ਜੀਵਨੀ
ਮੈਂ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਉਸ ਨੇ ਮੇਰੀ ਹਿਫਾਜ਼ਤ ਕੀਤੀ
ਮੈਂ ਅਕਸਰ ਲੋਕਾਂ ਨੂੰ ਕਹਿੰਦਾ ਹਾਂ ਕਿ “ਮੈਂ ਯਹੋਵਾਹ ਦੇ ਹੱਥਾਂ ਵਿਚ ਇਕ ਸੂਟਕੇਸ ਵਾਂਗ ਹਾਂ!” ਜਦੋਂ ਵੀ ਮੈਂ ਸਫ਼ਰ ʼਤੇ ਜਾਂਦਾ ਹਾਂ, ਤਾਂ ਆਪਣਾ ਸੂਟਕੇਸ ਆਪਣੇ ਨਾਲ ਹੀ ਲੈ ਕੇ ਜਾਂਦਾ ਹਾਂ, ਉੱਦਾਂ ਹੀ ਯਹੋਵਾਹ ਅਤੇ ਉਸ ਦਾ ਸੰਗਠਨ ਮੈਨੂੰ ਜਿੱਥੇ ਵੀ ਜਾਣ ਲਈ ਕਹਿੰਦਾ ਹੈ, ਮੈਂ ਹਮੇਸ਼ਾ ਤਿਆਰ ਰਹਿੰਦਾ ਹਾਂ। ਇਹ ਸੱਚ ਹੈ ਕਿ ਮੈਨੂੰ ਅਜਿਹੀਆਂ ਥਾਵਾਂ ʼਤੇ ਜਾਣਾ ਪਿਆ ਜਿੱਥੇ ਕਈ ਮੁਸ਼ਕਲਾਂ ਤੇ ਖ਼ਤਰੇ ਸਨ। ਪਰ ਮੈਂ ਦੇਖਿਆ ਕਿ ਜੇ ਮੈਂ ਯਹੋਵਾਹ ʼਤੇ ਭਰੋਸਾ ਰੱਖਾਂਗਾ, ਤਾਂ ਉਹ ਮੇਰੀ ਹਿਫਾਜ਼ਤ ਕਰੇਗਾ।
ਯਹੋਵਾਹ ਨੂੰ ਜਾਣਿਆ ਅਤੇ ਉਸ ʼਤੇ ਭਰੋਸਾ ਰੱਖਣਾ ਸਿੱਖਿਆ
ਮੇਰਾ ਜਨਮ 1948 ਵਿਚ ਨਾਈਜੀਰੀਆ ਦੇ ਇਕ ਛੋਟੇ ਜਿਹੇ ਪਿੰਡ ਵਿਚ ਹੋਇਆ। ਸਾਡਾ ਪਿੰਡ ਨਾਈਜੀਰੀਆ ਦੇ ਦੱਖਣੀ-ਪੱਛਮੀ ਹਿੱਸੇ ਵਿਚ ਸੀ। ਲਗਭਗ ਉਸੇ ਸਮੇਂ ਮੇਰੇ ਚਾਚੇ ਮੁਸਤਫ਼ਾ ਅਤੇ ਫਿਰ ਮੇਰੇ ਸਭ ਤੋਂ ਵੱਡੇ ਭਰਾ ਵਹਾਬੀ ਨੇ ਬਪਤਿਸਮਾ ਲਿਆ ਤੇ ਉਹ ਯਹੋਵਾਹ ਦੇ ਗਵਾਹ ਬਣ ਗਏ। ਮੈਂ 9 ਸਾਲਾਂ ਦਾ ਸੀ ਜਦੋਂ ਮੇਰੇ ਡੈਡੀ ਗੁਜ਼ਰ ਗਏ। ਉਨ੍ਹਾਂ ਦੇ ਜਾਣ ਮਗਰੋਂ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਫਿਰ ਵਹਾਬੀ ਨੇ ਮੈਨੂੰ ਦੱਸਿਆ ਕਿ ਅਸੀਂ ਡੈਡੀ ਨੂੰ ਫਿਰ ਤੋਂ ਮਿਲ ਸਕਦੇ ਹਾਂ। ਇਹ ਸੁਣ ਕੇ ਮੈਂ ਬਹੁਤ ਖ਼ੁਸ਼ ਹੋਇਆ, ਇਸ ਲਈ ਮੈਂ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਫਿਰ 1963 ਵਿਚ ਮੈਂ ਬਪਤਿਸਮਾ ਲੈ ਲਿਆ ਅਤੇ ਕੁਝ ਸਮੇਂ ਬਾਅਦ ਮੇਰੇ ਤਿੰਨ ਹੋਰ ਭਰਾਵਾਂ ਨੇ ਵੀ ਬਪਤਿਸਮਾ ਲੈ ਲਿਆ।
1965 ਵਿਚ ਮੈਂ ਲੇਗੋਸ ਵਿਚ ਆਪਣੇ ਵੱਡੇ ਭਰਾ ਵਿਲਸਨ ਕੋਲ ਚਲਾ ਗਿਆ। ਉੱਥੇ ਇਗਬੋਬੀ ਮੰਡਲੀ ਵਿਚ ਮੈਂ ਪਾਇਨੀਅਰਾਂ ਨਾਲ ਵਧੀਆ ਸਮਾਂ ਗੁਜ਼ਾਰਿਆ। ਮੈਂ ਦੇਖਿਆ ਕਿ ਉਹ ਕਿੰਨੇ ਜੋਸ਼ ਨਾਲ ਪ੍ਰਚਾਰ ਕਰ ਰਹੇ ਸਨ ਅਤੇ ਉਹ ਬਹੁਤ ਖ਼ੁਸ਼ ਸਨ। ਉਨ੍ਹਾਂ ਨੂੰ ਦੇਖ ਕੇ ਜਨਵਰੀ 1968 ਵਿਚ ਮੈਂ ਵੀ ਪਾਇਨੀਅਰ ਬਣ ਗਿਆ।
ਕੁਝ ਸਮੇਂ ਬਾਅਦ ਬੈਥਲ ਵਿਚ ਸੇਵਾ ਕਰਨ ਵਾਲੇ ਇਕ ਭਰਾ ਐਲਬਰਟ ਓਲੁਗਬੇਬੀ ਨੇ ਸਾਡੇ ਨੌਜਵਾਨਾਂ ਨਾਲ ਇਕ ਖ਼ਾਸ ਸਭਾ ਰੱਖੀ। ਉਸ ਵਿਚ ਉਨ੍ਹਾਂ ਨੇ ਦੱਸਿਆ ਕਿ ਉੱਤਰੀ ਨਾਈਜੀਰੀਆ ਵਿਚ ਸਪੈਸ਼ਲ ਪਾਇਨੀਅਰਾਂ ਦੀ ਬਹੁਤ ਲੋੜ ਹੈ। ਮੈਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਨੇ ਸਾਡੇ ਵਿਚ ਕਿੰਨਾ ਜੋਸ਼ ਭਰ ਦਿੱਤਾ ਸੀ। ਉਨ੍ਹਾਂ ਨੇ ਕਿਹਾ: “ਕੰਮ ਬਹੁਤ ਹੈ। ਤੁਸੀਂ ਅਜੇ ਜਵਾਨ ਹੋ, ਇਸ ਲਈ ਤੁਸੀਂ ਆਪਣਾ ਸਮਾਂ ਅਤੇ ਤਾਕਤ ਯਹੋਵਾਹ ਦੀ ਸੇਵਾ ਵਿਚ ਲਾ ਸਕਦੇ ਹੋ।” ਮੈਂ ਯਸਾਯਾਹ ਵਰਗਾ ਜਜ਼ਬਾ ਦਿਖਾਉਣਾ ਚਾਹੁੰਦਾ ਸੀ, ਇਸ ਯਸਾ. 6:8.
ਲਈ ਮੈਂ ਸਪੈਸ਼ਲ ਪਾਇਨੀਅਰਿੰਗ ਕਰਨ ਲਈ ਫਾਰਮ ਭਰ ਦਿੱਤੀ।—ਮਈ 1968 ਵਿਚ ਮੈਨੂੰ ਕਾਨੋ ਸ਼ਹਿਰ ਵਿਚ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਇਹ ਸ਼ਹਿਰ ਉੱਤਰੀ ਨਾਈਜੀਰੀਆ ਵਿਚ ਹੈ। ਉਸ ਸਮੇਂ ਨਾਈਜੀਰੀਆ ਵਿਚ ਯੁੱਧ ਚੱਲ ਰਿਹਾ ਸੀ ਅਤੇ ਕਾਨੋ ਦੇ ਆਲੇ-ਦੁਆਲੇ ਦੇ ਇਲਾਕੇ ਵੀ ਯੁੱਧ ਦੀ ਚਪੇਟ ਵਿਚ ਆ ਗਏ ਸਨ (ਇਹ ਯੁੱਧ 1967-1970 ਤਕ ਚੱਲਿਆ)। ਉੱਥੇ ਦੇ ਹਾਲਾਤ ਬਹੁਤ ਖ਼ਰਾਬ ਸਨ। ਇਕ ਭਰਾ ਨੂੰ ਮੇਰਾ ਬਹੁਤ ਫ਼ਿਕਰ ਸੀ ਇਸ ਲਈ ਉਨ੍ਹਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਉਨ੍ਹਾਂ ਨੂੰ ਕਿਹਾ: “ਸ਼ੁਕਰੀਆ ਭਰਾ ਮੇਰੀ ਇੰਨੀ ਫ਼ਿਕਰ ਕਰਨ ਲਈ। ਪਰ ਜੇ ਯਹੋਵਾਹ ਦੀ ਮਰਜ਼ੀ ਹੈ ਕਿ ਮੈਂ ਉੱਥੇ ਜਾ ਕੇ ਸੇਵਾ ਕਰਾਂ, ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਮੇਰੀ ਹਿਫਾਜ਼ਤ ਕਰੇਗਾ।”
ਯੁੱਧ ਦੀ ਮਾਰ, ਪਰ ਭਰੋਸਾ ਬਰਕਰਾਰ
ਜਦੋਂ ਅਸੀਂ ਕਾਨੋ ਪਹੁੰਚੇ, ਤਾਂ ਉੱਥੇ ਦੀ ਹਾਲਤ ਦੇਖ ਕੇ ਸਾਡੇ ਰੌਂਗਟੇ ਖੜ੍ਹੇ ਹੋ ਗਏ। ਸ਼ਹਿਰ ਦੇ ਕਈ ਹਿੱਸੇ ਤਹਿਸ-ਨਹਿਸ ਹੋ ਚੁੱਕੇ ਸਨ। ਕਈ ਵਾਰ ਤਾਂ ਪ੍ਰਚਾਰ ਕਰਦਿਆਂ ਸਾਨੂੰ ਯੁੱਧ ਵਿਚ ਮਾਰੇ ਗਏ ਲੋਕਾਂ ਦੀ ਲਾਸ਼ਾਂ ਦੇਖਣ ਨੂੰ ਮਿਲਦੀਆਂ ਸਨ। ਕਾਨੋ ਵਿਚ ਕਈ ਮੰਡਲੀਆਂ ਸਨ, ਪਰ ਯੁੱਧ ਕਰਕੇ ਜ਼ਿਆਦਾਤਰ ਭੈਣ-ਭਰਾ ਉੱਥੋਂ ਭੱਜ ਗਏ। ਹੁਣ ਉੱਥੇ ਸਿਰਫ਼ 15 ਪ੍ਰਚਾਰਕ ਹੀ ਸੀ ਤੇ ਉਹ ਬਹੁਤ ਡਰੇ ਤੇ ਸਹਿਮੇ ਹੋਏ ਸਨ। ਜਦੋਂ ਅਸੀਂ ਛੇ ਸਪੈਸ਼ਲ ਪਾਇਨੀਅਰ ਉੱਥੇ ਪਹੁੰਚੇ, ਤਾਂ ਉਨ੍ਹਾਂ ਭੈਣਾਂ-ਭਰਾਵਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਅਸੀਂ ਉਨ੍ਹਾਂ ਪ੍ਰਚਾਰਕਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ। ਅਸੀਂ ਫਿਰ ਤੋਂ ਸਭਾਵਾਂ ਸ਼ੁਰੂ ਕਰਨ ਅਤੇ ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। ਕਾਫ਼ੀ ਸਮੇਂ ਤੋਂ ਪ੍ਰਚਾਰ ਦੀ ਰਿਪੋਰਟ ਵੀ ਨਹੀਂ ਭੇਜੀ ਜਾ ਰਹੀ ਸੀ। ਪਰ ਹੁਣ ਉਨ੍ਹਾਂ ਨੇ ਫਿਰ ਤੋਂ ਆਪਣੀ ਰਿਪੋਰਟ ਭੇਜਣੀ ਸ਼ੁਰੂ ਕਰ ਦਿੱਤੀ ਅਤੇ ਅਸੀਂ ਬ੍ਰਾਂਚ ਆਫ਼ਿਸ ਨੂੰ ਪ੍ਰਕਾਸ਼ਨ ਭੇਜਣ ਲਈ ਵੀ ਕਿਹਾ।
ਅਸੀਂ ਸਾਰੇ ਸਪੈਸ਼ਲ ਪਾਇਨੀਅਰਾਂ ਨੇ ਹਾਉਸਾ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਉਸ ਇਲਾਕੇ ਦੇ ਲੋਕਾਂ ਨੇ ਜਦੋਂ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣੀ, ਤਾਂ ਉਨ੍ਹਾਂ ਨੇ ਉਸ ʼਤੇ ਹੋਰ ਵੀ ਧਿਆਨ ਦਿੱਤਾ। ਪਰ ਕਾਨੋ ਵਿਚ ਜਿਸ ਧਰਮ ਦਾ ਦਬਦਬਾ ਸੀ, ਉਨ੍ਹਾਂ ਨੂੰ ਸਾਡਾ ਕੰਮ ਪਸੰਦ ਨਹੀਂ ਸੀ। ਇਸ ਲਈ ਅਸੀਂ ਪ੍ਰਚਾਰ ਕਰਦਿਆਂ ਧਿਆਨ ਰੱਖਦੇ ਸੀ। ਇਕ ਵਾਰ ਮੈਂ ਇਕ ਭਰਾ ਨਾਲ ਪ੍ਰਚਾਰ ਕਰ ਰਿਹਾ ਸੀ ਤੇ ਅਚਾਨਕ ਹੀ ਇਕ ਆਦਮੀ ਚਾਕੂ ਲੈ ਕੇ ਸਾਡਾ ਪਿੱਛਾ ਕਰਨ ਲੱਗ ਪਿਆ। ਅਸੀਂ ਪੂਰਾ ਜ਼ੋਰ ਲਾ ਕੇ ਭੱਜੇ। ਸ਼ੁਕਰ ਹੈ ਕਿ ਉਹ ਪਿੱਛੇ ਰਹਿ ਗਿਆ ਅਤੇ ਸਾਡੀ ਜਾਨ ਬਚ ਗਈ। ਖ਼ਤਰੇ ਤਾਂ ਬਹੁਤ ਸਨ, ਪਰ ਯਹੋਵਾਹ ਨੇ ਸਾਨੂੰ ਮਹਿਫੂਜ਼ ਰੱਖਿਆ ਅਤੇ ਪ੍ਰਚਾਰਕਾਂ ਦੀ ਗਿਣਤੀ ਵਧਦੀ ਗਈ। (ਜ਼ਬੂ. 4:8) ਅੱਜ ਕਾਨੋ ਦੀਆਂ 11 ਮੰਡਲੀਆਂ ਵਿਚ 500 ਤੋਂ ਵੀ ਜ਼ਿਆਦਾ ਪ੍ਰਚਾਰਕ ਹਨ।
ਨਾਈਜੀਰ ਵਿਚ ਆਈ ਰੁਕਾਵਟ
ਮੈਨੂੰ ਕਾਨੋ ਵਿਚ ਰਹਿੰਦਿਆਂ ਅਜੇ ਕੁਝ ਹੀ ਮਹੀਨੇ ਹੋਏ ਸੀ ਕਿ ਉਸੇ ਸਾਲ ਅਗਸਤ 1968 ਵਿਚ ਮੈਨੂੰ ਅਤੇ ਮੇਰੇ ਨਾਲ ਦੋ ਹੋਰ ਸਪੈਸ਼ਲ ਪਾਇਨੀਅਰਾਂ ਨੂੰ ਨਾਈਜੀਰ ਦੇਸ਼ ਦੀ ਰਾਜਧਾਨੀ ਨਿਆਮੇ ਭੇਜ ਦਿੱਤਾ ਗਿਆ। ਨਾਈਜੀਰ ਪੱਛਮੀ ਅਫ਼ਰੀਕਾ ਦਾ ਇਕ ਦੇਸ਼ ਹੈ। ਉੱਥੇ ਬਹੁਤ ਗਰਮੀ ਪੈਂਦੀ ਹੈ
ਅਤੇ ਉਹ ਧਰਤੀ ਦੇ ਸਭ ਤੋਂ ਗਰਮ ਇਲਾਕਿਆਂ ਵਿੱਚੋਂ ਇਕ ਹੈ। ਉੱਥੇ ਫ਼੍ਰੈਂਚ ਭਾਸ਼ਾ ਬੋਲੀ ਜਾਂਦੀ ਹੈ, ਇਸ ਲਈ ਅਸੀਂ ਉਹ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਇਕ ਤਾਂ ਉੱਥੇ ਇੰਨੀ ਗਰਮੀ ਸੀ, ਉੱਪਰੋਂ ਦੀ ਸਾਨੂੰ ਉੱਥੇ ਦੀ ਭਾਸ਼ਾ ਵੀ ਨਹੀਂ ਸੀ ਆਉਂਦੀ। ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰਨਾ ਇੰਨਾ ਸੌਖਾ ਨਹੀਂ ਸੀ। ਪਰ ਅਸੀਂ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਨਿਆਮੇ ਵਿਚ ਮੁੱਠੀ ਭਰ ਪ੍ਰਚਾਰਕਾਂ ਨਾਲ ਰਲ਼ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਅਸੀਂ ਲੋਕਾਂ ਨੂੰ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਦਿੰਦੇ ਸੀ। ਭੈਣਾਂ-ਭਰਾਵਾਂ ਨੇ ਇੰਨੇ ਜੋਸ਼ ਨਾਲ ਪ੍ਰਚਾਰ ਕੀਤਾ ਕਿ ਦੇਖਦੇ ਹੀ ਦੇਖਦੇ ਨਿਆਮੇ ਵਿਚ ਲਗਭਗ ਹਰ ਉਸ ਵਿਅਕਤੀ ਕੋਲ ਇਹ ਕਿਤਾਬ ਪਹੁੰਚ ਗਈ ਜਿਸ ਨੂੰ ਪੜ੍ਹਨਾ-ਲਿਖਣਾ ਆਉਂਦਾ ਸੀ। ਇੱਥੋਂ ਤਕ ਕਿ ਲੋਕ ਖ਼ੁਦ ਸਾਡੇ ਕੋਲ ਇਹ ਕਿਤਾਬ ਲੈਣ ਆਉਂਦੇ ਸਨ।ਜੁਲਾਈ 1969 ਵਿਚ ਨਾਈਜੀਰ ਵਿਚ ਪਹਿਲੀ ਵਾਰ ਸਰਕਟ ਸੰਮੇਲਨ ਰੱਖਿਆ ਗਿਆ। ਤਕਰੀਬਨ 20 ਲੋਕ ਆਏ ਸਨ। ਨਾਲੇ ਅਸੀਂ ਬਹੁਤ ਖ਼ੁਸ਼ ਸੀ ਕਿਉਂਕਿ ਦੋ ਪ੍ਰਚਾਰਕਾਂ ਨੇ ਬਪਤਿਸਮਾ ਵੀ ਲੈਣਾ ਸੀ। ਪਰ ਜਲਦੀ ਹੀ ਸਾਨੂੰ ਪਤਾ ਲੱਗਾ ਕਿ ਸਰਕਾਰੀ ਅਧਿਕਾਰੀਆਂ ਨੂੰ ਸਾਡਾ ਕੰਮ ਪਸੰਦ ਨਹੀਂ ਹੈ। ਸੰਮੇਲਨ ਦੇ ਪਹਿਲੇ ਹੀ ਦਿਨ ਪੁਲਿਸ ਆ ਗਈ ਤੇ ਉਨ੍ਹਾਂ ਨੇ ਸਾਡਾ ਪ੍ਰੋਗ੍ਰਾਮ ਵਿੱਚੇ ਹੀ ਰੋਕ ਦਿੱਤਾ। ਉਹ ਸਪੈਸ਼ਲ ਪਾਇਨੀਅਰਾਂ ਅਤੇ ਸਰਕਟ ਓਵਰਸੀਅਰ ਨੂੰ ਥਾਣੇ ਲੈ ਗਏ। ਉਨ੍ਹਾਂ ਨੇ ਸਾਡੇ ਤੋਂ ਪੁੱਛ-ਗਿੱਛ ਕੀਤੀ ਤੇ ਅਗਲੇ ਦਿਨ ਸਾਨੂੰ ਦੁਬਾਰਾ ਆਉਣ ਲਈ ਕਿਹਾ। ਅਸੀਂ ਹੋਰ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੇ। ਇਸ ਲਈ ਬਪਤਿਸਮੇ ਦਾ ਭਾਸ਼ਣ ਕਿਸੇ ਦੇ ਘਰ ਵਿਚ ਦਿੱਤਾ ਗਿਆ ਅਤੇ ਫਿਰ ਉਨ੍ਹਾਂ ਦੋਹਾਂ ਪ੍ਰਚਾਰਕਾਂ ਨੂੰ ਇਕ ਨਦੀ ਵਿਚ ਚੁੱਪ-ਚਪੀਤੇ ਬਪਤਿਸਮਾ ਦੇ ਦਿੱਤਾ ਗਿਆ।
ਕੁਝ ਹਫ਼ਤਿਆਂ ਬਾਅਦ ਸਰਕਾਰ ਨੇ ਮੈਨੂੰ ਅਤੇ ਬਾਕੀ ਪੰਜ ਸਪੈਸ਼ਲ ਪਾਇਨੀਅਰਾਂ ਨੂੰ ਉਸ ਦੇਸ਼ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੇ ਕੋਲ ਸਿਰਫ਼ 48 ਘੰਟੇ ਹਨ ਅਤੇ ਸਾਨੂੰ ਦੇਸ਼ ਵਿੱਚੋਂ ਨਿਕਲਣ ਦਾ ਇੰਤਜ਼ਾਮ ਵੀ ਖ਼ੁਦ ਹੀ ਕਰਨਾ ਪੈਣਾ। ਅਸੀਂ ਉੱਥੋਂ ਸਿੱਧਾ ਨਾਈਜੀਰੀਆ ਦੇ ਬ੍ਰਾਂਚ ਆਫ਼ਿਸ ਗਏ। ਫਿਰ ਉੱਥੇ ਸਾਨੂੰ ਦੱਸਿਆ ਗਿਆ ਕਿ ਹੁਣ ਅਸੀਂ ਕਿੱਥੇ ਜਾਣਾ ਹੈ।
ਮੈਨੂੰ ਕਿਹਾ ਗਿਆ ਕਿ ਮੈਂ ਨਾਈਜੀਰੀਆ ਦੇ ਇਕ ਛੋਟੇ ਜਿਹੇ ਪਿੰਡ ਓਰਸਨਬਰੀ ਜਾ ਕੇ ਸੇਵਾ ਕਰਾਂ। ਉੱਥੇ ਬਹੁਤ ਘੱਟ ਭੈਣ-ਭਰਾ ਸਨ। ਪਰ ਉਨ੍ਹਾਂ ਨਾਲ ਪ੍ਰਚਾਰ ਕਰ ਕੇ ਤੇ ਬਾਈਬਲ ਸਟੱਡੀਆਂ ਕਰਾ ਕੇ ਮੈਨੂੰ ਬਹੁਤ ਮਜ਼ਾ ਆਇਆ। ਪਰ ਸਿਰਫ਼ ਛੇ ਮਹੀਨਿਆਂ ਬਾਅਦ ਹੀ ਬ੍ਰਾਂਚ ਆਫ਼ਿਸ ਨੇ ਮੈਨੂੰ ਦੁਬਾਰਾ ਨਾਈਜੀਰ ਜਾਣ ਲਈ ਕਿਹਾ। ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਮੈਨੂੰ ਥੋੜ੍ਹਾ ਡਰ ਵੀ ਲੱਗਾ। ਪਰ ਮੈਂ ਖ਼ੁਸ਼ ਸੀ ਕਿ ਮੈਂ ਨਾਈਜੀਰ ਦੇ ਭੈਣਾਂ-ਭਰਾਵਾਂ ਨੂੰ ਦੁਬਾਰਾ ਮਿਲਾਂਗਾ।
ਮੈਂ ਵਾਪਸ ਨਾਈਜੀਰ ਦੇ ਨਿਆਮੇ ਸ਼ਹਿਰ ਆ ਗਿਆ। ਉੱਥੇ ਪਹੁੰਚਣ ਤੋਂ ਇਕ ਦਿਨ ਬਾਅਦ ਮੇਰੀ ਮੁਲਾਕਾਤ ਨਾਈਜੀਰੀਆ ਦੇ ਇਕ ਬਿਜ਼ਨਿਸਮੈਨ ਨਾਲ ਹੋਈ ਅਤੇ ਉਸ ਨੇ ਝੱਟ ਪਛਾਣ ਲਿਆ ਕਿ ਮੈਂ ਇਕ ਯਹੋਵਾਹ ਦਾ ਗਵਾਹ ਹਾਂ ਅਤੇ ਉਹ ਮੈਨੂੰ ਬਾਈਬਲ ਬਾਰੇ ਕੁਝ ਸਵਾਲ ਪੁੱਛਣ ਲੱਗ ਪਿਆ। ਮੈਂ ਉਸ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ ਅਤੇ ਉਸ ਨੇ ਖ਼ੁਦ ਵਿਚ ਕਾਫ਼ੀ ਬਦਲਾਅ ਕੀਤੇ। ਉਸ ਨੇ ਸਿਗਰਟ ਅਤੇ ਹੱਦੋਂ ਵੱਧ ਸ਼ਰਾਬ ਪੀਣੀ ਛੱਡ ਦਿੱਤੀ ਅਤੇ ਫਿਰ ਉਸ ਨੇ ਬਪਤਿਸਮਾ ਲੈ ਲਿਆ। ਮੈਂ ਨਾਈਜੀਰ ਦੇ ਕਈ ਇਲਾਕਿਆਂ ਵਿਚ ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕੀਤਾ। ਮੈਂ ਦੇਖਿਆ ਕਿ ਕਿੱਦਾਂ ਭੈਣਾਂ-ਭਰਾਵਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਸੀ। ਜਦੋਂ ਮੈਂ ਪਹਿਲੀ ਵਾਰ ਨਾਈਜੀਰ ਆਇਆ ਸੀ, ਉਦੋਂ ਉੱਥੇ ਸਿਰਫ਼ 31 ਗਵਾਹ ਸਨ। ਪਰ ਜਦੋਂ ਮੈਨੂੰ ਉੱਥੋਂ ਜਾਣ ਲਈ ਕਿਹਾ ਗਿਆ, ਉਦੋਂ ਤਕ ਇਹ ਗਿਣਤੀ ਵੱਧ ਕੇ 69 ਹੋ ਚੁੱਕੀ ਸੀ।
“ਅਸੀਂ ਗਿਨੀ ਵਿਚ ਹੋ ਰਹੇ ਕੰਮ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ”
ਦਸੰਬਰ 1977 ਵਿਚ ਮੈਨੂੰ ਟ੍ਰੇਨਿੰਗ ਲਈ ਵਾਪਸ ਨਾਈਜੀਰੀਆ ਬੁਲਾਇਆ ਗਿਆ। ਇਹ ਟ੍ਰੇਨਿੰਗ ਤਕਰੀਬਨ ਤਿੰਨ ਹਫ਼ਤੇ ਤਕ ਚੱਲੀ। ਇਸ ਤੋਂ ਬਾਅਦ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਭਰਾ ਮੈਲਕੋਮ ਵਿਗੋ ਨੇ ਮੈਨੂੰ ਇਕ ਚਿੱਠੀ ਦਿੱਤੀ ਤੇ ਪੜ੍ਹਨ ਲਈ ਕਿਹਾ। ਉਹ ਚਿੱਠੀ ਸੀਅਰਾ ਲਿਓਨ ਬ੍ਰਾਂਚ
ਆਫ਼ਿਸ ਤੋਂ ਆਈ ਸੀ ਅਤੇ ਉਸ ਵਿਚ ਲਿਖਿਆ ਸੀ ਕਿ ਗਿਨੀ ਦੇਸ਼ ਵਿਚ ਇਕ ਸਰਕਟ ਓਵਰਸੀਅਰ ਦੀ ਲੋੜ ਹੈ। ਉਨ੍ਹਾਂ ਨੂੰ ਇਕ ਕੁਆਰੇ ਤੇ ਤੰਦਰੁਸਤ ਭਰਾ ਦੀ ਲੋੜ ਸੀ ਜਿਸ ਨੂੰ ਅੰਗ੍ਰੇਜ਼ੀ ਅਤੇ ਫ਼੍ਰੈਂਚ ਭਾਸ਼ਾ ਆਉਂਦੀ ਹੋਵੇ। ਭਰਾ ਮੈਲਕੋਮ ਨੇ ਦੱਸਿਆ ਕਿ ਮੈਨੂੰ ਇਸੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਉਨ੍ਹਾਂ ਨੇ ਮੈਨੂੰ ਸਾਫ਼-ਸਾਫ਼ ਸਮਝਾਇਆ ਕਿ ਇਹ ਕੋਈ ਛੋਟੀ-ਮੋਟੀ ਜ਼ਿੰਮੇਵਾਰੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕਿਹਾ ਕਿ “ਮੈਂ ਸੋਚ-ਸਮਝ ਕੇ ਜਵਾਬ ਦੇਵਾਂ।” ਪਰ ਮੈਂ ਉਸੇ ਵੇਲੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਹੀ ਮੈਨੂੰ ਭੇਜ ਰਿਹਾ ਹੈ, ਇਸ ਲਈ ਮੈਂ ਜ਼ਰੂਰ ਜਾਵਾਂਗਾ।”ਮੈਂ ਹਵਾਈ ਜਹਾਜ਼ ਰਾਹੀਂ ਸੀਅਰਾ ਲਿਓਨ ਪਹੁੰਚ ਗਿਆ ਅਤੇ ਉੱਥੇ ਦੇ ਬ੍ਰਾਂਚ ਆਫ਼ਿਸ ਦੇ ਭਰਾਵਾਂ ਨੂੰ ਮਿਲਿਆ। ਸੀਅਰਾ ਲਿਓਨ ਦਾ ਬ੍ਰਾਂਚ ਆਫ਼ਿਸ ਗਿਨੀ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਵੀ ਦੇਖ-ਰੇਖ ਕਰਦਾ ਸੀ। ਪਰ ਬ੍ਰਾਂਚ ਕਮੇਟੀ ਦੇ ਇਕ ਭਰਾ ਨੇ ਮੈਨੂੰ ਕਿਹਾ: “ਅਸੀਂ ਗਿਨੀ ਵਿਚ ਹੋ ਰਹੇ ਕੰਮ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ।” ਰਾਜਨੀਤਿਕ ਉਥਲ-ਪੁਥਲ ਕਰਕੇ ਬ੍ਰਾਂਚ ਦੇ ਭਰਾ ਗਿਨੀ ਦੇ ਪ੍ਰਚਾਰਕਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਸਨ। ਬ੍ਰਾਂਚ ਆਫ਼ਿਸ ਨੇ ਕਈ ਵਾਰ ਉੱਥੇ ਕਿਸੇ ਭਰਾ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਰ ਵਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਇਸ ਲਈ ਭਰਾਵਾਂ ਨੇ ਮੈਨੂੰ ਕਿਹਾ ਕਿ ਮੈਂ ਗਿਨੀ ਦੀ ਰਾਜਧਾਨੀ ਕੋਨਾਕਰੀ ਜਾਵਾਂ ਅਤੇ ਉੱਥੇ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰਾਂ।
“ਯਹੋਵਾਹ ਹੀ ਮੈਨੂੰ ਭੇਜ ਰਿਹਾ ਹੈ, ਇਸ ਲਈ ਮੈਂ ਜ਼ਰੂਰ ਜਾਵਾਂਗਾ”
ਜਦੋਂ ਮੈਂ ਕੋਨਾਕਰੀ ਪਹੁੰਚਿਆ, ਤਾਂ ਮੈਂ ਨਾਈਜੀਰੀਆ ਦੀ ਐਂਬੈਸੀ ਵਿਚ ਗਿਆ ਅਤੇ ਉੱਥੇ ਐਂਬੈਸਡਰ ਨੂੰ ਮਿਲਿਆ। ਮੈਂ ਉਸ ਨੂੰ ਦੱਸਿਆ ਕਿ ਮੈਂ ਗਿਨੀ ਵਿਚ ਪ੍ਰਚਾਰ ਕਰਨਾ ਚਾਹੁੰਦਾ ਹਾਂ। ਪਰ ਉਸ ਨੇ ਮੈਨੂੰ ਕਿਹਾ ਕਿ ਜੇ ਮੈਂ ਇੱਦਾਂ ਕਰਦਾ ਹਾਂ, ਤਾਂ ਹੋ ਸਕਦਾ ਹੈ ਕਿ ਮੈਨੂੰ ਗਿਰਫ਼ਤਾਰ ਕਰ ਲਿਆ ਜਾਵੇ ਜਾਂ ਸ਼ਾਇਦ ਇਸ ਤੋਂ ਵੀ ਮਾੜਾ ਹੋਵੇ। ਉਸ ਨੇ ਕਿਹਾ: “ਨਾਈਜੀਰੀਆ ਵਾਪਸ ਚਲਾ ਜਾ ਤੇ ਉੱਥੇ ਜਾ ਕੇ ਪ੍ਰਚਾਰ ਕਰ।” ਪਰ ਮੈਂ ਉਸ ਨੂੰ ਜਵਾਬ ਦਿੱਤਾ: “ਮੈਂ ਗਿਨੀ ਵਿਚ ਹੀ ਪ੍ਰਚਾਰ ਕਰਨਾ ਚਾਹੁੰਦਾ ਹਾਂ।” ਇਸ ਲਈ ਉਸ ਨੇ ਗਿਨੀ ਦੇ ਇਕ ਮੰਤਰੀ ਨੂੰ ਚਿੱਠੀ ਲਿਖੀ ਅਤੇ ਉਸ ਨੂੰ ਕਿਹਾ ਕਿ ਉਹ ਮੇਰੀ ਮਦਦ ਕਰੇ। ਜਦੋਂ ਮੈਂ ਉਸ ਮੰਤਰੀ ਨੂੰ ਜਾ ਕੇ ਮਿਲਿਆ, ਤਾਂ ਉਸ ਨੇ ਮੇਰੀ ਮਦਦ ਕੀਤੀ।
ਯਹੋਵਾਹ ਦੀ ਮਿਹਰ ਨਾਲ ਸਭ ਕੁਝ ਠੀਕ-ਠਾਕ ਹੋ ਗਿਆ। ਅਖ਼ੀਰ ਮੈਨੂੰ ਗਿਨੀ ਦੀ ਨਾਗਰਿਕਤਾ ਮਿਲ ਹੀ ਗਈ। ਮੈਂ ਵਾਪਸ ਸੀਅਰਾ ਲਿਓਨ ਦੇ ਬ੍ਰਾਂਚ ਆਫ਼ਿਸ ਆਇਆ ਅਤੇ ਭਰਾਵਾਂ ਨੂੰ ਇਸ ਬਾਰੇ ਦੱਸਿਆ। ਜਦੋਂ ਉਨ੍ਹਾਂ ਨੇ ਇਹ ਗੱਲ ਸੁਣੀ, ਤਾਂ ਉਹ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਏ।
1978 ਤੋਂ 1989 ਤਕ ਮੈਂ ਗਿਨੀ ਅਤੇ ਸੀਅਰਾ ਲਿਓਨ ਵਿਚ ਸਰਕਟ ਓਵਰਸੀਅਰ ਵਜੋਂ ਸੇਵਾ ਕੀਤੀ। ਨਾਲੇ ਮੈਂ ਕਦੇ-ਕਦੇ ਲਾਈਬੀਰੀਆ ਵਿਚ ਵੀ ਸਰਕਟ ਦੌਰਾ ਕਰਨ ਜਾਂਦਾ ਸੀ। ਮੈਂ ਸ਼ੁਰੂ-ਸ਼ੁਰੂ ਵਿਚ ਕਈ ਵਾਰ ਬੀਮਾਰ ਹੋਇਆ ਤੇ ਕਦੀ-ਕਦੀ ਤਾਂ ਮੈਂ ਇੱਦਾਂ ਦੇ ਇਲਾਕਿਆਂ ਵਿਚ ਬੀਮਾਰ ਹੋ ਜਾਂਦਾ ਸੀ ਜਿੱਥੇ ਕੋਈ ਹਸਪਤਾਲ ਨਹੀਂ ਸੀ ਹੁੰਦਾ। ਪਰ ਭੈਣ-ਭਰਾ ਪੂਰੀ ਕੋਸ਼ਿਸ਼ ਕਰਦੇ ਸਨ ਕਿ ਮੇਰਾ ਇਲਾਜ ਹੋ ਸਕੇ।
ਇਕ ਵਾਰ ਮੇਰੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ, ਮੈਨੂੰ ਮਲੇਰੀਆ ਹੋ ਗਿਆ ਅਤੇ ਮੇਰੇ ਪੇਟ ਵਿਚ ਕੀੜੇ ਪੈ ਗਏ। ਜਦੋਂ ਮੈਂ ਠੀਕ ਹੋਇਆ ਤਾਂ ਮੈਨੂੰ ਪਤਾ ਲੱਗਾ ਕਿ ਭਰਾਵਾਂ ਨੂੰ ਲੱਗ ਰਿਹਾ ਸੀ ਕਿ ਮੈਂ ਬਚਣਾ ਨਹੀਂ। ਉਹ ਤਾਂ ਮੈਨੂੰ ਦਫ਼ਨਾਉਣ ਦੀਆਂ ਤਿਆਰੀਆਂ ਕਰਨ ਲੱਗ ਪਏ ਸੀ। ਜ਼ਿੰਦਗੀ ਵਿਚ ਬਹੁਤ ਕੁਝ ਹੋਇਆ, ਪਰ ਮੇਰੇ ਮਨ ਵਿਚ ਕਦੀ ਵੀ ਇਹ ਖ਼ਿਆਲ ਨਹੀਂ ਆਇਆ ਕਿ ਮੈਂ ਸਭ ਕੁਝ ਛੱਡ ਕੇ ਚਲਾ ਜਾਵਾਂ। ਮੈਨੂੰ ਅੱਜ ਵੀ ਭਰੋਸਾ ਹੈ ਕਿ ਪਰਮੇਸ਼ੁਰ ਮੈਨੂੰ ਮਹਿਫੂਜ਼ ਰੱਖੇਗਾ ਅਤੇ ਜੇ ਮੈਨੂੰ ਕੁਝ ਹੋ ਵੀ ਜਾਂਦਾ ਹੈ, ਤਾਂ ਵੀ ਉਹ ਮੈਨੂੰ ਦੁਬਾਰਾ ਜੀਉਂਦਾ ਕਰ ਦੇਵੇਗਾ।
ਮੈਂ ਤੇ ਮੇਰੀ ਪਤਨੀ ਨੇ ਯਹੋਵਾਹ ʼਤੇ ਭਰੋਸਾ ਰੱਖਿਆ
1988 ਵਿਚ ਮੇਰੀ ਮੁਲਾਕਾਤ ਦੋਰਕਸ ਨਾਲ ਹੋਈ। ਉਹ ਇਕ ਪਾਇਨੀਅਰ ਸੀ। ਉਹ ਬਹੁਤ ਹੀ ਨਿਮਰ ਸੀ ਅਤੇ ਯਹੋਵਾਹ ਨੂੰ ਪਿਆਰ ਕਰਦੀ ਸੀ। ਕੁਝ ਸਮੇਂ ਬਾਅਦ ਸਾਡਾ ਵਿਆਹ ਹੋ ਗਿਆ ਅਤੇ ਅਸੀਂ ਮਿਲ ਕੇ ਸਰਕਟ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਇਕ ਮੰਡਲੀ ਤੋਂ ਦੂਜੀ ਮੰਡਲੀ ਤਕ ਜਾਣ ਲਈ ਸਾਨੂੰ ਪੈਦਲ ਤੁਰਨਾ ਪੈਂਦਾ ਸੀ। ਸੜਕਾਂ ਚਿੱਕੜ ਨਾਲ ਭਰੀਆਂ ਹੁੰਦੀਆਂ ਸਨ ਤੇ ਉਨ੍ਹਾਂ ਵਿਚ ਟੋਏ ਪਏ ਹੁੰਦੇ ਸਨ। ਅਸੀਂ ਆਪਣਾ ਸਾਮਾਨ ਚੁੱਕ ਕੇ 25-25 ਕਿਲੋਮੀਟਰ (15 ਮੀਲ) ਪੈਦਲ ਤੁਰਦੇ ਸੀ। ਪਰ ਕੁਝ ਮੰਡਲੀਆਂ ਹੋਰ ਵੀ ਦੂਰ ਹੁੰਦੀਆਂ ਸੀ, ਉਨ੍ਹਾਂ ਤਕ ਪਹੁੰਚਣ ਲਈ ਸਾਨੂੰ ਬਾਕੀ ਸਾਧਨ ਵੀ ਵਰਤਣੇ ਪੈਂਦੇ ਸਨ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਦੋਰਕਸ
ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹ ਯਹੋਵਾਹ ਦੀ ਖ਼ਾਤਰ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿੰਦੀ ਸੀ।ਉਹ ਬਹੁਤ ਦਲੇਰ ਹੈ। ਕਈ ਵਾਰ ਸਾਨੂੰ ਅਜਿਹੀਆਂ ਨਦੀਆਂ ਪਾਰ ਕਰਨੀਆਂ ਪੈਂਦੀਆਂ ਸਨ ਜਿਨ੍ਹਾਂ ਵਿਚ ਮਗਰਮੱਛ ਹੁੰਦੇ ਸਨ। ਇਕ ਵਾਰ ਦੀ ਗੱਲ ਹੈ, ਅਸੀਂ 5 ਦਿਨ ਲੰਬਾ ਸਫ਼ਰ ਕਰ ਰਹੇ ਸੀ। ਰਾਹ ਵਿਚ ਇਕ ਨਦੀ ਪੈਂਦੀ ਸੀ। ਨਦੀ ਨੂੰ ਪਾਰ ਕਰਨ ਲਈ ਜੋ ਪੁਲ ਬਣੇ ਸਨ, ਉਹ ਟੁੱਟੇ ਹੋਏ ਸਨ। ਇਸ ਲਈ ਸਾਨੂੰ ਇਕ ਛੋਟੀ ਜਿਹੀ ਕਿਸ਼ਤੀ ਰਾਹੀਂ ਨਦੀ ਪਾਰ ਕਰਨੀ ਪਈ। ਪਰ ਕਿਸ਼ਤੀ ਤੋਂ ਉੱਤਰਦਿਆਂ ਦੋਰਕਸ ਨਦੀ ਵਿਚ ਡਿਗ ਗਈ। ਪਾਣੀ ਬਹੁਤ ਡੂੰਘਾ ਸੀ ਤੇ ਸਾਨੂੰ ਦੋਹਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਤੇ ਉੱਪਰੋਂ ਦੀ ਨਦੀ ਵਿਚ ਮਗਰਮੱਛ ਵੀ ਸਨ। ਪਰ ਸ਼ੁਕਰ ਹੈ ਕਿ ਨੇੜੇ ਹੀ ਕੁਝ ਮੁੰਡੇ ਖੜ੍ਹੇ ਸਨ। ਉਨ੍ਹਾਂ ਨੇ ਫਟਾਫਟ ਪਾਣੀ ਵਿਚ ਚੁੱਭੀ ਮਾਰੀ ਤੇ ਦੋਰਕਸ ਨੂੰ ਬਚਾ ਲਿਆ। ਸਾਨੂੰ ਕਈ ਦਿਨਾਂ ਤਕ ਇਸ ਹਾਦਸੇ ਦੇ ਭੈੜੇ ਸੁਪਨੇ ਆਉਂਦੇ ਰਹੇ, ਪਰ ਇਹ ਮੁਸ਼ਕਲਾਂ ਵੀ ਸਾਨੂੰ ਰੋਕ ਨਹੀਂ ਪਾਈਆਂ।
1992 ਦੇ ਸ਼ੁਰੂ ਵਿਚ ਸਾਨੂੰ ਪਤਾ ਲੱਗਾ ਕਿ ਦੋਰਕਸ ਮਾਂ ਬਣਨ ਵਾਲੀ ਹੈ। ਸਾਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ। ਅਸੀਂ ਸੋਚਣ ਲੱਗੇ ਕਿ ਹੁਣ ਸਾਡੀ ਪੂਰੇ ਸਮੇਂ ਦੀ ਸੇਵਾ ਦਾ ਕੀ ਬਣੇਗਾ। ਪਰ ਫਿਰ ਅਸੀਂ ਸੋਚਿਆ ਕਿ ਇਹ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। ਇਸ ਲਈ ਅਸੀਂ ਆਪਣੀ ਕੁੜੀ ਦਾ ਨਾਂ ਯਾਹਗਿਫ਼ਟ ਰੱਖਿਆ (ਅੰਗ੍ਰੇਜ਼ੀ ਵਿਚ ਯਾਹਗਿਫ਼ਟ ਦਾ ਮਤਲਬ ਹੈ, “ਯਹੋਵਾਹ ਤੋਂ ਮਿਲਿਆ ਤੋਹਫ਼ਾ”)। ਫਿਰ ਚਾਰ ਸਾਲਾਂ ਬਾਅਦ ਸਾਡੇ ਇਕ ਮੁੰਡਾ ਹੋਇਆ, ਅਸੀਂ ਉਸ ਦਾ ਨਾਂ ਐਰਿਕ ਰੱਖਿਆ। ਯਾਹਗਿਫ਼ਟ ਨੇ ਕੁਝ ਚਿਰ ਕੋਨਾਕਰੀ ਦੇ ਰਿਮੋਟ ਟ੍ਰਾਂਸਲੇਸ਼ਨ ਆਫ਼ਿਸ ਵਿਚ ਕੰਮ ਕੀਤਾ ਅਤੇ ਐਰਿਕ ਇਕ ਸਹਾਇਕ ਸੇਵਕ ਹੈ। ਸੱਚੀ, ਇਹ ਦੋਵੇਂ ਬੱਚੇ ਸਾਡੇ ਲਈ ਯਹੋਵਾਹ ਵੱਲੋਂ ਤੋਹਫ਼ੇ ਹਨ।
ਦੋਰਕਸ ਨੂੰ ਕੁਝ ਸਮੇਂ ਲਈ ਸਪੈਸ਼ਲ ਪਾਇਨੀਅਰਿੰਗ ਛੱਡਣੀ ਪਈ। ਪਰ ਬੱਚਿਆਂ ਦੀ ਪਰਵਰਿਸ਼ ਕਰਦਿਆਂ ਵੀ ਉਹ ਰੈਗੂਲਰ ਪਾਇਨੀਅਰਿੰਗ ਕਰਦੀ ਰਹੀ। ਯਹੋਵਾਹ ਦੀ ਮਦਦ ਨਾਲ ਮੈਂ ਖ਼ਾਸ ਪੂਰੇ ਸਮੇਂ ਦੀ ਸੇਵਾ ਕਰਦਾ ਰਿਹਾ। ਜਦੋਂ ਬੱਚੇ ਵੱਡੇ ਹੋ ਗਏ, ਤਾਂ ਦੋਰਕਸ ਨੇ ਫਿਰ ਤੋਂ ਸਪੈਸ਼ਲ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਅੱਜ ਅਸੀਂ ਦੋਨੋਂ ਕੋਨਾਕਰੀ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਾਂ।
ਸੱਚੀ ਹਿਫਾਜ਼ਤ ਸਿਰਫ਼ ਯਹੋਵਾਹ ਹੀ ਕਰੇਗਾ
ਯਹੋਵਾਹ ਮੈਨੂੰ ਜਿੱਥੇ ਵੀ ਲੈ ਕੇ ਗਿਆ, ਮੈਂ ਉਸ ਦੇ ਨਾਲ-ਨਾਲ ਗਿਆ। ਮੈਂ ਤੇ ਦੋਰਕਸ ਨੇ ਕਈ ਵਾਰ ਮਹਿਸੂਸ ਕੀਤਾ ਕਿ ਯਹੋਵਾਹ ਨੇ ਸਾਡੀ ਹਿਫਾਜ਼ਤ ਕੀਤੀ ਅਤੇ ਉਸ ਨੇ ਸਾਨੂੰ ਬਰਕਤਾਂ ਦੇਣੀਆਂ ਕਦੇ ਨਹੀਂ ਛੱਡੀਆਂ। ਦੁਨੀਆਂ ਦੇ ਲੋਕ ਪੈਸੇ ਤੇ ਚੀਜ਼ਾਂ ʼਤੇ ਭਰੋਸਾ ਰੱਖਦੇ ਹਨ, ਪਰ ਫਿਰ ਵੀ ਉਨ੍ਹਾਂ ਦੀ ਜ਼ਿੰਦਗੀ ਚਿੰਤਾਵਾਂ ਅਤੇ ਮੁਸ਼ਕਲਾਂ ਨਾਲ ਭਰੀ ਹੋਈ ਹੈ। ਪਰ ਮੈਂ ਤੇ ਦੋਰਕਸ ਆਪਣੇ ਤਜਰਬੇ ਤੋਂ ਕਹਿ ਸਕਦੇ ਹਾਂ ਕਿ ‘ਮੁਕਤੀ ਦਾ ਪਰਮੇਸ਼ੁਰ’ ਯਹੋਵਾਹ ਹੀ ਸਾਡੀ ਹਿਫਾਜ਼ਤ ਕਰ ਸਕਦਾ ਹੈ। (1 ਇਤਿ. 16:35) ਮੈਨੂੰ ਪੂਰਾ ਯਕੀਨ ਹੈ ਕਿ ਜਿਹੜਾ ਵੀ ਯਹੋਵਾਹ ʼਤੇ ਭਰੋਸਾ ਰੱਖਦਾ ਹੈ, ਉਹ ਉਸ ਦੀ “ਜਾਨ ਨੂੰ ਜ਼ਿੰਦਗੀ ਦੀ ਥੈਲੀ ਵਿਚ ਸਾਂਭ ਕੇ ਰੱਖੇਗਾ।”—1 ਸਮੂ. 25:29.