ਅਧਿਐਨ ਲੇਖ 19
ਧਰਮੀ ਕਿਸੇ ਵੀ ਗੱਲੋਂ ਨਿਹਚਾ ਕਰਨੀ ਨਹੀਂ ਛੱਡਦਾ
“ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ; ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।”—ਜ਼ਬੂ. 119:165.
ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!
ਖ਼ਾਸ ਗੱਲਾਂ *
1-2. (ੳ) ਇਕ ਲੇਖਕ ਨੇ ਕੀ ਕਿਹਾ ਸੀ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?
ਅੱਜ ਲੱਖਾਂ ਹੀ ਲੋਕ ਯਿਸੂ ਨੂੰ ਮੰਨਣ ਦਾ ਦਾਅਵਾ ਤਾਂ ਕਰਦੇ ਹਨ, ਪਰ ਉਹ ਉਸ ਦੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ। (2 ਤਿਮੋ. 4:3, 4) ਇਸ ਬਾਰੇ ਇਕ ਲੇਖਕ ਨੇ ਕਿਹਾ ਸੀ: “ਜੇਕਰ ਅੱਜ ਵੀ ‘ਯਿਸੂ’ ਵਰਗਾ ਕੋਈ ਇਨਸਾਨ ਧਰਤੀ ’ਤੇ ਹੁੰਦਾ ਅਤੇ ਉਹ ਉਹੀ ਗੱਲਾਂ ਸਿਖਾਉਂਦਾ ਜੋ ਯਿਸੂ ਨੇ ਸਿਖਾਈਆਂ ਸਨ . . . , ਤਾਂ ਵੀ ਲੋਕਾਂ ਨੇ ਉਸ ਆਦਮੀ ’ਤੇ ਨਿਹਚਾ ਨਹੀਂ ਕਰਨੀ ਸੀ ਜਿਵੇਂ ਉਨ੍ਹਾਂ ਨੇ 2,000 ਸਾਲ ਪਹਿਲਾਂ ਯਿਸੂ ’ਤੇ ਨਿਹਚਾ ਨਹੀਂ ਕੀਤੀ ਸੀ।”
2 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਬਹੁਤ ਸਾਰੇ ਲੋਕਾਂ ਨੇ ਯਿਸੂ ਨੂੰ ਸਿੱਖਿਆ ਦਿੰਦੇ ਸੁਣਿਆ ਸੀ ਅਤੇ ਉਸ ਦੇ ਚਮਤਕਾਰ ਦੇਖੇ ਸਨ, ਫਿਰ ਵੀ ਉਨ੍ਹਾਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ। ਪਿਛਲੇ ਲੇਖ ਵਿਚ ਅਸੀਂ ਇਸ ਦੇ ਚਾਰ ਕਾਰਨ ਦੇਖੇ ਸਨ। ਇਸ ਲੇਖ ਵਿਚ ਅਸੀਂ ਹੋਰ ਚਾਰ ਕਾਰਨਾਂ ’ਤੇ ਗੌਰ ਕਰਾਂਗੇ। ਇਸ ਤੋਂ ਇਲਾਵਾ, ਅਸੀਂ ਇਹ ਵੀ ਦੇਖਾਂਗੇ ਕਿ ਅੱਜ ਕਿਉਂ ਲੋਕ ਯਿਸੂ ਦੇ ਚੇਲਿਆਂ ਦੀ ਗੱਲ ਨਹੀਂ ਸੁਣਦੇ ਅਤੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਕੋਈ ਵੀ ਚੀਜ਼ ਸਾਡੇ ਲਈ ਠੋਕਰ ਦਾ ਕਾਰਨ ਨਾ ਬਣੇ।
(1) ਯਿਸੂ ਨੇ ਪੱਖਪਾਤ ਨਹੀਂ ਕੀਤਾ
3. ਕੁਝ ਲੋਕਾਂ ਨੇ ਕਿਹੜੀ ਗੱਲ ਕਰਕੇ ਯਿਸੂ ’ਤੇ ਨਿਹਚਾ ਨਹੀਂ ਕੀਤੀ?
3 ਧਰਤੀ ’ਤੇ ਹੁੰਦਿਆਂ ਯਿਸੂ ਹਰ ਤਰ੍ਹਾਂ ਦੇ ਲੋਕਾਂ ਨਾਲ ਮੇਲ-ਜੋਲ ਰੱਖਦਾ ਸੀ। ਉਹ ਅਮੀਰ ਅਤੇ ਤਾਕਤਵਰ ਲੋਕਾਂ ਨਾਲ ਖਾਂਦਾ-ਪੀਂਦਾ ਸੀ। ਪਰ ਉਹ ਗ਼ਰੀਬ ਅਤੇ ਬੇਸਹਾਰਾ ਲੋਕਾਂ ਨਾਲ ਵੀ ਸਮਾਂ ਬਿਤਾਉਂਦਾ ਸੀ। ਇਸ ਤੋਂ ਇਲਾਵਾ, ਉਹ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆਉਂਦਾ ਸੀ ਜਿਨ੍ਹਾਂ ਨੂੰ ਲੋਕ “ਪਾਪੀ” ਸਮਝਦੇ ਸਨ। ਯਿਸੂ ਦੇ ਇਸ ਰਵੱਈਏ ਕਰਕੇ ਕੁਝ ਘਮੰਡੀ ਲੋਕਾਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ। ਉਨ੍ਹਾਂ ਨੇ ਉਸ ਦੇ ਚੇਲਿਆਂ ਤੋਂ ਪੁੱਛਿਆ: “ਤੁਸੀਂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦੇ-ਪੀਂਦੇ ਹੋ?” ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ਲੂਕਾ 5:29-32.
“ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆਂ ਹਾਂ।”—4. ਯਸਾਯਾਹ ਨਬੀ ਦੀ ਭਵਿੱਖਬਾਣੀ ਮੁਤਾਬਕ ਯਹੂਦੀਆਂ ਨੂੰ ਮਸੀਹ ਬਾਰੇ ਕਿਹੜੀ ਗੱਲ ਸਮਝਣੀ ਚਾਹੀਦੀ ਸੀ?
4 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਮਸੀਹ ਦੇ ਆਉਣ ਤੋਂ ਬਹੁਤ ਸਮਾਂ ਪਹਿਲਾਂ ਯਸਾਯਾਹ ਨਬੀ ਨੇ ਦੱਸਿਆ ਸੀ ਕਿ ਲੋਕ ਮਸੀਹ ਨੂੰ ਕਬੂਲ ਨਹੀਂ ਕਰਨਗੇ। ਭਵਿੱਖਬਾਣੀ ਵਿਚ ਲਿਖਿਆ ਸੀ: “ਲੋਕਾਂ ਨੇ ਉਸ ਨੂੰ ਤੁੱਛ ਸਮਝਿਆ ਤੇ ਉਸ ਨੂੰ ਨਜ਼ਰਅੰਦਾਜ਼ ਕੀਤਾ . . . ਉਸ ਦਾ ਚਿਹਰਾ ਮਾਨੋ ਸਾਡੇ ਤੋਂ ਲੁਕਿਆ ਹੋਇਆ ਸੀ। ਉਸ ਨੂੰ ਤੁੱਛ ਸਮਝਿਆ ਗਿਆ ਤੇ ਅਸੀਂ ਉਸ ਨੂੰ ਨਿਕੰਮਾ ਕਿਹਾ।” (ਯਸਾ. 53:3) ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ‘ਲੋਕ’ ਮਸੀਹ ਨੂੰ ਨਜ਼ਰਅੰਦਾਜ਼ ਕਰਨਗੇ। ਇਸ ਲਈ ਜਦੋਂ ਕਈਆਂ ਨੇ ਯਿਸੂ ’ਤੇ ਨਿਹਚਾ ਨਹੀਂ ਕੀਤੀ, ਤਾਂ ਉਸ ਸਮੇਂ ਦੇ ਯਹੂਦੀਆਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਇਹ ਸਾਰਾ ਕੁਝ ਭਵਿੱਖਬਾਣੀ ਅਨੁਸਾਰ ਹੋ ਰਿਹਾ ਸੀ।
5. ਅੱਜ ਬਹੁਤ ਸਾਰੇ ਲੋਕ ਯਿਸੂ ਦੇ ਚੇਲਿਆਂ ਬਾਰੇ ਕੀ ਸੋਚਦੇ ਹਨ?
5 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਅੱਜ ਧਾਰਮਿਕ ਆਗੂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਇੱਜ਼ਤ ਦਿੰਦੇ ਹਨ ਜਿਨ੍ਹਾਂ ਕੋਲ ਬਹੁਤ ਪੈਸਾ ਹੈ, ਜਿਨ੍ਹਾਂ ਦਾ ਸਮਾਜ ਵਿਚ ਚੰਗਾ ਰੁਤਬਾ ਹੈ, ਜਿਨ੍ਹਾਂ ਨੂੰ ਦੁਨੀਆਂ ਬੁੱਧੀਮਾਨ ਸਮਝਦੀ ਹੈ ਅਤੇ ਜਿਹੜੇ ਪੜ੍ਹੇ-ਲਿਖੇ ਹਨ। ਇਨ੍ਹਾਂ ਧਾਰਮਿਕ ਆਗੂਆਂ ਲਈ ਇਹ ਗੱਲ ਬਿਲਕੁਲ ਵੀ ਮਾਅਨੇ ਨਹੀਂ ਰੱਖਦੀ ਕਿ ਇਨ੍ਹਾਂ ਲੋਕਾਂ ਦੇ ਨੈਤਿਕ ਮਿਆਰ ਕਿੰਨੇ ਡਿੱਗ ਚੁੱਕੇ ਹਨ। ਦੂਜੇ ਪਾਸੇ, ਯਹੋਵਾਹ ਦੇ ਲੋਕ ਉਸ ਦੇ ਉੱਚੇ ਨੈਤਿਕ ਮਿਆਰਾਂ ’ਤੇ ਚੱਲਦੇ ਹਨ। ਫਿਰ ਵੀ ਧਾਰਮਿਕ ਆਗੂ ਉਨ੍ਹਾਂ ਨੂੰ ਕੁਝ ਨਹੀਂ ਸਮਝਦੇ। ਪੌਲੁਸ ਨੇ ਕਿਹਾ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ “ਤੁੱਛ ਸਮਝਦੀ” ਹੈ। (1 ਕੁਰਿੰ. 1:26-29) ਯਹੋਵਾਹ ਲਈ ਉਸ ਦੇ ਸਾਰੇ ਵਫ਼ਾਦਾਰ ਸੇਵਕ ਬਹੁਤ ਅਨਮੋਲ ਹਨ।
6. ਮੱਤੀ 11:25, 26 ਵਿਚ ਯਿਸੂ ਨੇ ਕੀ ਕਿਹਾ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
6 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? (ਮੱਤੀ 11:25, 26 ਪੜ੍ਹੋ।) ਪਰਮੇਸ਼ੁਰ ਦੇ ਲੋਕਾਂ ਬਾਰੇ ਦੁਨੀਆਂ ਵਰਗੀ ਸੋਚ ਨਾ ਰੱਖੋ ਕਿਉਂਕਿ ਯਹੋਵਾਹ ਸਿਰਫ਼ ਨਿਮਰ ਲੋਕਾਂ ਤੋਂ ਹੀ ਆਪਣੀ ਮਰਜ਼ੀ ਪੂਰੀ ਕਰਵਾਉਂਦਾ ਹੈ। (ਜ਼ਬੂ. 138:6) ਜ਼ਰਾ ਇਸ ਬਾਰੇ ਸੋਚੋ ਕਿ ਜਿਨ੍ਹਾਂ ਲੋਕਾਂ ਨੂੰ ਦੁਨੀਆਂ ਕੁਝ ਵੀ ਨਹੀਂ ਸਮਝਦੀ ਯਹੋਵਾਹ ਨੇ ਉਨ੍ਹਾਂ ਲੋਕਾਂ ਤੋਂ ਕਿੰਨੇ ਵੱਡੇ-ਵੱਡੇ ਕੰਮ ਕਰਵਾਏ।
(2) ਯਿਸੂ ਨੇ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ
7. (ੳ) ਯਿਸੂ ਨੇ ਫ਼ਰੀਸੀਆਂ ਦੀ ਨਿੰਦਿਆ ਕਿਉਂ ਕੀਤੀ? (ਅ) ਯਿਸੂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਕਿਵੇਂ ਲੱਗਾ?
7 ਯਿਸੂ ਦੇ ਦਿਨਾਂ ਵਿਚ ਫ਼ਰੀਸੀਆਂ ਦੀ ਸੋਚ ਕਈ ਮਾਮਲਿਆਂ ਵਿਚ ਗ਼ਲਤ ਸੀ। ਉਦਾਹਰਣ ਲਈ, ਉਹ ਹੱਥ ਧੋਣ ਦੀ ਰੀਤ ’ਤੇ ਬਹੁਤ ਜ਼ੋਰ ਦਿੰਦੇ ਸਨ। ਪਰ ਜਦੋਂ ਕੋਈ ਆਪਣੇ ਮਾਂ ਪਿਓ ਦੀ ਦੇਖ-ਭਾਲ ਨਹੀਂ ਕਰਦਾ ਸੀ, ਤਾਂ ਉਹ ਉਸ ਨੂੰ ਕੁਝ ਨਹੀਂ ਕਹਿੰਦੇ ਸਨ। (ਮੱਤੀ 15:1-11) ਇਸ ਲਈ ਯਿਸੂ ਨੇ ਬੜੀ ਦਲੇਰੀ ਨਾਲ ਫ਼ਰੀਸੀਆਂ ਦੀ ਨਿੰਦਿਆ ਕੀਤੀ। ਇਹ ਸੁਣ ਕੇ ਯਿਸੂ ਦੇ ਚੇਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਕੀ ਤੈਨੂੰ ਪਤਾ ਫ਼ਰੀਸੀਆਂ ਨੂੰ ਤੇਰੀਆਂ ਗੱਲਾਂ ਦਾ ਗੁੱਸਾ ਲੱਗਾ?” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਵੀ ਬੂਟਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ। ਫ਼ਰੀਸੀਆਂ ਨੂੰ ਛੱਡੋ। ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।” (ਮੱਤੀ 15:12-14) ਭਾਵੇਂ ਕਿ ਯਿਸੂ ਦੀਆਂ ਗੱਲਾਂ ਸੁਣ ਕੇ ਧਾਰਮਿਕ ਆਗੂਆਂ ਨੂੰ ਬਹੁਤ ਗੁੱਸਾ ਆਇਆ, ਪਰ ਯਿਸੂ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਿਆ।
8. ਯਿਸੂ ਨੇ ਕਿਵੇਂ ਸਮਝਾਇਆ ਕਿ ਪਰਮੇਸ਼ੁਰ ਸਾਰੀਆਂ ਧਾਰਮਿਕ ਸਿੱਖਿਆਵਾਂ ਤੋਂ ਖ਼ੁਸ਼ ਨਹੀਂ ਹੁੰਦਾ ਹੈ?
8 ਯਿਸੂ ਨੇ ਧਾਰਮਿਕ ਆਗੂਆਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ। ਉਸ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਪਰਮੇਸ਼ੁਰ ਸਾਰੀਆਂ ਧਾਰਮਿਕ ਸਿੱਖਿਆਵਾਂ ਤੋਂ ਖ਼ੁਸ਼ ਹੁੰਦਾ ਹੈ। ਇਸ ਗੱਲ ਨੂੰ ਸਮਝਾਉਣ ਲਈ ਉਸ ਨੇ ਦੋ ਰਾਹਾਂ ਬਾਰੇ ਦੱਸਿਆ ਸੀ। ਇਕ ਖੁੱਲ੍ਹਾ ਰਾਹ ਹੈ ਜਿਸ ’ਤੇ ਬਹੁਤ ਸਾਰੇ ਲੋਕ ਜਾਂਦੇ ਹਨ, ਪਰ ਉਹ ਨਾਸ ਵੱਲ ਜਾਂਦਾ ਹੈ ਅਤੇ ਦੂਸਰਾ ਤੰਗ ਰਾਹ ਹੈ ਜਿਸ ’ਤੇ ਥੋੜ੍ਹੇ ਹੀ ਲੋਕ ਜਾਂਦੇ ਹਨ, ਪਰ ਉਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ। (ਮੱਤੀ 7:13, 14) ਉਸ ਨੇ ਇਹ ਵੀ ਦੱਸਿਆ ਕਿ ਕੁਝ ਲੋਕ ਪਰਮੇਸ਼ੁਰ ਦੀ ਭਗਤੀ ਦਾ ਦਿਖਾਵਾ ਕਰਨਗੇ। ਅਜਿਹੇ ਲੋਕਾਂ ਬਾਰੇ ਉਸ ਨੇ ਕਿਹਾ: “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜੋ ਭੇਡਾਂ ਦੇ ਭੇਸ ਵਿਚ ਤੁਹਾਡੇ ਕੋਲ ਆਉਂਦੇ ਹਨ, ਪਰ ਅੰਦਰੋਂ ਭੁੱਖੇ ਬਘਿਆੜ ਹੁੰਦੇ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ ਤੋਂ ਪਛਾਣੋਗੇ।”—ਮੱਤੀ 7:15-20.
9. ਯਿਸੂ ਨੇ ਕਿਹੜੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ?
9 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਬਾਈਬਲ ਵਿਚ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਮਸੀਹ ਅੰਦਰ ਯਹੋਵਾਹ ਦੇ ਘਰ ਲਈ ਬਹੁਤ ਜੋਸ਼ ਹੋਵੇਗਾ। (ਜ਼ਬੂ. 69:9; ਯੂਹੰ. 2:14-17) ਇਸੇ ਜੋਸ਼ ਕਰਕੇ ਯਿਸੂ ਨੇ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ। ਉਦਾਹਰਣ ਲਈ, ਫ਼ਰੀਸੀ ਮੰਨਦੇ ਸਨ ਕਿ ਮਰਨ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ, ਪਰ ਯਿਸੂ ਨੇ ਸਿਖਾਇਆ ਕਿ ਮਰਨ ਤੋਂ ਬਾਅਦ ਇਕ ਇਨਸਾਨ ਗੂੜ੍ਹੀ ਨੀਂਦ ਸੌਂ ਜਾਂਦਾ ਹੈ। (ਯੂਹੰ. 11:11) ਸਦੂਕੀ ਮੰਨਦੇ ਸਨ ਕਿ ਇਕ ਵਿਅਕਤੀ ਦੇ ਮਰਨ ਤੋਂ ਬਾਅਦ ਉਹ ਜੀਉਂਦਾ ਨਹੀਂ ਹੋ ਸਕਦਾ, ਪਰ ਯਿਸੂ ਨੇ ਆਪਣੇ ਦੋਸਤ ਲਾਜ਼ਰ ਨੂੰ ਜੀਉਂਦਾ ਕਰ ਕੇ ਦਿਖਾਇਆ। (ਯੂਹੰ. 11:43, 44; ਰਸੂ. 23:8) ਫ਼ਰੀਸੀ ਇਹ ਵੀ ਮੰਨਦੇ ਸਨ ਕਿ ਅਸੀਂ ਉਹੀ ਕਰਦੇ ਹਾਂ ਜੋ ਸਾਡੀ ਕਿਸਮਤ ਵਿਚ ਲਿਖਿਆ ਹੁੰਦਾ ਹੈ ਜਾਂ ਉਹ ਜੋ ਪਰਮੇਸ਼ੁਰ ਸਾਡੇ ਤੋਂ ਕਰਾਉਂਦਾ ਹੈ। ਪਰ ਯਿਸੂ ਨੇ ਸਿਖਾਇਆ ਕਿ ਇਕ ਵਿਅਕਤੀ ਖ਼ੁਦ ਫ਼ੈਸਲਾ ਕਰ ਸਕਦਾ ਹੈ ਕਿ ਉਸ ਨੇ ਪਰਮੇਸ਼ੁਰ ਦੀ ਭਗਤੀ ਕਰਨੀ ਹੈ ਜਾਂ ਨਹੀਂ।—ਮੱਤੀ 11:28.
10. ਅੱਜ ਬਹੁਤ ਸਾਰੇ ਲੋਕ ਸਾਡੀ ਗੱਲ ਕਿਉਂ ਨਹੀਂ ਸੁਣਦੇ?
10 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਅੱਜ ਬਹੁਤ ਸਾਰੇ ਲੋਕ ਸਾਡੀ ਗੱਲ ਨਹੀਂ ਸੁਣਦੇ ਕਿਉਂਕਿ ਅਸੀਂ ਬਾਈਬਲ ਵਿੱਚੋਂ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਰਦੇ ਹਾਂ। ਉਦਾਹਰਣ ਲਈ, ਕਈ ਧਾਰਮਿਕ ਆਗੂ ਸਿਖਾਉਂਦੇ ਹਨ ਕਿ ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਨਰਕ ਦੀ ਅੱਗ ਵਿਚ ਤੜਫ਼ਾਉਂਦਾ ਹੈ। ਇਸ ਸਿੱਖਿਆ ਦੇ ਆਧਾਰ ’ਤੇ ਉਹ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। ਪਰ ਯਹੋਵਾਹ ਦੀ ਭਗਤੀ ਕਰਨ ਵਾਲੇ ਜਾਣਦੇ ਹਨ ਕਿ ਯਹੋਵਾਹ ਪਿਆਰ ਦਾ ਪਰਮੇਸ਼ੁਰ ਹੈ। ਇਸ ਲਈ ਉਹ ਇਸ ਝੂਠੀ ਸਿੱਖਿਆ ਦਾ ਪਰਦਾਫ਼ਾਸ਼ ਕਰਦੇ ਹਨ। ਧਾਰਮਿਕ ਆਗੂ ਇਹ ਵੀ ਸਿਖਾਉਂਦੇ ਹਨ ਕਿ ਆਤਮਾ ਅਮਰ ਰਹਿੰਦੀ ਹੈ। ਪਰ ਯਹੋਵਾਹ ਦੇ ਲੋਕ ਇਸ ਸਿੱਖਿਆ ਦਾ ਪਰਦਾਫ਼ਾਸ਼ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰੇਗਾ। ਜ਼ਰਾ ਸੋਚੋ, ਜੇ ਅਮਰ ਆਤਮਾ ਦੀ ਸਿੱਖਿਆ ਸਹੀ ਹੈ, ਤਾਂ ਫਿਰ ਪਰਮੇਸ਼ੁਰ ਮਰੇ ਹੋਇਆਂ ਨੂੰ ਜੀਉਂਦਾ ਕਿਉਂ ਕਰੇਗਾ। ਕਈ ਧਰਮ ਇਹ ਵੀ ਸਿਖਾਉਂਦੇ ਹਨ ਕਿ ਇਕ ਇਨਸਾਨ ਉਹੀ ਕਰਦਾ ਹੈ ਜੋ ਉਸ ਦੀ ਕਿਸਮਤ ਵਿਚ ਲਿਖਿਆ ਹੁੰਦਾ ਹੈ ਜਾਂ ਜੋ ਪਰਮੇਸ਼ੁਰ ਉਸ ਤੋਂ ਕਰਵਾਉਂਦਾ ਹੈ। ਪਰ ਯਹੋਵਾਹ ਦੇ ਗਵਾਹ ਸਿਖਾਉਂਦੇ ਹਨ ਕਿ ਇਕ ਇਨਸਾਨ ਖ਼ੁਦ ਫ਼ੈਸਲਾ ਕਰ ਸਕਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰੇਗਾ ਜਾਂ ਨਹੀਂ। ਜਦੋਂ ਉਹ ਧਾਰਮਿਕ ਆਗੂਆਂ ਦੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਰਦੇ ਹਨ, ਤਾਂ ਉਹ ਗੁੱਸੇ ਦੀ ਅੱਗ ਵਿਚ ਸੜ-ਬਲ਼ ਜਾਂਦੇ ਹਨ।
11. ਯੂਹੰਨਾ 8:45-47 ਮੁਤਾਬਕ ਪਰਮੇਸ਼ੁਰ ਆਪਣੇ ਲੋਕਾਂ ਤੋਂ ਕੀ ਚਾਹੁੰਦਾ ਹੈ?
ਯੂਹੰਨਾ 8:45-47 ਪੜ੍ਹੋ।) ਅਸੀਂ ਸ਼ੈਤਾਨ ਵਾਂਗ ਨਹੀਂ ਬਣਾਂਗੇ ਜੋ ਸੱਚਾਈ ’ਤੇ ਟਿਕਿਆ ਨਹੀਂ ਰਿਹਾ ਅਤੇ ਨਾ ਹੀ ਕਦੇ ਅਸੀਂ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰਾਂਗੇ। (ਯੂਹੰ. 8:44) ਪਰਮੇਸ਼ੁਰ ਚਾਹੁੰਦਾ ਹੈ ਕਿ ਯਿਸੂ ਵਾਂਗ ਉਸ ਦੇ ਲੋਕ ‘ਬੁਰਾਈ ਨਾਲ ਸਖ਼ਤ ਨਫ਼ਰਤ ਕਰਨ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖਣ।’—ਰੋਮੀ. 12:9; ਇਬ. 1:9.
11 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? ਆਪਣੇ ਦਿਲ ਵਿਚ ਸੱਚਾਈ ਲਈ ਪਿਆਰ ਵਧਾਓ। ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੀਆਂ ਸਿੱਖਿਆਵਾਂ ਨੂੰ ਮੰਨੋਗੇ ਅਤੇ ਉਨ੍ਹਾਂ ’ਤੇ ਚੱਲੋਗੇ। ((3) ਯਿਸੂ ’ਤੇ ਅਤਿਆਚਾਰ ਕੀਤੇ ਗਏ
12. ਯਹੂਦੀਆਂ ਲਈ ਇਹ ਮੰਨਣਾ ਔਖਾ ਕਿਉਂ ਸੀ ਕਿ ਯਿਸੂ ਹੀ ਮਸੀਹ ਹੈ?
12 ਯਿਸੂ ਦੇ ਦਿਨਾਂ ਵਿਚ ਯਹੂਦੀਆਂ ਨੇ ਹੋਰ ਕਿਹੜੇ ਕਾਰਨ ਕਰਕੇ ਉਸ ’ਤੇ ਨਿਹਚਾ ਨਹੀਂ ਕੀਤੀ? ਪੌਲੁਸ ਨੇ ਕਿਹਾ: “ਅਸੀਂ ਮਸੀਹ ਦੇ ਸੂਲ਼ੀ ’ਤੇ ਟੰਗੇ ਜਾਣ ਦਾ ਪ੍ਰਚਾਰ ਕਰਦੇ ਹਾਂ। ਮਸੀਹ ਦਾ ਸੂਲ਼ੀ ’ਤੇ ਟੰਗਿਆ ਜਾਣਾ ਯਹੂਦੀਆਂ ਲਈ ਠੋਕਰ ਦਾ ਕਾਰਨ ਹੈ।” (1 ਕੁਰਿੰ. 1:23) ਯਿਸੂ ਨੂੰ ਇਕ ਅਪਰਾਧੀ ਦੀ ਤਰ੍ਹਾਂ ਤਸੀਹੇ ਦੀ ਸੂਲ਼ੀ ’ਤੇ ਟੰਗ ਕੇ ਮਾਰ ਦਿੱਤਾ ਗਿਆ ਸੀ। ਇਸ ਲਈ ਯਹੂਦੀਆਂ ਲਈ ਇਹ ਮੰਨਣਾ ਔਖਾ ਸੀ ਕਿ ਉਹ ਮਸੀਹ ਹੈ।—ਬਿਵ. 21:22, 23.
13. ਯਿਸੂ ’ਤੇ ਨਿਹਚਾ ਨਾ ਕਰਨ ਵਾਲੇ ਲੋਕਾਂ ਨੇ ਕਿਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ?
13 ਯਿਸੂ ’ਤੇ ਨਿਹਚਾ ਨਾ ਕਰਨ ਵਾਲੇ ਯਹੂਦੀਆਂ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਕਿ ਉਹ ਬੇਕਸੂਰ ਸੀ, ਉਸ ’ਤੇ ਝੂਠੇ ਦੋਸ਼ ਲਾਏ ਗਏ ਸਨ ਤੇ ਉਸ ਨਾਲ ਅਨਿਆਂ ਕੀਤਾ ਗਿਆ ਸੀ। ਯਿਸੂ ਦੇ ਮੁਕੱਦਮੇ ਦੀ ਕਾਰਵਾਈ ਕਰਨ ਵਾਲਿਆਂ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਸੀ। ਯਹੂਦੀਆਂ ਦੀ ਸਰਬ-ਉੱਚ ਅਦਾਲਤ ਨੇ ਯਿਸੂ ਦੇ ਮੁਕੱਦਮੇ ਦਾ ਫ਼ੈਸਲਾ ਫਟਾਫਟ ਸੁਣਾ ਦਿੱਤਾ। (ਲੂਕਾ 22:54; ਯੂਹੰ. 18:24) ਉਨ੍ਹਾਂ ਨੂੰ ਬਿਨਾਂ ਪੱਖਪਾਤ ਕੀਤਿਆਂ ਸੁਣਵਾਈ ਕਰਨੀ ਚਾਹੀਦੀ ਸੀ, ਪਰ ਉਹ ਤਾਂ ਆਪ ਹੀ ‘ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਝੂਠੀ ਗਵਾਹੀ ਲੱਭ ਰਹੇ ਸਨ।’ ਜਦੋਂ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ, ਤਾਂ ਮਹਾਂ-ਪੁਜਾਰੀ ਨੇ ਯਿਸੂ ਨੂੰ ਉਸ ਦੀਆਂ ਗੱਲਾਂ ਵਿਚ ਹੀ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜੋ ਕਾਨੂੰਨ ਮੁਤਾਬਕ ਬਿਲਕੁਲ ਗ਼ਲਤ ਸੀ। (ਮੱਤੀ 26:59; ਮਰ. 14:55-64) ਬਾਅਦ ਵਿਚ ਜਦੋਂ ਯਿਸੂ ਨੂੰ ਜੀਉਂਦਾ ਕੀਤਾ ਗਿਆ ਅਤੇ ਉਸ ਦੀ ਕਬਰ ਖਾਲੀ ਮਿਲੀ, ਤਾਂ ਉਨ੍ਹਾਂ ਨਿਆਈਆਂ ਨੇ ਰੋਮੀ “ਪਹਿਰੇਦਾਰਾਂ ਨੂੰ ਚਾਂਦੀ ਦੇ ਬਹੁਤ ਸਾਰੇ ਸਿੱਕੇ ਦਿੱਤੇ।” ਨਾਲੇ ਉਨ੍ਹਾਂ ਨੇ ਇਹ ਝੂਠੀ ਖ਼ਬਰ ਫੈਲਾਉਣ ਲਈ ਕਿਹਾ ਕਿ ਯਿਸੂ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਚੋਰੀ ਕਰ ਕੇ ਲੈ ਗਏ।—ਮੱਤੀ 28:11-15.
14. ਧਰਮ-ਗ੍ਰੰਥ ਵਿਚ ਮਸੀਹ ਦੀ ਮੌਤ ਬਾਰੇ ਕੀ ਦੱਸਿਆ ਗਿਆ ਸੀ?
14 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਿਸੂ ਦੇ ਦਿਨਾਂ ਵਿਚ ਯਹੂਦੀਆਂ ਨੇ ਇਹ ਨਹੀਂ ਸੋਚਿਆ ਕਿ ਮਸੀਹ ਨੂੰ ਕਿਉਂ ਮਾਰਿਆ ਗਿਆ ਸੀ, ਪਰ ਧਿਆਨ ਦਿਓ ਕਿ ਭਵਿੱਖਬਾਣੀ ਵਿਚ ਕਿਹਾ ਗਿਆ ਸੀ: “ਉਸ ਨੇ ਮੌਤ ਤਕ ਆਪਣੀ ਜਾਨ ਡੋਲ੍ਹ ਦਿੱਤੀ ਅਤੇ ਅਪਰਾਧੀਆਂ ਵਿਚ ਗਿਣਿਆ ਗਿਆ; ਉਹ ਬਹੁਤਿਆਂ ਦੇ ਪਾਪ ਚੁੱਕ ਕੇ ਲੈ ਗਿਆ ਅਤੇ ਉਸ ਨੇ ਅਪਰਾਧੀਆਂ ਲਈ ਬੇਨਤੀ ਕੀਤੀ।” (ਯਸਾ. 53:12) ਯਿਸੂ ਨੂੰ ਅਪਰਾਧੀ ਵਜੋਂ ਮਾਰਿਆ ਗਿਆ ਸੀ ਇਸ ਕਰਕੇ ਯਹੂਦੀਆਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ, ਪਰ ਇਹ ਨਿਹਚਾ ਨਾ ਕਰਨ ਦਾ ਕੋਈ ਵਾਜਬ ਕਾਰਨ ਨਹੀਂ ਸੀ।
15. ਕੁਝ ਲੋਕ ਕਿਨ੍ਹਾਂ ਕਾਰਨਾਂ ਕਰਕੇ ਯਹੋਵਾਹ ਦੇ ਗਵਾਹਾਂ ਦੀ ਗੱਲ ਨਹੀਂ ਸੁਣਦੇ?
15 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਜਿਸ ਤਰ੍ਹਾਂ ਯਿਸੂ ਨਾਲ ਅਨਿਆਂ ਕੀਤਾ ਗਿਆ ਸੀ ਅਤੇ ਉਸ ’ਤੇ ਮੁਕੱਦਮਾ ਚਲਾਇਆ ਗਿਆ ਸੀ, ਉਸੇ ਤਰ੍ਹਾਂ ਯਹੋਵਾਹ ਦੇ ਗਵਾਹਾਂ ਨਾਲ ਅਨਿਆਂ ਕੀਤਾ ਜਾਂਦਾ ਹੈ। ਉਦਾਹਰਣ ਲਈ, 1930 ਤੋਂ 1950 ਦੌਰਾਨ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਈ ਮੁਕੱਦਮੇ ਲੜਨੇ ਪਏ ਕਿਉਂਕਿ ਉਨ੍ਹਾਂ ਦੀ ਭਗਤੀ ਕਰਨ ਦੀ ਆਜ਼ਾਦੀ ’ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਕੁਝ ਜੱਜਾਂ ਨੇ ਗਵਾਹਾਂ ਨਾਲ ਸ਼ਰੇਆਮ ਪੱਖਪਾਤ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਫ਼ੈਸਲੇ ਸੁਣਾਏ। ਕੈਨੇਡਾ ਦੇ ਕਿਊਬੈੱਕ ਵਿਚ ਚਰਚ ਅਤੇ ਸਰਕਾਰ ਨੇ ਮਿਲ ਕੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੁਝ ਗਵਾਹਾਂ ਨੂੰ ਪ੍ਰਚਾਰ ਕਰਨ ਕਰਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ। ਨਾਜ਼ੀ ਜਰਮਨੀ ਵਿਚ ਕਈ ਵਫ਼ਾਦਾਰ ਨੌਜਵਾਨ ਭਰਾਵਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਹਾਲ ਹੀ ਵਿਚ ਰੂਸ ਦੇ ਅਧਿਕਾਰੀਆਂ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰਚਾਰ ਦਾ ਕੰਮ “ਦੇਸ਼ ਲਈ ਖ਼ਤਰਾ” ਹੈ। ਕਈਆਂ ’ਤੇ ਮੁਕੱਦਮੇ ਚੱਲੇ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ। ਰੂਸ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੀ ਨਵੀਂ ਦੁਨੀਆਂ ਅਨੁਵਾਦ ਬਾਈਬਲ ’ਤੇ ਵੀ ਰੋਕ ਲਗਾ ਦਿੱਤੀ ਕਿਉਂਕਿ ਉਸ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਲਿਖਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਿਤਾਬ “ਦੇਸ਼ ਲਈ ਖ਼ਤਰਾ” ਹੈ।
16. ਪਹਿਲਾ ਯੂਹੰਨਾ 4:1 ਮੁਤਾਬਕ ਯਹੋਵਾਹ ਦੇ ਲੋਕਾਂ ਬਾਰੇ ਝੂਠੀਆਂ ਗੱਲਾਂ ਸੁਣਨ ’ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
16 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? ਸੱਚਾਈ ਜਾਣਨ ਦੀ ਕੋਸ਼ਿਸ਼ ਕਰੋ। ਯਿਸੂ ਨੇ ਆਪਣੇ ਚੇਲਿਆਂ ਨੂੰ ਪਹਾੜੀ ਉਪਦੇਸ਼ ਵਿਚ ਅਜਿਹੇ ਲੋਕਾਂ ਤੋਂ ਖ਼ਬਰਦਾਰ ਕੀਤਾ ਜੋ ਉਨ੍ਹਾਂ ਬਾਰੇ “ਬੁਰੀਆਂ ਤੇ ਝੂਠੀਆਂ ਗੱਲਾਂ” ਕਹਿਣਗੇ। (ਮੱਤੀ 5:11) ਇਨ੍ਹਾਂ ਸਾਰੀਆਂ ਗੱਲਾਂ ਪਿੱਛੇ ਸ਼ੈਤਾਨ ਦਾ ਹੱਥ ਹੈ। ਉਹ ਲੋਕਾਂ ਨੂੰ ਭਰਮਾਉਂਦਾ ਹੈ ਕਿ ਉਹ ਪਰਮੇਸ਼ੁਰ ਦੇ ਲੋਕਾਂ ਬਾਰੇ ਝੂਠ ਫੈਲਾਉਣ। (ਪ੍ਰਕਾ. 12:9, 10) ਸਾਨੂੰ ਇਨ੍ਹਾਂ ਝੂਠੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ। ਨਾਲੇ ਇਨ੍ਹਾਂ ਗੱਲਾਂ ਕਰਕੇ ਸਾਨੂੰ ਕਦੇ ਵੀ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।—1 ਯੂਹੰਨਾ 4:1 ਪੜ੍ਹੋ।
(4) ਯਿਸੂ ਦੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਅਤੇ ਛੱਡ ਦਿੱਤਾ
17. ਯਿਸੂ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਜਿਸ ਕਰਕੇ ਕੁਝ ਲੋਕਾਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ?
17 ਯਿਸੂ ਦੀ ਮੌਤ ਤੋਂ ਪਹਿਲਾਂ ਉਸ ਦੇ 12 ਰਸੂਲਾਂ ਵਿੱਚੋਂ ਇਕ ਨੇ ਉਸ ਨੂੰ ਧੋਖਾ ਦਿੱਤਾ। ਇਕ ਹੋਰ ਰਸੂਲ ਨੇ ਯਿਸੂ ਨੂੰ ਜਾਣਨ ਤੋਂ ਤਿੰਨ ਵਾਰ ਇਨਕਾਰ ਕੀਤਾ। ਨਾਲੇ ਬਾਕੀ ਦੇ ਰਸੂਲ ਉਸ ਨੂੰ ਮੌਤ ਤੋਂ ਪਹਿਲਾਂ ਛੱਡ ਕੇ ਭੱਜ ਗਏ। (ਮੱਤੀ 26:14-16, 47, 56, 75) ਯਿਸੂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਇੱਦਾਂ ਹੀ ਹੋਵੇਗਾ। (ਯੂਹੰ. 6:64; 13:21, 26, 38; 16:32) ਪਰ ਇਹ ਸਭ ਦੇਖ ਕੇ ਕੁਝ ਯਹੂਦੀਆਂ ਨੇ ਯਿਸੂ ’ਤੇ ਨਿਹਚਾ ਨਹੀਂ ਕੀਤੀ। ਸ਼ਾਇਦ ਉਨ੍ਹਾਂ ਵਿੱਚੋਂ ਕਈਆਂ ਨੇ ਸੋਚਿਆ ਹੋਣਾ, ‘ਜੇ ਯਿਸੂ ਦੇ ਚੇਲੇ ਇੱਦਾਂ ਦੇ ਹਨ, ਤਾਂ ਮੈਂ ਉਸ ਦਾ ਚੇਲਾ ਨਹੀਂ ਬਣਨਾ ਚਾਹੁੰਦਾ!’
18. ਯਿਸੂ ਦੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ?
18 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਇਹ ਦੱਸ ਦਿੱਤਾ ਸੀ ਕਿ ਮਸੀਹ ਨੂੰ ਚਾਂਦੀ ਦੇ 30 ਟੁਕੜਿਆਂ ਲਈ ਵੇਚ ਦਿੱਤਾ ਜਾਵੇਗਾ। (ਜ਼ਕ. 11:12, 13) ਨਾਲੇ ਯਿਸੂ ਨੂੰ ਧੋਖਾ ਦੇਣ ਵਾਲਾ ਉਸ ਦਾ ਕਰੀਬੀ ਦੋਸਤ ਹੋਣਾ ਸੀ। (ਜ਼ਬੂ. 41:9) ਜ਼ਕਰਯਾਹ ਨਬੀ ਦੀ ਭਵਿੱਖਬਾਣੀ ਵਿਚ ਇਹ ਵੀ ਲਿਖਿਆ ਸੀ: “ਚਰਵਾਹੇ ਨੂੰ ਮਾਰ ਅਤੇ ਝੁੰਡ ਨੂੰ ਖਿੰਡ-ਪੁੰਡ ਲੈਣ ਦੇ।” (ਜ਼ਕ. 13:7) ਇਹ ਸਭ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਕੇ ਨੇਕ ਦਿਲ ਲੋਕਾਂ ਦੀ ਮਸੀਹ ’ਤੇ ਨਿਹਚਾ ਖ਼ਤਮ ਨਹੀਂ ਬਲਕਿ ਮਜ਼ਬੂਤ ਹੋਣੀ ਚਾਹੀਦੀ ਸੀ।
19. ਨੇਕ ਦਿਲ ਲੋਕ ਕੀ ਜਾਣਦੇ ਹਨ?
19 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਸਾਡੇ ਸਮੇਂ ਵਿਚ ਵੀ ਕੁਝ ਜਾਣੇ-ਮਾਣੇ ਗਵਾਹਾਂ ਨੇ ਸੱਚਾਈ ਛੱਡ ਦਿੱਤੀ ਹੈ ਅਤੇ ਉਹ ਧਰਮ-ਤਿਆਗੀ ਬਣ ਗਏ ਹਨ। ਨਾਲੇ ਉਹ ਹੋਰਾਂ ਨੂੰ ਵੀ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕਦੇ ਹਨ। ਉਨ੍ਹਾਂ ਨੇ ਅਖ਼ਬਾਰਾਂ, ਰੇਡੀਓ, ਟੀ. ਵੀ. ਅਤੇ ਇੰਟਰਨੈੱਟ ’ਤੇ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਝੂਠੀਆਂ ਤੇ ਗ਼ਲਤ ਗੱਲਾਂ ਫੈਲਾਈਆਂ ਹਨ। ਪਰ ਨੇਕ ਦਿਲ ਲੋਕਾਂ ਨੂੰ ਠੋਕਰ ਨਹੀਂ ਲੱਗਦੀ ਕਿਉਂਕਿ ਉਹ ਜਾਣਦੇ ਹਨ ਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਹ ਸਾਰਾ ਕੁਝ ਹੋਵੇਗਾ।—ਮੱਤੀ 24:24; 2 ਪਤ. 2:18-22.
20. ਤੁਸੀਂ ਕੀ ਕਰ ਸਕਦੇ ਹੋ ਤਾਂਕਿ ਸੱਚਾਈ ਛੱਡ ਚੁੱਕੇ ਲੋਕਾਂ ਕਰਕੇ ਤੁਸੀਂ ਨਿਹਚਾ ਕਰਨੀ ਨਾ ਛੱਡੋ? (2 ਤਿਮੋਥਿਉਸ 4:4, 5)
20 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? ਸਾਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਲਗਾਤਾਰ ਅਧਿਐਨ ਕਰਨ, ਪ੍ਰਾਰਥਨਾ ਕਰਨ ਅਤੇ ਉਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਦੀ ਲੋੜ ਹੈ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ। (2 ਤਿਮੋਥਿਉਸ 4:4, 5 ਪੜ੍ਹੋ।) ਮਜ਼ਬੂਤ ਨਿਹਚਾ ਹੋਣ ਕਰਕੇ ਅਸੀਂ ਯਹੋਵਾਹ ਦੇ ਗਵਾਹਾਂ ਬਾਰੇ ਫੈਲਾਈਆਂ ਝੂਠੀਆਂ ਖ਼ਬਰਾਂ ਸੁਣ ਕੇ ਨਹੀਂ ਘਬਰਾਵਾਂਗੇ। (ਯਸਾ. 28:16) ਜੇ ਅਸੀਂ ਯਹੋਵਾਹ, ਉਸ ਦੇ ਬਚਨ ਅਤੇ ਉਸ ਦੇ ਲੋਕਾਂ ਨੂੰ ਪਿਆਰ ਕਰਾਂਗੇ, ਤਾਂ ਸੱਚਾਈ ਛੱਡ ਚੁੱਕੇ ਲੋਕਾਂ ਕਰਕੇ ਅਸੀਂ ਨਿਹਚਾ ਕਰਨੀ ਨਹੀਂ ਛੱਡਾਂਗੇ।
21. ਭਾਵੇਂ ਅੱਜ ਬਹੁਤ ਸਾਰੇ ਲੋਕ ਸਾਡੀ ਗੱਲ ਨਹੀਂ ਸੁਣਦੇ, ਪਰ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
21 ਪਹਿਲੀ ਸਦੀ ਵਿਚ ਬਹੁਤ ਸਾਰੇ ਲੋਕਾਂ ਨੂੰ ਠੋਕਰ ਲੱਗੀ ਅਤੇ ਉਨ੍ਹਾਂ ਨੇ ਯਿਸੂ ’ਤੇ ਨਿਹਚਾ ਨਹੀਂ ਕੀਤੀ। ਪਰ ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਉਸ ’ਤੇ ਨਿਹਚਾ ਕੀਤੀ ਜਿਵੇਂ ਕਿ ਯਹੂਦੀ ਮਹਾਸਭਾ ਦਾ ਇਕ ਮੈਂਬਰ ਉਸ ਦਾ ਚੇਲਾ ਬਣ ਗਿਆ ਅਤੇ “ਬਹੁਤ ਸਾਰੇ ਪੁਜਾਰੀ ਵੀ।” (ਰਸੂ. 6:7; ਮੱਤੀ 27:57-60; ਮਰ. 15:43) ਅੱਜ ਭਾਵੇਂ ਬਹੁਤ ਸਾਰੇ ਲੋਕ ਯਿਸੂ ’ਤੇ ਨਿਹਚਾ ਨਹੀਂ ਕਰਦੇ, ਪਰ ਅਜਿਹੇ ਲੱਖਾਂ ਹੀ ਲੋਕ ਹਨ ਜੋ ਉਸ ’ਤੇ ਨਿਹਚਾ ਕਰਦੇ ਹਨ। ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਜਾਣਦੇ ਹਨ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ। ਬਾਈਬਲ ਵਿਚ ਲਿਖਿਆ ਹੈ: “ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ; ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।”—ਜ਼ਬੂ. 119:165.
ਗੀਤ 34 ਵਫ਼ਾ ਦੇ ਰਾਹ ’ਤੇ ਚੱਲੋ
^ ਪੈਰਾ 5 ਪਿਛਲੇ ਲੇਖ ਵਿਚ ਅਸੀਂ ਚਾਰ ਕਾਰਨ ਦੇਖੇ ਸਨ ਕਿ ਪੁਰਾਣੇ ਸਮੇਂ ਦੇ ਲੋਕਾਂ ਨੇ ਯਿਸੂ ’ਤੇ ਨਿਹਚਾ ਕਿਉਂ ਨਹੀਂ ਕੀਤੀ ਅਤੇ ਅੱਜ ਵੀ ਲੋਕ ਉਸ ਦੇ ਚੇਲਿਆਂ ਦੀ ਗੱਲ ਕਿਉਂ ਨਹੀਂ ਸੁਣਦੇ। ਇਸ ਲੇਖ ਵਿਚ ਅਸੀਂ ਚਾਰ ਹੋਰ ਕਾਰਨਾਂ ’ਤੇ ਗੌਰ ਕਰਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਨੇਕ ਦਿਲ ਲੋਕ ਕਿਸੇ ਵੀ ਕਾਰਨ ਕਰਕੇ ਨਿਹਚਾ ਕਰਨੀ ਨਹੀਂ ਛੱਡਦੇ।
^ ਪੈਰਾ 60 ਤਸਵੀਰ ਬਾਰੇ ਜਾਣਕਾਰੀ: ਯਿਸੂ ਟੈਕਸ ਵਸੂਲਣ ਵਾਲੇ ਮੱਤੀ ਨਾਲ ਰੋਟੀ ਖਾਂਦਾ ਹੋਇਆ।
^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਯਿਸੂ ਵਪਾਰੀਆਂ ਨੂੰ ਮੰਦਰ ਵਿੱਚੋਂ ਬਾਹਰ ਕੱਢਦਾ ਹੋਇਆ।
^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਯਿਸੂ ਆਪਣੀ ਤਸੀਹੇ ਦੀ ਸੂਲ਼ੀ ਨੂੰ ਚੁੱਕਦਾ ਹੋਇਆ।
^ ਪੈਰਾ 66 ਤਸਵੀਰ ਬਾਰੇ ਜਾਣਕਾਰੀ: ਯਹੂਦਾ, ਯਿਸੂ ਨੂੰ ਚੁੰਮਦਾ ਅਤੇ ਉਸ ਨੂੰ ਧੋਖਾ ਦਿੰਦਾ ਹੋਇਆ।