ਕੈੱਟਸਾਲ—ਇਕ ਰੰਗ-ਬਰੰਗਾ ਪੰਛੀ
ਕੈੱਟਸਾਲ—ਇਕ ਰੰਗ-ਬਰੰਗਾ ਪੰਛੀ
ਕਾਸਟਾ ਰੀਕਾ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਕਾਸਟਾ ਰੀਕਾ ਨੇ ਧਰਤੀ ਦੀ ਸਿਰਫ਼ 0.03 ਪ੍ਰਤਿਸ਼ਤ ਜਗ੍ਹਾ ਘੇਰੀ ਹੋਈ ਹੈ, ਫਿਰ ਵੀ ਇੱਥੇ ਪੰਛੀਆਂ ਦੀਆਂ ਲਗਭਗ 875 ਮੰਨੀਆਂ-ਪ੍ਰਮੰਨੀਆਂ ਨਸਲਾਂ ਪਾਈਆਂ ਜਾਂਦੀਆਂ ਹਨ। ਇਕ ਰਿਪੋਰਟ ਮੁਤਾਬਕ ਇਹ ਗਿਣਤੀ ਕੈਨੇਡਾ ਅਤੇ ਅਮਰੀਕਾ ਵਿਚ ਪਾਈ ਜਾਂਦੀ ਪੰਛੀਆਂ ਦੀ ਕੁੱਲ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕਾਸਟਾ ਰੀਕਾ ਪੰਛੀਆਂ ਦੇ ਸ਼ੌਕੀਨਾਂ ਲਈ ਇਕ ਖ਼ਾਸ ਸਥਾਨ ਬਣ ਗਿਆ ਹੈ। ਆਓ ਆਪਾਂ ਇਨ੍ਹਾਂ ਪੰਛੀਆਂ ਵਿੱਚੋਂ ਇਕ ਰੰਗਦਾਰ ਪੰਛੀ ਕੈੱਟਸਾਲ ਨੂੰ ਦੇਖਣ ਲਈ ਜੰਗਲ ਦਾ ਸਫ਼ਰ ਕਰੀਏ।
ਸਪੇਨੀ ਫ਼ੌਜਾਂ ਦਾ ਇਕ ਅਫ਼ਸਰ ਅਰਨੋਨ ਕੌਰਟੇਸ 1500 ਦੇ ਦਹਾਕੇ ਦੇ ਸ਼ੁਰੂ ਵਿਚ ਮੈਕਸੀਕੋ ਵਿਚ ਆਇਆ। ਉੱਥੇ ਉਸ ਨੂੰ ਐਜ਼ਟੈਕ ਜਾਤੀ ਦੇ ਲੋਕਾਂ ਨੇ ਕੈੱਟਸਾਲ ਪੰਛੀ ਦੇ ਖੰਭਾਂ ਦਾ ਬਣਿਆ ਇਕ ਤਾਜ ਤੋਹਫ਼ੇ ਵਜੋਂ ਦਿੱਤਾ। ਅਜਿਹੇ ਬਹੁਮੁੱਲੇ ਤਾਜ ਪਹਿਨਣ ਦਾ ਸਨਮਾਨ ਸਿਰਫ਼ ਐਜ਼ਟੈਕ ਦੇ ਸ਼ਾਹੀ ਘਰਾਣੇ ਨੂੰ ਹੀ ਹਾਸਲ ਸੀ। ਕੈੱਟਸਾਲ ਦੇ ਹਰੇ ਖੰਭਾਂ ਨੂੰ ਸ਼ਾਇਦ ਸੋਨੇ ਨਾਲੋਂ ਵੀ ਜ਼ਿਆਦਾ ਬਹੁਮੁੱਲਾ ਸਮਝਿਆ ਜਾਂਦਾ ਹੈ।
ਅੱਜ ਇਹ ਬਹੁਤ ਹੀ ਸੁੰਦਰ ਪੰਛੀ ਮੈਕਸੀਕੋ ਤੋਂ ਲੈ ਕੇ ਪਨਾਮਾ ਵਿਚ ਮਿਲਦਾ ਹੈ। ਕੈੱਟਸਾਲ ਪੰਛੀ 4,000 ਤੋਂ 10,000 ਫੁੱਟ ਦੀ ਉਚਾਈ ਤੇ ਬੱਦਲਾਂ ਨਾਲ ਢਕੇ ਜੰਗਲਾਂ ਵਿਚ ਮਿਲਦਾ ਹੈ। ਜੰਗਲਾਂ ਵਿਚ ਗਰਮ ਹਵਾ ਉੱਪਰ ਜਾ ਕੇ ਇਕਦਮ ਠੰਢੀ ਹੋਣ ਨਾਲ ਇਹ ਬੱਦਲ ਬਣਦੇ ਹਨ। ਇਸ ਦੇ ਨਤੀਜੇ ਵਜੋਂ ਸਾਲ ਭਰ ਇਨ੍ਹਾਂ ਬੱਦਲਾਂ ਨਾਲ ਢਕੇ ਜੰਗਲਾਂ ਵਿਚ ਪੇੜ-ਪੌਦਿਆਂ ਨਾਲ ਅਤੇ ਸੌ ਫੁੱਟ ਜਾਂ ਇਸ ਤੋਂ
ਵੀ ਜ਼ਿਆਦਾ ਲੰਬਾਈ ਤਕ ਪਹੁੰਚਣ ਵਾਲੇ ਵੱਡੇ-ਵੱਡੇ ਦਰਖ਼ਤਾਂ ਨਾਲ ਹਰਿਆਲੀ ਛਾਈ ਰਹਿੰਦੀ ਹੈ।ਸਾਨ ਹੋਜ਼ੇ ਦੇ ਉੱਤਰ ਵੱਲ ਕੁਝ ਸੌ ਮੀਲ ਦੀ ਦੂਰੀ ਤੇ ਸਾਂਟਾ ਏਲੇਨਾ ਫ਼ੌਰਸਟ ਰਿਜ਼ਰਵ ਹੈ, ਜਿਹੜਾ ਕਿ ਕੈੱਟਸਾਲ ਨੂੰ ਉਸ ਦੇ ਕੁਦਰਤੀ ਵਾਤਾਵਰਣ ਵਿਚ ਦੇਖਣ ਲਈ ਵਧੀਆ ਸਥਾਨ ਹੈ। ਗਾਈਡ ਦੀ ਮਦਦ ਨਾਲ ਅਸੀਂ ਰੰਗ-ਬਰੰਗੇ ਕੈੱਟਸਾਲ ਨੂੰ ਭਾਲਣਾ ਸ਼ੁਰੂ ਕਰ ਦਿੱਤਾ। ਇਸ ਪੰਛੀ ਦਾ ਹਰਾ ਰੰਗ ਜੰਗਲ ਦੇ ਵੇਲ-ਬੂਟਿਆਂ ਨਾਲ ਮਿਲਦਾ-ਜੁਲਦਾ ਹੈ ਜਿਸ ਕਰਕੇ ਇਸ ਨੂੰ ਦੇਖਣਾ ਮੁਸ਼ਕਲ ਹੁੰਦਾ ਹੈ। ਸਾਡੇ ਗਾਈਡ ਨੇ ਇਸ ਦੀ ਮਿੱਠੀ ਤੇ ਕੋਮਲ ਆਵਾਜ਼ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ। ਇਸ ਪੰਛੀ ਦੀ ਆਵਾਜ਼ ਰਉਂ-ਰਉਂ ਕਰਦੇ ਕਤੂਰੇ ਵਰਗੀ ਹੈ। ਜਵਾਬ ਵਿਚ ਕੈੱਟਸਾਲ ਦੀ ਆਵਾਜ਼ ਸੁਣ ਕੇ ਸਾਡੇ ਗਰੁੱਪ ਦੀ ਇਕ ਤੀਵੀਂ ਨੇ ਸੋਚਿਆ ਕਿ ਜੰਗਲ ਵਿਚ ਸੱਚੀ-ਮੁੱਚੀ ਕੋਈ ਕੁੱਤਾ ਆਪਣਾ ਰਾਹ ਭੁੱਲ ਗਿਆ ਹੈ!
ਸਾਡੇ ਗਾਈਡ ਵੱਲੋਂ ਕੀਤੀ ਕੈੱਟਸਾਲ ਦੀ ਆਵਾਜ਼ ਦੀ ਨਕਲ ਨੂੰ ਸੁਣ ਕੇ ਜਲਦੀ ਹੀ ਕੁਝ 50 ਫੁੱਟ ਦੀ ਉਚਾਈ ਤੇ ਇਕ ਨਰ ਕੈੱਟਸਾਲ ਪੱਤਿਆਂ ਵਿੱਚੋਂ ਨਿਕਲ ਕੇ ਡਰਦਾ-ਡਰਦਾ ਇਕ ਟਾਹਣੀ ਤੇ ਬੈਠ ਗਿਆ। ਦੂਰਬੀਨਾਂ ਨਾਲ ਦੇਖਣ ਤੇ ਇਸ ਦੇ ਸੋਹਣੇ ਰੰਗ ਹੋਰ ਵੀ ਸੁੰਦਰ ਲੱਗਦੇ ਸਨ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਸੀ ਕੀਤੀ। ਇਸ ਦੇ ਹਰੇ ਖੰਭਾਂ ਦੀ ਤੁਲਨਾ ਵਿਚ ਇਸ ਦੇ ਛਾਤੀ ਦੇ ਖੰਭ ਗੂੜ੍ਹੇ ਕਿਰਮਚੀ-ਲਾਲ ਰੰਗ ਦੇ ਹੁੰਦੇ ਹਨ। ਪੂਛ ਦੇ ਦੋ ਚਮਕੀਲੇ ਹਰੇ ਖੰਭਾਂ ਦੇ ਨਾਲ-ਨਾਲ ਚਿੱਟੇ ਖੰਭ ਹੋਣ ਕਰਕੇ ਇਹ ਹੋਰ ਵੀ ਸੁੰਦਰ ਦਿੱਸਦਾ ਹੈ। ਇਸ ਦੀ ਪੂਛ ਦੇ ਲਹਿਰਾਉਂਦੇ ਖੰਭ ਕੁਝ 24 ਇੰਚ ਲੰਬੇ ਹਨ। ਜੰਗਲ ਦੇ ਸ਼ਾਂਤ ਮਾਹੌਲ ਵਿਚ ਹਵਾ ਵਿਚ ਹੌਲੀ-ਹੌਲੀ ਲਹਿਰਾਉਂਦੇ ਲੰਬੇ ਖੰਭਾਂ ਵਾਲੀ ਪੂਛ ਵਾਲੇ ਕੈੱਟਸਾਲ ਨੂੰ ਟਾਹਣੀ ਤੇ ਬੈਠੇ ਹੋਏ ਦੇਖਣ ਦਾ ਨਜ਼ਾਰਾ ਬਹੁਤ ਹੀ ਸੁੰਦਰ ਹੈ।
ਕੈੱਟਸਾਲ ਨੂੰ ਦੇਖਣਾ ਇਕ ਅਨੋਖਾ ਅਨੁਭਵ ਹੈ। ਅਸਲ ਵਿਚ ਸਾਡੇ ਗਾਈਡ ਨੇ ਸਾਨੂੰ ਦੱਸਿਆ ਕਿ ਇਸ ਨੂੰ ਦੇਖਣ ਵਾਸਤੇ ਅਕਸਰ ਜੰਗਲ ਦੇ ਕਈ ਚੱਕਰ ਲਗਾਉਣੇ ਪੈਂਦੇ ਹਨ। ਕੈੱਟਸਾਲਾਂ ਨੂੰ ਦੇਖਣ ਦਾ ਸਭ ਤੋਂ ਵਧੀਆ ਸਮਾਂ ਉਦੋਂ ਹੁੰਦਾ ਹੈ ਜਦੋਂ ਉਹ ਆਲ੍ਹਣੇ ਪਾਉਂਦੇ ਹਨ ਅਤੇ ਇਹ ਸਮਾਂ ਮਾਰਚ ਤੋਂ ਜੂਨ ਤਕ ਚੱਲਦਾ ਹੈ। ਇਸ ਮੌਸਮ ਵਿਚ ਮਾਦਾ ਕੈੱਟਸਾਲ ਦੋ ਵਾਰੀ ਆਂਡੇ ਦਿੰਦੀ ਹੈ ਅਤੇ ਹਰ ਵਾਰੀ ਦੋ-ਦੋ ਆਂਡੇ ਦਿੰਦੀ ਹੈ।
ਜਦੋਂ ਅਸੀਂ ਵਣਪਾਲਕ ਦੇ ਦਫ਼ਤਰ ਵਾਪਸ ਗਏ, ਤਾਂ ਅਸੀਂ ਇਕ ਹੋਰ ਕੈੱਟਸਾਲ ਦੀ ਆਵਾਜ਼ ਸੁਣੀ। ਜਿੱਥੇ ਅਸੀਂ ਬੈਠੇ ਹੋਏ ਸੀ, ਉੱਥੋਂ ਲਗਭਗ 16 ਫੁੱਟ ਦੀ ਦੂਰੀ ਤੇ ਇਕ ਕੈੱਟਸਾਲ ਆਪਣੀ ਪੂਛ ਦੇ ਖੰਭਾਂ ਨੂੰ ਲਹਿਰਾਉਂਦਾ ਹੋਇਆ ਤੇ ਬੜੇ ਹੀ ਸੋਹਣੇ ਢੰਗ ਨਾਲ ਉੱਡਦਾ ਹੋਇਆ ਇਕ ਟਾਹਣੀ ਤੇ ਆ ਕੇ ਬੈਠ ਗਿਆ! ਗਾਈਡ ਨੇ ਸਾਨੂੰ ਦੱਸਿਆ ਕਿ ਇਸ ਦੇ ਆਲ੍ਹਣੇ ਵਿੱਚੋਂ ਇਸ ਦਾ ਬੱਚਾ ਗੁਆਚ ਗਿਆ ਹੈ। ਪਿਤਾ ਆਪਣੇ ਬੱਚੇ ਨੂੰ ਇੱਧਰ-ਉੱਧਰ ਦਰਖ਼ਤਾਂ ਤੇ ਭਾਲ ਰਿਹਾ ਹੈ। ਸਾਨੂੰ ਪਤਾ ਲੱਗਾ ਕਿ ਸਿਰਫ਼ 25 ਪ੍ਰਤਿਸ਼ਤ ਆਂਡੇ ਹੀ ਚੂਚੇ ਨਿਕਲਣ ਤਕ ਬਚਦੇ ਹਨ। ਬਾਕੀ ਆਂਡੇ ਕਾਟੋਆਂ, ਐਮਰਲਡ ਟੂਕਾਨੈੱਟ ਪੰਛੀ, ਬਰਾਉਨ ਜੇ ਪੰਛੀ, ਨਿਉਲੇ ਅਤੇ ਨਿਉਲੇ ਵਰਗੇ ਟੇਰਾ ਨਾਮਕ ਜਾਨਵਰ ਖਾ ਜਾਂਦੇ ਹਨ। ਕੈੱਟਸਾਲ ਦੇ ਬਚਾਅ ਲਈ ਦੂਸਰੀ ਚੁਣੌਤੀ ਹੈ ਉਨ੍ਹਾਂ ਦੇ ਆਲ੍ਹਣਿਆਂ ਦੀ ਜਗ੍ਹਾ। ਜ਼ਮੀਨ ਤੋਂ ਉੱਪਰ 10 ਤੋਂ 60 ਫੁੱਟ ਦੀ ਉਚਾਈ ਤੇ ਕੈੱਟਸਾਲ ਗਲ-ਸੜ ਰਹੇ ਦਰਖ਼ਤਾਂ ਦੇ ਤਣਿਆਂ ਵਿਚ ਚੱਕੀਰਾਹੇ ਵਾਂਗ ਖੁੱਡਾਂ ਬਣਾਉਂਦੇ ਹਨ। ਜਦੋਂ ਭਾਰੀ ਵਰਖਾ ਹੁੰਦੀ ਹੈ, ਤਾਂ ਇਹ ਖੁੱਡਾਂ ਪਾਣੀ ਨਾਲ ਭਰ ਸਕਦੀਆਂ ਹਨ ਜਾਂ ਨਸ਼ਟ ਹੋ ਸਕਦੀਆਂ ਹਨ।
ਸਾਨੂੰ ਇਹ ਵੀ ਪਤਾ ਲੱਗਾ ਕਿ ਕੈੱਟਸਾਲ ਦਾ ਮਨ-ਪਸੰਦ ਖਾਣਾ ਜੰਗਲੀ ਐਵੋਕਾਡੋ ਹੈ। ਇਹ ਇਕ ਦਰਖ਼ਤ ਦੀ ਟਾਹਣੀ ਉੱਤੇ ਬੈਠ ਕੇ ਨਾਲ ਦੇ ਦਰਖ਼ਤ ਦੀ ਟਾਹਣੀ ਤੇ ਲਟਕ ਰਹੇ ਐਵੋਕਾਡੋ ਦੇ ਫਲ ਤੇ ਨਿਗਾਹ ਟਿਕਾਈ ਰੱਖਦਾ ਹੈ। ਫਿਰ ਖੰਭਾਂ ਨੂੰ ਫੜਫੜਾਉਂਦਾ ਹੋਇਆ ਫਲ ਨੂੰ ਚੁੰਝ ਨਾਲ ਝਪਟਾ ਮਾਰ ਕੇ ਤੋੜ ਲੈਂਦਾ ਹੈ ਤੇ ਆਪਣੀ ਜਗ੍ਹਾ ਤੇ ਵਾਪਸ ਆ ਜਾਂਦਾ ਹੈ। ਇਹ ਸਾਰੇ ਫਲ ਨੂੰ ਨਿਗਲ ਜਾਂਦਾ ਹੈ ਤੇ ਕੁਝ 20-30 ਮਿੰਟਾਂ ਬਾਅਦ ਐਵੋਕਾਡੋ ਦੇ ਵੱਡੇ ਸਾਰੇ ਬੀਜ ਨੂੰ ਉਗਲੱਛ ਦਿੰਦਾ ਹੈ।
ਜੰਗਲੀ ਐਵੋਕਾਡੋ ਦੀ ਭਾਲ ਵਿਚ ਕੈੱਟਸਾਲ ਕਾਂਟੀਨੈਂਟਲ ਡਿਵਾਈਡ ਪਹਾੜ ਦੇ ਇਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਂਦੇ ਹਨ। ਉਦਾਹਰਣ ਲਈ, ਜੁਲਾਈ ਤੋਂ ਸਤੰਬਰ ਤਕ ਉਹ ਸ਼ਾਂਤ ਮਹਾਂਸਾਗਰ ਦੀ ਵੱਲ ਦੀਆਂ ਢਲਾਣਾਂ ਉੱਤੇ ਬਸੇਰਾ ਕਰਦੇ ਹਨ। ਫਿਰ ਉਹ ਅਕਤੂਬਰ ਵਿਚ ਐਵੋਕਾਡੋ ਦੀ ਨਵੀਂ ਫ਼ਸਲ ਖਾਣ ਲਈ ਕੈਰੀਬੀਅਨ ਸਾਗਰ ਦੀ ਵੱਲ ਦੀਆਂ ਢਲਾਣਾਂ ਵੱਲ ਚਲੇ ਜਾਂਦੇ ਹਨ।
ਜਿਉਂ ਹੀ ਅਸੀਂ ਜ਼ਮੀਨ ਤੋਂ ਸੌ ਫੁੱਟ ਉੱਚੇ ਲਟਕਦੇ ਪੁਲ ਨੂੰ ਪਾਰ ਕਰਨ ਲੱਗੇ, ਤਾਂ ਇਕ ਕੈੱਟਸਾਲ ਉੱਡਦੇ-ਉੱਡਦੇ ਸਾਡੇ ਨਾਲ ਟਕਰਾਉਣ ਹੀ ਵਾਲਾ ਸੀ! ਲੱਗਦਾ ਹੈ ਕਿ ਇਹ ਪੰਛੀ ਉਦੋਂ ਆਪਣੇ ਭੋਜਨ ਤੇ ਝਪਟਾ ਮਾਰਨ ਹੀ ਵਾਲਾ ਸੀ ਕਿ ਅਸੀਂ ਇਸ ਦੇ ਰਾਹ ਵਿਚ ਆ ਗਏ। ਮਾਦਾ ਪੰਛੀ ਬਿਲਕੁਲ ਸਾਡੇ ਉੱਪਰ ਟਾਹਣੀ ਤੇ ਬੈਠੀ ਸੀ ਅਤੇ ਉਸ ਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਡੇ ਇੱਥੇ ਆਉਣ ਤੇ ਉਹ ਸਾਨੂੰ ਝਿੜਕ ਰਹੀ ਹੋਵੇ।
ਸਾਨੂੰ ਇਹ ਵੀ ਦੱਸਿਆ ਗਿਆ ਕਿ ਇਹ ਪੰਛੀ ਬਲੈਕਬੇਰੀ ਫਲ ਵੀ ਬੜੇ ਚਾਅ ਨਾਲ ਖਾਂਦੇ ਹਨ ਜਿਹੜਾ ਕਿ ਕੰਡੇਦਾਰ ਝਾੜੀਆਂ ਨੂੰ ਲੱਗਦਾ ਹੈ। ਜਿਉਂ ਹੀ ਕੈੱਟਸਾਲ ਇਸ ਫਲ ਨੂੰ ਤੋੜਨ ਲਈ ਝਪਟਾ ਮਾਰਦੇ ਹਨ, ਤਾਂ ਕਈ ਵਾਰੀ ਇਨ੍ਹਾਂ ਦੀ ਪੂਛ ਕੰਡਿਆਂ ਵਿਚ ਫੱਸ ਕੇ ਟੁੱਟ ਜਾਂਦੀ ਹੈ। ਤਾਂ ਵੀ, ਕੁਝ ਸਮੇਂ ਬਾਅਦ ਇਨ੍ਹਾਂ ਦੀ ਪੂਛ ਦੇ ਖੰਭ ਦੁਬਾਰਾ ਆ ਜਾਂਦੇ ਹਨ।
ਇਸ ਤਰ੍ਹਾਂ ਇਹ ਪੰਛੀ ਆਪਣੇ ਨਾਂ ਤੇ ਪੂਰਾ ਉਤਰਦਾ ਹੈ। “ਕੈੱਟਸਾਲ” ਸ਼ਬਦ ਐਜ਼ਟੈਕ ਸ਼ਬਦ “ਕੈੱਟਸਾਲੀ” ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ “ਬਹੁਮੁੱਲਾ” ਜਾਂ “ਸੋਹਣਾ।” ਦੁੱਖ ਦੀ ਗੱਲ ਹੈ ਕਿ ਕੈੱਟਸਾਲ ਦੀ ਸੁੰਦਰਤਾ ਕਾਰਨ ਇਸ ਦੀ ਹੋਂਦ ਖ਼ਤਰੇ ਵਿਚ ਹੈ। ਅਸਲ ਵਿਚ ਖ਼ਤਮ ਹੁੰਦੇ ਜਾ ਰਹੇ ਪੰਛੀਆਂ ਦੀਆਂ ਨਸਲਾਂ ਦੀ ਸੂਚੀ ਵਿਚ ਕੈੱਟਸਾਲ ਵੀ ਹੈ। ਉਨ੍ਹਾਂ ਦਾ ਸ਼ਿਕਾਰ ਕਰ ਕੇ ਉਨ੍ਹਾਂ ਦੀ ਚਮੜੀ ਨੂੰ ਯਾਦਗਾਰੀ ਵਜੋਂ ਵੇਚਿਆ ਜਾਂਦਾ ਹੈ। ਕੁਝ ਪੰਛੀਆਂ ਨੂੰ ਜ਼ਿੰਦਾ ਫੜ ਕੇ ਘਰਾਂ ਵਿਚ ਰੱਖਣ ਲਈ ਵੇਚਿਆ ਜਾਂਦਾ ਹੈ। ਫਿਰ ਵੀ, ਸਾਡੇ ਗਾਈਡ ਮੁਤਾਬਕ ਕੈੱਟਸਾਲ ਦਾ ਸ਼ਿਕਾਰ ਕਰਨਾ ਹੁਣ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ, ਜਿਸ ਕਰਕੇ ਇਹ ਕੁਝ ਹੱਦ ਤਕ ਸੁਰੱਖਿਆ ਦਾ ਆਨੰਦ ਮਾਣ ਰਿਹਾ ਹੈ।
ਜੰਗਲਾਂ ਦੀ ਕਟਾਈ ਇਸ ਦੀ ਹੋਂਦ ਲਈ ਇਕ ਹੋਰ ਖ਼ਤਰਾ ਹੈ, ਕਿਉਂਕਿ ਇਹ ਜੰਗਲ ਹੀ ਕੈੱਟਸਾਲ ਦਾ ਬਸੇਰਾ ਹਨ। ਇਸ ਲਈ, ਕਾਸਟਾ ਰੀਕਾ ਦਾ 27 ਪ੍ਰਤਿਸ਼ਤ ਇਲਾਕਾ ਇਸ ਰੰਗ-ਬਰੰਗੇ ਪੰਛੀ ਅਤੇ ਦੂਸਰੇ ਜੰਗਲੀ ਜੀਵਨ ਦੀ ਰੱਖਿਆ ਲਈ ਰਾਖਵਾਂ ਰੱਖਿਆ ਗਿਆ ਹੈ।
ਕੈੱਟਸਾਲ ਨੂੰ ਦੇਖਣ ਲਈ ਜੰਗਲ ਦਾ ਸਾਡਾ ਸਫ਼ਰ ਸੱਚ-ਮੁੱਚ ਲਾਹੇਵੰਦ ਰਿਹਾ। ਇਹ ਸੱਚ ਹੈ ਕਿ ਤੁਸੀਂ ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿਚ ਅਰਨੋਨ ਕੌਰਟੇਸ ਨੂੰ ਦਿੱਤੇ ਕੈੱਟਸਾਲ ਦੇ ਖੰਭਾਂ ਦਾ ਤਾਜ ਦੇਖ ਸਕਦੇ ਹੋ। ਪਰ ਜੰਗਲ ਵਿਚ ਜ਼ਿੰਦਾ ਕੈੱਟਸਾਲ ਦੇ ਖੰਭ ਦੇਖਣ ਨੂੰ ਕਿਤੇ ਹੀ ਜ਼ਿਆਦਾ ਸੋਹਣੇ ਲੱਗਦੇ ਹਨ! ਮੱਧ ਅਮਰੀਕਾ ਦੇ ਬੱਦਲਾਂ ਨਾਲ ਢਕੇ ਜੰਗਲਾਂ ਵਿਚ ਘੱਟੋ-ਘੱਟ ਕੁਝ ਸਮੇਂ ਲਈ ਤਾਂ ਜੰਗਲੀ ਕੈੱਟਸਾਲ ਕਾਫ਼ੀ ਹੱਦ ਤਕ ਆਜ਼ਾਦੀ ਅਤੇ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ।