Skip to content

Skip to table of contents

ਜੋਸ਼ ਨਾਲ ਗੀਤ ਗਾਓ!

ਜੋਸ਼ ਨਾਲ ਗੀਤ ਗਾਓ!

“ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ।”​—ਜ਼ਬੂ. 147:1.

ਗੀਤ: 9, 138

1. ਬਾਈਬਲ-ਆਧਾਰਿਤ ਗੀਤ ਗਾ ਕੇ ਅਸੀਂ ਕੀ ਜ਼ਾਹਰ ਕਰਦੇ ਹਾਂ?

ਇਕ ਮਸ਼ਹੂਰ ਗੀਤਕਾਰ ਨੇ ਕਿਹਾ: “ਬੋਲ ਸਾਡੀ ਸੋਚ ਨੂੰ ਅਤੇ ਸੰਗੀਤ ਸਾਡੇ ਜਜ਼ਬਾਤਾਂ ਨੂੰ ਜਗਾਉਂਦਾ ਹੈ, ਪਰ ਗੀਤ ਸਾਡੇ ਦਿਲਾਂ ਨੂੰ ਛੂਹ ਜਾਂਦੇ ਹਨ।” ਬਾਈਬਲ-ਆਧਾਰਿਤ ਗੀਤ ਗਾ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਉਸ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਨਾਲੇ ਗੀਤ ਗਾ ਕੇ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਮਹਿਸੂਸ ਕਰਦੇ ਹਾਂ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਗੁਣ ਗਾਉਣੇ ਸੱਚੀ ਭਗਤੀ ਦਾ ਅਹਿਮ ਹਿੱਸਾ ਹਨ, ਚਾਹੇ ਅਸੀਂ ਇਕੱਲੇ ਗਾਈਏ ਜਾਂ ਮੰਡਲੀ ਨਾਲ ਮਿਲ ਕੇ।

2, 3. (ੳ) ਮੰਡਲੀ ਵਿਚ ਉੱਚੀ ਆਵਾਜ਼ ਵਿਚ ਗੀਤ ਗਾਉਣ ਬਾਰੇ ਕਈਆਂ ਨੂੰ ਕਿਵੇਂ ਲੱਗਦਾ ਹੈ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

2 ਮੰਡਲੀ ਵਿਚ ਗੀਤ ਗਾਉਣ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਸ਼ਰਮ ਮਹਿਸੂਸ ਕਰਦੇ ਹੋ? ਕੁਝ ਸਭਿਆਚਾਰਾਂ ਵਿਚ ਆਦਮੀ ਦੂਜਿਆਂ ਸਾਮ੍ਹਣੇ ਗੀਤ ਗਾਉਣ ਵਿਚ ਝਿਜਕਦੇ ਹਨ। ਇਸ ਤਰ੍ਹਾਂ ਦੇ ਰਵੱਈਏ ਦਾ ਮੰਡਲੀ ’ਤੇ ਚੰਗਾ ਅਸਰ ਨਹੀਂ ਪੈਂਦਾ, ਖ਼ਾਸ ਕਰਕੇ ਜੇ ਮੰਡਲੀ ਦੇ ਬਜ਼ੁਰਗ ਗੀਤ ਗਾਉਣ ਵਿਚ ਝਿਜਕਣ ਜਾਂ ਉਹ ਗੀਤ ਦੌਰਾਨ ਹੋਰ ਕੰਮਾਂ ਵਿਚ ਲੱਗੇ ਰਹਿਣ।​—ਜ਼ਬੂ. 30:12.

3 ਯਹੋਵਾਹ ਦੀ ਮਹਿਮਾ ਦੇ ਗੀਤ ਗਾਉਣੇ ਸਾਡੀ ਭਗਤੀ ਦਾ ਹਿੱਸਾ ਹਨ। ਇਸ ਲਈ ਚੰਗਾ ਨਹੀਂ ਕਿ ਅਸੀਂ ਗੀਤ ਦੌਰਾਨ ਬਾਹਰ ਚਲੇ ਜਾਈਏ ਜਾਂ ਗੀਤ ਖ਼ਤਮ ਹੋਣ ਤੋਂ ਬਾਅਦ ਸਭਾ ਵਿਚ ਪਹੁੰਚੀਏ। ਇਸ ਲਈ ਆਪਣੇ ਆਪ ਨੂੰ ਪੁੱਛੋ: ‘ਮੈਨੂੰ ਸਭਾਵਾਂ ਵਿਚ ਗੀਤ ਗਾਉਣੇ ਕਿੱਦਾਂ ਦੇ ਲੱਗਦੇ ਹਨ? ਜੇ ਦੂਜਿਆਂ ਸਾਮ੍ਹਣੇ ਮੈਨੂੰ ਗੀਤ ਗਾਉਣ ਵਿਚ ਸ਼ਰਮ ਆਉਂਦੀ ਹੈ, ਤਾਂ ਮੈਂ ਕੀ ਕਰ ਸਕਦਾ ਹਾਂ? ਮੈਂ ਦਿਲੋਂ ਗੀਤ ਕਿਵੇਂ ਗਾ ਸਕਦਾ ਹਾਂ?’

ਗੀਤ ਗਾਉਣੇ, ਸੱਚੀ ਭਗਤੀ ਦਾ ਅਹਿਮ ਹਿੱਸਾ

4, 5. ਇਜ਼ਰਾਈਲ ਦੇ ਮੰਦਰ ਵਿਚ ਗਾਉਣ-ਵਜਾਉਣ ਦੇ ਕਿਹੜੇ ਪ੍ਰਬੰਧ ਸਨ?

4 ਇਤਿਹਾਸ ਦੌਰਾਨ ਯਹੋਵਾਹ ਦੀ ਭਗਤੀ ਵਿਚ ਉਸ ਦੇ ਸੇਵਕਾਂ ਨੇ ਗੀਤ ਗਾ ਕੇ ਉਸ ਦੀ ਮਹਿਮਾ ਕੀਤੀ। ਇਹ ਦਿਲਚਸਪ ਗੱਲ ਹੈ ਕਿ ਜਦੋਂ ਇਜ਼ਰਾਈਲੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਸਨ, ਤਾਂ ਉਨ੍ਹਾਂ ਲਈ ਭਗਤੀ ਵਿਚ ਗੀਤ ਗਾਉਣੇ ਬਹੁਤ ਮਾਅਨੇ ਰੱਖਦੇ ਸਨ। ਮਿਸਾਲ ਲਈ, ਦਾਊਦ ਨੇ 4,000 ਲੇਵੀਆਂ ਨੂੰ ਮੰਦਰ ਵਿਚ ਗੀਤ ਗਾਉਣ ਦੀ ਜ਼ਿੰਮੇਵਾਰੀ ਦਿੱਤੀ। ਇਨ੍ਹਾਂ ਵਿੱਚੋਂ 288 ਜਣੇ “ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ ਸਨ” ਯਾਨੀ ਮਾਹਰ ਸਨ।​—1 ਇਤ. 23:5; 25:7.

5 ਜਦੋਂ ਮੰਦਰ ਦਾ ਉਦਘਾਟਨ ਕੀਤਾ ਗਿਆ, ਤਾਂ ਉਦੋਂ ਵੀ ਗੀਤ-ਸੰਗੀਤ ਦੀ ਅਹਿਮ ਭੂਮਿਕਾ ਸੀ। ਬਾਈਬਲ ਕਹਿੰਦੀ ਹੈ: ‘ਤਦ ਐਉਂ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਰ ਗਵੰਤਰੀ ਮਿਲ ਗਏ ਭਈ ਯਹੋਵਾਹ ਦੀ ਉਸਤਤ ਅਰ ਧੰਨਵਾਦ ਕਰਨ ਵਿੱਚ ਉਨ੍ਹਾਂ ਦੀ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਰ ਖੰਜਰੀਆਂ ਅਰ ਗਾਉਣ ਦਿਆਂ ਸਾਜ਼ਾ ਨਾਲ ਉਨ੍ਹਾਂ ਨੇ ਆਪਣਾ ਸੁਰ ਉੱਚਾ ਕਰਕੇ ਯਹੋਵਾਹ ਦੀ ਉਸਤਤ ਕੀਤੀ, ਤਦ ਪਰਮੇਸ਼ੁਰ ਦਾ ਭਵਨ ਯਹੋਵਾਹ ਦੇ ਪ੍ਰਤਾਪ ਨਾਲ ਭਰ ਗਿਆ।’ ਸੋਚੋ ਕਿ ਉਸ ਮੌਕੇ ’ਤੇ ਇਜ਼ਰਾਈਲੀਆਂ ਦੀ ਨਿਹਚਾ ਕਿੰਨੀ ਮਜ਼ਬੂਤ ਹੋਈ ਹੋਣੀ!​—2 ਇਤ. 5:13, 14; 7:6.

6. ਜਦੋਂ ਨਹਮਯਾਹ ਯਰੂਸ਼ਲਮ ਦਾ ਰਾਜਪਾਲ ਸੀ, ਤਾਂ ਉਸ ਨੇ ਗਾਉਣ-ਵਜਾਉਣ ਲਈ ਕਿਹੜੇ ਇੰਤਜ਼ਾਮ ਕੀਤੇ?

6 ਨਹਮਯਾਹ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣਾਉਣ ਦੇ ਕੰਮ ਦਾ ਇੰਤਜ਼ਾਮ ਕੀਤਾ ਅਤੇ ਗਾਉਣ-ਵਜਾਉਣ ਲਈ ਲੇਵੀਆਂ ਦਾ ਪ੍ਰਬੰਧ ਕੀਤਾ ਸੀ। ਕੰਧਾਂ ਦੇ ਉਦਘਾਟਨ ਸਮੇਂ ਲੇਵੀਆਂ ਦੇ ਗਾਉਣ-ਵਜਾਉਣ ਨਾਲ ਚਾਰ ਚੰਨ ਲੱਗ ਗਏ। ਨਹਮਯਾਹ ਨੇ “ਧੰਨਵਾਦ” ਦੇ ਗੀਤ ਗਾਉਣ ਲਈ ਦੋ “ਟੋਲੀਆਂ” ਠਹਿਰਾਈਆਂ। ਦੋਵੇਂ ਟੋਲੀਆਂ ਸ਼ਹਿਰ ਦੀ ਕੰਧ ਉੱਤੇ ਦੋ ਵੱਖੋ-ਵੱਖਰੀਆਂ ਦਿਸ਼ਾਵਾਂ ਤੋਂ ਇਕ-ਦੂਜੇ ਵੱਲ ਆਈਆਂ ਅਤੇ ਮੰਦਰ ਦੇ ਨੇੜੇ ਕੰਧ ਉੱਤੇ ਆ ਕੇ ਮਿਲ ਗਈਆਂ। ਉਨ੍ਹਾਂ ਦੇ ਗੀਤ-ਸੰਗੀਤ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਦੂਰੋਂ ਵੀ ਲੋਕ ਸੁਣ ਸਕਦੇ ਸਨ! (ਨਹ. 12:27, 28, 31, 38, 40, 43) ਬਿਨਾਂ ਸ਼ੱਕ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੋਈ ਹੋਣੀ ਜਦੋਂ ਉਸ ਨੇ ਆਪਣੇ ਭਗਤਾਂ ਨੂੰ ਜੋਸ਼ ਨਾਲ ਗੀਤ ਗਾਉਂਦੇ ਸੁਣਿਆ ਹੋਣਾ!

7. ਯਿਸੂ ਨੇ ਕਿਵੇਂ ਦਿਖਾਇਆ ਕਿ ਮਸੀਹੀਆਂ ਲਈ ਭਗਤੀ ਵਿਚ ਗੀਤ ਗਾਉਣੇ ਅਹਿਮ ਹਨ?

7 ਯਿਸੂ ਦੇ ਸਮੇਂ ਵਿਚ ਵੀ ਗੀਤ ਗਾਉਣੇ ਸੱਚੀ ਭਗਤੀ ਦਾ ਅਹਿਮ ਹਿੱਸਾ ਸਨ। ਸੋਚੋ ਕਿ ਇਤਹਾਸ ਦੀ ਸਭ ਤੋਂ ਖ਼ਾਸ ਸ਼ਾਮ ਨੂੰ ਕੀ ਹੋਇਆ ਸੀ? ਆਪਣੇ ਚੇਲਿਆਂ ਨਾਲ ਪ੍ਰਭੂ ਦਾ ਭੋਜਨ ਖਾਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾਏ।​—ਮੱਤੀ 26:30 ਪੜ੍ਹੋ।

8. ਪਹਿਲੀ ਸਦੀ ਦੇ ਮਸੀਹੀਆਂ ਨੇ ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾਉਣ ਵਿਚ ਕਿਹੜੀ ਮਿਸਾਲ ਰੱਖੀ?

8 ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾ ਕੇ ਵਧੀਆ ਮਿਸਾਲ ਰੱਖੀ। ਪਰ ਯਹੋਵਾਹ ਦੀ ਭਗਤੀ ਕਰਨ ਲਈ ਉਹ ਇਜ਼ਰਾਈਲੀਆਂ ਵਾਂਗ ਮੰਦਰ ਵਿਚ ਨਹੀਂ, ਸਗੋਂ ਘਰਾਂ ਵਿਚ ਇਕੱਠੇ ਹੁੰਦੇ ਸਨ। ਚਾਹੇ ਉਨ੍ਹਾਂ ਦੇ ਘਰ ਮੰਦਰ ਵਾਂਗ ਆਲੀਸ਼ਾਨ ਨਹੀਂ ਸਨ, ਪਰ ਫਿਰ ਵੀ ਉਹ ਜੋਸ਼ ਨਾਲ ਗੀਤ ਗਾਉਂਦੇ ਸਨ। ਪੌਲੁਸ ਰਸੂਲ ਨੇ ਵੀ ਮਸੀਹੀ ਭਰਾਵਾਂ ਨੂੰ ਕਿਹਾ: “ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ ਦਿੰਦੇ ਰਹੋ ਅਤੇ ਆਪਣੇ ਦਿਲਾਂ ਵਿਚ ਯਹੋਵਾਹ ਲਈ ਗੀਤ ਗਾਉਂਦੇ ਰਹੋ।” (ਕੁਲੁ. 3:16) ਕੀ ਸਾਨੂੰ ਆਪਣੀ “ਸ਼ੁਕਰਗੁਜ਼ਾਰੀ ਦਿਖਾਉਣ” ਲਈ ਗੀਤਾਂ ਵਾਲੀ ਕਿਤਾਬ ਵਿੱਚੋਂ ਜੋਸ਼ ਨਾਲ ਨਹੀਂ ਗਾਉਣਾ ਚਾਹੀਦਾ? ਇਹ ਗੀਤ ਵੀ ਉਸ ਭੋਜਨ ਦਾ ਹਿੱਸਾ ਹਨ ਜੋ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਨੂੰ “ਸਹੀ ਸਮੇਂ ਤੇ” ਦਿੰਦਾ ਹੈ।​—ਮੱਤੀ 24:45.

ਗੀਤ ਗਾਉਣ ਦੀ ਝਿਜਕ ਨੂੰ ਦੂਰ ਕਿਵੇਂ ਕਰੀਏ?

9. (ੳ) ਕਈ ਸ਼ਾਇਦ ਸਭਾਵਾਂ ਜਾਂ ਸੰਮੇਲਨਾਂ ਵਿਚ ਜੋਸ਼ ਨਾਲ ਗੀਤ ਗਾਉਣ ਤੋਂ ਕਿਉਂ ਝਿਜਕਦੇ ਹਨ? (ਅ) ਸਾਨੂੰ ਯਹੋਵਾਹ ਦੀ ਮਹਿਮਾ ਲਈ ਗੀਤ ਕਿੱਦਾਂ ਗਾਉਣੇ ਚਾਹੀਦੇ ਹਨ ਅਤੇ ਕਿਨ੍ਹਾਂ ਨੂੰ ਇਸ ਵਿਚ ਚੰਗੀ ਮਿਸਾਲ ਰੱਖਣੀ ਚਾਹੀਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

9 ਤੁਸੀਂ ਕਿਹੜੇ ਕਾਰਨ ਕਰਕੇ ਗੀਤ ਗਾਉਣ ਤੋਂ ਝਿਜਕਦੇ ਹੋ? ਸ਼ਾਇਦ ਤੁਹਾਡੇ ਘਰ ਜਾਂ ਸਭਿਆਚਾਰ ਵਿਚ ਗੀਤ ਗਾਉਣੇ ਆਮ ਨਹੀਂ ਹਨ। ਜਾਂ ਸ਼ਾਇਦ ਤੁਸੀਂ ਟੀ. ਵੀ. ਜਾਂ ਰੇਡੀਓ ’ਤੇ ਕਿਸੇ ਵੱਡੇ ਕਲਾਕਾਰ ਨਾਲ ਆਪਣੀ ਤੁਲਨਾ ਕਰ ਕੇ ਸ਼ਰਮ ਮਹਿਸੂਸ ਕਰੋ ਕਿ ਉਨ੍ਹਾਂ ਦੇ ਮੁਕਾਬਲੇ ਤੁਹਾਡੀ ਆਵਾਜ਼ ਬੇਕਾਰ ਹੈ। ਚਾਹੇ ਤੁਹਾਡੀ ਆਵਾਜ਼ ਜਿੱਦਾਂ ਦੀ ਮਰਜ਼ੀ ਹੋਵੇ, ਫਿਰ ਵੀ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾਉਣੇ ਚਾਹੀਦੇ ਹਨ। ਇਸ ਲਈ ਗਾਉਂਦੇ ਵੇਲੇ ਗੀਤਾਂ ਵਾਲੀ ਕਿਤਾਬ ਉੱਚੀ ਫੜੋ, ਆਪਣਾ ਸਿਰ ਉੱਪਰ ਚੁੱਕੋ ਅਤੇ ਜੋਸ਼ ਨਾਲ ਗਾਓ। (ਅਜ਼. 3:11; ਜ਼ਬੂਰਾਂ ਦੀ ਪੋਥੀ 147:1 ਪੜ੍ਹੋ।) ਅੱਜ ਕਈ ਕਿੰਗਡਮ ਹਾਲਾਂ ਵਿਚ ਸਕ੍ਰੀਨ ’ਤੇ ਗਾਣਿਆਂ ਦੇ ਬੋਲ ਦਿਖਾਏ ਜਾਂਦੇ ਹਨ ਜਿਸ ਕਰਕੇ ਅਸੀਂ ਚੰਗੀ ਤਰ੍ਹਾਂ ਗਾ ਸਕਦੇ ਹਾਂ। ਇਹ ਵੀ ਦਿਲਚਸਪ ਗੱਲ ਹੈ ਕਿ ਹੁਣ ਬਜ਼ੁਰਗਾਂ ਲਈ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਵੀ ਗੀਤ ਗਾਏ ਜਾਂਦੇ ਹਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਬਜ਼ੁਰਗਾਂ ਲਈ ਗੀਤ ਗਾਉਣ ਦੇ ਮਾਮਲੇ ਵਿਚ ਚੰਗੀ ਮਿਸਾਲ ਰੱਖਣੀ ਕਿੰਨੀ ਜ਼ਰੂਰੀ ਹੈ।

10. ਜੇ ਅਸੀਂ ਉੱਚੀ ਆਵਾਜ਼ ਵਿਚ ਗਾਉਣ ਤੋਂ ਡਰਦੇ ਹਾਂ, ਤਾਂ ਅਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹਾਂ?

10 ਕਈ ਜਣੇ ਉੱਚੀ ਆਵਾਜ਼ ਵਿਚ ਗਾਉਣ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੁਝ ਜ਼ਿਆਦਾ ਉੱਚੀ ਗਾਉਂਦੇ ਹਨ ਜਾਂ ਉਨ੍ਹਾਂ ਦੀ ਆਵਾਜ਼ ਸੁਰੀਲੀ ਨਹੀਂ ਹੈ। ਪਰ ਇਹ ਗੱਲ ਯਾਦ ਰੱਖੋ ਕਿ ਅਸੀਂ ਸਾਰੇ ਜਣੇ ਬੋਲਣ ਵਿਚ “ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂ. 3:2) ਫਿਰ ਵੀ ਅਸੀਂ ਬੋਲਣੋਂ ਨਹੀਂ ਹਟ ਜਾਂਦੇ। ਇਸ ਲਈ ਜੇ ਸਾਡੀ ਆਵਾਜ਼ ਸੁਰੀਲੀ ਨਹੀਂ ਹੈ, ਤਾਂ ਕੀ ਅਸੀਂ ਯਹੋਵਾਹ ਦੀ ਮਹਿਮਾ ਦੇ ਗੀਤ ਗਾਉਣ ਤੋਂ ਪਿੱਛੇ ਹਟ ਜਾਵਾਂਗੇ?

11, 12. ਅਸੀਂ ਚੰਗੇ ਤਰੀਕੇ ਨਾਲ ਕਿਵੇਂ ਗਾ ਸਕਦੇ ਹਾਂ?

11 ਸ਼ਾਇਦ ਅਸੀਂ ਇਸ ਕਰਕੇ ਨਹੀਂ ਗਾਉਂਦੇ ਕਿਉਂਕਿ ਸਾਨੂੰ ਵਧੀਆ ਢੰਗ ਨਾਲ ਗਾਉਣਾ ਨਹੀਂ ਆਉਂਦਾ। ਪਰ ਕੁਝ ਸੁਝਾਵਾਂ ’ਤੇ ਗੌਰ ਕਰਕੇ ਅਸੀਂ ਵਧੀਆ ਢੰਗ ਨਾਲ ਗਾਉਣਾ ਸਿੱਖ ਸਕਦੇ ਹਾਂ। *

12 ਚੰਗੀ ਤਰ੍ਹਾਂ ਸਾਹ ਲੈਣਾ ਸਿੱਖ ਕੇ ਤੁਸੀਂ ਉੱਚੀ ਅਤੇ ਦਮਦਾਰ ਆਵਾਜ਼ ਵਿਚ ਗੀਤ ਗਾ ਸਕਦੇ ਹੋ। ਜਿਵੇਂ ਬੱਲਬ ਲਈ ਬਿਜਲੀ ਜ਼ਰੂਰੀ ਹੈ, ਉਸੇ ਤਰ੍ਹਾਂ ਬੋਲਣ ਅਤੇ ਦਮਦਾਰ ਤਰੀਕੇ ਨਾਲ ਗਾਉਣ ਲਈ ਚੰਗੀ ਤਰ੍ਹਾਂ ਸਾਹ ਲੈਣਾ ਵੀ ਜ਼ਰੂਰੀ ਹੈ। ਜਿੰਨਾ ਉੱਚੀ ਤੁਸੀਂ ਬੋਲਦੇ ਹੋ, ਉੱਨਾ ਜਾਂ ਇਸ ਤੋਂ ਵੀ ਜ਼ਿਆਦਾ ਉੱਚੀ ਤੁਹਾਨੂੰ ਗਾਉਣਾ ਚਾਹੀਦਾ ਹੈ। * ਬਾਈਬਲ ਇਹ ਵੀ ਕਹਿੰਦੀ ਹੈ ਕਿ ਯਹੋਵਾਹ ਦੇ ਸੇਵਕਾਂ ਨੂੰ ਉਸ ਦੀ “ਜੈ ਜੈ ਕਾਰ” ਕਰਨੀ ਚਾਹੀਦੀ ਹੈ ਯਾਨੀ ਉੱਚੀ ਆਵਾਜ਼ ਵਿਚ ਮਹਿਮਾ ਦੇ ਗੀਤ ਗਾਉਣੇ ਚਾਹੀਦੇ ਹਨ।​—ਜ਼ਬੂ. 33:1-3.

13. ਅਸੀਂ ਵਧੀਆ ਢੰਗ ਨਾਲ ਕਿਵੇਂ ਗਾ ਸਕਦੇ ਹਾਂ?

13 ਖ਼ੁਦ ਸਟੱਡੀ ਕਰਦਿਆਂ ਜਾਂ ਪਰਿਵਾਰਕ ਸਟੱਡੀ ਵਿਚ ਇਸ ਤਰ੍ਹਾਂ ਕਰੋ: ਗੀਤਾਂ ਵਾਲੀ ਕਿਤਾਬ ਵਿੱਚੋਂ ਆਪਣਾ ਕੋਈ ਮਨ-ਪਸੰਦ ਗੀਤ ਚੁਣੋ। ਉਸ ਨੂੰ ਉੱਚੀ ਅਤੇ ਦਮਦਾਰ ਆਵਾਜ਼ ਵਿਚ ਪੜ੍ਹੋ। ਫਿਰ ਉਸੇ ਅੰਦਾਜ਼ ਵਿਚ ਅਤੇ ਇੱਕੋ ਸਾਹ ਵਿਚ ਇਕ-ਇਕ ਵਾਕ ਨੂੰ ਬੋਲੋ। ਫਿਰ ਹਰ ਵਾਕ ਨੂੰ ਉੱਚੀ ਅਤੇ ਦਮਦਾਰ ਅੰਦਾਜ਼ ਵਿਚ ਗਾਓ। (ਯਸਾ. 24:14) ਇਸ ਤਰ੍ਹਾਂ ਕਰ ਕੇ ਤੁਸੀਂ ਵਧੀਆ ਢੰਗ ਨਾਲ ਗਾਉਣਾ ਸਿੱਖੋਗੇ। ਆਪਣੀ ਆਵਾਜ਼ ਕਰਕੇ ਸ਼ਰਮਾਓ ਜਾਂ ਡਰੋ ਨਾ।

14. (ੳ) ਜ਼ਿਆਦਾ ਮੂੰਹ ਖੋਲ੍ਹਣ ਨਾਲ ਅਸੀਂ ਵਧੀਆ ਢੰਗ ਨਾਲ ਕਿਵੇਂ ਗਾ ਸਕਦੇ ਹਾਂ? (“ ਚੰਗੀ ਤਰ੍ਹਾਂ ਕਿਵੇਂ ਗਾਈਏ?” ਨਾਂ ਦੀ ਡੱਬੀ ਦੇਖੋ।) (ਅ) ਆਵਾਜ਼ ਨੂੰ ਸੁਧਾਰਨ ਲਈ ਤੁਹਾਨੂੰ ਕਿਹੜੇ ਸੁਝਾਵਾਂ ਤੋਂ ਫ਼ਾਇਦਾ ਹੋਇਆ?

14 ਦਮਦਾਰ ਆਵਾਜ਼ ਵਿਚ ਗੀਤ ਗਾਉਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਮੂੰਹ ਚੰਗੀ ਤਰ੍ਹਾਂ ਖੋਲ੍ਹੀਏ। ਇਸ ਲਈ ਜਿੰਨਾ ਤੁਸੀਂ ਗੱਲ ਕਰਦਿਆਂ ਆਪਣਾ ਮੂੰਹ ਖੋਲ੍ਹਦੇ ਹੋ, ਗਾਉਣ ਲੱਗਿਆਂ ਉਸ ਤੋਂ ਜ਼ਿਆਦਾ ਖੋਲ੍ਹੋ। ਪਰ ਤੁਸੀਂ ਉਦੋਂ ਕੀ ਕਰ ਸਕਦੇ ਹੋ ਜੇ ਤੁਹਾਡੀ ਆਵਾਜ਼ ਬਹੁਤ ਪਤਲੀ ਜਾਂ ਤਿੱਖੀ ਹੈ? ਇਸ ਮੁਸ਼ਕਲ ਦੇ ਹੱਲ ਲਈ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਦੇ ਸਫ਼ੇ 184 ਉੱਤੇ “ਕੁਝ ਕਮੀਆਂ ਉੱਤੇ ਕਾਬੂ ਪਾਓ” ਨਾਂ ਦੀ ਡੱਬੀ ਦੇਖੋ।

 

ਦਿਲੋਂ ਮਹਿਮਾ ਦੇ ਗੀਤ ਗਾਓ

15. (ੳ) ਸਾਲ 2016 ਦੀ ਸਾਲਾਨਾ ਮੀਟਿੰਗ ਵਿਚ ਕਿਹੜੀ ਘੋਸ਼ਣਾ ਕੀਤੀ ਗਈ? (ਅ) ਨਵੀਂ ਗੀਤਾਂ ਵਾਲੀ ਕਿਤਾਬ ਦੀ ਲੋੜ ਕਿਉਂ ਪਈ?

15 ਸਾਲ 2016 ਦੀ ਸਾਲਾਨਾ ਮੀਟਿੰਗ ਵਿਚ ਹਾਜ਼ਰ ਹੋਏ ਭੈਣਾਂ-ਭਰਾਵਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ! ਕਿਉਂ? ਕਿਉਂਕਿ ਪ੍ਰਬੰਧਕ ਸਭਾ ਦੇ ਭਰਾ ਸਟੀਵਨ ਲੈੱਟ ਨੇ ਯਹੋਵਾਹ ਲਈ ਖ਼ੁਸ਼ੀ ਨਾਲ ਗਾਓ (ਅੰਗ੍ਰੇਜ਼ੀ) ਨਵੀਂ ਗੀਤਾਂ ਵਾਲੀ ਕਿਤਾਬ ਦੀ ਘੋਸ਼ਣਾ ਕੀਤੀ ਸੀ। ਭਰਾ ਲੈੱਟ ਨੇ ਦੱਸਿਆ ਕਿ ਨਵੀਂ ਗੀਤਾਂ ਵਾਲੀ ਕਿਤਾਬ ਤਿਆਰ ਕਰਨ ਦੇ ਕਈ ਕਾਰਨ ਸਨ। ਇਕ ਕਾਰਨ ਇਹ ਸੀ ਕਿ ਪਵਿੱਤਰ ਬਾਈਬਲ​—ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਨੂੰ ਦੁਬਾਰਾ ਤਿਆਰ ਕੀਤਾ ਗਿਆ। ਇਸ ਕਰਕੇ ਕੁਝ ਗੀਤਾਂ ਦੇ ਸ਼ਬਦ ਬਦਲੇ ਗਏ ਹਨ ਕਿਉਂਕਿ ਉਹ ਸ਼ਬਦ ਹੁਣ ਇਸ ਨਵੀਂ ਬਾਈਬਲ ਵਿਚ ਨਹੀਂ ਵਰਤੇ ਗਏ। ਨਾਲੇ ਪ੍ਰਚਾਰ ਅਤੇ ਰਿਹਾਈ ਦੀ ਕੀਮਤ ਬਾਰੇ ਹੋਰ ਨਵੇਂ ਗੀਤ ਸ਼ਾਮਲ ਕੀਤੇ ਗਏ ਹਨ। ਗੀਤ ਗਾਉਣੇ ਸਾਡੀ ਭਗਤੀ ਦਾ ਅਹਿਮ ਹਿੱਸਾ ਹਨ। ਇਸ ਲਈ ਪ੍ਰਬੰਧਕ ਸਭਾ ਇਕ ਬਹੁਤ ਹੀ ਸ਼ਾਨਦਾਰ ਗੀਤਾਂ ਵਾਲੀ ਕਿਤਾਬ ਤਿਆਰ ਕਰਨਾ ਚਾਹੁੰਦੀ ਸੀ। ਹੁਣ ਨਵੀਂ ਗੀਤਾਂ ਵਾਲੀ ਕਿਤਾਬ ਦਾ ਰੰਗ-ਰੂਪ ਬਿਲਕੁਲ ਨਵੀਂ ਬਾਈਬਲ ਵਰਗਾ ਹੈ।

16, 17. ਨਵੀਂ ਗੀਤਾਂ ਵਾਲੀ ਕਿਤਾਬ ਵਿਚ ਹੋਰ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ?

16 ਨਵੀਂ ਕਿਤਾਬ ਵਿਚ ਗੀਤਾਂ ਨੂੰ ਵਿਸ਼ਿਆਂ ਅਨੁਸਾਰ ਇਕੱਠਾ ਕੀਤਾ ਗਿਆ ਹੈ, ਜਿਸ ਕਰਕੇ ਇਸ ਦਾ ਇਸਤੇਮਾਲ ਕਰਨਾ ਸੌਖਾ ਹੈ। ਮਿਸਾਲ ਲਈ, ਪਹਿਲੇ 12 ਗੀਤ ਯਹੋਵਾਹ ਬਾਰੇ ਹਨ, ਉਸ ਤੋਂ ਅਗਲੇ 8 ਗੀਤ ਯਿਸੂ ਤੇ ਰਿਹਾਈ ਦੀ ਕੀਮਤ ਬਾਰੇ ਹਨ ਅਤੇ ਬਾਕੀ ਗੀਤਾਂ ਨੂੰ ਵੀ ਇਸ ਤਰ੍ਹਾਂ ਇਕੱਠਾ ਕੀਤਾ ਗਿਆ ਹੈ। ਕਿਤਾਬ ਦੇ ਸ਼ੁਰੂ ਵਿਚ ਗੀਤਾਂ ਦੀ ਸੂਚੀ ਦਿੱਤੀ ਗਈ ਹੈ ਜੋ ਕਾਫ਼ੀ ਫ਼ਾਇਦੇਮੰਦ ਹੈ। ਮਿਸਾਲ ਲਈ, ਇਕ ਭਰਾ ਆਪਣੇ ਜਨਤਕ ਭਾਸ਼ਣ ਲਈ ਸੌਖਿਆਂ ਹੀ ਗੀਤ ਚੁਣ ਸਕਦਾ ਹੈ।

17 ਕੁਝ ਗੀਤਾਂ ਦੇ ਸ਼ਬਦ ਬਦਲੇ ਗਏ ਹਨ ਤਾਂਕਿ ਸਾਰੇ ਦਿਲੋਂ ਗੀਤ ਗਾ ਸਕਣ ਅਤੇ ਗੀਤ ਦਾ ਸੰਦੇਸ਼ ਸਾਫ਼-ਸਾਫ਼ ਸਮਝ ਸਕਣ। ਕੁਝ ਗੀਤਾਂ ਵਿਚ ਪੁਰਾਣੇ ਜਾਂ ਔਖੇ ਸ਼ਬਦਾਂ ਦੀ ਜਗ੍ਹਾ ਹੁਣ ਸੌਖੇ ਅਤੇ ਆਮ ਸ਼ਬਦ ਵਰਤੇ ਗਏ ਹਨ। ਇਨ੍ਹਾਂ ਤਬਦੀਲੀਆਂ ਕਰਕੇ ਨਵੇਂ ਗੀਤ ਗਾਉਣੇ ਸੌਖੇ ਹੋ ਗਏ ਹਨ। ਹੁਣ ਸਭਾਵਾਂ ਅਤੇ ਸੰਮੇਲਨਾਂ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ, ਨਵੇਂ ਪ੍ਰਚਾਰਕਾਂ ਨੂੰ, ਨੌਜਵਾਨਾਂ ਅਤੇ ਭੈਣਾਂ ਨੂੰ ਗੀਤ ਗਾਉਣ ਵੇਲੇ ਕੋਈ ਔਖ ਨਹੀਂ ਆਉਂਦੀ।

ਪਰਿਵਾਰਕ ਸਟੱਡੀ ਦੌਰਾਨ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਉਣ ਦਾ ਅਭਿਆਸ ਕਰੋ (ਪੈਰਾ 18 ਦੇਖੋ)

18. ਸਾਨੂੰ ਨਵੇਂ ਗੀਤਾਂ ਨੂੰ ਯਾਦ ਕਿਉਂ ਕਰਨਾ ਚਾਹੀਦਾ ਹੈ? (ਫੁਟਨੋਟ ਵੀ ਦੇਖੋ।)

18 ਯਹੋਵਾਹ ਲਈ ਖ਼ੁਸ਼ੀ ਨਾਲ ਗਾਓ ਕਿਤਾਬ ਵਿਚ ਬਹੁਤ ਸਾਰੇ ਗੀਤ ਪ੍ਰਾਰਥਨਾ ਦੇ ਰੂਪ ਵਿਚ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹ ਸਕਦੇ ਹਾਂ। ਹੋਰ ਗੀਤ ਸਾਨੂੰ “ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ” ਦਿੰਦੇ ਹਨ। (ਇਬ. 10:24) ਅਸੀਂ ਹਰ ਗੀਤ ਦੇ ਸ਼ਬਦ ਅਤੇ ਸੰਗੀਤ ਨੂੰ ਯਾਦ ਕਰਨਾ ਚਾਹੁੰਦੇ ਹਾਂ। ਇਨ੍ਹਾਂ ਨੂੰ ਯਾਦ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ jw.org ’ਤੇ ਜਾ ਕੇ ਇਨ੍ਹਾਂ ਦੀ ਰਿਕਾਰਡਿੰਗ (ਅੰਗ੍ਰੇਜ਼ੀ) ਸੁਣ ਸਕਦੇ ਹਾਂ। ਇਹ ਗੀਤ ਸਾਡੇ ਭੈਣਾਂ-ਭਰਾਵਾਂ ਨੇ ਗਾਏ ਹਨ। ਜੇ ਅਸੀਂ ਆਪਣੇ ਘਰਾਂ ਵਿਚ ਇਨ੍ਹਾਂ ਨੂੰ ਗਾਵਾਂਗੇ ਅਤੇ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਸਭਾਵਾਂ ਵਿਚ ਇਨ੍ਹਾਂ ਨੂੰ ਦਿਲੋਂ ਅਤੇ ਬਿਨਾਂ ਝਿਜਕੇ ਗਾ ਸਕਾਂਗੇ। *

19. ਮੰਡਲੀ ਵਿਚ ਸਾਰੇ ਜਣੇ ਯਹੋਵਾਹ ਦੀ ਭਗਤੀ ਕਿਵੇਂ ਕਰ ਸਕਦੇ ਹਨ?

19 ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਦੀ ਮਹਿਮਾ ਦੇ ਗੀਤ ਗਾਉਣੇ ਸਾਡੀ ਭਗਤੀ ਦਾ ਅਹਿਮ ਹਿੱਸਾ ਹਨ। ਗੀਤ ਗਾ ਕੇ ਅਸੀਂ ਯਹੋਵਾਹ ਲਈ ਆਪਣਾ ਪਿਆਰ ਅਤੇ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹਾਂ। (ਯਸਾਯਾਹ 12:5 ਪੜ੍ਹੋ।) ਜਦੋਂ ਤੁਸੀਂ ਜੋਸ਼ ਨਾਲ ਗਾਉਂਦੇ ਹੋ, ਤਾਂ ਬਾਕੀ ਵੀ ਤੁਹਾਨੂੰ ਦੇਖ ਕੇ ਜੋਸ਼ ਨਾਲ ਗਾਉਂਦੇ ਹਨ। ਇੱਦਾਂ ਕਰ ਕੇ ਮੰਡਲੀ ਵਿਚ ਨਿਆਣੇ-ਸਿਆਣੇ ਜਾਂ ਨਵੇਂ-ਪੁਰਾਣੇ ਯਹੋਵਾਹ ਦੀ ਭਗਤੀ ਕਰ ਸਕਦੇ ਹਨ। ਇਸ ਲਈ ਬੇਝਿਜਕ ਹੋ ਕੇ ਦਿਲੋਂ ਗੀਤ ਗਾਓ। ਜ਼ਬੂਰਾਂ ਦੇ ਲਿਖਾਰੀ ਦੀ ਇਹ ਗੱਲ ਮੰਨੋ: “ਯਹੋਵਾਹ ਲਈ ਗਾਓ!” ਹਾਂ, ਪਰਮੇਸ਼ੁਰ ਦੀ ਮਹਿਮਾ ਦੇ ਗੀਤ ਜੋਸ਼ ਨਾਲ ਗਾਓ!​—ਜ਼ਬੂ. 96:1.

^ ਪੈਰਾ 11 ਚੰਗੇ ਤਰੀਕੇ ਨਾਲ ਗਾਉਣ ਲਈ ਦਸੰਬਰ 2014 ਦੇ JW ਬ੍ਰਾਡਕਾਸਟਿੰਗ (ਅੰਗ੍ਰੇਜ਼ੀ) ਵਿਚ ਕੁਝ ਸੁਝਾਅ ਦੇਖੋ (Video ਹੇਠਾਂ FROM OUR STUDIO ਦੇਖੋ)।

^ ਪੈਰਾ 12 ਹੋਰ ਸੁਝਾਵਾਂ ਲਈ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਦੇ ਸਫ਼ੇ 181-184 ਉੱਤੇ ਉਪ-ਸਿਰਲੇਖ “ਚੰਗੀ ਤਰ੍ਹਾਂ ਸਾਹ ਲਵੋ” ਦੇਖੋ।

^ ਪੈਰਾ 18 ਹਰੇਕ ਸੰਮੇਲਨ ਦਾ ਸਵੇਰ ਤੇ ਦੁਪਹਿਰ ਦਾ ਭਾਗ 10 ਮਿੰਟਾਂ ਦੇ ਸੰਗੀਤ ਨਾਲ ਸ਼ੁਰੂ ਹੁੰਦਾ ਹੈ। ਇਹ 10 ਮਿੰਟ ਦਾ ਸੰਗੀਤ ਸਾਡੇ ਦਿਲਾਂ ਅਤੇ ਮਨਾਂ ਨੂੰ ਤਿਆਰ ਕਰਦਾ ਹੈ ਤਾਂਕਿ ਅਸੀਂ ਜੋਸ਼ ਨਾਲ ਗਾ ਸਕੀਏ ਅਤੇ ਸਾਰਾ ਪ੍ਰੋਗ੍ਰਾਮ ਧਿਆਨ ਨਾਲ ਸੁਣ ਸਕੀਏ। ਇਸ ਲਈ ਸੰਗੀਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਆਪਣੀਆਂ-ਆਪਣੀਆਂ ਸੀਟਾਂ ’ਤੇ ਬੈਠ ਜਾਣਾ ਚਾਹੀਦਾ ਹੈ।