Skip to content

Skip to table of contents

‘ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ’

‘ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ’

“ਜਿਹੜੇ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹਨ, ਉਹ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।”​—ਰੋਮੀ. 8:5.

ਗੀਤ: 22, 52

1, 2. ਚੁਣੇ ਹੋਏ ਮਸੀਹੀਆਂ ਲਈ ਰੋਮੀਆਂ ਦਾ 8ਵਾਂ ਅਧਿਆਇ ਖ਼ਾਸ ਕਿਉਂ ਹੈ?

ਯਿਸੂ ਦੀ ਮੌਤ ਦੀ ਯਾਦਗਾਰ ਦੌਰਾਨ ਸ਼ਾਇਦ ਤੁਸੀਂ ਰੋਮੀਆਂ 8:15-17 ਪੜ੍ਹਿਆ ਹੋਵੇ। ਇਹ ਆਇਤਾਂ ਸਮਝਾਉਂਦੀਆਂ ਹਨ ਕਿ ਚੁਣੇ ਹੋਏ ਮਸੀਹੀਆਂ ਨੂੰ ਕਿਵੇਂ ਪਤਾ ਹੈ ਕਿ ਉਨ੍ਹਾਂ ਦੀ ਹਮੇਸ਼ਾ ਲਈ ਸਵਰਗ ਵਿਚ ਰਹਿਣ ਦੀ ਉਮੀਦ ਹੈ। ਰੋਮੀਆਂ 8:1 ਦੱਸਦਾ ਹੈ ਕਿ ਚੁਣੇ ਹੋਏ ਮਸੀਹੀ “ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹਨ।” ਪਰ ਕੀ ਰੋਮੀਆਂ ਦਾ 8ਵਾਂ ਅਧਿਆਇ ਸਿਰਫ਼ ਚੁਣੇ ਹੋਏ ਮਸੀਹੀਆਂ ਲਈ ਲਿਖਿਆ ਗਿਆ ਹੈ? ਜਾਂ ਕੀ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਣ ਵਾਲੇ ਵੀ ਇਸ ਅਧਿਆਇ ਤੋਂ ਕੁਝ ਸਿੱਖ ਸਕਦੇ ਹਨ?

2 ਰੋਮੀਆਂ ਦਾ 8ਵਾਂ ਅਧਿਆਇ ਖ਼ਾਸ ਕਰਕੇ ਚੁਣੇ ਹੋਏ ਮਸੀਹੀਆਂ ਲਈ ਲਿਖਿਆ ਗਿਆ ਹੈ। ਉਨ੍ਹਾਂ ਨੂੰ “ਪਵਿੱਤਰ ਸ਼ਕਤੀ” ਮਿਲਦੀ ਹੈ ਅਤੇ ਉਹ “ਪਰਮੇਸ਼ੁਰ ਦੇ ਪੁੱਤਰਾਂ ਵਜੋਂ ਅਪਣਾਏ ਜਾਣ” ਅਤੇ “ਆਪਣੇ ਸਰੀਰਾਂ ਤੋਂ ਮੁਕਤੀ ਪਾਉਣ ਦੀ ਉਡੀਕ ਕਰਦੇ” ਹਨ। (ਰੋਮੀ. 8:23) ਭਵਿੱਖ ਵਿਚ ਉਹ ਸਵਰਗ ਵਿਚ ਪਰਮੇਸ਼ੁਰ ਦੇ ਪੁੱਤਰ ਹੋਣਗੇ। ਰਿਹਾਈ ਦੀ ਕੀਮਤ ਦੇ ਆਧਾਰ ’ਤੇ ਯਹੋਵਾਹ ਨੇ ਇਨ੍ਹਾਂ ਦੇ ਪਾਪ ਮਾਫ਼ ਕੀਤੇ ਹਨ। ਉਸ ਨੇ ਉਨ੍ਹਾਂ ਨੂੰ ਧਰਮੀ ਠਹਿਰਾਇਆ ਹੈ ਤਾਂਕਿ ਉਹ ਉਸ ਦੇ ਪੁੱਤਰ ਬਣ ਸਕਣ।​—ਰੋਮੀ. 3:23-26; 4:25; 8:30.

3. ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਵੀ ਰੋਮੀਆਂ ਦਾ 8ਵਾਂ ਅਧਿਆਇ ਕਿਉਂ ਪੜ੍ਹਨਾ ਚਾਹੀਦਾ ਹੈ?

3 ਪਰ ਪੌਲੁਸ ਨੇ ਰੋਮੀਆਂ ਦੇ ਚੌਥੇ ਅਧਿਆਇ ਵਿਚ ਲਿਖਿਆ ਕਿ ਯਹੋਵਾਹ ਨੇ ਇਕ ਅਜਿਹੇ ਆਦਮੀ ਨੂੰ ਧਰਮੀ ਠਹਿਰਾਇਆ ਸੀ ਜਿਸ ਨੂੰ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਗਿਆ ਸੀ। ਇਹ ਵਫ਼ਾਦਾਰ ਆਦਮੀ ਅਬਰਾਹਾਮ ਸੀ ਜੋ ਯਿਸੂ ਦੇ ਬਲੀਦਾਨ ਦੇਣ ਤੋਂ ਬਹੁਤ ਸਾਲ ਪਹਿਲਾਂ ਜੀਉਂਦਾ ਸੀ। (ਰੋਮੀਆਂ 4:20-22 ਪੜ੍ਹੋ।) ਅੱਜ ਯਹੋਵਾਹ ਉਨ੍ਹਾਂ ਵਫ਼ਾਦਾਰ ਮਸੀਹੀਆਂ ਨੂੰ ਵੀ ਧਰਮੀ ਠਹਿਰਾ ਸਕਦਾ ਹੈ ਜਿਨ੍ਹਾਂ ਦੀ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਹੈ। ਉਹ ਵੀ ਰੋਮੀਆਂ ਦੇ 8ਵੇਂ ਅਧਿਆਇ ਦੀ ਸਲਾਹ ਤੋਂ ਫ਼ਾਇਦਾ ਲੈ ਸਕਦੇ ਹਨ।

4. ਰੋਮੀਆਂ 8:21 ਪੜ੍ਹਦਿਆਂ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

4 ਰੋਮੀਆਂ 8:21 ਵਿਚ ਯਹੋਵਾਹ ਨੇ ਪੱਕੀ ਉਮੀਦ ਦਿੱਤੀ ਹੈ ਕਿ ਨਵੀਂ ਦੁਨੀਆਂ ਜ਼ਰੂਰ ਆਵੇਗੀ ਅਤੇ ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਮਿਲੇਗਾ। ਇਸ ਆਇਤ ਵਿਚ ਲਿਖਿਆ ਹੈ ਕਿ ਉਹ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਪਾਉਣਗੇ। ਪਰ ਸਵਾਲ ਇਹ ਹੈ, ਕੀ ਤੁਸੀਂ ਨਵੀਂ ਦੁਨੀਆਂ ਵਿਚ ਪਹੁੰਚੋਗੇ? ਕੀ ਤੁਸੀਂ ਪੱਕਾ ਕਹਿ ਸਕਦੇ ਹੋ ਕਿ ਤੁਹਾਨੂੰ ਇਹ ਇਨਾਮ ਜ਼ਰੂਰ ਮਿਲੇਗਾ? ਰੋਮੀਆਂ ਦੇ 8ਵੇਂ ਅਧਿਆਇ ਦੀ ਸਲਾਹ ਤੁਹਾਡੀ ਉੱਥੇ ਪਹੁੰਚਣ ਵਿਚ ਮਦਦ ਕਰ ਸਕਦੀ ਹੈ।

‘ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣਾ’

5. ਪੌਲੁਸ ਨੇ ਰੋਮੀਆਂ 8:4-13 ਵਿਚ ਕਿਨ੍ਹਾਂ ਬਾਰੇ ਗੱਲ ਕੀਤੀ ਸੀ?

5 ਰੋਮੀਆਂ 8:4-13 ਪੜ੍ਹੋ। ਰੋਮੀਆਂ ਦੇ 8ਵੇਂ ਅਧਿਆਇ ਵਿਚ ਪੌਲੁਸ ਨੇ ਦੋ ਤਰ੍ਹਾਂ ਦੇ ਲੋਕਾਂ ਬਾਰੇ ਗੱਲ ਕੀਤੀ ਸੀ। ਉਹ “ਜਿਹੜੇ ਸਰੀਰ ਦੀਆਂ ਇੱਛਾਵਾਂ ਅਨੁਸਾਰ ਚੱਲਦੇ ਹਨ” ਅਤੇ ਉਹ “ਜਿਹੜੇ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹਨ।” ਕਈ ਲੋਕ ਕਹਿੰਦੇ ਹਨ ਕਿ ਪੌਲੁਸ ਇੱਥੇ ਮਸੀਹੀਆਂ ਅਤੇ ਹੋਰ ਲੋਕਾਂ ਬਾਰੇ ਗੱਲ ਕਰ ਰਿਹਾ ਸੀ। ਪਰ ਪੌਲੁਸ ਇੱਥੇ ਉਨ੍ਹਾਂ ਮਸੀਹੀਆਂ ਨੂੰ ਲਿਖ ਰਿਹਾ ਸੀ “ਜਿਨ੍ਹਾਂ ਨੂੰ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ” ਸੀ। (ਰੋਮੀ. 1:7) ਸੋ “ਸਰੀਰ ਦੀਆਂ ਇੱਛਾਵਾਂ ਅਨੁਸਾਰ” ਅਤੇ “ਪਵਿੱਤਰ ਸ਼ਕਤੀ ਅਨੁਸਾਰ” ਚੱਲਣ ਵਾਲੇ ਸਾਰੇ ਮਸੀਹੀ ਸਨ। ਪਰ ਇਨ੍ਹਾਂ ਵਿਚ ਕੀ ਫ਼ਰਕ ਸੀ?

6, 7. ਪੌਲੁਸ ਨੇ ਰੋਮੀਆਂ 8:4-13 ਵਿਚ “ਸਰੀਰ” ਸ਼ਬਦ ਕਿਸ ਮਾਅਨੇ ਵਿਚ ਵਰਤਿਆ?

6 ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਜਦੋਂ ਪੌਲੁਸ “ਸਰੀਰ” ਬਾਰੇ ਗੱਲ ਕਰ ਰਿਹਾ ਸੀ, ਤਾਂ ਉਸ ਦਾ ਕੀ ਮਤਲਬ ਸੀ। ਇਸ ਆਇਤ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਰੀਰ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਸਰੀਰ ਦੀਆਂ ਇੱਛਾਵਾਂ।” ਪਰ ਹੋਰ ਆਇਤਾਂ ਵਿਚ ਇਹ ਸ਼ਬਦ ਸੱਚ-ਮੁੱਚ ਦੇ ਸਰੀਰ ਜਾਂ ਪਰਿਵਾਰਕ ਰਿਸ਼ਤਿਆਂ ਨੂੰ ਦਰਸਾ ਸਕਦਾ ਹੈ।​—ਰੋਮੀ. 2:28; 1 ਕੁਰਿੰ. 15:39, 50; ਰੋਮੀ. 1:3.

7 ਪੌਲੁਸ ਦਾ ਕੀ ਮਤਲਬ ਸੀ, ਜਦੋਂ ਉਸ ਨੇ “ਸਰੀਰ ਦੀਆਂ ਇੱਛਾਵਾਂ ਅਨੁਸਾਰ” ਚੱਲਣ ਵਾਲੇ ਲੋਕਾਂ ਬਾਰੇ ਗੱਲ ਕੀਤੀ? ਇਸ ਦਾ ਜਵਾਬ ਲੈਣ ਲਈ ਆਓ ਆਪਾਂ ਰੋਮੀਆਂ 7:5 ਦੇਖੀਏ। ਪੌਲੁਸ ਨੇ ਲਿਖਿਆ: “ਜਦੋਂ ਅਸੀਂ ਆਪਣੀਆਂ ਸਰੀਰਕ ਇੱਛਾਵਾਂ ਅਨੁਸਾਰ ਚੱਲਦੇ ਸਾਂ, ਤਾਂ ਉਦੋਂ ਕਾਨੂੰਨ ਰਾਹੀਂ ਜ਼ਾਹਰ ਹੋਇਆ ਕਿ ਸਾਡੇ ਅੰਦਰ ਪਾਪੀ ਲਾਲਸਾਵਾਂ ਸਨ।” ਇੱਥੇ ਪੌਲੁਸ ਨੇ ਸਮਝਾਇਆ ਕਿ ਜਿਹੜੇ ਲੋਕ “ਆਪਣੀਆਂ ਸਰੀਰਕ ਇੱਛਾਵਾਂ ਅਨੁਸਾਰ ਚੱਲਦੇ” ਹਨ, ਉਹ ਆਪਣੀ ਮਨ-ਮਰਜ਼ੀ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਆਪਣੀਆਂ ਪਾਪੀ ਇੱਛਾਵਾਂ ਪੂਰੀਆਂ ਕਰਨ ਵੱਲ ਲੱਗਾ ਰਹਿੰਦਾ ਹੈ।

8. ਪੌਲੁਸ ਨੂੰ ਚੁਣੇ ਹੋਏ ਮਸੀਹੀਆਂ ਨੂੰ “ਸਰੀਰਕ ਇੱਛਾਵਾਂ ਅਨੁਸਾਰ” ਚੱਲਣ ਤੋਂ ਖ਼ਬਰਦਾਰ ਕਰਨ ਦੀ ਕਿਉਂ ਲੋੜ ਸੀ?

8 ਪੌਲੁਸ ਨੇ ਚੁਣੇ ਹੋਏ ਮਸੀਹੀਆਂ ਨੂੰ “ਸਰੀਰਕ ਇੱਛਾਵਾਂ ਅਨੁਸਾਰ” ਚੱਲਣ ਤੋਂ ਖ਼ਬਰਦਾਰ ਕਿਉਂ ਕੀਤਾ? ਅੱਜ ਸਾਰੇ ਮਸੀਹੀਆਂ ਨੂੰ ਇਸ ਚੇਤਾਵਨੀ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ? ਕਿਉਂਕਿ ਪਰਮੇਸ਼ੁਰ ਦਾ ਕੋਈ ਵੀ ਵਫ਼ਾਦਾਰ ਸੇਵਕ ਸਰੀਰ ਦੀਆਂ ਇੱਛਾਵਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਸਕਦਾ ਹੈ। ਮਿਸਾਲ ਲਈ, ਪੌਲੁਸ ਨੇ ਲਿਖਿਆ ਕਿ ਰੋਮ ਦੇ ਕੁਝ ਭਰਾ “ਆਪਣੀਆਂ ਬੁਰੀਆਂ ਇੱਛਾਵਾਂ ਦੇ ਗ਼ੁਲਾਮ” ਸਨ। ਸ਼ਾਇਦ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਸਰੀਰਕ ਸੰਬੰਧ, ਖਾਣਾ-ਪੀਣਾ ਅਤੇ ਹੋਰ ਚੀਜ਼ਾਂ ਸਭ ਤੋਂ ਜ਼ਰੂਰੀ ਬਣ ਗਈਆਂ ਸਨ। (ਰੋਮੀ. 16:17, 18; ਫ਼ਿਲਿ. 3:18, 19; ਯਹੂ. 4, 8, 12) ਨਾਲੇ ਯਾਦ ਕਰੋ ਕਿ ਕੁਰਿੰਥੁਸ ਦੀ ਮੰਡਲੀ ਵਿਚ ਕੁਝ ਸਮੇਂ ਲਈ ਇਕ ਭਰਾ ਨੇ “ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ” ਸੀ। (1 ਕੁਰਿੰ. 5:1) ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੌਲੁਸ ਨੂੰ ਪਹਿਲੀ ਸਦੀ ਦੇ ਉਨ੍ਹਾਂ ਮਸੀਹੀਆਂ ਨੂੰ ਖ਼ਬਰਦਾਰ ਕਰਨ ਦੀ ਲੋੜ ਸੀ ਜੋ “ਸਰੀਰ ਦੀਆਂ ਇੱਛਾਵਾਂ ਅਨੁਸਾਰ ਚੱਲਦੇ” ਸਨ।​—ਰੋਮੀ. 8:5, 6.

9. ਰੋਮੀਆਂ 8:6 ਵਿਚ ਪੌਲੁਸ ਕੀ ਨਹੀਂ ਕਹਿ ਰਿਹਾ ਸੀ?

9 ਇਹ ਚੇਤਾਵਨੀ ਅੱਜ ਸਾਡੇ ’ਤੇ ਵੀ ਲਾਗੂ ਹੁੰਦੀ ਹੈ। ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਇਨਸਾਨ ਵੀ “ਸਰੀਰਕ ਇੱਛਾਵਾਂ” ਨੂੰ ਪਹਿਲ ਦੇਣੀ ਸ਼ੁਰੂ ਕਰ ਸਕਦਾ ਹੈ। ਸੋ ਕੀ ਪੌਲੁਸ ਇਹ ਕਹਿ ਰਿਹਾ ਸੀ ਕਿ ਸਾਨੂੰ ਖਾਣ-ਪੀਣ, ਕੰਮ-ਕਾਰ, ਮਨੋਰੰਜਨ ਜਾਂ ਜੀਵਨ ਸਾਥੀ ਲਈ ਪਿਆਰ ਬਾਰੇ ਸੋਚਣਾ ਹੀ ਨਹੀਂ ਚਾਹੀਦਾ? ਬਿਲਕੁਲ ਨਹੀਂ। ਇਹ ਜ਼ਿੰਦਗੀ ਦੀਆਂ ਆਮ ਗੱਲਾਂ ਹਨ। ਯਿਸੂ ਖ਼ੁਦ ਖਾਣ-ਪੀਣ ਦਾ ਮਜ਼ਾ ਲੈਂਦਾ ਸੀ ਅਤੇ ਦੂਜਿਆਂ ਨੂੰ ਵੀ ਖਿਲਾਉਂਦਾ ਸੀ। ਨਾਲੇ ਪੌਲੁਸ ਨੇ ਲਿਖਿਆ ਕਿ ਵਿਆਹੁਤਾ ਰਿਸ਼ਤੇ ਵਿਚ ਸਰੀਰਕ ਸੰਬੰਧ ਜ਼ਰੂਰੀ ਹਨ।

ਤੁਹਾਡੀਆਂ ਗੱਲਾਂ ਤੋਂ ਕੀ ਪਤਾ ਲੱਗਦਾ ਹੈ ਕਿ ਤੁਹਾਡਾ ਮਨ ਪਰਮੇਸ਼ੁਰ ਦੀਆਂ ਗੱਲਾਂ ’ਤੇ ਹੈ ਜਾਂ ਸਰੀਰ ਦੀਆਂ ਇੱਛਾਵਾਂ ’ਤੇ? (ਪੈਰੇ 10, 11 ਦੇਖੋ)

10. ਕਿਸੇ ਗੱਲ ’ਤੇ “ਮਨ ਲਾਉਣ” ਦਾ ਕੀ ਮਤਲਬ ਹੈ?

10 ਫਿਰ ਪੌਲੁਸ ਦਾ ਕੀ ਮਤਲਬ ਸੀ, ਜਦੋਂ ਉਸ ਨੇ “ਮਨ ਲਾਉਣ” ਬਾਰੇ ਗੱਲ ਕੀਤੀ? ਪੌਲੁਸ ਨੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਸੀ, ਉਸ ਦਾ ਮਤਲਬ ਹੈ ਕਿ ਕਿਸੇ ਗੱਲ ਬਾਰੇ ਆਪਣਾ ਪੱਕਾ ਮਨ ਬਣਾਉਣਾ ਅਤੇ ਉਸ ਗੱਲ ਨੂੰ ਪੂਰਾ ਕਰਨ ਲਈ ਯੋਜਨਾਵਾਂ ਬਣਾਉਂਦੇ ਰਹਿਣਾ। ਸਰੀਰ ਦੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਲੋਕ ਆਪਣੀ ਪੂਰੀ ਜ਼ਿੰਦਗੀ ਆਪਣੀਆਂ ਪਾਪੀ ਇੱਛਾਵਾਂ ਦੇ ਗ਼ੁਲਾਮ ਬਣੇ ਰਹਿੰਦੇ ਹਨ। ਇਕ ਵਿਦਵਾਨ ਨੇ ਕਿਹਾ: “ਇੱਦਾਂ ਦੇ ਲੋਕ ਬੱਸ ਆਪਣੀਆਂ ਪਾਪੀ ਇੱਛਾਵਾਂ ਬਾਰੇ ਸੋਚਦੇ ਰਹਿੰਦੇ ਹਨ, ਚੌਵੀ ਘੰਟੇ ਬੱਸ ਇਨ੍ਹਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪੂਰੀਆਂ ਕਰਨ ਵਿਚ ਖੁੱਭੇ ਰਹਿੰਦੇ ਹਨ।”

11. ਕਿਹੜੀਆਂ ਕੁਝ ਚੀਜ਼ਾਂ ਸਾਡੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਅਹਿਮ ਬਣ ਸਕਦੀਆਂ ਹਨ?

11 ਰੋਮ ਦੇ ਮਸੀਹੀਆਂ ਨੂੰ ਆਪਣੀ ਜਾਂਚ ਕਰਨ ਦੀ ਲੋੜ ਸੀ ਕਿ ਉਨ੍ਹਾਂ ਨੇ ਅਸਲ ਵਿਚ ਆਪਣਾ ਮਨ ਕਿਨ੍ਹਾਂ ਗੱਲਾਂ ਉੱਤੇ ਲਾਇਆ ਹੋਇਆ ਸੀ। ਕੀ ਉਨ੍ਹਾਂ ਨੇ ਆਪਣਾ ਮਨ “ਸਰੀਰ ਦੀਆਂ ਇੱਛਾਵਾਂ” ’ਤੇ ਲਾਇਆ ਹੋਇਆ ਸੀ? ਅੱਜ ਸਾਨੂੰ ਵੀ ਇਸ ਗੱਲ ਬਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਗੱਲ ਨੂੰ ਪਹਿਲ ਦਿੰਦੇ ਹਾਂ? ਅਸੀਂ ਕਿਸ ਵਿਸ਼ੇ ਬਾਰੇ ਗੱਲ ਕਰਨੀ ਪਸੰਦ ਕਰਦੇ ਹਾਂ? ਸਾਨੂੰ ਸਭ ਤੋਂ ਜ਼ਿਆਦਾ ਕੀ ਕਰਨਾ ਪਸੰਦ ਹੈ? ਸ਼ਾਇਦ ਕੁਝ ਮਸੀਹੀਆਂ ਨੂੰ ਅਹਿਸਾਸ ਹੋਵੇ ਕਿ ਉਹ ਅਲੱਗ-ਅਲੱਗ ਦਾਖਰਸ ਦਾ ਮਜ਼ਾ ਲੈਣ, ਘਰ ਦੀ ਸਾਜੋ-ਸਜਾਵਟ ਕਰਨ, ਨਵੇਂ-ਨਵੇਂ ਕੱਪੜੇ ਖ਼ਰੀਦਣ, ਪੈਸਾ ਇਕੱਠਾ ਕਰਨ ਜਾਂ ਘੁੰਮਣ-ਫਿਰਨ ਬਾਰੇ ਸੋਚਦੇ ਰਹਿੰਦੇ ਹਨ। ਇਹ ਗੱਲਾਂ ਕਰਨੀਆਂ ਗ਼ਲਤ ਨਹੀਂ ਹਨ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੋ ਸਕਦੀਆਂ ਹਨ। ਮਿਸਾਲ ਲਈ, ਯਿਸੂ ਨੇ ਵੀ ਵਿਆਹ ਦੀ ਦਾਅਵਤ ’ਤੇ ਦਾਖਰਸ ਬਣਾਈ ਸੀ ਅਤੇ ਪੌਲੁਸ ਨੇ ਤਿਮੋਥਿਉਸ ਨੂੰ “ਥੋੜ੍ਹਾ ਜਿਹਾ ਦਾਖਰਸ” ਪੀਣ ਦੀ ਸਲਾਹ ਦਿੱਤੀ ਸੀ। (1 ਤਿਮੋ. 5:23; ਯੂਹੰ. 2:3-11) ਪਰ ਦਾਖਰਸ ਉਨ੍ਹਾਂ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਨਹੀਂ ਸੀ। ਸਾਡੇ ਬਾਰੇ ਕੀ? ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਨੂੰ ਪਹਿਲ ਦਿੰਦੇ ਹਾਂ?

12, 13. ਸਾਨੂੰ ਧਿਆਨ ਕਿਉਂ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਨ੍ਹਾਂ ਗੱਲਾਂ ਨੂੰ ਪਹਿਲ ਦਿੰਦੇ ਹਾਂ?

12 ਪੌਲੁਸ ਨੇ ਚੇਤਾਵਨੀ ਦਿੱਤੀ: “ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ।” (ਰੋਮੀ. 8:6) ਉਸ ਦੇ ਕਹਿਣ ਦਾ ਕੀ ਮਤਲਬ ਸੀ? “ਸਰੀਰ ਦੀਆਂ ਇੱਛਾਵਾਂ ਅਨੁਸਾਰ” ਚੱਲਣ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇਗਾ ਅਤੇ ਭਵਿੱਖ ਵਿਚ ਅਸੀਂ ਆਪਣੀ ਜਾਨ ਤੋਂ ਹੱਥ ਧੋ ਬੈਠਾਂਗੇ। ਪਰ ਪੌਲੁਸ ਇਹ ਨਹੀਂ ਕਹਿ ਰਿਹਾ ਸੀ ਕਿ ਜੇ ਅਸੀਂ “ਸਰੀਰ ਦੀਆਂ ਇੱਛਾਵਾਂ ਉੱਤੇ ਮਨ” ਲਾਉਂਦੇ ਹਾਂ, ਤਾਂ ਸਾਨੂੰ ਪੱਕਾ ਮੌਤ ਹੀ ਮਿਲਣੀ ਹੈ। ਕਿਉਂ? ਕਿਉਂਕਿ ਇਕ ਇਨਸਾਨ ਬਦਲ ਸਕਦਾ ਹੈ। ਕੀ ਤੁਹਾਨੂੰ ਕੁਰਿੰਥੁਸ ਵਿਚ ਅਨੈਤਿਕ ਜ਼ਿੰਦਗੀ ਜੀਉਣ ਵਾਲਾ ਆਦਮੀ ਯਾਦ ਹੈ? ਜਦੋਂ ਉਸ ਨੂੰ ਸਖ਼ਤ ਤਾੜਨਾ ਮਿਲੀ, ਤਾਂ ਉਸ ਨੇ ਆਪਣੇ ਵਿਚ ਬਦਲਾਅ ਕੀਤੇ। ਉਸ ਨੇ ਆਪਣੀਆਂ ਅਨੈਤਿਕ ਇੱਛਾਵਾਂ ਦੇ ਪਿੱਛੇ ਭੱਜਣਾ ਛੱਡ ਦਿੱਤਾ। ਉਹ ਇਕ ਵਾਰ ਫਿਰ ਤੋਂ ਸ਼ੁੱਧ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ।​—2 ਕੁਰਿੰ. 2:6-8.

13 ਸੋ ਜੇ ਉਹ ਬਦਲ ਗਿਆ, ਤਾਂ ਕੋਈ ਵੀ ਮਸੀਹੀ ਬਦਲ ਸਕਦਾ ਹੈ, ਖ਼ਾਸ ਕਰਕੇ ਉਹ ਜਿਸ ਨੇ ਉਸ ਆਦਮੀ ਵਾਂਗ ਇੰਨਾ ਗੰਭੀਰ ਪਾਪ ਨਹੀਂ ਕੀਤਾ। ਪੌਲੁਸ ਦੀ ਚੇਤਾਵਨੀ ਯਾਦ ਰੱਖ ਕੇ ਅਸੀਂ ਆਪਣੇ ਵਿਚ ਲੋੜੀਂਦੇ ਬਦਲਾਅ ਕਰਨ ਲਈ ਪ੍ਰੇਰਿਤ ਹੋ ਸਕਦੇ ਹਾਂ।

‘ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣਾ’

14, 15. (ੳ) ਪੌਲੁਸ ਸਾਨੂੰ ਕਿਹੜੀਆਂ ਗੱਲਾਂ ’ਤੇ ਮਨ ਲਾਉਣ ਲਈ ਕਹਿ ਰਿਹਾ ਸੀ? (ਅ) “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ” ਦਾ ਕੀ ਮਤਲਬ ਨਹੀਂ ਹੈ?

14 ਪੌਲੁਸ ਨੇ “ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ” ਬਾਰੇ ਗੱਲ ਕਰਨ ਤੋਂ ਬਾਅਦ ਕਿਹਾ: “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ।” ਸਾਨੂੰ ਕਿੰਨਾ ਹੀ ਸ਼ਾਨਦਾਰ ਇਨਾਮ ਮਿਲ ਸਕਦਾ ਹੈ!

15 “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ” ਇਹ ਨਹੀਂ ਕਿ ਇਕ ਇਨਸਾਨ ਚੌਵੀ ਘੰਟੇ ਬੱਸ ਯਹੋਵਾਹ ਅਤੇ ਬਾਈਬਲ ਬਾਰੇ ਹੀ ਗੱਲਾਂ ਕਰਦਾ ਰਹੇ। ਮਸੀਹੀ ਆਮ ਜ਼ਿੰਦਗੀ ਗੁਜ਼ਾਰਦੇ ਹਨ। ਪਹਿਲੀ ਸਦੀ ਦੇ ਮਸੀਹੀਆਂ ’ਤੇ ਗੌਰ ਕਰੋ। ਉਹ ਖਾਣ-ਪੀਣ ਦਾ ਮਜ਼ਾ ਲੈਂਦੇ ਸਨ, ਵਿਆਹ ਕਰਾਉਂਦੇ ਸਨ, ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਸਨ ਅਤੇ ਕੰਮ-ਧੰਦੇ ਕਰਦੇ ਸਨ।—ਮਰ. 6:3; 1 ਥੱਸ. 2:9.

16. ਪੌਲੁਸ ਦੀ ਜ਼ਿੰਦਗੀ ਵਿਚ ਕਿਹੜਾ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਸੀ?

16 ਪਰ ਪੌਲੁਸ ਅਤੇ ਪਹਿਲੀ ਸਦੀ ਦੇ ਮਸੀਹੀਆਂ ਦੀ ਜ਼ਿੰਦਗੀ ਵਿਚ ਇਹ ਗੱਲਾਂ ਪਹਿਲੀ ਜਗ੍ਹਾ ’ਤੇ ਨਹੀਂ ਸਨ। ਮਿਸਾਲ ਲਈ, ਪੌਲੁਸ ਆਪਣਾ ਗੁਜ਼ਾਰਾ ਤੋਰਨ ਲਈ ਤੰਬੂ ਬਣਾਉਂਦਾ ਸੀ। ਪਰ ਉਸ ਦੀ ਜ਼ਿੰਦਗੀ ਵਿਚ ਇਹ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਨਹੀਂ ਸੀ। ਉਸ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਸਭ ਤੋਂ ਜ਼ਰੂਰੀ ਸੀ। ਪੌਲੁਸ ਨੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ’ਤੇ ਆਪਣਾ ਧਿਆਨ ਲਾਇਆ। (ਰਸੂਲਾਂ ਦੇ ਕੰਮ 18:2-4; 20:20, 21, 34, 35 ਪੜ੍ਹੋ।) ਰੋਮ ਦੇ ਭੈਣਾਂ-ਭਰਾਵਾਂ ਨੂੰ ਪੌਲੁਸ ਦੀ ਰੀਸ ਕਰਨ ਦੀ ਲੋੜ ਸੀ ਅਤੇ ਸਾਨੂੰ ਵੀ ਉਸ ਦੀ ਰੀਸ ਕਰਨੀ ਚਾਹੀਦੀ ਹੈ।​—ਰੋਮੀ. 15:15, 16.

17. ਜੇ ਅਸੀਂ ਆਪਣਾ ਧਿਆਨ “ਪਰਮੇਸ਼ੁਰ ਦੀਆਂ ਗੱਲਾਂ” ਉੱਤੇ ਲਾਵਾਂਗੇ, ਤਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

17 ਜੇ ਅਸੀਂ ਆਪਣਾ ਧਿਆਨ “ਪਰਮੇਸ਼ੁਰ ਦੀਆਂ ਗੱਲਾਂ” ’ਤੇ ਲਾਵਾਂਗੇ, ਤਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਰੋਮੀਆਂ 8:6 ਦੱਸਦਾ ਹੈ: “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ।” ਇਸ ਦਾ ਮਤਲਬ ਹੈ ਕਿ ਅਸੀਂ ਪਵਿੱਤਰ ਸ਼ਕਤੀ ਨੂੰ ਆਪਣੇ ਮਨ ’ਤੇ ਅਸਰ ਪਾਉਣ ਦੇਈਏ ਅਤੇ ਯਹੋਵਾਹ ਦੀ ਸੋਚ ਅਪਣਾਈਏ। ਯਹੋਵਾਹ ਸਾਨੂੰ ਹੁਣ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਣ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ।

18. “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ” ਕਰਕੇ ਸਾਨੂੰ ਸ਼ਾਂਤੀ ਕਿਵੇਂ ਮਿਲ ਸਕਦੀ ਹੈ?

18 ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ” ਕਰਕੇ ਸਾਨੂੰ ਸ਼ਾਂਤੀ ਮਿਲ ਸਕਦੀ ਹੈ? ਸਾਰੇ ਸ਼ਾਂਤੀ ਚਾਹੁੰਦੇ ਹਨ, ਖ਼ਾਸ ਕਰਕੇ ਮਨ ਦੀ ਸ਼ਾਂਤੀ, ਪਰ ਬਹੁਤ ਥੋੜ੍ਹੇ ਲੋਕਾਂ ਕੋਲ ਮਨ ਦੀ ਸ਼ਾਂਤੀ ਹੈ। ਅਸੀਂ ਯਹੋਵਾਹ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਅਸੀਂ ਮਨ ਦੀ ਸ਼ਾਂਤੀ ਪਾ ਸਕਦੇ ਹਾਂ। ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਸਕਦੇ ਹਾਂ। ਪਾਪੀ ਹੋਣ ਕਰਕੇ ਕਦੀ-ਕਦਾਈਂ ਭੈਣਾਂ-ਭਰਾਵਾਂ ਨਾਲ ਸਾਡੀ ਅਣਬਣ ਹੋ ਜਾਂਦੀ ਹੈ। ਜਦੋਂ ਇੱਦਾਂ ਹੁੰਦਾ ਹੈ, ਤਾਂ ਅਸੀਂ ਯਿਸੂ ਦੀ ਇਹ ਸਲਾਹ ਮੰਨਦੇ ਹਾਂ: “ਆਪਣੇ ਭਰਾ ਨਾਲ ਸੁਲ੍ਹਾ ਕਰ।” (ਮੱਤੀ 5:24) ਯਾਦ ਰੱਖੋ ਕਿ ਤੁਹਾਡੇ ਭੈਣ-ਭਰਾ ਵੀ ‘ਸ਼ਾਂਤੀ ਦੇਣ ਵਾਲੇ ਪਰਮੇਸ਼ੁਰ’ ਯਹੋਵਾਹ ਦੀ ਸੇਵਾ ਕਰਦੇ ਹਨ।​—ਰੋਮੀ. 15:33; 16:20.

19. ਅਸੀਂ ਕਿਸ ਤਰ੍ਹਾਂ ਦੀ ਸ਼ਾਂਤੀ ਪਾ ਸਕਦੇ ਹਾਂ?

19 ਜੇ ਅਸੀਂ “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ” ਲਾਵਾਂਗੇ, ਤਾਂ ਅਸੀਂ ਯਹੋਵਾਹ ਨਾਲ ਵੀ ਸ਼ਾਂਤੀ ਭਰਿਆ ਰਿਸ਼ਤਾ ਬਣਾ ਸਕਾਂਗੇ। ਯਸਾਯਾਹ ਨਬੀ ਨੇ ਦੱਸਿਆ: “ਜਿਹੜਾ [ਯਹੋਵਾਹ] ਵਿੱਚ ਲਿਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ।”​—ਯਸਾ. 26:3; ਰੋਮੀਆਂ 5:1 ਪੜ੍ਹੋ।

20. ਤੁਸੀਂ ਰੋਮੀਆਂ ਦੇ 8ਵੇਂ ਅਧਿਆਇ ਦੀ ਸਲਾਹ ਲਈ ਸ਼ੁਕਰਗੁਜ਼ਾਰ ਕਿਉਂ ਹੋ?

20 ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ’ਤੇ ਰਹਿਣ ਦੀ, ਅਸੀਂ ਸਾਰੇ ਹੀ ਰੋਮੀਆਂ ਦੇ 8ਵੇਂ ਅਧਿਆਇ ਦੀਆਂ ਗੱਲਾਂ ਤੋਂ ਫ਼ਾਇਦਾ ਲੈ ਸਕਦੇ ਹਾਂ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਸਾਨੂੰ ਆਪਣੀਆਂ ਇੱਛਾਵਾਂ ’ਤੇ ਧਿਆਨ ਲਾਉਣ ਦੀ ਬਜਾਇ ਯਹੋਵਾਹ ਦੀ ਸੇਵਾ ’ਤੇ ਧਿਆਨ ਲਾਉਣ ਦੀ ਹੱਲਾਸ਼ੇਰੀ ਦਿੰਦੀ ਹੈ। ਅਸੀਂ ਜਾਣਦੇ ਹਾਂ ਕਿ “ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ” ਕਰਕੇ ਸਾਨੂੰ ਇਹ ਸ਼ਾਨਦਾਰ ਇਨਾਮ ਮਿਲ ਸਕਦਾ ਹੈ: “ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।”​—ਰੋਮੀ. 6:23.