ਅਧਿਐਨ ਲੇਖ 20
ਗੀਤ 67 “ਬਚਨ ਦਾ ਪ੍ਰਚਾਰ ਕਰ”
ਪਿਆਰ ਹੋਣ ਕਰਕੇ ਪ੍ਰਚਾਰ ਕਰਦੇ ਰਹੋ
“ਜ਼ਰੂਰੀ ਹੈ ਕਿ ਪਹਿਲਾਂ ਸਾਰੀਆਂ ਕੌਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ।”—ਮਰ. 13:10.
ਕੀ ਸਿੱਖਾਂਗੇ?
ਪਿਆਰ ਹੋਣ ਕਰਕੇ ਅਸੀਂ ਪੂਰੇ ਜੋਸ਼ ਨਾਲ ਅਤੇ ਜੀ-ਜਾਨ ਨਾਲ ਪ੍ਰਚਾਰ ਕਰਦੇ ਹਾਂ।
1. 2023 ਦੀ ਸਾਲਾਨਾ ਸਭਾ ਵਿਚ ਅਸੀਂ ਕੀ ਸਿੱਖਿਆ ਸੀ?
2023 ਦੀ ਸਾਡੀ ਸਾਲਾਨਾ ਸਭਾ a ਬਹੁਤ ਦਿਲਚਸਪ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਬਾਈਬਲ ਦੀਆਂ ਕੁਝ ਗੱਲਾਂ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ। ਨਾਲੇ ਇਸ ਵਿਚ ਪ੍ਰਚਾਰ ਨਾਲ ਜੁੜੀਆਂ ਕੁਝ ਜ਼ਬਰਦਸਤ ਘੋਸ਼ਣਾਵਾਂ ਵੀ ਕੀਤੀਆਂ ਗਈਆਂ ਸਨ। ਉਦਾਹਰਣ ਲਈ, ਅਸੀਂ ਜਾਣਿਆ ਕਿ ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਵੀ ਲੋਕਾਂ ਕੋਲ ਸ਼ਾਇਦ ਯਹੋਵਾਹ ਅਤੇ ਉਸ ਦੇ ਲੋਕਾਂ ਦਾ ਸਾਥ ਦੇਣ ਦਾ ਮੌਕਾ ਹੋਵੇ। ਅਸੀਂ ਇਹ ਵੀ ਜਾਣਿਆ ਕਿ ਨਵੰਬਰ 2023 ਤੋਂ ਪ੍ਰਚਾਰਕਾਂ ਨੂੰ ਪ੍ਰਚਾਰ ਦੀ ਰਿਪੋਰਟ ਦਿੰਦੇ ਵੇਲੇ ਸਾਰੀਆਂ ਗੱਲਾਂ ਲਿਖਣ ਦੀ ਲੋੜ ਨਹੀਂ ਹੈ। ਕੀ ਇਨ੍ਹਾਂ ਤਬਦੀਲੀਆਂ ਦਾ ਇਹ ਮਤਲਬ ਹੈ ਕਿ ਪ੍ਰਚਾਰ ਦੀ ਅਹਿਮੀਅਤ ਹੁਣ ਘੱਟ ਹੋ ਗਈ ਹੈ? ਜੀ ਨਹੀਂ!
2. ਹਰ ਦਿਨ ਬੀਤਣ ਦੇ ਨਾਲ ਸਾਡਾ ਪ੍ਰਚਾਰ ਦਾ ਕੰਮ ਹੋਰ ਵੀ ਜ਼ਿਆਦਾ ਜ਼ਰੂਰੀ ਕਿਉਂ ਹੁੰਦਾ ਜਾ ਰਿਹਾ ਹੈ? (ਮਰਕੁਸ 13:10)
2 ਹਰ ਦਿਨ ਬੀਤਣ ਦੇ ਨਾਲ ਸਾਡਾ ਪ੍ਰਚਾਰ ਦਾ ਕੰਮ ਹੋਰ ਵੀ ਜ਼ਿਆਦਾ ਜ਼ਰੂਰੀ ਹੁੰਦਾ ਜਾ ਰਿਹਾ ਹੈ। ਕਿਉਂ? ਕਿਉਂਕਿ ਅੰਤ ਆਉਣ ਵਿਚ ਬਹੁਤ ਹੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਮਰਕੁਸ ਦੀ ਕਿਤਾਬ ਵਿਚ ਯਿਸੂ ਨੇ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ ਪ੍ਰਚਾਰ ਦਾ ਕੰਮ ਕਰਨਾ ਕਿੰਨਾ ਜ਼ਰੂਰੀ ਹੋਵੇਗਾ। (ਮਰਕੁਸ 13:10 ਪੜ੍ਹੋ।) ਨਾਲੇ ਇਸੇ ਗੱਲ ਬਾਰੇ ਯਿਸੂ ਨੇ ਮੱਤੀ ਦੀ ਕਿਤਾਬ ਵਿਚ ਵੀ ਕਿਹਾ ਸੀ ਕਿ “ਅੰਤ” ਆਉਣ ਤੋਂ ਪਹਿਲਾਂ ਸਾਰੀ ਦੁਨੀਆਂ ਵਿਚ ਪ੍ਰਚਾਰ ਕੀਤਾ ਜਾਵੇਗਾ। (ਮੱਤੀ 24:14) ਇੱਥੇ ਕਿਸ ਅੰਤ ਦੀ ਗੱਲ ਕੀਤੀ ਗਈ ਹੈ? ਸ਼ੈਤਾਨ ਦੀ ਇਸ ਦੁਸ਼ਟ ਦੁਨੀਆਂ ਦੇ ਅੰਤ ਦੀ। ਯਹੋਵਾਹ ਨੇ ਪਹਿਲਾਂ ਤੋਂ ਹੀ ਉਹ ‘ਦਿਨ ਤੇ ਘੜੀ’ ਤੈਅ ਕਰ ਕੇ ਰੱਖੀ ਹੈ ਜਦੋਂ ਉਹ ਅੰਤ ਲਿਆਵੇਗਾ। (ਮੱਤੀ 24:36; 25:13; ਰਸੂ. ) ਨਾਲੇ ਹਰ ਰੋਜ਼ ਅਸੀਂ ਅੰਤ ਦੇ ਹੋਰ ਵੀ ਨੇੜੇ ਆਉਂਦੇ ਜਾ ਰਹੇ ਹਾਂ। ( 1:7ਰੋਮੀ. 13:11) ਇਸ ਲਈ ਜਦੋਂ ਤਕ ਅੰਤ ਨਹੀਂ ਆਉਂਦਾ, ਉਦੋਂ ਤਕ ਸਾਨੂੰ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ।
3. ਅਸੀਂ ਪ੍ਰਚਾਰ ਕਿਉਂ ਕਰਦੇ ਹਾਂ?
3 ਪ੍ਰਚਾਰ ਕੰਮ ਬਾਰੇ ਸੋਚਦਿਆਂ ਜ਼ਰੂਰੀ ਹੈ ਕਿ ਅਸੀਂ ਇਕ ਅਹਿਮ ਸਵਾਲ ʼਤੇ ਗੌਰ ਕਰੀਏ: ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਹਾਂ? ਪਿਆਰ ਹੋਣ ਕਰਕੇ। ਅਸੀਂ ਖ਼ੁਸ਼ ਖ਼ਬਰੀ ਨਾਲ, ਲੋਕਾਂ ਨਾਲ ਅਤੇ ਸਭ ਤੋਂ ਵਧ ਕੇ ਯਹੋਵਾਹ ਤੇ ਉਸ ਦੇ ਨਾਂ ਨਾਲ ਪਿਆਰ ਕਰਦੇ ਹਾਂ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਤਿੰਨਾਂ ਗੱਲਾਂ ʼਤੇ ਚਰਚਾ ਕਰੀਏ।
ਖ਼ੁਸ਼ ਖ਼ਬਰੀ ਨਾਲ ਪਿਆਰ
4. ਕੋਈ ਖ਼ੁਸ਼ ਖ਼ਬਰੀ ਸੁਣ ਕੇ ਸਾਨੂੰ ਕਿੱਦਾਂ ਲੱਗਦਾ ਹੈ?
4 ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦੋਂ ਤੁਹਾਨੂੰ ਕੋਈ ਵਧੀਆ ਖ਼ਬਰ ਮਿਲੀ ਸੀ? ਸ਼ਾਇਦ ਤੁਹਾਡੇ ਪਰਿਵਾਰ ਵਿਚ ਕਿਸੇ ਦੇ ਨਿਆਣਾ ਹੋਇਆ ਹੋਵੇ ਜਾਂ ਤੁਹਾਡੀ ਨੌਕਰੀ ਲੱਗ ਗਈ ਹੋਵੇ। ਇਹ ਖ਼ਬਰ ਸੁਣ ਕੇ ਤੁਸੀਂ ਜ਼ਰੂਰ ਬਹੁਤ ਖ਼ੁਸ਼ ਹੋਏ ਹੋਣੇ ਅਤੇ ਤੁਸੀਂ ਤੁਰੰਤ ਆਪਣੇ ਘਰਦਿਆਂ ਅਤੇ ਦੋਸਤਾਂ ਨੂੰ ਇਹ ਖ਼ਬਰ ਸੁਣਾਈ ਹੋਣੀ। ਹੁਣ ਜ਼ਰਾ ਸੋਚੋ ਜਦੋਂ ਤੁਹਾਨੂੰ ਦੁਨੀਆਂ ਦੀ ਸਭ ਤੋਂ ਵਧੀਆ ਖ਼ਬਰ ਮਿਲੀ ਯਾਨੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ, ਤਾਂ ਤੁਹਾਨੂੰ ਕਿੱਦਾਂ ਲੱਗਾ ਸੀ?
5. ਪਹਿਲੀ ਵਾਰ ਸੱਚਾਈ ਸਿੱਖ ਕੇ ਤੁਹਾਨੂੰ ਕਿੱਦਾਂ ਲੱਗਾ ਸੀ? (ਤਸਵੀਰਾਂ ਵੀ ਦੇਖੋ।)
5 ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਤੁਸੀਂ ਪਹਿਲੀ ਵਾਰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖੀ। ਤੁਸੀਂ ਸਿੱਖਿਆ ਕਿ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਪਿਆਰ ਕਰਦਾ ਹੈ, ਤੁਹਾਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ, ਉਹ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ, ਤੁਸੀਂ ਨਵੀਂ ਦੁਨੀਆਂ ਵਿਚ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਮਿਲ ਸਕਦੇ ਹੋ ਅਤੇ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ। (ਮਰ. 10:29, 30; ਯੂਹੰ. 5:28, 29; ਰੋਮੀ. 8:38, 39; ਪ੍ਰਕਾ. 21:3, 4) ਇਹ ਸਾਰੀਆਂ ਸੱਚਾਈਆਂ ਤੁਹਾਡੇ ਦਿਲ ਨੂੰ ਛੂਹ ਗਈਆਂ ਹੋਣੀਆਂ। (ਲੂਕਾ 24:32) ਤੁਹਾਨੂੰ ਸੱਚਾਈ ਨਾਲ ਪਿਆਰ ਹੋ ਗਿਆ ਅਤੇ ਤੁਸੀਂ ਦੂਜਿਆਂ ਨੂੰ ਇਹ ਅਨਮੋਲ ਸੱਚਾਈਆਂ ਦੱਸਣ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ।—ਯਿਰਮਿਯਾਹ 20:9 ਵਿਚ ਨੁਕਤਾ ਦੇਖੋ।
6. ਤੁਸੀਂ ਭਰਾ ਅਰਨਸਟ ਅਤੇ ਉਸ ਦੀ ਪਤਨੀ ਰੋਜ਼ ਦੇ ਤਜਰਬੇ ਤੋਂ ਕੀ ਸਿੱਖਿਆ?
6 ਜ਼ਰਾ ਇਕ ਤਜਰਬੇ ʼਤੇ ਗੌਰ ਕਰੋ। ਜਦੋਂ ਭਰਾ ਅਰਨਸਟ b 10 ਕੁ ਸਾਲਾਂ ਦਾ ਸੀ, ਤਾਂ ਉਸ ਦੇ ਡੈਡੀ ਦੀ ਮੌਤ ਹੋ ਗਈ। ਭਰਾ ਅਰਨਸਟ ਕਹਿੰਦਾ ਹੈ, “ਮੈਂ ਸੋਚਦਾ ਸੀ: ‘ਕੀ ਉਹ ਸਵਰਗ ਵਿਚ ਆ? ਜਾਂ ਕੀ ਉਹ ਪੂਰੀ ਤਰ੍ਹਾਂ ਖ਼ਤਮ ਹੋ ਗਏ ਆ?’ ਮੈਂ ਉਨ੍ਹਾਂ ਬੱਚਿਆਂ ਨਾਲ ਈਰਖਾ ਕਰਦਾ ਸੀ ਜਿਨ੍ਹਾਂ ਦੇ ਡੈਡੀ ਸਨ।” ਉਹ ਅਕਸਰ ਆਪਣੇ ਡੈਡੀ ਦੀ ਕਬਰ ʼਤੇ ਜਾਂਦਾ ਸੀ ਅਤੇ ਕਬਰ ਕੋਲ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰਦਾ ਸੀ: “ਹੇ ਰੱਬਾ, ਮੈਂ ਜਾਣਨਾ ਚਾਹੁੰਦਾ ਆ ਕਿ ਮੇਰੇ ਡੈਡੀ ਕਿੱਥੇ ਆ।” ਆਪਣੇ ਡੈਡੀ ਦੀ ਮੌਤ ਤੋਂ ਲਗਭਗ 17 ਸਾਲਾਂ ਬਾਅਦ ਕਿਸੇ ਨੇ ਭਰਾ ਨੂੰ ਬਾਈਬਲ ਸਟੱਡੀ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਹ ਤੁਰੰਤ ਤਿਆਰ ਹੋ ਗਿਆ। ਨਾਲੇ ਜਦੋਂ ਉਸ ਨੇ ਜਾਣਿਆ ਕਿ ਮਰੇ ਹੋਏ ਲੋਕਾਂ ਦੀ ਹਾਲਤ ਇਕ ਸੁੱਤੇ ਪਏ ਇਨਸਾਨ ਵਰਗੀ ਹੈ ਅਤੇ ਪਰਮੇਸ਼ੁਰ ਨਵੀਂ ਦੁਨੀਆਂ ਵਿਚ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। (ਉਪ. 9:5, 10; ਰਸੂ. 24:15) ਅਖ਼ੀਰ, ਉਹ ਜਿਨ੍ਹਾਂ ਸਵਾਲਾਂ ਕਰਕੇ ਇੰਨੇ ਸਾਲਾਂ ਤੋਂ ਪਰੇਸ਼ਾਨ ਸੀ, ਉਸ ਨੂੰ ਉਨ੍ਹਾਂ ਦੇ ਜਵਾਬ ਮਿਲ ਗਏ। ਸੱਚਾਈ ਸਿੱਖ ਕੇ ਭਰਾ ਅਰਨਸਟ ਬਹੁਤ ਖ਼ੁਸ਼ ਸੀ। ਉਸ ਦੀ ਪਤਨੀ ਰੋਜ਼ ਵੀ ਉਸ ਨਾਲ ਸਟੱਡੀ ਕਰਨ ਲੱਗ ਪਈ ਅਤੇ ਉਹ ਵੀ ਉਸ ਵਾਂਗ ਸੱਚਾਈ ਨਾਲ ਪਿਆਰ ਕਰਨ ਲੱਗ ਪਈ। 1978 ਵਿਚ ਉਨ੍ਹਾਂ ਦੋਹਾਂ ਨੇ ਬਪਤਿਸਮਾ ਲੈ ਲਿਆ। ਬਾਈਬਲ ਦੀਆਂ ਸੱਚਾਈਆਂ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਉਹ ਆਪਣੇ ਘਰਦਿਆਂ, ਦੋਸਤਾਂ ਅਤੇ ਹਰ ਕਿਸੇ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਸਨ। ਨਤੀਜੇ ਵਜੋਂ, ਭਰਾ ਅਰਨਸਟ ਅਤੇ ਉਸ ਦੀ ਪਤਨੀ ਰੋਜ਼ ਨੇ 70 ਤੋਂ ਜ਼ਿਆਦਾ ਜਣਿਆਂ ਨੂੰ ਸੱਚਾਈ ਸਿਖਾਈ ਅਤੇ ਜਿਨ੍ਹਾਂ ਨੇ ਅੱਗੇ ਜਾ ਕੇ ਬਪਤਿਸਮਾ ਲਿਆ।
7. ਜਦੋਂ ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਸਾਡੇ ਦਿਲ ਵਿਚ ਜੜ੍ਹ ਫੜ ਲੈਂਦਾ ਹੈ, ਤਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ? (ਲੂਕਾ 6:45)
7 ਸੱਚ-ਮੁੱਚ! ਜਦੋਂ ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਸਾਡੇ ਦਿਲ ਵਿਚ ਜੜ੍ਹ ਫੜ ਲੈਂਦਾ ਹੈ, ਤਾਂ ਅਸੀਂ ਚੁੱਪ ਨਹੀਂ ਰਹਿ ਸਕਦੇ। (ਲੂਕਾ 6:45 ਪੜ੍ਹੋ।) ਅਸੀਂ ਪਹਿਲੀ ਸਦੀ ਦੇ ਚੇਲਿਆਂ ਵਾਂਗ ਮਹਿਸੂਸ ਕਰਦੇ ਹਾਂ ਜਿਨ੍ਹਾਂ ਨੇ ਕਿਹਾ: “ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।” (ਰਸੂ. 4:20) ਸੱਚਾਈ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਹਾਂ।
ਲੋਕਾਂ ਨਾਲ ਪਿਆਰ
8. ਕਿਹੜੀਆਂ ਗੱਲਾਂ ਕਰਕੇ ਅਸੀਂ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ? (“ ਪਿਆਰ ਦਿਖਾਓ—ਚੇਲੇ ਬਣਾਓ” ਨਾਂ ਦੀ ਡੱਬੀ ਦੇਖੋ।) (ਤਸਵੀਰ ਵੀ ਦੇਖੋ।)
8 ਯਹੋਵਾਹ ਅਤੇ ਉਸ ਦੇ ਪੁੱਤਰ ਵਾਂਗ ਅਸੀਂ ਵੀ ਲੋਕਾਂ ਨੂੰ ਪਿਆਰ ਕਰਦੇ ਹਾਂ। (ਕਹਾ. 8:31; ਯੂਹੰ. 3:16) ਅਸੀਂ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਾਂ ਜੋ “ਪਰਮੇਸ਼ੁਰ ਨੂੰ ਨਹੀਂ ਜਾਣਦੇ” ਅਤੇ ਜਿਨ੍ਹਾਂ ਕੋਲ “ਕੋਈ ਉਮੀਦ ਨਹੀਂ” ਹੈ। (ਅਫ਼. 2:12) ਇਹ ਲੋਕ ਮੁਸ਼ਕਲਾਂ ਦੀ ਦਲਦਲ ਵਿਚ ਫਸੇ ਹੋਏ ਹਨ, ਪਰ ਸਾਡੇ ਕੋਲ ਇਕ ਰੱਸੀ ਹੈ ਜਿਸ ਨਾਲ ਅਸੀਂ ਇਨ੍ਹਾਂ ਨੂੰ ਬਾਹਰ ਕੱਢ ਸਕਦੇ ਹਾਂ। ਮਤਲਬ ਸਾਡੇ ਕੋਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਹੈ ਜਿਸ ਨਾਲ ਅਸੀਂ ਇਨ੍ਹਾਂ ਦੀ ਜਾਨ ਬਚਾ ਸਕਦੇ ਹਾਂ। ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਪਰਵਾਹ ਕਰਦੇ ਹਾਂ। ਇਸ ਲਈ ਅਸੀਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਇਹ ਖ਼ੁਸ਼ ਖ਼ਬਰੀ ਬਹੁਤ ਅਨਮੋਲ ਹੈ। ਇਸ ਤੋਂ ਉਨ੍ਹਾਂ ਨੂੰ ਉਮੀਦ ਮਿਲ ਸਕਦੀ ਹੈ, ਅੱਜ ਉਹ ਵਧੀਆ ਜ਼ਿੰਦਗੀ ਜੀ ਸਕਦੇ ਹਨ ਅਤੇ ਭਵਿੱਖ ਵਿਚ ਨਵੀਂ ਦੁਨੀਆਂ ਵਿਚ “ਅਸਲੀ ਜ਼ਿੰਦਗੀ” ਯਾਨੀ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਨ।—1 ਤਿਮੋ. 6:19.
9. ਆਉਣ ਵਾਲੇ ਸਮੇਂ ਬਾਰੇ ਅਸੀਂ ਲੋਕਾਂ ਨੂੰ ਕਿਹੜੀ ਚੇਤਾਵਨੀ ਦਿੰਦੇ ਹਾਂ ਅਤੇ ਕਿਉਂ? (ਹਿਜ਼ਕੀਏਲ 33:7, 8)
9 ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਸ਼ਟ ਦੁਨੀਆਂ ਦਾ ਛੇਤੀ ਨਾਸ਼ ਹੋ ਜਾਵੇਗਾ। (ਹਿਜ਼ਕੀਏਲ 33:7, 8 ਪੜ੍ਹੋ।) ਸਾਨੂੰ ਆਪਣੇ ਉਨ੍ਹਾਂ ਗੁਆਂਢੀਆਂ ਤੇ ਰਿਸ਼ਤੇਦਾਰਾਂ ʼਤੇ ਤਰਸ ਆਉਂਦਾ ਹੈ ਜੋ ਆਪਣੇ ਕੰਮ-ਧੰਦਿਆਂ ਵਿਚ ਰੁੱਝੇ ਹੋਏ ਹਨ। ਨਾਲੇ ਉਹ ਇਸ ਗੱਲ ਤੋਂ ਅਣਜਾਣ ਹਨ ਕਿ “ਅਜਿਹਾ ਮਹਾਂਕਸ਼ਟ ਆਵੇਗਾ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।” (ਮੱਤੀ 24:21) ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਨਿਆਂ ਦੇ ਸਮੇਂ ਦੌਰਾਨ ਕੀ-ਕੀ ਹੋਵੇਗਾ। ਪਹਿਲਾ, ਝੂਠੇ ਧਰਮਾਂ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਫਿਰ ਆਰਮਾਗੇਡਨ ਵਿਚ ਇਸ ਦੁਸ਼ਟ ਦੁਨੀਆਂ ਦਾ ਵੀ ਨਾਸ਼ ਕੀਤਾ ਜਾਵੇਗਾ। (ਪ੍ਰਕਾ. 16:14, 16; 17:16, 17; 19:11, 19, 20) ਸਾਡੀ ਇਹੀ ਦੁਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਚੇਤਾਵਨੀ ਵੱਲ ਧਿਆਨ ਦੇਣ ਅਤੇ ਅੱਜ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਸ਼ੁੱਧ ਭਗਤੀ ਕਰਨ। ਪਰ ਸਾਡੇ ਉਨ੍ਹਾਂ ਰਿਸ਼ਤੇਦਾਰਾਂ ਤੇ ਦੋਸਤਾਂ ਦਾ ਕੀ ਹੋਵੇਗਾ ਜੋ ਇਸ ਵੇਲੇ ਸਾਡੀ ਚੇਤਾਵਨੀ ਵੱਲ ਧਿਆਨ ਨਹੀਂ ਦਿੰਦੇ?
10. ਅੱਗੇ ਜੋ ਹੋਣ ਵਾਲਾ ਹੈ, ਉਸ ਬਾਰੇ ਲੋਕਾਂ ਨੂੰ ਚੇਤਾਵਨੀ ਦੇਣੀ ਕਿਉਂ ਜ਼ਰੂਰੀ ਹੈ?
10 ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਜਿਹੜੇ ਲੋਕ ਮਹਾਂ ਬਾਬਲ ਦਾ ਨਾਸ਼ ਦੇਖ ਕੇ ਯਹੋਵਾਹ ʼਤੇ ਨਿਹਚਾ ਕਰਨ ਲੱਗ ਪੈਣਗੇ, ਉਨ੍ਹਾਂ ਨੂੰ ਯਹੋਵਾਹ ਸ਼ਾਇਦ ਬਚਾਉਣਾ ਚਾਹੇ। ਇਸ ਲਈ ਸੋਚੋ ਕਿ ਅੱਜ ਲੋਕਾਂ ਨੂੰ ਆਉਣ ਵਾਲੇ ਮਹਾਂਕਸ਼ਟ ਬਾਰੇ ਚੇਤਾਵਨੀ ਦੇਣੀ ਹੋਰ ਵੀ ਕਿੰਨੀ ਜ਼ਿਆਦਾ ਜ਼ਰੂਰੀ ਹੈ! ਜ਼ਰਾ ਗੌਰ ਕਰੋ: ਜੇ ਅੱਜ ਅਸੀਂ ਉਨ੍ਹਾਂ ਨੂੰ ਇਹ ਸੰਦੇਸ਼ ਸੁਣਾਈਏ, ਤਾਂ ਸ਼ਾਇਦ ਉਸ ਵੇਲੇ ਉਨ੍ਹਾਂ ਨੂੰ ਇਹ ਯਾਦ ਆਵੇ। (ਹਿਜ਼ਕੀਏਲ 33:33 ਵਿਚ ਨੁਕਤਾ ਦੇਖੋ।) ਹੋ ਸਕਦਾ ਹੈ ਕਿ ਉਨ੍ਹਾਂ ਨੂੰ ਯਾਦ ਆਵੇ ਕਿ ਗਵਾਹਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਅੱਗੇ ਕੀ-ਕੀ ਹੋਣ ਵਾਲਾ ਹੈ। ਨਾਲੇ ਅੰਤ ਆਉਣ ਤੋਂ ਪਹਿਲਾਂ ਸ਼ਾਇਦ ਉਹ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ। ਯਾਦ ਕਰੋ, ਫ਼ਿਲਿੱਪੈ ਦਾ ਜੇਲ੍ਹਰ ਇਕ “ਜ਼ਬਰਦਸਤ ਭੁਚਾਲ਼” ਦੇਖਣ ਤੋਂ ਬਾਅਦ ਯਹੋਵਾਹ ʼਤੇ ਨਿਹਚਾ ਕਰਨ ਲੱਗ ਪਿਆ ਸੀ। ਉਸੇ ਤਰ੍ਹਾਂ ਅੱਜ ਜੋ ਲੋਕ ਸਾਡੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੰਦੇ, ਉਹ ਸ਼ਾਇਦ ਦੁਨੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਯਾਨੀ ਮਹਾਂ ਬਾਬਲ ਦਾ ਨਾਸ਼ ਦੇਖ ਕੇ ਯਹੋਵਾਹ ʼਤੇ ਨਿਹਚਾ ਕਰਨ ਲੱਗ ਪੈਣ।—ਰਸੂ. 16:25-34.
ਯਹੋਵਾਹ ਅਤੇ ਉਸ ਦੇ ਨਾਂ ਨਾਲ ਪਿਆਰ
11. ਅਸੀਂ ਕਿਵੇਂ ਯਹੋਵਾਹ ਨੂੰ ਮਹਿਮਾ, ਆਦਰ ਤੇ ਸ਼ਕਤੀ ਦਿੰਦੇ ਹਾਂ? (ਪ੍ਰਕਾਸ਼ ਦੀ ਕਿਤਾਬ 4:11) (ਤਸਵੀਰਾਂ ਵੀ ਦੇਖੋ।)
11 ਖ਼ੁਸ਼ ਖ਼ਬਰੀ ਸੁਣਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਨਾਂ ਨਾਲ ਬਹੁਤ ਪਿਆਰ ਕਰਦੇ ਹਾਂ। ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਸ ਦੀ ਤਾਰੀਫ਼ ਕਰਨੀ ਚਾਹੁੰਦੇ ਹਾਂ। (ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।) ਅਸੀਂ ਮੰਨਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਮਹਿਮਾ, ਆਦਰ ਅਤੇ ਤਾਕਤ ਪਾਉਣ ਦਾ ਹੱਕਦਾਰ ਹੈ। ਜਦੋਂ ਅਸੀਂ ਲੋਕਾਂ ਨੂੰ ਇਸ ਗੱਲ ਦੇ ਸਬੂਤ ਦਿੰਦੇ ਹਾਂ ਕਿ ਪਰਮੇਸ਼ੁਰ ਨੇ “ਸਾਰੀਆਂ ਚੀਜ਼ਾਂ ਸਿਰਜੀਆਂ” ਹਨ, ਤਾਂ ਅਸੀਂ ਯਹੋਵਾਹ ਨੂੰ “ਮਹਿਮਾ” ਤੇ “ਆਦਰ” ਦੇ ਰਹੇ ਹੁੰਦੇ ਹਾਂ। ਨਾਲੇ ਜਦੋਂ ਅਸੀਂ ਆਪਣਾ ਸਮਾਂ, ਤਾਕਤ, ਪੈਸਾ ਤੇ ਹੋਰ ਚੀਜ਼ਾਂ ਪ੍ਰਚਾਰ ਵਿਚ ਲਾਉਂਦੇ ਹਾਂ ਅਤੇ ਆਪਣੇ ਹਾਲਾਤਾਂ ਅਨੁਸਾਰ ਜੀ-ਜਾਨ ਨਾਲ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਉਸ ਲਈ ਆਪਣੀ “ਸ਼ਕਤੀ” ਜਾਂ ਤਾਕਤ ਲਾ ਰਹੇ ਹੁੰਦੇ ਹਾਂ। (ਮੱਤੀ 6:33; ਲੂਕਾ 13:24; ਕੁਲੁ. 3:23) ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਸਾਨੂੰ ਉਸ ਬਾਰੇ ਦੂਜਿਆਂ ਨੂੰ ਦੱਸਣਾ ਵਧੀਆ ਲੱਗਦਾ ਹੈ। ਅਸੀਂ ਲੋਕਾਂ ਨੂੰ ਇਹ ਵੀ ਦੱਸਦੇ ਹਾਂ ਕਿ ਪਰਮੇਸ਼ੁਰ ਦਾ ਨਾਂ ਕੀ ਹੈ ਅਤੇ ਉਹ ਕਿਹੋ ਜਿਹਾ ਪਰਮੇਸ਼ੁਰ ਹੈ।
12. ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕਰਦੇ ਹਾਂ?
12 ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੇ ਨਾਂ ਨੂੰ ਵੀ ਪਵਿੱਤਰ ਕਰਨਾ ਚਾਹੁੰਦੇ ਹਾਂ। (ਮੱਤੀ 6:9) ਸ਼ੈਤਾਨ ਨੇ ਯਹੋਵਾਹ ਬਾਰੇ ਝੂਠੀਆਂ ਗੱਲਾਂ ਕਹੀਆਂ ਹਨ ਅਤੇ ਉਸ ਦੇ ਨਾਂ ਨੂੰ ਬਦਨਾਮ ਕੀਤਾ ਹੈ। ਪਰ ਅਸੀਂ ਇਹ ਬਦਨਾਮੀ ਖ਼ਤਮ ਕਰਨੀ ਚਾਹੁੰਦੇ ਹਾਂ। (ਉਤ. 3:1-5; ਅੱਯੂ. 2:4; ਯੂਹੰ. 8:44) ਅਸੀਂ ਆਪਣੇ ਪਰਮੇਸ਼ੁਰ ਦੇ ਪੱਖ ਵਿਚ ਖੜ੍ਹੇ ਹੋਣ ਲਈ ਤਿਆਰ ਰਹਿੰਦੇ ਹਾਂ। ਪ੍ਰਚਾਰ ਵਿਚ ਅਸੀਂ ਨੇਕਦਿਲ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਯਹੋਵਾਹ ਕੌਣ ਹੈ ਅਤੇ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਇਹ ਜਾਣਨ ਕਿ ਪਰਮੇਸ਼ੁਰ ਪਿਆਰ ਹੈ ਅਤੇ ਉਸ ਦਾ ਰਾਜ ਕਰਨ ਦਾ ਤਰੀਕਾ ਹੀ ਸਹੀ ਹੈ। ਨਾਲੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਯਹੋਵਾਹ ਛੇਤੀ ਹੀ ਆਪਣੇ ਰਾਜ ਰਾਹੀਂ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਉਸ ਵੇਲੇ ਚਾਰੇ ਪਾਸੇ ਸ਼ਾਂਤੀ ਤੇ ਖ਼ੁਸ਼ਹਾਲੀ ਹੋਵੇਗੀ। (ਜ਼ਬੂ. 37:10, 11, 29; 1 ਯੂਹੰ. 4:8) ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦਾ ਪੱਖ ਲੈਂਦੇ ਹਾਂ ਅਤੇ ਉਸ ਦਾ ਨਾਂ ਪਵਿੱਤਰ ਕਰਦੇ ਹਾਂ। ਸਾਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਨਾਂ ʼਤੇ ਖਰੇ ਉੱਤਰ ਰਹੇ ਹਾਂ। ਉਹ ਕਿਵੇਂ?
13. ਸਾਨੂੰ ਯਹੋਵਾਹ ਦੇ ਗਵਾਹ ਹੋਣ ਤੇ ਮਾਣ ਕਿਉਂ ਹੈ? (ਯਸਾਯਾਹ 43:10-12)
13 ਯਹੋਵਾਹ ਨੇ ਸਾਨੂੰ ਆਪਣੇ “ਗਵਾਹ” ਚੁਣਿਆ ਹੈ। (ਯਸਾਯਾਹ 43:10-12 ਪੜ੍ਹੋ।) ਕਈ ਸਾਲ ਪਹਿਲਾਂ ਪ੍ਰਬੰਧਕ ਸਭਾ ਵੱਲੋਂ ਇਕ ਚਿੱਠੀ ਵਿਚ ਲਿਖਿਆ ਸੀ: “ਯਹੋਵਾਹ ਨੇ ਸਾਨੂੰ ਆਪਣਾ ਗਵਾਹ ਬਣਾ ਕੇ ਵੱਡਾ ਮਾਣ ਬਖ਼ਸ਼ਿਆ ਹੈ।” c ਇਹ ਸਾਡੇ ਲਈ ਇੰਨਾ ਵੱਡਾ ਸਨਮਾਨ ਕਿਉਂ ਹੈ? ਮੰਨ ਲਓ ਕਿ ਤੁਹਾਡੇ ʼਤੇ ਕੋਈ ਦੋਸ਼ ਲਾਇਆ ਗਿਆ ਹੈ ਅਤੇ ਤੁਹਾਨੂੰ ਬਦਨਾਮ ਕੀਤਾ ਗਿਆ ਹੈ। ਤੁਹਾਡੇ ʼਤੇ ਇਕ ਮੁਕੱਦਮਾ ਚੱਲ ਰਿਹਾ ਹੈ। ਇੱਦਾਂ ਦੇ ਹਾਲਾਤਾਂ ਵਿਚ ਤੁਸੀਂ ਆਪਣੇ ਬਾਰੇ ਗਵਾਹੀ ਦੇਣ ਲਈ ਕਿਸ ਨੂੰ ਚੁਣੋਗੇ? ਤੁਸੀਂ ਜ਼ਰੂਰ ਕਿਸੇ ਅਜਿਹੇ ਵਿਅਕਤੀ ਨੂੰ ਚੁਣੋਗੇ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਜਿਸ ʼਤੇ ਤੁਹਾਨੂੰ ਭਰੋਸਾ ਹੈ। ਤੁਸੀਂ ਇਹ ਵੀ ਦੇਖੋਗੇ ਕਿ ਉਸ ਵਿਅਕਤੀ ਦਾ ਚੰਗਾ ਨਾਂ ਹੋਵੇ ਤਾਂਕਿ ਉਸ ਦੀ ਗਵਾਹੀ ʼਤੇ ਯਕੀਨ ਕੀਤਾ ਜਾ ਸਕੇ। ਯਹੋਵਾਹ ਨੇ ਸਾਨੂੰ ਆਪਣੇ ਗਵਾਹ ਵਜੋਂ ਚੁਣ ਕੇ ਜ਼ਾਹਰ ਕੀਤਾ ਹੈ ਕਿ ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਨੂੰ ਸਾਡੇ ʼਤੇ ਪੂਰਾ ਭਰੋਸਾ ਹੈ। ਉਸ ਨੂੰ ਯਕੀਨ ਹੈ ਕਿ ਅਸੀਂ ਸਾਰਿਆਂ ਸਾਮ੍ਹਣੇ ਗਵਾਹੀ ਦੇਵਾਂਗੇ ਕਿ ਉਹੀ ਸੱਚਾ ਪਰਮੇਸ਼ੁਰ ਹੈ। ਸਾਡੇ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ! ਇਸ ਲਈ ਅਸੀਂ ਹਰ ਮੌਕੇ ʼਤੇ ਦੂਜਿਆਂ ਨੂੰ ਉਸ ਦਾ ਨਾਂ ਦੱਸਦੇ ਹਾਂ ਅਤੇ ਉਸ ਬਾਰੇ ਫੈਲਾਈਆਂ ਸਾਰੀਆਂ ਝੂਠੀਆਂ ਗੱਲਾਂ ਨੂੰ ਗ਼ਲਤ ਸਾਬਤ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਉਸ ਨਾਂ ʼਤੇ ਖਰੇ ਉਤਰਦੇ ਹਾਂ ਜਿਸ ਤੋਂ ਅਸੀਂ ਜਾਣੇ ਜਾਂਦੇ ਹਾਂ। ਸਾਨੂੰ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣ ਤੇ ਕਿੰਨਾ ਮਾਣ ਹੈ!—ਜ਼ਬੂ. 83:18; ਰੋਮੀ. 10:13-15.
ਅਸੀਂ ਅੰਤ ਆਉਣ ਤਕ ਪ੍ਰਚਾਰ ਕਰਦੇ ਰਹਾਂਗੇ
14. ਅਸੀਂ ਕੀ ਦੇਖਣ ਲਈ ਬੇਤਾਬ ਹੈ?
14 ਅਸੀਂ ਭਵਿੱਖ ਵਿਚ ਹੋਣ ਵਾਲੀਆਂ ਦਿਲਚਸਪ ਘਟਨਾਵਾਂ ਦੇਖਣ ਲਈ ਬੇਤਾਬ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਵੀ ਲੋਕ ਸੱਚਾਈ ਨੂੰ ਕਬੂਲ ਕਰਨਗੇ। ਨਾਲੇ ਅਸੀਂ ਇਹ ਜਾਣ ਕੇ ਵੀ ਬਹੁਤ ਖ਼ੁਸ਼ ਹਾਂ ਕਿ ਇਨਸਾਨੀ ਇਤਿਹਾਸ ਦੇ ਸਭ ਤੋਂ ਔਖੇ ਸਮੇਂ ਦੌਰਾਨ ਯਾਨੀ ਮਹਾਂਕਸ਼ਟ ਦੌਰਾਨ ਕਈ ਲੋਕ ਸ਼ੈਤਾਨ ਦੀ ਦੁਨੀਆਂ ਨੂੰ ਛੱਡ ਦੇਣਗੇ ਅਤੇ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਮਹਿਮਾ ਕਰਨ ਲੱਗ ਪੈਣਗੇ।—ਰਸੂ. 13:48.
15-16. ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਕਦੋਂ ਤਕ?
15 ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਕੋਲ ਬਹੁਤ ਕੰਮ ਕਰਨ ਨੂੰ ਹੈ। ਅਸੀਂ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਹੈ। ਇਹ ਅਜਿਹਾ ਕੰਮ ਹੈ ਜੋ ਦੁਬਾਰਾ ਕਦੀ ਵੀ ਨਹੀਂ ਕੀਤਾ ਜਾਵੇਗਾ। ਨਾਲੇ ਸਾਨੂੰ ਲੋਕਾਂ ਨੂੰ ਚੇਤਾਵਨੀ ਵੀ ਦਿੰਦੇ ਰਹਿਣਾ ਚਾਹੀਦਾ ਹੈ ਕਿ ਬਹੁਤ ਜਲਦ ਇਸ ਦੁਸ਼ਟ ਦੁਨੀਆਂ ਦਾ ਨਾਸ਼ ਹੋਣ ਵਾਲਾ ਹੈ। ਫਿਰ ਮਹਾਂਕਸ਼ਟ ਦੌਰਾਨ ਜਦੋਂ ਨਿਆਂ ਦਾ ਸਮਾਂ ਆਵੇਗਾ, ਤਾਂ ਉਹ ਸਮਝ ਜਾਣਗੇ ਕਿ ਅਸੀਂ ਜੋ ਸੰਦੇਸ਼ ਸੁਣਾਉਂਦੇ ਸੀ, ਉਹ ਯਹੋਵਾਹ ਪਰਮੇਸ਼ੁਰ ਵੱਲੋਂ ਸੀ।—ਹਿਜ਼. 38:23.
16 ਇਹ ਸਭ ਕੁਝ ਜਾਣਨ ਤੋਂ ਬਾਅਦ ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? ਖ਼ੁਸ਼ੀ-ਖ਼ੁਸ਼ੀ ਤੇ ਪੂਰੇ ਜੋਸ਼ ਨਾਲ ਪ੍ਰਚਾਰ ਕਰਨ ਦਾ। ਅਸੀਂ ਖ਼ੁਸ਼ ਖ਼ਬਰੀ ਨਾਲ, ਲੋਕਾਂ ਨਾਲ ਅਤੇ ਸਭ ਤੋਂ ਵਧ ਕੇ ਯਹੋਵਾਹ ਤੇ ਉਸ ਦੇ ਨਾਂ ਨਾਲ ਪਿਆਰ ਕਰਦੇ ਹਾਂ। ਨਾਲੇ ਅਸੀਂ ਇਸ ਕੰਮ ਵਿਚ ਉਦੋਂ ਤਕ ਲੱਗੇ ਰਹਾਂਗੇ ਜਦੋਂ ਤਕ ਯਹੋਵਾਹ ਨਹੀਂ ਕਹਿ ਦਿੰਦਾ: “ਬੱਸ, ਕੰਮ ਪੂਰਾ ਹੋ ਚੁੱਕਾ ਹੈ।”
ਗੀਤ 54 “ਰਾਹ ਇਹੋ ਹੀ ਹੈ”
a ਸਾਡੀ ਸਾਲਾਨਾ ਸਭਾ 7 ਅਕਤੂਬਰ 2023 ਨੂੰ ਅਮਰੀਕਾ ਦੇ ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਨਿਊਬਰਗ ਸੰਮੇਲਨ ਹਾਲ ਵਿਚ ਰੱਖੀ ਗਈ ਸੀ। ਬਾਅਦ ਵਿਚ ਇਹ ਪੂਰਾ ਪ੍ਰੋਗ੍ਰਾਮ JW ਬ੍ਰਾਡਕਾਸਟਿੰਗ ਵਿਚ ਦਿਖਾਇਆ ਗਿਆ ਸੀ। ਇਸ ਦਾ ਪਹਿਲਾ ਭਾਗ ਨਵੰਬਰ 2023 ਵਿਚ ਅਤੇ ਦੂਜਾ ਭਾਗ ਜਨਵਰੀ 2024 ਵਿਚ ਆਇਆ ਸੀ।
b ਇਸ ਭਰਾ ਦੀ ਕਹਾਣੀ ਪੜ੍ਹਨ ਲਈ ਸਾਡੀ ਵੈੱਬਸਾਈਟ jw.org/pa ʼਤੇ ਜਾਓ ਅਤੇ ਲੱਭੋ ਡੱਬੀ ਵਿਚ “ਮੈਨੂੰ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ” ਟਾਈਪ ਕਰੋ।
c ਮਾਰਚ 2007 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।