Skip to content

Skip to table of contents

ਆਤਮ-ਹੱਤਿਆ—ਇਕ ਗੁੱਝੀ ਮਹਾਂਮਾਰੀ

ਆਤਮ-ਹੱਤਿਆ—ਇਕ ਗੁੱਝੀ ਮਹਾਂਮਾਰੀ

ਆਤਮ-ਹੱਤਿਆ​—ਇਕ ਗੁੱਝੀ ਮਹਾਂਮਾਰੀ

ਜੌਨ ਅਤੇ ਮੈਰੀ * ਦੀ ਉਮਰ ਲਗਭਗ ਸੱਠ ਕੁ ਸਾਲਾਂ ਦੀ ਹੈ ਤੇ ਉਹ ਸੰਯੁਕਤ ਰਾਜ ਦੇ ਇਕ ਪੇਂਡੂ ਇਲਾਕੇ ਦੇ ਛੋਟੇ ਜਿਹੇ ਘਰ ਵਿਚ ਰਹਿੰਦੇ ਹਨ। ਫੇਫੜਿਆਂ ਦੀ ਸੋਜ (ਐਮਫ਼ੀਜ਼ੀਮਾ) ਅਤੇ ਦਿਲ ਦੀ ਗੰਭੀਰ ਬੀਮਾਰੀ ਕਾਰਨ ਜੌਨ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਮੈਰੀ ਤਾਂ ਜੌਨ ਤੋਂ ਬਿਨਾਂ ਜੀਉਣ ਬਾਰੇ ਕਦੇ ਸੋਚ ਵੀ ਨਹੀਂ ਸਕਦੀ, ਨਾਲੇ ਉਹ ਉਸ ਨੂੰ ਦਿਨ-ਬ-ਦਿਨ ਕਮਜ਼ੋਰ ਹੁੰਦਿਆਂ ਅਤੇ ਔਖੇ ਸਾਹ ਲੈਂਦਿਆਂ ਵੀ ਨਹੀਂ ਦੇਖ ਸਕਦੀ। ਖ਼ੁਦ ਮੈਰੀ ਨੂੰ ਵੀ ਕਈ ਬੀਮਾਰੀਆਂ ਲੱਗੀਆਂ ਹੋਈਆਂ ਹਨ, ਨਾਲੇ ਉਸ ਨੂੰ ਕਈ ਸਾਲਾਂ ਤੋਂ ਡਿਪਰੈਸ਼ਨ ਦੀ ਬੀਮਾਰੀ ਵੀ ਹੈ। ਜੌਨ ਬਹੁਤ ਚਿੰਤਾ ਵਿਚ ਪਿਆ ਹੋਇਆ ਹੈ ਕਿਉਂਕਿ ਹੁਣ ਕੁਝ ਸਮੇਂ ਤੋਂ ਮੈਰੀ ਆਤਮ-ਹੱਤਿਆ ਬਾਰੇ ਕਾਫ਼ੀ ਗੱਲ-ਬਾਤ ਕਰਨ ਲੱਗ ਪਈ ਹੈ। ਡਿਪਰੈਸ਼ਨ ਕਰਕੇ ਤੇ ਜਿੰਨੀਆਂ ਵੀ ਦਵਾਈਆਂ ਉਹ ਖਾਂਦੀ ਹੈ, ਉਸ ਨਾਲ ਉਹ ਬੌਂਦਲਾ ਜਿਹੀ ਗਈ ਹੈ। ਉਸ ਦਾ ਕਹਿਣਾ ਹੈ ਕਿ ਉਹ ਜੌਨ ਦੇ ਬਗੈਰ ਇਕੱਲੀ ਨਹੀਂ ਜੀ ਸਕੇਗੀ।

ਜੌਨ ਦਾ ਘਰ ਦਿਲ ਦੀ ਬੀਮਾਰੀ ਦੀਆਂ, ਡਿਪਰੈਸ਼ਨ ਦੀਆਂ ਅਤੇ ਮਨ-ਟਿਕਾਊ ਦਵਾਈਆਂ ਨਾਲ ਭਰਿਆ ਪਿਆ ਹੈ। ਇਕ ਦਿਨ ਤੜਕੇ ਹੀ ਮੈਰੀ ਨੇ ਰਸੋਈ ਵਿਚ ਜਾ ਕੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਉਹ ਉਦੋਂ ਤਕ ਗੋਲੀਆਂ ਖਾਂਦੀ ਰਹੀ ਜਦ ਤਕ ਜੌਨ ਨੇ ਉਸ ਨੂੰ ਲੱਭ ਕੇ ਉਸ ਕੋਲੋਂ ਗੋਲੀਆਂ ਖੋਹ ਨਾ ਲਈਆਂ। ਜਦੋਂ ਜੌਨ ਨੇ ਬਚਾਊ ਦਸਤੇ ਨੂੰ ਮਦਦ ਲਈ ਫ਼ੋਨ ਕੀਤਾ, ਤਦ ਤਕ ਮੈਰੀ ਕੋਮੇ ਵਿਚ ਜਾ ਚੁੱਕੀ ਸੀ। ਜੌਨ ਪ੍ਰਾਰਥਨਾ ਕਰਨ ਲੱਗ ਪਿਆ ਕਿ ਕਿਤੇ ਦੇਰ ਨਾ ਹੋ ਜਾਵੇ।

ਅੰਕੜੇ ਕੀ ਦਿਖਾਉਂਦੇ ਹਨ

ਹਾਲ ਹੀ ਵਿਚ ਨੌਜਵਾਨਾਂ ਵੱਲੋਂ ਕੀਤੀਆਂ ਗਈਆਂ ਆਤਮ-ਹੱਤਿਆਵਾਂ ਦੀ ਵਧਦੀ ਗਿਣਤੀ ਬਾਰੇ ਕਾਫ਼ੀ ਖ਼ਬਰਾਂ ਛਪੀਆਂ ਹਨ ਤੇ ਇਹ ਖ਼ਬਰਾਂ ਛਪਣੀਆਂ ਵੀ ਚਾਹੀਦੀਆਂ ਹਨ, ਕਿਉਂਕਿ ਇਕ ਨੌਜਵਾਨ ਦੀ ਬੇਵਕਤ ਮੌਤ ਹੋਣ ਤੋਂ ਜ਼ਿਆਦਾ ਦੁਖਦਾਈ ਗੱਲ ਹੋਰ ਕਿਹੜੀ ਹੋ ਸਕਦੀ ਹੈ ਜਿਸ ਦੇ ਅੱਗੇ ਅਜੇ ਪੂਰੀ ਜ਼ਿੰਦਗੀ ਜੀਉਣ ਲਈ ਪਈ ਹੁੰਦੀ ਹੈ? ਹਾਲਾਂਕਿ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਜਾਂਦਾ, ਪਰ ਹਕੀਕਤ ਤਾਂ ਇਹ ਹੈ ਕਿ ਕਾਫ਼ੀ ਸਾਰੇ ਦੇਸ਼ਾਂ ਵਿਚ ਨੌਜਵਾਨਾਂ ਨਾਲੋਂ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਦੀ ਦਰ ਜ਼ਿਆਦਾ ਰਹੀ ਹੈ। ਬੇਸ਼ੱਕ ਕਿਸੇ ਦੇਸ਼ ਵਿਚ ਆਤਮ-ਹੱਤਿਆਵਾਂ ਦੀ ਕੁੱਲ ਗਿਣਤੀ ਘੱਟ ਜਾਂ ਵੱਧ ਹੋਵੇ, ਪਰ ਜਿਵੇਂ ਪਿਛਲੇ ਸਫ਼ੇ ਤੇ ਦਿੱਤੀ ਡੱਬੀ ਦਿਖਾਉਂਦੀ ਹੈ, ਉੱਥੇ ਵੀ ਨੌਜਵਾਨਾਂ ਨਾਲੋਂ ਜ਼ਿਆਦਾ ਬਜ਼ੁਰਗ ਹੀ ਆਤਮ-ਹੱਤਿਆ ਕਰਦੇ ਹਨ। ਇਨ੍ਹਾਂ ਅੰਕੜਿਆਂ ਤੇ ਨਜ਼ਰ ਮਾਰਨ ਤੇ ਇਹ ਵੀ ਪਤਾ ਲੱਗਦਾ ਹੈ ਕਿ ਇਹ ਗੁੱਝੀ ਮਹਾਂਮਾਰੀ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ।

ਸੰਨ 1996 ਵਿਚ ਅਮਰੀਕਾ ਦੇ ਬੀਮਾਰੀ ਰੋਕੂ ਕੇਂਦਰ ਨੇ ਰਿਪੋਰਟ ਦਿੱਤੀ ਸੀ ਕਿ 1980 ਤੋਂ ਲੈ ਕੇ 1996 ਤਕ 65 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਅਮਰੀਕੀਆਂ ਦੀਆਂ ਆਤਮ-ਹੱਤਿਆਵਾਂ ਦੀ ਗਿਣਤੀ ਵਿਚ 36 ਫੀ ਸਦੀ ਵਾਧਾ ਹੋਇਆ। ਕੁਝ ਹੱਦ ਤਕ ਇਹ ਵਾਧਾ ਅਮਰੀਕੀ ਬਜ਼ੁਰਗਾਂ ਦੀ ਵਧਦੀ ਗਿਣਤੀ ਕਰਕੇ ਹੋਇਆ, ਪਰ ਇਸ ਵਾਧੇ ਦੇ ਹੋਰ ਵੀ ਕਈ ਕਾਰਨ ਸਨ। ਸਿਰਫ਼ 1996 ਵਿਚ ਹੀ 65 ਸਾਲਾਂ ਤੋਂ ਉੱਪਰ ਦੀ ਉਮਰ ਦੇ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਦੀ ਅਸਲ ਗਿਣਤੀ 40 ਸਾਲਾਂ ਵਿਚ ਪਹਿਲੀ ਵਾਰ 9 ਫੀ ਸਦੀ ਤਕ ਵੱਧ ਗਈ। ਸੱਟਾਂ ਲੱਗਣ ਕਰਕੇ ਹੋਣ ਵਾਲੀਆਂ ਮੌਤਾਂ ਵਿਚ, ਡਿੱਗ ਕੇ ਅਤੇ ਮੋਟਰ-ਗੱਡੀਆਂ ਦੇ ਹਾਦਸਿਆਂ ਵਿਚ ਅਮਰੀਕੀ ਬਜ਼ੁਰਗ ਜ਼ਿਆਦਾ ਮਰੇ ਹਨ। ਅਸਲ ਵਿਚ, ਇਹ ਹੈਰਾਨ ਕਰ ਦੇਣ ਵਾਲੇ ਅੰਕੜੇ ਵੀ ਘੱਟ ਦਿਖਾਏ ਜਾਂਦੇ ਹਨ। ਆਤਮ-ਹੱਤਿਆਵਾਂ ਦੇ ਅਧਿਐਨ ਦੀ ਕਿਤਾਬ (ਅੰਗ੍ਰੇਜ਼ੀ) ਨੇ ਲਿਖਿਆ: “ਮੌਤ-ਦਾ-ਕਾਰਨ ਸੰਬੰਧੀ ਸਰਟੀਫਿਕੇਟ ਉੱਤੇ ਆਧਾਰਿਤ ਅੰਕੜਿਆਂ ਵਿਚ ਆਤਮ-ਹੱਤਿਆਵਾਂ ਦੀ ਗਿਣਤੀ ਬਹੁਤ ਘੱਟ ਦੱਸੀ ਜਾਂਦੀ ਹੈ।” ਇਹ ਕਿਤਾਬ ਅੱਗੋਂ ਕਹਿੰਦੀ ਹੈ ਕਿ ਕੁਝ ਲੋਕਾਂ ਦੇ ਅੰਦਾਜ਼ੇ ਮੁਤਾਬਕ ਆਤਮ-ਹੱਤਿਆਵਾਂ ਦੀ ਅਸਲ ਗਿਣਤੀ ਇਨ੍ਹਾਂ ਅੰਕੜਿਆਂ ਵਿਚ ਦੱਸੀ ਗਈ ਗਿਣਤੀ ਨਾਲੋਂ ਦੁੱਗਣੀ ਹੈ।

ਇਸ ਦਾ ਨਤੀਜਾ ਕੀ ਨਿਕਲਿਆ? ਇਹੀ ਕਿ ਦੂਜੇ ਦੇਸ਼ਾਂ ਵਾਂਗ ਅਮਰੀਕਾ ਵੀ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਦੀ ਗੁੱਝੀ ਮਹਾਂਮਾਰੀ ਦਾ ਸ਼ਿਕਾਰ ਹੈ। ਇਸ ਵਿਸ਼ੇ ਦਾ ਮਾਹਰ ਡਾਕਟਰ ਹਰਬਰਟ ਹੈਂਡਿਨ ਕਹਿੰਦਾ ਹੈ: “ਅਮਰੀਕਾ ਵਿਚ ਨੌਜਵਾਨਾਂ ਨਾਲੋਂ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਰਹੀ ਹੈ, ਪਰ ਇਸ ਹਕੀਕਤ ਦੇ ਬਾਵਜੂਦ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਵੱਲ ਲੋਕਾਂ ਨੇ ਬਹੁਤ ਘੱਟ ਧਿਆਨ ਦਿੱਤਾ ਹੈ।” ਕਿਉਂ? ਉਸ ਨੇ ਦੱਸਿਆ ਕਿ ਇਸ ਦਾ ਇਕ ਕਾਰਨ ਇਹ ਹੈ ਕਿ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਹੀ ਰਹੀ ਹੈ, “ਜਿਸ ਕਰਕੇ ਲੋਕਾਂ ਦਾ ਇਸ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਗਿਆ, ਜਿੰਨਾ ਕਿ ਨੌਜਵਾਨਾਂ ਦੀਆਂ ਵੱਧਦੀਆਂ ਆਤਮ-ਹੱਤਿਆਵਾਂ ਵੱਲ ਗਿਆ ਹੈ।”

ਕਮਾਲ ਦੀ ਮਾਹਰਤਾ

ਬੇਸ਼ੱਕ ਇਹ ਅੰਕੜੇ ਦਿਲ ਹਿਲਾ ਦੇਣ ਵਾਲੇ ਹਨ, ਪਰ ਇਹ ਤਾਂ ਨਿਰੇ ਅੰਕੜੇ ਹੀ ਹਨ। ਇਹ ਕਿਸੇ ਦੇ ਪਿਆਰੇ ਸਾਥੀ ਦੀ ਮੌਤ ਕਾਰਨ ਜ਼ਿੰਦਗੀ ਵਿਚ ਆਏ ਖਾਲੀਪਣ ਨੂੰ, ਦੂਜਿਆਂ ਦੇ ਮੁਥਾਜ ਹੋਣ ਦੀ ਨਿਰਾਸ਼ਾ ਨੂੰ, ਲੰਬੀ ਬੀਮਾਰੀ ਕਾਰਨ ਹੋਣ ਵਾਲੀ ਮਾਯੂਸੀ ਨੂੰ, ਲੰਬੇ ਸਮੇਂ ਦੇ ਡਿਪਰੈਸ਼ਨ ਕਾਰਨ ਮਹਿਸੂਸ ਹੁੰਦੇ ਇਕੱਲੇਪਣ ਤੇ ਉਦਾਸੀ ਨੂੰ ਅਤੇ ਕਿਸੇ ਜਾਨਲੇਵਾ ਬੀਮਾਰੀ ਤੋਂ ਮਹਿਸੂਸ ਹੁੰਦੀ ਨਾਉਮੀਦੀ ਨੂੰ ਬਿਆਨ ਨਹੀਂ ਕਰ ਸਕਦੇ। ਇਹ ਇਕ ਕੌੜਾ ਸੱਚ ਹੈ ਕਿ ਜਵਾਨ ਲੋਕ ਵਕਤੀ ਮੁਸ਼ਕਲਾਂ ਕਰਕੇ ਜਲਦਬਾਜ਼ੀ ਵਿਚ ਆਤਮ-ਹੱਤਿਆ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ, ਜਦ ਕਿ ਬਜ਼ੁਰਗ ਲੋਕ ਅਕਸਰ ਉਨ੍ਹਾਂ ਮੁਸ਼ਕਲਾਂ ਕਰਕੇ ਆਤਮ-ਹੱਤਿਆਵਾਂ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ ਹੁੰਦਾ। ਇਸੇ ਕਰਕੇ ਅਕਸਰ ਉਹ ਨੌਜਵਾਨਾਂ ਨਾਲੋਂ ਵੱਧ ਪੱਕੇ ਇਰਾਦੇ ਨਾਲ ਤੇ ਕਮਾਲ ਦੀ ਮਾਹਰਤਾ ਨਾਲ ਆਤਮ-ਹੱਤਿਆ ਕਰਦੇ ਹਨ।

ਅਮਰੀਕਾ ਵਿਚ ਆਤਮ-ਹੱਤਿਆ (ਅੰਗ੍ਰੇਜ਼ੀ) ਨਾਮਕ ਕਿਤਾਬ ਵਿਚ ਡਾਕਟਰ ਹੈਂਡਿਨ ਲਿਖਦਾ ਹੈ: “ਨਾ ਸਿਰਫ਼ ਬਜ਼ੁਰਗਾਂ ਦੀਆਂ ਆਤਮ-ਹੱਤਿਆਵਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਸਗੋਂ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਆਤਮ-ਹੱਤਿਆ ਕਰਨ ਦੇ ਤਰੀਕਿਆਂ ਵਿਚ ਵੀ ਬਹੁਤ ਫ਼ਰਕ ਹੁੰਦਾ ਹੈ। ਖ਼ਾਸ ਤੌਰ ਤੇ ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ ਕਰਨ ਨਾਲੋਂ ਸੱਚੀ-ਮੁੱਚੀ ਆਤਮ-ਹੱਤਿਆ ਕਰਨ ਦੀ ਗਿਣਤੀ ਬਜ਼ੁਰਗਾਂ ਦੀ ਜ਼ਿਆਦਾ ਹੁੰਦੀ ਹੈ। ਪੂਰੀ ਜਨਸੰਖਿਆ ਵਿੱਚੋਂ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਅਤੇ ਸੱਚੀ-ਮੁੱਚੀ ਆਤਮ-ਹੱਤਿਆ ਕਰਨ ਵਾਲਿਆਂ ਦਾ ਅਨੁਪਾਤ ਅੰਦਾਜ਼ਨ 10 ਵਿੱਚੋਂ 1 ਹੈ; ਨੌਜਵਾਨਾਂ ਵਿਚ (15-24 ਸਾਲਾਂ ਦੀ ਉਮਰ) 100 ਵਿੱਚੋਂ 1 ਹੈ; ਅਤੇ 55 ਸਾਲ ਤੋਂ ਜ਼ਿਆਦਾ ਦੀ ਉਮਰ ਵਾਲਿਆਂ ਵਿਚ 1 ਵਿੱਚੋਂ 1  ਹੈ।”

ਇਨ੍ਹਾਂ ਅੰਕੜਿਆਂ ਨੂੰ ਪੜ੍ਹ ਕੇ ਕਿੰਨਾ ਦੁੱਖ ਲੱਗਦਾ ਹੈ! ਬੁੱਢੇ ਹੋਣਾ, ਸਰੀਰਕ ਪੱਖੋਂ ਕਮਜ਼ੋਰ ਹੋਣਾ, ਦੁੱਖ ਅਤੇ ਬੀਮਾਰੀ ਸਹਿਣਾ ਕਿੰਨਾ ਨਿਰਾਸ਼ਾਜਨਕ ਹੈ! ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੰਨੇ ਸਾਰੇ ਲੋਕ ਆਤਮ-ਹੱਤਿਆ ਕਿਉਂ ਕਰਦੇ ਹਨ। ਫਿਰ ਵੀ, ਡਾਢੇ ਔਖੇ ਹਾਲਾਤਾਂ ਦੇ ਬਾਵਜੂਦ ਜ਼ਿੰਦਗੀ ਨਾਲ ਪਿਆਰ ਕਰਨ ਦੇ ਕਈ ਵਾਜਬ ਕਾਰਨ ਹਨ। ਮੈਰੀ, ਜਿਸ ਦਾ ਜ਼ਿਕਰ ਇਸ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਸੀ, ਉਸ ਨਾਲ ਕੀ ਵਾਪਰਿਆ ਇਸ ਵੱਲ ਜ਼ਰਾ ਗੌਰ ਕਰੋ।

[ਫੁਟਨੋਟ]

^ ਪੈਰਾ 2 ਨਾਂ ਬਦਲ ਦਿੱਤੇ ਗਏ ਹਨ।

[ਸਫ਼ਾ 3 ਉੱਤੇ ਚਾਰਟ]

ਉਮਰ ਅਤੇ ਜਿਨਸ ਦੇ ਹਿਸਾਬ ਨਾਲ 1,00,000 ਬੰਦਿਆਂ ਪਿੱਛੇ ਆਤਮ-ਹੱਤਿਆ ਦੀ ਦਰ

ਆਦਮੀ/ਔਰਤਾਂ ਉਮਰ 15-24

8.0/2.5 ਅਰਜਨਟੀਨਾ

4.0/0.8 ਯੂਨਾਨ

19.2/3.8 ਹੰਗਰੀ

10.1/4.4 ਜਪਾਨ

7.6/2.0 ਮੈਕਸੀਕੋ

53.7/9.8 ਰੂਸ

23.4/3.7 ਅਮਰੀਕਾ

ਆਦਮੀ/ਔਰਤਾਂ ਉਮਰ 75 ਤੇ ਇਸ ਤੋਂ ਉੱਪਰ

55.4/ 8.3 ਅਰਜਨਟੀਨਾ

17.4/ 1.6 ਯੂਨਾਨ

168.9/60.0 ਹੰਗਰੀ

51.8/37.0 ਜਪਾਨ

18.8/ 1.0 ਮੈਕਸੀਕੋ

93.9/34.8 ਰੂਸ

50.7/ 5.6 ਅਮਰੀਕਾ