ਅਧਿਐਨ ਲਈ ਸੁਝਾਅ
ਅਜਿਹੇ ਹੀਰੇ-ਮੋਤੀ ਲੱਭੋ ਜੋ ਤੁਹਾਡੇ ਕੰਮ ਆਉਣ
ਜਦੋਂ ਅਸੀਂ ਬਾਈਬਲ ਦਾ ਕੋਈ ਵੀ ਹਿੱਸਾ ਪੜ੍ਹਦੇ ਹਾਂ, ਤਾਂ ਉਸ ਬਾਰੇ ਥੋੜ੍ਹੀ ਜਿਹੀ ਖੋਜਬੀਨ ਕਰ ਕੇ ਅਸੀਂ ਉਸ ਵਿਚ ਲੁਕੇ ਹੀਰੇ-ਮੋਤੀ ਲੱਭ ਸਕਦੇ ਹਾਂ। ਪਰ ਇਸ ਤੋਂ ਪੂਰਾ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?
ਬਾਰੀਕੀ ਨਾਲ ਖੋਜਬੀਨ ਕਰੋ। ਮਿਸਾਲ ਲਈ, ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜੋ ਪੜ੍ਹਿਆ ਹੈ, ਉਹ ਗੱਲ ਕਿਸ ਨੇ ਲਿਖੀ, ਕਿਸ ਲਈ ਲਿਖੀ ਅਤੇ ਕਦੋਂ ਲਿਖੀ। ਉਸ ਵੇਲੇ ਹਾਲਾਤ ਕਿਹੋ ਜਿਹੇ ਸਨ, ਉਸ ਤੋਂ ਪਹਿਲਾਂ ਅਤੇ ਬਾਅਦ ਵਿਚ ਕੀ ਹੋਇਆ ਸੀ।
ਸੋਚੋ ਕਿ ਤੁਸੀਂ ਕੀ ਸਿੱਖ ਸਕਦੇ ਹੋ। ਤੁਸੀਂ ਕੁਝ ਅਜਿਹੇ ਸਵਾਲਾਂ ʼਤੇ ਸੋਚ-ਵਿਚਾਰ ਕਰ ਸਕਦੇ ਹੋ: ‘ਇਸ ਘਟਨਾ ਵਿਚ ਜੋ ਪਾਤਰ ਸਨ, ਉਨ੍ਹਾਂ ਨੂੰ ਕਿਵੇਂ ਲੱਗਾ ਹੋਣਾ? ਉਨ੍ਹਾਂ ਵਿਚ ਕਿਹੜੇ ਗੁਣ ਸਨ? ਮੈਨੂੰ ਉਨ੍ਹਾਂ ਵਾਂਗ ਕਿਉਂ ਬਣਨਾ ਚਾਹੀਦਾ ਹੈ ਜਾਂ ਮੈਨੂੰ ਉਨ੍ਹਾਂ ਵਾਂਗ ਕਿਉਂ ਨਹੀਂ ਬਣਨਾ ਚਾਹੀਦਾ?’
ਸਿੱਖੀਆਂ ਗੱਲਾਂ ਲਾਗੂ ਕਰੋ। ਤੁਸੀਂ ਜੋ ਸਿੱਖਿਆ, ਉਸ ਮੁਤਾਬਕ ਪ੍ਰਚਾਰ ਕਰੋ ਜਾਂ ਦੂਜਿਆਂ ਨਾਲ ਪੇਸ਼ ਆਓ। ਯਿਸੂ ਨੇ ਵੀ ਕਿਹਾ ਸੀ: “ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।”—ਯੂਹੰ. 13:17.
-
ਸੁਝਾਅ: ਤੁਸੀਂ ਦੇਖਿਆ ਹੋਣਾ ਕਿ ਸਭਾ ਪੁਸਤਿਕਾ ਵਿਚ “ਰੱਬ ਦਾ ਬਚਨ ਖ਼ਜ਼ਾਨਾ ਹੈ” ਵਾਲੇ ਭਾਗ ਵਿਚ ਬਾਈਬਲ ਦੇ ਇਕ ਹਿੱਸੇ ʼਤੇ ਚਰਚਾ ਕੀਤੀ ਜਾਂਦੀ ਹੈ। ਉਸ ਵਿਚ ਖ਼ੁਦ ਨੂੰ ਪੁੱਛਣ ਲਈ ਕੁਝ ਸਵਾਲ ਜਾਂ ਸੋਚ-ਵਿਚਾਰ ਕਰਨ ਲਈ ਕੁਝ ਨੁਕਤੇ ਅਤੇ ਤਸਵੀਰਾਂ ਦਿੱਤੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਅਸੀਂ ਸਮਝ ਪਾਉਂਦੇ ਹਾਂ ਕਿ ਉਸ ਹਿੱਸੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਤਾਂ ਫਿਰ ਕਿਉਂ ਨਾ ਬਾਈਬਲ ਦਾ ਕੋਈ ਹਿੱਸਾ ਪੜ੍ਹਦੇ ਵੇਲੇ ਖ਼ੁਦ ਤੋਂ ਕੁਝ ਸਵਾਲ ਪੁੱਛੋ ਤੇ ਹੋਰ ਗੱਲਾਂ ʼਤੇ ਸੋਚ-ਵਿਚਾਰ ਕਰੋ?