤਾਨ ਨੂੰ ਝੂਠਾ ਸਾਬਤ ਕਰਾਂ। ਅਖ਼ੀਰ, ਬਿਨਾਂ ਖ਼ੂਨ ਦੇ ਮੇਰਾ ਓਪਰੇਸ਼ਨ ਹੋ ਹੀ ਗਿਆ। ਹਾਲੇ ਵੀ ਮੇਰੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੈ, ਪਰ ਯਹੋਵਾਹ ਨੇ ਮੈਨੂੰ ਉਹ ਹਰ ਚੀਜ਼ ਦਿੱਤੀ ਜਿਸ ਦੀ ਮੈਨੂੰ ਲੋੜ ਸੀ। ਉਸ ਹਫ਼ਤੇ ਅਸੀਂ ਮੀਟਿੰਗ ਵਿਚ ‘ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰੋ’ * ਲੇਖ ʼਤੇ ਚਰਚਾ ਕੀਤੀ। ਇਸ ਲੇਖ ਤੋਂ ਸਾਨੂੰ ਬਹੁਤ ਦਿਲਾਸਾ ਮਿਲਿਆ। ਅਸੀਂ ਇਹ ਲੇਖ ਵਾਰ-ਵਾਰ ਪੜ੍ਹਿਆ। ਇਸ ਤਰ੍ਹਾਂ ਦੇ ਹੋਰ ਲੇਖ ਪੜ੍ਹ ਕੇ ਅਤੇ ਮੀਟਿੰਗਾਂ ਤੇ ਪ੍ਰਚਾਰ ਵਿਚ ਜਾਂਦੇ ਰਹਿ ਕੇ ਸਾਨੂੰ ਦੋਹਾਂ ਨੂੰ ਮਨ ਦੀ ਸ਼ਾਂਤੀ ਮਿਲੀ। ਨਾਲੇ ਅਸੀਂ ਸਹੀ ਨਜ਼ਰੀਆ ਰੱਖ ਸਕੇ ਅਤੇ ਸਹੀ ਫ਼ੈਸਲੇ ਕਰ ਸਕੇ।”
ਆਪਣੇ ਡਰ ʼਤੇ ਕਾਬੂ ਪਾਓ
19. ਜਲਦ ਹੀ ਕੀ ਹੋਵੇਗਾ?
19 ਯਹੋਵਾਹ ਦੀ ਮਦਦ ਨਾਲ ਦੁਨੀਆਂ ਭਰ ਦੇ ਮਸੀਹੀ ਔਖੀਆਂ ਘੜੀਆਂ ਵਿੱਚੋਂ ਨਿਕਲ ਰਹੇ ਹਨ ਅਤੇ ਸਫ਼ਲਤਾ ਨਾਲ ਸ਼ੈਤਾਨ ਦਾ ਵਿਰੋਧ ਕਰ ਰਹੇ ਹਨ। (1 ਪਤ. 5:8, 9) ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ। ਬਹੁਤ ਜਲਦ ਯਹੋਵਾਹ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲਿਆਂ ਨੂੰ ਹੁਕਮ ਦੇਵੇਗਾ ਕਿ “ਉਹ ਸ਼ੈਤਾਨ ਦੇ ਕੰਮਾਂ ਨੂੰ ਨਾਸ਼” ਕਰਨ। (1 ਯੂਹੰ. 3:8) ਇਸ ਤੋਂ ਬਾਅਦ ਧਰਤੀ ʼਤੇ ਪਰਮੇਸ਼ੁਰ ਦੇ ਲੋਕ ਬਿਨਾਂ ਕਿਸੇ “ਡਰ” ਤੇ “ਖ਼ੌਫ਼” ਦੇ ਉਸ ਦੀ ਸੇਵਾ ਕਰਨਗੇ। (ਯਸਾ. 54:14; ਮੀਕਾ. 4:4) ਉਦੋਂ ਤਕ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਡਰ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੀਏ।
20. ਅਸੀਂ ਕਿਵੇਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ?
20 ਸਾਨੂੰ ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਨੇ ਕਿਵੇਂ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਦੀ ਰਾਖੀ ਕੀਤੀ ਸੀ। ਨਾਲੇ ਸਾਨੂੰ ਇਸ ਬਾਰੇ ਹੋਰ ਭੈਣਾਂ-ਭਰਾਵਾਂ ਨੂੰ ਵੀ ਦੱਸਣਾ ਚਾਹੀਦਾ ਹੈ। ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਕਿਵੇਂ ਮੁਸ਼ਕਲ ਘੜੀਆਂ ਵਿਚ ਸਾਡੀ ਮਦਦ ਕਰਦਾ ਹੈ। ਯਹੋਵਾਹ ਦੀ ਮਦਦ ਨਾਲ ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ।—ਜ਼ਬੂ. 34:4.
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
^ ਅਸੀਂ ਸਾਰੇ ਕਦੇ-ਨਾ-ਕਦੇ ਡਰ ਜਾਂਦੇ ਹਾਂ, ਪਰ ਡਰ ਕਰਕੇ ਹੀ ਸਾਡੀ ਖ਼ਤਰਿਆਂ ਤੋਂ ਰਾਖੀ ਹੁੰਦੀ ਹੈ। ਪਰ ਡਰ ਸਾਮ੍ਹਣੇ ਗੋਡੇ ਟੇਕਣ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ। ਕਿਵੇਂ? ਸ਼ੈਤਾਨ ਸਾਡੇ ਇਸ ਡਰ ਦਾ ਫ਼ਾਇਦਾ ਚੁੱਕ ਕੇ ਸਾਡੇ ਤੋਂ ਗ਼ਲਤ ਫ਼ੈਸਲੇ ਕਰਾ ਸਕਦਾ ਹੈ। ਇਸ ਤੋਂ ਇਹ ਗੱਲ ਸਾਫ਼ ਹੈ ਕਿ ਸਾਨੂੰ ਆਪਣੇ ਡਰ ʼਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਕਿਹੜੀ ਗੱਲ ਸਾਡੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੀ ਹੈ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਜਦੋਂ ਸਾਨੂੰ ਇਸ ਗੱਲ ʼਤੇ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਡੇ ਵੱਲ ਹੈ ਅਤੇ ਸਾਨੂੰ ਪਿਆਰ ਕਰਦਾ ਹੈ, ਤਾਂ ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ।
^ ਕੁਝ ਨਾਂ ਬਦਲੇ ਗਏ ਹਨ।