ਇਤਿਹਾਸ ਦੇ ਪੰਨਿਆਂ ਤੋਂ
“ਇੰਗਲੈਂਡ ਦੇ ਪ੍ਰਚਾਰਕੋ ਜਾਗੋ!!”
ਇਕ ਬਹੁਤ ਹੀ ਜ਼ਰੂਰੀ ਅਪੀਲ ਕੀਤੀ ਗਈ: “ਇੰਗਲੈਂਡ ਦੇ ਪ੍ਰਚਾਰਕੋ—ਜਾਗੋ!!” (ਦਸੰਬਰ 1937 ਦਾ ਇਨਫ਼ਾਰਮੈਂਟ, * ਲੰਡਨ ਲਈ) ਇਸ ਹੈਰਾਨੀਜਨਕ ਸਿਰਲੇਖ ਦੇ ਨਾਲ ਇਹ ਵੀ ਲਿਖਿਆ ਸੀ: “ਪਿਛਲੇ 10 ਸਾਲਾਂ ਵਿਚ ਕੁਝ ਖ਼ਾਸ ਤਰੱਕੀ ਨਹੀਂ ਹੋਈ।” ਇਸ ਦੇ ਪਹਿਲੇ ਸਫ਼ੇ ’ਤੇ 1928 ਤੋਂ ਲੈ ਕੇ 1937 ਤਕ ਦੀ ਸੇਵਾ ਰਿਪੋਰਟ ਤੋਂ ਇਹ ਗੱਲ ਸਾਫ਼ ਪਤਾ ਲੱਗੀ।
ਇੰਨੇ ਜ਼ਿਆਦਾ ਪਾਇਨੀਅਰ?
ਇੰਗਲੈਂਡ ਦੇ ਭੈਣਾਂ-ਭਰਾਵਾਂ ਦਾ ਪ੍ਰਚਾਰ ਲਈ ਜੋਸ਼ ਕਿਉਂ ਠੰਢਾ ਪੈ ਗਿਆ ਸੀ? ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜ਼ਿਆਦਾ ਪ੍ਰਚਾਰ ਕਰਨ ਦੀ ਆਦਤ ਨਹੀਂ ਸੀ, ਉਹ ਥੋੜ੍ਹਾ-ਬਹੁਤਾ ਹੀ ਪ੍ਰਚਾਰ ਕਰ ਕੇ ਘਰ ਆ ਜਾਂਦੇ ਸਨ। ਇੱਦਾਂ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਸੀ। ਇਨ੍ਹਾਂ ਭੈਣਾਂ-ਭਰਾਵਾਂ ਦਾ ਆਉਣ ਵਾਲੀਆਂ ਕਈ ਪੀੜ੍ਹੀਆਂ ’ਤੇ ਅਸਰ ਪਿਆ। ਨਾਲੇ ਸ਼ਾਖ਼ਾ ਦਫ਼ਤਰ ਨੇ ਫ਼ੈਸਲਾ ਕੀਤਾ ਸੀ ਕਿ ਇੰਗਲੈਂਡ ਵਿਚ ਲਗਭਗ 200 ਪਾਇਨੀਅਰ ਹੀ ਕਾਫ਼ੀ ਸਨ। ਇਨ੍ਹਾਂ ਪਾਇਨੀਅਰਾਂ ਨੂੰ ਮੰਡਲੀਆਂ ਨਾਲ ਸੇਵਾ ਕਰਨ ਦੀ ਬਜਾਇ ਦੂਰ-ਦੁਰਾਡੇ ਇਲਾਕਿਆਂ ਵਿਚ ਭੇਜਿਆ ਜਾਂਦਾ ਸੀ। ਇਸ ਲਈ ਜਿਹੜੇ ਪਾਇਨੀਅਰਿੰਗ ਕਰਨੀ ਚਾਹੁੰਦੇ ਸਨ, ਬ੍ਰਾਂਚ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਯੂਰਪ ਵਿਚ ਜਾ ਕੇ ਪ੍ਰਚਾਰ ਕਰਨ। ਫਿਰ ਕੀ ਹੋਇਆ? ਭਾਵੇਂ ਕਿ ਕਈ ਪਾਇਨੀਅਰਾਂ ਨੂੰ ਹੋਰ ਦੇਸ਼ਾਂ ਦੀ ਭਾਸ਼ਾ ਨਹੀਂ ਆਉਂਦੀ ਸੀ ਜਾਂ ਥੋੜ੍ਹੀ-ਬਹੁਤੀ ਆਉਂਦੀ ਸੀ, ਫਿਰ ਵੀ ਉਹ ਇੰਗਲੈਂਡ ਛੱਡ ਕੇ ਹੋਰ ਦੇਸ਼ਾਂ ਵਿਚ ਪ੍ਰਚਾਰ ਕਰਨ ਲਈ ਚਲੇ ਗਏ, ਜਿਵੇਂ ਕਿ ਫਰਾਂਸ ਵਿਚ।
ਜੋਸ਼ ਦਿਖਾਓ
ਇਸੇ ਇਨਫ਼ਾਰਮੈਂਟ ਵਿਚ ਸਾਰਿਆਂ ਲਈ ਸਾਲ 1938 ਵਿਚ ਦਸ ਲੱਖ ਘੰਟੇ ਕਰਨ ਦਾ ਇਕ ਮੁਸ਼ਕਲ ਟੀਚਾ ਰੱਖਿਆ ਗਿਆ ਸੀ! ਇਹ ਟੀਚਾ ਸੌਖਿਆਂ ਹੀ ਪੂਰਾ ਹੋ ਸਕਦਾ ਸੀ ਜੇ ਸਾਰੇ ਪ੍ਰਚਾਰਕ ਹਰ ਮਹੀਨੇ 15 ਘੰਟੇ ਕਰਦੇ ਅਤੇ ਪਾਇਨੀਅਰ 110 ਘੰਟੇ। ਇਹ ਵੀ ਸੁਝਾਅ ਦਿੱਤਾ ਗਿਆ ਸੀ ਕਿ ਕਿਉਂ ਨਾ ਉਹ ਕਦੀ-ਕਦੀ ਦਿਨ ਵਿਚ 5-5 ਘੰਟੇ ਕਰਨ ਅਤੇ ਲੋਕਾਂ ਨੂੰ ਦੁਬਾਰਾ ਮਿਲਣ, ਖ਼ਾਸ ਕਰਕੇ ਹਫ਼ਤੇ ਦੌਰਾਨ ਸ਼ਾਮ ਨੂੰ।
ਸੰਗਠਨ ਵੱਲੋਂ ਦੁਬਾਰਾ ਪ੍ਰਚਾਰ ਦੇ ਕੰਮ ’ਤੇ ਜ਼ੋਰ ਦੇਣ ਕਰਕੇ ਬਹੁਤ ਸਾਰੇ ਭੈਣ-ਭਰਾ ਜੋਸ਼ ਨਾਲ ਭਰ ਗਏ। ਹਿਲਡਾ ਪੈਜਤ * ਨਾਂ ਦੀ ਭੈਣ ਨੇ ਕਿਹਾ: “ਇਹ ਅਪੀਲ ਸਾਡੇ ਹੈੱਡ-ਕੁਆਟਰ ਨੇ ਕੀਤੀ ਸੀ। ਸਾਡੇ ਵਿੱਚੋਂ ਕਈ ਜਣੇ ਬਹੁਤ ਅਰਸੇ ਤੋਂ ਇੱਦਾਂ ਦੀ ਗੱਲ ਸੁਣਨ ਲਈ ਬੇਤਾਬ ਸੀ। ਇਨ੍ਹਾਂ ਸੁਝਾਵਾਂ ਨੂੰ ਮੰਨਣ ਦੇ ਵਧੀਆ ਨਤੀਜੇ ਨਿਕਲੇ।” ਭੈਣ ਈ. ਐੱਫ਼. ਵਾਲਿਸ ਨੇ ਦੱਸਿਆ: “ਕਦੀ-ਕਦੀ ਦਿਨ ਵਿਚ 5-5 ਘੰਟੇ ਕਰਨ ਦਾ ਸੁਝਾਅ ਵਾਕਈ ਕਾਮਯਾਬ ਹੋਇਆ। ਇਹ ਕੰਮ ਕਰਨ ਤੋਂ ਇਲਾਵਾ ਹੋਰ ਕਿਹੜੇ ਕੰਮ ਤੋਂ ਇੰਨੀ ਖ਼ੁਸ਼ੀ ਮਿਲਣੀ ਸੀ ਕਿ ਅਸੀਂ ਪੂਰਾ ਦਿਨ ਪ੍ਰਭੂ ਦੀ ਸੇਵਾ ਵਿਚ ਲਾਈਏ? . . . ਅਸੀਂ ਥੱਕ-ਟੁੱਟ ਕੇ ਘਰ ਆਉਂਦੇ ਸੀ, ਪਰ ਕੀ ਅਸੀਂ ਉਦਾਸ ਹੁੰਦੇ ਸੀ? ਨਹੀਂ, ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹੁੰਦਾ।” ਨੌਜਵਾਨ ਸਟੀਵਨ ਮਿਲਰ ਨਾਂ ਦਾ ਭਰਾ ਇਸ ਗੱਲ ਦੀ ਅਹਿਮੀਅਤ ਸਮਝਦਾ ਸੀ ਅਤੇ ਉਹ ਇਸ ਮੌਕੇ ਨੂੰ ਆਪਣੇ ਹੱਥੋਂ ਨਹੀਂ ਸੀ ਗੁਆਉਣਾ ਚਾਹੁੰਦਾ। ਉਸ ਨੂੰ ਯਾਦ ਸੀ ਕਿ ਉਹ ਇਕੱਠੇ ਮਿਲ ਕੇ ਸਾਰਾ-ਸਾਰਾ ਦਿਨ ਸਾਈਕਲਾਂ ’ਤੇ ਪ੍ਰਚਾਰ ਕਰਦੇ ਸਨ ਅਤੇ ਗਰਮੀਆਂ ਵਿਚ ਸ਼ਾਮ ਨੂੰ ਰਿਕਾਰਡ ਕੀਤੇ ਭਾਸ਼ਣ ਸੁਣਾਉਂਦੇ ਸਨ। ਉਹ ਜੋਸ਼ ਨਾਲ ਸੜਕਾਂ ’ਤੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਤੁਰਨ ਦੇ ਨਾਲ-ਨਾਲ ਸੜਕਾਂ ’ਤੇ ਰਸਾਲੇ ਵੀ ਦਿੰਦੇ ਸਨ।
ਇਸ ਇਨਫ਼ਾਰਮੈਂਟ ਵਿਚ ਇਹ ਵੀ ਅਪੀਲ ਕੀਤੀ ਗਈ ਸੀ: “ਸਾਨੂੰ 1,000 ਪਾਇਨੀਅਰਾਂ ਦੀ ਫ਼ੌਜ ਦੀ ਲੋੜ ਹੈ।” ਸੰਗਠਨ ਦੀਆਂ ਨਵੀਆਂ ਹਿਦਾਇਤਾਂ ਕਰਕੇ ਹੁਣ ਪਾਇਨੀਅਰਾਂ ਨੂੰ ਮੰਡਲੀਆਂ ਤੋਂ ਦੂਰ ਰਹਿ ਕੇ ਸੇਵਾ ਕਰਨ ਦੀ ਲੋੜ ਨਹੀਂ ਸੀ। ਪਰ ਹੁਣ ਉਨ੍ਹਾਂ ਨੇ ਮੰਡਲੀਆਂ ਨਾਲ ਕੰਮ ਕਰਨਾ ਸੀ ਅਤੇ ਭੈਣਾਂ-ਭਰਾਵਾਂ ਦਾ ਸਾਥ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹੌਸਲਾ ਵੀ ਦੇਣਾ ਸੀ। ਜੋਇਸ ਐਲਿਸ ਯਾਦ ਕਰਦੀ ਹੈ: “ਬਹੁਤ ਸਾਰੇ ਭੈਣ-ਭਰਾ ਇਸ ਗੱਲ ਨੂੰ ਸਮਝ ਰਹੇ ਸਨ ਕਿ ਉਨ੍ਹਾਂ ਨੂੰ
ਪਾਇਨੀਅਰਿੰਗ ਕਰਨੀ ਚਾਹੀਦੀ ਸੀ। ਭਾਵੇਂ ਕਿ ਮੈਂ ਉਸ ਵੇਲੇ ਸਿਰਫ਼ 13 ਸਾਲਾਂ ਦੀ ਸੀ, ਪਰ ਫਿਰ ਵੀ ਪਾਇਨੀਅਰਿੰਗ ਕਰਨਾ ਚਾਹੁੰਦੀ ਸੀ।” ਜੁਲਾਈ 1940 ਵਿਚ 15 ਸਾਲਾਂ ਦੀ ਉਮਰ ਵਿਚ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੀਟਰ, ਜਿਸ ਦਾ ਬਾਅਦ ਵਿਚ ਜੋਇਸ ਨਾਲ ਵਿਆਹ ਹੋਇਆ, ਨੇ ਵੀ ਇਹ ਅਪੀਲ ਸੁਣੀ ਸੀ ਜਿਸ ਕਰਕੇ ਉਹ “ਪਾਇਨੀਅਰਿੰਗ ਕਰਨ ਬਾਰੇ ਸੋਚਣ” ਲੱਗ ਪਿਆ। ਜੂਨ 1940 ਵਿਚ 17 ਸਾਲਾਂ ਦੀ ਉਮਰ ਵਿਚ ਉਹ 105 ਕਿਲੋਮੀਟਰ (65 ਮੀਲ) ਦੂਰ ਸਾਈਕਲ ’ਤੇ ਸਕਾਰਬਰਾ ਕਸਬੇ ਵਿਚ ਪਾਇਨੀਅਰਿੰਗ ਕਰਨ ਚਲਾ ਗਿਆ।ਸਿਰਲ ਅਤੇ ਕਿਟੀ ਜੌਨਸਨ ਨੇ ਹੋਰ ਨਵੇਂ ਬਣੇ ਪਾਇਨੀਅਰਾਂ ਵਾਂਗ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਉਨ੍ਹਾਂ ਨੇ ਪਾਇਨੀਅਰਿੰਗ ਕਰਨ ਲਈ ਆਪਣਾ ਘਰ ਅਤੇ ਚੀਜ਼ਾਂ ਵੇਚ ਦਿੱਤੀਆਂ। ਸਿਰਲ ਨੇ ਆਪਣਾ ਕੰਮ ਛੱਡ ਦਿੱਤਾ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ: “ਸਾਨੂੰ ਪੂਰਾ ਵਿਸ਼ਵਾਸ ਸੀ ਕਿ ਅਸੀਂ ਪਾਇਨੀਅਰਿੰਗ ਕਰ ਸਕਾਂਗੇ। ਅਸੀਂ ਖ਼ੁਸ਼ੀ-ਖ਼ੁਸ਼ੀ ਪਾਇਨੀਅਰਿੰਗ ਕੀਤੀ।”
ਪਾਇਨੀਅਰਾਂ ਦੇ ਘਰ
ਪਾਇਨੀਅਰਾਂ ਦੀ ਗਿਣਤੀ ਵਿਚ ਇੰਨਾ ਜ਼ਿਆਦਾ ਵਾਧਾ ਹੋਣ ਕਰਕੇ ਜ਼ਿੰਮੇਵਾਰ ਭਰਾਵਾਂ ਨੇ ਇਸ ਵਧਦੀ ਫ਼ੌਜ ਦੀ ਮਦਦ ਕਰਨ ਲਈ ਕਦਮ ਚੁੱਕੇ। ਸੰਗਠਨ ਵੱਲੋਂ ਸੁਝਾਅ ਦਿੱਤਾ ਗਿਆ ਕਿ ਪਾਇਨੀਅਰਾਂ ਲਈ ਘਰ ਕਿਰਾਏ ’ਤੇ ਲਏ ਜਾਣ। 1938 ਵਿਚ ਜ਼ੋਨ ਸੇਵਕ (ਜਿਸ ਨੂੰ ਹੁਣ ਸਫ਼ਰੀ ਨਿਗਾਹਬਾਨ ਕਿਹਾ ਜਾਂਦਾ ਹੈ) ਵਜੋਂ ਸੇਵਾ ਕਰ ਰਹੇ ਜਿਮ ਕਾਰ ਨੇ ਇਹ ਸੁਝਾਅ ਮੰਨਿਆ। ਪਾਇਨੀਅਰਾਂ ਨੂੰ ਇਕੱਠੇ ਰਹਿਣ ਅਤੇ ਮਿਲ ਕੇ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਤਾਂਕਿ ਖ਼ਰਚੇ ਘਟਾਏ ਜਾ ਸਕਣ। ਸ਼ੇਫੀਲਡ ਸ਼ਹਿਰ ਵਿਚ ਉਨ੍ਹਾਂ ਨੇ ਇਕ ਵੱਡਾ ਘਰ ਕਿਰਾਏ ’ਤੇ ਲੈ ਲਿਆ ਜਿਸ ਦੀ ਨਿਗਰਾਨੀ ਇਕ ਜ਼ਿੰਮੇਵਾਰ ਭਰਾ ਕਰਦਾ ਸੀ। ਲਾਗੇ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਪੈਸੇ ਅਤੇ ਹੋਰ ਸਾਮਾਨ ਦਾਨ ਵਜੋਂ ਦਿੱਤਾ। ਜਿਮ ਨੇ ਦੱਸਿਆ: “ਸਾਰੇ ਮਿਲ ਕੇ ਕੰਮ ਕਰਦੇ ਸਨ।” 10 ਮਿਹਨਤੀ ਪਾਇਨੀਅਰ ਉੱਥੇ ਰਹਿੰਦੇ ਸਨ ਅਤੇ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹਿੰਦੇ ਸਨ। “ਪਾਇਨੀਅਰ ਰੋਜ਼ ਨਾਸ਼ਤਾ ਕਰਨ ਤੋਂ ਪਹਿਲਾਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਪੜ੍ਹਦੇ ਸਨ” ਅਤੇ “ਉਹ ਰੋਜ਼ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿਚ ਪ੍ਰਚਾਰ ਕਰਨ ਜਾਂਦੇ ਸਨ।”
ਪਾਇਨੀਅਰਾਂ ਅਤੇ ਪ੍ਰਚਾਰਕਾਂ ਨੇ ਉਸ ਜ਼ਰੂਰੀ ਅਪੀਲ ਪ੍ਰਤੀ ਹੁੰਗਾਰਾ ਭਰਿਆ ਜਿਸ ਕਰਕੇ 1938 ਵਿਚ ਦਸ ਲੱਖ ਘੰਟੇ ਕਰਨ ਦਾ ਟੀਚਾ ਪੂਰਾ ਹੋਇਆ। ਦਰਅਸਲ, ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਦੇ ਹਰ ਖੇਤਰ ਵਿਚ ਵਾਧਾ ਹੋਇਆ। ਪੰਜ ਸਾਲਾਂ ਦੇ ਅੰਦਰ-ਅੰਦਰ ਇੰਗਲੈਂਡ ਵਿਚ ਪ੍ਰਚਾਰਕਾਂ ਦੀ ਗਿਣਤੀ ਲਗਭਗ ਤਿੱਗੁਣੀ ਹੋ ਗਈ। ਇਸ ਨਵੇਂ ਜੋਸ਼ ਕਰਕੇ ਯਹੋਵਾਹ ਦੇ ਲੋਕ ਆਉਣ ਵਾਲੇ ਦੂਜੇ ਵਿਸ਼ਵ ਯੁੱਧ ਦੀਆਂ ਮੁਸ਼ਕਲਾਂ ਲਈ ਤਿਆਰ ਹੋ ਸਕੇ।
ਜਿੱਦਾਂ-ਜਿੱਦਾਂ ਪਰਮੇਸ਼ੁਰ ਦਾ ਦਿਨ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਅੱਜ ਇੰਗਲੈਂਡ ਵਿਚ ਪਾਇਨੀਅਰਾਂ ਦੀ ਗਿਣਤੀ ਵਿਚ ਦੁਬਾਰਾ ਵਾਧਾ ਹੋ ਰਿਹਾ ਹੈ। ਪਿਛਲੇ 10 ਸਾਲਾਂ ਦੌਰਾਨ ਇੰਗਲੈਂਡ ਵਿਚ ਪਾਇਨੀਅਰਾਂ ਦੀ ਗਿਣਤੀ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਾਧਾ ਹੋਇਆ ਹੈ। ਅਕਤੂਬਰ 2015 ਵਿਚ 13,224 ਜਣਿਆਂ ਨੇ ਪਾਇਨੀਅਰਿੰਗ ਕੀਤੀ। ਇਨ੍ਹਾਂ ਪਾਇਨੀਅਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੂਰੇ ਸਮੇਂ ਦੀ ਸੇਵਾ ਕਰਨੀ ਹੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ।