ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ
ਸਦੀਆਂ ਤੋਂ ਬਲ਼ੀਆਂ ਚੜ੍ਹਾਉਣੀਆਂ ਸੱਚੀ ਭਗਤੀ ਦਾ ਅਹਿਮ ਹਿੱਸਾ ਰਹੀਆਂ ਹਨ। ਇਜ਼ਰਾਈਲੀ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ ਅਤੇ ਮਸੀਹੀ ‘ਉਸਤਤ ਦੇ ਬਲੀਦਾਨ’ ਚੜ੍ਹਾਉਂਦੇ ਹਨ। ਪਰ ਹੋਰ ਵੀ ਕਈ ਬਲੀਦਾਨ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਬਹੁਤ ਖ਼ੁਸ਼ ਹੁੰਦਾ ਹੈ। (ਇਬ. 13:15, 16) ਇਨ੍ਹਾਂ ਬਲੀਦਾਨਾਂ ਨੂੰ ਚੜ੍ਹਾ ਕੇ ਸਾਨੂੰ ਖ਼ੁਸ਼ੀਆਂ ਅਤੇ ਬਰਕਤਾਂ ਮਿਲਦੀਆਂ ਹਨ। ਆਓ ਆਪਾਂ ਇਸ ਦੀਆਂ ਕੁਝ ਮਿਸਾਲਾਂ ਦੇਖੀਏ।
ਪੁਰਾਣੇ ਸਮੇਂ ਵਿਚ ਹੰਨਾਹ ਪਰਮੇਸ਼ੁਰ ਦੀ ਵਫ਼ਾਦਾਰ ਸੇਵਕ ਸੀ। ਉਹ ਦਿਲੋਂ ਚਾਹੁੰਦੀ ਸੀ ਕਿ ਉਸ ਦੇ ਬੱਚਾ ਹੋਵੇ, ਪਰ ਉਹ ਬਾਂਝ ਸੀ। ਉਸ ਨੇ ਯਹੋਵਾਹ ਅੱਗੇ ਸੁੱਖਣਾ ਸੁੱਖੀ ਕਿ ਜੇ ਉਹ ਉਸ ਨੂੰ ਮੁੰਡਾ ਦੇਵੇਗਾ, ਤਾਂ ਉਹ ਮੁੰਡੇ ਨੂੰ “ਜਿੰਨਾ ਚਿਰ ਉਹ ਜੀਉਂਦਾ” ਰਹੇਗਾ ਯਹੋਵਾਹ ਨੂੰ ਦੇ ਦੇਵੇਗੀ। (1 ਸਮੂ. 1:10, 11) ਕੁਝ ਸਮੇਂ ਬਾਅਦ ਹੰਨਾਹ ਦੇ ਮੁੰਡਾ ਹੋਇਆ ਅਤੇ ਉਸ ਨੇ ਉਸ ਦਾ ਨਾਂ ਸਮੂਏਲ ਰੱਖਿਆ। ਜਦੋਂ ਸਮੂਏਲ ਤਿੰਨ ਸਾਲ ਦਾ ਹੋਇਆ, ਤਾਂ ਹੰਨਾਹ ਆਪਣੀ ਸੁੱਖਣਾ ਮੁਤਾਬਕ ਉਸ ਨੂੰ ਡੇਰੇ ਵਿਚ ਲੈ ਗਈ। ਖ਼ੁਸ਼ੀ ਨਾਲ ਬਲੀਦਾਨ ਚੜ੍ਹਾਉਣ ਕਰਕੇ ਯਹੋਵਾਹ ਨੇ ਹੰਨਾਹ ਦੀ ਝੋਲ਼ੀ ਬਰਕਤਾਂ ਨਾਲ ਭਰ ਦਿੱਤੀ। ਬਾਅਦ ਵਿਚ ਹੰਨਾਹ ਦੇ ਪੰਜ ਹੋਰ ਬੱਚੇ ਹੋਏ। ਹੰਨਾਹ ਲਈ ਇਹ ਕਿੰਨੇ ਹੀ ਸਨਮਾਨ ਦੀ ਗੱਲ ਸੀ ਕਿ ਸਮੂਏਲ ਇਕ ਨਬੀ ਤੇ ਬਾਈਬਲ ਦਾ ਲਿਖਾਰੀ ਬਣਿਆ।—1 ਸਮੂ. 2:21.
ਹੰਨਾਹ ਤੇ ਸਮੂਏਲ ਵਾਂਗ ਅੱਜ ਮਸੀਹੀਆਂ ਕੋਲ ਵੀ ਸ੍ਰਿਸ਼ਟੀਕਰਤਾ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸੌਂਪਣ ਦਾ ਸਨਮਾਨ ਹੈ। ਯਿਸੂ ਨੇ ਵਾਅਦਾ ਕੀਤਾ ਸੀ ਕਿ ਯਹੋਵਾਹ ਦੀ ਭਗਤੀ ਵਿਚ ਕੀਤੀ ਸਾਡੀ ਹਰ ਕੁਰਬਾਨੀ ਦੇ ਬਦਲੇ ਵਿਚ ਪਰਮੇਸ਼ੁਰ ਸਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।—ਮਰ. 10:28-30.
ਪਹਿਲੀ ਸਦੀ ਦੀ ਮਸੀਹੀ ਭੈਣ ਦੋਰਕਸ ਦੂਜਿਆਂ ਲਈ “ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ।” ਪਰ ਮੰਡਲੀ ਨੂੰ ਬਹੁਤ ਦੁੱਖ ਲੱਗਾ ਜਦੋਂ “ਉਹ ਬੀਮਾਰ ਹੋ ਕੇ ਮਰ ਗਈ।” ਜਦੋਂ ਚੇਲਿਆਂ ਨੂੰ ਪਤਾ ਲੱਗਾ ਕਿ ਪਤਰਸ ਉਸੇ ਇਲਾਕੇ ਵਿਚ ਸੀ, ਤਾਂ ਉਨ੍ਹਾਂ ਨੇ ਉਸ ਨੂੰ ਛੇਤੀ ਆਉਣ ਲਈ ਬੇਨਤੀ ਕੀਤੀ। ਸੋਚੋ, ਜਦੋਂ ਪਤਰਸ ਨੇ ਦੋਰਕਸ ਨੂੰ ਜੀਉਂਦਾ ਕੀਤਾ ਹੋਣਾ, ਤਾਂ ਖ਼ੁਸ਼ੀ ਦੇ ਮਾਰੇ ਚੇਲਿਆਂ ਦੇ ਪੈਰ ਜ਼ਮੀਨ ਤੇ ਨਹੀਂ ਲੱਗੇ ਹੋਣੇ! ਬਾਈਬਲ ਵਿਚ ਪਹਿਲੀ ਵਾਰ ਇਹ ਜ਼ਿਕਰ ਆਉਂਦਾ ਹੈ ਕਿ ਇਕ ਰਸੂਲ ਨੇ ਕਿਸੇ ਨੂੰ ਜੀਉਂਦਾ ਕੀਤਾ ਸੀ। (ਰਸੂ. 9:36-41) ਪਰਮੇਸ਼ੁਰ ਦੋਰਕਸ ਦੀਆਂ ਕੁਰਬਾਨੀਆਂ ਨੂੰ ਭੁੱਲਿਆ ਨਹੀਂ। (ਇਬ. 6:10) ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦੋਰਕਸ ਦੀ ਖੁੱਲ੍ਹ-ਦਿਲੀ ਬਾਰੇ ਇਸ ਲਈ ਲਿਖਵਾਇਆ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ।
ਖੁੱਲ੍ਹ-ਦਿਲੀ ਦਿਖਾਉਣ ਵਿਚ ਪੌਲੁਸ ਰਸੂਲ ਨੇ ਵੀ ਵਧੀਆ ਮਿਸਾਲ ਰੱਖੀ। ਉਸ ਨੇ ਦੂਜਿਆਂ ਲਈ ਸਮਾਂ ਕੱਢਿਆ ਤੇ ਉਨ੍ਹਾਂ ਲਈ ਪਰਵਾਹ ਦਿਖਾਈ। ਪੌਲੁਸ ਨੇ ਕੁਰਿੰਥ ਦੇ ਮਸੀਹੀ ਭਰਾਵਾਂ ਨੂੰ ਲਿਖਿਆ: “ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ’ਤੇ ਵਾਰਨ ਲਈ ਤਿਆਰ ਹਾਂ।” (2 ਕੁਰਿੰ. 12:15) ਪੌਲੁਸ ਨੇ ਆਪਣੇ ਤਜਰਬੇ ਤੋਂ ਸਿੱਖਿਆ ਕਿ ਦੂਜਿਆਂ ਲਈ ਕੁਰਬਾਨੀਆਂ ਕਰ ਕੇ ਨਾ ਸਿਰਫ਼ ਖ਼ੁਸ਼ੀ, ਸਗੋਂ ਯਹੋਵਾਹ ਦੀ ਮਿਹਰ ਅਤੇ ਬਰਕਤ ਵੀ ਮਿਲਦੀ ਹੈ।—ਰਸੂ. 20:24, 35.
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਆਪਣਾ ਸਮਾਂ ਤੇ ਤਾਕਤ ਰਾਜ ਦੇ ਕੰਮਾਂ ਅਤੇ ਭੈਣਾਂ-ਭਰਾਵਾਂ ਲਈ ਵਰਤਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ। ਪਰ ਕੀ ਅਸੀਂ ਹੋਰ ਤਰੀਕੇ ਨਾਲ ਵੀ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਵਿਚ ਹਿੱਸਾ ਪਾ ਸਕਦੇ ਹਾਂ? ਹਾਂਜੀ! ਅਸੀਂ ਪੈਸੇ ਵੀ ਦਾਨ ਕਰ ਸਕਦੇ ਹਾਂ। ਇਨ੍ਹਾਂ ਪੈਸਿਆਂ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਮਿਸਾਲ ਲਈ, ਦਾਨ ਕੀਤੇ ਪੈਸਿਆਂ ਨੂੰ ਮਿਸ਼ਨਰੀਆਂ ਤੇ ਹੋਰ ਪੂਰੇ ਸਮੇਂ ਦੇ ਸੇਵਕਾਂ ਲਈ, ਵੀਡੀਓ ਅਤੇ ਪ੍ਰਕਾਸ਼ਨਾਂ ਨੂੰ ਤਿਆਰ ਅਤੇ ਅਨੁਵਾਦ ਕਰਨ ਲਈ, ਕੁਦਰਤੀ ਆਫ਼ਤਾਂ ਵੇਲੇ ਰਾਹਤ ਪਹੁੰਚਾਉਣ ਲਈ ਅਤੇ ਕਿੰਗਡਮ ਹਾਲਾਂ ਦੀ ਉਸਾਰੀ ਲਈ ਵਰਤਿਆ ਜਾਂਦਾ ਹੈ। ਬਾਈਬਲ ਕਹਿੰਦੀ ਹੈ ਕਿ “ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ” ਯਾਨੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਖੁੱਲ੍ਹ-ਦਿਲੇ ਇਨਸਾਨ ਨੂੰ ਬਰਕਤਾਂ ਮਿਲਦੀਆਂ ਹਨ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਅਸੀਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿੰਦੇ ਹਾਂ, ਤਾਂ ਉਸ ਦੀ ਮਹਿਮਾ ਹੁੰਦੀ ਹੈ।—ਕਹਾ. 3:9; 22:9.
^ ਪੈਰਾ 10 ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ’ਤੇ ਬਣਾਇਆ ਜਾਣਾ ਚਾਹੀਦਾ ਹੈ।
^ ਪੈਰਾ 12 ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ www.jwindiagift.org ਵੈੱਬਸਾਈਟ ’ਤੇ ਦਾਨ ਕਰ ਸਕਦੇ ਹਨ।
^ ਪੈਰਾ 14 ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਬ੍ਰਾਂਚ ਆਫ਼ਿਸ ਨਾਲ ਗੱਲਬਾਤ ਕਰੋ।
^ ਪੈਰਾ 21 ਭਾਰਤ ਵਿਚ “ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਦਸਤਾਵੇਜ਼ ਅੰਗ੍ਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਰਾਠੀ ਅਤੇ ਮਲਿਆਲਮ ਭਾਸ਼ਾ ਵਿਚ ਉਪਲਬਧ ਹੈ।