ਜੀਉਣ ਦੀ ਇੱਛਾ ਮੁੜ ਪੈਦਾ ਹੋਈ
ਜੀਉਣ ਦੀ ਇੱਛਾ ਮੁੜ ਪੈਦਾ ਹੋਈ
ਮੈਰੀ ਨੂੰ ਹੱਦੋਂ ਵੱਧ ਡਿਪਰੈਸ਼ਨ ਅਤੇ ਹੋਰ ਵੀ ਕਈ ਬੀਮਾਰੀਆਂ ਸਨ। ਪਰ ਉਸ ਨੇ ਆਪਣੇ ਆਪ ਨੂੰ ਪਰਿਵਾਰ ਨਾਲੋਂ ਵੱਖ ਨਹੀਂ ਕੀਤਾ ਸੀ ਤੇ ਨਾ ਹੀ ਉਸ ਨੇ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦਾ ਸਹਾਰਾ ਲਿਆ ਸੀ। ਮੈਰੀ ਦਾ ਕੇਸ ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਕਰਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਵਿਚ ਖ਼ਤਰੇ ਦੀਆਂ ਸਾਰੀਆਂ ਹੀ ਨਿਸ਼ਾਨੀਆਂ ਪਾਈਆਂ ਜਾਣ।
ਥੋੜ੍ਹੇ ਸਮੇਂ ਲਈ ਇੰਜ ਲੱਗਦਾ ਹੈ ਕਿ ਮਾਹਰਤਾ ਨਾਲ ਆਤਮ-ਹੱਤਿਆ ਕਰਨ ਵਾਲੇ ਬਜ਼ੁਰਗਾਂ ਦੀ ਸੂਚੀ ਵਿਚ ਮੈਰੀ ਦਾ ਨਾਂ ਵੀ ਜੁੜ ਜਾਵੇਗਾ। ਕਈ ਦਿਨਾਂ ਤਕ ਉਹ ਹਸਪਤਾਲ ਦੇ ਇੰਨਟੈਂਸਿਵ ਕੇਅਰ ਯੂਨਿਟ ਵਿਚ ਕੋਮਾ ਵਿਚ ਰਹਿ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਵਿਚਕਾਰ ਸੰਘਰਸ਼ ਕਰਦੀ ਰਹੀ। ਉਸ ਦਾ ਪਰੇਸ਼ਾਨ ਪਤੀ ਜੌਨ ਇਕ ਮਿੰਟ ਲਈ ਵੀ ਉਸ ਤੋਂ ਅੱਖੋਂ-ਓਹਲੇ ਨਹੀਂ ਹੁੰਦਾ ਸੀ। ਡਾਕਟਰਾਂ ਨੇ ਜੌਨ ਅਤੇ ਉਸ ਦੇ ਘਰ ਦਿਆਂ ਨੂੰ ਕਹਿ ਦਿੱਤਾ ਸੀ ਕਿ ਮੈਰੀ ਦੇ ਬਚਣ ਦੀ ਜ਼ਿਆਦਾ ਉਮੀਦ ਨਹੀਂ ਹੈ, ਪਰ ਜੇ ਉਹ ਬਚ ਵੀ ਗਈ ਤਾਂ ਹੋ ਸਕਦਾ ਹੈ ਕਿ ਉਸ ਦੇ ਦਿਮਾਗ਼ ਨੂੰ ਪਹੁੰਚਿਆ ਨੁਕਸਾਨ ਕਦੀ ਵੀ ਠੀਕ ਨਾ ਹੋਵੇ।
ਮੈਰੀ ਨੂੰ ਸੈਲੀ ਨਾਂ ਦੀ ਇਕ ਗੁਆਂਢਣ ਹਰ ਰੋਜ਼ ਮਿਲਣ ਆਉਂਦੀ ਹੁੰਦੀ ਸੀ ਜੋ ਯਹੋਵਾਹ ਦੀ ਇਕ ਗਵਾਹ ਹੈ। ਸੈਲੀ ਦੱਸਦੀ ਹੈ: “ਮੈਂ ਉਸ ਦੇ ਘਰ ਦਿਆਂ ਨੂੰ ਵਾਰ-ਵਾਰ ਕਿਹਾ ਕਿ ਉਹ ਉਮੀਦ ਨਾ ਛੱਡਣ, ਕਿਉਂਕਿ ਕੁਝ ਸਾਲ ਪਹਿਲਾਂ ਮੈਰੀ ਮਾਂ ਵੀ ਜਿਸ ਨੂੰ ਸ਼ੂਗਰ ਦੀ ਬੀਮਾਰੀ ਹੈ, ਕਈ ਹਫ਼ਤਿਆਂ ਤਕ ਕੋਮਾ ਵਿਚ ਰਹੀ ਸੀ। ਡਾਕਟਰਾਂ ਨੇ ਸਾਡੇ ਪਰਿਵਾਰ ਨੂੰ ਵੀ ਕਿਹਾ ਸੀ ਕਿ ਸਾਡੀ ਮਾਂ ਬਚ ਨਹੀਂ ਸਕਦੀ, ਪਰ ਉਹ ਬਚ ਗਈ। ਜਿੱਦਾਂ ਮੈਂ ਆਪਣੀ ਮਾਂ ਨਾਲ ਕਰਦੀ ਹੁੰਦੀ ਸੀ, ਉਸੇ ਤਰ੍ਹਾਂ ਮੈਂ ਮੈਰੀ ਦਾ ਹੱਥ ਫੜ ਕੇ ਉਸ ਨਾਲ ਗੱਲਾਂ ਕੀਤੀਆਂ। ਗੱਲਾਂ ਕਰਦਿਆਂ ਮੈਂ ਮੈਰੀ ਦੀ ਬਿਲਕੁਲ ਹਲਕੀ ਜਿਹੀ ਹਿਲਜੁਲ ਮਹਿਸੂਸ ਕੀਤੀ।” ਤੀਸਰੇ ਦਿਨ ਉਹ ਪਹਿਲਾਂ ਨਾਲੋਂ ਕੁਝ ਜ਼ਿਆਦਾ ਹਿਲਜੁਲ ਕਰਨ ਲੱਗੀ। ਭਾਵੇਂ ਕਿ ਉਹ ਬੋਲ ਨਹੀਂ ਸਕਦੀ ਸੀ, ਪਰ ਉਹ ਸਾਰਿਆਂ ਨੂੰ ਪਛਾਣਨ ਲੱਗ ਪਈ।
‘ਕੀ ਮੈਂ ਇਸ ਨੂੰ ਰੋਕ ਸਕਦਾ ਸੀ?’
“ਜੌਨ ਆਪਣੇ ਆਪ ਨੂੰ ਬਹੁਤ ਦੋਸ਼ੀ ਮਹਿਸੂਸ ਕਰ ਰਿਹਾ ਸੀ,” ਸੈਲੀ ਦੱਸਦੀ ਹੈ। “ਉਸ ਨੂੰ ਪੂਰਾ ਯਕੀਨ ਸੀ ਕਿ ਇਹ ਸਭ ਕੁਝ ਉਸੇ ਦੀ ਗ਼ਲਤੀ ਕਰਕੇ ਹੋਇਆ ਹੈ।” ਆਤਮ-ਹੱਤਿਆ ਕਰਨ ਵਾਲਿਆਂ ਜਾਂ ਇਸ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਘਰ ਦੇ ਲੋਕ ਅਕਸਰ ਅਜਿਹਾ ਹੀ ਮਹਿਸੂਸ ਕਰਦੇ ਹਨ। “ਮੈਂ ਉਸ ਨੂੰ ਚੇਤੇ ਕਰਾਇਆ ਕਿ ਮੈਰੀ ਡਿਪਰੈਸ਼ਨ ਦੀ ਮਰੀਜ਼ ਸੀ। ਉਹ ਬੀਮਾਰ ਸੀ ਤੇ ਜਿੱਦਾਂ ਜੌਨ ਆਪਣੀ ਬੀਮਾਰੀ ਨੂੰ ਨਹੀਂ ਰੋਕ ਸਕਦਾ ਸੀ, ਉਸੇ ਤਰ੍ਹਾਂ ਉਹ ਮੈਰੀ ਦੀ ਇਸ ਬੀਮਾਰੀ ਨੂੰ ਵੀ ਨਹੀਂ ਰੋਕ ਸਕਦਾ ਸੀ।”
ਜਿਨ੍ਹਾਂ ਦੇ ਪਿਆਰੇ ਆਤਮ-ਹੱਤਿਆ ਕਰਦੇ ਹਨ, ਉਨ੍ਹਾਂ ਨੂੰ ਇਹ ਸਵਾਲ ਅਕਸਰ ਸਤਾਉਂਦਾ ਰਹਿੰਦਾ ਹੈ ਕਿ ਮੈਂ ਉਸ ਨੂੰ ਆਤਮ-ਹੱਤਿਆ ਕਰਨ ਤੋਂ ਕਿਵੇਂ ਰੋਕ ਸਕਦਾ ਸੀ? ਚੇਤਾਵਨੀ ਦੇ ਸੰਕੇਤਾਂ ਅਤੇ ਆਤਮ-ਹੱਤਿਆ ਦੇ ਆਮ ਕਾਰਨਾਂ ਵੱਲ ਧਿਆਨ ਦੇਣ ਨਾਲ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਨੂੰ ਰੋਕਿਆ ਜਾ ਸਕਦਾ ਹੈ। ਪਰ ਜੇ ਤੁਸੀਂ ਇਸ ਨੂੰ ਨਹੀਂ ਰੋਕ ਪਾਏ, ਤਾਂ ਯਾਦ ਰੱਖੋ ਕਿ ਤੁਸੀਂ ਕਿਸੇ ਦੀ ਆਤਮ-ਹੱਤਿਆ ਲਈ ਬਿਲਕੁਲ ਜ਼ਿੰਮੇਵਾਰ ਨਹੀਂ ਹੋ। (ਗਲਾਤੀਆਂ 6:5) ਖ਼ਾਸ ਤੌਰ ਤੇ ਇਹ ਗੱਲ ਉਨ੍ਹਾਂ ਹਾਲਾਤਾਂ ਵਿਚ ਯਾਦ ਰੱਖਣੀ ਚਾਹੀਦੀ ਹੈ ਜਿੱਥੇ ਆਤਮ-ਹੱਤਿਆ ਕਰਨ ਵਾਲਾ ਵਿਅਕਤੀ ਜਾਣ-ਬੁੱਝ ਕੇ ਆਪਣੀ ਆਤਮ-ਹੱਤਿਆ ਦਾ ਦੋਸ਼ ਆਪਣੇ ਘਰ ਦਿਆਂ ਦੇ ਮੱਥੇ ਮੜ੍ਹਨਾ ਚਾਹੁੰਦਾ ਹੋਵੇ। ਡਾ. ਹੈਂਡਿਨ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਕਹਿੰਦਾ ਹੈ: “ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਤਮ-ਹੱਤਿਆ ਕਰਨ ਦੀਆਂ ਕੋਸ਼ਿਸ਼ਾਂ ਅਕਸਰ ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਜਿਹੜੇ ਦੂਜਿਆਂ ਦੇ ਜਜ਼ਬਾਤਾਂ ਦਾ ਨਾਜਾਇਜ਼ ਫ਼ਾਇਦਾ ਉਠਾਉਣਾ, ਨਾਲੇ ਦੂਜਿਆਂ ਨੂੰ ਦੁੱਖ ਪਹੁੰਚਾਉਣਾ ਚਾਹੁੰਦੇ ਹਨ, ਭਾਵੇਂ ਕਿ ਉਹ ਇਹ ਸਭ ਕੁਝ ਦੇਖਣ ਲਈ ਦੁਨੀਆਂ ਤੇ ਜੀਉਂਦੇ ਨਹੀਂ ਰਹਿਣਗੇ ਕਿ ਦੂਜਿਆਂ ਉੱਤੇ ਇਸ ਦਾ ਕੋਈ ਅਸਰ ਹੋਇਆ ਜਾਂ ਨਹੀਂ।”
ਡਾ. ਹੈਂਡਿਨ ਅੱਗੇ ਕਹਿੰਦਾ ਹੈ: “ਜਿਹੜੇ ਬਜ਼ੁਰਗ ਲੋਕ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਅਕਸਰ ਆਪਣੇ ਬੱਚਿਆਂ, ਆਪਣੇ ਭੈਣ-ਭਰਾਵਾਂ ਜਾਂ ਆਪਣੇ ਪਤੀ ਜਾਂ ਆਪਣੀ ਪਤਨੀ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਦੀ ਜਾਂ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਅਕਤੀ ਦੀਆਂ ਮੰਗਾਂ ਪੂਰੀਆਂ ਕਰਨੀਆਂ ਨਾਮੁਮਕਿਨ ਹੁੰਦੀਆਂ ਹਨ ਤੇ ਅਜਿਹਾ ਵਿਅਕਤੀ ਆਪਣੀਆਂ ਮੰਗਾਂ ਵਿਚ ਸਮਝੌਤਾ ਵੀ ਨਹੀਂ ਕਰਨਾ ਚਾਹੁੰਦਾ ਹੁੰਦਾ। ਇਸ ਲਈ ਆਤਮ-ਹੱਤਿਆ ਕਰਨ ਦੀਆਂ ਪਹਿਲੀਆਂ ਕੋਸ਼ਿਸ਼ਾਂ ਤੋਂ ਬਾਅਦ, ਸੱਚੀ-ਮੁੱਚੀ ਆਤਮ-ਹੱਤਿਆ ਕਰਨ ਲੱਗਿਆਂ ਅਜਿਹਾ ਵਿਅਕਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਤਰੀਕੇ ਵਰਤਦਾ ਹੈ।”
ਵਾਕਈ, ਅਜਿਹੀ ਹਾਲਤ ਵਿਚ ਪਰਿਵਾਰ ਦੇ ਮੈਂਬਰਾਂ ਉੱਤੇ ਹੱਦੋਂ ਵੱਧ ਦਬਾਉ ਆ ਸਕਦਾ ਹੈ। ਪਰ, ਇਹ ਕਦੇ ਨਾ ਭੁੱਲੋ ਕਿ ਯਹੋਵਾਹ ਪਰਮੇਸ਼ੁਰ ਮੁਰਦਿਆਂ ਨੂੰ ਜੀ ਉਠਾਵੇਗਾ, ਜਿਨ੍ਹਾਂ ਵਿਚ ਸਾਡੇ ਉਹ ਮਿੱਤਰ-ਪਿਆਰੇ ਵੀ ਹੋ ਸਕਦੇ ਹਨ ਜਿਹੜੇ ਡਿਪਰੈਸ਼ਨ, ਦਿਮਾਗ਼ੀ ਬੀਮਾਰੀ ਜਾਂ ਨਿਰਾਸ਼ਾ ਕਰਕੇ ਆਪਣੀ ਜਾਨ ਲੈ ਲੈਂਦੇ ਹਨ।—8 ਸਤੰਬਰ 1990 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 22-3 ਉੱਤੇ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਆਤਮ-ਹੱਤਿਆ ਕਰਨ ਵਾਲਿਆਂ ਦਾ ਪੁਨਰ-ਉਥਾਨ ਹੋਵੇਗਾ?” ਦੇਖੋ।
ਬੇਸ਼ੱਕ ਆਤਮ-ਹੱਤਿਆ ਨੂੰ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ, ਪਰ ਇਹ ਗੱਲ ਯਾਦ ਰੱਖਣ ਨਾਲ ਦਿਲ ਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਸਾਡੇ ਪਿਆਰਿਆਂ ਦੇ ਮੁੜ ਜੀਉਣ ਦੀ ਉਮੀਦ ਉਸ ਪਰਮੇਸ਼ੁਰ ਦੇ ਹੱਥ ਵਿਚ ਹੈ ਜੋ ਸਾਡੀਆਂ ਉਨ੍ਹਾਂ ਕਮੀਆਂ-ਪੇਸ਼ੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਨ੍ਹਾਂ ਕਰਕੇ ਇਕ ਵਿਅਕਤੀ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦਾ ਹੈ। ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ: “ਜਿੰਨਾ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ! ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”—ਇਕ ਖ਼ੁਸ਼ੀਆਂ-ਭਰਿਆ ਨਤੀਜਾ
ਦੋ ਦਿਨਾਂ ਤਕ ਮੈਰੀ ਜ਼ਿੰਦਗੀ ਤੇ ਮੌਤ ਵਿਚਕਾਰ ਸੰਘਰਸ਼ ਕਰਦੀ ਰਹੀ, ਪਰ ਅਖ਼ੀਰ ਉਹ ਬਚ ਗਈ। ਹੌਲੀ-ਹੌਲੀ ਜਦੋਂ ਉਸ ਦੀ ਸਿਹਤ ਸੁਧਰਨ ਲੱਗੀ, ਤਾਂ ਜੌਨ ਉਸ ਨੂੰ ਘਰ ਲੈ ਆਇਆ। ਹੁਣ ਜੌਨ ਨੇ ਘਰ ਵਿਚ ਪਈਆਂ ਸਾਰੀਆਂ ਦਵਾਈਆਂ ਨੂੰ ਜਿੰਦਰਾ ਲਾ ਕੇ ਸਾਂਭ ਕੇ ਰੱਖਿਆ ਹੋਇਆ ਹੈ। ਮਾਨਸਿਕ ਰੋਗੀਆਂ ਦੀ ਮਦਦ ਕਰਨ ਵਾਲੇ ਸਮਾਜ-ਸੇਵਕ ਹੁਣ ਸਮੇਂ-ਸਮੇਂ ਤੇ ਮੈਰੀ ਨੂੰ ਮਿਲਣ ਲਈ ਆਉਂਦੇ ਹਨ। ਮੈਰੀ ਕਹਿੰਦੀ ਹੈ ਕਿ ਉਹ ਦੱਸ ਨਹੀਂ ਸਕਦੀ ਤੇ ਉਸ ਨੂੰ ਯਾਦ ਵੀ ਨਹੀਂ ਕਿ ਕਿਸ ਮਜਬੂਰੀ ਹੇਠਾਂ ਆ ਕੇ ਉਸ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।
ਹੁਣ ਜੌਨ ਅਤੇ ਮੈਰੀ ਦੀ ਸੈਲੀ ਨਾਂ ਦੀ ਗੁਆਂਢਣ ਉਨ੍ਹਾਂ ਦੋਹਾਂ ਨੂੰ ਹਫ਼ਤਾਵਾਰ ਬਾਈਬਲ ਅਧਿਐਨ ਕਰਾਉਂਦੀ ਹੈ। ਇਨ੍ਹਾਂ ਦੋਹਾਂ ਨੇ ਬਾਈਬਲ ਵਿੱਚੋਂ ਸਿੱਖਿਆ ਹੈ ਕਿ ਜਿਹੜੀਆਂ ਮੁਸ਼ਕਲਾਂ ਦੇ ਹੱਲ ਕਰਨੇ ਖ਼ਾਸ ਤੌਰ ਤੇ ਬਜ਼ੁਰਗਾਂ ਨੂੰ ਨਾਮੁਮਕਿਨ ਲੱਗਦੇ ਹਨ, ਪਰਮੇਸ਼ੁਰ ਬਹੁਤ ਹੀ ਜਲਦੀ ਉਨ੍ਹਾਂ ਨੂੰ ਹੱਲ ਕਰੇਗਾ। “ਪਰ ਬਾਈਬਲ ਅਧਿਐਨ ਹੀ ਆਪਣੇ ਆਪ ਵਿਚ ਸਾਰੀਆਂ ਗੱਲਾਂ ਦਾ ਹੱਲ ਨਹੀਂ ਹੈ,” ਸੈਲੀ ਕਹਿੰਦੀ ਹੈ। “ਪਹਿਲਾਂ ਤੁਹਾਨੂੰ ਖ਼ੁਦ ਨੂੰ ਬਾਈਬਲ ਤੋਂ ਕਾਇਲ ਹੋਣਾ ਪੈਣਾ ਹੈ ਕਿ ਇਹ ਸਾਰੇ ਵਾਅਦੇ ਸੱਚੇ ਹਨ, ਨਾਲੇ ਜੋ ਵੀ ਤੁਸੀਂ ਸਿੱਖਦੇ ਹੋ ਉਸ ਨੂੰ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਪਵੇਗਾ। ਪਰ ਮੈਨੂੰ ਲੱਗਦਾ ਹੈ ਕਿ ਜੌਨ ਅਤੇ ਮੈਰੀ ਭਵਿੱਖ ਲਈ ਇਕ ਸੱਚੀ ਉਮੀਦ ਪ੍ਰਾਪਤ ਕਰ ਰਹੇ ਹਨ।”
ਜੇਕਰ ਤੁਹਾਨੂੰ ਆਪਣਾ ਭਵਿੱਖ ਧੁੰਦਲਾ ਲੱਗਦਾ ਹੈ ਤੇ ਜੇ ਤੁਸੀਂ ਇਕ ਸੱਚੀ ਉਮੀਦ ਹਾਸਲ ਕਰਨੀ ਚਾਹੁੰਦੇ ਹੋ, ਤਾਂ ਕਿਉਂ ਨਾ ਤੁਸੀਂ ਵੀ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ? ਜਿਵੇਂ ਉਨ੍ਹਾਂ ਨੇ ਜੌਨ ਅਤੇ ਮੈਰੀ ਨੂੰ ਇਸ ਦਾ ਪੱਕਾ ਸਬੂਤ ਦਿੱਤਾ ਕਿ ਦੁਨੀਆਂ ਵਿਚ ਅਜਿਹੀ ਕੋਈ ਮੁਸ਼ਕਲ ਨਹੀਂ ਜਿਸ ਦਾ ਹੱਲ ਪਰਮੇਸ਼ੁਰ ਕੋਲ ਨਾ ਹੋਵੇ ਤੇ ਨਾਲੇ ਅਜਿਹੀ ਕੋਈ ਮੁਸ਼ਕਲ ਨਹੀਂ ਜਿਸ ਦਾ ਹੱਲ ਉਹ ਨੇੜੇ ਭਵਿੱਖ ਵਿਚ ਨਾ ਕਰੇਗਾ, ਇਹ ਦੱਸਣ ਦਾ ਤੁਸੀਂ ਵੀ ਉਨ੍ਹਾਂ ਨੂੰ ਮੌਕਾ ਦਿਓ। ਬੇਸ਼ੱਕ ਸਾਨੂੰ ਇਸ ਸਮੇਂ ਆਪਣੀਆਂ ਮੁਸ਼ਕਲਾਂ ਕਿੰਨੀਆਂ ਵੀ ਪਹਾੜ ਜਿੱਡੀਆਂ ਕਿਉਂ ਨਾ ਲੱਗਦੀਆਂ ਹੋਣ, ਪਰ ਉਨ੍ਹਾਂ ਦਾ ਹੱਲ ਹੈ। ਆਓ ਸਾਡੇ ਨਾਲ ਮਿਲ ਕੇ ਭਵਿੱਖ ਦੀ ਉਸ ਪੱਕੀ ਉਮੀਦ ਵੱਲ ਧਿਆਨ ਦਿਓ ਜਿਸ ਨੇ ਕਈਆਂ ਦੇ ਦਿਲਾਂ ਵਿਚ ਫਿਰ ਤੋਂ ਜੀਉਣ ਦੀ ਇੱਛਾ ਜਗਾਈ ਹੈ।
[ਸਫ਼ਾ 6 ਉੱਤੇ ਡੱਬੀ]
ਆਤਮ-ਹੱਤਿਆ ਦੇ ਕਾਰਨ ਅਤੇ ਖ਼ਤਰੇ ਦੇ ਸੰਕੇਤ
ਦ ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਟਿੱਪਣੀ ਕਰਦਾ ਹੈ: “ਬਜ਼ੁਰਗਾਂ ਵਿਚ ਆਤਮ-ਹੱਤਿਆ ਕਰਨ ਦੇ ਕਾਰਨ ਨੌਜਵਾਨਾਂ ਨਾਲੋਂ ਵੱਖਰੇ ਹੁੰਦੇ ਹਨ।” ਇਨ੍ਹਾਂ ਕਾਰਨਾਂ ਵਿਚ “ਸ਼ਰਾਬ ਦੀ ਕੁਵਰਤੋਂ, ਡਿਪਰੈਸ਼ਨ, ਆਤਮ-ਹੱਤਿਆ ਦੇ ਜ਼ਿਆਦਾ ਜਾਨਲੇਵਾ ਤਰੀਕੇ ਇਸਤੇਮਾਲ ਕਰਨੇ ਤੇ ਸਮਾਜ ਤੋਂ ਆਪਣਾ ਰਿਸ਼ਤਾ ਤੋੜਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਬਜ਼ੁਰਗਾਂ ਨੂੰ . . . ਜ਼ਿਆਦਾ ਬੀਮਾਰੀਆਂ ਅਤੇ ਜ਼ਿਆਦਾ ਜਜ਼ਬਾਤੀ ਉਤਾਰਾਂ-ਚੜ੍ਹਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।” ਆਤਮ-ਹੱਤਿਆ ਨਾਮਕ ਕਿਤਾਬ ਵਿਚ ਸਟੀਵਨ ਫਲੈਂਡਰਸ ਆਤਮ-ਹੱਤਿਆ ਕਰਨ ਦੇ ਕੁਝ ਕਾਰਨਾਂ ਦੀ ਸੂਚੀ ਦਿੰਦਾ ਹੈ, ਜਿਹੜੇ ਕਿ ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਇਕ ਵੀ ਕਾਰਨ ਮੌਜੂਦ ਹੋਣ ਤੇ ਸਾਨੂੰ ਚੁਕੰਨੇ ਹੋ ਜਾਣਾ ਚਾਹੀਦਾ ਹੈ।
ਚਿਰਕਾਲੀ ਡਿਪਰੈਸ਼ਨ:
“ਖੋਜਕਾਰਾਂ ਦਾ ਕਹਿਣਾ ਹੈ ਕਿ 50% ਜਾਂ ਇਸ ਤੋਂ ਜ਼ਿਆਦਾ ਆਤਮ-ਹੱਤਿਆ ਕਰਨ ਵਾਲੇ ਲੋਕ ਗੰਭੀਰ ਡਿਪਰੈਸ਼ਨ ਦੇ ਮਰੀਜ਼ ਹੁੰਦੇ ਹਨ।”
ਡੂੰਘੀ ਨਿਰਾਸ਼ਾ:
ਕਈ ਵਾਰ ਦੇਖਣ ਵਿਚ ਆਇਆ ਹੈ ਕਿ ਕੁਝ ਲੋਕ ਡਿਪਰੈਸ਼ਨ ਦੇ ਮਰੀਜ਼ ਨਹੀਂ ਹੁੰਦੇ, ਪਰ ਜੇ ਉਨ੍ਹਾਂ ਨੂੰ ਭਵਿੱਖ ਵਿਚ ਕੋਈ ਉਮੀਦ ਨਾ ਦਿਸੇ, ਤਾਂ ਉਹ ਵੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ:
“ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਮ ਆਬਾਦੀ ਦੇ 1% ਤੋਂ ਘੱਟ ਲੋਕਾਂ ਦੇ ਮੁਕਾਬਲੇ ਵਿਚ 7% ਤੋਂ 21% [ਸ਼ਰਾਬੀ] ਆਤਮ-ਹੱਤਿਆ ਕਰਦੇ ਹਨ।”
ਪਰਿਵਾਰ ਦਾ ਅਸਰ:
“ਅਧਿਐਨ ਦਿਖਾਉਂਦੇ ਹਨ ਕਿ ਜਿਸ ਪਰਿਵਾਰ ਵਿਚ ਕਿਸੇ ਨੇ ਪਹਿਲਾਂ ਆਤਮ-ਹੱਤਿਆ ਕੀਤੀ ਹੋਵੇ, ਉਸ ਪਰਿਵਾਰ ਵਿਚ ਕਿਸੇ ਵੱਲੋਂ ਆਤਮ-ਹੱਤਿਆ ਕਰਨ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।”
ਬੀਮਾਰੀ:
“ਕਿਸੇ ਗੰਭੀਰ ਬੀਮਾਰੀ ਕਰਕੇ ਹਸਪਤਾਲ ਵਿਚ ਭਰਤੀ ਹੋਣ ਦਾ ਡਰ ਵੀ ਬਜ਼ੁਰਗਾਂ ਨੂੰ ਆਤਮ-ਹੱਤਿਆ ਕਰਨ ਲਈ ਉਕਸਾ ਸਕਦਾ ਹੈ।”
ਨੁਕਸਾਨ:
“ਨੁਕਸਾਨ ਦਿੱਸਣ ਵਾਲਾ ਹੋ ਸਕਦਾ ਹੈ, ਜਿਵੇਂ ਕਿ ਜੀਵਨ-ਸਾਥੀ ਦੀ ਜਾਂ ਕਿਸੇ ਦੋਸਤ ਦੀ ਮੌਤ, ਨੌਕਰੀ ਦਾ ਛੁੱਟਣਾ ਜਾਂ ਸਿਹਤ ਖ਼ਰਾਬ ਹੋਣਾ। ਇਹ ਨਾ ਦਿੱਸਣ ਵਾਲਾ ਵੀ ਹੋ ਸਕਦਾ ਹੈ, ਜਿਵੇਂ ਸਵੈ-ਮਾਣ, ਰੁਤਬਾ ਜਾਂ ਸੁਰੱਖਿਆ ਦੀ ਭਾਵਨਾ ਦਾ ਨਾ ਰਹਿਣਾ।”
ਇਨ੍ਹਾਂ ਕਾਰਨਾਂ ਤੋਂ ਇਲਾਵਾ, ਫ਼ਲੈਂਡਰਸ ਦੀ ਕਿਤਾਬ ਹੇਠਾਂ ਦਿੱਤੇ ਚੇਤਾਵਨੀ ਦੇ ਸੰਕੇਤਾਂ ਦੀ ਸੂਚੀ ਵੀ ਦਿੰਦੀ ਹੈ ਜਿਨ੍ਹਾਂ ਨੂੰ ਪੂਰੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ।
ਆਤਮ-ਹੱਤਿਆ ਦੀ ਪਿਛਲੀ ਕੋਸ਼ਿਸ਼:
“ਇਹ ਭਵਿੱਖ ਵਿਚ ਆਤਮ-ਹੱਤਿਆ ਕਰਨ ਦਾ ਸਭ ਤੋਂ ਵੱਡਾ ਸੰਕੇਤ ਹੈ।”
ਆਤਮ-ਹੱਤਿਆ ਬਾਰੇ ਗੱਲ-ਬਾਤ:
“ਇਹੋ ਜਿਹੀਆਂ ਗੱਲਾਂ ਆਤਮ-ਹੱਤਿਆ ਕਰਨ ਦੇ ਪੱਕੇ ਸੰਕੇਤ ਹਨ, ਜਿਵੇਂ ‘ਮੇਰੇ ਘਰ ਦਿਆਂ ਨੂੰ ਹੁਣ ਜ਼ਿਆਦਾ ਦੇਰ ਤਕ ਮੇਰੀ ਚਿੰਤਾ ਨਹੀਂ ਕਰਨੀ ਪਵੇਗੀ’ ਜਾਂ ‘ਮੇਰੇ ਚਲੇ ਜਾਣ ਵਿਚ ਹੀ ਉਨ੍ਹਾਂ ਦੀ ਭਲਾਈ ਹੈ।’”
ਆਖ਼ਰੀ ਬੰਦੋਬਸਤ:
“ਅਜਿਹੇ ਕੰਮ ਜਿਵੇਂ ਕਿ ਵਸੀਅਤ ਬਣਾਉਣਾ, ਆਪਣੀਆਂ ਕੀਮਤੀ ਚੀਜ਼ਾਂ ਵੰਡਣਾ ਅਤੇ ਆਪਣੇ ਕੁੱਤੇ-ਬਿੱਲੀਆਂ ਦੇ ਭਵਿੱਖ ਲਈ ਬੰਦੋਬਸਤ ਕਰਨਾ।”
ਸ਼ਖ਼ਸੀਅਤ ਅਤੇ ਵਤੀਰੇ ਵਿਚ ਤਬਦੀਲੀ:
ਜਦੋਂ ਕਿਸੇ ਦੇ ਵਤੀਰੇ ਵਿਚ ਤਬਦੀਲੀਆਂ ਆਉਣ ਦੇ ਨਾਲ-ਨਾਲ ਉਹ “ਆਪਣੇ ਆਪ ਨੂੰ ਨਿਕੰਮਾ ਕਹਿੰਦਾ ਹੋਵੇ ਜਾਂ ਨਿਰਾਸ਼ਾਜਨਕ ਗੱਲਾਂ ਕਰਦਾ ਹੋਵੇ,” ਤਾਂ ਇਹ “ਡੂੰਘੇ ਡਿਪਰੈਸ਼ਨ ਦਾ ਸੰਕੇਤ ਹੋ ਸਕਦਾ ਹੈ ਜੋ ਆਤਮ-ਹੱਤਿਆ ਦਾ ਕਾਰਨ ਬਣ ਸਕਦਾ ਹੈ।”
[ਸਫ਼ਾ 7 ਉੱਤੇ ਤਸਵੀਰ]
ਪਤੀ ਜਾਂ ਪਤਨੀ ਦੀ ਆਤਮ-ਹੱਤਿਆ ਮਗਰੋਂ ਇਕ ਵਿਅਕਤੀ ਨੂੰ ਅਕਸਰ ਮਦਦ ਦੀ ਲੋੜ ਹੁੰਦੀ ਹੈ