ਅਧਿਐਨ ਲੇਖ 6
ਗੀਤ 18 ਰਿਹਾਈ ਲਈ ਅਹਿਸਾਨਮੰਦ
ਯਹੋਵਾਹ ਦੀ ਮਾਫ਼ੀ ਲਈ ਸ਼ੁਕਰਗੁਜ਼ਾਰੀ ਦਿਖਾਓ
“ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ।”—ਯੂਹੰ. 3:16.
ਕੀ ਸਿੱਖਾਂਗੇ?
ਅਸੀਂ ਜਾਣਾਂਗੇ ਕਿ ਯਹੋਵਾਹ ਨੇ ਸਾਡੇ ਪਾਪ ਮਾਫ਼ ਕਰਨ ਲਈ ਕਿੰਨਾ ਕੁਝ ਕੀਤਾ ਹੈ। ਇਹ ਜਾਣ ਕੇ ਸਾਡੇ ਦਿਲ ਯਹੋਵਾਹ ਲਈ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰੀ ਨਾਲ ਭਰ ਜਾਣਗੇ।
1-2. ਸਾਡੀ ਹਾਲਤ ਪੈਰੇ ਵਿਚ ਦੱਸੇ ਨੌਜਵਾਨ ਮੁੰਡੇ ਵਾਂਗ ਕਿਵੇਂ ਹੈ?
ਜ਼ਰਾ ਇਕ ਮੁੰਡੇ ਦੀ ਕਲਪਨਾ ਕਰੋ ਜਿਸ ਦੀ ਪਰਵਰਿਸ਼ ਇਕ ਅਮੀਰ ਪਰਿਵਾਰ ਵਿਚ ਹੋਈ ਹੈ। ਇਕ ਦਿਨ ਉਸ ਨੂੰ ਖ਼ਬਰ ਮਿਲਦੀ ਹੈ ਕਿ ਇਕ ਹਾਦਸੇ ਵਿਚ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਫਿਰ ਉਸ ਨੂੰ ਇਕ ਹੋਰ ਗੱਲ ਪਤਾ ਲੱਗਦੀ ਹੈ। ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਦੇ ਮਾਪਿਆਂ ਨੇ ਆਪਣਾ ਸਾਰਾ ਪੈਸਾ ਉਡਾ ਦਿੱਤਾ ਸੀ। ਹੋਰ ਤਾਂ ਹੋਰ ਉਨ੍ਹਾਂ ਨੇ ਬਹੁਤ ਸਾਰਾ ਕਰਜ਼ਾ ਵੀ ਲਿਆ ਸੀ। ਹੁਣ ਮੁੰਡੇ ਨੂੰ ਹੀ ਸਾਰਾ ਕਰਜ਼ਾ ਚੁਕਾਉਣਾ ਪੈਣਾ। ਕਰਜ਼ਾ ਲੈਣ ਵਾਲੇ ਉਸ ਦੇ ਪਿੱਛੇ ਪਏ ਹੋਏ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਮੁੰਡੇ ʼਤੇ ਕੀ ਬੀਤਦੀ ਹੋਣੀ। ਉਸ ਨੂੰ ਵਿਰਾਸਤ ਵਿਚ ਧਨ-ਦੌਲਤ ਮਿਲਣੀ ਸੀ। ਪਰ ਮਿਲਿਆ ਕੀ? ਬਹੁਤ ਜ਼ਿਆਦਾ ਕਰਜ਼ਾ। ਇੰਨਾ ਜ਼ਿਆਦਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਵੀ ਇਸ ਨੂੰ ਚੁਕਾ ਨਹੀਂ ਸਕਦਾ।
2 ਸਾਡੀ ਹਾਲਤ ਵੀ ਇਸ ਮੁੰਡੇ ਵਾਂਗ ਹੈ। ਸਾਡੇ ਮਾਪੇ ਆਦਮ ਤੇ ਹੱਵਾਹ ਮੁਕੰਮਲ ਸਨ ਅਤੇ ਇਕ ਸੋਹਣੇ ਬਾਗ਼ ਵਿਚ ਰਹਿੰਦੇ ਸਨ। (ਉਤ. 1:27; 2:7-9) ਉਨ੍ਹਾਂ ਕੋਲ ਸਾਰਾ ਕੁਝ ਸੀ। ਉਨ੍ਹਾਂ ਕੋਲ ਹਮੇਸ਼ਾ ਤਕ ਜੀਉਣ ਦੀ ਉਮੀਦ ਵੀ ਸੀ। ਪਰ ਫਿਰ ਸਾਰਾ ਕੁਝ ਬਦਲ ਗਿਆ। ਉਨ੍ਹਾਂ ਨੇ ਆਪਣਾ ਬਾਗ਼ ਵਰਗਾ ਸੋਹਣਾ ਘਰ ਅਤੇ ਹਮੇਸ਼ਾ ਤਕ ਜੀਉਣ ਦਾ ਮੌਕਾ ਗੁਆ ਦਿੱਤਾ। ਆਦਮ ਅਤੇ ਹੱਵਾਹ ਨੇ ਆਪਣੇ ਬੱਚਿਆਂ ਨੂੰ ਵਿਰਾਸਤ ਵਿਚ ਕੀ ਦਿੱਤਾ? ਬਾਈਬਲ ਸਾਨੂੰ ਦੱਸਦੀ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀ. 5:12) ਆਦਮ ਨੇ ਸਾਨੂੰ ਵਿਰਾਸਤ ਵਿਚ ਪਾਪ ਦਿੱਤਾ। ਪਾਪ ਕਰਕੇ ਅਸੀਂ ਸਾਰੇ ਮਰਦੇ ਹਾਂ। ਇਹ ਪਾਪ ਇਕ ਅਜਿਹੇ ਕਰਜ਼ੇ ਵਾਂਗ ਹੈ ਜਿਸ ਨੂੰ ਅਸੀਂ ਕਦੇ ਵੀ ਨਹੀਂ ਚੁਕਾ ਸਕਦੇ।—ਜ਼ਬੂ. 49:8.
3. ਸਾਡੇ ਪਾਪਾਂ ਦੀ ਤੁਲਨਾ ਕਰਜ਼ੇ ਨਾਲ ਕਿਉਂ ਕੀਤੀ ਜਾ ਸਕਦੀ ਹੈ?
3 ਯਿਸੂ ਨੇ ਸਾਡੇ ਪਾਪਾਂ ਦੀ ਤੁਲਨਾ “ਕਰਜ਼” ਨਾਲ ਕੀਤੀ ਸੀ। (ਮੱਤੀ 6:12, ਫੁਟਨੋਟ; ਲੂਕਾ 11:4) ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਇਕ ਤਰ੍ਹਾਂ ਨਾਲ ਯਹੋਵਾਹ ਦੇ ਕਰਜ਼ਾਈ ਬਣ ਜਾਂਦੇ ਹਾਂ। ਕਿਸੇ ਦੀ ਮਦਦ ਤੋਂ ਬਗੈਰ ਅਸੀਂ ਇਹ ਕਰਜ਼ਾ ਨਹੀਂ ਚੁਕਾ ਸਕਦੇ। ਇਸ ਲਈ ਇਹ ਕਰਜ਼ਾ ਉਦੋਂ ਹੀ ਉਤਰੇਗਾ ਜਦੋਂ ਸਾਡੀ ਮੌਤ ਹੋਵੇਗੀ।—ਰੋਮੀ. 6:7, 23.
4. (ੳ) ਕਿਸੇ ਦੀ ਮਦਦ ਤੋਂ ਬਗੈਰ ਸਾਡੀ ਹਾਲਤ ਕਿਹੋ ਜਿਹੀ ਹੋਣੀ ਸੀ? (ਜ਼ਬੂਰ 49:7-9) (ਅ) ਬਾਈਬਲ ਵਿਚ “ਪਾਪ” ਸ਼ਬਦ ਦੇ ਕਿਹੜੇ ਮਤਲਬ ਹੋ ਸਕਦੇ ਹਨ? (“ ਪਾਪ” ਨਾਂ ਦੀ ਡੱਬੀ ਦੇਖੋ।)
4 ਆਦਮ ਤੇ ਹੱਵਾਹ ਨੇ ਜੋ ਗੁਆਇਆ, ਉਸ ਨੂੰ ਅਸੀਂ ਆਪਣੇ ਦਮ ʼਤੇ ਵਾਪਸ ਨਹੀਂ ਪਾ ਸਕਦੇ ਸੀ। (ਜ਼ਬੂਰ 49:7-9 ਪੜ੍ਹੋ।) ਕਿਸੇ ਦੀ ਮਦਦ ਤੋਂ ਬਗੈਰ ਨਾ ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਣੀ ਸੀ ਤੇ ਨਾ ਹੀ ਦੁਬਾਰਾ ਜੀਉਂਦੇ ਹੋਣ ਦੀ ਉਮੀਦ। ਸਾਡਾ ਹਾਲ ਜਾਨਵਰਾਂ ਵਾਂਗ ਹੋਣਾ ਸੀ ਜੋ ਪੈਦਾ ਹੁੰਦੇ ਤੇ ਇਕ ਦਿਨ ਮਰ ਜਾਂਦੇ ਹਨ। ਜਾਨਵਰਾਂ ਕੋਲ ਕੋਈ ਉਮੀਦ ਨਹੀਂ ਹੁੰਦੀ।—ਉਪ. 3:19; 2 ਪਤ. 2:12.
5. ਸਾਡੇ ਪਾਪਾਂ ਦਾ ਕਰਜ਼ ਚੁਕਾਉਣ ਲਈ ਸਾਡੇ ਪਿਆਰੇ ਪਿਤਾ ਯਹੋਵਾਹ ਨੇ ਕੀ ਕੀਤਾ? (ਤਸਵੀਰ ਦੇਖੋ।)
5 ਜ਼ਰਾ ਫਿਰ ਉਸ ਮੁੰਡੇ ਬਾਰੇ ਸੋਚੋ। ਮੰਨ ਲਓ, ਇਕ ਅਮੀਰ ਆਦਮੀ ਉਸ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਉਸ ਦਾ ਸਾਰਾ ਕਰਜ਼ਾ ਚੁਕਾ ਦੇਵੇਗਾ। ਇਹ ਸੁਣ ਕੇ ਉਸ ਨੌਜਵਾਨ ਮੁੰਡੇ ਨੂੰ ਕਿੱਦਾਂ ਲੱਗੇਗਾ? ਉਸ ਆਦਮੀ ਲਈ ਉਸ ਦਾ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਵੇਗਾ ਤੇ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀ ਮਦਦ ਕਬੂਲ ਕਰੇਗਾ। ਉਸ ਅਮੀਰ ਆਦਮੀ ਵਾਂਗ ਸਾਡੇ ਪਿਆਰੇ ਪਿਤਾ ਯਹੋਵਾਹ ਨੇ ਵੀ ਸਾਡੇ ਵੱਲ ਮਦਦ ਦਾ ਹੱਥ ਵਧਾਇਆ ਹੈ। ਸਾਡੇ ਪਾਪਾਂ ਦਾ ਕਰਜ਼ ਚੁਕਾਉਣ ਲਈ ਯਹੋਵਾਹ ਨੇ ਕੀ ਕੀਤਾ? ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਨਾਲੇ ਇਸ ਤੋਹਫ਼ੇ ਕਰਕੇ ਸਾਡੇ ਲਈ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਜੋੜਨਾ ਮੁਮਕਿਨ ਹੋਇਆ ਹੈ।
6. ਇਸ ਲੇਖ ਵਿਚ ਅਸੀਂ ਬਾਈਬਲ ਵਿਚ ਦਿੱਤੇ ਕਿਨ੍ਹਾਂ ਸ਼ਬਦਾਂ ਦਾ ਮਤਲਬ ਜਾਣਾਂਗੇ ਅਤੇ ਕਿਉਂ?
6 ਯਹੋਵਾਹ ਨੇ ਸਾਨੂੰ ਜੋ ਤੋਹਫ਼ਾ ਦਿੱਤਾ ਹੈ, ਉਸ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ? ਇਸ ਤੋਹਫ਼ੇ ਨਾਲ ਸਾਡੇ ਕਰਜ਼ ਜਾਂ ਪਾਪ ਕਿੱਦਾਂ ਮਾਫ਼ ਹੋ ਸਕਦੇ ਹਨ? ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ ਸਾਨੂੰ ਬਾਈਬਲ ਵਿਚ ਦਿੱਤੇ ਕੁਝ ਸ਼ਬਦਾਂ ਦਾ ਮਤਲਬ ਸਮਝਣਾ ਪੈਣਾ। ਜਿਵੇਂ, ਸੁਲ੍ਹਾ, ਪਾਪ ਮਿਟਾਉਣੇ, ਰਿਹਾਈ ਦੀ ਕੀਮਤ, ਛੁਡਾਇਆ ਗਿਆ ਅਤੇ ਧਰਮੀ ਠਹਿਰਾਉਣਾ। ਇਸ ਲੇਖ ਵਿਚ ਅਸੀਂ ਇਨ੍ਹਾਂ ਸ਼ਬਦਾਂ ਦਾ ਮਤਲਬ ਜਾਣਾਂਗੇ। ਇਸ ਨਾਲ ਅਸੀਂ ਸਮਝ ਸਕਾਂਗੇ ਕਿ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਯਹੋਵਾਹ ਨੇ ਕਿੰਨਾ ਕੁਝ ਕੀਤਾ ਹੈ ਤੇ ਸਾਡਾ ਦਿਲ ਉਸ ਲਈ ਸ਼ੁਕਰਗੁਜ਼ਾਰੀ ਨਾਲ ਭਰ ਜਾਵੇਗਾ।
ਯਹੋਵਾਹ ਦੀ ਕੀ ਮਰਜ਼ੀ ਹੈ: ਸੁਲ੍ਹਾ ਹੋਵੇ
7. (ੳ) ਆਦਮ ਤੇ ਹੱਵਾਹ ਨੇ ਹੋਰ ਕੀ ਗੁਆ ਦਿੱਤਾ? (ਅ) ਆਦਮ ਤੇ ਹੱਵਾਹ ਦੇ ਬੱਚੇ ਹੋਣ ਕਰਕੇ ਸਾਡੇ ਲਈ ਕਿਹੜੀ ਗੱਲ ਬਹੁਤ ਜ਼ਰੂਰੀ ਹੈ? (ਰੋਮੀਆਂ 5:10, 11)
7 ਹਮੇਸ਼ਾ ਦੀ ਜ਼ਿੰਦਗੀ ਜੀਉਣ ਦਾ ਮੌਕਾ ਗੁਆਉਣ ਦੇ ਨਾਲ-ਨਾਲ ਆਦਮ ਤੇ ਹੱਵਾਹ ਨੇ ਆਪਣੇ ਪਿਤਾ ਯਹੋਵਾਹ ਨਾਲ ਆਪਣਾ ਅਨਮੋਲ ਰਿਸ਼ਤਾ ਵੀ ਗੁਆ ਦਿੱਤਾ। ਸ਼ੁਰੂ ਵਿਚ ਆਦਮ ਤੇ ਹੱਵਾਹ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਸਨ। (ਲੂਕਾ 3:38) ਪਰ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚੋਂ ਬੇਦਖ਼ਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਹੋਏ। (ਉਤ. 3:23, 24; 4:1) ਅਸੀਂ ਉਨ੍ਹਾਂ ਦੇ ਬੱਚੇ ਹਾਂ ਜਿਸ ਕਰਕੇ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਨਹੀਂ ਹਾਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਨਾਲ ਸਾਡੀ ਸੁਲ੍ਹਾ ਹੋਵੇ ਯਾਨੀ ਉਸ ਨਾਲ ਸਾਡਾ ਚੰਗਾ ਰਿਸ਼ਤਾ ਹੋਵੇ। (ਰੋਮੀਆਂ 5:10, 11 ਪੜ੍ਹੋ।) ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਜਿਸ ਸ਼ਬਦ ਦਾ ਅਨੁਵਾਦ “ਸੁਲ੍ਹਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੋ ਸਕਦਾ ਹੈ, “ਇਕ ਦੁਸ਼ਮਣ ਨੂੰ ਦੋਸਤ ਬਣਾਉਣਾ।” ਪਰ ਕਮਾਲ ਦੀ ਗੱਲ ਹੈ ਕਿ ਯਹੋਵਾਹ ਨੇ ਖ਼ੁਦ ਸਾਡੇ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਕਿਵੇਂ?
ਉਸ ਨੇ ਕੀ ਕੀਤਾ: ਪਾਪ ਮਿਟਾਉਣ ਦਾ ਪ੍ਰਬੰਧ
8. ਪਾਪ ਮਿਟਾਉਣ ਦਾ ਪ੍ਰਬੰਧ ਕੀ ਹੈ?
8 ਸਾਡੇ ਵਰਗੇ ਪਾਪੀ ਇਨਸਾਨਾਂ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਯਹੋਵਾਹ ਨੇ ਇਕ ਪ੍ਰਬੰਧ ਕੀਤਾ। ਇਹ ਸੀ, ਪਾਪ ਮਿਟਾਉਣ ਦਾ ਪ੍ਰਬੰਧ। ਇਸ ਪ੍ਰਬੰਧ ਮੁਤਾਬਕ ਇਕ ਚੀਜ਼ ਦੇ ਬਦਲੇ ਦੂਜੀ ਚੀਜ਼ ਦਿੱਤੀ ਜਾਂਦੀ ਹੈ ਜਿਸ ਦੀ ਕੀਮਤ ਬਰਾਬਰ ਹੁੰਦੀ ਹੈ। ਆਦਮ ਨੇ ਜੋ ਗੁਆਇਆ ਸੀ, ਉਸ ਨੂੰ ਦੁਬਾਰਾ ਪਾਉਣ ਲਈ ਯਹੋਵਾਹ ਨੇ ਬਰਾਬਰ ਦੀ ਕੀਮਤ ਚੁਕਾਈ। ਨਾਲੇ ਇਸ ਪ੍ਰਬੰਧ ਕਰਕੇ ਇਨਸਾਨਾਂ ਲਈ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਜੋੜਨਾ ਮੁਮਕਿਨ ਹੋਇਆ ਹੈ ਅਤੇ ਉਹ ਦੁਬਾਰਾ ਤੋਂ ਉਸ ਦੇ ਦੋਸਤ ਬਣ ਸਕਦੇ ਹਨ।—ਰੋਮੀ. 3:25.
9. ਇਜ਼ਰਾਈਲੀਆਂ ਦੇ ਪਾਪ ਮਾਫ਼ ਕਰਨ ਲਈ ਯਹੋਵਾਹ ਨੇ ਕੁਝ ਸਮੇਂ ਲਈ ਕਿਹੜਾ ਪ੍ਰਬੰਧ ਕੀਤਾ ਸੀ?
9 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਦੇ ਪਾਪ ਮਾਫ਼ ਕਰਨ ਲਈ ਇਕ ਪ੍ਰਬੰਧ ਕੀਤਾ ਸੀ। ਇਸ ਪ੍ਰਬੰਧ ਕਰਕੇ ਉਹ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕਦੇ ਸਨ। ਇਹ ਪ੍ਰਬੰਧ ਕੁਝ ਸਮੇਂ ਲਈ ਸੀ ਤੇ ਇਸ ਨੂੰ ਪਾਪ ਮਿਟਾਉਣ ਦਾ ਦਿਨ ਕਿਹਾ ਜਾਂਦਾ ਸੀ। ਇਜ਼ਰਾਈਲੀ ਹਰ ਸਾਲ ਇਹ ਖ਼ਾਸ ਦਿਨ ਮਨਾਉਂਦੇ ਸਨ। ਇਸ ਦਿਨ ਮਹਾਂ ਪੁਜਾਰੀ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦਾ ਸੀ। ਪਰ ਇਨ੍ਹਾਂ ਬਲ਼ੀਆਂ ਕਰਕੇ ਇਜ਼ਰਾਈਲੀਆਂ ਨੂੰ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਨਹੀਂ ਮਿਲ ਸਕਦੀ ਸੀ। ਕਿਉਂ? ਕਿਉਂਕਿ ਜਾਨਵਰ ਇਨਸਾਨਾਂ ਤੋਂ ਨੀਵੇਂ ਦਰਜੇ ਦੇ ਹਨ। ਪਰ ਜੇ ਇਕ ਇਜ਼ਰਾਈਲੀ ਦਿਲੋਂ ਤੋਬਾ ਕਰਦਾ ਸੀ ਅਤੇ ਕਾਨੂੰਨ ਅਨੁਸਾਰ ਬਲ਼ੀਆਂ ਚੜ੍ਹਾਉਂਦਾ ਸੀ, ਤਾਂ ਯਹੋਵਾਹ ਉਸ ਦੇ ਪਾਪ ਮਾਫ਼ ਕਰ ਦਿੰਦਾ ਸੀ। (ਇਬ. 10:1-4) ਨਾਲੇ ਜਦੋਂ ਪਾਪ ਮਿਟਾਉਣ ਦੇ ਦਿਨ ਜਾਂ ਹੋਰ ਮੌਕਿਆਂ ʼਤੇ ਇਜ਼ਰਾਈਲੀ ਬਲ਼ੀਆਂ ਚੜ੍ਹਾਉਂਦੇ ਸਨ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਸੀ ਕਿ ਉਹ ਪਾਪੀ ਹਨ ਅਤੇ ਉਨ੍ਹਾਂ ਨੂੰ ਇਕ ਬਿਹਤਰ ਬਲ਼ੀ ਦੀ ਲੋੜ ਹੈ। ਇਕ ਅਜਿਹੀ ਬਲ਼ੀ ਦੀ ਜਿਸ ਨਾਲ ਉਨ੍ਹਾਂ ਦੇ ਪਾਪ ਪੂਰੀ ਤਰ੍ਹਾਂ ਮਾਫ਼ ਕੀਤੇ ਜਾ ਸਕਦੇ ਸਨ।
10. ਯਹੋਵਾਹ ਨੇ ਸਾਡੇ ਪਾਪਾਂ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਲਈ ਕਿਹੜਾ ਪ੍ਰਬੰਧ ਕੀਤਾ?
10 ਯਹੋਵਾਹ ਨੇ ਕਿਹੜਾ ਪ੍ਰਬੰਧ ਕੀਤਾ ਤਾਂਕਿ ਸਾਨੂੰ ਸਾਡੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਮਿਲ ਸਕੇ? ਉਸ ਨੇ ਪ੍ਰਬੰਧ ਕੀਤਾ ਕਿ ਉਸ ਦਾ ਪਿਆਰਾ ਪੁੱਤਰ ‘ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਵੇ।’ (ਇਬ. 9:28) ਯਿਸੂ ਨੇ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ” ਕਰ ਦਿੱਤੀ। (ਮੱਤੀ 20:28) ਰਿਹਾਈ ਦੀ ਕੀਮਤ ਕੀ ਹੈ?
ਉਸ ਨੇ ਕਿਹੜੀ ਕੀਮਤ ਚੁਕਾਈ: ਰਿਹਾਈ ਦੀ ਕੀਮਤ
11. (ੳ) ਬਾਈਬਲ ਅਨੁਸਾਰ ਰਿਹਾਈ ਦੀ ਕੀਮਤ ਕੀ ਹੈ? (ਅ) ਰਿਹਾਈ ਦੀ ਕੀਮਤ ਦੇਣ ਵਾਲੇ ਵਿਅਕਤੀ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਸੀ?
11 ਬਾਈਬਲ ਅਨੁਸਾਰ ਰਿਹਾਈ ਦੀ ਕੀਮਤ ਉਹ ਕੀਮਤ ਹੈ ਜੋ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਅਤੇ ਸਾਡੇ ਪਾਪ ਮਿਟਾਉਣ ਲਈ ਦਿੱਤੀ ਜਾਣੀ ਸੀ। a ਰਿਹਾਈ ਦੀ ਕੀਮਤ ਕਰਕੇ ਸਾਨੂੰ ਉਹ ਸਭ ਵਾਪਸ ਮਿਲ ਸਕਦਾ ਸੀ ਜੋ ਆਦਮ ਨੇ ਗੁਆਇਆ ਸੀ। ਪਰ ਉਸ ਨੇ ਕੀ ਗੁਆਇਆ ਸੀ? ਆਦਮ ਤੇ ਹੱਵਾਹ ਮੁਕੰਮਲ ਸਨ ਅਤੇ ਉਨ੍ਹਾਂ ਕੋਲ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਸੀ। ਪਰ ਉਨ੍ਹਾਂ ਨੇ ਇਹ ਸਭ ਕੁਝ ਗੁਆ ਦਿੱਤਾ। ਇਸ ਲਈ ਜਿਸ ਨੇ ਵੀ ਰਿਹਾਈ ਦੀ ਕੀਮਤ ਦੇਣੀ ਸੀ, ਉਸ ਨੂੰ ਬਿਲਕੁਲ ਆਦਮ ਵਾਂਗ ਹੋਣਾ ਚਾਹੀਦਾ ਸੀ ਯਾਨੀ ਉਸ ਕੋਲ ਉਹ ਸਭ ਕੁਝ ਹੋਣਾ ਚਾਹੀਦਾ ਸੀ ਜੋ ਆਦਮ ਨੇ ਗੁਆਇਆ ਸੀ। (1 ਤਿਮੋ. 2:6) ਇਸ ਦਾ ਮਤਲਬ ਹੈ ਕਿ ਸਿਰਫ਼ ਉਹੀ ਆਦਮੀ ਰਿਹਾਈ ਦੀ ਕੀਮਤ ਦੇ ਸਕਦਾ ਸੀ (1) ਜੋ ਮੁਕੰਮਲ ਹੁੰਦਾ, (2) ਜੋ ਧਰਤੀ ʼਤੇ ਹਮੇਸ਼ਾ ਲਈ ਜੀ ਸਕਦਾ ਅਤੇ (3) ਜੋ ਸਾਡੇ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਤਿਆਰ ਹੁੰਦਾ। ਇਸ ਤਰ੍ਹਾਂ ਦੇ ਆਦਮੀ ਦੀ ਕੁਰਬਾਨੀ ਨਾਲ ਹੀ ਸਾਨੂੰ ਉਹ ਸਭ ਕੁਝ ਵਾਪਸ ਮਿਲ ਸਕਦਾ ਸੀ ਜੋ ਆਦਮ ਨੇ ਗੁਆਇਆ ਸੀ।
12. ਸਿਰਫ਼ ਯਿਸੂ ਹੀ ਰਿਹਾਈ ਦੀ ਕੀਮਤ ਕਿਉਂ ਦੇ ਸਕਦਾ ਸੀ?
12 ਸਿਰਫ਼ ਯਿਸੂ ਹੀ ਰਿਹਾਈ ਦੀ ਕੀਮਤ ਦੇ ਸਕਦਾ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ (1) ਉਹ ਮੁਕੰਮਲ ਸੀ ਯਾਨੀ “ਉਸ ਨੇ ਕੋਈ ਪਾਪ ਨਹੀਂ ਕੀਤਾ” ਸੀ। (1 ਪਤ. 2:22) (2) ਮੁਕੰਮਲ ਹੋਣ ਕਰਕੇ ਉਹ ਧਰਤੀ ʼਤੇ ਹਮੇਸ਼ਾ ਲਈ ਜੀ ਸਕਦਾ ਸੀ ਅਤੇ (3) ਉਹ ਸਾਡੇ ਲਈ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ ਸੀ। (ਇਬ. 10:9, 10) ਆਦਮ ਵਾਂਗ ਮੁਕੰਮਲ ਹੋਣ ਕਰਕੇ ਉਹ ਆਪਣੀ ਜਾਨ ਦੇ ਕੇ ਰਿਹਾਈ ਦੀ ਕੀਮਤ ਅਦਾ ਕਰ ਸਕਦਾ ਸੀ। (1 ਕੁਰਿੰ. 15:45) ਆਦਮ ਨੇ ਜੋ ਗੁਆਇਆ ਸੀ, ਉਸ ਨੂੰ ਵਾਪਸ ਦਿਵਾ ਸਕਦਾ ਸੀ। (ਰੋਮੀ. 5:19) ਇਸ ਕਰਕੇ ਬਾਈਬਲ ਵਿਚ ਯਿਸੂ ਨੂੰ “ਆਖ਼ਰੀ ਆਦਮ” ਕਿਹਾ ਗਿਆ ਹੈ। ਉਸ ਨੇ “ਇੱਕੋ ਵਾਰ ਹਮੇਸ਼ਾ ਲਈ ਬਲ਼ੀ” ਚੜ੍ਹਾਈ, ਇਸ ਲਈ ਹੁਣ ਸਾਨੂੰ ਕਿਸੇ ਹੋਰ ਮੁਕੰਮਲ ਆਦਮੀ ਦੀ ਕੁਰਬਾਨੀ ਦੀ ਲੋੜ ਨਹੀਂ ਹੈ।—ਇਬ. 7:27; 10:12.
13. ਯਹੋਵਾਹ ਨੇ ਕੀ ਕੀਤਾ ਤਾਂਕਿ ਅਸੀਂ ਉਸ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕੀਏ?
13 ਪਾਪ ਮਿਟਾਉਣ ਦੇ ਪ੍ਰਬੰਧ ਰਾਹੀਂ ਯਹੋਵਾਹ ਨੇ ਇਨਸਾਨਾਂ ਲਈ ਇਕ ਰਾਹ ਖੋਲ੍ਹਿਆ। ਇਸ ਰਾਹੀਂ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ ਅਤੇ ਅਸੀਂ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਜੋੜ ਸਕਦੇ ਹਾਂ। ਪਰ ਪਾਪ ਮਿਟਾਉਣ ਦੇ ਇਸ ਪ੍ਰਬੰਧ ਤੋਂ ਫ਼ਾਇਦਾ ਪਾਉਣ ਲਈ ਰਿਹਾਈ ਦੀ ਕੀਮਤ ਚੁਕਾਉਣੀ ਜ਼ਰੂਰੀ ਸੀ। ਯਿਸੂ ਨੇ ਸਾਡੀ ਖ਼ਾਤਰ ਆਪਣਾ ਲਹੂ ਵਹਾ ਕੇ ਇਹ ਕੀਮਤ ਚੁਕਾਈ। (ਅਫ਼. 1:7; ਇਬ. 9:14) ਇਸ ਦਾ ਕੀ ਨਤੀਜਾ ਨਿਕਲਿਆ? ਆਓ ਦੇਖੀਏ।
ਸਾਨੂੰ ਕਿਹੜੇ ਫ਼ਾਇਦੇ ਹੋਏ: ਛੁਡਾਏ ਗਏ ਤੇ ਧਰਮੀ ਠਹਿਰਾਏ ਗਏ
14. ਹੁਣ ਅਸੀਂ ਕੀ ਚਰਚਾ ਕਰਾਂਗੇ ਅਤੇ ਕਿਉਂ?
14 ਪਾਪ ਮਿਟਾਉਣ ਦੇ ਪ੍ਰਬੰਧ ਤੋਂ ਸਾਨੂੰ ਕਈ ਫ਼ਾਇਦੇ ਹੁੰਦੇ ਹਨ। ਇਹ ਸਮਝਣ ਲਈ ਆਓ ਆਪਾਂ ਬਾਈਬਲ ਵਿਚ ਦਿੱਤੇ ਕੁਝ ਸ਼ਬਦਾਂ ʼਤੇ ਧਿਆਨ ਦੇਈਏ। ਇਹ ਸ਼ਬਦ ਹਨ, ਛੁਡਾਏ ਗਏ ਅਤੇ ਧਰਮੀ ਠਹਿਰਾਏ ਗਏ। ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝ ਕੇ ਅਸੀਂ ਜਾਣ ਸਕਾਂਗੇ ਕਿ ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ।
15-16. (ੳ) ਰਿਹਾਈ ਦੀ ਕੀਮਤ ਤੋਂ ਸਾਨੂੰ ਕੀ ਫ਼ਾਇਦਾ ਹੋਇਆ ਹੈ? (ਅ) ਤੁਹਾਨੂੰ ਇਸ ਬਾਰੇ ਜਾਣ ਕੇ ਕਿੱਦਾਂ ਲੱਗਦਾ ਹੈ ਕਿ ਤੁਸੀਂ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਸਕਦੇ ਹੋ?
15 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਰਿਹਾਈ ਦੀ ਕੀਮਤ ਦੇ ਕੇ ਛੁਡਾਇਆ ਗਿਆ ਜਾਂ ਆਜ਼ਾਦ ਕੀਤਾ ਗਿਆ ਹੈ। ਪਤਰਸ ਰਸੂਲ ਨੇ ਇਸ ਬਾਰੇ ਲਿਖਿਆ: “ਤੁਸੀਂ ਜਾਣਦੇ ਹੋ ਕਿ ਤੁਸੀਂ ਪਹਿਲਾਂ ਆਪਣੇ ਪਿਉ-ਦਾਦਿਆਂ ਵਾਂਗ ਜੋ ਵਿਅਰਥ ਜੀਵਨ ਜੀਉਂਦੇ ਸੀ, ਉਸ ਤੋਂ ਤੁਹਾਨੂੰ ਚਾਂਦੀ ਜਾਂ ਸੋਨੇ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਛੁਡਾਇਆ ਗਿਆ ਸੀ [ਯੂਨਾ, “ਰਿਹਾ ਕਰਾਇਆ ਗਿਆ ਸੀ।”]। ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ ਯਾਨੀ ਮਸੀਹ ਦੇ ਅਨਮੋਲ ਲਹੂ ਦੁਆਰਾ ਛੁਡਾਇਆ ਗਿਆ ਸੀ।”—1 ਪਤ. 1:18, 19; ਫੁਟਨੋਟ।
16 ਰਿਹਾਈ ਦੀ ਕੀਮਤ ਕਰਕੇ ਅਸੀਂ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਸਕਦੇ ਹਾਂ। (ਰੋਮੀ. 5:21) ਯਿਸੂ ਨੇ ਸਾਡੇ ਲਈ ਆਪਣਾ ਅਨਮੋਲ ਲਹੂ ਵਹਾਇਆ ਜਿਸ ਦੇ ਆਧਾਰ ਤੇ ਸਾਨੂੰ ਛੁਡਾਇਆ ਗਿਆ। ਇਸ ਲਈ ਅਸੀਂ ਯਹੋਵਾਹ ਤੇ ਯਿਸੂ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ।—1 ਕੁਰਿੰ. 15:22.
17-18. (ੳ) ਧਰਮੀ ਠਹਿਰਾਏ ਜਾਣ ਦਾ ਕੀ ਮਤਲਬ ਹੈ? (ਅ) ਧਰਮੀ ਠਹਿਰਾਏ ਜਾਣ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
17 ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਸੇਵਕਾਂ ਨੂੰ ਧਰਮੀ ਠਹਿਰਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਉਸ ਨੇ ਸਾਡੇ ʼਤੇ ਲੱਗੇ ਸਾਰੇ ਦੋਸ਼ਾਂ ਤੋਂ ਸਾਨੂੰ ਬਰੀ ਕਰ ਦਿੱਤਾ ਹੈ ਅਤੇ ਸਾਡੇ ਪਾਪਾਂ ਨੂੰ ਪੂਰੀ ਮਿਟਾ ਦਿੱਤਾ ਹੈ। ਕੀ ਇੱਦਾਂ ਕਰ ਕੇ ਉਹ ਆਪਣੇ ਧਰਮੀ ਮਿਆਰਾਂ ਨਾਲ ਸਮਝੌਤਾ ਕਰਦਾ ਹੈ? ਨਹੀਂ। ਇੱਦਾਂ ਨਹੀਂ ਹੈ ਕਿ ਉਹ ਸਾਡੇ ਪਾਪਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜਾਂ ਸਾਡੇ ਚੰਗੇ ਕੰਮਾਂ ਕਰਕੇ ਸਾਨੂੰ ਧਰਮੀ ਠਹਿਰਾਉਂਦਾ ਹੈ। ਇਸ ਦੀ ਬਜਾਇ, ਯਹੋਵਾਹ ਸਾਡੇ ਕਰਜ਼ ਜਾਂ ਪਾਪ ਇਸ ਕਰਕੇ ਮਾਫ਼ ਕਰਦਾ ਹੈ ਕਿਉਂਕਿ ਰਿਹਾਈ ਦੀ ਕੀਮਤ ਚੁਕਾ ਦਿੱਤੀ ਗਈ ਹੈ ਅਤੇ ਅਸੀਂ ਪਾਪ ਮਿਟਾਏ ਜਾਣ ਦੇ ਪ੍ਰਬੰਧ ʼਤੇ ਨਿਹਚਾ ਕਰਦੇ ਹਾਂ।—ਰੋਮੀ. 3:24; ਗਲਾ. 2:16.
18 ਯਹੋਵਾਹ ਨੇ ਸਾਨੂੰ ਧਰਮੀ ਠਹਿਰਾਇਆ ਹੈ। ਇਸ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ? ਯਹੋਵਾਹ ਨੇ ਜਿਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਹੈ, ਉਨ੍ਹਾਂ ਨੂੰ ਉਸ ਨੇ ਆਪਣੇ ਬੱਚੇ ਕਿਹਾ ਹੈ। (ਤੀਤੁ. 3:7; 1 ਯੂਹੰ. 3:1) ਯਹੋਵਾਹ ਨੇ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਹਨ। ਇਹ ਇੱਦਾਂ ਹੈ ਜਿੱਦਾਂ ਉਸ ਨੇ ਉਨ੍ਹਾਂ ʼਤੇ ਲੱਗੇ ਸਾਰੇ ਦੋਸ਼ਾਂ ਤੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਹੋਵੇ। ਇਸੇ ਕਰਕੇ ਉਹ ਸਵਰਗ ਵਿਚ ਜਾ ਕੇ ਯਿਸੂ ਨਾਲ ਰਾਜ ਕਰ ਸਕਦੇ ਹਨ। (ਰੋਮੀ. 8:1, 2, 30) ਜਿਨ੍ਹਾਂ ਕੋਲ ਧਰਤੀ ʼਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਹੈ, ਉਸ ਨੇ ਉਨ੍ਹਾਂ ਦੇ ਪਾਪ ਮਾਫ਼ ਕੀਤੇ ਹਨ ਅਤੇ ਉਨ੍ਹਾਂ ਨੂੰ ਆਪਣੇ ਦੋਸਤ ਬਣਾਇਆ ਹੈ। (ਯਾਕੂ. 2:21-23) ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੀ ਵੱਡੀ ਭੀੜ ਕੋਲ ਧਰਤੀ ʼਤੇ ਹਮੇਸ਼ਾ-ਹਮੇਸ਼ਾ ਲਈ ਜੀਉਣ ਦਾ ਮੌਕਾ ਹੋਵੇਗਾ। (ਯੂਹੰ. 11:26) ਜਿਹੜੇ “ਧਰਮੀ” ਅਤੇ “ਕੁਧਰਮੀ” ਲੋਕ ਮੌਤ ਦੀ ਨੀਂਦ ਸੁੱਤੇ ਪਏ ਹਨ, ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ। (ਰਸੂ. 24:15; ਯੂਹੰ. 5:28, 29) ਅਖ਼ੀਰ ਵਿਚ, ਧਰਤੀ ʼਤੇ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕ ‘ਪਰਮੇਸ਼ੁਰ ਦੇ ਬੱਚੇ ਹੋਣ ਦੀ ਸ਼ਾਨਦਾਰ ਆਜ਼ਾਦੀ ਪਾਉਣਗੇ।’ (ਰੋਮੀ. 8:21) ਪਾਪ ਮਿਟਾਏ ਜਾਣ ਦੇ ਪ੍ਰਬੰਧ ਕਰਕੇ ਸਾਡੀ ਆਪਣੇ ਪਿਤਾ ਯਹੋਵਾਹ ਨਾਲ ਸੁਲ੍ਹਾ ਹੋ ਜਾਵੇਗੀ। ਸਾਨੂੰ ਕਿੰਨੀਆਂ ਹੀ ਬਰਕਤਾਂ ਮਿਲਣ ਵਾਲੀਆਂ ਹਨ!
19. ਯਹੋਵਾਹ ਤੇ ਯਿਸੂ ਨੇ ਸਾਡੇ ਲਈ ਜੋ ਕੀਤਾ, ਉਸ ਕਰਕੇ ਸਾਡੀ ਜ਼ਿੰਦਗੀ ਕਿਵੇਂ ਬਦਲ ਗਈ? (“ ਸਾਨੂੰ ਮਾਫ਼ ਕਰਨ ਲਈ ਯਹੋਵਾਹ ਨੇ ਕੀ ਕੀਤਾ ਹੈ?” ਨਾਂ ਦੀ ਡੱਬੀ ਵੀ ਦੇਖੋ।)
19 ਜ਼ਰਾ ਇਕ ਵਾਰ ਫਿਰ ਤੋਂ ਉਸ ਮੁੰਡੇ ਬਾਰੇ ਸੋਚੋ ਜਿਸ ਨੇ ਆਪਣਾ ਸਭ ਕੁਝ ਗੁਆ ਦਿੱਤਾ ਸੀ। ਉਸ ਦੇ ਸਿਰ ʼਤੇ ਇੰਨਾ ਜ਼ਿਆਦਾ ਕਰਜ਼ਾ ਸੀ ਕਿ ਉਹ ਉਸ ਨੂੰ ਕਦੇ ਵੀ ਚੁਕਾ ਨਹੀਂ ਸਕਦਾ ਸੀ। ਸਾਡੀ ਹਾਲਤ ਵੀ ਉਸ ਮੁੰਡੇ ਵਾਂਗ ਸੀ। ਪਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਡੇ ਵੱਲ ਮਦਦ ਦਾ ਹੱਥ ਵਧਾਇਆ। ਪਾਪ ਮਿਟਾਏ ਜਾਣ ਦੇ ਪ੍ਰਬੰਧ ਅਤੇ ਰਿਹਾਈ ਦੀ ਕੀਮਤ ਚੁਕਾਉਣ ਕਰਕੇ ਸਾਡੀ ਜ਼ਿੰਦਗੀ ਬਦਲ ਗਈ। ਯਿਸੂ ਦੀ ਕੁਰਬਾਨੀ ʼਤੇ ਨਿਹਚਾ ਕਰਨ ਕਰਕੇ ਸਾਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ। ਇੰਨਾ ਹੀ ਨਹੀਂ, ਸਾਡੇ ਪਾਪ ਮਾਫ਼ ਕੀਤੇ ਗਏ ਅਤੇ ਸਾਨੂੰ ਸਾਡੇ ਦੋਸ਼ਾਂ ਤੋਂ ਬਰੀ ਕੀਤਾ ਗਿਆ। ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਕਰਕੇ ਸਾਡਾ ਆਪਣੇ ਪਿਤਾ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਹੈ।
20. ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?
20 ਯਹੋਵਾਹ ਤੇ ਯਿਸੂ ਨੇ ਸਾਡੇ ਲਈ ਜੋ ਕੀਤਾ, ਉਸ ʼਤੇ ਸੋਚ-ਵਿਚਾਰ ਕਰ ਕੇ ਸਾਡੇ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਹਨ। (2 ਕੁਰਿੰ. 5:15) ਉਨ੍ਹਾਂ ਦੀ ਮਦਦ ਤੋਂ ਬਿਨਾਂ ਸਾਡੇ ਕੋਲ ਕੋਈ ਉਮੀਦ ਨਹੀਂ ਹੋਣੀ ਸੀ। ਅਗਲੇ ਲੇਖ ਵਿਚ ਅਸੀਂ ਬਾਈਬਲ ਵਿਚ ਦਿੱਤੀਆਂ ਕੁਝ ਮਿਸਾਲਾਂ ʼਤੇ ਚਰਚਾ ਕਰਾਂਗੇ ਤੇ ਜਾਣਾਂਗੇ ਕਿ ਯਹੋਵਾਹ ਸਾਨੂੰ ਕਿੱਦਾਂ ਮਾਫ਼ ਕਰਦਾ ਹੈ।
ਗੀਤ 10 ਯਹੋਵਾਹ ਦੀ ਜੈ-ਜੈ ਕਾਰ ਕਰੋ!
a ਕੁਝ ਭਾਸ਼ਾਵਾਂ ਵਿਚ “ਰਿਹਾਈ ਦੀ ਕੀਮਤ” ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਗਿਆ ਹੈ, “ਜਾਨ ਦੀ ਕੀਮਤ” ਜਾਂ “ਭੁਗਤਾਨ।”