ਤੁਸੀਂ ਸਿਗਰਟ ਪੀਣੀ ਕਿੱਦਾਂ ਛੱਡ ਸਕਦੇ ਹੋ
ਤੁਸੀਂ ਸਿਗਰਟ ਪੀਣੀ ਕਿੱਦਾਂ ਛੱਡ ਸਕਦੇ ਹੋ
ਜਿਸ ਤਰ੍ਹਾਂ ਤੁਸੀਂ ਸਾਈਕਲ ਚਲਾਉਣ ਵਿਚ ਸ਼ਾਇਦ ਪਹਿਲੀ ਵਾਰ ਕਾਮਯਾਬ ਨਹੀਂ ਹੁੰਦੇ, ਉਸੇ ਤਰ੍ਹਾਂ ਤੁਸੀਂ ਪਹਿਲੀ ਕੋਸ਼ਿਸ਼ ਤੇ ਸ਼ਾਇਦ ਸਿਗਰਟ ਛੱਡਣ ਵਿਚ ਕਾਮਯਾਬ ਨਹੀਂ ਹੋਵੋਗੇ। ਇਸ ਲਈ ਜੇ ਤੁਹਾਡਾ ਇਸ ਤਰ੍ਹਾਂ ਕਰਨ ਦਾ ਦ੍ਰਿੜ੍ਹ ਇਰਾਦਾ ਹੈ ਤਾਂ ਤੁਹਾਨੂੰ ਸਫ਼ਲ ਹੋਣ ਲਈ ਵਾਰ-ਵਾਰ ਕੋਸ਼ਿਸ਼ ਕਰਨੀ ਪਵੇਗੀ। ਜੇ ਸ਼ੁਰੂ ਵਿਚ ਤੁਸੀਂ ਇਕ-ਦੋ ਵਾਰ ਸਿਗਰਟ ਪੀ ਵੀ ਲੈਂਦੇ ਹੋ ਤਾਂ ਹਾਰ ਨਾ ਮੰਨੋ। ਸਮਝ ਲਓ ਕਿ ਤੁਸੀਂ ਇਸ ਤੋਂ ਕੁਝ ਸਿੱਖਣਾ ਹੈ ਅਤੇ ਕਿ ਇਸ ਛੋਟੀ ਜਿਹੀ ਮੁਸ਼ਕਲ ਤੋਂ ਬਾਅਦ ਤੁਸੀਂ ਸਫ਼ਲ ਹੋ ਸਕਦੇ ਹੋ। ਹੇਠਾਂ ਕੁਝ ਸੁਝਾਅ ਹਨ ਜਿਨ੍ਹਾਂ ਕਰਕੇ ਕਈ ਲੋਕ ਕਾਮਯਾਬ ਹੋਏ ਹਨ। ਤੁਸੀਂ ਵੀ ਸ਼ਾਇਦ ਇਨ੍ਹਾਂ ਨੂੰ ਲਾਗੂ ਕਰ ਕੇ ਕਾਮਯਾਬ ਹੋ ਸਕਦੇ ਹੋ।
ਆਪਣਾ ਮਨ ਬਣਾ ਲਓ
■ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਯਕੀਨ ਦਿਲਾਓ ਕਿ ਸਿਗਰਟ ਛੱਡਣ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਸਿਗਰਟ ਛੱਡਣ ਦੇ ਸਾਰੇ ਕਾਰਨ ਅਤੇ ਲਾਭ ਲਿਖ ਲਓ। ਜਦੋਂ ਤੁਸੀਂ ਛੱਡ ਚੁੱਕੇ ਹੋ ਤਾਂ ਇਸ ਸੂਚੀ ਨੂੰ ਦੇਖ ਕੇ ਤੁਸੀਂ ਆਪਣੇ ਇਰਾਦੇ ਵਿਚ ਹੋਰ ਮਜ਼ਬੂਤ ਹੋਵੋਗੇ। ਤਮਾਖੂ ਛੱਡਣ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ। ਬਾਈਬਲ ਕਹਿੰਦੀ ਹੈ ਕਿ ਸਾਨੂੰ ਪੂਰੇ ਮਨ, ਦਿਲ, ਜਾਨ, ਅਤੇ ਤਾਕਤ ਨਾਲ ਪਰਮੇਸ਼ੁਰ ਨਾਲ ਪਿਆਰ ਕਰਨਾ ਚਾਹੀਦਾ ਹੈ। ਜੇ ਅਸੀਂ ਤਮਾਖੂ ਦੇ ਅਮਲੀ ਹਾਂ ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ।—ਮਰਕੁਸ 12:30.
■ ਸਿਗਰਟ ਪੀਣ ਦੀਆਂ ਆਪਣੀਆਂ ਨਿੱਤ-ਦਿਹਾੜੀ ਦੀਆਂ ਆਦਤਾਂ ਉੱਤੇ ਗੌਰ ਕਰੋ ਕਿ ਤੁਸੀਂ ਕਦੋਂ ਅਤੇ ਕਿਉਂ ਸਿਗਰਟ ਪੀਂਦੇ ਹੋ। ਤੁਸੀਂ ਸ਼ਾਇਦ ਲਿਖ ਸਕਦੇ ਹੋ ਕਿ ਆਮ ਕਰਕੇ ਤੁਸੀਂ ਕਦੋਂ ਅਤੇ ਕਿੱਥੇ ਸਿਗਰਟ ਪੀਂਦੇ ਹੋ। ਇਸ ਤਰ੍ਹਾਂ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਕਿ ਕਿਨ੍ਹਾਂ ਹਾਲਾਤਾਂ ਅਧੀਨ ਤੁਸੀਂ ਜ਼ਿਆਦਾ ਕਮਜ਼ੋਰ ਹੋ ਅਤੇ ਸਿਗਰਟ ਪੀਣੀ ਚਾਹੁੰਦੇ ਹੋ।
ਛੱਡਣ ਲਈ ਤਾਰੀਖ਼ ਬੰਨ੍ਹੋ
■ ਸਿਗਰਟ ਛੱਡਣ ਲਈ ਇਕ ਤਾਰੀਖ਼ ਬੰਨ੍ਹ ਲਓ, ਅਤੇ ਇਸ ਨੂੰ ਕਲੰਡਰ ਤੇ ਲਿਖ ਲਓ। ਉਹ ਦਿਨ ਚੁਣੋ ਜਦੋਂ ਤੁਹਾਨੂੰ ਘੱਟ ਤਣਾਅ ਹੋਵੇਗਾ। ਜਦੋਂ ਉਹ ਦਿਨ ਆਉਂਦਾ ਹੈ, ਤਾਂ ਸਿਗਰਟਾਂ ਨੂੰ ਬਿਲਕੁਲ ਛੱਡੋ—ਇਕਦਮ ਅਤੇ ਪੂਰੀ ਤਰ੍ਹਾਂ।
■ ਉਸ ਤਾਰੀਖ਼ ਤੋਂ ਪਹਿਲਾਂ ਹੀ, ਐਸ਼ਟ੍ਰੇਆਂ, ਤੀਲੀਆਂ, ਅਤੇ ਲਾਈਟਰਾਂ ਨੂੰ ਸੁੱਟ ਦਿਓ। ਆਪਣੇ ਸਾਰੇ ਕੱਪੜੇ ਧੋਵੋ ਜਿਨ੍ਹਾਂ ਵਿੱਚੋਂ ਧੂੰਏਂ ਦਾ ਮੁਸ਼ਕ ਆਉਂਦਾ ਹੈ।
■ ਆਪਣੇ ਨਾਲ ਕੰਮ ਕਰਨ ਵਾਲਿਆਂ, ਦੋਸਤ-ਮਿੱਤਰਾਂ, ਅਤੇ ਆਪਣੇ ਪਰਿਵਾਰ ਤੋਂ ਮਦਦ ਮੰਗੋ ਕਿ ਉਹ ਤੁਹਾਨੂੰ ਸਿਗਰਟਾਂ ਛੱਡਣ ਵਿਚ ਹੌਸਲਾ ਦੇਣ। ਦੂਸਰਿਆਂ ਨੂੰ ਇਹ ਦੱਸਣ ਤੋਂ ਨਾ ਡਰੋ ਕਿ ਉਹ ਤੁਹਾਡੇ ਆਸ-ਪਾਸ ਸਿਗਰਟ ਨਾ ਪੀਣ।
■ ਜਿਸ ਦਿਨ ਤੁਸੀਂ ਸਿਗਰਟਾਂ ਪੀਣੀਆਂ ਬੰਦ ਕਰਨੀਆਂ ਹਨ ਉਸ ਦਿਨ ਦੇ ਆਪਣੇ ਸਾਰਿਆਂ ਕੰਮਾਂ ਬਾਰੇ ਪਹਿਲਾਂ ਹੀ ਸੋਚੋ। ਤੁਸੀਂ ਸ਼ਾਇਦ ਅਜਿਹੀ ਜਗ੍ਹਾ ਜਾ ਸਕਦੇ ਹੋ ਜਿੱਥੇ ਸਿਗਰਟ ਪੀਣੀ ਮਨ੍ਹਾ ਹੈ, ਜਿਵੇਂ ਕਿ ਮਿਊਜ਼ੀਅਮ ਜਾਂ ਸਿਨਮਾ-ਘਰ। ਜਾਂ ਤੁਸੀਂ ਕੋਈ ਕਸਰਤ ਕਰ ਸਕਦੇ ਹੋ, ਜਿਵੇਂ ਕਿ ਤੈਰਨਾ, ਜਾਂ ਸਾਈਕਲ ਚਲਾਉਣਾ,
ਜਾਂ ਲੰਬੇ ਸਮੇਂ ਲਈ ਪੈਦਲ ਤੁਰਨਾ-ਫਿਰਨਾ।ਸਿਗਰਟਾਂ ਛੱਡਣ ਦੇ ਅਸਰ ਸਿਹਣੇ
ਜੇ ਤੁਸੀਂ ਬਹੁਤ ਸਿਗਰਟਾਂ ਪੀਂਦੇ ਹੋ, ਤਾਂ ਆਪਣੀ ਅਖ਼ੀਰਲੀ ਸਿਗਰਟ ਤੋਂ ਕੁਝ ਹੀ ਘੰਟੇ ਬਾਅਦ ਤੁਸੀਂ ਛੱਡਣ ਦੇ ਅਸਰ ਮਹਿਸੂਸ ਕਰੋਗੇ। ਤੁਸੀਂ ਸ਼ਾਇਦ ਖਿੱਝ, ਬੇਸਬਰੀ, ਗੁੱਸਾ, ਪਰੇਸ਼ਾਨੀ, ਨਿਰਾਸ਼ਾ, ਉਨੀਂਦਰਾ, ਬੇਚੈਨੀ, ਭੁੱਖ ਵਿਚ ਵਾਧਾ, ਅਤੇ ਸਿਗਰਟਾਂ ਲਈ ਲਾਲਸਾ ਮਹਿਸੂਸ ਕਰੋਗੇ। ਤੁਸੀਂ ਸ਼ਾਇਦ ਆਪਣੇ ਡਾਕਟਰ ਕੋਲੋਂ ਇਨ੍ਹਾਂ ਅਸਰਾਂ ਤੋਂ ਕੁਝ ਹੱਦ ਤਕ ਮਦਦ ਲਈ ਕੋਈ ਦਵਾਈ-ਗੋਲੀ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪ ਵੀ ਇਸ ਲੜਾਈ ਨੂੰ ਜਿੱਤਣ ਲਈ ਕੁਝ ਕਰ ਸਕਦੇ ਹੋ।
■ ਪਹਿਲੇ ਕੁਝ ਹਫ਼ਤੇ ਔਖੇ ਹੋਣਗੇ, ਇਸ ਲਈ ਮਿੱਠੀਆਂ ਅਤੇ ਤਲੀਆਂ ਚੀਜ਼ਾਂ ਘੱਟ ਖਾਓ, ਅਤੇ ਪਾਣੀ ਜ਼ਿਆਦਾ ਪੀਓ। ਕਈ ਲੋਕ ਦਿਨ ਦੌਰਾਨ ਗਾਜਰ ਵਰਗੀਆਂ ਕੱਚੀਆਂ ਸਬਜ਼ੀਆਂ ਖਾਂਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਮਦਦ ਹੁੰਦੀ ਹੈ। ਜੇਕਰ ਤੁਸੀਂ ਕਸਰਤ ਕਰੋਗੇ ਤਾਂ ਤੁਹਾਡਾ ਭਾਰ ਬਹੁਤਾ ਨਹੀਂ ਵਧੇਗਾ ਅਤੇ ਤੁਸੀਂ ਆਪਣੀ ਪਰੇਸ਼ਾਨੀ ਨੂੰ ਵੀ ਦੂਰ ਕਰ ਸਕੋਗੇ।
■ ਉੱਥੇ ਨਾ ਜਾਓ ਜਿੱਥੇ ਤੁਹਾਡਾ ਸਿਗਰਟ ਪੀਣ ਨੂੰ ਜੀ ਕਰੇਗਾ।
■ ਗ਼ਲਤ ਖ਼ਿਆਲਾਂ ਤੋਂ ਬਚ ਕੇ ਰਹੋ ਜਿਨ੍ਹਾਂ ਦੇ ਕਾਰਨ ਤੁਸੀਂ ਸ਼ਾਇਦ ਫਿਰ ਸਿਗਰਟ ਪੀਣ ਲੱਗ ਸਕਦੇ ਹੋ। ਹੇਠਾਂ ਕੁਝ ਗੱਲਾਂ ਹਨ ਜੋ ਸ਼ਾਇਦ ਤੁਹਾਡੇ ਮਨ ਵਿਚ ਆਉਣ: ‘ਮੈਂ ਸਿਰਫ਼ ਅੱਜ ਹੀ ਪੀਊਂਗਾ ਤਾਂਕਿ ਮੈਂ ਇਸ ਔਖਿਆਈ ਵਿੱਚੋਂ ਗੁਜ਼ਰ ਸਕਾਂ।’ ‘ਇਹ ਤਾਂ ਮੇਰੀ ਇੱਕੋ-ਇਕ ਭੈੜੀ ਆਦਤ ਹੈ!’ ‘ਤਮਾਖੂ ਇੰਨਾ ਖ਼ਤਰਨਾਕ ਨਹੀਂ ਹੋ ਸਕਦਾ, ਕਈ ਲੋਕ ਤਾਂ ਬਹੁਤੀਆਂ ਸਿਗਰਟਾਂ ਪੀਣ ਦੇ ਬਾਵਜੂਦ 90 ਸਾਲਾਂ ਤਕ ਜੀਉਂਦੇ ਰਹਿੰਦੇ ਹਨ।’ ‘ਮਰਨਾ ਤਾਂ ਹੈ, ਇਹ ਦੇ ਕਰਕੇ ਕਿਉਂ ਨਾ ਮਰਾਂ?’ ‘ਸਿਗਰਟ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ।’
■ ਜੇ ਤੁਸੀਂ ਹਾਰ ਮੰਨਣ ਵਾਲੇ ਹੀ ਹੋ, ਤਾਂ ਜ਼ਰਾ ਰੁਕੋ। ਸਿਰਫ਼ ਦਸਾਂ ਮਿੰਟਾਂ ਦੀ ਉਡੀਕ ਕਰ ਕੇ ਤੁਹਾਡਾ ਲਾਲਸਾ ਸ਼ਾਇਦ ਘੱਟ ਜਾਵੇ। ਕਦੀ-ਕਦੀ ਇਹ ਖ਼ਿਆਲ ਕਿ ਤੁਸੀਂ ਹੁਣ ਦੁਬਾਰਾ ਕਦੀ ਨਹੀਂ ਸਿਗਰਟ ਪੀਓਗੇ ਸ਼ਾਇਦ ਤੁਹਾਡੇ ਮਨ ਵਿਚ ਭਾਰਾ ਲੱਗੇ। ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਤਾਂ ਸਿਰਫ਼ ਅੱਜ ਦੇ ਦਿਨ ਲਈ ਹੀ ਸਿਗਰਟਾਂ ਛੱਡਣ ਉੱਤੇ ਆਪਣਾ ਧਿਆਨ ਲਗਾਓ।
■ ਜੇ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹੋ, ਤਾਂ ਮਦਦ ਲਈ ਪ੍ਰਾਰਥਨਾ ਕਰੋ। ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ‘ਵੇਲੇ ਸਿਰ ਸਹਾਇਤਾ’ ਦੇ ਸਕਦਾ ਹੈ ਜੋ ਆਪਣੀਆਂ ਜ਼ਿੰਦਗੀਆਂ ਉਸ ਦੀ ਇੱਛਾ ਅਨੁਸਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। (ਇਬਰਾਨੀਆਂ 4:16) ਪਰ ਇਹ ਨਾ ਸੋਚੋ ਕਿ ਉਹ ਤੁਹਾਡੇ ਲਈ ਕੋਈ ਚਮਤਕਾਰ ਕਰੇਗਾ। ਨਹੀਂ, ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ।
ਦੁਬਾਰਾ ਸ਼ੁਰੂ ਨਾ ਕਰੋ
■ ਪਹਿਲੇ ਤਿੰਨ ਮਹੀਨੇ ਸਭ ਤੋਂ ਮੁਸ਼ਕਲ ਹੁੰਦੇ ਹਨ, ਪਰ ਇਸ ਤੋਂ ਬਾਅਦ ਵੀ ਜੇ ਹੋ ਸਕੇ ਤੁਹਾਨੂੰ ਉਨ੍ਹਾਂ ਦੂਜਿਆਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਸਿਗਰਟ ਪੀਂਦੇ ਹਨ। ਅਤੇ ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਜਿੱਥੇ ਤੁਹਾਡਾ ਸਿਗਰਟ ਪੀਣ ਨੂੰ ਜੀ ਕਰੇ।
■ ਆਪਣੇ ਆਪ ਨੂੰ ਇਹ ਧੋਖਾ ਨਾ ਦਿਓ ਕਿ ਤੁਸੀਂ ਕਦੇ-ਕਦਾਈਂ ਸਿਗਰਟ ਪੀ ਸਕਦੇ ਹੋ, ਭਾਵੇਂ ਕਿ ਇਕ ਸਾਲ ਤੋਂ ਜ਼ਿਆਦਾ ਸਮਾਂ ਲੰਘ ਚੁੱਕਾ ਹੈ ਅਤੇ ਤੁਸੀਂ ਸਿਗਰਟ ਨਹੀਂ ਪੀਤੀ ਹੈ।
■ ਆਪਣੇ ਮਨ ਵਿੱਚੋਂ ਇਹ ਖ਼ਿਆਲ ਕੱਢੋ ਕਿ ਤੁਸੀਂ “ਸਿਰਫ਼ ਇੱਕੋ ਹੀ ਸਿਗਰਟ ਪੀਣੀ ਹੈ।” ਇਕ ਪੀ ਕੇ ਤੁਸੀਂ ਸ਼ਾਇਦ ਹੋਰ ਪੀਣ ਲੱਗ ਪਵੋਗੇ, ਅਤੇ ਬਹੁਤ ਜਲਦੀ ਤੁਸੀਂ ਸਿਗਰਟ ਛੱਡਣ ਦੀ ਆਪਣੀ ਸਾਰੀ ਮਿਹਨਤ ਉੱਤੇ ਪਾਣੀ ਫੇਰ ਦਿਓਗੇ। ਪਰ ਜੇ ਤੁਸੀਂ ਕਮਜ਼ੋਰੀ ਵਿਚ ਸਿਗਰਟ ਪੀ ਵੀ ਲੈਂਦੇ ਹੋ, ਤਾਂ ਇਸ ਨੂੰ ਹੋਰ ਪੀਣ ਦਾ ਬਹਾਨਾ ਨਾ ਬਣਾਓ। ਜੇ ਤੁਸੀਂ ਇਕ ਵਾਰੀ ਕਾਮਯਾਬ ਨਹੀਂ ਹੋਏ, ਤਾਂ ਦੁਬਾਰਾ ਕੋਸ਼ਿਸ਼ ਕਰੋ।
ਲੱਖਾਂ ਹੀ ਲੋਕਾਂ ਨੇ ਸਿਗਰਟ ਛੱਡਣ ਵਿਚ ਕਾਮਯਾਬੀ ਪਾਈ ਹੈ। ਦ੍ਰਿੜ੍ਹਤਾ ਅਤੇ ਲਗਨ ਨਾਲ ਤੁਸੀਂ ਵੀ ਛੱਡ ਸਕਦੇ ਹੋ!