ਪਾਠਕਾਂ ਵੱਲੋਂ ਸਵਾਲ
ਇਹ ਜਾਣਨ ਵਿਚ ਕਿਹੜੀਆਂ ਗੱਲਾਂ ਮਸੀਹੀਆਂ ਦੀ ਮਦਦ ਕਰ ਸਕਦੀਆਂ ਹਨ ਕਿ ਸਰਕਾਰੀ ਕਰਮਚਾਰੀਆਂ ਨੂੰ ਤੋਹਫ਼ੇ ਜਾਂ ਪੈਸੇ ਦੇਣੇ ਸਹੀ ਹਨ ਜਾਂ ਨਹੀਂ?
ੲਸ ਸਵਾਲ ਦਾ ਜਵਾਬ ਜਾਣਨ ਲਈ ਬਹੁਤ ਸਾਰੀਆਂ ਗੱਲਾਂ ’ਤੇ ਧਿਆਨ ਦੇਣ ਦੀ ਲੋੜ ਹੈ। ਮਸੀਹੀਆਂ ਨੂੰ ਈਮਾਨਦਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਦੇਸ਼ ਦੀ ਸਰਕਾਰ ਦੇ ਅਧੀਨ ਰਹਿਣ ਜਦ ਤਕ ਸਰਕਾਰ ਦੇ ਕਾਨੂੰਨ ਯਹੋਵਾਹ ਦੇ ਕਾਨੂੰਨਾਂ ਨਾਲ ਨਹੀਂ ਟਕਰਾਉਂਦੇ। (ਮੱਤੀ 22:21; ਰੋਮੀ. 13:1, 2; ਇਬ. 13:18) ਮਸੀਹੀ ਆਪਣੇ ਦੇਸ਼ ਦੇ ਤੌਰ-ਤਰੀਕਿਆਂ ਦਾ ਆਦਰ ਕਰਦੇ ਹਨ ਅਤੇ ‘ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਦੇ ਹਨ ਜਿਵੇਂ ਉਹ ਆਪਣੇ ਆਪ ਨੂੰ ਕਰਦੇ ਹਨ।’ (ਮੱਤੀ 22:39; ਰੋਮੀ. 12:17, 18; 1 ਥੱਸ. 4:11, 12) ਇਨ੍ਹਾਂ ਅਸੂਲਾਂ ਦੇ ਆਧਾਰ ’ਤੇ ਤੋਹਫ਼ੇ ਜਾਂ ਪੈਸੇ ਦੇਣ ਦੇ ਮਾਮਲੇ ਬਾਰੇ ਦੁਨੀਆਂ ਭਰ ਵਿਚ ਰਹਿੰਦੇ ਮਸੀਹੀਆਂ ਦੇ ਅਲੱਗ-ਅਲੱਗ ਵਿਚਾਰ ਹੋ ਸਕਦੇ ਹਨ।
ਕਈ ਦੇਸ਼ਾਂ ਵਿਚ ਇਕ ਵਿਅਕਤੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਕੁਝ ਦਿੱਤੇ ਆਪਣਾ ਕੰਮ ਕਰਾਉਣ ਦਾ ਹੱਕ ਹੈ। ਸਰਕਾਰੀ ਕਰਮਚਾਰੀਆਂ ਨੂੰ ਆਪਣੇ ਕੰਮ ਦੀ ਤਨਖ਼ਾਹ ਸਰਕਾਰ ਤੋਂ ਮਿਲਦੀ ਹੈ। ਉਹ ਤਨਖ਼ਾਹ ਲੈਣ ਤੋਂ ਇਲਾਵਾ ਨਾ ਤਾਂ ਕਿਸੇ ਤੋਂ ਕੁਝ ਮੰਗਦੇ ਹਨ ਤੇ ਨਾ ਹੀ ਇਸ ਦੀ ਉਮੀਦ ਰੱਖਦੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਜੇ ਕੋਈ ਸਰਕਾਰੀ ਕਰਮਚਾਰੀ ਕੰਮ ਕਰਨ ਦੇ ਬਦਲੇ ਵਿਚ ਕਿਸੇ ਤੋਂ ਕੁਝ ਮੰਗਦਾ ਜਾਂ ਲੈਂਦਾ ਹੈ, ਤਾਂ ਇਹ ਗ਼ੈਰ-ਕਾਨੂੰਨੀ ਹੈ। ਇੱਥੋਂ ਤਕ ਕਿ ਕਈ ਦੇਸ਼ਾਂ ਵਿਚ ਜੇ ਕੋਈ ਵਿਅਕਤੀ ਆਪਣੀ ਖ਼ੁਸ਼ੀ ਨਾਲ ਕਿਸੇ ਸਰਕਾਰੀ ਕਰਮਚਾਰੀ ਨੂੰ ਪੈਸੇ ਜਾਂ ਤੋਹਫ਼ੇ ਦਿੰਦਾ ਹੈ, ਤਾਂ ਉਸ ਸਰਕਾਰੀ ਕਰਮਚਾਰੀ ਲਈ ਇਹ ਤੋਹਫ਼ੇ ਜਾਂ ਪੈਸੇ ਲੈਣੇ ਗ਼ੈਰ-ਕਾਨੂੰਨੀ ਹਨ। ਇਸ ਤਰ੍ਹਾਂ ਦੇ ਤੋਹਫ਼ੇ ਨੂੰ ਰਿਸ਼ਵਤ ਮੰਨਿਆ ਜਾਂਦਾ ਹੈ ਭਾਵੇਂ ਕਿ ਤੋਹਫ਼ੇ ਦੇਣ ਨਾਲ ਕੰਮ ਦਾ ਨਤੀਜਾ ਉਹੀ ਨਿਕਲਦਾ ਹੈ ਜੋ ਤੋਹਫ਼ੇ ਦੇਣ ਤੋਂ ਬਗੈਰ ਨਿਕਲਦਾ ਹੈ। ਜਿੱਥੇ ਇਸ ਤਰ੍ਹਾਂ ਦੇ ਤੋਹਫ਼ਿਆਂ ਨੂੰ ਰਿਸ਼ਵਤ ਮੰਨਿਆ ਜਾਂਦਾ ਹੈ, ਉੱਥੇ ਇਹ ਸਵਾਲ ਹੀ ਖੜ੍ਹਾ ਨਹੀਂ ਹੁੰਦਾ ਹੈ ਕਿ ਇਕ ਮਸੀਹੀ ਨੂੰ ਸਰਕਾਰੀ ਕਰਮਚਾਰੀ ਨੂੰ ਤੋਹਫ਼ੇ ਜਾਂ ਪੈਸੇ ਦੇਣੇ ਚਾਹੀਦੇ ਹਨ ਕਿ ਨਹੀਂ। ਇਸ ਤਰ੍ਹਾਂ ਦੇ ਤੋਹਫ਼ੇ ਦੇਣੇ ਬਿਲਕੁਲ ਗ਼ਲਤ ਹਨ।
ਪਰ ਜਿਨ੍ਹਾਂ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਕਾਨੂੰਨ ਨਹੀਂ ਹਨ ਜਾਂ ਇਨ੍ਹਾਂ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ, ਉੱਥੇ ਸਰਕਾਰੀ ਕਰਮਚਾਰੀ ਆਪਣੇ ਕੰਮ ਨੂੰ ਪੂਰਾ ਕਰਨ ਲਈ ਤੋਹਫ਼ੇ ਜਾਂ ਪੈਸੇ ਲੈਣ ਨੂੰ ਗ਼ਲਤ ਨਹੀਂ ਮੰਨਦੇ। ਕੁਝ ਦੇਸ਼ਾਂ ਵਿਚ ਸਰਕਾਰੀ ਅਧਿਕਾਰੀ ਆਪਣੇ ਰੁਤਬੇ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਲੋਕਾਂ ਤੋਂ ਧੱਕੇ ਨਾਲ ਪੈਸੇ ਕਢਵਾਉਂਦੇ ਹਨ ਜਾਂ ਆਪਣੇ ਹੋਰ ਕੰਮ ਕਰਵਾਉਂਦੇ ਹਨ। ਨਾਲੇ ਉਹ ਉਦੋਂ ਤਕ ਲੋਕਾਂ ਦੇ ਕੰਮ ਨਹੀਂ ਕਰਦੇ ਜਦੋਂ ਤਕ ਉਨ੍ਹਾਂ ਦੀ ਮੁੱਠੀ ਗਰਮ ਨਹੀਂ ਕੀਤੀ ਜਾਂਦੀ। ਉਹ ਅਧਿਕਾਰੀ ਤੋਹਫ਼ੇ ਜਾਂ ਪੈਸੇ ਮੰਗਦੇ ਹਨ ਜੋ ਕਾਨੂੰਨੀ ਤੌਰ ’ਤੇ ਵਿਆਹ ਰਜਿਸਟਰ ਕਰਦੇ ਹਨ, ਜੋ ਆਮਦਨ-ਕਰ ਲੈਂਦੇ ਹਨ, ਜੋ ਉਸਾਰੀ ਕਰਨ ਦੇ ਨਕਸ਼ੇ ਪਾਸ ਕਰਦੇ ਹਨ ਅਤੇ ਵਗੈਰਾ-ਵਗੈਰਾ। ਜਦੋਂ ਅਧਿਕਾਰੀਆਂ
ਨੂੰ ਪੈਸੇ ਜਾਂ ਤੋਹਫ਼ੇ ਨਹੀਂ ਮਿਲਦੇ, ਤਾਂ ਉਹ ਸ਼ਾਇਦ ਜਾਣ-ਬੁੱਝ ਕੇ ਮੁਸ਼ਕਲਾਂ ਖੜ੍ਹੀਆਂ ਕਰਨ ਤਾਂਕਿ ਲੋਕਾਂ ਨੂੰ ਆਪਣਾ ਕੰਮ ਕਰਾਉਣ ਵਿਚ ਬਹੁਤ ਮੁਸ਼ਕਲ ਆਵੇ ਜੋ ਉਨ੍ਹਾਂ ਦਾ ਹੱਕ ਹੈ। ਇੱਥੋਂ ਤਕ ਕਿ ਇਕ ਦੇਸ਼ ਵਿਚ ਅੱਗ ਬੁਝਾਉਣ ਵਾਲੇ ਕਰਮਚਾਰੀ ਉਦੋਂ ਤਕ ਆਪਣਾ ਕੰਮ ਸ਼ੁਰੂ ਨਹੀਂ ਕਰਦੇ ਜਦੋਂ ਤਕ ਉਨ੍ਹਾਂ ਨੂੰ ਪੈਸੇ ਨਹੀਂ ਮਿਲ ਜਾਂਦੇ।ਜਿਹੜੇ ਦੇਸ਼ਾਂ ਵਿਚ ਉੱਪਰ ਦੱਸੀਆਂ ਗੱਲਾਂ ਹੁੰਦੀਆਂ ਹਨ, ਉੱਥੇ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਤੋਹਫ਼ੇ ਜਾਂ ਪੈਸੇ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ। ਇਨ੍ਹਾਂ ਹਾਲਾਤਾਂ ਵਿਚ ਇਕ ਮਸੀਹੀ ਸ਼ਾਇਦ ਸੋਚੇ ਕਿ ਤੋਹਫ਼ੇ ਜਾਂ ਪੈਸੇ ਦੇ ਕੇ ਉਹ ਆਪਣਾ ਕੰਮ ਕਰਵਾਉਣ ਦੀ ਵਾਧੂ ਫ਼ੀਸ ਭਰ ਰਿਹਾ ਹੈ। ਜਿੱਥੇ ਰਿਸ਼ਵਤ ਦੇਣੀ ਆਮ ਗੱਲ ਹੈ, ਉੱਥੇ ਇਕ ਮਸੀਹੀ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਤਾਂਕਿ ਉਹ ਸਮਝ ਸਕੇ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਜਾਇਜ਼ ਅਤੇ ਨਾਜਾਇਜ਼ ਕੰਮਾਂ ਵਾਸਤੇ ਤੋਹਫ਼ੇ ਦੇਣ ਵਿਚ ਫ਼ਰਕ ਹੈ। ਰਿਸ਼ਵਤਖ਼ੋਰੀ ਦੇ ਮਾਹੌਲ ਵਿਚ ਕਈ ਲੋਕ ਪੈਸੇ ਦੇ ਕੇ ਇਕ ਅਧਿਕਾਰੀ ਤੋਂ ਉਹ ਕੰਮ ਕਰਾਉਂਦੇ ਹਨ ਜਿਸ ਨੂੰ ਕਰਵਾਉਣ ਦਾ ਉਨ੍ਹਾਂ ਦਾ ਹੱਕ ਨਹੀਂ ਹੈ। ਨਾਲੇ ਕਈ ਲੋਕ ਪੁਲਿਸ ਵਾਲੇ ਜਾਂ ਕਿਸੇ ਅਧਿਕਾਰੀ ਨੂੰ “ਪੈਸੇ” ਦਿੰਦੇ ਹਨ ਤਾਂਕਿ ਉਹ ਉਨ੍ਹਾਂ ਦਾ ਜੁਰਮਾਨਾ ਮਾਫ਼ ਕਰ ਦੇਣ। ਇਹ ਸੱਚ ਹੈ ਕਿ ਜਿਵੇਂ ਕੋਈ ਕੰਮ ਕਰਾਉਣ ਲਈ ਕਿਸੇ ਨੂੰ ਤੋਹਫ਼ੇ ਜਾਂ ਪੈਸੇ ਦੇ ਕੇ ਰਿਸ਼ਵਤਖ਼ੋਰ ਬਣਾਉਣਾ ਗ਼ਲਤ ਹੈ, ਉਵੇਂ ਹੀ ਕਿਸੇ ਤੋਂ ਤੋਹਫ਼ੇ ਜਾਂ ਪੈਸੇ ਲੈ ਕੇ ਰਿਸ਼ਵਤਖ਼ੋਰ ਬਣਨਾ ਵੀ ਗ਼ਲਤ ਹੈ। ਤੁਸੀਂ ਇੱਦਾਂ ਕਰ ਕੇ ਬੇਈਮਾਨੀ ਕਰਦੇ ਹੋ।—ਕੂਚ 23:8; ਬਿਵ. 16:19; ਕਹਾ. 17:23.
ਬਹੁਤ ਸਾਰੇ ਸਮਝਦਾਰ ਮਸੀਹੀ ਬਾਈਬਲ ਅਨੁਸਾਰ ਢਾਲ਼ੀ ਜ਼ਮੀਰ ਮੁਤਾਬਕ ਸਰਕਾਰੀ ਅਧਿਕਾਰੀਆਂ ਵੱਲੋਂ ਮੰਗੇ ਪੈਸੇ ਜਾਂ ਤੋਹਫ਼ੇ ਦੇਣੇ ਗ਼ਲਤ ਸਮਝਦੇ ਹਨ। ਉਹ ਮੰਨਦੇ ਹਨ ਕਿ ਪੈਸੇ ਜਾਂ ਤੋਹਫ਼ੇ ਦੇ ਕੇ ਉਹ ਭ੍ਰਿਸ਼ਟਾਚਾਰ ਨੂੰ ਵਧਾਉਂਦੇ ਹਨ ਜਾਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਸ ਲਈ ਉਹ ਅਧਿਕਾਰੀਆਂ ਵੱਲੋਂ ਮੰਗੇ ਤੋਹਫ਼ੇ ਦੇਣ ਤੋਂ ਸਾਫ਼ ਇਨਕਾਰ ਕਰਦੇ ਹਨ।
ਸਮਝਦਾਰ ਮਸੀਹੀ ਜਾਣਦੇ ਹਨ ਕਿ ਨਾਜਾਇਜ਼ ਕੰਮ ਕਰਾਉਣ ਲਈ ਪੈਸੇ ਜਾਂ ਤੋਹਫ਼ੇ ਦੇਣਾ ਰਿਸ਼ਵਤ ਦੇਣ ਦੇ ਬਰਾਬਰ ਹੋ ਸਕਦਾ ਹੈ, ਪਰ ਆਪਣੇ ਇਲਾਕੇ ਦੇ ਹਾਲਾਤਾਂ ਮੁਤਾਬਕ ਕਈ ਸ਼ਾਇਦ ਜਾਇਜ਼ ਕੰਮ ਕਰਾਉਣ ਲਈ ਜਾਂ ਛੇਤੀ ਕੰਮ ਕਰਵਾਉਣ ਲਈ ਤੋਹਫ਼ੇ ਜਾਂ ਪੈਸੇ ਦੇਣ। ਸ਼ਾਇਦ ਕਈ ਦੇਸ਼ਾਂ ਵਿਚ ਕੁਝ ਮਸੀਹੀ ਕਿਸੇ ਸਰਕਾਰੀ ਹਸਪਤਾਲ ਤੋਂ ਮੁਫ਼ਤ ਇਲਾਜ ਮਿਲਣ ਤੋਂ ਬਾਅਦ ਡਾਕਟਰਾਂ ਤੇ ਨਰਸਾਂ ਦਾ ਧੰਨਵਾਦ ਕਰਨ ਲਈ ਤੋਹਫ਼ੇ ਦਿੰਦੇ ਹਨ। ਉਹ ਇਲਾਜ ਲੈਣ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਕਰਦੇ ਤਾਂਕਿ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਤੋਹਫ਼ੇ ਰਿਸ਼ਵਤ ਵਜੋਂ ਦਿੱਤੇ ਗਏ ਹਨ ਜਾਂ ਉਨ੍ਹਾਂ ਦਾ ਬਾਕੀਆਂ ਨਾਲੋਂ ਵਧੀਆ ਇਲਾਜ ਕੀਤਾ ਜਾਵੇ।
ਇਸ ਲੇਖ ਵਿਚ ਹਰ ਦੇਸ਼ ਦੇ ਹਾਲਾਤਾਂ ਬਾਰੇ ਗੱਲ ਕਰਨੀ ਨਾਮੁਮਕਿਨ ਹੈ। ਇਸ ਲਈ ਸਾਡੇ ਦੇਸ਼ ਦੇ ਹਾਲਾਤ ਜੋ ਮਰਜ਼ੀ ਹੋਣ, ਪਰ ਮਸੀਹੀਆਂ ਨੂੰ ਉਹੀ ਫ਼ੈਸਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਜ਼ਮੀਰ ਸ਼ੁੱਧ ਰਹੇ। (ਰੋਮੀ. 14:1-6) ਮਸੀਹੀਆਂ ਨੂੰ ਗ਼ੈਰ-ਕਾਨੂੰਨੀ ਕੰਮ ਕਰਵਾਉਣ ਤੋਂ ਬਚਣਾ ਚਾਹੀਦਾ ਹੈ। (ਰੋਮੀ. 13:1-7) ਉਨ੍ਹਾਂ ਨੂੰ ਉਹ ਹਰ ਕੰਮ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨਾਲ ਯਹੋਵਾਹ ਦੇ ਨਾਂ ਦੀ ਬਦਨਾਮੀ ਹੋ ਸਕਦੀ ਹੈ ਜਾਂ ਦੂਜੇ ਠੋਕਰ ਖਾ ਸਕਦੇ ਹਨ। (ਮੱਤੀ 6:9; 1 ਕੁਰਿੰ. 10:32) ਨਾਲੇ ਉਨ੍ਹਾਂ ਦੇ ਫ਼ੈਸਲਿਆਂ ਤੋਂ ਉਨ੍ਹਾਂ ਦੇ ਗੁਆਂਢੀਆਂ ਲਈ ਉਨ੍ਹਾਂ ਦਾ ਪਿਆਰ ਝਲਕਣਾ ਚਾਹੀਦਾ ਹੈ।—ਮਰ. 12:31.
ਮੰਡਲੀ ਦੇ ਭੈਣ-ਭਰਾ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਿਵੇਂ ਕਰ ਸਕਦੇ ਹਨ ਜਦੋਂ ਛੇਕੇ ਗਏ ਵਿਅਕਤੀ ਦੇ ਵਾਪਸ ਆਉਣ ਦੀ ਘੋਸ਼ਣਾ ਕੀਤੀ ਜਾਂਦੀ ਹੈ?
ਲੂਕਾ ਅਧਿਆਇ 15 ਵਿਚ ਅਸੀਂ ਯਿਸੂ ਵੱਲੋਂ ਦਿੱਤੀ ਇਕ ਵਧੀਆ ਮਿਸਾਲ ਪੜ੍ਹ ਸਕਦੇ ਹਾਂ ਜੋ ਇਕ ਆਦਮੀ ਬਾਰੇ ਹੈ ਜਿਸ ਕੋਲ 100 ਭੇਡਾਂ ਸਨ। ਜਦੋਂ ਉਸ ਆਦਮੀ ਦੀ ਇਕ ਭੇਡ ਗੁਆਚ ਗਈ, ਤਾਂ ਉਹ 99 ਭੇਡਾਂ ਨੂੰ ਉਜਾੜ ਵਿਚ ਛੱਡ ਕੇ ਗੁਆਚੀ ਭੇਡ ਨੂੰ ਲੱਭਣ ਗਿਆ। ਉਸ ਨੇ ਗੁਆਚੀ ਭੇਡ ਨੂੰ ਉਦੋਂ ਤਕ ਲੱਭਿਆ “ਜਦੋਂ ਤਕ ਉਹ ਲੱਭ ਨਹੀਂ” ਗਈ। ਯਿਸੂ ਅੱਗੇ ਦੱਸਦਾ ਹੈ: “ਜਦੋਂ ਭੇਡ ਲੱਭ ਜਾਂਦੀ ਹੈ, ਤਾਂ ਉਹ ਉਸ ਨੂੰ ਖ਼ੁਸ਼ੀ-ਖ਼ੁਸ਼ੀ ਆਪਣੇ ਮੋਢਿਆਂ ’ਤੇ ਰੱਖ ਲੈਂਦਾ ਹੈ। ਫਿਰ ਘਰ ਪਹੁੰਚ ਕੇ ਉਹ ਆਪਣੇ ਦੋਸਤਾਂ ਤੇ ਗੁਆਂਢੀਆਂ ਨੂੰ ਬੁਲਾ ਕੇ ਕਹਿੰਦਾ ਹੈ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’” ਅਖ਼ੀਰ ਵਿਚ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਕਹਿੰਦਾ ਹਾਂ, ਸਵਰਗ ਵਿਚ ਜਿੰਨੀ ਖ਼ੁਸ਼ੀ ਇਕ ਪਾਪੀ ਦੇ ਤੋਬਾ ਕਰਨ ’ਤੇ ਮਨਾਈ ਜਾਂਦੀ ਹੈ, ਉੱਨੀ ਖ਼ੁਸ਼ੀ ਨੜ੍ਹਿੰਨਵੇਂ ਧਰਮੀਆਂ ਕਾਰਨ ਨਹੀਂ ਮਨਾਈ ਜਾਂਦੀ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਹੀ ਨਹੀਂ।”—ਲੂਕਾ 15:4-7.
ਇਸ ਅਧਿਆਇ ਦੀਆਂ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਇਹ ਸ਼ਬਦ ਗ੍ਰੰਥੀਆਂ ਅਤੇ ਫ਼ਰੀਸੀਆਂ ਦੀ ਸੋਚ ਨੂੰ ਸੁਧਾਰਨ ਲਈ ਕਹੇ ਸਨ ਜੋ ਯਿਸੂ ਦੀ ਨੁਕਤਾਚੀਨੀ ਕਰਦੇ ਸਨ ਕਿ ਉਹ ਟੈਕਸ ਵਸੂਲ ਕਰਨ ਵਾਲਿਆਂ ਅਤੇ ਪਾਪੀਆਂ ਨਾਲ ਮਿਲਦਾ-ਗਿਲ਼ਦਾ ਸੀ।—ਲੂਕਾ 15:1-3.
ਯਿਸੂ ਨੇ ਦੱਸਿਆ ਕਿ ਪਾਪੀ ਦੇ ਤੋਬਾ ਕਰਨ ’ਤੇ ਸਵਰਗ ਵਿਚ ਖ਼ੁਸ਼ੀ ਮਨਾਈ ਜਾਂਦੀ ਹੈ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਜੇ ਸਵਰਗ ਵਿਚ ਖ਼ੁਸ਼ੀ ਮਨਾਈ ਜਾਂਦੀ ਹੈ, ਤਾਂ ਕੀ ਧਰਤੀ ’ਤੇ ਵੀ ਖ਼ੁਸ਼ੀ ਨਹੀਂ ਮਨਾਈ ਜਾਣੀ ਚਾਹੀਦੀ ਜਦੋਂ ਇਕ ਪਾਪੀ ਤੋਬਾ ਕਰਦਾ ਹੈ, ਪਰਮੇਸ਼ੁਰ ਵੱਲ ਮੁੜਦਾ ਹੈ ਅਤੇ ਸਿੱਧੇ ਰਾਹ ਤੁਰਦਾ ਹੈ?’—ਇਬ. 12:13.
ਜਦੋਂ ਛੇਕੇ ਗਏ ਵਿਅਕਤੀ ਦੀ ਮੰਡਲੀ ਵਿਚ ਵਾਪਸ ਆਉਣ ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਸਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ। ਉਸ ਵਿਅਕਤੀ ਨੂੰ ਯਹੋਵਾਹ ਪ੍ਰਤੀ ਆਪਣੀ ਖਰਿਆਈ ਬਣਾਈ ਰੱਖਣ ਦੀ ਲੋੜ ਪਵੇਗੀ, ਪਰ ਉਸ ਨੇ ਮੰਡਲੀ ਵਿਚ ਵਾਪਸ ਆਉਣ ਤੋਂ ਪਹਿਲਾਂ ਦਿਖਾਇਆ ਹੈ ਕਿ ਉਸ ਨੂੰ ਆਪਣੀ ਗ਼ਲਤੀ ਦਾ ਪਛਤਾਵਾ ਹੈ। ਨਾਲੇ ਜਦੋਂ ਉਹ ਵਿਅਕਤੀ ਦਿਲੋਂ ਪਛਤਾਵਾ ਕਰਦਾ ਹੈ, ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਜਦੋਂ ਬਜ਼ੁਰਗ ਕਿਸੇ ਛੇਕੇ ਗਏ ਵਿਅਕਤੀ ਦੀ ਮੰਡਲੀ ਵਿਚ ਵਾਪਸ ਆਉਣ ਦੀ ਘੋਸ਼ਣਾ ਕਰਦਾ ਹੈ, ਤਾਂ ਭੈਣ-ਭਰਾ ਤਾੜੀਆਂ ਮਾਰ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਸਕਦੇ ਹਨ।
ਯਰੂਸ਼ਲਮ ਵਿਚ ਬੇਥਜ਼ਥਾ ਸਰੋਵਰ ਦੇ ਪਾਣੀ ਵਿਚ “ਹਲਚਲ” ਕਿਉਂ ਹੁੰਦੀ ਸੀ?
ਯਿਸੂ ਦੇ ਦਿਨਾਂ ਵਿਚ ਯਰੂਸ਼ਲਮ ਦੇ ਕੁਝ ਲੋਕ ਸੋਚਦੇ ਸਨ ਕਿ ਜਦੋਂ ਬੇਥਜ਼ਥਾ ਸਰੋਵਰ ਦੇ ਪਾਣੀ ਵਿਚ “ਹਲਚਲ ਹੁੰਦੀ” ਸੀ, ਤਾਂ ਉਸ ਪਾਣੀ ਵਿਚ ਜਾ ਕੇ ਲੋਕ ਠੀਕ ਹੋ ਜਾਂਦੇ ਸਨ। (ਯੂਹੰ. 5:1-7) ਇਸ ਲਈ ਲੋਕ ਠੀਕ ਹੋਣ ਲਈ ਉੱਥੇ ਇਕੱਠੇ ਹੋ ਜਾਂਦੇ ਸਨ।
ਇਸ ਸਰੋਵਰ ਵਿਚ ਪਾਣੀ ਇਸ ਦੇ ਨਾਲ ਹੀ ਬਣੇ ਇਕ ਹੋਰ ਵੱਡੇ ਸਰੋਵਰ ਤੋਂ ਆਉਂਦਾ ਸੀ। ਇਸ ਜਗ੍ਹਾ ਦੀ ਪੜਤਾਲ ਕਰਨ ਵਾਲਿਆਂ ਨੇ ਦੱਸਿਆ ਕਿ ਇਨ੍ਹਾਂ ਦੋ ਸਰੋਵਰਾਂ ਦੇ ਵਿਚਕਾਰ ਇਕ ਛੋਟਾ ਜਿਹਾ ਡੈਮ ਸੀ। ਇਸ ਡੈਮ ਵਿਚ ਇਕ ਗੇਟ ਲੱਗਾ ਹੋਇਆ ਸੀ ਜਿਸ ਦੇ ਖੋਲ੍ਹਣ ਕਰਕੇ ਵੱਡੇ ਸਾਰੇ ਨਾਲੇ ਰਾਹੀਂ ਬੇਥਜ਼ਥਾ ਦੇ ਸਰੋਵਰ ਵਿਚ ਪਾਣੀ ਆਉਂਦਾ ਸੀ। ਇਨ੍ਹਾਂ ਮੌਕਿਆਂ ’ਤੇ ਪਾਣੀ ਤੇਜ਼ ਵਹਾਅ ਨਾਲ ਸਰੋਵਰ ਦੇ ਤਲੇ ’ਤੇ ਪੈਂਦਾ ਸੀ ਜਿਸ ਕਰਕੇ ਪਾਣੀ ਵਿਚ ਹਲਚਲ ਹੁੰਦੀ ਸੀ।
ਕਈ ਬਾਈਬਲਾਂ ਵਿਚ ਯੂਹੰਨਾ 5:4 ਵਿਚ ਲਿਖਿਆ ਹੈ ਕਿ ਦੂਤ ਪਾਣੀ ਨੂੰ ਹਿਲਾਉਂਦਾ ਸੀ। ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਆਇਤ ਭਰੋਸੇਯੋਗ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ ਵਿਚ ਨਹੀਂ ਹੈ, ਜਿਵੇਂ ਕਿ ਚੌਥੀ ਸਦੀ ਦੇ ਕੋਡੈਕਸ ਸਿਨੈਟਿਕਸ ਵਿਚ। ਯਿਸੂ ਨੇ ਬੇਥਜ਼ਥਾ ਸਰੋਵਰ ਕੋਲ ਇਕ ਆਦਮੀ ਨੂੰ ਠੀਕ ਕੀਤਾ ਜੋ 38 ਸਾਲਾਂ ਤੋਂ ਬੀਮਾਰ ਸੀ। ਉਹ ਆਦਮੀ ਸਰੋਵਰ ਵਿਚ ਜਾਣ ਤੋਂ ਬਗੈਰ ਹੀ ਇਕਦਮ ਠੀਕ ਹੋ ਗਿਆ।