ਲਾਭਦਾਇਕ ਮਨਨ
ਬਾਈਬਲ ਦਾ ਦ੍ਰਿਸ਼ਟੀਕੋਣ
ਲਾਭਦਾਇਕ ਮਨਨ
“ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।”—ਜ਼ਬੂਰ 19:14.
ਤੁਹਾਡੇ ਲਈ “ਵਿਚਾਰ” ਜਾਂ ਮਨਨ ਕਰਨ ਦਾ ਕੀ ਮਤਲਬ ਹੈ? ਜੇਕਰ ਤੁਸੀਂ ਪੂਰਬੀ ਧਰਮਾਂ ਦੀ ਸਿੱਖਿਆ ਮੰਨਦੇ ਹੋ, ਤਾਂ ਤੁਸੀਂ ਸ਼ਾਇਦ ਵਿਸ਼ਵਾਸ ਕਰਦੇ ਹੋਵੋ ਕਿ ਮਨਨ ਕਰਨ ਜਾਂ ਸਮਾਧੀ ਲਾਉਣ ਦੁਆਰਾ ਤੁਹਾਨੂੰ ਸਪੱਸ਼ਟ ਤਰ੍ਹਾਂ ਸੋਚਣ ਦੀ ਸ਼ਕਤੀ ਮਿਲਦੀ ਹੈ ਜਾਂ ਖ਼ਾਸ ਗਿਆਨ ਪ੍ਰਾਪਤ ਹੁੰਦਾ ਹੈ। ਬੁੱਧ ਧਰਮ ਵਿਚ ਸਮਾਧੀ ਲਾਉਣ ਦੇ ਸਮੇਂ ਦਿਮਾਗ਼ ਨੂੰ ਹਰ ਸੋਚ-ਵਿਚਾਰ ਤੋਂ ਖਾਲੀ ਕੀਤਾ ਜਾਂਦਾ ਹੈ। ਮਨਨ ਕਰਨ ਦੇ ਹੋਰਨਾਂ ਤਰੀਕਿਆਂ ਵਿਚ ਲੋਕਾਂ ਨੂੰ ਆਪਣੇ ਮਨ “ਦੁਨੀਆਂ ਦੀਆਂ ਆਮ ਸੱਚਾਈਆਂ” ਨਾਲ ਭਰਨ ਲਈ ਕਿਹਾ ਜਾਂਦਾ ਹੈ।
ਮਨਨ ਕਰਨ ਬਾਰੇ ਬਾਈਬਲ ਦਾ ਦ੍ਰਿਸ਼ਟੀਕੋਣ ਇਨ੍ਹਾਂ ਸਾਰਿਆਂ ਵਿਚਾਰਾਂ ਨਾਲੋਂ ਵੱਖਰਾ ਹੈ। ਉਹ ਕਿਸ ਤਰ੍ਹਾਂ? ਬਾਈਬਲ ਵਿਚ ਇਸਹਾਕ ਨਾਂ ਦੇ ਬੰਦੇ ਦੀ ਮਿਸਾਲ ਵੱਲ ਧਿਆਨ ਦਿਓ। ਜਦੋਂ ਉਹ 40 ਸਾਲਾਂ ਦਾ ਸੀ, ਤਾਂ ਉਸ ਦੇ ਮਨਨ ਕਰਨ ਲਈ ਬਹੁਤ ਸਾਰੀਆਂ ਗੱਲਾਂ ਸਨ। ਉਤਪਤ 24:63 ਵਿਚ ਲਿਖਿਆ ਗਿਆ ਹੈ: “ਇਸਹਾਕ ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ ਗਿਆ।” ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸਹਾਕ ਨੇ ਆਪਣਾ ਮਨ ਹਰ ਸੋਚ-ਵਿਚਾਰ ਤੋਂ ਖਾਲੀ ਕੀਤਾ ਸੀ ਜਾਂ ਕਿ ਉਹ ਸਿਰਫ਼ “ਦੁਨੀਆਂ ਦੀਆਂ ਆਮ ਸੱਚਾਈਆਂ” ਬਾਰੇ ਸੋਚ ਰਿਹਾ ਸੀ। ਅਸੀਂ ਯਕੀਨ ਕਰ ਸਕਦੇ ਹਾਂ ਕਿ ਇਸਹਾਕ ਆਪਣੇ ਭਵਿੱਖ, ਆਪਣੀ ਮਾਂ ਦੀ ਮੌਤ, ਜਾਂ ਆਪਣੀ ਹੋਣ ਵਾਲੀ ਪਤਨੀ ਬਾਰੇ ਸੋਚ-ਵਿਚਾਰ ਕਰ ਰਿਹਾ ਸੀ। ਸੰਭਵ ਹੈ ਕਿ ਉਸ ਨੇ ਸ਼ਾਮ ਦਾ ਸ਼ਾਂਤ ਸਮਾਂ ਅਜਿਹੀਆਂ ਜ਼ਰੂਰੀ ਗੱਲਾਂ ਉੱਤੇ ਸੋਚ-ਵਿਚਾਰ ਕਰਨ ਲਈ ਵਰਤਿਆ ਸੀ। ਬਾਈਬਲ ਵਿਚ ਮਨਨ ਕਰਨ ਦਾ ਅਰਥ ਬਹੁਤ ਡੂੰਘਾ ਹੈ।
ਮਨਨ ਕਰਨ ਦਾ ਮਤਲਬ
ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਅਤੇ ਉਹ ਜਾਣਦਾ ਸੀ ਕਿ ਪਾਪੀ ਹੋਣ ਕਰਕੇ ਉਸ ਨੂੰ ਸਹੀ ਰਸਤੇ ਤੇ ਚੱਲਣ ਲਈ ਪਰਮੇਸ਼ੁਰ ਦੀ ਮਦਦ ਦੀ ਜ਼ਬੂਰ 19:14 ਵਿਚ ਦਾਊਦ ਨੇ ਦੱਸਿਆ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।” ਇਸ ਆਇਤ ਵਿਚ ਮਨਨ ਜਾਂ “ਵਿਚਾਰ” ਕਰਨ ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਅਸਲੀ ਅਰਥ ਹੈ, “ਆਪਣੇ ਆਪ ਨਾਲ ਗੱਲ ਕਰਨੀ” ਜੀ ਹਾਂ, ਦਾਊਦ ਨੇ ਯਹੋਵਾਹ, ਉਸ ਦੇ ਕੰਮਾਂ-ਕਾਰਾਂ, ਉਸ ਦੇ ਨਿਯਮਾਂ, ਅਤੇ ਉਸ ਦੀ ਧਾਰਮਿਕਤਾ ਬਾਰੇ ‘ਆਪਣੇ ਆਪ ਨਾਲ ਗੱਲਾਂ ਕੀਤੀਆਂ ਸਨ।’—ਜ਼ਬੂਰ 143:5.
ਜ਼ਰੂਰਤ ਸੀ। ਔਖਿਆਂ ਸਮਿਆਂ ਦੌਰਾਨ ਕਿਸ ਗੱਲ ਨੇ ਦਾਊਦ ਦੀ ਮਦਦ ਕੀਤੀ ਸੀ?ਇਸੇ ਤਰ੍ਹਾਂ, ਪਹਿਲੀ ਸਦੀ ਦੇ ਮਸੀਹੀ ਵੀ ਰੂਹਾਨੀ ਗੱਲਾਂ ਉੱਤੇ ਮਨਨ ਕਰਨ ਲਈ ਸਮਾਂ ਕੱਢਣਾ ਸੱਚੀ ਭਗਤੀ ਦਾ ਹਿੱਸਾ ਸਮਝਦੇ ਸਨ। ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ ਸੀ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।” (ਫ਼ਿਲਿੱਪੀਆਂ 4:8) ਇਨ੍ਹਾਂ ਚੰਗੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਲਈ, ਇਹ ਜ਼ਰੂਰੀ ਹੈ ਕਿ ਇਹ ਪਹਿਲਾਂ ਹੀ ਸਾਡੇ ਮਨਾਂ ਵਿਚ ਹੋਣ। ਇਹ ਕਿਸ ਤਰ੍ਹਾਂ ਹੋ ਸਕਦਾ ਹੈ?
ਜ਼ਬੂਰਾਂ ਦਾ ਲਿਖਾਰੀ ਜ਼ਬੂਰ 1:1, 2 ਵਿਚ ਜਵਾਬ ਦਿੰਦਾ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ . . . ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” ਜੀ ਹਾਂ, ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਦਾ ਬਚਨ ਹਰ ਰੋਜ਼ ਪੜ੍ਹਦਾ ਹੁੰਦਾ ਸੀ। ਇਸ ਤਰ੍ਹਾਂ ਉਹ ਆਪਣੇ ਸ੍ਰਿਸ਼ਟੀਕਰਤਾ ਬਾਰੇ ਸਿੱਖੀਆਂ ਹੋਈਆਂ ਗੱਲਾਂ ਉੱਤੇ ਮਨਨ ਕਰ ਸਕਦਾ ਸੀ।
ਮਨਨ ਕਰਨ ਦਾ ਸਾਡੇ ਲਈ ਮਤਲਬ
ਬਾਈਬਲ ਪੜ੍ਹਨੀ ਬਹੁਤ ਹੀ ਜ਼ਰੂਰੀ ਹੈ, ਪਰ ਪੜ੍ਹਨ ਤੋਂ ਬਾਅਦ ਸਾਨੂੰ ਪੜ੍ਹੀਆਂ ਗਈਆਂ ਗੱਲਾਂ ਉੱਤੇ ਮਨਨ, ਡੂੰਘਾ ਸੋਚ-ਵਿਚਾਰ, ਜਾਂ ‘ਆਪਣੇ ਆਪ ਨਾਲ ਗੱਲਾਂ ਕਰਨੀਆਂ’ ਚਾਹੀਦੀਆਂ ਹਨ। ਠੀਕ ਜਿਵੇਂ ਰੋਟੀ ਖਾਣ ਤੋਂ ਬਾਅਦ ਉਸ ਨੂੰ ਹਜ਼ਮ ਕਰਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਜੇਕਰ ਅਸੀਂ ਬਾਈਬਲ ਵਿੱਚੋਂ ਪੜ੍ਹੀਆਂ ਗਈਆਂ ਗੱਲਾਂ ਨੂੰ ਸਮਝਣਾ ਚਾਹੁੰਦੇ ਹਾਂ, ਤਾਂ ਮਨਨ ਕਰਨ ਦੀ ਵੀ ਲੋੜ ਹੁੰਦੀ ਹੈ। ਸਹੀ ਮਨਨ ਕਰਨ ਦੁਆਰਾ ਸਿਰਫ਼ ਬੁਰੇ ਖ਼ਿਆਲ ਹੀ ਨਹੀਂ ਮਨ ਵਿੱਚੋਂ ਕੱਢੇ ਜਾਂਦੇ, ਪਰ ਅਸੀਂ ਆਪਣੀਆਂ ਮੁਸ਼ਕਲਾਂ ਸੁਲਝਾਉਣ ਵਾਸਤੇ ਬਾਈਬਲ ਵਿਚ ਪਾਈ ਗਈ ਸਲਾਹ ਬਾਰੇ ਵੀ ਸੋਚ-ਵਿਚਾਰ ਕਰ ਸਕਦੇ ਹਾਂ। ਅਜਿਹੇ ਮਨਨ ਕਰਨ ਦੁਆਰਾ ਅਸੀਂ ਸਫ਼ਲਤਾ ਨਾਲ ਰੋਜ਼ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਰ ਸਕਦੇ ਹਾਂ।—ਮੱਤੀ 6:25-32.
ਜ਼ਬੂਰਾਂ ਦਾ ਲਿਖਾਰੀ ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਸਤੇ ਉਸ ਨੂੰ ਮਨਨ ਕਰਨ ਦੀ ਲੋੜ ਸੀ। ਉਸ ਨੇ ਕਿਹਾ: “ਧਰਮੀ ਦਾ ਮੂੰਹ [ਧੀਮੀ ਆਵਾਜ਼ ਵਿਚ] ਬੁੱਧੀ ਬੋਲਦਾ ਹੈ।” (ਜ਼ਬੂਰ 37:30) ਜੀ ਹਾਂ, ਮਨਨ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਇਕ ਵਫ਼ਾਦਾਰ ਭਗਤ ਪਛਾਣਿਆ ਜਾਂਦਾ ਹੈ। ਪਰਮੇਸ਼ੁਰ ਦੀ ਨਜ਼ਰ ਵਿਚ ਧਰਮੀ ਗਿਣੇ ਜਾਣਾ ਸਾਡੇ ਲਈ ਬਹੁਤ ਹੀ ਵੱਡਾ ਸਨਮਾਨ ਹੈ। ਇਸ ਤੋਂ ਸਾਨੂੰ ਰੂਹਾਨੀ ਲਾਭ ਹੁੰਦੇ ਹਨ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” (ਕਹਾਉਤਾਂ 4:18) ਇਸ ਲਈ, ਜੋ ਆਗਿਆਕਾਰ ਮਸੀਹੀ ‘ਧੀਮੀ ਆਵਾਜ਼ ਵਿਚ ਬੁੱਧੀ ਬੋਲਦਾ ਹੈ,’ ਉਹ ਬਾਈਬਲ ਦੀ ਸਮਝ ਜ਼ਰੂਰ ਹਾਸਲ ਕਰਦਾ ਰਹੇਗਾ।
ਬਾਈਬਲ ਇਹ ਵੀ ਸਲਾਹ ਦਿੰਦੀ ਹੈ ਕਿ ਮਸੀਹੀ ਹੋਣ ਦੇ ਨਾਤੇ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਉੱਤੇ ਮਨਨ ਕਰਨਾ ਚਾਹੀਦਾ ਹੈ। ਇਹ ਜ਼ਿੰਮੇਵਾਰੀਆਂ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆਂ ਹਨ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਇਹ ਕਿਹਾ ਸੀ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ। ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:15, 16) ਇਹ ਗੱਲ ਬਿਲਕੁਲ ਸੱਚ ਹੈ ਕਿ ਸਾਡੀ ਕਰਨੀ ਅਤੇ ਕਹਿਣੀ ਤੋਂ ਦੂਸਰਿਆਂ ਉੱਤੇ ਬਹੁਤ ਹੀ ਗਹਿਰਾ ਪ੍ਰਭਾਵ ਪੈ ਸਕਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਮਹੱਤਵਪੂਰਣ ਗੱਲਾਂ ਬਾਰੇ ਡੂੰਘਾ ਸੋਚ-ਵਿਚਾਰ ਕਰਨ ਲਈ ਬਹੁਤ ਕਾਰਨ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਗੁਜ਼ਰੇ ਹੋਏ ਕੱਲ੍ਹ ਉੱਤੇ ਗੌਰ ਕਰੀਏ, ਹੁਣ ਹੋ ਰਹਿਆਂ ਗੱਲਾਂ ਉੱਤੇ ਮਨਨ ਕਰੀਏ, ਅਤੇ ਆਪਣੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚੀਏ। ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਜੇਕਰ ਅਸੀਂ ਆਪਣੇ ਸਿਰਜਣਹਾਰ, ਯਹੋਵਾਹ ਪਰਮੇਸ਼ੁਰ ਦੀ ਬੁੱਧ ਬਾਰੇ ਸੋਚੀਏ, ਤਾਂ ਮਨਨ ਕਰਨ ਦੁਆਰਾ ਸਾਨੂੰ ਸਭ ਤੋਂ ਵਧੀਆ ਗਿਆਨ ਹਾਸਲ ਹੋਵੇਗਾ।
[ਸਫ਼ਾ 16 ਉੱਤੇ ਤਸਵੀਰ]
“ਸੋਚ-ਵਿਚਾਰ ਕਰਨ ਵਾਲਾ,” ਰੋਡਾਂ ਦੁਆਰਾ