Skip to content

Skip to table of contents

ਜੀਵਨੀ

ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ’ਤੇ ਅਪਾਰ ਕਿਰਪਾ ਕੀਤੀ

ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ’ਤੇ ਅਪਾਰ ਕਿਰਪਾ ਕੀਤੀ

ਮੇਰੇ ਪਿਤਾ ਜੀ ਦਾ ਨਾਂ ਆਰਥਰ ਸੀ। ਜਵਾਨੀ ਤੋਂ ਹੀ ਉਹ ਰੱਬ ਦਾ ਡਰ ਰੱਖਦੇ ਸਨ ਅਤੇ ਮੈਥੋਡਿਸਟ ਚਰਚ ਦੇ ਸੇਵਕ ਬਣਨਾ ਚਾਹੁੰਦੇ ਸਨ। ਪਰ ਬਾਈਬਲ ਵਿਦਿਆਰਥੀਆਂ ਦੇ ਪ੍ਰਕਾਸ਼ਨ ਪੜ੍ਹਨ ਅਤੇ ਉਨ੍ਹਾਂ ਨਾਲ ਸੰਗਤੀ ਕਰਨ ਕਰਕੇ ਪਿਤਾ ਜੀ ਦਾ ਮਨ ਬਦਲ ਗਿਆ। ਉਨ੍ਹਾਂ ਨੇ 1914 ਵਿਚ 17 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਉਸ ਸਮੇਂ ਪਹਿਲਾ ਵਿਸ਼ਵ ਯੁੱਧ ਜ਼ੋਰਾਂ ’ਤੇ ਸੀ ਅਤੇ ਉਨ੍ਹਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਉਨ੍ਹਾਂ ਨੇ ਹਥਿਆਰ ਚੁੱਕਣ ਤੋਂ ਮਨ੍ਹਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਕੈਨੇਡਾ ਦੇ ਆਂਟੇਰੀਓ ਸੂਬੇ ਦੀ ਕਿੰਗਸਟਨ ਜੇਲ੍ਹ ਵਿਚ ਦਸ ਮਹੀਨਿਆਂ ਦੀ ਸਜ਼ਾ ਹੋਈ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਨ੍ਹਾਂ ਨੇ ਪਾਇਨੀਅਰ (ਕੋਲਪੋਰਟਰ) ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

1926 ਵਿਚ ਮੇਰੇ ਪਿਤਾ ਜੀ ਦਾ ਵਿਆਹ ਹੇਜ਼ਲ ਵਿਲਕਿਨਸਨ ਨਾਲ ਹੋਇਆ। ਮੇਰੇ ਨਾਨੀ ਜੀ ਨੇ 1908 ਵਿਚ ਸੱਚਾਈ ਸਿੱਖਣੀ ਸ਼ੁਰੂ ਕੀਤੀ ਸੀ। ਮੇਰਾ ਜਨਮ 24 ਅਪ੍ਰੈਲ 1931 ਵਿਚ ਹੋਇਆ ਅਤੇ ਮੈਂ ਆਪਣੇ ਚਾਰਾਂ ਭੈਣਾਂ-ਭਰਾਵਾਂ ਵਿੱਚੋਂ ਦੂਜੇ ਨੰਬਰ ’ਤੇ ਸੀ। ਸਾਡਾ ਪੂਰਾ ਪਰਿਵਾਰ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦਾ ਸੀ ਅਤੇ ਮੇਰੇ ਪਿਤਾ ਜੀ ਬਾਈਬਲ ਦੀ ਬਹੁਤ ਕਦਰ ਕਰਦੇ ਸਨ। ਉਨ੍ਹਾਂ ਨੇ ਸਾਡੇ ਦਿਲਾਂ ਵਿਚ ਵੀ ਇਹੀ ਕਦਰ ਪੈਦਾ ਕੀਤੀ। ਸਾਡਾ ਪੂਰਾ ਪਰਿਵਾਰ ਬਾਕਾਇਦਾ ਜੋਸ਼ ਨਾਲ ਘਰ-ਘਰ ਪ੍ਰਚਾਰ ਕਰਨ ਵਿਚ ਹਿੱਸਾ ਲੈਂਦਾ ਸੀ।ਰਸੂ. 20:20.

ਪਿਤਾ ਜੀ ਵਾਂਗ ਨਿਰਪੱਖ ਰਹਿਣਾ ਅਤੇ ਪਾਇਨੀਅਰ ਬਣਨਾ

1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਅਤੇ ਉਸ ਤੋਂ ਅਗਲੇ ਹੀ ਸਾਲ ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗ ਗਈ। ਸਕੂਲ ਵਿਚ ਦੇਸ਼ਭਗਤੀ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਵਿਚ ਝੰਡੇ ਨੂੰ ਸਲਾਮੀ ਦੇਣੀ ਅਤੇ ਰਾਸ਼ਟਰੀ ਗੀਤ ਗਾਉਣਾ ਸ਼ਾਮਲ ਸੀ। ਮੈਨੂੰ ਤੇ ਮੇਰੀ ਵੱਡੀ ਭੈਣ ਡੋਰਥੀ ਨੂੰ ਇਸ ਦੌਰਾਨ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਪਰ ਇਕ ਦਿਨ ਮੇਰੇ ਅਧਿਆਪਕ ਨੇ ਮੈਨੂੰ ਡਰਪੋਕ ਕਹਿ ਕੇ ਮੇਰੀ ਬੇਇੱਜ਼ਤੀ ਕੀਤੀ। ਛੁੱਟੀ ਤੋਂ ਬਾਅਦ ਮੇਰੀ ਕਲਾਸ ਦੇ ਕਈ ਬੱਚਿਆਂ ਨੇ ਮੈਨੂੰ ਮਾਰਿਆ-ਕੁੱਟਿਆ ਅਤੇ ਮੈਨੂੰ ਪਟਕਾ ਕੇ ਜ਼ਮੀਨ ’ਤੇ ਸੁੱਟ ਦਿੱਤਾ। ਪਰ ਇਸ ਹਮਲੇ ਕਰਕੇ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਣ’ ਦਾ ਮੇਰਾ ਇਰਾਦਾ ਹੋਰ ਵੀ ਮਜ਼ਬੂਤ ਹੋ ਗਿਆ।ਰਸੂ. 5:29.

ਮੇਰਾ ਬਪਤਿਸਮਾ ਜੁਲਾਈ 1942 ਵਿਚ ਇਕ ਹਵੇਲੀ ਵਿਚ ਬਣੇ ਚਲ੍ਹੇ ਵਿਚ ਹੋਇਆ। ਉਦੋਂ ਮੇਰੀ ਉਮਰ 11 ਸਾਲ ਦੀ ਸੀ। ਮੈਂ ਹਰ ਸਾਲ ਸਕੂਲ ਦੀਆਂ ਛੁੱਟੀਆਂ ਦੌਰਾਨ ਪਾਇਨੀਅਰਿੰਗ ਕਰਨ ਦਾ ਮਜ਼ਾ ਲੈਂਦਾ ਸੀ। ਇਨ੍ਹਾਂ ਛੁੱਟੀਆਂ ਦੌਰਾਨ ਇਕ ਵਾਰ ਮੈਂ ਤਿੰਨ ਭਰਾਵਾਂ ਨਾਲ ਉੱਤਰੀ ਆਂਟੇਰੀਓ ਵਿਚ ਵੱਸਦੇ ਲੱਕੜਹਾਰਿਆਂ ਨੂੰ ਪ੍ਰਚਾਰ ਕਰਨ ਚਲਾ ਗਿਆ। ਉਸ ਇਲਾਕੇ ਵਿਚ ਪਹਿਲਾਂ ਕਦੇ ਪ੍ਰਚਾਰ ਨਹੀਂ ਹੋਇਆ ਸੀ।

1 ਮਈ 1949 ਵਿਚ ਮੈਂ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਉਸ ਵੇਲੇ ਕੈਨੇਡਾ ਦੇ ਬੈਥਲ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। 1 ਦਸੰਬਰ ਨੂੰ ਮੈਨੂੰ ਉੱਥੇ ਕੰਮ ਕਰਨ ਅਤੇ ਬੈਥਲ ਪਰਿਵਾਰ ਦਾ ਹਿੱਸਾ ਬਣਨ ਦਾ ਸੱਦਾ ਮਿਲਿਆ। ਮੈਨੂੰ ਛਾਪੇਖ਼ਾਨੇ ਵਿਚ ਜ਼ਿੰਮੇਵਾਰੀ ਮਿਲੀ ਅਤੇ ਉੱਥੇ ਮੈਂ ਛਪਾਈ ਦੀ ਮਸ਼ੀਨ ਚਲਾਉਣੀ ਸਿੱਖੀ। ਮੈਂ ਕਈ ਹਫ਼ਤੇ ਰਾਤ ਦੀ ਸ਼ਿਫ਼ਟ ਲਾਈ। ਉਸ ਵੇਲੇ ਉਸ ਪਰਚੇ ਦੀ ਛਪਾਈ ਦਾ ਕੰਮ ਚੱਲ ਰਿਹਾ ਸੀ ਜਿਸ ਵਿਚ ਕੈਨੇਡਾ ਦੇ ਯਹੋਵਾਹ ਦੇ ਲੋਕਾਂ ਉੱਤੇ ਹੋ ਰਹੇ ਅਤਿਆਚਾਰਾਂ ਬਾਰੇ ਦੱਸਿਆ ਗਿਆ ਸੀ।

ਫਿਰ ਬਾਅਦ ਵਿਚ ਮੈਂ ਸੇਵਾ ਵਿਭਾਗ ਵਿਚ ਕੰਮ ਕਰਨ ਲੱਗਾ। ਉਸ ਸਮੇਂ ਕੁਝ ਪਾਇਨੀਅਰ ਬੈਥਲ ਦੇਖਣ ਆਏ ਜੋ ਕਿਊਬੈੱਕ ਵਿਚ ਸੇਵਾ ਕਰਨ ਜਾ ਰਹੇ ਸਨ ਜਿੱਥੇ ਬਹੁਤ ਵਿਰੋਧ ਹੁੰਦਾ ਸੀ। ਮੈਨੂੰ ਇਨ੍ਹਾਂ ਦੀ ਇੰਟਰਵਿਊ ਲੈਣ ਦੀ ਜ਼ਿੰਮੇਵਾਰੀ ਮਿਲੀ। ਇਨ੍ਹਾਂ ਵਿੱਚੋਂ ਇਕ ਭੈਣ ਦਾ ਨਾਂ ਮੈਰੀ ਜ਼ਾਜ਼ੂਲਾ ਸੀ ਜੋ ਐਡਮੰਟਨ ਦੇ ਅਲਬਰਟਾ ਪ੍ਰਾਂਤ ਦੀ ਰਹਿਣ ਵਾਲੀ ਸੀ। ਉਸ ਦੇ ਮਾਪੇ ਆਰਥੋਡਾਕਸ ਚਰਚ ਦੇ ਪੱਕੇ ਮੈਂਬਰ ਸਨ। ਮੈਰੀ ਅਤੇ ਉਸ ਦੇ ਭਰਾ ਜੋਅ ਦੇ ਮਾਪਿਆਂ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਕਿਉਂਕਿ ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਨਹੀਂ ਛੱਡੀ ਸੀ। ਜੂਨ 1951 ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ ਅਤੇ ਛੇ ਮਹੀਨੇ ਬਾਅਦ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਪਾਇਨੀਅਰਾਂ ਦੀ ਇੰਟਰਵਿਊ ਲੈ ਰਿਹਾ ਸੀ, ਤਾਂ ਮੈਰੀ ਦਾ ਯਹੋਵਾਹ ਲਈ ਪਿਆਰ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਸੋਚਣ ਲੱਗ ਪਿਆ ਕਿ ਮੈਂ ਇਸੇ ਕੁੜੀ ਨਾਲ ਵਿਆਹ ਕਰਾਉਣਾ। ਨੌਂ ਮਹੀਨਿਆਂ ਬਾਅਦ 30 ਜਨਵਰੀ 1954 ਵਿਚ ਸਾਡਾ ਵਿਆਹ ਹੋ ਗਿਆ। ਇਕ ਹਫ਼ਤੇ ਬਾਅਦ ਹੀ ਸਾਨੂੰ ਸਰਕਟ ਕੰਮ ਦੀ ਟ੍ਰੇਨਿੰਗ ਲੈਣ ਦਾ ਸੱਦਾ ਮਿਲਿਆ ਅਤੇ ਅਗਲੇ ਦੋ ਸਾਲਾਂ ਲਈ ਅਸੀਂ ਉੱਤਰੀ ਆਂਟੇਰੀਓ ਦੇ ਸਰਕਟ ਵਿਚ ਸੇਵਾ ਕੀਤੀ।

ਜਿੱਦਾਂ-ਜਿੱਦਾਂ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਤੇਜ਼ੀ ਨਾਲ ਵਧਿਆ, ਉੱਦਾਂ-ਉੱਦਾਂ ਮਿਸ਼ਨਰੀਆਂ ਦੀ ਲੋੜ ਵੀ ਵਧੀ। ਅਸੀਂ ਸੋਚਿਆ, ਜੇ ਅਸੀਂ ਕੈਨੇਡਾ ਦੀ ਕੜਾਕੇ ਦੀ ਠੰਢ ਅਤੇ ਗਰਮੀਆਂ ਵਿਚ ਤੰਗ ਕਰਨ ਵਾਲੇ ਮੱਛਰਾਂ ਨੂੰ ਬਰਦਾਸ਼ਤ ਸਕਦੇ ਹਾਂ, ਤਾਂ ਅਸੀਂ ਕਿਤੇ ਵੀ ਰਹਿ ਕੇ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ। ਅਸੀਂ ਜੁਲਾਈ 1956 ਵਿਚ ਗਿਲਿਅਡ ਸਕੂਲ ਦੀ 27ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਅਤੇ ਨਵੰਬਰ ਵਿਚ ਅਸੀਂ ਬ੍ਰਾਜ਼ੀਲ ਵਿਚ ਸੇਵਾ ਕਰਨੀ ਸ਼ੁਰੂ ਕੀਤੀ।

ਬ੍ਰਾਜ਼ੀਲ ਵਿਚ ਮਿਸ਼ਨਰੀ ਸੇਵਾ

ਜਦੋਂ ਅਸੀਂ ਬ੍ਰਾਜ਼ੀਲ ਪਹੁੰਚੇ, ਤਾਂ ਅਸੀਂ ਪੁਰਤਗਾਲੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਪਹਿਲਾਂ ਅਸੀਂ ਲੋਕਾਂ ਨਾਲ ਮਾੜੀ-ਮੋਟੀ ਗੱਲ ਕਰਨੀ ਸਿੱਖੀ। ਫਿਰ ਅਸੀਂ ਰਸਾਲਾ ਪੇਸ਼ ਕਰਨ ਲਈ ਇਕ ਛੋਟੀ ਜਿਹੀ ਪੇਸ਼ਕਾਰੀ ਸਿੱਖੀ। ਇਸ ਤੋਂ ਬਾਅਦ ਅਸੀਂ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਾਨੂੰ ਸੁਝਾਅ ਦਿੱਤਾ ਗਿਆ ਕਿ ਅਸੀਂ ਰੁਚੀ ਦਿਖਾਉਣ ਵਾਲੇ ਵਿਅਕਤੀ ਨਾਲ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਸੰਬੰਧੀ ਆਇਤਾਂ ਪੜ੍ਹੀਏ। ਪ੍ਰਚਾਰ ਵਿਚ ਪਹਿਲੇ ਦਿਨ ਇਕ ਔਰਤ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ। ਇਸ ਲਈ ਮੈਂ ਉਸ ਨਾਲ ਪ੍ਰਕਾਸ਼ ਦੀ ਕਿਤਾਬ 21:3, 4 ਆਇਤਾਂ ਪੜ੍ਹੀਆਂ ਅਤੇ ਫਿਰ ਮੈਂ ਬੇਹੋਸ਼ ਹੋ ਗਿਆ। ਮੇਰਾ ਸਰੀਰ ਅਜੇ ਗਰਮੀ ਅਤੇ ਹੁੰਮ ਨੂੰ ਸਹਾਰ ਨਹੀਂ ਸਕਦਾ ਸੀ। ਮੇਰੇ ਲਈ ਇੱਦਾਂ ਦੀ ਗਰਮੀ ਸਹਾਰਨੀ ਔਖੀ ਹੋਣੀ ਸੀ।

ਸਾਨੂੰ ਕਾਮਪਸ ਸ਼ਹਿਰ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਭੇਜਿਆ ਗਿਆ। ਅੱਜ ਉੱਥੇ 15 ਮੰਡਲੀਆਂ ਹਨ। ਪਰ ਜਦੋਂ ਅਸੀਂ ਉੱਥੇ ਗਏ, ਉਦੋਂ ਸਿਰਫ਼ ਇਕ ਛੋਟਾ ਜਿਹਾ ਗਰੁੱਪ ਸੀ। ਨਾਲੇ ਇਕ ਮਿਸ਼ਨਰੀ ਘਰ ਸੀ ਜਿੱਥੇ ਐਸਤਰ ਟ੍ਰੇਸੀ, ਰਾਮੋਨਾ ਬਾਉਅਰ, ਲੂਈਜ਼ਾ ਸ਼ਵਾਰਟਸ ਅਤੇ ਲੋਰੇਨ ਬਰੁੱਕਸ (ਹੁਣ ਵੌਲਨ) ਨਾਂ ਦੀਆਂ ਭੈਣਾਂ ਰਹਿੰਦੀਆਂ ਸਨ। ਮੇਰਾ ਕੰਮ ਕੱਪੜੇ ਧੋਣਾ ਅਤੇ ਖਾਣਾ ਬਣਾਉਣ ਲਈ ਲੱਕੜੀਆਂ ਇਕੱਠਾ ਕਰਨਾ ਸੀ। ਸੋਮਵਾਰ ਰਾਤ ਨੂੰ ਪਹਿਰਾਬੁਰਜ ਸਟੱਡੀ ਤੋਂ ਬਾਅਦ ਅਚਾਨਕ ਸਾਡੇ ਕਮਰੇ ਵਿਚ ਇਕ ਬਿਨ-ਬੁਲਾਇਆ ਮਹਿਮਾਨ ਆਇਆ। ਮੇਰੀ ਪਤਨੀ ਸੋਫੇ ’ਤੇ ਲੰਮੀ ਪਈ ਆਰਾਮ ਕਰ ਰਹੀ ਸੀ ਅਤੇ ਅਸੀਂ ਦੋਵੇਂ ਦਿਨ ਭਰ ਦੇ ਕੰਮਾਂ ਬਾਰੇ ਗੱਲਾਂ ਕਰ ਰਹੇ ਸੀ। ਜਦੋਂ ਉਸ ਨੇ ਆਪਣਾ ਸਿਰ ਸਰ੍ਹਾਣੇ ਤੋਂ ਉੱਪਰ ਚੁੱਕਿਆ, ਤਾਂ ਇਕਦਮ ਸੱਪ ਨਿਕਲ ਆਇਆ। ਸਾਨੂੰ ਉਦੋਂ ਤਕ ਦੌੜ-ਭੱਜ ਕਰਨੀ ਪਈ ਜਦੋਂ ਤਕ ਮੈਂ ਉਸ ਨੂੰ ਮਾਰ ਨਹੀਂ ਦਿੱਤਾ।

ਇਕ ਸਾਲ ਪੁਰਤਗਾਲੀ ਭਾਸ਼ਾ ਸਿੱਖਣ ਤੋਂ ਬਾਅਦ ਮੈਨੂੰ ਸਫ਼ਰੀ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ। ਅਸੀਂ ਪਿੰਡਾਂ ਵਿਚ ਰਹਿੰਦੇ ਵੇਲੇ ਸਾਦੀ ਜ਼ਿੰਦਗੀ ਬਤੀਤ ਕੀਤੀ। ਉੱਥੇ ਬਿਜਲੀ ਨਹੀਂ ਸੀ, ਅਸੀਂ ਚਟਾਈਆਂ ’ਤੇ ਸੌਂਦੇ ਸੀ ਅਤੇ ਸਫ਼ਰ ਕਰਨ ਲਈ ਘੋੜਾ ਅਤੇ ਟਾਂਗਾ ਵਰਤਦੇ ਸੀ। ਇਕ ਵਾਰ ਅਸੀਂ ਰੇਲ ਗੱਡੀ ਰਾਹੀਂ ਪਹਾੜੀਆਂ ’ਤੇ ਵੱਸੇ ਇਕ ਕਸਬੇ ਵਿਚ ਗਏ ਜਿੱਥੇ ਪਹਿਲਾਂ ਪ੍ਰਚਾਰ ਨਹੀਂ ਹੋਇਆ ਸੀ। ਉੱਥੇ ਅਸੀਂ ਇਕ ਕਮਰਾ ਕਿਰਾਏ ’ਤੇ ਲਿਆ। ਸ਼ਾਖ਼ਾ ਦਫ਼ਤਰ ਨੇ ਸਾਨੂੰ ਪ੍ਰਚਾਰ ਲਈ 800 ਰਸਾਲੇ ਭੇਜੇ। ਸਾਨੂੰ ਡਾਕਖਾਨੇ ਤੋਂ ਰਸਾਲਿਆਂ ਦੇ ਡੱਬੇ ਲਿਆਉਣ ਲਈ ਕਈ ਗੇੜੇ ਮਾਰਨੇ ਪਏ।

1962 ਵਿਚ ਬ੍ਰਾਜ਼ੀਲ ਵਿਚ ਭਰਾਵਾਂ ਅਤੇ ਮਿਸ਼ਨਰੀ ਭੈਣਾਂ ਲਈ ਕਿੰਗਡਮ ਮਿਨਿਸਟ੍ਰੀ ਸਕੂਲ ਚਲਾਇਆ ਗਿਆ। ਛੇ ਮਹੀਨਿਆਂ ਤਕ ਮੈਨੂੰ ਇਕ-ਇਕ ਕਰ ਕੇ ਕਈ ਸਕੂਲਾਂ ਵਿਚ ਭੇਜਿਆ ਗਿਆ, ਪਰ ਮੈਰੀ ਤੋਂ ਬਿਨਾਂ। ਮੈਂ ਮਾਨਿਓਸ, ਬਲੈਮ, ਫੋਰਟਾਲੇਜਾ, ਰਸੀਫਾ ਅਤੇ ਸੈਲਵੇਡਾਰ ਸ਼ਹਿਰਾਂ ਦੀਆਂ ਕਲਾਸਾਂ ਵਿਚ ਸਿਖਲਾਈ ਦਿੱਤੀ। ਮੈਂ ਮਾਨਿਓਸ ਦੇ ਮਸ਼ਹੂਰ ਓਪੇਰਾ ਹਾਊਸ ਵਿਚ ਇਕ ਵੱਡੇ ਸੰਮੇਲਨ ਦਾ ਪ੍ਰਬੰਧ ਕੀਤਾ। ਮੋਹਲੇਧਾਰ ਮੀਂਹ ਪੈਣ ਕਰਕੇ ਪੀਣ ਵਾਲਾ ਪਾਣੀ ਗੰਦਾ ਹੋ ਗਿਆ ਅਤੇ ਸੰਮੇਲਨ ਵਿਚ ਖਾਣਾ ਵਰਤਾਉਣ ਲਈ ਕੋਈ ਚੱਜ ਦੀ ਜਗ੍ਹਾ ਨਹੀਂ ਬਚੀ। (ਉਨ੍ਹਾਂ ਦਿਨਾਂ ਵਿਚ ਵੱਡੇ ਸੰਮੇਲਨਾਂ ਵਿਚ ਖਾਣਾ ਮਿਲਦਾ ਸੀ।) ਮੈਂ ਫ਼ੌਜ ਦੇ ਅਫ਼ਸਰ ਨਾਲ ਗੱਲ ਕੀਤੀ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਸੰਮੇਲਨ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਨਾਲੇ ਉਸ ਨੇ ਫ਼ੌਜੀਆਂ ਨੂੰ ਦੋ ਵੱਡੇ ਤੰਬੂ ਲਗਾਉਣ ਲਈ ਭੇਜਿਆ ਤਾਂਕਿ ਰਸੋਈ ਅਤੇ ਖਾਣਾ ਵਰਤਾਉਣ ਲਈ ਜਗ੍ਹਾ ਤਿਆਰ ਹੋ ਸਕੇ।

ਜਦੋਂ ਮੈਂ ਸਿਖਲਾਈ ਦਾ ਕੰਮ ਕਰ ਰਿਹਾ ਸੀ, ਤਾਂ ਮੈਰੀ ਉਸ ਵਪਾਰਕ ਇਲਾਕੇ ਵਿਚ ਪ੍ਰਚਾਰ ਕਰਨ ਗਈ ਜਿੱਥੇ ਪੁਰਤਗਾਲੀ ਲੋਕ ਰਹਿੰਦੇ ਸਨ। ਉੱਥੇ ਲੋਕਾਂ ਦਾ ਧਿਆਨ ਸਿਰਫ਼ ਪੈਸਾ ਕਮਾਉਣ ’ਤੇ ਲੱਗਾ ਹੋਇਆ ਸੀ। ਉਹ ਕਿਸੇ ਨਾਲ ਵੀ ਬਾਈਬਲ ਤੋਂ ਗੱਲ ਸ਼ੁਰੂ ਨਹੀਂ ਕਰ ਸਕੀ ਜਿਸ ਕਰਕੇ ਉਹ ਨਿਰਾਸ਼ ਹੋ ਗਈ। ਇਸ ਲਈ ਉਸ ਨੇ ਬੈਥਲ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਕਿਹਾ: “ਮੈਂ ਕਦੀ ਵੀ ਪੁਰਤਗਾਲ ਨਹੀਂ ਜਾਣਾ ਚਾਹੁੰਦੀ।” ਇਸ ਤੋਂ ਜਲਦੀ ਬਾਅਦ ਸਾਨੂੰ ਇਕ ਚਿੱਠੀ ਮਿਲੀ ਜਿਸ ਨੂੰ ਪੜ੍ਹ ਕੇ ਅਸੀਂ ਹੈਰਾਨ ਰਹਿ ਗਏ। ਇਸ ਵਿਚ ਸਾਨੂੰ ਪੁਰਤਗਾਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਉਸ ਵੇਲੇ ਉੱਥੇ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਪਰ ਅਸੀਂ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਚਾਹੇ ਇਸ ਨੂੰ ਪੜ੍ਹ ਕੇ ਮੈਰੀ ਨੂੰ ਝਟਕਾ ਲੱਗਾ।

ਪੁਰਤਗਾਲ ਵਿਚ ਸੇਵਾ

ਅਗਸਤ 1964 ਵਿਚ ਅਸੀਂ ਪੁਰਤਗਾਲ ਦੇ ਲਿਸਬਨ ਸ਼ਹਿਰ ਪਹੁੰਚੇ। ਉੱਥੇ ਸਾਡੇ ਭਰਾ ਪੁਰਤਗਾਲ ਦੀ ਖੁਫੀਆ ਪੁਲਸ ਦੇ ਅਤਿਆਚਾਰਾਂ ਦਾ ਸਾਮ੍ਹਣਾ ਕਰ ਰਹੇ ਸਨ। ਇਸ ਕਰਕੇ ਵਧੀਆ ਸੀ ਕਿ ਕੋਈ ਵੀ ਸਾਡਾ ਸੁਆਗਤ ਕਰਨ ਨਹੀਂ ਆਇਆ ਅਤੇ ਨਾ ਹੀ ਅਸੀਂ ਉੱਥੇ ਦੇ ਭੈਣਾਂ-ਭਰਾਵਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਅਸੀਂ ਕਿਰਾਏ ਦੇ ਇਕ ਕਮਰੇ ਵਿਚ ਰਹਿੰਦੇ ਸੀ। ਫਿਰ ਜਦੋਂ ਸਾਨੂੰ ਵੀਜ਼ਾ ਮਿਲ ਗਿਆ, ਤਾਂ ਅਸੀਂ ਮਕਾਨ ਕਿਰਾਏ ’ਤੇ ਲੈ ਲਿਆ। ਅਖ਼ੀਰ ਜਨਵਰੀ 1965 ਵਿਚ ਸਾਡਾ ਸੰਪਰਕ ਉੱਥੇ ਦੇ ਸ਼ਾਖ਼ਾ ਦਫ਼ਤਰ ਨਾਲ ਹੋਇਆ। ਵਾਕਈ, ਇਹ ਦਿਨ ਕਿੰਨਾ ਹੀ ਖ਼ੁਸ਼ੀਆਂ ਭਰਿਆ ਸੀ ਜਦੋਂ ਅਸੀਂ ਪੰਜ ਮਹੀਨਿਆਂ ਬਾਅਦ ਪਹਿਲੀ ਵਾਰ ਸਭਾ ’ਤੇ ਗਏ!

ਸਾਨੂੰ ਪਤਾ ਲੱਗਾ ਕਿ ਪੁਲਿਸ ਹਰ ਰੋਜ਼ ਸਾਡੇ ਭਰਾਵਾਂ ਦੇ ਘਰਾਂ ਵਿਚ ਛਾਪੇ ਮਾਰ ਰਹੀ ਸੀ। ਕਿੰਗਡਮ ਹਾਲ ਬੰਦ ਕੀਤੇ ਜਾ ਰਹੇ ਸਨ ਜਿਸ ਕਰਕੇ ਅਸੀਂ ਲੁਕ-ਛਿਪ ਕੇ ਘਰਾਂ ਵਿਚ ਸਭਾਵਾਂ ਕਰਦੇ ਸੀ। ਸੈਂਕੜੇ ਗਵਾਹਾਂ ਨੂੰ ਪੁੱਛ-ਗਿੱਛ ਕਰਨ ਲਈ ਥਾਣੇ ਲਿਜਾਇਆ ਗਿਆ। ਉਨ੍ਹਾਂ ਨੂੰ ਸਤਾਇਆ ਗਿਆ ਤਾਂਕਿ ਉਹ ਜ਼ਿੰਮੇਵਾਰ ਭਰਾਵਾਂ ਦੇ ਨਾਂ ਦੱਸਣ। ਇਸ ਕਰਕੇ ਉੱਥੇ ਦੇ ਭਰਾਵਾਂ ਨੇ ਇਕ-ਦੂਜੇ ਨੂੰ ਉਨ੍ਹਾਂ ਦੇ ਗੋਤ ਤੋਂ ਬੁਲਾਉਣ ਦੀ ਬਜਾਇ ਉਨ੍ਹਾਂ ਦਾ ਪਹਿਲਾਂ ਨਾਂ ਲੈਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਹੋਜ਼ੇ ਜਾਂ ਪੌਲੋ। ਅਸੀਂ ਵੀ ਇਹੀ ਕੀਤਾ।

ਸਾਡੀ ਸਭ ਤੋਂ ਵੱਡੀ ਚਿੰਤਾ ਭੈਣਾਂ-ਭਰਾਵਾਂ ਲਈ ਬਾਈਬਲ-ਆਧਾਰਿਤ ਪ੍ਰਕਾਸ਼ਨ ਉਪਲਬਧ ਕਰਾਉਣੇ ਸਨ। ਮੈਰੀ ਖ਼ਾਸ ਤਰ੍ਹਾਂ ਦੇ ਕਾਗਜ਼ ’ਤੇ ਪਹਿਰਾਬੁਰਜ ਦੇ ਲੇਖ ਅਤੇ ਹੋਰ ਪ੍ਰਕਾਸ਼ਨ ਟਾਈਪ ਕਰਦੀ ਸੀ। ਇਸ ਕਾਗਜ਼ ਦੀ ਮਦਦ ਨਾਲ ਭਰਾ ਹੋਰ ਕਾਪੀਆਂ ਛਾਪਦੇ ਸਨ।

ਅਦਾਲਤ ਵਿਚ ਖ਼ੁਸ਼ ਖ਼ਬਰੀ ਦਾ ਪੱਖ ਲੈਣਾ

ਜੂਨ 1966 ਵਿਚ ਲਿਸਬਨ ਸ਼ਹਿਰ ਦੀ ਅਦਾਲਤ ਵਿਚ ਇਕ ਅਹਿਮ ਮੁਕੱਦਮਾ ਲੜਿਆ ਗਿਆ। ਫੇਹੂ ਮੰਡਲੀ ਦੇ ਸਾਰੇ 49 ਮੈਂਬਰਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਉੱਤੇ ਇਹ ਦੋਸ਼ ਸੀ ਕਿ ਉਨ੍ਹਾਂ ਨੇ ਕਿਸੇ ਦੇ ਘਰ ਵਿਚ ਸਭਾ ਰੱਖ ਕੇ ਕਾਨੂੰਨ ਤੋੜਿਆ ਸੀ। ਮੈਂ ਵਿਰੋਧੀ ਧਿਰ ਦੇ ਵਕੀਲ ਦੀ ਐਕਟਿੰਗ ਕਰ ਕੇ ਉਨ੍ਹਾਂ ਮੈਂਬਰਾਂ ਨੂੰ ਮੁਕੱਦਮੇ ਅਤੇ ਪੁੱਛ-ਗਿੱਛ ਲਈ ਤਿਆਰ ਕੀਤਾ। ਸਾਨੂੰ ਪਤਾ ਸੀ ਕਿ ਅਸੀਂ ਮੁਕੱਦਮਾ ਹਾਰ ਜਾਣਾ, ਪਰ ਇਹ ਗਵਾਹੀ ਦੇਣ ਦਾ ਇਕ ਚੰਗਾ ਮੌਕਾ ਸੀ। ਸਾਡੇ ਵਕੀਲ ਨੇ ਬਹੁਤ ਹੀ ਦਲੇਰੀ ਨਾਲ ਸੱਚਾਈ ਦਾ ਪੱਖ ਲਿਆ। ਮੁਕੱਦਮੇ ਦੌਰਾਨ ਉਸ ਨੇ ਪਹਿਲੀ ਸਦੀ ਦੇ ਗਮਲੀਏਲ ਦਾ ਹਵਾਲਾ ਵੀ ਦਿੱਤਾ। (ਰਸੂ. 5:33-39) ਇਸ ਮੁਕੱਦਮੇ ਦੀ ਖ਼ਬਰ ਅਖ਼ਬਾਰਾਂ ਵਿਚ ਛਪ ਗਈ। 49 ਭੈਣਾਂ-ਭਰਾਵਾਂ ਨੂੰ 45 ਦਿਨਾਂ ਤੋਂ ਲੈ ਕੇ ਸਾਢੇ ਪੰਜ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਸਾਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਦਲੇਰ ਵਕੀਲ ਨੇ ਬਾਈਬਲ ਸਟੱਡੀ ਸ਼ੁਰੂ ਕੀਤੀ ਅਤੇ ਮਰਨ ਤਕ ਸਭਾਵਾਂ ’ਤੇ ਆਉਂਦਾ ਰਿਹਾ।

ਦਸੰਬਰ 1966 ਵਿਚ ਮੈਨੂੰ ਬ੍ਰਾਂਚ ਓਵਰਸੀਅਰ ਬਣਾਇਆ ਗਿਆ ਅਤੇ ਮੇਰਾ ਕਾਫ਼ੀ ਸਮਾਂ ਕਾਨੂੰਨੀ ਮਾਮਲਿਆਂ ਵਿਚ ਚਲਾ ਜਾਂਦਾ ਸੀ। ਅਸੀਂ ਕਾਨੂੰਨ ਦਾ ਸਹਾਰਾ ਲਿਆ ਤਾਂਕਿ ਯਹੋਵਾਹ ਦੇ ਗਵਾਹ ਪੁਰਤਗਾਲ ਵਿਚ ਬੇਰੋਕ ਪਰਮੇਸ਼ੁਰ ਦੀ ਭਗਤੀ ਕਰ ਸਕਣ। (ਫ਼ਿਲਿ. 1:7) ਅਖ਼ੀਰ 18 ਦਸੰਬਰ 1974 ਵਿਚ ਸਾਡੇ ਕੰਮ ਨੂੰ ਕਾਨੂੰਨੀ ਮਾਨਤਾ ਮਿਲ ਗਈ। ਹੈੱਡ-ਕੁਆਟਰ ਤੋਂ ਭਰਾ ਨੇਥਨ ਨੌਰ ਅਤੇ ਫਰੈਡਰਿਕ ਫ਼ਰਾਂਜ਼ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਆਏ। ਪੁਰਤਗਾਲ ਦੇ ਓਪੌਰਟੂ ਅਤੇ ਲਿਸਬਨ ਸ਼ਹਿਰ ਵਿਚ ਹੋਣ ਵਾਲੀ ਇਤਿਹਾਸਕ ਸਭਾ ਵਿਚ 46,870 ਜਣੇ ਹਾਜ਼ਰ ਹੋਏ।

ਯਹੋਵਾਹ ਨੇ ਉਨ੍ਹਾਂ ਟਾਪੂਆਂ ’ਤੇ ਵੀ ਹੋਰ ਜ਼ਿਆਦਾ ਖ਼ੁਸ਼ ਖ਼ਬਰੀ ਸੁਣਾਏ ਜਾਣ ਦਾ ਰਾਹ ਖੋਲ੍ਹਿਆ ਜਿੱਥੇ ਪੁਰਤਗਾਲੀ ਭਾਸ਼ਾ ਬੋਲੀ ਜਾਂਦੀ ਸੀ, ਜਿਵੇਂ ਅਜ਼ੋਰਸ, ਸਾਓ ਟੋਮੇ, ਕੇਪ ਵਰਡ, ਪ੍ਰਿੰਸੀਪੇ ਅਤੇ ਮੇਡੀਅਰਾ ਟਾਪੂ। ਗਵਾਹਾਂ ਦੀ ਗਿਣਤੀ ਵਿਚ ਵਾਧਾ ਹੋਣ ਕਰਕੇ ਸਾਨੂੰ ਵੱਡੇ ਸ਼ਾਖ਼ਾ ਦਫ਼ਤਰ ਦੀ ਲੋੜ ਸੀ ਜੋ 1988 ਵਿਚ ਪੂਰੀ ਹੋਈ। 23 ਅਪ੍ਰੈਲ 1988 ਨੂੰ ਭਰਾ ਮਿਲਟਨ ਹੈੱਨਸ਼ਲ ਨੇ ਇਸ ਦੇ ਉਦਘਾਟਨ ਵੇਲੇ ਭਾਸ਼ਣ ਦਿੱਤਾ। ਇਸ ਮੌਕੇ ’ਤੇ 45,522 ਭੈਣ-ਭਰਾ ਹਾਜ਼ਰ ਹੋਏ। ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਇਸ ਇਤਿਹਾਸਕ ਮੌਕੇ ’ਤੇ ਪੁਰਤਗਾਲ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਚੁੱਕੇ 20 ਭੈਣ-ਭਰਾ ਵੀ ਸ਼ਾਮਲ ਹੋਏ।

ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਫ਼ਾਇਦਾ

ਸਾਲਾਂ ਬੱਧੀ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਸੰਗਤੀ ਕਰਨ ਕਰਕੇ ਸਾਨੂੰ ਬਹੁਤ ਫ਼ਾਇਦਾ ਹੋਇਆ। ਭਰਾ ਥੀਓਡੋਰ ਜੈਰਸ ਨਾਲ ਜ਼ੋਨ ਵਿਜ਼ਿਟ ’ਤੇ ਜਾਣ ਕਰਕੇ ਮੈਂ ਇਕ ਵਧੀਆ ਸਬਕ ਸਿੱਖਿਆ। ਅਸੀਂ ਜਿਸ ਸ਼ਾਖ਼ਾ ਦਫ਼ਤਰ ਦਾ ਦੌਰਾ ਕਰਨ ਗਏ ਸੀ, ਉੱਥੇ ਇਕ ਵੱਡੀ ਸਮੱਸਿਆ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਬ੍ਰਾਂਚ ਕਮੇਟੀ ਨੇ ਆਪਣੀ ਪੂਰੀ ਵਾਹ ਲਾਈ। ਭਰਾ ਜੈਰਸ ਨੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ: “ਹੁਣ ਸਮਾਂ ਹੈ ਕਿ ਅਸੀਂ ਪਵਿੱਤਰ ਸ਼ਕਤੀ ਨੂੰ ਆਪਣਾ ਕੰਮ ਕਰਨ ਦੇਈਏ।” ਕਈ ਦਹਾਕਿਆਂ ਪਹਿਲਾਂ ਜਦੋਂ ਮੈਂ ਅਤੇ ਮੈਰੀ ਬਰੁਕਲਿਨ ਗਏ, ਤਾਂ ਅਸੀਂ ਇਕ ਸ਼ਾਮ ਭਰਾ ਫ਼ਰਾਂਜ਼ ਅਤੇ ਹੋਰਨਾਂ ਨਾਲ ਬਿਤਾਈ। ਅਸੀਂ ਭਰਾ ਫ਼ਰਾਂਜ਼ ਨੂੰ ਕੋਈ ਵਧੀਆ ਸਲਾਹ ਦੇਣ ਲਈ ਕਿਹਾ। ਭਰਾ ਫ਼ਰਾਂਜ਼ ਨੇ ਕਿਹਾ: “ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਹਾਲਾਤ ਭਾਵੇਂ ਸੌਖੇ ਹੋਣ ਜਾਂ ਔਖੇ, ਪਰ ਯਹੋਵਾਹ ਦੇ ਸੰਗਠਨ ਨੂੰ ਕਦੇ ਨਾ ਛੱਡਿਓ। ਇਹੀ ਇਕ ਅਜਿਹਾ ਸੰਗਠਨ ਹੈ ਜਿਹੜਾ ਉਹ ਕੰਮ ਕਰ ਰਿਹਾ ਹੈ ਜਿਸ ਦਾ ਹੁਕਮ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ ਯਾਨੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ।”

ਮੈਨੂੰ ਅਤੇ ਮੇਰੀ ਪਤਨੀ ਨੂੰ ਇਹ ਕੰਮ ਕਰ ਕੇ ਬਹੁਤ ਮਜ਼ਾ ਆਇਆ। ਸਾਡੇ ਕੋਲ ਸ਼ਾਖ਼ਾ ਦਫ਼ਤਰਾਂ ਦੇ ਦੌਰਿਆਂ ਦੀਆਂ ਮਿੱਠੀਆਂ ਯਾਦਾਂ ਹਨ। ਇਨ੍ਹਾਂ ਦੌਰਿਆਂ ਦੌਰਾਨ ਸਾਨੂੰ ਕਈ ਮੌਕੇ ਮਿਲੇ ਕਿ ਅਸੀਂ ਵਫ਼ਾਦਾਰ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਮਿਹਨਤ ਲਈ ਕਦਰ ਦਿਖਾ ਸਕੀਏ। ਨਾਲੇ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਸਕੀਏ ਕਿ ਉਹ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ।

ਸਾਲਾਂ ਦੇ ਸਾਲ ਖੰਭ ਲਾ ਕੇ ਉੱਡ ਗਏ ਅਤੇ ਹੁਣ ਸਾਡੀ ਦੋਵਾਂ ਦੀ ਉਮਰ 80 ਤੋਂ ਜ਼ਿਆਦਾ ਸਾਲਾਂ ਦੀ ਹੈ। ਮੈਰੀ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ। (2 ਕੁਰਿੰ. 12:9) ਮੁਸ਼ਕਲਾਂ ਕਰਕੇ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਈ ਅਤੇ ਖਰਿਆਈ ਬਣਾਈ ਰੱਖਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਇਆ। ਜਦੋਂ ਅਸੀਂ ਆਪਣੀ ਬੀਤੀ ਜ਼ਿੰਦਗੀ ’ਤੇ ਝਾਤ ਮਾਰਦੇ ਹਾਂ, ਤਾਂ ਅਸੀਂ ਅੱਖੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੇ ਕਈ ਤਰੀਕਿਆਂ ਨਾਲ ਸਾਡੇ ’ਤੇ ਆਪਣੀ ਅਪਾਰ ਕਿਰਪਾ ਕੀਤੀ। *

^ ਪੈਰਾ 29 ਜਦ ਇਹ ਲੇਖ ਤਿਆਰ ਕੀਤਾ ਜਾ ਰਿਹਾ ਸੀ, ਤਾਂ 25 ਅਕਤੂਬਰ 2015 ਨੂੰ ਭਰਾ ਡਗਲਸ ਗੈਸਟ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਿਆਂ ਗੁਜ਼ਰ ਗਏ।